ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਮੱਛੀਓ ਤੁਹਾਨੂੰ ਕੁਝ ਵੀ ਨਹੀਂ ਹੋਣ ਵਾਲਾ, ਤੁਸੀਂ ਡੱਡੂ ਦੇ ਬਹਿਕਾਵੇ 'ਚ ਨਾ ਆਓ।
ਖ਼ਬਰ ਹੈ ਕਿ ਹਾਲੀਆ ਵਿਵਾਦਿਤ ਸੁਰਖੀਆਂ ਦਾ ਕਾਰਨ ਬਣੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਬਾਰੇ ਪਹਿਲੀ ਵੇਰ ਚੁੱਪੀ ਤੋੜਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ 'ਚ ਕਿਤੇ ਵੀ ਡਿਟੈਂਸ਼ਨ ਸੈਂਟਰ ਨਹੀਂ ਹੈ ਅਤੇ ਦੇਸ਼ 'ਚ ਮੁਸਲਮਾਨਾਂ ਨੂੰ ਹਿਰਾਸਤ 'ਚ ਨਹੀਂ ਲਿਆ ਜਾ ਰਿਹਾ। ਉਹਨਾ ਕਿਹਾ ਕਿ ਨਾਗਰਿਕਤਾ ਕਾਨੂੰਨ ਅਤੇ ਐਨ.ਆਰ.ਸੀ. ਦਾ ਭਾਰਤੀ ਮੁਸਲਮਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹਨਾ ਵਿਰੋਧੀਆਂ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੁਝ ਲੋਕ ਅਫ਼ਵਾਹਾਂ ਫੈਲਾਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਾਂਗਰਸ, ਖੱਬੇ ਪੱਖੀਆਂ, ਮਮਤਾ ਬੈਨਰਜੀ ਅਤੇ ਸਮਾਜ ਦੇ ਪੜ੍ਹੇ ਲਿਖੇ ਤਬਕੇ, ਜਿਨ੍ਹਾਂ ਨੂੰ ਉਹਨਾ ਨੇ ਸ਼ਹਿਰੀ ਨਕਸਲਵਾਦੀ ਕਰਾਰ ਦਿੱਤਾ, ਨੂੰ ਅਜੋਕੇ ਹਿੰਸਕ ਪ੍ਰਦਰਸ਼ਨਾ ਲਈ ਜ਼ੁੰਮੇਵਾਰ ਠਹਿਰਾਉਂਦਿਆਂ ਇੱਕ-ਇੱਕ 'ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਖ਼ਬਰ  ਇਹ ਵੀ ਹੈ ਕਿ ਦੇਸ਼ 'ਚ ਥਾ-ਥਾਂ ਮੁਜ਼ਾਹਰੇ ਹੋ ਰਹੇ ਹਨ ਅਤੇ ਭੀੜਾਂ ਇੱਕਠੀਆਂ ਹੋਕੇ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ।
ਅੱਖਾਂ ਬੰਦ ਕਰਕੇ ਮਨਮਾਨੇ ਹੁਕਮ ਚਲਾਉਣਾ ਹੀ, ਹਾਕਮ ਦਾ ਕੰਮ ਹੁੰਦਾ ਆ। ਪਰਜਾ ਦੀ ਗੱਲ ਨਾ ਸੁਨਣਾ, ਉਹਦੀ ਮਰਜ਼ੀ ਦਬਾਕੇ ਰੱਖਣਾ ਹੀ ਹਾਕਮ ਦਾ ਧਰਮ ਹੁੰਦਾ ਆ। ਉਹ ਹਾਕਮ ਹੀ ਕਾਹਦਾ, ਜਿਸਨੇ ਜਿੱਦ ਛੱਡ ਦਿੱਤੀ? ਉਹ ਹਾਕਮ ਹੀ ਕਾਹਦਾ ਜਿਸਨੇ ਪਰਜਾ ਦੀ ਗੱਲ ਸੁਣ ਲਈ? ਉਹ ਹਾਕਮ ਹੀ ਕਾਹਦਾ ਜੋ ਘੁਮੰਡੀ ਨਾ ਹੋਵੇ। ਉਹ ਹਾਕਮ ਹੀ ਕਾਹਦਾ ਜੋ ਪਾਖੰਡੀ ਨਾ ਹੋਵੇ। ਉਹ ਹਾਕਮ ਹੀ ਕਾਹਦਾ ਜੋ ਚੰਮ ਦੀਆਂ ਨਾ ਚਲਾਵੇ। ਉਹ ਹਾਕਮ ਹੀ ਕਾਹਦਾ ਜੋ ਡਰ ਨਾ ਫੈਲਾਵੇ। ਉਹ ਹਾਕਮ ਹੀ ਕਾਹਦਾ ਜੋ ਸ਼ੰਕਾਵਾਂ ਪੈਦਾ ਨਾ ਕਰੇ।
ਉਂਜ ਭਾਈ ਭਾਰਤੀ ਹਾਕਮ ਤਾਂ ਸਦਾ ਹੀ ਸਿਆਣਾ ਰਿਹਾ ਆ। ਭਾਵੇਂ ਉਹ ਗੋਰਾ ਸੀ ਭਾਵੇਂ ਕਾਲਾ। ਭੋਲੀ-ਭਾਲੀ ਜਨਤਾ ਨੂੰ ਲੁੱਟਣਾ ਉਹਦਾ ਪੇਸ਼ਾ ਰਿਹਾ ਆ। ਹੋਰ ਕਰਦਾ ਵੀ ਕੀ। ਪਾਕਿਸਤਾਨੀਆਂ ਨਾਲ ਜੰਗਾਂ ਕੀਤੀਆਂ। ਗੱਦੀ ਬਚਾਈ। ਐਮਰਜੈਂਸੀ ਲਾਈ। ਗੱਦੀ ਬਚਾਈ। ਨੋਟਬੰਦੀ ਕੀਤੀ, ਜੀ.ਐਸ.ਟੀ. ਲਾਈ, ਧਾਰਾ 370 ਖ਼ਤਮ ਕੀਤੀ ਲੋਕਾਂ ਨੂੰ ਭਰਮਾਇਆ, ਰੁਲਾਇਆ ਤੇ ਪੱਲੇ ਉਹਨਾ ਦੇ ਭਾਸ਼ਨ ਪਾਇਆ। ਆਹ ਸੀ.ਏ.ਏ. ਆਈ। ਐਨ.ਆਰ.ਸੀ.  ਦਾ ਰੌਲਾ ਪਾਇਆ, ਲੋਕਾਂ ਨੂੰ ਸੜਕਾਂ 'ਤੇ ਬੈਠਾਇਆ। ਆਪਸ 'ਚ ਲੜਾਇਆ ਤੇ ਹੁਣ ਵਾਲੇ ਹਾਕਮ ਇਹ ਸਬਕ ਪੜ੍ਹਾਇਆ, '' ਤਲਾਬ 'ਚ ਸੱਪ ਹੋਣ ਦਾ ਸ਼ੱਕ ਐ, ਇਸ ਲਈ ਤਲਾਬ ਨੂੰ ਸੁਕਾ ਰਿਹਾਂ। ਮੱਛੀਓ ਤੁਹਾਨੂੰ ਕੁਝ ਵੀ ਨਹੀਂ ਹੋਣਾ, ਤੁਸੀਂ ਡੱਡੂ ਦੇ ਬਹਿਕਾਵੇ 'ਚ ਨਾ ਆਓ''।


ਲੇਖਾ ਜੋਖਾ, ਬਹਿਕੇ ਅੱਜ ਕਰੀਏ,
ਕੀ ਬੀਜਿਆ? ਤੇ ਅਸਾਂ ਕੱਟਿਆ ਕੀ?
ਖ਼ਬਰ ਹੈ ਕਿ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਵਿੱਤੀ ਸੰਕਟ 'ਚੋਂ ਨਿਕਲਣ ਲਈ 'ਲਾਲ ਪਰੀ' ਦਾ ਸਹਾਰਾ ਲੈਣ ਸਬੰਧੀ ਬਣਾਈ ਰਣਨੀਤੀ ਕਾਮਯਾਬ ਹੋ ਗਈ ਹੈ। ਚਾਲੂ ਵਿੱਤੀ ਸਾਲ 'ਚ  ਪਿਛਲੇ 30 ਨਵੰਬਰ ਤੱਕ ਰਾਜ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਤੋਂ 33 ਕਰੋੜ ਰੁਪਏ ਹਾਸਲ ਹੋਏ ਹਨ ਜੋ ਗੁਜ਼ਰੇ ਵਿੱਤੀ ਸਾਲ ਦੌਰਾਨ ਇਸ ਮਿਆਦ ਤੱਕ ਹਾਸਲ ਹੋਏ ਐਕਸਾਈਜ਼ ਮਾਲੀਏ ਤੋਂ 300 ਕਰੋੜ ਰੁਪਏ ਜ਼ਿਆਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੀ ਇਸ ਪ੍ਰਾਪਤੀ ਵਿੱਚ ਵੈਟ ਨੇ ਵੀ ਚੰਗੀ ਭੂਮਿਕਾ ਨਿਭਾਈ ਹੈ।
ਗੱਲ ਸੰਤਾਲੀ ਦੀ ਕਰ ਲਓ, ਜਾਂ ਕਰ ਲਓ ਗੱਲ ਚੌਰਾਸੀ ਦੀ। ਗੱਲ ਸਰਹੱਦੋਂ ਪਾਰ ਲੱਗੀ ਜੰਗ ਦੀ ਕਰ ਲਓ ਜਾਂ ਅੰਦਰੋਂ ਲੱਗੀ ਕਦੇ ਭਰਾ-ਮਾਰੂ ਜੰਗ ਦੀ। ਗੱਲ ਪ੍ਰਵਾਸ ਹੰਢਾਉਂਦੇ ਹਾਲਤੋਂ ਭਗੋੜੇ ਹੋਏ ਪੰਜਾਬੀਆਂ ਦੀ ਕਰ ਲਓ, ਜਾਂ ਭਾਈ ਨਸ਼ੇ, ਬਿਮਾਰੀਆਂ ਨਾਲ ਗਲ ਰਹੇ ਪੰਜਾਬੀਆਂ ਦੀ। ਗੱਲ ਪੰਜਾਬ 'ਚ ਫੈਲੇ ਭ੍ਰਿਸ਼ਟਾਚਾਰ ਦੀ ਕਰ ਲਓ ਜਾਂ ਕਰ ਲਓ ਭੂ-ਮਾਫੀਏ, ਨਸ਼ਾ-ਮਾਫੀਏ, ਰੇਤ ਮਾਫੀਏ ਦੀ। ਇਹੋ ਸੱਭੋ ਭਾਈ ਸਿਆਸਤਦਾਨਾਂ ਦੀ ਪੰਜਾਬੀਆਂ ਨੂੰ ਦਿੱਤੀ ਸੌਗਾਤ ਆ।
ਲੇਖਾ ਦਿੱਲੀ ਜਾਂ ਚੰਡੀਗੜ੍ਹ ਬਹਿਕੇ ਕਰ ਲਓ ਜਾਂ ਕਰ ਲਓ ਖੜਪੈਂਚਾਂ ਦੀ ਸਜਾਈ ਪਿੰਡ ਦੀ ਪਰ੍ਹਿਆ 'ਚ ਪੰਚੈਤ 'ਚ! ਆਹ ਉਪਰਲੇ ਦੋ ਟੱਬਰਾਂ, ਔਹ ਹੇਠਲੇ ਚਹੁੰ ਟੱਬਰਾਂ ਪੰਜਾਬ ਲੁੱਟ ਖਾਧਾ।  ਦੋ-ਫਾੜ ਕੀਤਾ, ਚੌ-ਫਾੜ ਕੀਤਾ ਤੇ ਤੀਲਾ-ਤੀਲਾ ਕਰਕੇ ਵਲੈਤ, ਕੈਨੇਡਾ, ਅਮਰੀਕਾ ਅਤੇ ਪਤਾ ਨਹੀਂ ਕਿਥੇ ਕਿਥੇ ਲੈ ਜਾ ਵਾੜਿਆ ਪੰਜਾਬ।
ਆਹ ਤਾਂ ਲੇਖਾ-ਜੋਖਾ ਪੈਸਿਆਂ ਦਾ। ਆਹ ਲੇਖਾ-ਜੋਖਾ 'ਲਾਲ ਪਰੀ' ਦੇ ਸਹਾਰਿਆਂ ਦਾ। ਆਹ ਲੇਖਾ-ਜੋਖਾ ਪੰਜਾਬੀਆਂ ਦਾ, ਕਿਸਮਤ ਦੇ ਮਾਰਿਆਂ ਦਾ! ਪੰਜਾਬੀ ਕੁੜੀ ਮਾਰ ਕਹਾਏ! ਪੰਜਾਬੀ ''ਮਾਂ ਬੋਲੀ'' ਨੂੰ ਮਨੋਂ ਵਿਸਾਰਨ ਵਾਲੇ ਕਹਾਏ। ਪੰਜਾਬੀ ਦਰੋਂ ਬਾਹਰ ਭੱਜਣ ਵਾਲੇ, ਘਰਾਂ ਨੂੰ ਜੰਦਰੇ ਲਾ ''ਵਲੈਤਾਂ'' ਨੂੰ ਭੱਜਣ ਵਾਲੇ ਕਹਾਏ। ਤਦੇ ਤਾਂ ਕਹਿੰਨਾ ਆਓ ''ਲੇਖਾ-ਜੋਖਾ, ਬਹਿਕੇ ਅੱਜ ਕਰੀਏ, ਕੀ ਬੀਜਿਆ? ਤੇ ਅਸਾਂ ਕੱਟਿਆ ਕੀ''?


ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦਿਆਂ,ਸੁਣਦਿਆਂ ਸੁੱਕ ਗਏ ।
ਆਖੋ ਇਹਨਾ ਨੂੰ ਉਜੜੇ ਘਰੀਂ ਜਾਣ ਨੂੰ, ਇਹ  ਕਦੋਂ ਤੱਕ ਇਥੇ ਖੜੇ ਰਹਿਣਗੇ।
ਖ਼ਬਰ ਹੈ ਕਿ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭੈ ਬਲਾਤਕਾਰ ਕਾਂਡ 'ਚ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸੁਣਵਾਈ 'ਚ ਕੁਲ (7 ਸਾਲ) 2566 ਦਿਨ ਲੱਗੇ। ਪੁਲਿਸ ਨੇ 30 ਦਿਨਾਂ 'ਚ ਚਾਰਜਸ਼ੀਟ ਤਿਆਰ ਕੀਤੀ। ਹੇਠਲੀ ਅਦਾਲਤ ਨੇ 252 ਦਿਨਾਂ 'ਚ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਦੋਸ਼ੀ ਦੀ ਅਪੀਲ ਤੇ ਫ਼ੈਸਲੇ ਲਈ ਹਾਈਕੋਰਟ 'ਚ 158 ਦਿਨ ਲੱਗੇ ਜਦਕਿ ਸੁਪਰੀਮ 'ਚ ਅਪੀਲ ਸੁਣਵਾਈ ਲਈ ਸੁਪਰੀਮ ਕੋਰਟ ਨੇ 1008 ਦਿਨ ਲਗਾਏ। ਦੋਸ਼ੀਆਂ ਨੂੰ ਫਾਂਸੀ ਹਾਲੀ ਵੀ ਨਹੀਂ ਲਗਾਈ ਗਈ ਅਤੇ ਇੱਕ ਦੋਸ਼ੀ ਦੀ ਅਪੀਲ ਤੇ ਫ਼ੈਸਲਾ 7 ਜਨਵਰੀ 2020 ਤੱਕ ਟਲ ਗਿਆ ਹੈ। ਨਿਰਭੈ ਬਲਾਤਕਾਰ ਦਿੱਲੀ ਦੀ ਇੱਕ ਬੱਸ 'ਚ ਵਾਪਰਿਆ ਸੀ, ਜਿਥੇ ਨਿਰਭੈ ਨਾਲ ਸਮੂਹਿਕ ਬਲਾਤਕਾਰ ਕਰਨ ਉਪਰੰਤ ਉਸਨੂੰ 4 ਦੋਸ਼ੀਆਂ ਨੇ ਮਾਰ ਦਿੱਤਾ ਸੀ।
ਜੁਆਨ ਕਚਿਹਰੀ ਜਾਵੇ ਤੇ ਪੱਲੇ ਦੋ ਸੁਕੀਆਂ ਰੋਟੀਆਂ ਤੇ ਗੰਢਾ, ਅਚਾਰ ਲੈ ਜਾਵੇ। ਉਹੀ ਜੁਆਨ ਅਧਖੜ ਉਮਰੇ ਕਚਿਹਰੀ ਜਾਵੇ, ਹੱਥ ਪਰਾਉਂਠੇ ਲੈ ਜਾਵੇ ਤੇ ਚਾਹ ਦਾ ਕੱਪ ਕਚਿਹਰੀਓਂ ਪੀ ਆਵੇ। ਛੋਟੀ ਕਚਿਹਰੀ, ਜ਼ਿਲਾ ਕਚਿਹਰੀ, ਉਪਰਲੀ ਕਚਿਹਰੀ ਤੇ ਫਿਰ ਸਿਖਰਲੀ ਕਚਿਹਰੀ ਤੱਕ ਪੁੱਜਦਾ, ਪਸੰਜਰ ਗੱਡੀ ਦੇ ਹੂਟੇ ਲੈਂਦਾ, ਮਨੋਂ ਥਿੜਕ ਜਾਵੇ, ਢਾਬੇ ਤੇ ਸੁੱਕੀ ਰੋਟੀ ਖਾਵੇ। ਪਰ ਫਿਰ ਵੀ ਹੱਥ ਕੁਝ ਨਾ ਆਵੇ। ਇਹੀ ਅਦਾਲਤ ਹੈ। ਇਹੀ ਕਾਲਾ ਕੋਟ ਹੈ। ਇਹ ਮਾਨਯੋਗ ਅਦਾਲਤ ਹੈ। ਜੁਆਨ, ਬੁੱਢਾ ਬਣ ਜਾਵੇ, ਪਰ ਕਾਲੀ ਤੋਂ ਬਣੀ ਚਿੱਟੀ ਦਾੜੀ ਕੀਹਨੂੰ ਦਿਖਾਵੇ? ਇਹੀ ਇਨਸਾਫ਼ ਹੈ, ਹਿੰਦੋਸਤਾਨੀ ਇਨਸਾਫ਼।
ਕਲਮ ਵੇਖ ਰਹੀ ਹੈ। ਨਿਰਭੈ ਵੇਖ ਰਹੀ ਹੈ। ਉਹਦੀ ਮਾਂ ਵਿਰਲਾਪ ਕਰ ਰਹੀ ਹੈ। ਕਾਲਾ ਕੋਟ ਵੇਖ ਰਿਹਾ ਹੈ। ਅਦਾਲਤ ਵੇਖ ਰਹੀ ਹੈ। ਤੇ ਆਪਣਾ 'ਪਾਤਰ' ਇਹੋ ਜਿਹੀ ਹਾਲਤ ਇੰਜ ਬਿਆਨ ਕਰ ਰਿਹਾ ਹੈ, ''ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾ ਨੂੰ ਉਜੜੇ ਘਰੀਂ ਜਾਣ ਨੂੰ, ਇਹ ਕਦੋਂ ਤੱਕ ਇਥੇ  ਖੜੇ ਰਹਿਣਗੇ''?

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਮਾਰਚ 2019 ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ 1,71,631 ਸੁਤੰਤਰਤਾ ਸੈਨਾਨੀਆਂ ਅਤੇ ਉਹਨਾ ਦੇ ਆਸ਼ਰਿਤਾਂ ਨੂੰ ਸਨਮਾਨ ਪੈਨਸ਼ਨ ਦਿੱਤੀ ਜਾ ਰਹੀ ਹੈ। ਇੱਕ ਰਿਪੋਰਟ ਅਨੁਸਾਰ ਇਹਨਾ ਵਿਚੋਂ 30 ਫ਼ੀਸਦੀ ਲੋਕ ਜਾਅਲੀ ਤੌਰ 'ਤੇ ਇਹ ਸਨਮਾਨ ਪੈਨਸ਼ਨ ਲੈ ਰਹੇ ਹਨ।


ਇੱਕ ਵਿਚਾਰ
ਪਰਉਪਕਾਰ ਦਾ ਸਬੰਧ ਪੈਸੇ ਨਾਲ ਨਹੀਂ ਹੈ, ਇਸਦਾ ਸਬੰਧ ਦੂਸਰਿਆਂ ਦੇ ਦਰਦ ਨੂੰ ਮਹਿਸੂਸ ਕਰਨ ਅਤੇ ਉਹਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਨਾਲ ਹੈ।............ਟਿਮੋਈ ਪਿਨਾ

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)