ਯਾਦ ਕਰੀਏ ਉਸ ਫ਼ਕੀਰ ਨੂੰ ... - ਸਵਰਾਜਬੀਰ

ਪੰਜਾਬ ਦੀ ਧਰਤੀ ਸਦੀਆਂ ਤੋਂ ਜਬਰ-ਜ਼ੁਲਮ ਖ਼ਿਲਾਫ਼ ਲੜਨ ਵਾਲੇ ਯੋਧੇ ਪੈਦਾ ਕਰਦੀ ਆਈ ਹੈ। ਵੀਹਵੀਂ ਸਦੀ ਵਿਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਬਣੀ ਗ਼ਦਰ ਪਾਰਟੀ ਨੇ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਦੌਰ ਸ਼ੁਰੂ ਕੀਤਾ। ਗ਼ਦਰੀਆਂ ਦੀਆਂ ਕੁਰਬਾਨੀਆਂ ਨੇ ਪੰਜਾਬ ਦੇ ਲੋਕਾਂ ਦੀ ਆਤਮਾ ਨੂੰ ਝੰਜੋੜਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਆਜ਼ਾਦੀ ਦੇ ਸੰਘਰਸ਼ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਗਈ। ਚਾਰ ਜਨਵਰੀ 2020 ਨੂੰ ਪੰਜਾਬ ਵੀਹਵੀਂ ਸਦੀ ਦੇ ਆਪਣੇ ਇਸ ਮਹਾਂਨਾਇਕ ਦਾ 150ਵਾਂ ਜਨਮ ਦਿਹਾੜਾ ਮਨਾਏਗਾ।
          ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਕਾਇਮ ਹੋਏ ਪੰਜਾਬੀ ਰਾਜ ਦੀ ਉਮਰ ਜ਼ਿਆਦਾ ਲੰਮੀ ਨਹੀਂ ਸੀ। ਉਹ ਰਾਜ ਰਣਜੀਤ ਸਿੰਘ ਦੀ ਮੌਤ ਦੇ ਇਕ ਦਹਾਕੇ ਦੇ ਅੰਦਰ ਅੰਦਰ ਭਰਾ ਮਾਰੂ ਜੰਗ ਅਤੇ ਵਜ਼ੀਰਾਂ ਅਤੇ ਅਹਿਲਕਾਰਾਂ ਦੀ ਗ਼ੱਦਾਰੀ ਕਾਰਨ ਖ਼ਤਮ ਹੋ ਗਿਆ। ਦੂਸਰੀਆਂ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਬਿਨਾਂ ਯੁੱਧ ਕੀਤਿਆਂ ਅੰਗਰੇਜ਼ਾਂ ਦੀ ਸ਼ਰਨ ਵਿਚ ਜਾ ਚੁੱਕੀਆਂ ਸਨ। ਜਲਦੀ ਹੀ ਲੋਕਾਂ ਵਿਚ ਬਾਗ਼ੀ ਸੁਰ ਪਨਪਣ ਲੱਗੇ ਅਤੇ 1857 ਵਿਚ ਸਾਰੇ ਦੇਸ਼ ਵਿਚ ਵੱਖ ਵੱਖ ਰਾਜਾਂ ਤੇ ਰਜਵਾੜਿਆਂ ਨੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਆਪਣਾ ਆਗੂ ਮੰਨ ਕੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। ਇਸ ਵਿਦਰੋਹ ਵਿਚ ਵੱਡੇ ਪੱਧਰ 'ਤੇ ਆਮ ਲੋਕ ਸ਼ਾਮਿਲ ਹੋਏ। ਅੰਗਰੇਜ਼ਾਂ ਨੇ ਇਸ ਨੂੰ ਸਿਪਾਹੀਆਂ ਦੀ ਬਗ਼ਾਵਤ (Sepoy Mutiny) ਕਹਿ ਕੇ ਛੁਟਿਆਉਣ ਦਾ ਯਤਨ ਕੀਤਾ। ਇਸ ਵਿਦਰੋਹ ਨੂੰ ਗ਼ਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
      ਪੰਜਾਬ ਵਿਚ ਸਭ ਤੋਂ ਵੱਡੀ ਬਗ਼ਾਵਤੀ ਸੁਰ ਨਾਮਧਾਰੀ ਲਹਿਰ ਦੇ ਰੂਪ ਵਿਚ ਉੱਭਰੀ ਜਿਸ ਵਿਚ ਅੰਗਰੇਜ਼ਾਂ ਨਾਲ ਨਾ ਮਿਲਵਰਤਣ ਦਾ ਝੰਡਾ ਬੁਲੰਦ ਕੀਤਾ ਗਿਆ। ਮਾਲੇਰਕੋਟਲਾ ਵਾਲੀ ਘਟਨਾ ਤੋਂ ਬਾਅਦ ਅੰਗਰੇਜ਼ਾਂ ਨੇ ਨਾਮਧਾਰੀਆਂ 'ਤੇ ਵੱਡੇ ਕਹਿਰ ਢਾਹੇ ਅਤੇ ਕੂਕਿਆਂ ਨੂੰ ਤੋਪਾਂ ਦੇ ਮੂੰਹ ਸਾਹਮਣੇ ਬੰਨ੍ਹ ਕੇ ਉਡਾਇਆ। 1907 ਵਿਚ 'ਪੱਗੜੀ ਸੰਭਾਲ ਜੱਟਾ' ਦੀ ਲਹਿਰ ਉੱਭਰੀ। ਪੰਜਾਬ ਵਿਚ ਆਜ਼ਾਦੀ ਦੀ ਸਭ ਤੋਂ ਵੱਡੀ ਲਹਿਰ ਗ਼ਦਰ ਪਾਰਟੀ ਦੇ ਰੂਪ ਵਿਚ ਉੱਭਰੀ ਜਿਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ। ਗ਼ਦਰ ਲਹਿਰ ਦਾ ਮੁੱਖ ਖਾਸਾ ਇਸ ਦਾ ਲੋਕ-ਪੱਖੀ, ਇਨਕਲਾਬੀ, ਧਰਮ-ਨਿਰਪੱਖ ਤੇ ਸਾਮਰਾਜ ਵਿਰੋਧੀ ਕਿਰਦਾਰ ਸੀ। ਗ਼ਦਰ ਪਾਰਟੀ ਤੋਂ ਪਹਿਲਾਂ ਦੇਸ਼ ਵਿਚ ਛੋਟੇ ਛੋਟੇ ਇਨਕਲਾਬੀ ਟੋਲੇ/ਗਰੁੱਪ ਸਨ ਜਿਹੜੇ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣਾ ਚਾਹੁੰਦੇ ਸਨ ਪਰ ਐਨੀ ਵੱਡੀ ਪੱਧਰ 'ਤੇ ਹੋਂਦ ਵਿਚ ਆਉਣ ਵਾਲੀ ਪਹਿਲੀ ਪਾਰਟੀ ਗ਼ਦਰ ਪਾਰਟੀ ਹੀ ਸੀ।
      ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਅੰਮ੍ਰਿਤਸਰ ਦੇ ਪਿੰਡ ਖੁਤਰਾ ਖੁਰਦ (ਨਾਨਕੇ ਘਰ) ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮ ਸਿੰਘ ਅਤੇ ਮਾਤਾ ਦਾ ਨਾਂ ਰਾਮ ਕੌਰ ਸੀ। ਉਨ੍ਹਾਂ ਦੀ ਉਮਰ ਮਸਾਂ ਵਰ੍ਹੇ ਕੁ ਦੀ ਸੀ, ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪਿੰਡ ਦੀ ਧਰਮਸ਼ਾਲਾ ਵਿਚੋਂ ਗੁਰਮੁਖੀ ਤੇ ਮਦਰੱਸੇ 'ਚੋਂ ਉਰਦੂ ਸਿੱਖੀ। ਜਵਾਨੀ ਵੇਲੇ ਉਨ੍ਹਾਂ 'ਤੇ ਨਾਮਧਾਰੀ ਬਾਬਾ ਕੇਸਰ ਦਾ ਵੱਡਾ ਪ੍ਰਭਾਵ ਪਿਆ। ਸੋਹਣ ਸਿੰਘ ਭਕਨਾ ਬਾਬਾ ਕੇਸਰ ਦੇ ਵਚਨਾਂ ਨੂੰ ਇਉਂ ਯਾਦ ਕਰਦੇ ਹਨ : ''ਹੁਣ ਸੰਸਾਰ ਤੋਂ ਰਾਜਾ ਪਰਜਾ ਦੀ ਮਰਯਾਦਾ ਉੱਠ ਜਾਵੇਗੀ। ਸਾਰੇ ਮਨੁੱਖ ਆਜ਼ਾਦ ਤੇ ਬਰਾਬਰ ਹੋਣਗੇ। ਪਹਿਲਾਂ ਹਰ ਇਕ ਦੇਸ਼ ਵਿਚ ਵੱਖੋ ਵੱਖ ਸੁਤੰਤਰ ਰਾਜ (ਸਵਰਾਜ) ਕਾਇਮ ਹੋਵੇਗਾ ਫੇਰ ਸਾਰੀ ਦੁਨੀਆਂ ਦੀ ਇਕ ਕੇਂਦਰੀ ਪੰਚਾਇਤ ਬਣ ਜਾਵੇਗੀ। ਤੇ ਸੰਸਾਰ ਭਰ ਦੇ ਲੋਕ ਇਕ ਦੂਜੇ ਨੂੰ ਭਾਈ ਭਰਾ ਸਮਝਣ ਲੱਗ ਪੈਣਗੇ। ਕੋਈ ਲੜਾਈ ਝਗੜਾ ਨਹੀਂ ਰਹੇਗਾ। ਹੁਣ ਬਹੁਤ ਛੇਤੀ ਪਰਲੋ (ਕਿਆਮਤ) ਆਉਣ ਵਾਲੀ ਹੈ। ਪਰ ਇਹ ਪਰਲੋ (ਇਨਕਲਾਬ) ਖਿਆਲਾਂ (ਸੁਭਾਵਾਂ) ਦੀ ਪਰਲੋ ਹੋਵੇਗੀ।''
        ਬਾਬਾ ਜੀ ਨੇ ਆਪਣੀ ਜੀਵਨੀ 'ਮੇਰੀ ਆਪ ਬੀਤੀ' ਵਿਚ ਲਿਖਿਆ ਹੈ ਕਿ ਮਾਲੀ ਮੁਸ਼ਕਿਲਾਂ ਕਰਕੇ ਉਨ੍ਹਾਂ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਉਸ ਵੇਲੇ ਅਮਰੀਕਾ ਤੇ ਕੈਨੇਡਾ ਵਿਚ ਪਰਵਾਸੀ ਨਾਲ ਵੱਡਾ ਵਿਤਕਰਾ ਕੀਤਾ ਜਾਂਦਾ ਸੀ। ਬ੍ਰਿਟਿਸ਼ ਕੋਲੰਬੀਆ ਵਿਚ 1907 ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਦੰਗੇ ਹੋਏ ਹਨ। ਬੈਲਿੰਗਮ ਤੇ ਵਾਸ਼ਿੰਗਟਨ ਦੇ ਜੰਗਲੀ ਲੱਕੜੀ ਕੱਟਣ ਵਾਲੇ ਕੈਂਪਾਂ ਵਿਚ ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਸਨ, ਓਥੇ ਹਮਲੇ ਹੁੰਦੇ ਹਨ। ਆਰੋਨੋ ਤੇ ਕੈਲਾਫੋਰਨੀਆ ਵਿਚ ਨਸਲੀ ਜ਼ਹਿਰ ਫੈਲਿਆ ਹੈ। ਐਕਸਕਲੂਜ਼ਨ (ਬਾਹਰਲਿਆਂ ਨੂੰ ਬਾਹਰ ਕੱਢਣ ਦੀ) ਮੂਵਮੈਂਟ ਚੱਲੀ। ਇਸ ਸਾਰੇ ਵਰਤਾਰੇ ਨੇ ਪੰਜਾਬੀ ਪਰਵਾਸੀਆਂ ਨੂੰ ਇਹ ਸੋਚਣ ਲਈ ਮਜ਼ਬੂਰ ਕੀਤਾ ਕਿ ਜੇ ਉਹ ਕਿਸੇ ਆਜ਼ਾਦ ਤੇ ਮਜ਼ਬੂਤ ਦੇਸ਼ ਦੇ ਰਹਿਣ ਵਾਲੇ ਹੁੰਦੇ ਤਾਂ ਉਨ੍ਹਾਂ ਨਾਲ ਏਦਾਂ ਦਾ ਵਰਤਾਅ ਨਹੀਂ ਸੀ ਹੋ ਸਕਦਾ। ਬਾਅਦ ਵਿਚ ਇਕ ਗ਼ਦਰੀ ਕਵੀ ਨੇ ਇਸ ਅਨੁਭਵ ਨੂੰ ਇਉਂ ਦਰਜ ਕੀਤਾ : ''ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ''। 1914 ਜੂਨ ਵਿਚ ਵਿਕਟੋਰੀਆ (ਕੈਨੇਡਾ) ਵਿਚ ਰਹਿਣ ਵਾਲੇ ਕਵੀ ਨੇ ਲਿਖਿਆ : ''ਏਸ ਸੂਬੇ ਦੇ ਗੋਰਿਆਂ ਅੱਤ ਚੁੱਕੀ, ਹਿੰਦੀ ਤਕ ਕੇ ਜੀਅੜਾ ਸਾੜਦੇ ਨੇ।''
      ਪੰਜਾਬੀ ਕਿਸਾਨ ਦਾ ਅਮਰੀਕਾ ਤੇ ਕੈਨੇਡਾ ਵਿਚ ਜਾ ਕੇ ਮਜ਼ਦੂਰ ਬਣਨਾ ਬਿਲਕੁਲ ਵੱਖਰੀ ਤਰ੍ਹਾਂ ਦਾ ਵਰਤਾਰਾ ਸੀ। ਇਹ ਪ੍ਰਕਿਰਿਆ ਉਸ ਵਰਤਾਰੇ ਤੋਂ ਵੱਖਰੀ ਸੀ ਜਿਸ ਤਹਿਤ ਪੰਜਾਬੀ ਕਿਸਾਨ ਤੇ ਦਲਿਤ ਬਸਤੀਵਾਦੀ ਫ਼ੌਜ ਦਾ ਸੈਨਿਕ ਬਣਿਆ। ਉਸ ਰੂਪ ਵਿਚ ਉਹ ਸਰਕਾਰ ਦਾ ਸਿਪਾਹੀ ਸੀ, ਅੰਗਰੇਜ਼ ਹਕੂਮਤ ਜਲੌਅ ਦੀ ਛੋਟੀ ਮੋਟੀ ਕਣੀ ਉਸ ਨੂੰ, ਨਾ ਸਿਰਫ਼ ਵਰਦੀ ਦੇ ਰੂਪ ਵਿਚ ਮਿਲੀ, ਸਗੋਂ ਉਸ ਦੀ ਪਹਿਚਾਣ ਵੀ ਬਣੀ। ਉਹ ਸਿਪਾਹੀ, ਲਾਂਸ-ਨਾਇਕ, ਨਾਇਕ, ਹਵਾਲਦਾਰ, ਜਮਾਂਦਾਰ, ਰਿਸਾਲਦਾਰ ਆਦਿ ਬਣ ਗਿਆ। ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰ ਨੂੰ ਬਰਤਾਨਵੀ ਸਾਮਰਾਜ ਦੀ ਇਹ 'ਮਿਹਰ' ਹਾਸਿਲ ਨਹੀਂ ਸੀ। ਉਸਨੇ ਰੇਲ ਪਟੜੀਆਂ ਵਿਛਾਈਆਂ, ਆਰਾ ਮਿੱਲਾਂ, ਖੇਤਾਂ ਤੇ ਕਾਰਖਾਨਿਆਂ ਵਿਚ ਕੰਮ ਕੀਤਾ। ਇਸ ਅਨੁਭਵ ਦੀ ਚਿੱਤਰਕਾਰੀ ਇਕ ਗ਼ਦਰੀ ਕਵੀ ਨੇ ਏਦਾਂ ਕੀਤੀ : ''ਗ੍ਰੇਪ ਤੋੜਦਿਆਂ, ਸੇਲਰੀ ਲਾਉਂਦਿਆਂ ਦੇ, ਸੀਡ ਗੱਡਦਿਆਂ ਦੇ ਗੋਡੇ ਲਾਲ ਹੋ ਗਏ। ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।''
       ਇਨ੍ਹਾਂ ਅਨੁਭਵਾਂ ਨੇ ਅਮਰੀਕਾ ਤੇ ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਵਿਚ ਨਵੀਂ ਰਾਜਸੀ ਚੇਤਨਾ ਪੈਦਾ ਕੀਤੀ ਜਿਸ ਸਦਕਾ ਉਨ੍ਹਾਂ ਨੇ ਕਈ ਜਥੇਬੰਦੀਆਂ ਬਣਾਈਆਂ ਤੇ ਬਾਅਦ ਵਿਚ ਹਿੰਦੀ ਐਸੋਸੀਏਸ਼ਨ ਦੀ ਬੁਨਿਆਦ ਰੱਖੀ ਗਈ। ਇਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਖਜ਼ਾਨਚੀ ਪੰਡਤ ਕਾਂਸ਼ੀ ਰਾਮ, ਨਾਇਬ ਖ਼ਜ਼ਾਨਚੀ ਹਰਨਾਮ ਸਿੰਘ ਟੁੰਡੀਲਾਟ, ਆਰਗੇਨਾਈਜ਼ਰ ਸਕੱਤਰ ਕਰੀਮ ਬਖਸ਼ ਤੇ ਜੁਆਇੰਟ ਸਕੱਤਰ ਮੁਣਸ਼ੀ ਰਾਮ ਸਨ। ਪਾਰਟੀ ਦੇ ਮੁੱਢਲੇ ਮਤੇ ਵਿਚ ਇਹ ਦੱਸਿਆ ਗਿਆ : ''ਇਹਦਾ ਮਕਸਦ ਹਥਿਆਰਬੰਦ ਇਕਨਲਾਬ ਰਾਹੀਂ ਬ੍ਰਿਟਿਸ਼ ਗੌਰਮਿੰਟ ਦੀ ਗੁਲਾਮੀ ਤੋਂ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਨੀਹਾਂ 'ਤੇ ਕੌਮੀ ਜਮਹੂਰੀਅਤ ਕਾਇਮ ਕਰਨਾ ਹੋਵੇਗਾ।'' ਇਕ ਹੋਰ ਮਤੇ ਵਿਚ ਕਿਹਾ ਗਿਆ, ''ਪਾਰਟੀ ਵਿਚ ਮਜ਼ਹਬੀ ਬਹਿਸ-ਮੁਬਾਹਸੇ ਦਾ ਕੋਈ ਦਖ਼ਲ ਨਹੀਂ ਹੋਵੇਗਾ। ਮਜ਼ਹਬ ਦੀ ਹੈਸੀਅਤ ਨਿੱਜੀ ਹੋਵੇਗੀ।'' ਇਸ ਤਰ੍ਹਾਂ ਬਾਬਾ ਭਕਨਾ ਉਸ ਸਿਆਸੀ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਜਿਸ ਨੂੰ ਬਣਾਉਣ ਵਾਲੇ ਕੁਲੀਨ ਵਰਗਾਂ ਨਾਲ ਸਬੰਧ ਰੱਖਣ ਵਾਲੇ ਪੜ੍ਹੇ ਲਿਖੇ ਇਲੀਟ ਨਹੀਂ ਸਗੋਂ ਪੰਜਾਬ ਦੇ ਕਿਸਾਨ ਸਨ ਜਿਹੜੇ ਪਰਦੇਸਾਂ ਵਿਚ ਜਾ ਕੇ ਮਜ਼ਦੂਰ ਬਣੇ। ਇਸ ਤਰ੍ਹਾਂ ਇਹ ਪਾਰਟੀ ਹਿੰਦੋਸਤਾਨ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਹਥਿਆਰਬੰਦ ਇਨਕਲਾਬ ਲਈ ਪ੍ਰਤੀਬੱਧ ਪਹਿਲੀ ਪਾਰਟੀ ਸੀ। ਇਸ ਨੂੰ ਬਣਾਉਣ ਵਾਲੇ ਲੋਕ ਨਸਲੀ ਵਿਤਕਰੇ, ਸਰਮਾਏਦਾਰੀ ਸ਼ੋਸ਼ਣ, ਗੁਲਾਮੀ ਅਤੇ ਬਸਤੀਵਾਦੀ ਜ਼ੁਲਮ ਦੇ ਸਤਾਏ ਹੋਏ ਲੋਕ ਸਨ।
      1857 ਦੇ ਗ਼ਦਰ ਨੂੰ ਯਾਦ ਕਰਦਿਆਂ ਇਸ ਪਾਰਟੀ ਨੇ ਗ਼ਦਰ ਨਾਂ ਦਾ ਅਖ਼ਬਾਰ ਚਲਾਇਆ ਜੋ ਬਾਅਦ ਵਿਚ ਪਾਰਟੀ ਦਾ ਨਾਂ ਬਣ ਗਿਆ ਤੇ ਪਾਰਟੀ ਦੇ ਮੈਂਬਰ ਗ਼ਦਰੀ ਕਹਿ ਕੇ ਬੁਲਾਏ ਜਾਣ ਲੱਗੇ। 1914 ਵਿਚ ਇਨ੍ਹਾਂ ਗ਼ਦਰੀਆਂ ਨੇ ਹਿੰਦੋਸਤਾਨ ਵੱਲ ਚਾਲੇ ਪਾ ਦਿੱਤੇ ਅਤੇ ਵੱਖ ਵੱਖ ਫ਼ੌਜੀ ਰਸਾਲਿਆਂ ਦੀ ਮਦਦ ਨਾਲ ਬਗ਼ਾਵਤ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਫ਼ਲ ਨਾ ਹੋ ਸਕੀ। ਸੈਂਕੜੇ ਗ਼ਦਰੀ ਗ੍ਰਿਫ਼ਤਾਰ ਕਰ ਲਏ ਗਏ ਅਤੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸਮੇਤ ਸੱਤ ਗ਼ਦਰੀਆਂ ਨੂੰ ਫਾਂਸੀ ਹੋਈ। 17 ਹੋਰ ਗ਼ਦਰੀ ਜਿਨ੍ਹਾਂ ਵਿਚ ਬਾਬਾ ਸੋਹਣ ਸਿੰਘ ਭਕਨਾ ਵੀ ਸ਼ਾਮਿਲ ਸਨ, ਨੂੰ ਫਾਂਸੀ ਦੀ ਸਜ਼ਾ ਹੋਈ ਜੋ ਬਦਲ ਕੇ ਕਾਲੇ ਪਾਣੀ ਦੀ ਉਮਰ ਕੈਦ ਵਿਚ ਬਦਲ ਦਿੱਤੀ ਗਈ। ਭਾਈ ਜਵਾਲਾ ਸਿੰਘ, ਭਾਈ ਵਿਸਾਖਾ ਸਿੰਘ ਤੇ 24 ਹੋਰ ਗ਼ਦਰੀਆਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀਆਂ ਸਜ਼ਾਵਾਂ ਹੋਈਆਂ। ਹੋਰ ਗ਼ਦਰੀਆਂ ਨੂੰ ਵੀ ਵੱਖ ਵੱਖ ਵਰ੍ਹਿਆਂ ਲਈ ਕੈਦ ਦੀ ਸਜ਼ਾ ਦਿੱਤੀ ਗਈ। ਬਾਬਾ ਸੋਹਣ ਸਿੰਘ ਭਕਨਾ ਨੇ 1915 ਤੋਂ 1921 ਅੰਡੇਮਾਨ ਕਾਲੇਪਾਣੀ ਵਿਚ ਅਤੇ 1921 ਤੋਂ 1930 ਤਕ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਕੈਦ ਕੱਟੀ। ਉਹ ਸਰਬਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਣੇ ਅਤੇ ਕਿਸਾਨ ਮੋਰਚਿਆਂ ਵਿਚ ਵੀ ਕੈਦ ਕੱਟੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੂੰ 1948 ਵਿਚ ਫਿਰ ਕੈਦ ਕਰ ਲਿਆ ਗਿਆ ਅਤੇ ਯੋਲ ਕੈਂਪ (ਕਾਂਗੜੇ ਦੇ ਨਜ਼ਦੀਕ) ਵਿਚ ਰੱਖਿਆ ਗਿਆ। ਉਹ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਸਾਰੀ ਉਮਰ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ।
       ਬਾਬਾ ਜੀ ਨੇ ਆਪਣੇ ਜੀਵਨ ਦੀ ਕਹਾਣੀ 'ਜੀਵਨ ਸੰਗਰਾਮ', 'ਮੇਰੀ ਰਾਮ ਕਹਾਣੀ' ਅਤੇ 'ਮੇਰੀ ਆਪ ਬੀਤੀ' ਵਿਚ ਦਰਜ ਕੀਤੀ ਹੈ। ਇਨ੍ਹਾਂ ਆਤਮ ਕਥਾਵਾਂ ਨੂੰ ਪੜ੍ਹ ਕੇ ਬਾਬਾ ਜੀ ਦੀ ਨਿਰਮਾਣਤਾ ਤੇ ਮਹਾਨਤਾ ਦਾ ਪਤਾ ਲੱਗਦਾ ਹੈ। ਇਨ੍ਹਾਂ ਆਤਮ ਕਥਾਵਾਂ ਵਿਚ ਉਨ੍ਹਾਂ ਨੇ ਆਪਣੇ ਜਵਾਨੀ ਵੇਲੇ ਦੀਆਂ ਭੁੱਲਾਂ-ਚੁੱਕਾਂ ਬਾਰੇ ਤਾਂ ਖੁੱਲ੍ਹ ਕੇ ਲਿਖਿਆ ਹੈ, ਪਰ ਆਪਣੀ ਕੁਰਬਾਨੀ ਅਤੇ ਝੱਲੀਆਂ ਦੁਸ਼ਵਾਰੀਆਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ। 26 ਸਾਲਾਂ ਦੀ ਜੇਲ੍ਹ ਯਾਤਰਾ ਵਿਚ ਉਨ੍ਹਾਂ ਨੇ 9 ਵਾਰ ਭੁੱਖ ਹੜਤਾਲ ਕੀਤੀ। ਅੰਡੇਮਾਨ ਵਿਚ ਅਸਹਿ ਕਸ਼ਟ ਝੱਲੇ ਅਤੇ 2 ਵਾਰ ਭੁੱਖ ਹੜਤਾਲ ਕੀਤੀ। ਯਰਵਦਾ ਜੇਲ੍ਹ ਵਿਚ ਦਸਤਾਰਾਂ ਤੇ ਕਛਹਿਰਿਆਂ ਲਈ, ਲਾਹੌਰ ਜੇਲ੍ਹ ਵਿਚ ਦਲਿਤਾਂ ਦੀ ਬਰਾਬਰੀ ਲਈ ਅਤੇ ਭਗਤ ਸਿੰਘ ਦੀ ਹਮਾਇਤ ਵਿਚ ਭੁੱਖ ਹੜਤਾਲ ਕੀਤੀ। ਯੋਲ ਕੈਂਪ ਵਿਚ ਕੀਤੀ 9ਵੀਂ ਭੁੱਖ ਹੜਤਾਲ ਨੇ ਉਨ੍ਹਾਂ ਦਾ ਸਰੀਰ ਕੁੱਬਾ ਕਰ ਦਿੱਤਾ। 1931 ਵਿਚ ਉਨ੍ਹਾਂ ਨੇ ਕਰਾਚੀ ਵਿਚ ਹੋਈ ਆਲ ਇੰਡੀਆ ਵਰਕਰ ਐਂਡ ਪੀਜੈਂਟਸ ਤੇ ਤੀਸਰੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1939 ਵਿਚ ਉਹ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਗਯਾ, ਬਿਹਾਰ ਵਿਚ ਗ੍ਰਿਫ਼ਤਾਰ ਹੋਏ ਤੇ ਉਨ੍ਹਾਂ ਨੂੰ ਦਿਓਲੀ ਕੈਂਪ ਵਿਚ ਨਜ਼ਰਬੰਦ ਕੀਤਾ ਗਿਆ। ਇਕ ਅਪਰੈਲ 1943 ਨੂੰ ਰਿਹਾਅ ਹੋ ਕੇ ਉਹ ਆਪਣੇ ਪਿੰਡ ਭਕਨੇ ਕੁਲ ਹਿੰਦ ਕਾਨਫਰੰਸ ਦੇ ਇਜਲਾਸ ਦੀ ਪ੍ਰਧਾਨਗੀ ਕਰਨ ਪਹੁੰਚੇ। ਆਪਣੀਆਂ ਆਤਮ ਜੀਵਨੀਆਂ ਵਿਚ ਬਾਬਾ ਜੀ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਇਉਂ ਕਰਦੇ ਹਨ ਜਿਵੇਂ ਸਭ ਕੁਝ ਬੜੇ ਸਹਿਜ ਸੁਭਾਅ ਨਾਲ ਹੋ ਰਿਹਾ ਹੋਵੇ। ਉਹ ਦੂਸਰੇ ਗ਼ਦਰੀ ਭਾਈਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਬਹੁਤ ਸ਼ਰਧਾ ਨਾਲ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਬਾਬਾ ਜਵਾਲਾ ਸਿੰਘ ਬਾਰੇ ਲਿਖਦੇ ਹਨ : ''ਭਾਈ ਜਵਾਲਾ ਸਿੰਘ ਜੀ ਦੀ ਇਹ ਉੱਚੀ ਕੌਮੀ ਸੇਵਾ ਅੱਜ ਤਕ ਕਿਸੇ ਰਾਜੇ ਮਹਾਰਾਜੇ ਤੇ ਸੇਠ ਸ਼ਾਹੂਕਾਰ ਨੂੰ ਵੀ ਨਸੀਬ ਨਹੀਂ ਹੋਈ।'' ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ, ਕੇਸਰ ਸਿੰਘ, ਲਾਲਾ ਹਰਦਿਆਲ, ਭਾਈ ਬੰਤਾ ਸਿੰਘ ਅਤੇ ਹੋਰਨਾਂ ਗ਼ਦਰੀ ਆਗੂਆਂ ਦੀ ਦੇਣ ਦਾ ਜ਼ਿਕਰ ਕਰਦੇ ਤੁਰੇ ਜਾਂਦੇ ਹਨ। ਇਨ੍ਹਾਂ ਆਤਮ ਜੀਵਨੀਆਂ ਵਿਚੋਂ ਲੋਕਾਂ ਲਈ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਤਿਆਗੀ ਆਤਮਾ ਦੇ ਦੀਦਾਰ ਹੁੰਦੇ ਹਨ। ਕੇਸਰ ਸਿੰਘ ਕੇਸਰ ਨੇ ਬਾਬਾ ਜੀ ਅਤੇ ਹੋਰਨਾਂ ਗ਼ਦਰੀਆਂ ਨੂੰ 'ਦਾਰਸ਼ਨਿਕ ਸੋਚ, ਦੀਦਾ-ਦਲੇਰੀ, ਪਰ ਸੁਆਰਥ, ਭਾਈਚਾਰਕ ਸਾਂਝ, ਤਿਆਗ, ਸੱਚੇ-ਸੁੱਚੇ ਚਰਿੱਤਰ ਤੇ ਕੁਰਬਾਨੀ ਦੇ ਪੁਤਲੇ' ਕਿਹਾ ਹੈ।
       ਹਰੀਸ਼ ਪੁਰੀ ਨੇ ਲਿਖਿਆ ਹੈ: ''ਗ਼ਦਰ ਲਹਿਰ ਵਿਚ ਉਨ੍ਹਾਂ ਨਾਲ ਮੁੱਢ ਤੋਂ ਨਾਲ ਰਹੇ ਪ੍ਰਿਥਵੀ ਸਿੰਘ ਆਜ਼ਾਦ ਨੇ ਮੇਰੇ ਕੋਲ ਦਰਜ ਕਰਵਾਏ ਇੰਟਰਵਿਊ ਵਿਚ ਬਾਬਾ ਜੀ ਬਾਰੇ ਤੇ ਭਾਈ ਵਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੁਰਾਂ ਦੀ ਗੱਲ ਕਰਦਿਆਂ ਸਿਰ ਨਿਵਾਂ ਕੇ ਹੌਲੀ ਜਿਹੀ ਆਖਿਆ ਸੀ: 'ਉਹ ਤਪੀਸ਼ਰ ਸਨ। ਇਨਸਾਨੀਅਤ ਦੇ ਲੇਖੇ ਲੱਗੀਆਂ ਨੇਕ ਰੂਹਾਂ'।'' ਸੋਹਨ ਸਿੰਘ ਭਕਨਾ ਅਤੇ ਹੋਰ ਗ਼ਦਰੀ ਸੱਚਮੁੱਚ ਤਪੀਸ਼ਰ ਸਨ, ਫ਼ਕੀਰ ਆਦਮੀ। ਭਾਈ ਨਿਧਾਨ ਸਿੰਘ ਨੇ ਆਪਣੀ ਕਵਿਤਾ ਵਿਚ ਉਨ੍ਹਾਂ ਨੂੰ 'ਜ਼ਿੰਦਾ ਸ਼ਹੀਦ' ਕਹਿੰਦਿਆਂ ਬਿਲਕੁਲ ਠੀਕ ਕਿਹਾ ਸੀ, ''ਵੈਰੀ ਕੰਬਦੇ ਗ਼ਦਰ ਦਾ ਨਾਮ ਸੁਣ ਕੇ, ਸੇਵਾ ਤੁਧ ਦੀ ਬੇਨਜੀਰ ਬਾਬਾ/ ਵਧਣ ਹੌਸਲੇ ਦੇਖ ਕੇ ਗ਼ਦਰੀਆਂ ਦੇ ਪ੍ਰੇਮ ਏਕਤਾ ਦੀ ਤਸਵੀਰ ਬਾਬਾ/ ਆਓ, ਆਓ, ਗ਼ਰੀਬਾਂ ਦੇ ਬਾਦਸ਼ਾਹ ਜੀ, ਕਰੀਏ ਬਿਸਤਰਾ ਗੋਲ ਬਰਤਾਨੀਆਂ ਦਾ/ ਪਹਿਲਾਂ ਵਾਂਗ ਮਨਸੂਰ ਕੁਰਬਾਨ ਹੋਵੇ, ਫੇਰ ਮੁੱਲ ਪੈਂਦਾ ਕੁਰਬਾਨੀਆਂ ਦਾ।'' ਹਾਂ, ਉਹ ਗ਼ਰੀਬਾਂ ਦੇ ਬਾਦਸ਼ਾਹ ਸਨ, ਉਨ੍ਹਾਂ ਦੀ ਕੀਤੀ ਸੇਵਾ ਬੇਨਜ਼ੀਰ ਹੈ। ਹਜਾਰਾ ਸਿੰਘ 'ਹਮਦਮ' ਨੇ ਬਾਬਾ ਜੀ ਦੀ ਤੁਲਨਾ ਭਗਤ ਪ੍ਰਲਾਹਦ ਨਾਲ ਕਰਦਿਆਂ ਕਿਹਾ, ''ਅਰਸ਼ ਫਰਸ਼ ਕੰਬੇ ਤੇਰੇ ਦੁੱਖ ਸੁਣਕੇ/ ਯਾਦ ਆਵੰਦਾ ਭਗਤ ਪ੍ਰਲਾਦ ਬਾਬਾ/ ਹਮਦਮ ਤੇਰੀਆਂ ਉੱਚ ਕੁਰਬਾਨੀਆਂ ਨੇ, ਕਰਨਾ ਦੇਸ਼ ਨੂੰ ਝੱਟ ਆਜ਼ਾਦ ਬਾਬਾ।''
ਮਸ਼ਹੂਰ ਕਵੀ ਰਿਲਕੇ ਨੇ ਆਪਣੀ ਇਕ ਕਵਿਤਾ ਵਿਚ ਆਪਣੇ ਮੋਏ ਮਿੱਤਰ ਨੂੰ ਏਦਾਂ ਯਾਦ ਕੀਤਾ ਹੈ :

ਮੇਰੇ ਆਪਣੇ ਜਿਹੜੇ ਮਰ ਚੁੱਕੇ ਨੇ, ਮੇਰੇ ਕੋਲ ਹਨ
ਮੈਂ ਉਨ੍ਹਾਂ ਨੂੰ ਜਾਣ ਦਿੱਤਾ
ਤੇ ਹੈਰਾਨ ਰਹਿ ਗਿਆ
ਉਹ ਮਰ ਕੇ ਕਿੰਨੇ ਸ਼ਾਂਤ ਹੋ ਗਏ
ਕਿੰਨੇ ਖੁਸ਼,
ਉਨ੍ਹਾਂ ਦੀ ਫਿਤਰਤ ਏਦਾਂ ਦੀ ਤੇ ਨਹੀਂ ਸੀ।
ਸਿਰਫ਼ ਤੂੰ,
ਤੂੰ ਵਾਪਸ ਆਉਂਦਾ ਏਂ
ਮੈਨੂੰ ਛੁਹ ਕੇ ਲੰਘਦਾ ਏਂ
ਏਧਰ ਉਧਰ ਘੁੰਮਦਾ
ਚੀਜ਼ਾਂ ਤੇ ਦਸਤਕ ਦਿੰਦਾ
ਆਵਾਜ਼ ਨਾਲ ਤੇਰੇ ਹੋਣ ਦਾ ਪਤਾ ਲੱਗਦਾ ਏ।

4 ਜਨਵਰੀ 2020 ਨੂੰ ਇਸ ਮਹਾਂਪੁਰਖ ਦਾ 150ਵਾਂ ਜਨਮ ਦਿਨ ਹੈ। ਵੱਖ ਵੱਖ ਪਾਰਟੀਆਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਆਪੋ ਆਪਣੇ ਤਰੀਕਿਆਂ ਨਾਲ ਮਨਾਉਣ ਦਾ ਯਤਨ ਕਰ ਰਹੀਆਂ ਹਨ। ਸੋਹਨ ਸਿੰਘ ਭਕਨਾ ਪੰਜਾਬ ਦਾ ਮਹਾਂ-ਨਾਇਕ ਸੀ। ਉਹ ਸਾਰੇ ਪੰਜਾਬੀਆਂ ਦਾ ਸੀ। ਉਹਦਾ ਨਾਂ ਲੈ ਕੇ ਹਰ ਪੰਜਾਬੀ ਦਾ ਸਿਰ ਉੱਚਾ ਹੁੰਦਾ ਹੈ। ਉੱਚ ਕੁਰਬਾਨੀਆਂ ਵਾਲੇ ਇਸ ਫ਼ਕੀਰ ਦੀ ਯਾਦ ਪੰਜਾਬ ਦੀਆਂ ਬਰੂਹਾਂ 'ਤੇ ਦਸਤਕ ਦੇ ਰਹੀ ਹੈ। ਕੀ ਪੰਜਾਬੀ ਇਸ ਫ਼ਕੀਰ ਨੂੰ ਯਾਦ ਕਰ ਰਹੇ ਹਨ?