ਅਖਬਾਰਾਂ ਦੀ ਰਾਏ : ਪੁਲਸੀਆ ਦਹਿਸ਼ਤਗਰਦੀ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸਭ ਤੋਂ ਪਹਿਲੀ ਪ੍ਰਤੀਕ੍ਰਿਆ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਹੋਈ ਸੀ, ਜਿੱਥੇ ਵਿਦਿਆਰਥੀਆਂ ਨੇ ਇਸ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ਵੱਲੋਂ ਵਿਦਿਆਰਥੀਆਂ ਉੱਤੇ ਕੀਤੇ ਗਏ ਯੋਜਨਾਬੱਧ ਹਮਲੇ ਵਿਰੁੱਧ ਸਮੁੱਚੇ ਦੇਸ਼ ਵਿੱਚ ਰੋਹ-ਭਰੇ ਵਿਖਾਵੇ ਹੋਏ। ਇਸ ਉਪਰੰਤ ਯੂ ਪੀ ਪੁਲਸ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵੀ ਇਹੋ ਕਾਂਡ ਦੁਹਰਾਇਆ ਗਿਆ। ਪੁਲਸ ਦੀ ਇਸ ਬਰਬਰਤਾ ਵਿਰੁੱਧ ਹਰ ਪਾਸਿਓਂ ਸੱਚਾਈ ਸਾਹਮਣੇ ਲਿਆਉਣ ਲਈ ਅਦਾਲਤੀ ਜਾਂਚ ਦੀ ਮੰਗ ਹੋਣ ਲੱਗੀ, ਪਰ ਨਿਆਂਪਾਲਿਕਾ ਦੀ ਦੇਵੀ ਨੇ ਅੱਖਾਂ ਦੇ ਨਾਲ-ਨਾਲ ਆਪਣੇ ਕੰਨ ਵੀ ਬੰਦ ਕਰ ਲਏ।
ਇਸ ਦੌਰਾਨ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਕੁਝ ਜਥੇਬੰਦੀਆਂ ਨੇ ਮੌਕੇ ਉੱਤੇ ਜਾ ਕੇ ਪੜਤਾਲ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜਾਮੀਆ ਮਿਲੀਆ ਵਿੱਚ ਦਿੱਲੀ ਪੁਲਸ ਦੀ ਬਰਬਰਤਾ ਬਾਰੇ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਨੇ 'ਦੀ ਬਲੱਡੀ ਸੰਡੇ' ਨਾਂਅ ਦੀ ਆਪਣੇ ਰਿਪੋਰਟ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਦਾ ਵਿਖਾਵਾ ਸ਼ਾਂਤੀਪੂਰਨ ਜਾ ਰਿਹਾ ਸੀ, ਪੁਲਸ ਨੇ ਉਸ ਨੂੰ ਰੋਕਿਆ ਅਤੇ ਨਿਰਦੋਸ਼ ਵਿਦਿਆਰਥੀਆਂ ਉੱਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਪੁਲਸ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕੁੱਟਿਆ, ਜਿਹੜੇ ਮੁਜ਼ਾਹਰੇ ਵਿੱਚ ਸ਼ਾਮਲ ਨਹੀਂ ਸਨ। ਰਿਪੋਰਟ ਅਨੁਸਾਰ ਪੁਲਸ ਉੱਥੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਨਹੀਂ, ਸਗੋਂ ਪੁਰਅਮਨ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਗਈ ਸੀ। ਰਿਪੋਰਟ ਵਿੱਚ ਪੁਲਸ ਵੱਲੋਂ ਲਾਇਬ੍ਰੇਰੀ ਵਿੱਚ ਘੁੱਸ ਕੇ ਤੋੜਫੋੜ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਪੁਲਸ ਬਿਨਾਂ ਇਜਾਜ਼ਤ ਕੈਂਪਸ ਵਿੱਚ ਗਈ, ਜਿਸ ਦੀ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਨਹੀਂ ਸੀ ਅਤੇ ਉਸ ਨੇ ਸਬੂਤ ਮਿਟਾਉਣ ਲਈ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਤੋੜ ਦਿੱਤੇ।
ਇਸੇ ਤਰ੍ਹਾਂ ਇੱਕ ਹੋਰ ਫੈਕਟ ਫਾਈਂਡਿੰਗ ਟੀਮ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵਾਪਰੇ ਪੁਲਸੀਆ ਕਹਿਰ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਵਕੀਲਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰਾਂ ਤੇ ਸਿੱਖਿਆ ਸ਼ਾਸਤਰੀਆਂ 'ਤੇ ਅਧਾਰਤ ਇਸ ਟੀਮ ਨੇ 17 ਦਸੰਬਰ ਨੂੰ ਯੂਨੀਵਰਸਿਟੀ ਦਾ ਦੌਰਾ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਸੀ। ਮਨੁੱਖੀ ਅਧਿਕਾਰ ਕਾਰਕੁਨ ਹਰਸ਼ ਮੰਦਰ ਦੀ ਅਗਵਾਈ ਵਾਲੀ ਇਸ ਟੀਮ ਨੇ ਦੱਸਿਆ ਕਿ ਉਸ ਨੇ ਫੈਕਲਟੀ, ਵਿਦਿਆਰਥੀਆਂ, ਡਾਕਟਰਾਂ, ਰਜਿਸਟਰਾਰ ਅਤੇ ਪਰੌਕਟਰ ਸਮੇਤ ਯੂਨੀਵਰਸਿਟੀ ਪ੍ਰਸ਼ਾਸਨ ਦੇ ਕਈ ਮੈਬਰਾਂ ਨਾਲ ਗੱਲਬਾਤ ਕੀਤੀ ਸੀ। ਇਨ੍ਹਾਂ ਸਾਰਿਆਂ ਦੀਆਂ ਗਵਾਹੀਆਂ ਤੋਂ ਬਾਅਦ ਟੀਮ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪੁਲਸ ਤੇ ਰੈਪਿਡ ਐਕਸ਼ਨ ਫੋਰਸ ਦੀਆਂ ਦਮਨਕਾਰੀ ਕਾਰਵਾਈਆਂ ਨਾਲ ਕਈ ਵਿਦਿਆਰਥੀਆਂ ਦੀਆਂ ਹੱਡੀਆਂ ਟੁੱਟੀਆਂ, ਕਈ ਗੰਭੀਰ ਜ਼ਖ਼ਮੀ ਹੋਏ ਤੇ ਕਈ ਵਿਦਿਆਰਥੀ ਹਾਲੇ ਤੱਕ ਮਾਨਸਿਕ ਸਦਮੇ ਦੀ ਸਥਿਤੀ ਵਿੱਚ ਹਨ। ਫੈਕਟ ਫਾਈਂਡਿੰਗ ਟੀਮ ਦਾ ਕਹਿਣਾ ਹੈ ਕਿ ਪੁਲਸ ਨੂੰ ਕੈਂਪਸ ਵਿੱਚ ਜਾਣ ਦੀ ਮਨਜ਼ੂਰੀ ਅਸਲ ਵਿੱਚ ਉਸ ਵੱਲੋਂ ਕੀਤੀ ਗਈ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ ਦਿੱਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕਾਂ ਦੇ ਇਸ ਤਰਕ ਕਿ ਪੁਲਸ ਨੂੰ ਕੈਂਪਸ ਵਿੱਚ ਆਉਣ ਦੀ ਇਸ ਲਈ ਇਜਾਜ਼ਤ ਦਿੱਤੀ ਗਈ ਤਾਂ ਜੋ ਸ਼ਾਂਤੀ ਬਹਾਲ ਹੋ ਸਕੇ, ਵਿੱਚ ਕੋਈ ਦਮ ਨਹੀਂ ਲੱਗਦਾ, ਕਿਉਂਕਿ ਉਹ ਇਹ ਦੱਸਣ ਵਿੱਚ ਨਾਕਾਮ ਰਹੇ ਕਿ ਮਜ਼ਬੂਤ ਬਾਬਾ-ਏ-ਸਈਅਦ ਗੇਟ ਚਾਰ ਟੁਕੜਿਆਂ ਵਿੱਚ ਕਿਵੇਂ ਟੁੱਟਿਆ। ਲੋਹੇ ਦੇ ਇਸ ਭਾਰੀ ਗੇਟ ਦੇ ਚਾਰੇ ਕੋਨੇ ਬੜੀ ਬਰੀਕੀ ਨਾਲ ਕੱਟੇ ਹੋਏ ਸਨ, ਜਦੋਂ ਕਿ ਗੇਟ ਦੇ ਤਾਲੇ ਸਹੀ-ਸਲਾਮਤ ਸਨ। ਵਿਦਿਆਰਥੀਆਂ ਨੇ ਟੀਮ ਨੂੰ ਦੱਸਿਆ ਕਿ ਇਸੇ ਗੇਟ ਤੋਂ ਸਾਦੇ ਕਪੜਿਆਂ ਵਿੱਚ ਆਈ ਭੀੜ ਨੇ ਵਿਦਿਆਰਥੀਆਂ ਉੱਤੇ ਪਥਰਾਅ ਕੀਤਾ। ਇਹ ਲੋਕ ਵਿਦਿਆਰਥੀ ਨਹੀਂ ਸਨ ਤੇ ਇਨ੍ਹਾਂ ਆਪਣੇ ਚਿਹਰੇ ਢਕੇ ਹੋਏ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਵਿਦਿਆਰਥੀਆਂ ਦਾ ਪਿੱਛਾ ਕਰਕੇ ਉਨ੍ਹਾਂ 'ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਦਾਗੇ, ਸਟੱਨ ਗਰਨੇਡ ਅਤੇ ਗੋਲੀਆਂ ਦੀ ਵਰਤੋਂ ਕੀਤੀ। ਟੀਮ ਨੇ ਬੁਆਇਜ਼ ਹੋਸਟਲ ਦਾ ਦੌਰਾ ਕੀਤਾ, ਜਿੱਥੇ ਪੁਲਸ ਵਾਲਿਆਂ ਨੇ ਗਾਰਡਾਂ ਨੂੰ ਕੁੱਟਿਆ ਸੀ। ਵਿਦਿਆਰਥੀਆਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਜ਼ਖ਼ਮੀ ਵਿਦਿਆਰਥੀਆਂ ਨੂੰ ਲਿਆਉਣ ਲਈ 10 ਐਂਬੂਲੈਂਸ ਭੇਜੀਆਂ, ਪਰ ਪੁਲਸ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਤੇ ਇੱਕ ਡਰਾਈਵਰ ਨੂੰ ਏਨਾ ਕੁੱਟਿਆ ਕਿ ਉਸ ਦੀ ਹੱਡੀ ਟੁੱਟ ਗਈ।
ਟੀਮ ਨੇ ਦੱਸਿਆ ਕਿ ਏ ਐੱਮ ਯੂ ਵਿੱਚ ਸਟੱਨ ਗਰਨੇਡ ਤੱਕ ਦੀ ਵਰਤੋਂ ਕੀਤੀ ਗਈ, ਜਦੋਂ ਕਿ ਇਸ ਦਾ ਇਸਤੇਮਾਲ ਯੁੱਧ ਵਰਗੀਆਂ ਹਾਲਤਾਂ ਵਿੱਚ ਕੀਤਾ ਜਾਂਦਾ ਹੈ। ਅਜਿਹੀ ਕਾਰਵਾਈ ਖ਼ਤਰਨਾਕ ਅੱਤਵਾਦੀਆਂ ਵਿਰੁੱਧ ਹੁੰਦੀ ਹੈ ਨਾ ਕਿ ਵਿਦਿਆਰਥੀਆਂ ਵਿਰੁੱਧ। ਯੁੱਧ ਦੌਰਾਨ ਵੀ ਐਂਬੂਲੈਂਸ ਨੂੰ ਜ਼ਖ਼ਮੀਆਂ ਨੂੰ ਲਿਜਾਣ ਦੀ ਮਨਜ਼ੂਰੀ ਹੁੰਦੀ ਹੈ, ਪਰ ਇੱਥੇ ਅਜਿਹਾ ਨਹੀਂ ਸੀ। ਵਿਦਿਆਰਥੀਆਂ ਨੇ ਟੀਮ ਨੂੰ ਦੱਸਿਆ ਕਿ ਪੁਲਸ ਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਵਿਦਿਆਰਥੀਆਂ ਦੀ ਕੁੱਟਮਾਰ ਸਮੇਂ 'ਭਾਰਤ ਮਾਤਾ ਕੀ ਜੈ' ਤੇ 'ਜੈ ਸ੍ਰੀ ਰਾਮ' ਦੇ ਨਾਅਰੇ ਲਾ ਰਹੇ ਸਨ।
ਟੀਮ ਮੁਤਾਬਕ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਵਿਦਿਆਰਥੀ ਦੇ ਬਰੇਨ ਹੈਮਰੇਜ਼ ਤੋਂ ਪਤਾ ਲੱਗਦਾ ਹੈ ਕਿ ਰਬੜ ਬੁਲੇਟ ਦੀ ਵਰਤੋਂ ਕੀਤੀ ਗਈ ਸੀ। ਸਟੱਨ ਗਰਨੇਡ ਫਟਣ ਨਾਲ ਇੱਕ ਪੀ ਐੱਚ ਡੀ ਦੇ ਵਿਦਿਆਰਥੀ ਦਾ ਕਲਾਈ ਤੋਂ ਹੇਠਾਂ ਹੱਥ ਕੱਟਣਾ ਪਿਆ ਹੈ। ਸਟੱਨ ਗਰਨੇਡ ਨਾਲ ਦੋ ਵਿਦਿਆਰਥੀਆਂ ਦੇ ਟਿਸ਼ੂ ਡੈਮੇਜ ਹੋਏ ਹਨ। ਡਾਕਟਰਾਂ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ 16 ਦਸੰਬਰ ਨੂੰ ਜਦੋਂ ਉਹ ਕੈਂਪਸ ਵਿੱਚ ਆਏ ਤਾਂ ਸੜਕ ਉੱਤੇ ਇੱਕ ਕੱਟਿਆ ਅੰਗੂਠਾ ਪਿਆ ਸੀ। ਏ ਐੱਮ ਯੂ ਵਿੱਚ ਪੁਲਸ ਦੀ ਇਸ ਬਰਬਰਤਾ ਦੌਰਾਨ 100 ਵਿਦਿਆਰਥੀ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ 20 ਦੀ ਹਾਲਤ ਗੰਭੀਰ ਹੈ। 100 ਵਿਦਿਆਰਥੀ ਹਿਰਾਸਤ 'ਚ ਲਏ ਗਏ। ਬਾਅਦ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ ਪੁਲਸ ਵੱਲੋਂ 1000 ਅਣਪਛਾਤੇ ਵਿਦਿਆਰਥੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ, ਤਾਂ ਜੋ ਸਭ ਵਿਦਿਆਰਥੀ ਦਹਿਸ਼ਤਜ਼ਦਾ ਰਹਿਣ।
ਟੀਮ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਕੈਂਪਸ ਵਿੱਚ ਪੁੱਜੇ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਉਹ ਸਾਰੇ ਸਬੂਤ ਨਸ਼ਟ ਕਰ ਦਿੱਤੇ, ਜਿਹੜੇ ਉਨ੍ਹਾਂ ਦੀਆਂ ਨਾਪਾਕ ਕਾਰਵਾਈਆਂ ਦਾ ਭਾਂਡਾ ਭੰਨ ਸਕਦੇ ਸਨ।
ਟੀਮ ਨੇ ਉਕਤ ਸਾਰੇ ਘਟਨਾਕ੍ਰਮ ਲਈ ਯੂਨੀਵਰਸਿਟੀ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਤੇ ਰਾਜ ਦੀ ਯੋਗੀ ਆਦਿਤਿਆਨਾਥ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟੀਮ ਨੇ ਦੱਸਿਆ ਕਿ ਉਸ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਅਹੁਦੇ ਉੱਤੇ ਤਾਇਨਾਤ ਵਿਅਕਤੀ ਇੱਕ ਰਿਟਾਇਰਡ ਪੁਲਸ ਅਧਿਕਾਰੀ ਹੈ। ਉਸ ਦਾ ਵਿਹਾਰ ਵਿਦਿਆਰਥੀਆਂ ਦੇ ਕਸਟੋਡੀਅਨ ਦੀ ਥਾਂ ਕਾਰਵਾਈ ਤੋਂ ਖੁਸ਼ ਇੱਕ ਪੁਲਸ ਅਫ਼ਸਰ ਵਾਂਗ ਲੱਗ ਰਿਹਾ ਸੀ।
ਰੋਜ਼ਨਾ ''ਨਵਾਂ ਜ਼ਮਾਨਾ'' ਦੀ ਸੰਪਾਦਕੀ - ਧੰਨਵਾਦ ਸਹਿਤ ।