ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ - ਪ੍ਰੀਤ ਰਾਮਗੜ੍ਹੀਆ

ਕਲਮਾਂ ਡਿੱਗਦੀਆਂ ਹੱਥੋਂ ,
ਸੋਚ ਕੇ ਵੀ ਰੂਹ ਕੰਬਦੀ ।
ਕਿੰਝ ਲਿਖਾਂ ਤੇਰੇ ਬਾਰੇ ਕਲਗੀਆਂ ਵਾਲੇ ,
ਸਰਬੰਸਦਾਨੀ , ਪੁੱਤਰ ਚਾਰ ਪੰਥ ਤੋਂ ਵਾਰੇ ।
ਧੰਨ ਤੇਰਾ ਜਿਗਰਾ , ਤੇਰੇ ਜਿਹਾ ਦਾਨੀ ,
ਦੁਨੀਆ ਤੇ ਕੋਈ ਹੋਇਆ ਨਾ ....।


ਹੱਥੀਂ ਕੀਤਾ ਤਿਆਰ ਪੁੱਤਰਾਂ ,
ਦੁਲਾਰ ਨਾਲ ਫੇਰਿਆ ਹੱਥ ਛਾਤੀ ਤੇ ।
ਦੇਖ ਰਿਹਾ ਜਿਵੇਂ ਬਾਜਾਂ ਵਾਲਾ ,
ਕਿੰਨੇ ਫੱਟ ਸਹਿ ਲੈਣਗੇ ਛਾਤੀ ਤੇ ।
ਸ਼ਸਤਰ ਸਜਾ ਦਿੱਤਾ ਥਾਪੜਾ ,
ਜਾ ਮੇਰੇ ਅਜੀਤ ਤੇ ਜੁਝਾਰ ਸਿੰਘ ।
ਵਾਰ ਨੀ ਖਾਣਾ ਪਿੱਠ ਤੇ ,
ਜੰਗ ਦੇ ਮੈਦਾਨ ਵਿਚ ,
ਕਾਟ ਲਾਇੳ ਸੀਸ ਦੁਸ਼ਮਣ ਦਾ ,
ਤਲਵਾਰ ਦੇ ਇਕ ਵਾਰ ਵਿਚ ।
ਤੁਰ ਪਏ ਦੋ ਵੀਰ ,
ਮੁਗਲਾਂ ਦੇ ਖੂਨ ਨਾਲ ,
ਧਰਤੀ ਦੀ ਹਿੱਕ ਲਾਲ ਕਰਨ ,
ਜੰਗ ਦਾ ਮੈਦਾਨ ਕਰ ਫਤਹਿ ,
ਸ਼ਹੀਦ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ..... ।


ਸਰਦ ਰੁੱਤ ਹਵਾਵਾਂ ਠੰਢੀਆਂ ,
ਵਿਛੜਿਆ ਪਰਿਵਾਰ ਸਰਸਾ ਨਦੀ ਦੇ ਕੰਢਿਆਂ ।
ਫਤਹਿ ਸਿੰਘ ਜੋਰਾਵਰ ਸਿੰਘ ਰਹਿ ਗਏ ,
ਮਾਤਾ ਗੁਜਰੀ ਕੋਲ ਇਕੱਲਿਆਂ ।
ਠੰਡੇ ਬੁਰਜ ਦੀਆਂ ਕਾਲੀਆਂ ਰਾਤਾਂ ,
ਵਜ਼ੀਰ ਖਾਨ ਦੀਆਂ ਧਮਕਾਉਂਦੀਆਂ ਬਾਤਾਂ ,
ਲਾਲਚ ਭਰੀਆਂ ਸੌਗਾਤਾਂ ,
ਝੂਠ ਤੇ ਫਰੇਬ ਵੀ ਹਾਰ ਗਏ ।
ਸਾਹਿਬਜ਼ਾਦਿਆਂ ਤੋਂ ਸਿਰ ਝੁਕਾ ਨਾ ਸਕੇ ।
ਚਿਣਵਾ ਕੇ ਕੰਧ ਵਿਚ ਨਿੱਕੀਆਂ ਜਿੰਦਾਂ ,
ਇਕ ਇੱਟ ਵੀ ਸਿੱਖੀ ਦੀ ਹਿਲਾ ਨਾ ਸਕੇ ......।


ਸਰਬੰਸ ਵਾਰ ਕੇ ਸਾਰਾ ,
ਪੰਥ ਖਾਲਸਾ ਸਜਾ ਗਿਆ ਏਂ ।
ਹੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ,
ਕਿਵੇਂ ਭੁੱਲ ਜਾਈਏ ਤੇਰੀ ਕੁਰਬਾਨੀ ।
"ਪ੍ਰੀਤ" ਲੱਭਦੇ ਨਾ ਸ਼ਬਦ ,
 ਕਲਮਾਂ ਦੇ ਬੁੱਲ੍ਹ ਸੁੱਕ ਜਾਂਦੇ ,
ਕਿੰਝ ਲਿਖਾਂ ਤੇਰੇ ਬਾਰੇ ਕਲਗੀਆਂ ਵਾਲੇ ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।
ਧੰਨ ਤੇਰੀ ਸਿੱਖੀ ।।


ਪ੍ਰੀਤ ਰਾਮਗੜ੍ਹੀਆ
 ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com