ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30 Dec. 2019

ਬੋਰਿਸ ਜਾਹਨਸਨ ਦੀ ਜਿੱਤ ਨੇ ਬ੍ਰੈਗਜ਼ਿਟ ਦਾ ਰਾਹ ਕੀਤਾ ਪੱਧਰਾ- ਇਕ ਖ਼ਬਰ
ਚੰਨ ਬਣ ਗਿਆ ਠਾਣੇਦਾਰ, ਹੁਣ ਮੈਂ ਨਹੀਂ ਡਰਦੀ।

ਨਾਗਰਿਕਤਾ ਸੋਧ ਐਕਟ ਵਿਰੁੱਧ ਸਾਰਾ ਦੇਸ਼ ਇਕਜੁੱਟ- ਜਾਖੜ
ਮੈਨੂੰ ਬਗਲੀ ਸਿਖਾ ਦੇ ਗਲ਼ ਪਾਉਣੀ, ਚੱਲੂੰਗੀ ਤੇਰੇ ਨਾਲ ਜੋਗੀਆ।

ਲੋਕਾਂ ਦਾ ਭਰੋਸਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਕਿਉਂ?-ਇਕ ਸਵਾਲ
ਕੰਨੀਂ ਨੱਤੀਆਂ ਸੰਧੂਰੀ ਸਿਰ ਸਾਫ਼ਾ, ਉਹ ਮੇਰਾ ਵੀਰ ਕੁੜੀਓ।

ਹੁਣ ਮੈਂ ਅਕਾਲੀ ਸਿਆਸਤ ਬਾਰੇ ਪਹਿਲੀ ਜਨਵਰੀ ਨੂੰ ਦੱਸਾਂਗਾ- ਸੁਖਦੇਵ ਸਿੰਘ ਢੀਂਡਸਾ
ਕਿਤੇ 'ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।

ਹਿੰਦੂਤਵੀ ਤਾਕਤਾਂ ਨੇ ਸਿੱਖਾਂ ਨਾਲ਼ ਹਮੇਸ਼ਾ ਹੀ ਧੋਖਾ ਕੀਤਾ-ਸਿਮਰਨਜੀਤ ਸਿੰਘ ਮਾਨ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਨਵੇਂ ਸਾਲ 'ਚ ਤਿਆਰੀ ਨਾਲ਼ ਨਿੱਤਰਾਂਗੇ ਮੈਦਾਨ 'ਚ- ਰਾਮੂਵਾਲੀਆ
ਜੱਟ ਆਉਂਦੈ ਪਰੈਣੀ ਕੱਸੀ, ਨੀਂ ਹੁਣ ਮੈਂ ਕੀ ਕਰਾਂ।

ਅਕਾਲੀਆਂ ਦੇ ਰਾਜ ਸਮੇਂ ਲੱਗੇ ਤਾਪ ਬਿਜਲੀ ਘਰਾਂ ਦੀ ਜਾਂਚ ਹੋਵੇ- ਜਾਖੜ
ਤੁਸੀਂ ਜਾਂਚ ਕਰਵਾਉ ਜਾਖੜ ਸਾਹਿਬ, ਰੋਕਿਆ ਕਿਸ ਨੇ ਹੈ।

ਜਦ ਤਕ ਮੈਂ ਜਿਊਂਦੀ ਹਾਂ, ਬੰਗਾਲ 'ਚ ਨਾਗਰਿਕਤਾ ਕਾਨੂੰਨ ਲਾਗੂ ਨਹੀਂ ਹੋਵੇਗਾ- ਮਮਤਾ ਬੈਨਰਜੀ
ਹਾਜੀ ਲੋਕ ਮੱਕੇ ਵਲ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।

ਵਿਰੋਧ ਨੂੰ ਵੇਖਦਿਆਂ ਐਨ. ਆਰ. ਸੀ. ਤੋਂ ਚਾਲਾਕੀ ਨਾਲ਼ ਪਿੱਛੇ ਹਟ ਗਈ ਭਾਜਪਾ- ਪ੍ਰਸ਼ਾਂਤ ਕਿਸ਼ੋਰ
ਸਾਨ੍ਹ ਬਣ ਕੇ ਮਾਰੀਆਂ ਬੜ੍ਹਕਾਂ, ਹੁਣ ਬਣ ਗਏ ਗਊ ਦੇ ਜਾਏ।

ਦਸ ਸਾਲਾਂ ਦੇ ਰਾਜ ਵਿਚ ਗੈਂਗਸਟਰ ਪੈਦਾ ਕਰਨ ਵਾਲੇ ਹੁਣ ਦੂਜਿਆਂ 'ਤੇ ਦੋਸ਼ ਲਾ ਰਹੇ ਹਨ- ਨਵਜੋਤ ਸਿੱਧੂ
ਸੱਸੇ ਕਾਹਨੂੰ ਮਿਹਣੇ ਮਾਰਦੀ, ਆਪਣੇ ਤੂੰ ਦਿਨ ਭੁੱਲ ਗਈ।

ਬਠਿੰਡਾ 'ਚ ਏਅਰਕਰਾਫਟ ਮਿੱਗ ਦਾ ਸਿਹਰਾ ਲੈਣ ਲਈ ਦਿਉਰ-ਭਰਜਾਈ 'ਚ ਦੌੜ-ਇਕ ਖ਼ਬਰ
ਦਿਉਰ ਬਣਦਾ ਮੈਂ ਦੁੱਧ ਪਿਆਉਂਦੀ, ਤੂੰ ਬਣਿਆ ਮੇਰਾ ਸ਼ਰੀਕ ਵੇ ਮੁੰਡਿਆ ਤੂੰ ਬਣਿਆ ਮੇਰਾ ਸ਼ਰੀਕ।
ਵਿਚ ਸਿਆਸਤ ਸਕਾ ਨਾ ਕੋਈ, ਕਹਿੰਦੇ ਲੋਕ ਸਿਆਣੇ, ਅੱਲ੍ਹੜੇ ਤੂੰ ਕੀ ਜਾਣੇ।

ਭਾਜਪਾ ਦੀਆਂ ਫੁੱਟਪਾਊ ਨੀਤੀਆਂ ਤੋਂ ਲੋਕ ਹੋਏ ਜਾਗਰੂਕ- ਮਨੀਸ਼ ਤਿਵਾੜੀ
ਘੁੰਡ ਕੱਢ ਕੇ ਸਦਾ ਖੈਰ ਪਾਈਏ, ਸਾਧਾਂ ਦਾ ਭਰੋਸਾ ਕੋਈ ਨਾ।

ਭਾਰਤ ਦੀ ਅਰਥ ਵਿਵਸਥਾ ਗੰਭੀਰ ਮੰਦੀ ਦੇ ਦੌਰ 'ਚ, ਫੌਰੀ ਨੀਤੀਗਤ ਕਦਮ ਚੁੱਕਣ ਦੀ ਲੋੜ- ਆਈ.ਐਮ.ਐਫ.
ਬਹੁਤਿਆਂ ਭਰਾਵਾਂ ਵਾਲ਼ੀਏ, ਗੱਡਾ ਜਾਂਦਾ ਏ ਸੰਦੂਕੋਂ ਖ਼ਾਲੀ।

ਬਿਜਲੀ ਦਰਾਂ 'ਚ ਕੀਤੇ ਵਾਧੇ ਦੀ ਅਕਾਲੀ ਦਲ ਵਲੋਂ ਨਿਖੇਧੀ- ਇਕ ਖ਼ਬਰ
ਬੀਬੀ ਐਹ ਬਲਦ ਮਾਰਦਾ ਤਾਂ ਨਹੀਂ? ਵੇ ਵੀਰਾ ਰੰਡੀ ਕਿਹਦੀ ਕੀਤੀ ਹੋਈ ਆਂ!