ਆਪਣੇ ਸਹਾਰੇ ਜੀਓ - ਗੁਰਸ਼ਰਨ ਸਿੰਘ ਕੁਮਾਰ

ਜਿੰਦਾ ਰਹਿਣ ਲਈ ਭੋਜਨ ਮਨੁੱਖ ਦੀ ਮੁਢਲੀ ਜ਼ਰੂਰਤ ਹੈ। ਭੋਜਨ ਜਾਲ ਉਸ ਨੂੰ ਊਰਜ਼ਾ ਮਿਲਦੀ ਹੈ ਅਤੇ ਉਸ ਦੇ ਸਰੀਰ ਵਿਚ ਤਾਕਤ ਆਉਂਦੀ ਹੈ। ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਹ ਤਾਂ ਹੀ ਸੰਭਵ ਜੇ ਮਨੁੱਖ ਦੇ ਸਰੀਰ ਵਿਚ ਗਿਆ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਏ। ਭੋਜਨ ਨੂੰ ਹਜ਼ਮ ਕਰਨ ਲਈ ਉਸ ਨੂੰ ਕੋਈ ਨਾ ਕੋਈ ਕੰਮ ਕਰਨ ਦੀ ਜ਼ਰੂਰਤ ਹੈ। ਬੱਚਾ ਜਦ ਬਿਲਕੁਲ ਛੋਟਾ ਹੁੰਦਾ ਹੈ ਤਾਂ ਉਸ ਨੂੰ ਭੋਜਨ ਅਤੇ ਨਿੱਤ ਕਰਮ ਲਈ ਆਪਣੀ ਮਾਂ ਜਾਂ ਕਿਸੇ ਹੋਰ ਵਿਅਕਤੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ।  ਜਦ ਉਹ ਦੋ ਕੁ ਸਾਲ ਦੀ ਉਮਰ ਵਿਚ ਕੁਝ ਤੁਰਨ ਲੱਗਦਾ ਹੈ ਅਤੇ ਤੋਤਲੀ ਆਵਾਜ਼ ਵਿਚ ਕੁਝ ਬੋਲਣ ਲੱਗਦਾ ਹੈ ਤਾਂ ਉਸ ਦੇ ਸਰੀਰ ਵਿਚ ਜਿਹੜੀ ਊਰਜ਼ਾ ਪੈਦਾ ਹੁੰਦੀ ਹੈ ਉਸ ਨੂੰ ਛੋਟੇ ਛੋਟੇ ਕੰਮਾਂ ਵਿਚ ਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਜਿਵੇਂ ਉਸ ਨੂੰ ਕੋਈ ਹੱਲਕੀ ਵਸਤੂ ਫੜਾਉਣ ਲਈ ਕਿਹਾ ਜਾ ਸਕਦਾ ਹੈ। ਇਸ ਨਾਲ ਬੱਚੇ ਅਤੇ ਮਾਂ ਪਿਓ ਦੋਹਾਂ ਨੂੰ ਖ਼ੁਸ਼ੀ ਮਿਲਦੀ ਹੈ। ਬੱਚੇ ਵਿਚ ਆਤਮ ਵਿਸ਼ਵਾਸ ਦੀ ਨੀਂਹ ਰੱਖੀ ਜਾਂਦੀ ਹੈ। ਜਦ ਬੱਚਾ ਸਕੂਲ ਜਾਣ ਲੱਗਦਾ ਹੈ ਤਾਂ ਉਸ ਦੀ ਇਹ ਊਰਜ਼ਾ ਪੜ੍ਹਾਈ ਅਤੇ ਖੇਲ ਕੁਦ ਆਦਿ ਵਿਚ ਖ਼ਰਚ ਹੁੰਦੀ ਹੈ।
ਜਦ ਤੱਕ ਬੱਚਾ ਆਪਣੀ ਪੜ੍ਹਾਈ ਪੂਰੀ ਕਰ ਕੇ ਆਪਣੇ ਪੈਰਾਂ ਤੇ ਖੜ੍ਹਾ ਹੁੰਦਾ ਹੈ ਤਦ ਤੱਕ ਉਹ ਬਾਲਗ ਹੋ ਜਾਂਦਾ ਹੈ। ਉਸ ਨੂੰ ਆਪਣੀਆਂ ਜੜ੍ਹਾਂ ਫੈਲਾਉਣ ਲਈ ਮਜ਼ਬੂਤ ਧਰਤੀ ਮਿਲਦੀ ਹੈ ਅਤੇ ਖੰਭ ਫੈਲਾਉਣ ਲਈ ਖੁਲ੍ਹਾ ਅਸਮਾਨ ਮਿਲਦਾ ਹੈ। ਉਹ ਆਪਣੇ ਮਾਂ ਪਿਓ ਦਾ ਸਹਾਰਾ ਛੱਡ ਕੇ ਆਜ਼ਾਦ ਵਿਚਰਦਾ ਹੈ। ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਾ ਹੈ। ਆਪਣੇ ਫੈਸਲੇ ਆਪ ਕਰਦਾ ਹੈ ਅਤੇ ਉਨ੍ਹਾਂ ਦੇ ਚੰਗੇ ਮਾੜੇ ਨਤੀਜ਼ਿਆਂ ਦਾ ਵੀ ਸਾਮ੍ਹਣਾ ਕਰਦਾ ਹੈ। ਇਹ ਉਸ ਦੇ ਪੂਰਨ ਮਨੁੱਖ ਬਣਨ ਦੀ ਨਿਸ਼ਾਨੀ ਹੁੰਦੀ ਹੈ। ਜੋ ਇਸ ਉਮਰ ਵਿਚ ਵੀ ਮਾਂ ਪਿਓ ਦੀ ਉੰਗਲੀ ਫੜ ਕੇ ਤੁਰਦਾ ਹੈ ਜਾਂ ਦੂਸਰਿਆਂ ਦੇ ਸਹਾਰੇ ਭਾਲਦਾ ਹੈ, ਉਸ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ ਹੁੰਦਾ। ਕਈ ਵਾਰੀ ਦੇਖਿਆ ਗਿਆ ਹੈ ਕਿ ਕਈ ਲੜਕੇ ਲੜਕੀਆਂ ਵਿਆਹ ਤੋਂ ਬਾਅਦ ਵੀ ਆਪਣੇ ਪਰਸਪਰ ਮਾਮਲਿਆਂ ਵਿਚ ਵੀ ਹਰ ਗੱਲੇ ਆਪਣੇ ਮਾਂ ਪਿਓ ਤੋਂ ਸਲਾਹ ਲੈ ਕੇ ਹੀ ਅੱਗੇ ਵਧਦੇ ਹਨ। ਅਜਿਹੇ ਵਿਆਹ ਆਮ ਤੋਰ ਤੇ ਕਮਯਾਬੀ ਨਾਲ ਸਿਰੇ ਨਹੀਂ ਚੜਦੇ।
 ਮਨੁੱਖ ਨੂੰ ਬਚਪਨ ਵਿਚ ਹੀ ਕੰਮ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੈ ਅਤੇ ਜੁਆਨੀ ਵਿਚ ਇਸ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾ ਲੈਣਾ ਚਾਹੀਦਾ ਹੈ। ਕੰਮ ਕਰਨ ਨਾਲ ਕਦੀ ਕੋਈ ਨਹੀਂ ਮਰਦਾ ਸਗੋਂ ਵਿਹਲੇ ਰਹਿਣ ਨਾਲ ਬੰਦਾ ਬਿਮਾਰ ਪੈ ਕੇ ਜਲਦੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਤੁਹਾਡਾ ਕੰਮ ਹੀ ਦੱਸਦਾ ਹੈ ਕਿ ਅੱਜ ਜੋ ਤੁਸੀਂ ਭੋਜਨ ਕੀਤਾ ਹੈ ਉਸ ਦਾ ਸਹੀ ਮੁੱਲ ਚੁਕਾਇਆ ਹੈ। ਕੰਮ ਵਾਲੇ ਨੌਜੁਆਨ ਦੀ ਸ਼ਖਸੀਅਤ ਹੀ ਵੱਖਰੀ ਹੁੰਦੀ ਹੈ।ਉਸ ਨੂੰ ਆਪਣੇ ਚਿਹਰੇ ਨੂੰ ਚਮਕਾਉਣ ਲਈ ਕਿਸੇ ਪਾਉਡਰ ਅਤੇ ਕਰੀਮ ਦੀ ਜ਼ਰੂਰਤ ਨਹੀਂ ਪੈਂਦੀ।ਉਸ ਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਚਮਕ ਹੁੰਦੀ ਹੈ। ਆਪਣੀ ਸੁੰਦਰਤਾ ਨੂੰ ਦੇਖਣ ਲਈ ਕਿਸੇ ਸ਼ੀਸ਼ੇ ਦੀ ਜ਼ਰੂਰਤ ਨਹੀਂ ਸਗੋਂ ਲੋਕਾਂ ਦੇ ਦਿਲ ਵਿਚ ਝਾਕਣ ਦੀ ਲੋੜ ਹੈ। ਵੈਸੇ ਮਨੁੱਖ ਦੀ ਅੱਧੀ ਸੁੰਦਰਤਾ ਤਾਂ ਉਸ ਦੀ ਜੁਬਾਨ ਵਿਚ ਹੀ ਹੁੰਦੀ ਹੈ।
ਬੰਦੇ ਦੀ ਜੁਆਨੀ ਦੀ ਉਮਰ ਘੋੜੇ ਵਰਗੀ ਹੁੰਦੀ ਹੈ। ਇਸ ਉਮਰ ਵਿਚ ਸਰੀਰ ਵਿਚ ਕੰਮ ਕਰਨ ਦੀ ਬਹੁਤ ਤਾਕਤ ਹੁੰਦੀ ਹੈ। ਇਸ ਉਮਰ ਵਿਚ ਉਹ ਖ਼ੂਬ ਮਿਹਨਤ ਕਰਕੇ ਕਮਾਈ ਕਰ ਕਰਦਾ ਹੈ ਅਤੇ ਆਪਣੇ ਪਰਿਵਾਰ ਦੇ ਖ਼ਰਚੇ ਹੀ ਪੂਰੇ ਨਹੀਂ ਕਰਦਾ ਸਗੋਂ ਆਪਣੇ ਸੁਰੱਖਿਅਤ ਭਵਿੱਖ ਲਈ ਵੀ ਕੁਝ ਧਨ ਬਚਾ ਕੇ ਰੱਖਦਾ ਹੈ। ਜਦ ਬੰਦਾ 65 ਸਾਲ ਦੇ ਕਰੀਬ ਪਹੁੰਚਦਾ ਹੈ ਤਾਂ ਉਸ ਵਿਚ ਕੰਮ ਕਰਨ ਦੀ ਕੁਝ ਸ਼ਕਤੀ ਘਟ ਜਾਂਦੀ ਹੈ। ਉਸ ਦਾ ਜੋਸ਼ ਕੁਝ ਮੱਠਾ ਪੈ ਜਾਂਦਾ ਹੈ। ਜੇ ਅਸੀਂ ਇਸ ਉਮਰ ਤੱਕ ਪਹੁੰਚਦਿਆਂ ਹੋਇਆ ਆਪਣੇ ਸੁਰੱਖਿਅਤ ਭਵਿੱਖ ਲਈ ਕਾਫੀ ਧਨ ਜੋੜ ਲਿਆ ਹੈ ਜਾਂ ਸਾਨੂੰ ਸਰਕਾਰੀ ਪੈਨਸ਼ਨ ਦਾ ਸਹਾਰਾ ਹੈ ਤਾਂ ਸਾਨੂੰ ਆਪਣੀ ਊਰਜ਼ਾ ਨੂੰ ਲੋਕ ਭਲਾਈ ਤੇ ਖ਼ਰਚ ਕਰਨਾ ਚਾਹੀਦਾ ਹੈ। ਵਿਹਲੇ ਅਤੇ ਨਿਠੱਲੇ ਬੈਠ ਕੇ ਸਮਾਜ ਤੇ ਭਾਰੂ ਨਹੀਂ ਬਣਨਾ ਚਾਹੀਦਾ। ਸਾਰੇ ਕੰਮ ਪੈਸੇ ਲਈ ਹੀ ਨਹੀਂ ਕੀਤੇ ਜਾਂਦੇ। ਸਾਡਾ ਸਮਾਜ ਪ੍ਰਤੀ ਵੀ ਕੁਝ ਫ਼ਰਜ਼ ਬਣਦਾ ਹੈ।ਅਸੀਂ ਕਮਜ਼ੋਰ ਵਰਗ ਦੀ ਮਦਦ ਕਰ ਕੇ ਉਸ ਨੂੰ ਉੱਪਰ ਉਠਾਉਣਾ ਹੈ। ਹਰਕਤ ਵਿਚ ਰਹਿਣ ਕਰ ਕੇ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ।ਸਾਡੀ ਤੰਦਰੁਸਤੀ ਸਾਡੀ ਉਮਰ ਲੰਮੀ ਕਰਦੀ ਹੈ। ਅਸੀਂ ਖ਼ੁਸ਼ ਅਤੇ ਸ਼ਾਂਤ ਰਹਿੰਦੇ ਹਾਂ। ਸਾਨੂੰ ਛੋਟੇ ਛੋਟੇ ਕੰਮਾਂ ਲਈ ਕਿਸੇ ਤੇ ਨਿਰਭਰ ਨਹੀਂ ਹੋਣਾ ਪੈਂਦਾ। ਇਸ ਨਾਲ ਸਾਨੂੰ ਆਤਮਿਕ ਸੰਤੁਸ਼ਟੀ ਵੀ ਮਿਲਦੀ ਹੈ।

ਆਲਸ ਛੱਡੋ ਅਤੇ ਉੱਦਮੀ ਬਣੋ। ਉੱਦਮੀ ਬੰਦੇ ਨੂੰ ਕੰਮ ਲੱਭਣ ਦੀ ਲੋੜ ਨਹੀਂ ਪੈਂਦੀ ਉਹ ਜਿੱਧਰ ਵੀ ਜਾਂਦਾ ਹੈ ਉਸ ਲਈ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਹੈ। ਉਹ ਦੂਸਰਿਆਂ ਦੇ ਵੀ ਕਈ ਕੰਮ ਸੁਆਰਦਾ ਹੈ। ਇਸ ਤਰ੍ਹਾਂ ਸਮਾਜ ਵਿਚ ਵੀ ਉਸ ਦੀ ਇੱਜ਼ਤ ਵਧਦੀ ਹੈ। ਲੋਕ ਉਸ ਨੂੰ ਖਿੜ੍ਹੇ ਮੱਥੇ ਮਿਲਦੇ ਹਨ।ਜਿਵੇਂ ਸਵੇਰੇ ਸਵੇਰੇ ਬੱਚਿਆਂ ਦੀ ਤਰ੍ਹਾਂ ਫੁੱਲ ਮੁਸਕਰਾਉਂਦੇ ਹਨ।ਉਸ ਦੇ ਚਿਹਰੇ ਤੇ ਹਮੇਸ਼ਾਂ ਮੁਸਕਰਾਹਟ ਅਤੇ ਸ਼ਾਂਤੀ ਰਹਿੰਦੀ ਹੈ। ਉਸ ਨੂੰ ਆਪਣੇ ਕੰਮਾਂ ਬਾਰੇ ਬੋਲ ਕੇ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ। ਅਜਿਹੇ ਬੰਦਿਆਂ ਲਈ ਸੋ ਸਾਲ ਜਿਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ।

ਕੰਮ ਕਰਨ ਵਾਲੇ ਬੰਦੇ ਹੱਥਾਂ ਵਿਚ ਬਰਕਤ ਹੁੰਦੀ ਹੈ। ਕੰਮ ਕਰਨ ਵਾਲਾ ਬੰਦਾ ਕਦੀ ਭੁੱਖਾ ਨਹੀਂ ਮਰਦਾ। ਉਹ ਦੁਨੀਆਂ ਦੇ ਕਿਸੇ ਵੀ ਕੌਨੇ ਵਿਚ ਚਲਾ ਜਾਏ, ਆਪਣੀ ਥਾਂ ਬਣਾ ਹੀ ਲਏਗਾ। ਉਸ ਨੂੰ ਕਦੀ ਰੋਜ਼ਗਾਰ ਦਾ ਘਾਟਾ ਨਹੀਂ ਰਹੇਗਾ।ਜਿਸ ਨੂੰ ਕੰਮ ਕਰਨ ਦੀ ਆਦਤ ਪੈ ਜਾਏ ਉਹ ਹਰ ਥਾਂ ਸਫ਼ਲ ਹੁੰਦਾ ਹੈ। ਉਹ ਕਦੀ ਬਦਨਸੀਬ ਨਹੀਂ ਹੋ ਸਕਦਾ।ਉਸ ਦੇ ਰਸਤੇ ਵਿਚ ਜੇ ਕੋਈ ਰੁਕਾਵਟ ਆ ਵੀ ਜਾਏ ਤਾਂ ਵੀ ਉਹ ਕਦੀ ਘਬਰਾਉਂਦਾ ਨਹੀਂ ਸਗੋਂ ਆਪਣੀ ਸਫ਼ਲਤਾ ਲਈ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਹੈ।

ਕਈ ਵਾਰੀ ਬੁਢਾਪੇ ਵਿਚ ਕੋਈ ਭਾਰਾ ਕੰਮ ਕਰਨ ਲਈ ਸਿਹਤ ਨਹੀਂ ਮੰਨਦੀ ਤਾਂ ਕੋਈ ਰਿਸਕ ਲੈਣ ਦੀ ਜ਼ਰੂਰਤ ਨਹੀਂ। ਆਪਣੀ ਸਮਰੱਥਾ ਅਨੁਸਾਰ ਹੀ ਹੱਲਕੇ ਕੰਮ ਕਰਕੇ ਹੀ ਆਪਣੇ ਆਪ ਨੂੰ ਰੁੱਝਿਆ ਰੱਖਿਆ ਜਾ ਸਕਦਾ ਹੈ।ਬਜ਼ੁਰਗ ਔਰਤਾਂ ਸਬਜੀ ਭਾਜੀ ਤਾਂ ਕੱਟ ਹੀ ਸਕਦੀਆਂ ਹਨ। ਬੱਚਿਆਂ ਨੂੰ ਨੁਹਾ ਧੂਆ ਕੇ ਤਿਆਰ ਕਰ ਸਕਦੀਆਂ ਹਨ। ਇਨ੍ਹਾਂ ਕੰਮਾਂ ਨਾਲ ਹੀ ਨੂਹਾਂ ਨੂੰ ਕਾਫ਼ੀ ਮਦਦ ਮਿਲ ਜਾਂਦੀ ਹੈ ਅਤੇ ਉਹ ਆਪਣਾ ਇਹ ਸਮਾਂ ਕਿਸੇ ਹੋਰ ਜ਼ਰੂਰੀ ਕੰਮ ਨੂੰ ਦੇ ਸਕਦੀਆਂ ਹਨ। ਬਜ਼ੁਰਗ ਆਦਮੀਂ ਘਰ ਵਿਚ ਕਿਚਨ ਗਾਰਡਨ ਦਾ ਕੰਮ ਕਰ ਕੇ ਘਰ ਨੂੰ ਸੁੰਦਰ ਬਣਾ ਸਕਦੇ ਹਨ। ਉਹ ਗ਼ਰੀਬ ਬੱਚਿਆਂ ਨੂੰ ਪੜ੍ਹਾ ਸਕਦੇ ਹਨ ਜਾਂ ਕਿਸੇ ਧਾਰਕਿ ਸਥਾਨ ਤੇ ਜਾਂ ਹਸਪਤਾਲ ਵਿਚ ਜਾ ਕੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰ ਸਕਦੇ ਹਨ। ਇਸ ਤਰ੍ਹਾਂ ਉਹ ਸਮਾਜ ਦਾ ਇਕ ਜ਼ਰੂਰੀ ਅੰਗ ਬਣੇ ਰਹਿ ਸਕਦੇ ਹਨ।

ਕੰਮ ਤੋਂ ਭੱਜਣ ਵਾਲੇ ਆਲਸੀ ਮਨੁੱਖ ਕਦੀ ਤੰਦਰੁਸਤ ਨਹੀਂ ਰਹਿ ਸਕਦੇ। ਆਪਣੇ ਆਪ ਨੂੰ ਸਮੇਂ ਅਨੁਸਾਰ ਅਡਜਸਟ ਕਰੋ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਕੰਮ ਅਤੇ ਵਿਚਾਰਾਂ ਵਿਚ ਨਵੀਨਤਾ ਲਿਆਓ॥ ਮਨੁੱਖ ਉਮਰ ਨਾਲ ਨਹੀਂ ਸਗੋਂ ਵਿਹਲਾ ਅਤੇ ਇਕੱਲਾ ਰਹਿਣ ਨਾਲ ਬੁੱਢਾ ਸਮਝਣ ਲੱਗ ਪੈਂਦਾ ਹੈ। ਉਸ ਦੇ ਨਾਂਹ ਪੱਖੀ ਵਿਚਾਰ ਹੀ ਉੇਸ ਨੂੰ ਅੱਗੇ ਵਧਣ ਨਹੀਂ ਦਿੰਦੇ ਅਤੇ ਉਹ ਢਹਿੰਦੀ ਕਲਾ ਵਿਚ ਚਲੇ ਜਾਂਦਾ ਹੈ।ਹੌਸਲੇ ਵਾਲੇ ਅਤੇ ਊਸਾਰੂ ਵਿਚਾਰਾਂ ਨਾਲ ਮਨੁੱਖ ਦੀ ਜ਼ਿੰਦਗੀ ਦੀ ਗੱਡੀ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਵਧਦੀ ਹੈ।

ਹਮੇਸ਼ਾਂ ਆਸ਼ਾਵਾਦੀ ਰਹੋ। ਜੇ ਕਦੀ ਤੁਹਾਡੇ ਤੇ ਮਾੜੇ ਦਿਨ ਆ ਵੀ ਜਾਣ ਤਾਂ ਵੀ ਹੌਸਲਾ ਨਾ ਛੱਡੋ। ਇਹ ਸੋਚੋ ਕਿ ਜੇ ਚੰਗੇ ਦਿਨ ਨਹੀਂ ਰਹੇ ਤਾਂ ਇਹ ਮਾੜੇ ਦਿਨ ਵੀ ਨਹੀਂ ਰਹਿਣੇ। ਉਮੀਦ ਤੇ ਹੀ ਦੁਨੀਆਂ ਕਾਇਮ ਹੈ। ਜਿਸ ਬੰਦੇ ਦੀ ਉਮੀਦ ਹੀ ਖ਼ਤਮ ਹੋ ਗਈ, ਉਸ ਵਿਚ ਜਿੰਦਾ ਰਹਿਣ ਦੀ ਇੱਛਾ ਹੀ ਖ਼ਤਮ ਹੋ ਜਾਂਦੀ ਹੈ। ਫਿਰ ਉਸ ਨੂੰ ਕੋਈ ਨਹੀਂ ਬਚਾ ਸਕਦਾ। ਉਹ ਜੱਲਦੀ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇਸ ਲਈ ਕਦੀ ਕਿਸੇ ਨੂੰ ਅਹਿਸਾਸ ਨਾ ਹੋਣ ਦਿਓ ਕਿ ਤੁਸੀਂ ਅੰਦਰੋਂ ਟੁੱਟ ਚੁੱਕੇ ਹੋ। ਟੁੱਟੇ ਹੋਏ ਮਕਾਨਾਂ ਦੀਆਂ ਇੱਟਾਂ ਵੀ ਲੋਕੀ ਚੱਕ ਕੇ ਲੈ ਜਾਂਦੇ ਹਨ। ਜੋ ਲੋਕ ਤੁਫ਼ਾਨ ਆਉਣ ਤੋਂ ਬਾਦ ਵੀ ਆਪਣਾ ਵਜ਼ੂਦ ਬਣਾਈ ਰੱਖਦੇ ਹਨ ਉਹ ਹੀ ਜ਼ਿੰਦਗੀ ਦੇ ਅਸਲੀ ਸਾਹ ਸਵਾਰ ਹੁੰਦੇ ਹਨ।
ਜੇ ਕਿਸੇ ਦਾ ਸਾਥ ਮਾੜਾ ਹੋਏ ਤਾਂ ਬੰਦਾ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਪਰ ਜੇ ਕੋਈ ਚੰਗਾ ਬੰਦਾ ਤੁਹਾਡੀ ਪਿੱਠ ਤੇ ਹੱਥ ਰੱਖਦਾ ਹੈ ਤਾਂ ਤੁਹਾਡਾ ਹੌਸਲਾ ਵਧਦਾ ਹੈ। ਤੁਸੀਂ ਅੱਗੇ ਵਧਦੇ ਹੋ। ਜੇ ਤੁਹਾਡੀ ਪਿੱਠ ਤੇ ਕਿਸੇ ਦਾ ਹੱਥ ਨਹੀਂ ਤਾਂ ਵੀ ਤੁਸੀਂ ਅੱਗੇ ਵਧਦੇ ਹੋ ਤਾਂ ਤੁਸੀਂ ਖ਼ੁਦ ਆਪਣੇ ਆਪ ਵਿਚ ਇਕ ਸ਼ਕਤੀ ਬਣਦੇ ਹੋ। ਦੂਸਰਿਆਂ ਦਾ ਸਹਾਰਾ ਲੈਣਾ ਛੱਡੋ। ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣਾ ਸਿੱਖੋ। ਉਧਾਰ ਦੀਆਂ ਵਿਸਾਖੀਆਂ ਨਾਲ ਜ਼ਿਅਦਾ ਲੰਮਾਂ ਸਫ਼ਰ ਨਹੀਂ ਤਹਿ ਕੀਤਾ ਜਾ ਸਕਦਾ।ਪਰਾਈ ਆਸ ਹਮੇਸ਼ਾਂ ਨਿਰਾਸਾ ਦਿੰਦੀ ਹੈ। ਪਰਾਈਆਂ ਉਮੀਦਾਂ ਦਰਦ ਹੀ ਦਿੰਦੀਆਂ ਹਨ। ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਹਨ। ਹਿੰਦੀ ਦੇ ਪ੍ਰਸਿਧ ਕਵੀ ਕ੍ਰਿਸ਼ਨ ਭਨੌਟ ਨੇ ਇਸ ਬਾਰੇ ਬਹੁਤ ਸੋਹਣਾ ਲਿਖਿਆ ਹੈ:
ਭਾਲਿਆ ਜਿਸ ਨੇ ਸਹਾਰਾ,
ਉਹ ਵੇਲ ਬਣ ਕੇ ਰਹਿ ਗਿਆ।
ਉਹ ਬਣੇਗਾ ਬਿਰਖ,
ਜਿਸ ਨੂੰ ਸਹਾਰਾ ਕੋਈ ਨਹੀਂ।

ਜੇ ਤੁਸੀਂ ਕੋਈ ਮਹਾਨ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਬਲ ਤੇ ਕਰੋ। ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਜੀਓ।ਆਪਣੀ ਜ਼ਿੰਦਗੀ ਦਾ ਰਿਮੋਟ ਕਿਸੇ ਦੂਜੇ ਨੂੰ ਨਾ ਫੜਾਓ।

ਧੁੱਪ ਛਾਂ, ਚੰਗਾ ਮਾੜਾ, ਸੁੱਖ ਦੁੱਖ, ਜੱਸ ਅੱਪਜੱਸ ਅਤੇ ਸਫ਼ਲਤਾ ਅਸਫ਼ਲਤਾ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹਨਉਸੇ ਤਰ੍ਹਾਂ ਜਨਮ ਮਰਨ ਵੀ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਅਤੇ ਅਟੱਲ ਸੱਚਾਈ ਹੈ। ਜੇ ਜ਼ਿੰਦਗੀ ਇਕ ਨਾਟਕ ਹੈ ਤਾਂ ਮੌਤ ਉਸ ਨਾਟਕ ਦਾ ਅੰਤਿਮ ਦ੍ਰਿਸ਼ ਹੈ। ਅੰਤਿਮ ਦ੍ਰਿਸ਼ ਤੋਂ ਬਿਨਾਂ ਨਾਟਕ ਅਧੂਰਾ ਰਹਿ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਨਿਰਦੇਸ਼ਕ ਦਰਸ਼ਕਾਂ ਨੂੰ ਮੇਲੇ ਦੀ ਭੀੜ ਲਈ ਧੱਕੇ ਖਾਣ ਲਈ ਆਪ ਕਿਧਰੇ ਗਾਇਬ ਹੋ ਗਿਆ ਹੋਵੇ। ਖੈਰ ਜ਼ਿੰਦਗੀ ਦੇ ਨਾਟਕ ਨੂੰ ਕਦੀ ਅਧੂਰਾ ਨਹੀਂ ਛੱਡਿਆ ਜਾ ਸਕਦਾ। ਅੰਤਿਮ ਦ੍ਰਿਸ਼ ਜ਼ਰੂਰੀ ਹੈ। ਇਸੇ ਕਹਿੰਦੇ ਹਨ ਕਿ ਜਿਸ ਦੀ ਕੋਈ ਗਰੰਟੀ ਨਹੀਂ ਉਹ ਹੈ ਜ਼ਿੰਦਗੀ ਅਤੇ ਜਿਸ ਦੀ ਪੂਰੀ ਗਰੰਟੀ ਹੈ ਉਹ ਹੈ ਮੌਤ। ਅੰਗਰੇਜ਼ੀ ਵਿਚ ਕਹਿੰਦੇ ਹਨ All is well when the end is well ਭਾਵ ਜੇ ਕਿਸੇ ਕਹਾਣੀ ਦਾ ਅੰਤ ਵਧੀਆ ਹੋਵੇ ਤਾਂ ਉਸ ਸਾਰੀ ਕਹਾਣੀ ਨੂੰ ਹੀ ਵਧੀਆ ਮੰਨ ਲਿਆ ਜਾਂਦਾ ਹੈ। ਇਸ ਲਈ ਮੌਤ ਦਾ ਭੈਅ ਮਨ ਵਿਚ ਕਦੀ ਨਾ ਰੱਖੋ। ਇਹ ਤੁਹਾਡੀ ਜ਼ਿੰਦਗੀ ਦਾ ਅੰਤਿਮ ਦ੍ਰਿਸ਼ ਹੈ। ਜੇ ਤੁਸੀਂ ਇਸ ਨੂੰ ਸਫ਼ਲਤਾ ਨਾਲ ਨਿਭਾ ਲਿਆ ਤਾਂ ਹੀ ਤੁਹਾਡੀ ਸਾਰੀ ਜ਼ਿੰਦਗੀ ਸਫ਼ਲ ਮੰਨੀ ਜਾਏਗੀ। ਕਿਸੇ ਨੇ ਬਹੁਤ ਖ਼ੂਬਸੂਰਤ ਲਿਖਿਆ ਹੈ:
ਜ਼ਿੰਦਗੀ ਭਰ ਅਧੂਰਾ ਹੀ ਰਿਹਾ ਮੈਂ,
ਮਰਿਆ ਤਾਂ ਕਹਿੰਦੇ ਪੂਰਾ ਹੋ ਗਿਆ।

ਮੌਤ ਹੀ ਤੁਹਾਡੀ ਜ਼ਿੰਦਗੀ ਦੀ ਪੂਰਨਤਾ ਹੈ। ਇਸ ਲਈ ਅਧੂਰੇਪਨ ਵਿਚ ਆਪਣੀ ਜ਼ਿੰਦਗੀ ਨਾ ਰੋਲੋ। ਜਿਹੜਾ ਵੀ ਚੰਗਾ ਕੰਮ ਸ਼ੁਰੂ ਕਰਨਾ ਹੈ ਉਹ ਹੁਣੇ ਹੀ ਸ਼ੁਰੂ ਕਰ ਲਉ। ਚੰਗੇ ਕੰਮ ਲਈ ਕੋਈ ਮਹੂਰਤ ਕਢਾਉਣ ਦੀ ਜਾਂ ਜ਼ਿਆਦਾ ਸੋਚਾਂ ਸੋਚਣ ਦੀ ਲੋੜ ਨਹੀਂ। ਜੇ ਕਿਸੇ ਮਾੜੀ ਆਦਤ ਨੂੰ ਤਿਆਗਣਾ ਹੈ ਤਾਂ ਅੱਜ ਤੋਂ ਹੀ ਤਿਆਗ ਦਿਓ। ਫਿਰ ਕੱਲ੍ਹ ਆਵੇ ਜਾਂ ਨਾ ਆਵੇ। ਘੜੀ ਦਾ ਖੁਥਿਆਂ ਕੋਹਾਂ ਤੇ ਜਾ ਪੈਂਦਾ ਹੈ। ਗੁਜ਼ਰਿਆ ਵਕਤ ਫਿਰ ਹੱਥ ਨਹੀਂ ਆਉਂਦਾ। ਹੱਥੀਂ ਦਿਤੀਆਂ ਗੰਢਾਂ ਫਿਰ ਦੰਦਾਂ ਨਾਲ ਹੀ ਖੋਲ੍ਹਣੀਆਂ ਪੈਂਦੀਆਂ ਹਨ।ਕਰਮ ਤੋਂ ਬਿਨਾਂ ਚੰਗੀ ਸੋਚ ਦਾ ਕੋਈ ਲਾਭ ਨਹੀਂ। ਨਿਰਾਸ਼ਾ ਵਿਹਲੇ ਬੰਦਿਆ ਵਿਚ ਹੀ ਉਪਜਦੀ ਹੈ। ਡਿੱਗਣ ਵਾਲੇ ਨੂੰ ਕਦੀ ਅਸਫ਼ਲ ਨਹੀਂ ਕਿਹਾ ਜਾ ਸਕਦਾ। ਵਿਹਲੇ ਬੰਦੇ ਨੂੰ ਅਸਫ਼ਲ ਕਿਹਾ ਜਾਂਦਾ ਹੈ।

ਆਪਣੇ ਸਾਰੇ ਕੰਮ ਆਪ ਕਰੋ। ਦੂਸਰਿਆਂ ਤੇ ਨਿਰਭਰ ਰਹਿਣਾ ਛੱਡ ਦਿਓ। ਆਪਣੇ ਛੋਟੇ ਛੋਟੇ ਕੰਮ ਦੂਸਰਿਆਂ ਨੂੰ ਕਹਿਣਾ ਠੀਕ ਨਹੀਂ। ਇਸ ਨਾਲ ਇਜ਼ੱਤ ਘੱਟਦੀ ਹੈ । ਆਪਣੇ ਕੰਮ ਆਪ ਕਰਨ ਨਾਲ ਬੰਦਾ ਤੰਦਰੁਸਤ ਰਹਿੰਦਾ ਹੈ ਅਤੇ ਉਸ ਦਾ ਸਵੈਮਾਨ ਵਧਦਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕੇਵਲ ਪੈਸੇ ਲਈ ਹੀ ਕੰਮ ਕਰਨਾ ਹੈ। ਸਮਾਜ ਪ੍ਰਤੀ ਵੀ ਤੁਹਾਡਾ ਕੁਝ ਫ਼ਰਜ਼ ਹੈ ਉਸ ਨੂੰ ਪਛਾਣੋ। ਆਲਸੀ ਲੋਕ ਕਹਿੰਦੇ ਹਨ ਕਿ-''ਮੈਂ ਜੁਆਨੀ ਵਿਚ ਬਹੁਤ ਕੰਮ ਕਰ ਲਿਆ ਹੈ। ਹੁਣ ਮੈਂ ਰਿਟਾਇਰ ਹੋ ਗਿਆ ਹਾਂ। ਸਰਕਾਰ ਖ਼ਰਚੇ ਲਈ ਪੈਨਸ਼ਨ ਦਈ ਜਾ ਰਹੀ ਹੈ। ਹੁਣ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ? ਹੁਣ ਤਾਂ ਮੇਰੇ ਆਰਾਮ ਕਰਨ ਦੇ ਦਿਨ ਹਨ।'' ਇਹ ਇਕ ਨਾਂਹ ਪੱਖੀ ਸੋਚ ਹੈ। ਅਜਿਹੇ ਲੋਕ ਬਿਮਾਰ ਹੋ ਕੇ ਮੰਜੇ ਤੇ ਪੈ ਜਾਂਦੇ ਹਨ ਅਤੇ ਪਰਿਵਾਰ ਵਾਲਿਆਂ ਤੇ ਬੋਝ ਬਣ ਕੇ ਰਹਿ ਜਾਂਦੇ ਹਨ। ਆਲਸੀ ਲੋਕਾਂ ਦੀ ਉਮਰ ਵੀ ਬਹੁਤ ਛੋਟੀ ਹੁੰਦੀ ਹੈ।

ਜੇ ਤੁਸੀਂ ਖ਼ੁਦਦਾਰ ਹੋ ਤਾਂ ਕਿਸੇ ਤੋਂ ਕੋਈ ਚੀਜ਼ ਮੰਗਣਾ ਬੰਦ ਕਰੋ। ਰੱਬ ਨੂੰ ਵੀ ਬਹੁਤੀਆਂ ਫ਼ਰਮਾਇਸ਼ਾਂ ਨਾ ਪਾਓ। ਰੱਬ ਕਹਿੰਦਾ ਹੈ ਕਿ-''ਮੈਂ ਤੈਨੂੰ ਨਰੋਏ ਹੱਥ, ਪੈਰ, ਅੱਖਾਂ ਦਿਮਾਗ ਅਤੇ ਬਾਕੀ ਸਭ ਅੰਗ ਦਿੱਤੇ ਹਨ। ਇਨ੍ਹਾਂ ਤੋਂ ਕੰਮ ਲੈ ਅਤੇ ਅੱਗੇ ਵਧ''। ਦੂਸਰੇ ਤੋਂ ਮੁਫ਼ਤ ਦੀ ਸਹਾਇਤਾ ਮਿਲਣ ਕਰ ਕੇ ਬੰਦਾ ਅਪੰਗ ਬਣ ਕੇ ਰਹਿ ਜਾਂਦਾ ਹੈ। ਕਿਸੇ ਪੰਛੀ ਨੂੰ ਜਦ ਪਿੰਜਰੇ ਵਿਚ ਪਾਇਆ ਜਾਂਦਾ ਹੈ ਤਾਂ ਘਰ ਵਾਲੇ ਉਸ ਨੂੰ ਖਾਣ ਲਈ ਤਰ੍ਹਾਂ ਤਰ੍ਹਾਂ ਦੇ ਭੋਜਨ ਦਿੰਦੇ ਹਨ। ਕੁਝ ਦਿਨਾਂ ਵਿਚ ਹੀ ਪੰਛੀ ਨੂੰ ਇਹ ਪਿੰਜਰਾ ਚੰਗਾ ਲੱਗਣ ਲੱਗ ਜਾਂਦਾ ਹੈ। ਉਸ ਨੂੰ ੳੱਡਣਾ ਹੀ ਭੁੱਲ ਜਾਂਦਾ ਹੈ। ਉਸ ਦੇ ਖੰਭਾਂ ਵਿਚ ਪਹਿਲੇ ਵਾਲਾ ਬਲ ਹੀ ਨੀਂ ਰਹਿੰਦਾ। ਉਹ ਮੁਥਾਜ ਹੋ ਕੇ ਰਹਿ ਜਾਂਦਾ ਹੈ।

ਆਪਣੀ ਜ਼ਿੰਦਗੀ ਆਪਣੇ ਸਹਾਰੇ ਜੀਓ।ਪੰਛੀ ਆਪਣੇ ਬਲ ਤੇ ਆਕਾਸ਼ ਵਿਚ ਉੱਡਦੇ ਹਨ ਇਸ ਲਈ ਉਨ੍ਹਾਂ ਨੂੰ ਥੱਲੇ ਡਿੱਗਣ ਦਾ ਕੋਈ ਡਰ ਨਹੀਂ ਹੁੰਦਾ। ਉਹ ਆਪਣੀ ਆਜ਼ਾਦੀ ਦਾ ਆਨੰਦ ਮਾਣਦੇ ਹਨ। ਆਪਣੀ ਮਰਜ਼ੀ ਨਾਲ ਉਹ ਜਿੱਧਰ ਚਾਹੁਣ ਉਡਾਰੀ ਮਾਰ ਸਕਦੇ ਹਨ। ਪਤੰਗ ਦੀ ਡੋਰ ਦੂਸਰੇ ਹੱਥ ਹੁੰਦੀ ਹੈ। ਇਸ ਲਈ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਉਹ ਕੱਟੀ ਵੀ ਜਾਂਦੀ ਹੈ ਅਤੇ ਲੁੱਟੀ ਵੀ ਜਾਂਦੀ ਹੈ।॥ ਜੰਗਲ ਦਾ ਸ਼ੇਰ ਆਪਣੇ ਆਪ ਵਿਚ ਅਥਾਹ ਸ਼ਕਤੀ ਰੱਕਦਾ ਹੈ ਪਰ ਜਦ ਉਹ ਸਰਕਸ ਦਾ ਸ਼ੇਰ ਬਣ ਜਾਂਦਾ ਹੈ ਤਾਂ ਉਹ ਰਿੰਗ ਮਾਸਟਰ ਦੇ ਆਦੇਸ਼ ਅਨੁਸਾਰ ਕੰਮ ਕਰਦਾ ਹੈ। ਉਸ ਨੂੰ ਆਪਣੇ ਬਲ ਦਾ ਗਿਆਨ ਹੀ ਭੁੱਲ ਜਾਂਦਾ ਹੈ। ਹੁਣ ਤੁਸੀਂ ਆਪ ਹੀ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੀ ਖ਼ੁਦਮੁਖਤਿਆਰ ਹਸਤੀ ਕਾਇਮ ਰੱਖਣੀ ਹੈ  ਜਾਂ ਸਰਕਸ ਦਾ ਸ਼ੇਰ ਬਣ ਕੇ ਕਿਸੇ ਰਿੰਗ ਮਾਸਟਰ ਦੇ ਇਸ਼ਾਰਿਆਂ ਅਨੁਸਾਰ ਆਪਣੀ ਜ਼ਿੰਦਗੀ ਬਸਰ ਕਰਨੀ ਹੈ।
*****


ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in