ਜਿਸਨੇ ਦੇਸ਼ ਦੀ ਕਿਸਮਤ ਨੂੰ ਬਦਲ ਦਿੱਤਾ - ਜਸਵੰਤ ਸਿੰਘ 'ਅਜੀਤ'
ਬੀਤੇ ਦਿਨੀਂ ਫੇਸਬੁਕ ਤੇ ਇੱਕ ਅਜਿਹੀ ਪੋਸਟ ਪੜ੍ਹਨ ਨੂੰ ਮਿਲੀ, ਜਿਸਦੇ ਰਚਨਾਕਾਰ ਆਸ਼ੂਤੋਸ ਰਾਣਾ ਅਨੁਸਾਰ ਸਾਡੇ ਦੇਸ਼ ਦਾ ਇਤਿਹਾਸ ਅਜਿਹੀਆਂ ਅਨੇਕਾਂ ਘਟਨਾਵਾਂ ਨਾਲ ਭਰਿਆ ਹੋਇਆ ਹੈ, ਜੇਕਰ ਉਨ੍ਹਾਂ ਤੋਂ ਸਿਖਿਆ ਲੈਣ ਦਾ ਕ੍ਰਮ ਜਾਰੀ ਰਖਿਆ ਜਾਂਦਾ ਤਾਂ ਅੱਜ ਸਾਡਾ ਦੇਸ਼ ਸੰਸਾਰ ਦੇ ਚੋਟੀ ਦੇਸ਼ਾਂ ਵਿੱਚ ਸ਼ੁਮਾਰ ਹੋ ਗਿਆ ਹੁੰਦਾ। ਉਹ ਲਿਖਦਾ ਹੈ ਕਿ ਜਦੋਂ ਬਾਬਰ ਆਪਣੀ ਘੋੜ ਸਵਾਰ ਤੇ ਪੈਦਲ ਸੈਨਾ ਦੇ ਨਾਲ ਭਾਰਤ ਵਲ ਵਧਿਆ ਤਾਂ ਉਸਦੇ ਨਾਲ ਕੇਵਲ ਦਸ ਹਜ਼ਾਰ ਦੇ ਲਗਭਗ ਹੀ ਸੈਨਿਕ ਸਨ। ਇੱਕ ਪੱਧਰ ਤਾਂ ਉਸਦੇ ਮਨ ਵਿੱਚ ਖਿਆਲ ਆਇਆ ਕਿ ਉਹ ਇੱਤਨੇ ਘਟ ਸੈਨਿਕਾਂ ਨਾਲ ਹਿੰਦੁਸਤਾਨ ਵਰਗੇ ਵਿਸ਼ਾਲ ਦੇਸ਼ ਨੂੰ ਕਿਵੇਂ ਜਿੱਤ ਸਕੇਗਾ? ਇਸ ਖਿਆਲ ਦੇ ਆਉਂਦਿਆਂ ਹੀ ਉਸਨੇ ਫੌਜ ਦਾ ਮੂੰਹ ਵਾਪਸ ਆਪਣੇ ਦੇਸ਼ ਵਲ ਮੋੜ ਲੈਣ ਦਾ ਵਿਚਾਰ ਬਣਾ ਲਿਆ। ਜਿਸ ਸਮੇਂ ਉਸਦੇ ਦਿਲ ਵਿੱਚ ਇਹ ਖਿਆਲ ਆਇਆ, ਉਸ ਸਮੇਂ ਰਾਤ ਦਾ ਹਨੇਰਾ ਵੱਧਦਾ ਜਾ ਰਿਹਾ ਸੀ। ਇਸਲਈ ਉਸਨੇ ਫੈਸਲਾ ਕੀਤਾ ਕਿ ਉਹ ਸਵੇਰੇ ਹੀ ਸੈਨਾ ਦੇ ਸਾਹਮਣੇ ਆਪਣੇ ਇਸ ਫੈਸਲੇ ਦਾ ਐਲਾਨ ਕਰ, ਵਾਪਸ ਆਪਣੇ ਵਤਨ ਵਲ ਮੁਹਾਰਾਂ ਮੌੜ ਲੈਣ ਦੀ ਹਿਦਾਇਤ ਦੇ ਦੇਵੇਗਾ। ਇਸੇ ਉਧੇੜ-ਬੁੰਨ ਵਿੱਚ ਹੀ ਸੀ ਕਿ ਅਚਾਨਕ ਉਸਨੇ ਵਿਸ਼ਾਲ ਭਾਰਤੀ ਸੈਨਾ ਦੇ ਕੈਂਪ ਵਿੱਚ ਕਈ ਵੱਖ-ਵੱਖ ਥਾਵਾਂ ਤੋਂ ਬਲਦੀ ਅੱਗ ਦੀਆਂ ਰੋਸ਼ਨੀਆਂ ਉਭਰਦੀਆਂ ਵੇਖੀਆ। ਉਸ ਤੁਰੰਤ ਹੀ ਆਪਣੇ ਸੂਹੀਆਂ ਨੂੰ ਇਨ੍ਹਾਂ ਬਲਦੀ ਅੱਗ ਦੀਆਂ ਰੋਸ਼ਨੀਆਂ ਦੇ ਸੰਬੰਧ ਵਿੱਚ ਜਾਣਕਾਰੀ ਹਾਸਿਲ ਕਰਨ ਲਈ ਭੇਜ ਦਿੱਤਾ। ਕੁਝ ਹੀ ਦੇਰ ਵਿੱਚ ਉਨ੍ਹਾਂ ਸੁਹੀਆਂ ਨੇ ਵਾਪਸ ਆ ਉਸਨੂੰ ਦਸਿਆ ਕਿ ਇਹ ਉਨ੍ਹਾਂ ਵੱਖ-ਵੱਖ ਚੁਲ੍ਹਿਆਂ ਵਿੱਚ ਬਲ ਰਹੀ ਅੱਗ ਦੀ ਰੋਸ਼ਨੀ ਹੈ, ਜਿਨ੍ਹਾਂ ਪੁਰ ਹਿੰਦੁਸਤਾਨੀ ਸੈਨਿਕ ਆਪੋ-ਆਪਣੀ ਰਸੋਈ ਬਣਾ ਰਹੇ ਹਨ। ਇਹ ਸਾਰੇ ਆਪਣੇ ਦੇਸ਼ ਵਿੱਚਲੇ ਵੱਖ-ਵੱਖ ਵਰਗਾਂ ਅਤੇ ਜਾਤੀਆਂ ਨਾਲ ਸੰਬੰਧਤ ਹਨ। ਇਹ ਲੋਕੀ ਇੱਕ-ਦੂਜੇ ਦੇ ਹੱਥ ਦਾ ਬਣਿਆ ਖਾਣਾ ਛੂਹੰਦੇ ਤਕ ਨਹੀਂ, ਖਾਣਾ ਤਾਂ ਦੂਰ ਰਿਹਾ।
ਇਹ ਸੁਣ ਬਾਬਰ ਦੀਆਂ ਅੱਖਾਂ ਵਿੱਚ ਇੱਕ ਚਮਕ ਜਿਹੀ ਆ ਗਈ ਤੇ ਉਸਨੇ ਝਟ ਹੀ ਵਾਪਸ ਮੁੜਨ ਦਾ ਫੈਸਲਾ ਤਿਆਗ ਦਿੱਤਾ, ਕਿਉਂਕਿ ਸੁਹੀਆਂ ਵਲੋਂ ਦਿੱਤੀ ਗਈ ਜਾਣਕਾਰੀ ਤੋਂ ਉਸਨੂੰ ਵਿਸ਼ਵਾਸ ਹੋ ਗਿਆ ਕਿ ਜਿਸ ਮੁਲਕ ਦੀ ਸੈਨਾ ਦੇ ਸਿਪਾਹੀ ਤੱਕ ਇੱਕ-ਦੂਜੇ ਦੇ ਹੱਥ ਦੀ ਰੋਟੀ ਨਹੀਂ ਖਾਂਦੇ 'ਤੇ ਇੱਕ ਦੂਜੇ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ, ਉਸ ਮੁਲਕ ਨੂੰ ਜਿਤਣਾ ਉਸ ਲਈ ਕੋਈ ਮੁਸ਼ਕਿਲ ਨਹੀਂ ਹੋਵੇਗਾ। ਬਸ ਫਿਰ ਕੀ ਸੀ, ਉਸਨੇ ਆਪਣੀ ਸੈਨਾ ਦੀਆਂ ਮੁਹਾਰਾਂ ਹਿੰਦੇਸਤਾਨ ਵਲ ਹੀ ਰਖੀਆਂ। ਇਤਿਹਾਸ ਗੁਆਹ ਹੈ ਕਿ ਉਸਨੇ ਮਾਤ੍ਰ ਦਸ ਹਜ਼ਾਰ ਦੀ ਸੈਨਾ ਦੇ ਨਾਲ ਹੀ ਵਿਸ਼ਾਲ ਹਿੰਦੁਸਤਾਨ ਵਿੱਚ ਮੁਗਲ ਰਾਜ ਦੀ ਮਜ਼ਬੂਤ ਨੀਂਹ ਰੱਖ ਦਿੱਤੀ।
ਇਕ ਖਦਸ਼ਾ, ਜੋ ਸੱਚ ਸਾਬਤ ਹੋਇਆ : ਸਿਰਦਾਰ ਕਪੂਰ ਸਿੰਘ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਡਾ. ਹਰਪਾਲ ਸਿੰਘ ਪਨੂੰ ਦਾ ਇਕ ਮਜ਼ਮੂਨ ਨਜ਼ਰਾਂ ਵਿਚੋਂ ਗੁਜ਼ਰਿਆ ਸੀ, ਜਿਸ ਵਿਚ ਉਨਾ੍ਹਂ ਜ: ਗੁਰਚਰਨ ਸਿੰਘ ਟੌਹੜਾ ਅਤੇ ਸਿਰਦਾਰ ਕਪੂਰ ਸਿੰਘ ਦੀ ਆਪਸ ਵਿੱਚ ਹੋਈ ਇਕ ਮੁਲਾਕਾਤ ਦਾ ਜ਼ਿਕਰ ਕੀਤਾ ਹੈ। ਇਸ ਮੁਲਾਕਾਤ ਦੌਰਾਨ ਜ: ਗੁਰਚਰਨ ਸਿੰਘ ਟੌਹੜਾ ਨੇ ਸਿਰਦਾਰ ਕਪੂਰ ਸਿੰਘ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਮਰੀਕਾ ਵਿਚ ਸਿੱਖੀ ਦੇ ਪ੍ਰਚਾਰ ਦੀ ਜ਼ਿਮੇਂਦਾਰੀ ਸੰਭਾਲ ਲੈਣ, ਜਿਤਨਾ ਵੀ ਖਰਚ ਹੋਵੇਗਾ, ਸ਼੍ਰੋਮਣੀ ਕਮੇਟੀ ਵਲੋਂ ਉਸਦਾ ਪ੍ਰਬੰਧ ਕਰ ਦਿਤਾ ਜਾਇਗਾ। ਜ: ਟੌਹੜਾ ਦੀ ਇਹ ਗਲ ਸੁਣ ਕੇ ਸਿਰਦਾਰ ਕਪੂਰ ਸਿੰਘ ਨੇ ਕਿਹਾ ਕਿ ਮੈਂਨੂੰ ਇਥੋਂ 'ਦਫਾ' ਕਰ, ਤੁਸੀਂ ਪੰਥ ਨੂੰ ਕਿਸ ਕੋਲ ਤੇ ਕਿੰਨੇ ਦਾ ਵੇਚਣਾ ਜਾਂ ਗਹਿਣੇ ਰਖਣਾ ਚਾਹੁੰਦੇ ਹੋ? ਇਸਦੇ ਨਾਲ ਹੀ ਉਨਾ੍ਹਂ ਸਾਫ ਸ਼ਬਦਾਂ ਵਿਚ ਇਹ ਵੀ ਕਹਿ ਦਿਤਾ ਕਿ ਮੈਂ ਜਿਤਨਾ ਚਿਰ ਜੀਉਂਦਾ ਹਾਂ, ਪੰਥ ਦਾ ਚੌਕੀਦਾਰ ਬਣ ਕੇ ਪਹਿਰਾ ਦਿੰਦਾ ਰਹਾਂਗਾ ਅਤੇ ਤੁਹਾਡੇ ਤੇ ਬਾਕੀ ਜਥੇਦਾਰਾਂ ਦੇ ਆਸ-ਪਾਸ ਹੀ ਰਹਾਂਗਾ, ਕੀ ਪਤਾ ਤੁਸੀਂ ਕਦੋਂ ਪੰਥ ਨੂੰ ਵੇਚ ਦਿਉ। ਇਹ ਗਲ ਸੁਣ ਟੌਹੜਾ ਸਾਹਿਬ ਹਸ ਕੇ ਬੋਲੇ ਕਿ ਸਿਰਦਾਰ ਸਾਹਿਬ, ਤੁਸੀਂ ਮਾਲਕ ਹੋ. ਸਾਡੀ ਗਲ ਨੂੰ ਚੁਟਕੀਆਂ ਵਿਚ ਉਡਾਣ ਦਾ ਹਕ ਕੇਵਲ ਤੁਹਾਨੂੰ ਹੀ ਹੈ।
ਹੈ ਤਾਂ ਇਹ ਗਲ ਕਈ ਦਹਾਕੇ ਪੁਰਾਣੀ, ਪਰ ਅਜ, ਜਦੋਂ ਕਿ ਸਿਰਦਾਰ ਕਪੂਰ ਸਿੰਘ ਅਤੇ ਜ: ਗੁਰਚਰਨ ਸਿੰਘ ਟੌਹੜਾ, ਦੋਵੇਂ ਹੀ ਇਸ ਸੰਸਾਰ ਵਿਚ ਨਹੀਂ ਹਨ, ਸਿਰਦਾਰ ਕਪੂਰ ਸਿੰਘ ਵਲੋਂ ਕਹੀ ਗਲ ਬਿਲਕੁਲ ਸੱਚ ਸਾਬਤ ਹੋਈ ਵਿਖਾਈ ਦੇ ਰਹੀ ਹੈ। ਪੰਥਕ ਹਿਤਾਂ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵਲੋਂ ਸਿਖਾਂ ਦੀ ਵਖਰੀ ਪਛਾਣ ਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਦੀ ਗਲ ਤਾਂ ਕੀਤੀ ਜਾ ਰਹੀ ਹੈ, ਪ੍ਰੰਤੂ ਸਿੱਖ ਪੰਥ ਦੀ ਸੁਤੰਤਰ ਹੋਂਦ ਕਾਇਮ ਰਹਿਣ ਹੀ ਨਹੀਂ ਦਿਤੀ ਗਈ। ਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ ਕਿਸੇ ਨੇ ਸਿੱਖ ਪੰਥ ਦੀ ਰਾਜਸੀ ਹੋਂਦ ਭਰਤੀ ਜਨਤਾ ਪਾਰਟੀ ਪਾਸ ਗਹਿਣੇ ਰਖ ਦਿਤੀ ਹੈ ਤੇ ਕਿਸੇ ਨੇ ਉਸਨੂੰ ਕਾਂਗ੍ਰਸ ਦਾ ਪਿਛਲਗ ਬਣਾ ਦਿਤਾ ਹੋਇਆ ਹੈ।
ਬਹੁਤ ਔਖਾ ਹੈ ਸੱਚ ਸੁਣਨਾ ਤੇ ਸਹਿਣਾ: 'ਸੱਚ ਦਾ ਸਾਹਮਣਾ' ਕਰਨਾ ਕਿਤਨਾ ਮੁਸ਼ਕਲ ਹੈ? ਇਸ ਗਲ ਦਾ ਜਵਾਬ, ਕਾਫੀ ਸਮਾਂ ਪਹਿਲਾਂ ਇਕ ਨਿਜੀ ਟੀ ਵੀ ਚੈਨਲ 'ਤੇ ਪ੍ਰਸਾਰਤ ਹੁੰਦੇ ਰਹੇ ਇਕ ਸੀਰੀਅਲ਼ 'ਸੱਚ ਦਾ ਸਾਹਮਣਾ' ਦੇ ਸੰਬੰਧ ਵਿਚ ਦੇਸ਼ ਦੇ ਵਖ-ਵਖ ਖੇਤਰਾਂ ਵਿੱਚ ਚਲਦੀਆਂ ਰਹੀਆਂ ਚਰਚਾਵਾਂ ਨੂੰ ਗੰਭੀਰਤਾ ਨਾਲ ਘੋਖਿਆਂ ਸਹਿਜੇ ਹੀ ਮਿਲ ਸਕਦਾ ਹੈ। ਇਹ ਸੀਰੀਅਲ ਕਿਤਨੇ ਘਰਾਂ ਨੂੰ ਉਜਾੜਨ ਅਤੇ ਪਰਿਵਾਰਾਂ ਵਿਚ ਸ਼ਕ ਦੇ ਬੀਜ, ਬੀਜ ਕੇ ਤਬਾਹੀ ਵਲ ਧਕਣ ਦਾ ਕਾਰਣ ਬਣਦਾ ਰਿਹਾ, ਇਸਦਾ ਹਿਸਾਬ ਸ਼ਾਇਦ ਹੀ ਕਦੀ ਲਾਇਆ ਜਾ ਸਕੇਗਾ। ਜੋ ਲੋਕੀ ਪੈਸੇ ਦੇ ਲਾਲਚ ਵਿਚ ਛੋਟੇ ਪਰਦੇ ਤੇ ਆਪਣੇ ਜੀਵਨ ਦੇ ਲੰਮੇਂ ਸਮੇਂ ਤੋਂ ਛੁਪਾਈ ਚਲੇ ਆ ਰਹੇ ਸੱਚ ਤੋਂ ਪਰਦਾ ਚੁਕਣ ਦੀ 'ਦਲੇਰੀ' ਵਿਖਾ ਰਹੇ ਸਨ, ਜਾਣੇ-ਅਨਜਾਣੇ ਉਨ੍ਹਾਂ ਦੇ ਆਪਣੇ ਪਰਿਵਾਰਾਂ ਵਿੱਚ ਤਾਂ ਤਰੇੜਾਂ ਪੈਂਦੀਆਂ ਹੀ ਰਹੀਆਂ, ਇਸਦੇ ਨਾਲ ਹੀ ਇਸੇ ਸੱਚ ਦੇ ਸਹਾਰੇ ਕਈ ਹੋਰ ਪਰਿਵਾਰਾਂ ਵਿਚ ਵੀ ਸ਼ਕ ਤੇ ਅਵਿਸ਼ਵਾਸ ਦੀਆਂ ਦੀਵਾਰਾਂ ਖੜੀਆਂ ਹੁੰਦੀਆਂ ਚਲੀਆਂ ਗਈਆਂ। ਪਤੀ-ਪਤਨੀ ਇਕ ਦੂਜੇ ਨੂੰ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲਗੇ, ਬੱਚੇ ਆਪਣੇ ਮਾਤਾ-ਪਿਤਾ ਦੇ ਆਚਰਣ ਪੁਰ ਸੁਆਲੀਆ ਨਿਸ਼ਾਨ ਲਾਣ ਲਗ ਪਏ।
ਉਨ੍ਹਾਂ ਦਿਨਾਂ ਵਿੱਚ ਹੀ ਇਕ ਖਬਰ ਆਈ ਕਿ ਇਕ ਪਤਨੀ ਨੇ ਆਪਣੇ ਪਤੀ ਦੇ ਬਹੁਤ ਹੀ ਮਜਬੂਰ ਕਰਨ ਤੇ ਉਸਦੇ ਸਾਹਮਣੇ ਇਹ ਸੱਚ ਪ੍ਰਗਟ ਕਰ ਦਿਤਾ ਕਿ ਉਸਦੇ ਦੋਹਾਂ ਬਚਿਆਂ ਵਿਚੋਂ ਇਕ ਉਸਦਾ ਨਹੀਂ। ਕੁਝ ਸਮੇਂ ਬਾਅਦ ਹੀ ਉਸ ਨੇ ਘਰ ਆ ਆਪਣੇ ਪਤੀ ਨੂੰ ਗਲ ਵਿਚ ਫਾਹਾ ਪਾਈ ਛਤ ਨਾਲ ਲਟਕਿਆਂ ਵੇਖਿਆ। ਇਨ੍ਹਾਂ ਦਿਨਾਂ ਵਿਚ ਹੀ ਮੈਟਰੋ ਵਿਚ ਸਫਰ ਕਰਦਿਆਂ, ਦੋ ਮੁਟਿਆਰਾਂ ਨੂੰ ਆਪੋ ਵਿੱਚ ਗਲ ਕਰਦਿਆਂ, ਇਕ-ਦੂਜੇ ਤੋਂ ਇਹ ਪੁਛਦਿਆਂ ਸੁਣਿਆ ਗਿਆ ਕਿ ਕੀ ਉਸਨੂੰ ਵਿਸ਼ਵਾਸ ਹੈ ਕਿ ਜਿਸਨੂੰ ਉਹ ਆਪਣਾ ਪਿਉ ਸਮਝਦੀ ਚਲੀ ਆ ਰਹੀ ਹੈ, ਉਹ ਹੀ ਉਸਦਾ ਪਿਉ ਹੈ?
ਜੇਬ ਕਤਰਿਆਂ ਵਿੱਚ ਔਰਤਾਂ ਦਾ ਬੋਲ-ਬੋਲਾ: ਦਿੱਲੀ ਮੈਟਰੋ ਵਿੱਚ ਯਾਤਰੀਆਂ ਨੂੰ ਸਭ ਤੋਂ ਵੱਧ ਨਿਸ਼ਾਨਾ ਮਹਿਲਾ (ਇਸਤ੍ਰੀਆਂ) ਜੇਬ-ਕਤਰੀਆਂ ਵਲੋਂ ਬਣਾਇਆ ਜਾ ਰਿਹਾ ਹੈ। ਇਹ ਖੁਲਾਸਾ ਕਰਦਿਆਂ ਦਸਿਆ ਗਿਆ ਹੈ ਕਿ ਬੀਤੇ ਵਰ੍ਹੇ ਅਰਥਾਤ ਸੰਨ 2018 ਵਿੱਚ ਮੈਟਰੋ ਸਟੇਸ਼ਨ ਕੰਪਲੈਕਸਾਂ ਵਿੱਚ ਸੀਆਈਐਸਐਫ ਵਲੋਂ ਜੋ 498 ਜੇਬਕਤਰੇ ਪਕੜੇ ਗਏ ਉਨ੍ਹਾਂ ਵਿਚੋਂ 470 ਅਰਥਾਤ 94 ਪ੍ਰਤੀਸ਼ਤ ਮਹਿਲਾਵਾਂ (ਇਸਤ੍ਰੀਆਂ) ਸਨ। ਇਸੇ ਤਰ੍ਹਾਂ ਸੰਨ 2019 ਦੇ ਅਰੰਭ ਵਿੱਚ ਜੋ 15 ਜੇਬਕਤਰੇ ਪਕੜੇ ਗਏ, ਉਹ ਸਾਰੇ ਹੀ ਮਹਿਲਾਵਾਂ (ਇਸਤ੍ਰੀਆਂ) ਹੀ ਹਨ। ਪੁਲਿਸ ਇਸਦਾ ਕਾਰਣ ਇਹ ਦਸਦੀ ਹੈ ਕਿ ਆਮ ਤੋਰ ਤੇ ਲੋਕੀ ਔਰਤਾਂ ਪੁਰ ਜੇਬ ਕਤਰਾ ਹੋਣ ਦਾ ਸ਼ਕ ਨਹੀਂ ਕਰਦੇ, ਇਸ ਕਰਕੇ ਉਹ ਅਸਾਨੀ ਨਾਲ ਇਸ ਗਲ ਦਾ ਲਾਭ ਉਠਾ, ਵਾਰਦਾਤ ਅਮਜਾਮ ਦੇ ਦਿੰਦਿਆਂ ਹਨ।
...ਅਤੇ ਅੰਤ ਵਿੱਚ : ਸਵੇਰੇ-ਸਵੇਰੇ ਬਾਪੂ ਭਜੇ ਜਾਂਦੇ ਵੇਖ ਪੁਤ ਨੇ ਉਸਤੋਂ ਪੁਛ ਹੀ ਲਿਆ ਕਿ ਬਾਪੂ ਕਿਧਰ ਨੂੰ ਭਜਾ ਜਾਨੈਂ? ਬਾਪੂ ਨੇ ਦਸਿਆ ਕਿ ਪੁਤਾ, ਮੈਂ ਅਖੰਡ ਪਾਠ ਸੁਖਿਆ ਸੀ। ਸੋਚਿਆ ਉਸ ਦੇ ਪੈਸੇ ਗੁਰਦੁਆਰਾ ਕਮੇਟੀ ਨੂੰ ਭੇਜ ਆਵਾਂ। ਉਹ ਪਾਠ ਰਖਵਾ ਕੇ ਭੋਗ ਪਵਾ ਦੇਣਗੇ ਅਤੇ ਹੁਕਮਨਾਮਾ ਮੈਨੂੰ ਭਿਜਵਾ ਦੇਣਗੇ। ਇਸਦੇ ਨਾਲ ਹੀ ਮੈਂ ਸੋਚਿਐ ਕਿ ਲਗਦੇ ਹਥ ਡਾਕਟਰ ਕੋਲੋਂ ਟੀਕਾ ਵੀ ਲਗਵਾ ਆਵਾਂ ਤਾਂ ਜੋ ਰੋਜ਼-ਰੋਜ਼ ਤੰਗ ਕਰ ਰਹੇ ਤਾਪ ਤੋਂ ਛੁਟਕਾਰਾ ਮਿਲ ਸਕੇ। ਇਹ ਸੁਣ ਪੁਤ ਨੇ ਕਿਹਾ ਬਾਪੂ ਟੀਕੇ ਦੇ ਪੈਸੇ ਵੀ ਕਮੇਟੀ ਨੂੰ ਭਿਜਵਾ ਦੇ ਉਨ੍ਹਾਂ ਦੇ ਟੀਕਾ ਲਗਵਾ ਲੈਣ ਦੇ ਨਾਲ ਤੇਰਾ ਬੁਖਾਰ ਵੀ ਉਤਰ ਜਾਇਗਾ। ਪਿਉ ਨੇ ਝਿੜਕ ਕੇ ਕਿਹਾ ਕਿ ਪੁਤਾ, ਇਹ ਕਿਵੇਂ ਹੋ ਸਕਦਾ ਹੈ ਕਿ ਟੀਕਾ ਕੋਈ ਹੋਰ ਲਗਵਾਏ ਤੇ ਤਾਪ ਮੇਰਾ ਉਤਰ ਜਾਏ? ਪੁਤ ਨੇ ਕਿਹਾ ਕਿ ਬਾਪੂ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਾਠ ਕੋਈ ਹੋਰ ਕਰੇਗਾ ਤੇ ਪੁੰਨ ਤੈਨੂੰ ਮਿਲ ਜਾਇਗਾ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085