ਕੀ ਕਦੇ ਇਨਸਾਫ਼ ਮਿਲ ਸਕੇਗਾ ਕਰੁਣਾਜੀਤ ਕੌਰ ਵਰਗੀਆਂ ਅਣਖੀ ਲੜਕੀਆਂ ਨੂੰ - ਮਨਜਿੰਦਰ ਸਿੰਘ ਸਰੌਦ
ਪਹਾੜੀ ਸੂਬੇ ਉੱਤਰਾਖੰਡ ਦੇ ਪਿੰਡ ਮਲਾਰੀ ਵਿਖੇ ਇੰਡੋ-ਤਿੱਬਤ ਬਾਰਡਰ ਪੁਲੀਸ ਵਿੱਚ ਡਿਪਟੀ ਕਮਾਂਡੈਂਟ ਦੇ ਅਹੁਦੇ 'ਤੇ ਤਾਇਨਾਤ ਕਰੁਣਾਜੀਤ ਕੌਰ ਨਾਲ ਲਗਭਗ 7 ਮਹੀਨੇ ਪਹਿਲਾਂ 9 ਅਤੇ 10 ਜੂਨ ਦੀ ਰਾਤ ਨੂੰ ਵਾਪਰੀ ਮੰਦਭਾਗੀ ਘਟਨਾ ਸਬੰਧੀ ਇਨਸਾਫ਼ ਦੀ ਲੜਾਈ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਹੋਣ ਤੋਂ ਬਾਅਦ ਵੀ ਗੱਲ ਕਿਸੇ ਤਣ- ਪੱਤਣ ਨਾ ਲੱਗੀ । ਉਸ ਨਾਲ ਵਾਪਰੀ ਬੇਹੱਦ ਘਿਨਾਉਣੀ ਘਟਨਾ ਤੋਂ ਬਾਅਦ, ਉਸ ਨੇ ਫੈਸਲਾ ਕੀਤਾ ਕਿ ਸੁਰੱਖਿਆ ਫੋਰਸਾਂ ਵਿੱਚ ਸੰਤਾਪ ਭੋਗ ਰਹੀਆਂ ਹੋਰਨਾਂ ਲੜਕੀਆਂ ਦੀ ਆਵਾਜ਼ ਬਣਕੇ ਉਸ ਨੂੰ ਸੰਘਰਸ਼ ਕਰਨਾ ਚਾਹੀਦਾ ਹੈ, ਇਸ ਲਈ ਉਸ ਨੇ ਡਿਪਟੀ ਕਮਾਂਡੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਆਪਣੇ ਉੱਚ ਅਧਿਕਾਰੀਆਂ ਕੋਲ ਅਤੇ ਬਾਅਦ ਵਿੱਚ ਅਦਾਲਤ ਰਾਹੀ ਇਨਸਾਫ ਦੀ ਜੰਗ ਸ਼ੁਰੂ ਕੀਤੀ ਹੈ ।
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸੰਵੇਦਨਸ਼ੀਲ ਅਤੇ ਅੌਰਤਾਂ ਦੀ ਰੱਖਿਆ ਨਾਲ ਜੁੜਿਆ ਮਾਮਲਾ ਹੋਣ ਦੇ ਬਾਵਜੂਦ ਵੀ ਉਸ ਦੇ ਨਾਲ ਵਧੀਕੀ ਕਰਨ ਵਾਲੇ ਉਸ ਦੇ ਜੂਨੀਅਰ ਪੁਲਿਸ ਜਵਾਨ ਨੂੰ ਅੱਜ ਤੱਕ ਸਬੰਧਤ ਵਿਭਾਗ ਨੇ ਕੋਈ ਸਜ਼ਾ ਨਹੀਂ ਦਿੱਤੀ । ਲੰਘੀ 9 ਅਤੇ 10 ਜੂਨ ਦੀ ਵਿਚਕਾਰਲੀ ਰਾਤ ਨੂੰ ਚੀਨ ਦੇ ਬਾਰਡਰ ਨਾਲ ਖਹਿੰਦੀਆਂ ਪਹਾੜੀਆਂ 'ਤੇ ਡਿਊਟੀ ਦੌਰਾਨ ਇੰਡੋ-ਤਿੱਬਤ ਪੁਲਿਸ ਦੀ ਡਿਪਟੀ ਕਮਾਂਡੈਂਟ ਬੀਬੀ ਕਰੁਣਾਜੀਤ ਕੌਰ ਨਾਲ ਉਥੇ ਹੀ ਡਿਊਟੀ 'ਤੇ ਤਾਇਨਾਤ ਪੁਲਿਸ ਦੇ ਇਕ ਜਵਾਨ ਵੱਲੋਂ ਬੇਹੱਦ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਬੀਬੀ ਕਰੁਣਾਜੀਤ ਕੌਰ ਨੇ ਬੜੀ ਦਲੇਰੀ ਨਾਲ ਨਕਾਰ ਦਿੱਤਾ ਸੀ, ਫਿਰ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸੰਘਰਸ਼ ਸ਼ੁਰੂ ਕੀਤਾ , ਅੰਤ ਇਹ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਬੀਬੀ ਕਰੁਣਾਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਵੱਡੇ ਪੱਧਰ 'ਤੇ ਚਰਚਾ ਹੋਈ ।
ਸਮਾਜਿਕ 'ਤੇ ਮਨੁੱਖੀ ਅਧਿਕਾਰ ਜਥੇਬੰਦੀਆਂ 'ਚ ਇਹ ਮਾਮਲਾ ਲੰਬੇ ਸਮੇਂ ਤੋਂ ਲੋਕ ਵਿਸ਼ਾ ਬਣਿਆ ਹੋਇਆ ਹੈ, ਪਰ ਅਜੇ ਤੱਕ ਹੋਇਆ ਕੁਝ ਨਹੀਂ ਸ਼ਾਇਦ ਬਾਕੀ ਕੇਸਾਂ ਵਾਂਗ ਇਸ ਕੇਸ 'ਤੇ ਵੀ ਮਿੱਟੀ ਦੀ ਧੂੜ ਜੰਮ ਜਾਵੇਗੀ । ਇਸ ਤੋਂ ਇਲਾਵਾਂ ਦੇਸ਼ ਅੰਦਰ ਕਿੰਨੀਆਂ ਹੀ ਮਾਸੂਮ ਲੜਕੀਆਂ ਨਾਲ ਜਬਰ ਜ਼ਨਾਹ ਕੀਤੇ ਗਏ ਅਤੇ ਕਿੰਨੇ ਹੀ ਭੋਲੇ ਭਾਲੇ ਚਿਹਰਿਆਂ ਨੂੰ ਤੇਜ਼ਾਬ ਪਾ ਕੇ ਫੂਕ ਦਿੱਤਾ ਗਿਆ , ਬਹੁਤ ਸਾਰੀਆਂ ਮਾਸੂਮ ਜਿੰਦਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਅੱਗ ਦੇ ਹਵਾਲੇ ਕਰਕੇ ਸ਼ੈਤਾਨ ਲੋਕਾਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ,ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਫਾਈਲਾਂ 'ਤੇ ਵੀ ਅੱਜ ਤੱਕ ਮੁੜ ਕੇ ਗੌਰ ਨਹੀਂ ਕੀਤਾ ਗਿਆ ।
ਦਿੱਲੀ , ਨੋਇਡਾ ਕਠੂਆ ਅਤੇ ਹੈਦਰਾਬਾਦ ਦੀਆਂ ਘਟਨਾਵਾਂ 'ਤੇ ਜੇਕਰ ਝਾਤ ਮਾਰੀਏ ਕਲੇਜਾ ਮੂੰਹ ਨੂੰ ਆਉਂਦਾ ਹੈ ਅਤੇ ਰੂਹ ਕੰਬ ਜਾਂਦੀ ਹੈ ਇਨ੍ਹਾਂ ਘਟਨਾਵਾਂ ਨੂੰ ਯਾਦ ਕਰਕੇ । ਸਰਕਾਰਾਂ ਨੇ ਕਦੇ ਇਹ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਅਤੇ ਇਸ ਤੋਂ ਬਿਨਾਂ ਕਿਸੇ ਨਾ ਕਿਸੇ ਢੰਗ ਨਾਲ ਦਰਿੰਦਿਆਂ ਦਾ ਸ਼ਿਕਾਰ ਹੋਈਆਂ ਮਾਸੂਮ ਅਤੇ ਨੌਜਵਾਨ ਲੜਕੀਆਂ ਨੂੰ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨਸਾਫ ਲੈਣ ਲਈ ਤਿਹਰੀ ਜੰਗ ਲੜਨੀ ਪੈ ਰਹੀ ਹੈ , ਪਹਿਲੀ ਜੰਗ ਤਾਂ ਇਨ੍ਹਾਂ ਅਭਾਗੀਆਂ ਨੇ ਆਪਣੇ ਨਾਲ ਹੋਈ ਅਣਹੋਣੀ ਘਟਨਾ ਸਮੇਂ ਲੜੀ ਜਿਸ ਨਾਲ ਇਨ੍ਹਾਂ ਦੇ ਅਰਮਾਨ ਤਾਰ ਤਾਰ ਹੋਏ । ਦੂਸਰੀ ਜੰਗ ਦਾ ਸਾਹਮਣਾ ਇਨ੍ਹਾਂ ਨੂੰ ਸਰਕਾਰਾਂ ਅਤੇ ਅਦਾਲਤਾਂ ਕੋਲੋਂ ਇਨਸਾਫ ਮੰਗਣ ਦੋਰਾਨ ਹੋ ਰਹੀ ਬੇ ਹਿਸਾਬ ਦੇਰੀ ਸਮੇਂ ਕਰਨਾ ਪੈ ਰਿਹਾ ਹੈ, ਕੋਰਟ ਕਚਹਿਰੀਆਂ ਦੇ ਚੱਕਰ ਮਾਰਦਿਆਂ ਹੌਸਲਾ ਟੁੱਟ ਚੁੱਕਿਆ ਹੈ ਇਨ੍ਹਾਂ ਲੜਕੀਆਂ ਦਾ ।
ਤੀਸਰੀ ਜੰਗ ਇਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਆਪਣੇ ਆਪ ਦੇ ਲਈ ਰੋਜ਼ੀ-ਰੋਟੀ ਦਾ ਸਾਧਨ ਪੈਦਾ ਕਰਨ ਨੂੰ ਲੈ ਕੇ ਕਰਨੀ ਪੈ ਰਹੀ ਹੈ । ਕਦੇ ਨੇੜਿਓ ਵੇਖੋ ਇਨ੍ਹਾਂ ਅਬਲਾਵਾਂ ਦੇ ਸੀਨਿਓਂ ਨਿਕਲੇ ਦਰਦ ਨੂੰ ਕਿ ਇਨ੍ਹਾਂ ਦੇ ਵੀ ਅਰਮਾਨ ਸਨ ਜੋ ਹੁਣ ਟੁੱਟ ਚੁੱਕੇ ਨੇ, ਇਨ੍ਹਾਂ ਦੇ ਦਿਲ ਦੀ ਇੱਛਾ ਸੀ ਜੋ ਹੁਣ ਮਰ ਚੁੱਕੀ ਹੈ । ਕਦੇ ਬਲਾਤਕਾਰ , ਕਦੇ ਤੇਜ਼ਾਬ , ਕਦੇ ਸਰੀਰਕ ਸੋਸ਼ਣ ਆਖਰ ਕਦੋਂ ਤੱਕ ਇਹ ਸਭ ਕੁਝ ਹੁੰਦਾ ਰਹੇਗਾ ਅਤੇ ਸਾਡੀ ਜੱਗ ਜਨਨੀ ਇਨਸਾਫ ਲਈ ਜੰਗ ਕਰਦੀ ਰਹੇਗੀ । ਲੋੜ ਹੈ ਇਸ ਮਾੜੇ ਵਰਤਾਰੇ ਨੂੰ ਰੋਕਣ ਦੀ ਅਤੇ ਇਸ ਅਲਾਮਤ ਦੀ ਜੜ੍ਹ ਤੱਕ ਜਾਣ ਦੀ ਕਿ ਇਹ ਸਭ ਕੁਝ ਕਿਉਂ ਹੋ ਰਿਹੈ ਮੇਰੇ ਦੇਸ਼ ਅੰਦਰ, ਇਨਸਾਫ਼ ਦੀ ਤਰਾਜੂ ਤੇਜ਼ੀ ਨਾਲ ਚੱਲੇ ਅਤੇ ਸਰਕਾਰਾਂ ਵੱਡੇ ਫੈਸਲੇ ਲੈਣ ਤਾਂ ਕਿ ਇਹ ਪਸ਼ੂ ਪ੍ਰਵਿਰਤੀ ਵਰਤਾਰਾ ਰੁਕ ਸਕੇ ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
9463463136