ਗੈਂਗ ਸਭਿਆਚਾਰ ਤੇ ਪੰਜਾਬ - ਸਵਰਾਜਬੀਰ
ਪਿਛਲੇ ਦਿਨੀਂ ਪੰਜਾਬ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਵੱਲੋਂ ਇਕ-ਦੂਸਰੀ 'ਤੇ ਗੈਂਗਸਟਰਾਂ ਨਾਲ ਸਾਂਝ ਅਤੇ ਪੁਸ਼ਤ-ਪਨਾਹੀ ਦੇ ਦੋਸ਼ ਲਾਏ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਤੇ ਗੈਂਗਸਟਰਾਂ ਦਰਮਿਆਨ ਗੰਢ-ਤੁੱਪ ਬਾਰੇ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਅਨੁਸਾਰ ਦੋਸ਼ ਸਹੀ ਸਾਬਤ ਹੋਏ ਤਾਂ ਸਬੰਧਿਤ ਸਿਆਸੀ ਆਗੂਆਂ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾਏਗੀ। ਅਕਾਲੀ ਦਲ ਨੇ ਪਲਟਵਾਰ ਕਰਦਿਆਂ ਕਾਂਗਰਸ ਅਤੇ ਉਸ ਦੇ ਆਗੂਆਂ ਉੱਤੇ ਅਜਿਹੇ ਦੋਸ਼ ਲਾਏ ਤੇ ਇਸ ਸਬੰਧੀ ਤਸਵੀਰਾਂ ਵੀ ਜਾਰੀ ਕੀਤੀਆਂ।
ਗੈਂਗ ਸ਼ਬਦ ਪੰਜਾਬ ਨਾਲ ਲੱਗਾ ਸ਼ੋਭਦਾ ਨਹੀਂ। ਪਰ ਕੌੜੀ ਹਕੀਕਤ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਗੈਂਗ ਬਣੇ ਅਤੇ ਇਸ ਵਰਤਾਰੇ ਨੇ ਪੰਜਾਬੀ ਸਮਾਜ 'ਤੇ ਕੋਝਾ ਅਸਰ ਪਾਇਆ, ਨੌਜਵਾਨਾਂ ਨੂੰ ਵਰਗਲਾਇਆ, ਉਨ੍ਹਾਂ ਦੀ ਆਤਮਾ ਨੂੰ ਵਲੂੰਧਰਿਆ ਤੇ ਗ਼ਲਤ ਰਾਹ 'ਤੇ ਪਾਇਆ। ਇਹ ਗੈਂਗ ਪੰਜਾਬੀ ਦੀ ਜ਼ਖ਼ਮੀ ਤੇ ਪੱਛੀ ਹੋਈ ਜਵਾਨੀ 'ਚੋਂ ਨਿਕਲੇ ਹਨ।
ਸਮਾਜ ਸ਼ਾਸਤਰੀ ਇਸ ਵਿਸ਼ੇ ਕਿ ਡਾਕੂ ਅਤੇ ਗੈਂਗ ਬਣਨ/ਬਣਾਉਣ ਦੇ ਵਰਤਾਰੇ ਸਮਾਜ ਵਿਚ ਹੁੰਦੀ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਬੇਇਨਸਾਫ਼ੀ ਨਾਲ ਜੁੜੇ ਹੋਏ ਹਨ, 'ਤੇ ਹਮੇਸ਼ਾ ਤਰਕ-ਵਿਤਰਕ ਕਰਦੇ ਰਹੇ ਹਨ। ਮੱਧਕਾਲੀਨ ਸਮਿਆਂ ਵਿਚ ਡਾਕੂ ਬਣਨ ਵਾਲੇ ਲੋਕ ਸਮਾਜਿਕ ਤੇ ਆਰਥਿਕ ਤੌਰ 'ਤੇ ਪੀੜਤ ਸਨ ਅਤੇ ਹਾਲਾਤ ਤੋਂ ਬਾਗ਼ੀ ਹੋ ਕੇ ਡਾਕੂ ਬਣੇ। ਉਨ੍ਹਾਂ ਵਿਚੋਂ ਕਈ ਆਪਣੇ ਆਪ ਨੂੰ ਬਾਗ਼ੀ ਕਹਾਉਣਾ ਪਸੰਦ ਕਰਦੇ ਸਨ। ਪੰਜਾਬ ਵਿਚ ਦੁੱਲਾ ਭੱਟੀ, ਜਿਊਣਾ ਮੌੜ, ਨਿਜ਼ਾਮ ਲੁਹਾਰ ਅਤੇ ਹੋਰਨਾਂ ਨੂੰ ਬਾਗ਼ੀਆਂ ਦੇ ਨਾਂ ਨਾਲ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਦੁੱਲਾ ਭੱਟੀ ਮੁਗ਼ਲ ਰਾਜ ਵਿਰੁੱਧ ਵਿਦਰੋਹ ਕਾਰਨ ਪੰਜਾਬ ਦੀ ਨਾਬਰੀ ਦਾ ਪ੍ਰਤੀਕ ਬਣ ਗਿਆ ਜਦੋਂਕਿ ਜੱਗੇ ਦੀ ਹਰਮਨਪਿਆਰਤਾ ਇਸ ਕਰਕੇ ਵਧੀ ਕਿ ਉਸ ਨੇ ਆਪਣੇ ਡਾਕਿਆਂ ਦੌਰਾਨ ਸ਼ਾਹੂਕਾਰਾਂ ਦੇ ਵਹੀ-ਖ਼ਾਤੇ ਸਾੜੇ।
ਗੈਂਗ ਬਣਨ/ਬਣਾਉਣ ਦਾ ਵਰਤਾਰਾ ਆਧੁਨਿਕ ਸਮਿਆਂ ਵਿਚ ਆਇਆ ਜਦ ਸ਼ਹਿਰੀ ਸੱਭਿਆਚਾਰ ਦੀ ਚੜ੍ਹਤ ਹੋਈ। ਗੈਂਗ 17ਵੀਂ ਸਦੀ ਵਿਚ ਇੰਗਲੈਂਡ ਅਤੇ ਹੋਰ ਦੇਸ਼ਾਂ ਜਿਨ੍ਹਾਂ ਵਿਚ ਸਨਅਤਾਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੀਆਂ ਸਨ, ਵਿਚ ਹੋਂਦ ਵਿਚ ਆਏ। 19ਵੀਂ ਸਦੀ ਵਿਚ ਗੈਂਗ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ ਵੱਖ ਵੱਖ ਮਾਫ਼ੀਆ ਦੇ ਰੂਪ ਵਿਚ ਉੱਭਰੇ। ਅੱਜ ਦੁਨੀਆਂ ਦੇ ਬਹੁਤ ਘੱਟ ਦੇਸ਼ ਇਸ ਵਰਤਾਰੇ ਤੋਂ ਮੁਕਤ ਹਨ। ਸਟੂਅਰਟ ਹਾਲ ਅਤੇ ਕਈ ਹੋਰ ਚਿੰਤਕ ਗੈਂਗ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਜ ਵਿਚ ਪਸਰੀ ਹੋਈ ਆਰਥਿਕ ਅਸਮਾਨਤਾ ਅਤੇ ਸਮਾਜਿਕ ਦਾਬੇ ਵਾਲੀ ਸੋਚ ਦੇ ਵਿਰੁੱਧ ਵਿਦਰੋਹ ਵਜੋਂ ਦੇਖਦੇ ਹਨ। ਕੁਝ ਹੋਰ ਚਿੰਤਕਾਂ ਅਨੁਸਾਰ ਇਹ ਧਾਰਨਾ ਸਹੀ ਨਹੀਂ ਕਿਉਂਕਿ ਉਨ੍ਹਾਂ ਅਨੁਸਾਰ ਗੈਂਗ ਸਰਮਾਏਦਾਰੀ ਸੱਭਿਆਚਾਰ ਦੀ ਪੈਦਾਵਾਰ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੈਂਗ ਬਣਾਉਣ ਵਾਲੇ ਨੌਜਵਾਨਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਊਰਜਾ, ਉਤਸ਼ਾਹ ਅਤੇ ਲੋਕਾਂ ਨੂੰ ਜਥੇਬੰਦ ਕਰਨ ਦੀ ਤਾਕਤ ਹੁੰਦੀ ਹੈ ਭਾਵੇਂ ਕਿ ਉਸ ਦਾ ਰੁਖ਼ ਬਹੁਤੀ ਵਾਰੀ ਸਮਾਜ-ਵਿਰੋਧੀ ਅਤੇ ਆਪਾ-ਮਾਰੂ ਹੁੰਦਾ ਹੈ।
ਗੈਂਗ ਸਮਾਜ ਦੀ ਪੈਦਾਵਾਰ ਹਨ। ਸਮਾਜ ਵਿਚ ਵਧਦੀ ਹੋਈ ਆਰਥਿਕ ਅਸਮਾਨਤਾ ਅਤੇ ਸਮਾਜਿਕ ਵਿਤਕਰਿਆਂ ਕਾਰਨ ਹੁੰਦੀ ਟੁੱਟ-ਭੱਜ ਗੈਂਗ ਬਣਨ ਦੀ ਪ੍ਰਕਿਰਿਆ ਵਿਚ ਪ੍ਰਗਟ ਹੁੰਦੀ ਹੈ। ਕਈ ਵਾਰ ਮੀਡੀਆ ਅਤੇ ਸਿਨਮਾ ਵਿਚ ਚੱਲ ਰਹੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੇ ਰੁਝਾਨਾਂ ਅਤੇ ਹਥਿਆਰਾਂ ਦਾ ਗੁਣ-ਗਾਣ ਵੀ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਗੈਂਗਾਂ ਦਾ ਕਈ ਤਰੀਕੇ ਨਾਲ ਵਰਗੀਕਰਨ ਕੀਤਾ ਜਾ ਸਕਦਾ ਹੈ। ਕੁਝ ਗੈਂਗ ਸਮਾਜ ਦੇ ਦਬੇ-ਕੁਚਲੇ ਵਰਗ ਦੇ ਨੌਜਵਾਨਾਂ ਦੁਆਰਾ ਬਣਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਮਾਜਿਕ ਕੜਵੱਲਾਂ ਤੇ ਵਿਦਰੋਹ ਦੇ ਅਸਿੱਧੇ ਪ੍ਰਤੀਕ ਕਿਹਾ ਜਾ ਸਕਦਾ ਹੈ। ਕੁਝ ਗੈਂਗ ਅਮੀਰ ਘਰਾਂ ਅਤੇ ਗ਼ਾਲਬ ਜਾਤਾਂ ਤੇ ਜਮਾਤਾਂ ਦੇ ਨੌਜਵਾਨ ਬਣਾਉਂਦੇ ਹਨ ਜਿਸ ਵਿਚ ਆਪਣਾ ਜਾਤੀ ਤੇ ਸਮਾਜਿਕ ਗ਼ਲਬਾ ਬਣਾਉਣ ਦੀ ਖ਼ਾਹਿਸ਼ ਹਾਵੀ ਹੁੰਦੀ ਹੈ। ਵੱਖ ਵੱਖ ਰਾਜਸੀ ਆਗੂ ਸਿਆਸੀ ਲਾਹਾ ਲੈਣ ਲਈ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਪੁਸ਼ਤ-ਪਨਾਹੀ ਕਰਦੇ ਹਨ। ਪੰਜਾਬ ਵਿਚ ਕਈ ਖਿਡਾਰੀ ਗ਼ਲਤ ਰਾਹ 'ਤੇ ਪੈ ਕੇ ਗੈਂਗਸਟਰ ਬਣੇ ਅਤੇ ਕਈ ਸਿਆਸੀ ਆਗੂਆਂ ਅਤੇ ਪੁਲੀਸ ਅਫ਼ਸਰਾਂ ਨੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਕਈ ਵਾਰ ਗੈਂਗਾਂ ਦਾ ਆਰੰਭ ਸ਼ਹਿਰਾਂ ਦੇ ਗਲੀ-ਮੁਹੱਲਿਆਂ ਤੇ ਪਿੰਡਾਂ ਵਿਚ ਸਮਾਜਿਕ ਦਬਾਓ ਨੂੰ ਜਾਰੀ ਰੱਖਣ ਵਾਲੀਆਂ ਲੜਾਈਆਂ ਵਿਚੋਂ ਹੋਇਆ। ਇਸ ਵਰਤਾਰੇ ਵਿਚ ਫਸੇ ਕਈ ਨੌਜਵਾਨ ਆਪਸੀ ਦੁਸ਼ਮਣੀ ਅਤੇ ਕਈ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ।
ਕਈ ਗੈਂਗਾਂ ਵਿਚ ਹਥਿਆਰ ਵਿਖਾ ਕੇ ਆਪਣੇ ਆਪ ਨੂੰ ਉੱਚਾ ਤੇ ਤਾਕਤਵਰ ਵਿਖਾਉਣ ਦਾ ਰੁਝਾਨ ਰਿਹਾ ਅਤੇ ਕਈਆਂ ਵਿਚ ਆਪਣੇ ਆਪ ਨੂੰ ਗ਼ਰੀਬਾਂ ਦਾ ਮਸੀਹਾ ਦੱਸਣ ਦਾ। ਕਈ ਗੈਂਗ ਸਮਾਜਿਕ ਕਦਰਾਂ-ਕੀਮਤਾਂ ਦੀ ਖਿੱਲੀ ਉਡਾਉਂਦੇ ਅਤੇ ਕਈ ਆਪਣੇ ਆਪ ਨੂੰ ਧੀਆਂ-ਭੈਣਾਂ ਦੀ ਇੱਜ਼ਤ ਦੇ ਰਖਵਾਲੇ ਦੱਸਦੇ ਹਨ। ਪੰਜਾਬ ਦੇ ਗੈਂਗਾਂ ਵਿਚ ਆਪਣੇ ਆਪ ਨੂੰ ਜ਼ਿਆਦਾ ਮਰਦ ਅਤੇ ਜ਼ਿਆਦਾ 'ਜੱਟ' ਦੱਸਣ ਦੀ ਭਾਵਨਾ ਵੀ ਭਾਰੂ ਹੈ। ਇਸ ਤਰ੍ਹਾਂ ਇਹ ਗੈਂਗ ਆਪਣੇ ਵਿਚਾਰਾਂ ਤੇ ਵਿਵਹਾਰ ਦਾ ਸੰਸਾਰ ਸਮਾਜ ਵਿਚ ਪਸਰੀ ਮਰਦ-ਪ੍ਰਧਾਨ ਸੋਚ ਅਤੇ ਅਖੌਤੀ ਮਰਦਾਨਗੀ ਦੀਆਂ ਭਾਵਨਾਵਾਂ 'ਤੇ ਹੀ ਉਸਾਰਦੇ ਹਨ।
ਇਸ ਸਭ ਕੁਝ ਦੇ ਬਾਵਜੂਦ ਗੈਂਗ ਮੈਂਬਰ ਆਪਣੇ ਆਪ ਨੂੰ ਸਮਾਜ ਨਾਲੋਂ ਵੱਖਰੇ ਦੱਸਣਾ ਚਾਹੁੰਦੇ ਹਨ। ਉਹ ਸਮਾਜ ਤੋਂ ਦੂਰ ਰਹਿੰਦੇ ਹਨ, ਸਮਾਜ ਤੋਂ ਆਪ ਸਹੇੜਿਆ ਬਣਵਾਸ ਭੋਗਦੇ ਹੋਏ।
ਗੈਂਗਾਂ ਵਿਚ ਪਣਪਦਾ ਸੱਭਿਆਚਾਰ ਸਰਮਾਏਦਾਰੀ ਨਿਜ਼ਾਮ ਦੇ ਗ਼ਾਲਬ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦਾ ਹੈ, ਇਹ ਨੌਜਵਾਨ ਵੱਡੀਆਂ ਕਾਰਾਂ, ਹਥਿਆਰ ਤੇ ਤਾਕਤ ਚਾਹੁੰਦੇ ਹਨ, ਇੱਕੜ-ਦੁੱਕੜ ਕੇਸਾਂ ਵਿਚ ਦਬੇ-ਕੁਚਲੇ ਲੋਕਾਂ ਦਾ ਸਾਥ ਦੇ ਕੇ ਤੁਰੰਤ ਸਮਾਜਿਕ ਨਿਆਂ ਦਿਵਾਉਣ ਤੋਂ ਬਿਨਾਂ ਉਹ ਬਹੁਤਾ ਕਰਕੇ ਤਾਕਤਵਰਾਂ ਤੇ ਜ਼ੋਰਾਵਰਾਂ ਦੇ ਹੱਕ ਵਿਚ ਭੁਗਤਦੇ ਹਨ। ਸਿਆਸੀ ਜਮਾਤ, ਗੈਂਗ ਸ਼ਕਤੀ ਤੇ ਪੁਲੀਸ ਦਾ ਗੱਠਜੋੜ ਕਈ ਵਾਰ ਉਹ ਜ਼ਹਿਰੀਲੀ ਕਾਕਟੇਲ ਬਣਦਾ ਹੈ ਜਿਸ ਕਾਰਨ ਕਤਲਾਂ, ਜ਼ਮੀਨਾਂ ਤੇ ਇਮਾਰਤਾਂ 'ਤੇ ਕਬਜ਼ੇ ਅਤੇ ਕੁੱਟ-ਮਾਰ ਦਾ ਲੰਮਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਬਹੁਤ ਘੱਟ ਨੌਜਵਾਨ ਇਸ ਵਰਤਾਰੇ ਵਿਚੋਂ ਵਾਪਸ ਆਏ ਅਤੇ ਸਾਧਾਰਨ ਸਮਾਜਿਕ ਜ਼ਿੰਦਗੀ ਦਾ ਹਿੱਸਾ ਬਣੇ।
ਜਿੱਥੇ ਪੁਲੀਸ ਇਨ੍ਹਾਂ ਗੈਂਗਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨਾਲ ਸਿੱਝਦੀ ਹੈ, ਉੱਥੇ ਇਸ ਵਰਤਾਰੇ ਨੂੰ ਠੱਲ੍ਹਣ ਦੀ ਜ਼ਿੰਮੇਵਾਰੀ ਸਮਾਜ ਤੇ ਸਿਆਸੀ ਆਗੂਆਂ 'ਤੇ ਆਉਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਨਤਕ ਲਹਿਰਾਂ ਦੇ ਨਿਵਾਣ ਵੱਲ ਜਾਣ ਕਾਰਨ ਨੌਜਵਾਨ ਇਸ ਵਰਤਾਰੇ ਵੱਲ ਖਿੱਚੇ ਜਾਂਦੇ ਹਨ। ਪੰਜਾਬ ਦੀਆਂ ਜਨਤਕ ਲਹਿਰਾਂ ਨੂੰ 1980ਵਿਆਂ ਵਿਚ ਵੱਡੀ ਮਾਰ ਪਈ। ਨੌਜਵਾਨਾਂ ਨੇ ਉਨ੍ਹਾਂ ਸਮਿਆਂ ਵਿਚ ਵੱਡਾ ਤਸ਼ੱਦਦ ਝੱਲਿਆ ਅਤੇ 1990 ਵਿਚਲੀਆਂ ਵਿਦਿਆਰਥੀ ਅਤੇ ਨੌਜਵਾਨ ਲਹਿਰਾਂ ਆਪਣਾ ਪਹਿਲਾਂ ਵਾਲਾ ਊਰਜਾਵਾਨ ਸਰੂਪ ਨਾ ਹਾਸਲ ਕਰ ਸਕੀਆਂ। ਇਹ ਵਰਤਾਰਾ ਇੱਕੀਵੀਂ ਸਦੀ ਵਿਚ ਵੀ ਜਾਰੀ ਰਿਹਾ ਅਤੇ ਸਿੱਟੇ ਵਜੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਨੌਜਵਾਨ ਸਿਆਸੀ ਪੱਖੋਂ ਉਹ ਸਿਆਸੀ ਗਿਆਨ ਹਾਸਲ ਨਾ ਕਰ ਸਕੇ ਜੋ ਕਦੇ ਪੰਜਾਬ ਦਾ ਬੌਧਿਕ ਸਰਮਾਇਆ ਹੁੰਦਾ ਸੀ। ਖੱਬੀਆਂ ਪਾਰਟੀਆਂ ਵਿਚਾਰਧਾਰਕ ਪੱਖ ਤੋਂ ਕਮਜ਼ੋਰ ਹੁੰਦੀਆਂ ਗਈਆਂ, ਉਨ੍ਹਾਂ ਦੇ ਆਗੂਆਂ ਕੋਲ ਨਾ ਤਾਂ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਬੌਧਿਕ ਸਮਰੱਥਾ ਹੈ ਅਤੇ ਨਾ ਪੁਰਾਣੇ ਆਗੂਆਂ ਵਾਲੀ ਕੁਰਬਾਨੀਆਂ ਵਾਲੀ ਵਿਰਾਸਤ, ਉਹ ਪੁਰਾਣੇ ਖੱਬੇ-ਪੱਖੀ ਨਾਅਰਿਆਂ ਨੂੰ ਉਸ ਭਾਸ਼ਾ ਵਿਚ ਦੁਹਰਾ ਰਹੇ ਹਨ ਜਿਹੜੀ ਪੇਤਲੀ ਤੇ ਆਪਣੀ ਰਹਿਤਲ ਤੋਂ ਟੁੱਟੀ ਹੋਈ ਹੈ। ਸਿੱਟੇ ਵਜੋਂ ਵਿਦਿਆਰਥੀ ਤੇ ਨੌਜਵਾਨ ਜਨਤਕ ਲਹਿਰਾਂ ਤੋਂ ਦੂਰ ਹੁੰਦੇ ਗਏ। ਸਮਾਜਿਕ ਸੰਘਰਸ਼ਾਂ ਵਿਚ ਉਨ੍ਹਾਂ ਦਾ ਯੋਗਦਾਨ ਘਟਿਆ। ਉਹ ਨਸ਼ਿਆਂ ਵੱਲ ਖਿੱਚੇ ਗਏ ਅਤੇ ਵੱਖ ਵੱਖ ਗੈਂਗਾਂ ਦੇ ਮੈਂਬਰ ਬਣ ਕੇ ਕੁਝ ਦੇਰ ਤਕ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਵੇਖਣ ਲੱਗੇ। ਬੇਰੁਜ਼ਗਾਰੀ ਨੇ ਉਨ੍ਹਾਂ ਨੂੰ ਪਰਵਾਸ ਵੱਲ ਧੱਕਿਆ। ਜਿਹੜੇ ਵੀ ਮੁੰਡੇ ਗੈਂਗਾਂ ਦੇ ਮੈਂਬਰ ਬਣੇ, ਉਨ੍ਹਾਂ ਨੂੰ ਸਿਆਸੀ ਲੋਕਾਂ ਨੇ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ ਜਾਂ ਵੱਖ ਵੱਖ ਭੋਇੰ ਮਾਫ਼ੀਆ ਨੇ ਜ਼ਮੀਨਾਂ ਤੇ ਇਮਾਰਤਾਂ 'ਤੇ ਕਬਜ਼ਾ ਕਰਨ ਲਈ। ਵਿਚ ਵਿਚ ਕਈ ਗੈਂਗ ਸਮਾਜਿਕ ਮਾਮਲਿਆਂ ਵਿਚ ਦਖ਼ਲ ਦੇ ਕੇ ਤੁਰੰਤ ਸਮਾਜਿਕ ਨਿਆਂ ਕਰਾਉਣ ਦੇ ਰਸਤੇ 'ਤੇ ਤੁਰੇ, ਪਰ ਬਾਅਦ ਵਿਚ ਉਨ੍ਹਾਂ ਨੇ ਵੀ ਜ਼ੁਰਮ ਦੀ ਦੁਨੀਆਂ ਵਿਚ ਨਾਮ ਕਮਾਉਣ ਨੂੰ ਹੀ ਆਪਣੀ ਜ਼ਿੰਦਗੀ ਦਾ ਟੀਚਾ ਬਣਾਇਆ।
ਪਰਵਾਸ ਜਾਣ ਲਈ ਰੁਲ ਰਹੇ ਮੁੰਡੇ, ਬੇਰੁਜ਼ਗਾਰ, ਊਬਰ ਤੇ ਓਲਾ ਟੈਕਸੀਆਂ ਚਲਾਉਂਦੇ ਡਰਾਈਵਰ ਅਤੇ ਹੋਰ ਨੌਜਵਾਨ ਪੰਜਾਬੀ ਗਾਣਿਆਂ ਵਿਚੋਂ ਵਿਖਾਈ ਜਾ ਰਹੀ ਗੈਂਗ ਮੈਂਬਰਾਂ ਦੀ ਮਰਦਾਨਗੀ ਵੇਖ ਕੇ ਅਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਉਨ੍ਹਾਂ ਗੈਂਗਾਂ ਦੇ ਮੈਂਬਰਾਂ ਵਜੋਂ ਤਸੱਵਰ ਕਰਕੇ ਵਕਤੀ ਧਰਵਾਸ ਲੱਭਦੇ ਹਨ। ਇਨ੍ਹਾਂ ਗਾਣਿਆਂ ਵਿਚ ਗੈਂਗਾਂ ਦੀ ਤਸਵੀਰਕਸ਼ੀ ਨੌਜਵਾਨਾਂ ਨੂੰ ਭਰਮਾਉਣ ਵਾਲੀ ਹੈ। ਅਸਲ ਵਿਚ ਗੈਂਗਾਂ ਦੇ ਮੈਂਬਰ ਗਾਣਿਆਂ ਵਿਚਲੇ ਗਲੈਮਰ ਤੋਂ ਦੂਰ ਹੁੰਦੇ ਹਨ, ਉਹ ਕੁਝ ਦੇਰ ਲਈ ਤਾਂ ਭਾਵੇਂ ਤਾਕਤਵਰ ਬਣ ਜਾਣ ਪਰ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਮਾਜ ਤੋਂ ਪਰਾਏ ਹੋ ਜਾਣ ਦੀ ਕਹਾਣੀ ਹੈ।
ਗੈਂਗ ਮੈਂਬਰ ਤੇ ਗੈਂਗਾਂ ਦੇ ਆਗੂ ਆਪਣੇ ਆਪ ਨੂੰ ਕਿੰਨਾ ਵੀ ਬਹਾਦਰ ਜਾਂ ਬਾਗ਼ੀ ਕਿਉਂ ਨਾ ਕਹਾਉਣ, ਉਹ ਸਮਾਜ ਨੂੰ ਕੁਝ ਵੀ ਹਾਂ-ਪੱਖੀ ਨਹੀਂ ਦੇ ਸਕਦੇ। ਉਹ ਨੌਜਵਾਨਾਂ ਨੂੰ ਤਾਕਤਵਰ ਹੋਣ ਦਾ ਵਕਤੀ ਭਰਮ ਤਾਂ ਦੇ ਸਕਦੇ ਹਨ ਪਰ ਹਕੀਕਤ ਵਿਚ ਨੌਜਵਾਨਾਂ ਨੂੰ ਤਾਕਤਵਰ ਤੇ ਊਰਜਾਵਾਨ ਨਹੀਂ ਬਣਾ ਸਕਦੇ। ਉਹ ਇਰਾਦੇ ਦੇ ਪੱਖੋਂ ਤਾਂ ਸ਼ਕਤੀਸ਼ਾਲੀ ਹੋ ਸਕਦੇ ਹਨ, ਪਰ ਉਨ੍ਹਾਂ ਦੇ ਇਰਾਦੇ ਤੇ ਆਪਣੀ ਜ਼ਿੰਦਗੀ ਲਈ ਚੁਣੇ ਹੋਏ ਰਾਹ ਦੋਵੇਂ ਗ਼ਲਤ ਹਨ। ਅਜਿਹੇ ਰਾਹਾਂ 'ਤੇ ਤੁਰ ਕੇ ਨਾ ਸਮਾਜ ਦਾ ਫ਼ਾਇਦਾ ਹੈ, ਨਾ ਹੀ ਉਹ ਉਸ ਤਰ੍ਹਾਂ ਦੇ ਨਾਇਕ ਬਣ ਸਕਦੇ ਹਨ ਜਿਸ ਤਰ੍ਹਾਂ ਦੇ ਉਹ ਬਣਨਾ ਲੋਚਦੇ ਹਨ। ਵਕਤੀ ਤੌਰ 'ਤੇ ਜ਼ੋਰ-ਜਬਰ ਨਾਲ ਹਾਸਲ ਕੀਤੀ ਗਈ ਤਾਕਤ ਨਾ ਤਾਂ ਸਮਾਜ ਨੂੰ ਬਦਲ ਸਕਦੀ ਹੈ ਅਤੇ ਨਾ ਹੀ ਨਿੱਜੀ ਜ਼ਿੰਦਗੀ ਨੂੰ। ਇਸ ਦਾ ਖ਼ਾਸਾ ਤਬਾਹਕੁਨ ਹੁੰਦਾ ਹੈ। ਨੌਜਵਾਨਾਂ ਨੂੰ ਗੈਂਗ ਸੱਭਿਆਚਾਰ ਤੋਂ ਬਚਣ ਤੇ ਆਪਣਾ ਧਿਆਨ ਪੰਜਾਬ ਦੀਆਂ ਹਕੀਕਤਾਂ ਵੱਲ ਮੋੜਨ ਦੀ ਜ਼ਰੂਰਤ ਹੈ।