ਆਪਣਾ ਮੂਲ ਪਛਾਣਨ ਦਾ ਵੇਲਾ - ਤਸਕੀਨ
ਦੇਸ਼ ਸਿਆਸੀ ਅਫਰਾ ਤਫਰੀ ਅਤੇ ਹਾਕਮਾਨਾ ਬੁਰਛਾਗਰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਵਿਦਿਆਰਥੀਆਂ ਦੇ ਸ਼ਾਂਤਮਈ ਘੋਲ ਨੇ ਦਿਖਾ ਦਿੱਤਾ ਹੈ ਕਿ ਉਹ ਸੱਚੇ ਦੇਸ਼ ਭਗਤ ਹਨ। ਜਿਸ ਵੇਲੇ ਦੇਸ਼ ਦੇ ਸੰਵਿਧਾਨ ਨੂੰ ਦਾਅ ਤੇ ਲਾ ਦਿੱਤਾ ਗਿਆ ਹੋਵੇ, ਵਿਦਿਆਰਥੀ, ਬੁੱਧੀਵਾਨ/ਲੇਖਕ ਆਵਾਮ ਦੀ ਰਹਿਨੁਮਾਈ ਕਰਦਿਆਂ ਮੈਦਾਨ ਵਿਚ ਕੁੱਦ ਪਏ ਹੋਣ ਤਾਂ ਹਾਕਮਾਂ ਦਾ ਖੌਫ਼ ਬਰਬਰਤਾ ਵਿਚ ਤਾਂ ਤਬਦੀਲ ਹੋਣਾ ਹੀ ਹੈ, ਰਿਆਸਤ ਵੀ ਇਨ੍ਹਾਂ ਖਿਲਾਫ਼ ਅੱਗ ਉੱਗਲਣ ਲੱਗ ਪੈਂਦੀ ਹੈ। ਲਿਹਾਜ਼ਾ ਸੜਕਾਂ, ਘਰਾਂ, ਲਾਇਬ੍ਰੇਰੀਆਂ, ਯੂਨੀਵਰਸਿਟੀਆਂ ਤੇ ਹੋ ਰਿਹਾ ਕਹਿਰ 'ਮੀਡੀਆ ਪੁਰਾਣ' ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦਾ ਹੈ। ਜੇ ਸਰਕਾਰ ਅੰਦਰ ਬੇਚੈਨ ਆਵਾਮ ਦਾ ਖੌਫ਼ ਨਾ ਹੋਵੇ ਤਾਂ ਉਹ ਆਪਣੇ ਕਾਰਕੁਨਾਂ ਤੋਂ ਐੱਨਆਰਸੀ, ਐੱਨਏਏ ਅਤੇ ਐੱਨਪੀਆਰ ਦੇ ਹੱਕ ਵਿਚ ਗਾਲਾਂ ਅਤੇ ਅਹਿੰਸਾ ਨਾਲ ਭਰੇ 'ਰੋਸ' ਮੁਜ਼ਾਹਰੇ ਨਾ ਕਰਵਾਏ।
ਅਕਸਰ ਲੋਕ ਮੁੱਖਧਾਰਾ ਦੇ ਮੀਡੀਏ ਨੂੰ ਕੋਸਦਿਆਂ ਇਸ ਨੂੰ ਅਵਾਮ ਵਿਰੋਧੀ ਕਹਿੰਦੇ ਹਨ। ਉਹ ਇਸ ਮੁਗ਼ਾਲਤੇ ਵਿਚ ਹਨ ਕਿ ਦੇਸ਼ ਅੰਦਰ ਜਮਹੂਰੀਅਤ ਹੈ ਅਤੇ ਉਹ ਇਸ ਤੋਂ ਚੌਥੇ ਥੰਮ੍ਹ ਦੇ ਫ਼ਰਜ਼ਾਂ ਦੀ ਮੰਗ ਕਰ ਰਹੇ ਹਨ। ਅੱਜ ਜਮਹੂਰੀਅਤ ਅਤੇ ਸੰਵਿਧਾਨ ਬਚਾਉਣ ਲਈ ਹੀ ਤਾਂ ਅਵਾਮ ਸੜਕਾਂ ਉੱਤੇ ਹੈ। ਫਿਰ ਅਸੀਂ ਕਿਉਂ ਹਾਕਮ ਮੀਡੀਆ ਕੋਲੋਂ ਭਾਈ ਘਨੱਈਆ ਬਣਨ ਦੀ ਮੰਗ ਕਰਦੇ ਪਾਣੀ ਅਤੇ ਮਰਹਮ ਪੱਟੀ ਦਾ ਭਰੋਸੇ ਦਾ ਵਹਿਮ ਪਾਲ ਰਹੇ ਹਾਂ? ਇਤਿਹਾਸ ਇੱਕੋ ਵਾਰ ਨਹੀਂ, ਵਾਰ ਵਾਰ ਲਿਖਿਆ ਜਾਂਦਾ ਹੈ। ਅੱਜ ਇਸ ਨੂੰ ਵਿਦਿਆਰਥੀ, ਬੁੱਧੀਜੀਵੀ ਅਤੇ ਲੋਕ ਲਿਖ ਰਹੇ ਹਨ। ਹਾਕਮ ਇਸ ਨੂੰ ਟੁਕੜੇ ਟੁਕੜੇ ਗੈਂਗ, ਅਰਬਨ ਨਕਸਲ ਆਦਿ ਨਕਸ਼ਾਂ ਵਿਚ ਢਾਲ ਕੇ ਪਛਾਨਣ ਦੀ ਕੋਸ਼ਿਸ਼ ਵਿਚ ਚੂਰ ਹੈ। ਉਹ ਇਨ੍ਹਾਂ ਦੇ ਕੱਪੜਿਆਂ ਤੋਂ ਵੀ ਇਨ੍ਹਾਂ ਦੇ ਨਕਸ਼ ਪਛਾਣਨ ਦੀ ਕੋਸ਼ਿਸ਼ ਵਿਚ ਹਨ। ਇਨਸਾਨ ਦੇ ਲਹੂ ਦਾ ਰੰਗ ਜੇ ਇਕ ਨਾ ਹੁੰਦਾ ਤਾਂ ਇਹ ਪਛਾਣ ਕਿੰਨੀ ਸੌਖੀ ਹੁੰਦੀ? ਇਤਿਹਾਸ ਹਰ ਵੇਲੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸਿਰ ਦੀ ਮੰਗ ਕਰਦਾ ਹੈ।
ਮੀਡੀਆ ਪੁਰਾਣ ਇਸ 'ਟੁਕੜੇ ਟੁਕੜੇ ਗੈਂਗ' ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ। ਪੁਰਾਣਾਂ ਦੀ ਵੀ ਆਪਣੇ ਸਮੇਂ ਵਿਚ ਇਹੋ ਭੂਮਿਕਾ ਰਹੀ ਹੈ। ਯਾਦ ਕਰੋ, ਅਸੁਰ ਕੌਣ ਸਨ? ਮੁੱਖਧਾਰਾ ਦੀ ਭਗਤੀ ਸਿਆਸਤ ਦੇ ਵਿਰੋਧੀ। ਪੁਰਾਣ ਦੱਸਦੇ ਹਨ ਕਿ ਅਸੁਰ/ਰਾਖਸ਼ ਭਗਤੀ/ਬ੍ਰਾਹਮਣੀ ਵਿਚਾਰਧਾਰਾ ਤੋਂ ਕਿਤੇ ਬਲਵਾਨ ਅਤੇ ਤਾਕਤਵਰ ਸਨ। ਮੀਡੀਆ ਵੀ ਇਹ ਗਵਾਹੀ ਦੇ ਰਿਹਾ ਹੈ ਕਿ 'ਟੁਕੜੇ ਟੁਕੜੇ ਗੈਂਗ' ਕਿੰਨੇ ਬਲਵਾਨ ਹਨ। ਹਾਕਮੀ ਰਿਆਸਤੀ ਤਾਕਤ, ਮੀਡੀਆ ਪੁਰਾਣ ਦੇ ਬਾਵਜੂਦ ਲੋਕ ਵਿਰੋਧੀ ਕਾਨੂੰਨ ਦੇ ਹੱਕ ਵਿਚ ਭਾੜੇ ਦੇ ਮੁਜ਼ਾਹਰੇ ਕਰਵਾਏ ਜਾ ਰਹੇ ਹਨ। ਇਹ ਮੁਜ਼ਾਹਰਾਕਾਰੀ ਸੁਰਾਂ ਦੀ ਹਾਕਮੀ ਭਗਤੀ ਵਿਚ ਪ੍ਰਹਿਲਾਦ ਵਾਂਗ ਹਰਨਾਕਸ਼ਪ/ਹਰਨਾਖਸ਼ ਦੇ ਵਧ ਲਈ ਨਰਸਿੰਘ ਅਵਤਾਰ ਦੀ ਸ਼ਰਨ ਵਿਚ ਹਨ।
ਹਰਨਾਕਸ਼ਪ ਦੀ ਮਿੱਥ ਨਾਲ ਅੱਜ ਦਾ ਕੀ ਸਬੰਧ ਬਣਦਾ ਹੈ? ਵਰਤਮਾਨ ਨੂੰ ਕਿਉਂਕਿ ਬੀਂਡੀ ਪਾ ਕੇ 'ਮਨੂ ਸਮਰਿਤੀ' ਕਾਲ ਵਿਚ ਖਿੱਚਣ ਦਾ ਪੂਰਾ ਤਾਣ ਲਾਇਆ ਜਾ ਰਿਹਾ ਹੈ, ਇਸ ਲਈ ਹਰਨਾਕਸ਼ਪ ਦੀ ਮਿੱਥ ਦੁਹਰਾਉਂਦੇ ਹਾਂ। ਹਰਨਾਕਸ਼ਪ ਤਾਕਤਵਰ ਅਸੁਰ ਰਾਜਾ ਸੀ ਜਿਸ ਨੂੰ ਸ਼ਿਵਾ ਤੋਂ ਵਰਦਾਨ ਮਿਲਿਆ ਹੋਇਆ ਸੀ (ਕਿਉਂਕਿ ਅਸੁਰ ਸ਼ੈਵ ਸਨ) ਕਿ ਨਾ ਉਹ ਦਿਨੇ ਮਰੇਗਾ ਨਾ ਰਾਤ ਨੂੰ, ਨਾ ਅੰਦਰ ਮਰੇਗਾ ਨਾ ਬਾਹਰ, ਨਾ ਧਰਤੀ ਉੱਤੇ ਮਰੇਗਾ ਨਾ ਅਸਮਾਨ ਵਿਚ, ਨਾ ਸਰਦੀ ਵਿਚ ਮਰੇਗਾ ਨਾ ਗਰਮੀ ਵਿਚ, ਨਾ ਆਦਮੀ ਤੋਂ ਮਰੇਗਾ ਨਾ ਜਾਨਵਰ ਤੋਂ। ਇਸੇ ਵਰਦਾਨ ਸਦਕਾ ਉਸ ਨੇ ਸੁਰਾਂ ਦੀ ਵਿਚਾਰਧਾਰਕ ਰਾਮ ਭਗਤੀ ਦੀ ਬਜਾਏ ਅਸੁਰਾਂ ਦੇ ਰਾਜ ਨੂੰ ਵੱਧ ਤਾਕਤਵਰ ਬਣਾ ਲਿਆ ਅਤੇ ਰਾਮ ਭਗਤੀ ਦਾ ਵਿਚਾਰ ਰੱਦ ਕਰ ਦਿੱਤਾ। ਪ੍ਰਹਿਲਾਦ ਹਰਨਾਕਸ਼ਪ ਦਾ ਛੋਟਾ ਪੁੱਤਰ ਸੀ। ਉਸ ਨੇ ਅਸੁਰ ਹਰਨਾਕਸ਼ਪ ਦੀ ਡੰਡੌਤ ਕਰਨ ਦੀ ਬਜਾਏ ਸੁਰਾਂ ਦੇ ਰਾਮ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਹਰਨਾਕਸ਼ਪ ਨੇ ਪ੍ਰਹਿਲਾਦ ਨੂੰ ਦਰਬਾਰ ਵਿਚ ਬੁਲਾਇਆ ਅਤੇ ਕਿਹਾ ਕਿ ਮੇਰੀ ਬਜਾਏ ਰਾਮ ਦੀ ਭਗਤੀ ਕਿਉਂ ਕਰਦਾ ਹੈਂ। ਪ੍ਰਹਿਲਾਦ ਨੇ ਕਿਹਾ ਮੈਨੂੰ ਮਾਂ ਨੇ ਹਮੇਸ਼ਾਂ ਰਾਮ ਦੀ ਭਗਤੀ ਹੀ ਸਿਖਾਈ ਹੈ। ਹਰਨਾਕਸ਼ਪ ਇਸ ਉੱਪਰ ਕਹਿਰਵਾਨ ਹੋ ਗਿਆ। ਉਸ ਨੇ ਪ੍ਰਹਿਲਾਦ ਨੂੰ ਤਪਦੇ ਥੰਮ੍ਹ ਨਾਲ ਜੱਫ਼ੀ ਪਾਉਣ ਦਾ ਹੁਕਮ ਦਿੱਤਾ। ਪ੍ਰਹਿਲਾਦ ਛੋਟਾ ਸੀ ਅਤੇ ਡਰ ਗਿਆ। ਉਸ ਨੇ ਕਿਹਾ- 'ਓ ਰਾਮ ਤੂੰ ਮੇਰਾ ਪਾਲਕ ਹੈਂ, ਮੈਨੂੰ ਬਚਾ। ਮੈਂ ਤੈਨੂੰ ਪਿਆਰਦਾ ਹਾਂ। ਮੈਂ ਤੇਰੇ ਅੱਗੇ ਅਰਦਾਸ ਕਰਦਾਂ, ਮੈਨੂੰ ਬਚਾ।' ਇਹ ਅਰਦਾਸ ਤੋਂ ਬਾਅਦ ਪ੍ਰਹਿਲਾਦ ਨੂੰ ਤਪਦੇ ਥੰਮ੍ਹ ਉੱਤੇ ਨਿੱਕੀ ਜਿਹੀ ਕੀੜੀ ਤੁਰਦੀ ਨਜ਼ਰ ਆਈ। ਪ੍ਰਹਿਲਾਦ ਨੇ ਦੌੜ ਕੇ ਥੰਮ੍ਹ ਨੂੰ ਜੱਫ਼ੀ ਪਾ ਲਈ। ਥੰਮ੍ਹ ਐਨ ਠੰਢਾ ਸੀ। ਥੰਮ੍ਹ ਪਾਟ ਗਿਆ ਅਤੇ ਉਸ ਵਿਚੋਂ ਨਰ ਸਿੰਘ ਅਵਤਾਰ ਪਰਗਟ ਹੋਏ। ਉਸ ਦਾ ਅੱਧਾ ਉਪਰਲਾ ਧੜ ਸ਼ੇਰ ਦਾ ਅਤੇ ਹੇਠਲਾ ਅੱਧਾ ਧੜ ਆਦਮੀ ਦਾ ਸੀ। ਉਸ ਨੇ ਸਰਦਲਾਂ ਵਿਚ ਹਰਨਾਕਸ਼ਪ ਨੂੰ ਪੱਟਾਂ ਉੱਤੇ ਲੰਮਾ ਪਾ ਲਿਆ। ਇਹ ਨਾ ਧਰਤੀ ਸੀ ਨਾ ਅਸਮਾਨ। ਗਰਮੀ ਅਤੇ ਸਰਦੀ ਦੀ ਵਿਚਕਾਰਲੀ ਰੁੱਤ ਦਾ ਸਮਾਂ ਸੀ। ਉਹ ਨਾ ਨਰ ਸੀ ਨਾ ਆਦਮੀ। ਨਰ ਸਿੰਘ। ਉਸ ਨੇ ਆਪਣੇ ਪੰਜੇ ਉਸ ਦੀ ਹਿੱਕ ਵਿਚ ਗੱਡ ਦਿੱਤੇ ਅਤੇ ਅਸੁਰ ਹਰਨਾਕਸ਼ਪ ਦਾ ਰਾਜ ਸਮਾਪਤ ਕਰਕੇ ਰਾਮ ਭਗਤੀ ਦਾ ਆਰੀਅਨ ਰਾਜ ਪੱਕਿਆਂ ਕੀਤਾ ਜਿਸ ਵਿਚ ਪ੍ਰਹਿਲਾਦ ਸੰਤੁਸ਼ਟ ਹੋ ਕੇ ਰਾਮ ਭਗਤੀ ਵਿਚ ਰੁੱਝ ਗਿਆ।
ਇਹ ਪੁਰਾਣ ਕਥਾ ਅਸੁਰਾਂ ਦਾ ਇਤਿਹਾਸ ਦੱਸਦੀ ਹੈ ਕਿ ਉਹ ਕਿੰਨੇ ਬਲਵਾਨ ਸਨ। ਅਸੁਰ ਦਾ ਅਰਥ ਉਹ ਸਾਰੇ ਲੋਕ ਜੋ ਮੁੱਖਧਾਰਾ ਦੀ ਭਗਤੀ ਵਿਚਾਰਧਾਰਾ ਤੋਂ ਆਕੀ ਸਨ। ਇਸ 'ਅਸੁਰ' ਜਨਤਾ 'ਚੋਂ ਪ੍ਰਹਿਲਾਦ ਉਧਾਲ ਕੇ ਉਨ੍ਹਾਂ ਦੀ ਤਾਕਤ ਨੂੰ ਖੋਰਾ ਲਾਇਆ ਜਾਂਦਾ ਹੈ, ਜਿਵੇਂ ਐੱਨਏਏ, ਐੱਨਆਰਸੀ, ਐੱਨਪੀਆਰ ਦੇ ਹੱਕ 'ਚ ਜਲੂਸ ਕੱਢਦੇ ਸਪਾਂਸਰ/ਭਗਤ ਕਾਰਕੁਨ, ਜਿਨ੍ਹਾਂ ਨੂੰ ਵੀ ਨਾਗਰਿਕਤਾ ਸਾਬਿਤ ਕਰਨੀ ਪੈਣੀ ਹੈ ਕਿ ਉਹ ਇਸ ਦੇਸ਼ ਦੇ ਨਾਗਰਿਕ ਹਨ ਜਾਂ ਨਹੀਂ। ਕੀ ਅੱਜ ਦੇ ਹਾਕਮ ਤੇ ਮੀਡੀਆ ਪੁਰਾਣ ਪੁਰਾਣਿਕ ਵਿਆਖਿਆ ਨਹੀਂ ਕਰ ਰਹੇ? ਜਿੱਥੇ ਪੜ੍ਹੇ ਲਿਖੇ ਲੋਕਾਂ ਦੀ ਤਾਕਤ ਨੂੰ 'ਟੁਕੜੇ ਟੁਕੜੇ ਗੈਂਗ'/ਅਸੁਰ ਦੱਸਿਆ ਜਾ ਰਿਹਾ ਹੈ (ਜਮਹੂਰੀਅਤ ਤਾਂ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਵਾਸਤੇ ਕਹੀ ਜਾਂਦੀ ਹੈ)। ੳਵਾਮ/ਟੁਕੜੇ ਟੁਕੜੇ ਗੈਂਗ ਦੀ ਦੇਸ਼ ਭਗਤੀ ਤੋਂ ਤ੍ਰਭਕਿਆ ਨਰ ਸਿੰਘ ਰਾਮ ਲੀਲ੍ਹਾ ਮੈਦਾਨ 'ਚ ਫਾਊਲ ਖੇਡਦਿਆਂ ਭਗਵਾਨ ਕ੍ਰਿਸ਼ਨ ਵਾਂਗ ਦਿਨ ਨੂੰ ਰਾਤ ਵਿਚ ਤਬਦੀਲ ਕਰ ਦਿੰਦਾ ਹੈ। ਬਾਬਰ ਤਾਂ ਜਰਵਾਣਾ ਸੀ ਜਿਹੜਾ ਬਾਬਾ ਨਾਨਕ ਦੇ ਸ਼ਬਦਾਂ ਵਿਚ 'ਪਾਪ ਕੀ ਜੰਞ ਲੈ ਕਾਬਲਹੁ ਧਾਇਆ' ਸੀ ਪਰ ਅੱਜ ਦਾ ਹਾਕਮ ਕਾਇਰ ਹੈ। 'ਅੰਧੀ ਰਯਤਿ ਗਿਆਨ ਵਿਹੂਣੀ' ਜੇ ਗਿਆਨਵਾਨ ਹੋ ਕੇ ਆਪਣੇ ਹੱਕਾਂ ਦਾ ਮੁਜ਼ਾਹਰਾ ਕਰੇ ਤਾਂ ਜਨਤਾ ਨੂੰ ਹੀ ਪਾਪ ਕੀ ਜੰਞ/ਟੁਕੜੇ ਟੁਕੜੇ ਗੈਂਗ ਦੇ ਲਕਬ 'ਚ ਬੰਨ੍ਹ ਦੇਣਾ ਸਾਡੇ ਸਮੇਂ ਦੀ ਕਰੂਰ ਹਕੀਕਤ ਹੈ।
ਬ੍ਰਾਹਮਣਵਾਦ, ਹਿੰਦੂਤਵ, ਧੱਕੜਸ਼ਾਹ ਨਿਜ਼ਾਮ ਅਤੇ ਫਾਸ਼ੀਵਾਦ ਗਿਆਨ ਦੇ ਪੱਕੇ ਦੁਸ਼ਮਣ ਹੁੰਦੇ ਹਨ। ਉਹ ਸਿਰਾਂ ਨਾਲ ਸੋਚਣ ਵਾਲਿਆਂ ਦੇ ਹਮੇਸ਼ਾ ਸਿਰਾਂ ਤੇ ਵਾਰ ਕਰਦੇ ਹਨ, ਭਾਵੇਂ ਉਹ ਹਿਟਲਰ ਹੋਵੇ, ਮਸੋਲਿਨੀ, ਸਟਾਲਿਨ ਜਾਂ ਜਾਰਜ ਬੁਸ਼। ਅੱਜ ਹਾਕਮਾਨਾ ਤਾਕਤ ਬੁਸ਼ ਵਾਂਗ ਇਹ ਦੁਹਰਾ ਰਹੀ ਹੈ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਹੋ ਤਾਂ ਤੁਸੀਂ ਵਿਦਵਾਨ ਸਿਰਾਂ, ਭਾਵ ਟੁਕੜੇ ਟੁਕੜੇ ਗੈਂਗ/ਅਰਬਨ ਨਕਸਲ/ਮਾਓਵਾਦੀਆਂ ਦੇ ਨਾਲ ਹੋ। ਲਾਇਬ੍ਰੇਰੀਆਂ ਤੇ ਹਮਲੇ, ਔਰਤਾਂ ਤੇ ਹਮਲੇ, ਅਰੁੰਧਤੀ ਰਾਏ ਖ਼ਿਲਾਫ਼ ਸ਼ਿਕਾਇਤ ਇਸ ਗੱਲ ਦੇ ਸੂਚਕ ਹਨ ਕਿ ਹਾਕਮ, ਸਿਰਾਂ ਵਾਲਿਆਂ/ਸੋਚਣ ਵਾਲਿਆਂ ਗਿਆਨਵਾਨ ਲੋਕਾਂ ਤੋਂ ਡਰੇ ਹੋਏ ਉਨ੍ਹਾਂ ਦੇ ਸਿਰ ਫਿਹਣ ਲਈ ਕਾਹਲ਼ੇ ਹਨ। ਪੁਲੀਸ ਉਨ੍ਹਾਂ ਦੇ ਸਿਰ ਫਿਹਣ ਲਈ ਉਨ੍ਹਾਂ ਦੇ ਘਰ ਘਰ ਪਹੁੰਚ ਰਹੀ ਹੈ। ਸਾਡੇ ਦੇਸ਼ ਦਾ ਫੌਜੀ ਜਰਨੈਲ ਵੀ ਪਿੱਛੇ ਨਹੀਂ ਰਿਹਾ। ਉਹ ਦੇਸ਼ ਦੇ ਦੁਸ਼ਮਣਾਂ ਨਾਲ ਆਢਾ ਲੈਣ ਦੀ ਬਜਾਇ ਵਿਖਾਵਾਕਾਰੀ ਨਿਹੱਥੇ ਅਵਾਮ ਦਾ ਸਿਰ ਫਿਹਣ ਦਾ ਫਤਵਾ ਜਾਰੀ ਕਰਦਾ ਹੈ। ਸਭ ਸੰਸਥਾਵਾਂ 'ਅਸੁਰਾਂ' ਦੇ ਸਿਰ ਫਿਹਣ ਲਈ 'ਨਰ ਸਿੰਘ' ਦੀ ਭਗਤੀ ਵਿਚ ਲੀਨ ਹਨ।
ਵਿਦਿਆਰਥੀ/ਨੌਜੁਆਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਅੱਜ ਜੋ ਸਲੂਕ ਉਨ੍ਹਾਂ ਨਾਲ ਕੀਤਾ ਜਾ ਰਿਹਾ, ਅਜਿਹਾ ਦੁਸ਼ਮਣ ਨਾਲ ਵੀ ਨਹੀਂ ਕੀਤਾ ਜਾ ਸਕਦਾ। ਬਾਬਰ ਜਰਵਾਣਾ ਸੀ। ਪਾਣੀਪਤ ਦੀ ਲੜਾਈ ਹਾਰਨ ਵਾਲੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੇ ਲਾਪਤਾ ਹੋ ਜਾਣ ਤੇ ਬਾਬਰ ਨੇ ਹੁਕਮ ਦਿੱਤਾ ਕਿ ਸੁਲਤਾਨ ਦੀ ਭਾਲ ਕੀਤੀ ਜਾਵੇ। ਜੇ ਉਹ ਭੱਜ ਗਿਆ ਹੋਵੇ ਤਾਂ ਉਸ ਨੂੰ ਇੱਥੇ ਲਿਆ ਕੇ ਫਾਹੇ ਲਾਇਆ ਜਾਵੇ। ਇੰਨੇ ਚਿਰ ਨੂੰ ਇਕ ਫੌਜੀ ਜਰਨੈਲ ਸੁਲਤਾਨ ਦਾ ਸਿਰ ਵੱਢ ਕੇ ਲੈ ਆਇਆ ਅਤੇ ਕਿਹਾ ਕਿ ਉਹ ਇਸ ਜੰਗ ਵਿਚ ਹੀ ਮਾਰਿਆ ਗਿਆ ਤਾਂ ਬਾਬਰ ਨੇ ਹੁਕਮ ਦਿਤਾ ਕਿ ਇਸ ਨੂੰ ਇਥੇ ਹੀ ਸਪੁਰਦੇ-ਖ਼ਾਕ ਕਰਕੇ ਮਕਬਰਾ ਬਣਾ ਦਿੱਤਾ ਜਾਵੇ। ਉਹ ਬਹਾਦਰ ਸੀ ਅਤੇ ਬਹਾਦਰਾਂ ਵਾਂਗ ਲੜ ਕੇ ਮਰਿਆ ਹੈ। ਇਸ ਦੀ ਇੱਜ਼ਤ ਕਰਨੀ ਬਣਦੀ ਹੈ।
ਬਾਬਰ ਦੇ ਪੜਦਾਦੇ ਤੈਮੂਰ ਲੰਗ ਨੇ ਆਪਣੇ ਮੰਤਰੀਆਂ ਨੂੰ ਕਿਹਾ - ਮੈਂ ਤੁਹਾਨੂੰ ਬਰਾਬਰ ਬਿਠਾਉਣ ਦੀ ਬਜਾਏ ਵਿਦਵਾਨਾਂ/ਲੇਖਕਾਂ ਨੂੰ ਕਿਉਂ ਬਰਾਬਰ ਬਿਠਾਉਂਦਾ ਹਾਂ। ਦਰਬਾਰੀਆਂ ਨੇ ਪੁਛਿਆ- ਕਿਉਂ? ਤੈਮੂਰ ਨੇ ਕਿਹਾ ਕਿ ਖਵੀਸੋ! ਤੁਸੀਂ ਤਾਂ ਆਪਣੇ ਫਾਇਦਿਆਂ ਲਈ ਮੈਨੂੰ ਖੁਸ਼ ਕਰਨ ਦਾ ਯਤਨ ਕਰਦੇ ਹੋ ਅਤੇ ਮੇਰੀ ਮੱਤ ਤੇ ਹਓਮੈ/ਗ਼ਰੂਰ ਦਾ ਪਰਦਾ ਪਾ ਦਿੰਦੇ ਹੋ ਪਰ ਇਹ ਵਿਦਵਾਨ/ਲੇਖਕ ਮੇਰੀ ਅਲੋਚਨਾ/ਤਨਕੀਦ ਰਾਹੀਂ ਮੇਰੀ ਮੱਤ ਵਿਚ ਜੰਮੇ ਜਾਲ਼ੇ ਲਾਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਮੇਰੇ ਕੋਲੋਂ ਕੋਈ ਲਾਲਚ ਨਹੀਂ ਹੈ। ਇਨ੍ਹਾਂ ਦੁਆਰਾ ਕੀਤੀ ਅਲੋਚਨਾ ਮੇਰਾ ਰਾਹ ਰੌਸ਼ਨ ਕਰਦੀ ਹੈ।
ਛੇ ਸੱਤ ਸਦੀਆਂ ਬਾਅਦ ਮੇਰੇ ਦੇਸ਼ ਦਾ ਲੇਖਕ/ਵਿਦਵਾਨ ਜੇਲ੍ਹਾਂ, ਕਚਹਿਰੀਆਂ ਵਿਚ ਰੁਲਣ ਲਈ ਮਜਬੂਰ ਹੈ, ਕਿਉਂਕਿ ਉਹ ਪੀੜਤ ਵਿਦਿਆਰਥੀਆਂ, ਨੌਜੁਆਨਾਂ ਅਤੇ ਅਵਾਮ ਦਾ ਰਾਹ ਰੌਸ਼ਨ ਕਰਨ ਦਾ ਜੋਖ਼ਿਮ ਮੁੱਲ ਲੈ ਰਿਹਾ ਹੈ। ਉਹ ਅਰਬਨ ਨਕਸਲ, ਟੁਕੜੇ ਟੁਕੜੇ ਗੈਂਗ ਦੇ ਹਿੱਸੇ ਵਜੋਂ ਦੁਰਕਾਰਿਆ ਜਾ ਰਿਹਾ ਹੈ। ਬਾਬਾ ਨਾਨਕ ਆਖਦੇ ਨੇ- 'ਦੁਖੁ ਦਾਰੂ ਸੁਖੁ ਰੋਗ ਭਇਆ।' ਇਹ ਦੁੱਖ ਹੀ ਇਨ੍ਹਾਂ ਵਿਦਵਾਨਾਂ/ਲੇਖਕਾਂ/ ਵਿਦਿਆਰਥੀਆਂ/ਅਵਾਮ ਲਈ ਗਿਆਨ ਦਾ ਦਾਰੂ ਬਣਨਾ ਹੈ। ਇਹ ਕੌੜੀ ਦਵਾਈ ਪੀਤੇ ਬਿਨਾਂ ਦੁੱਖਾਂ ਤੋਂ ਮੁਕਤੀ ਅਸੰਭਵ ਹੈ। ਅਸੀਂ ਆਪਣਾ ਮੂਲ ਪਛਾਣਨ ਵੱਲ ਮਰ ਮਰ ਜਿਉਂਦੇ ਹੋਏ ਹੀ ਪੁਲਾਂਘ ਪੁੱਟ ਸਕਾਂਗੇ। ਜਮਹੂਰੀਅਤ ਅਤੇ ਸੰਵਿਧਾਨ ਸਾਡੇ ਪੁਰਖਿਆਂ ਨੇ ਜਨਤਾ ਦੇ ਸੁੱਖ ਲਈ ਸਾਡੀ ਝੋਲੀ ਪਾਇਆ ਹੈ। ਜੇ ਅੱਜ ਇਸ ਦੀ ਰਾਖੀ ਦੀ ਜ਼ਰੂਰਤ ਹੈ, ਕੋਈ ਤਾਂ ਕੀਮਤ ਸਾਨੂੰ ਵੀ ਦੇਣੀ ਪਵੇਗੀ।
ਸੰਪਰਕ : 98140-99426