ਚਾਲੀ ਮੁਕਤਿਆਂ ਦੀ ਸ਼ਹਾਦਤ : ਮਾਘੀ ਦਾ ਤਿਉਹਾਰ ਜਾਂ ਕੌਂਮ ਲਈ ਸਵੈ ਪੜਚੋਲ ਦਾ ਦਿਹਾੜਾ - ਬਘੇਲ ਸਿੰਘ ਧਾਲੀਵਾਲ

ਹਰ ਇੱਕ ਕੌਮ ਦੀ ਅਪਣੀ ਅਪਣੀ ਵਿਲੱਖਣਤਾ ਹੁੰਦੀ ਹੈ,ਅਪਣਾ ਅਪਣਾ ਇਤਿਹਾਸ ਹੁੰਦਾ ਹੈ।ਕਿਸੇ ਕੌਂਮ ਨੇ ਤੰਗ ਦਿਲ ਹਾਕਮਾਂ ਦੇ ਅਕਿਹ ਅਸਿਹ ਜੁਲਮਾਂ ਦਾ ਸ਼ਿਕਾਰ ਹੋਣ ਤੋ ਬਾਅਦ ਅਪਣਾ ਇਤਿਹਾਸ ਬੌਧਕਿਤਾ ਦੀ ਸ਼ਿਆਹੀ ਨਾਲ ਲਿਖਿਆ ਹੁੰਦਾ ਹੈ,ਤਾਂ ਕਰਕੇ ਉਹਨਾਂ ਦੀ ਵਿਲੱਖਣਤਾ ਹੁੰਦੀ ਹੈ,ਕਿਸੇ ਕੌਂਮ ਨੇ ਮਿਥਾਂ ਨੂੰ ਅਪਣੀ ਸੂਝ ਸਿਆਣਪ ਅਤੇ ਦੂਰ ਅੰਦੇਸੀ ਨਾਲ ਇਤਿਹਾਸ ਵਿੱਚ ਬਦਲਣ ਦੀ ਮੁਹਾਰਤ ਹਾਸਿਲ ਕੀਤੀ ਹੁੰਦੀ ਹੈ,ਤਾਂ ਕਰਕੇ ਉਹਨਾਂ ਦੀ ਹੋਰਾਂ ਕੌਂਮਾਂ ਦੇ ਮੁਕਾਬਲੇ ਵਿਲੱਖਣਤਾ ਹੁੰਦੀ ਹੈ।ਕੋਈ ਕੌਂਮ ਪਰਚਾਰ ਪਾਸਾਰ ਵਿੱਚ ਐਨੀ ਮਾਹਰ ਹੁੰਦੀ ਹੈ ਕਿ ਉਹਨਾਂ ਦਾ ਹਰ ਪਾਸੇ ਬੋਲ ਬਾਲਾ  ਹੋ ਜਾਂਦਾ ਹੈ,ਅਪਣੇ ਧਰਮ ਨੂੰ ਮਹਿਜ ਇੱਕੋ ਇੱਕ ਕੁਰਬਾਨੀ  ਦੇ ਸਿਰ ਤੇ ਸੰਸਾਰ ਪੱਧਰ ਤੇ ਲੈ ਕੇ ਜਾਣਾ ਵੀ ਅਪਣੇ ਆਪ ਵਿੱਚ ਇੱਕ ਵਿਲੱਖਣਤਾ ਹੀ ਹੈ।ਭਾਵ ਹਿੰਦੂ ਮੁਸਲਿਮ,ਈਸਾਈ ਯਹੂਦੀ ਆਦਿ ਕੌਂਮਾਂ ਨੇ ਅਪਣੇ ਵੱਖੋ ਵੱਖਰੇ ਨਜਰੀਏ ਨਾਲ ਅਪਣੇ ਧਰਮ ਦਾ,ਅਪਣੀ ਕੌਂਮ ਦਾ ਵਿਸਥਾਰ ਕੀਤਾ ਹੈ,ਪ੍ਰੰਤੂ ਕੁੱਲ ਦੁਨੀਆਂ ਵਿੱਚ ਸਿੱਖ ਕੌਂਮ ਹੀ ਇੱਕੋ ਇੱਕ ਅਜਿਹੀ ਕੌਂਮ ਹੈ,ਜਿਸ ਦਾ ਇਤਿਹਾਸ ਦੁਨੀਆਂ ਦੇ ਕਿਸੇ ਵੀ ਫਿਰਕੇ,ਕਬੀਲੇ,ਕੌਂਮ ਦੇ ਇਤਿਹਾਸ ਨਾਲ ਮੇਲ ਨਹੀ ਖਾਂਦਾ।ਉਪਰ ਲਿਖੇ ਗਏ ਵੱਖ ਵੱਖ ਕੌੰਮਾਂ ਦੀ ਵਿਲੱਖਣਤਾ ਨਾਲੋਂ ਸਿੱਖ ਕੌਂਮ ਦੀ ਵਿਲੱਖਣਤਾ ਦਾ ਸੱਚਮੁੱਚ ਹੀ  ਵਿਸ਼ੇਸ ਤੌਰ ਤੇ ਜਿਕਰ ਕਰਨਾ ਬਣਦਾ ਹੈ,ਕਿਉਂਕਿ ਕਿਸੇ ਨੇ ਅਪਣਾ ਇਤਿਹਾਸ ਬੌਧਕਿਤਾ ਨਾਲ ਵਿਲੱਖਣ ਬਨਾਉਣ ਦਾ ਯਤਨ ਕੀਤਾ ਹੈ ਅਤੇ ਕਿਸੇ ਨੇ ਕਿਸੇ ਹੋਰ ਢੰਗ ਦੀ ਵਰਤੋਂ ਕੀਤੀ ਹੈ,ਪਰ ਸਿੱਖ ਕੌਂਮ ਨੇ ਅਪਣਾ ਇਤਿਹਾਸ ਖੂਨ ਦੀ ਸ਼ਿਆਹੀ ਨਾਲ ਲਿਖਿਆ ਹੀ ਨਹੀ,ਬਲਕਿ ਸਾਰਾ ਸਿੱਖ ਇਤਿਹਾਸ ਖੂੰਨ ਨਾਲ ਲੱਥਪੱਥ ਹੈ,ਏਥੇ ਹੀ ਬੱਸ ਨਹੀ ਹੀ ਬਲਕਿ ਸਿੱਖ ਕੌਂਮ ਕੋਲ ਅਜਿਹੇ ਸਰਬ ਸਾਂਝਿਵਾਲਤਾ ਦੇ ਸਿਧਾਂਤ ਹਨ,ਜਿਹੜੇ ਨਫਰਤ ਦੇ ਵਰਤਾਰੇ ਵਿੱਚ ਬੀ ਸਰਬੱਤ ਦੇ ਭਲੇ ਦਾ ਬੋਲ ਬਾਲਾ ਕਰਨ ਦੇ ਸਮਰੱਥ ਹਨ,ਉਸ ਤੋ ਵੀ ਅੱਗੇ ਇੱਕ ਅਜਿਹਾ ਗੁਰ ਗਿਆਂਨ ਦਾ ਭੰਡਾਰਾ ਹੈ,ਜਿਹੜਾ ਪੂਰੀ ਦੁਨੀਆਂ ਵਿੱਚ ਵੰਡੇ ਜਾਣ ਦੇ ਬਾਵਜੂਦ ਵੀ ਮੁੱਕਣ ਵਾਲਾ ਨਹੀ ਹੈ,ਉਹ ਹੈ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਭੰਡਾਰ,ਜਿਸ ਅੰਦਰ ਕੁਲ ਆਲਮ ਨੂੰ ਇੱਕੋ ਜਿਹੀ ਸੂਝ ਸਿਆਣਪ ਦੀ ਬਖਸ਼ਿਸ਼ ਕਰਕੇ ਸੰਸਾਰ ਪੱਧਰ ਤੇ ਹਲੇਮੀ ਰਾਜ ਸਥਾਪਤ ਕਰਨ ਦੀ ਸਮਰੱਥਾ ਹੈ।ਅਜਿਹੀ ਵਲੱਖਣ ਕੌਂਮ ਦੇ ਤਿਉਹਾਰਾਂ ਦੀ ਵੀ ਅਪਣੀ ਵਿਲੱਖਣਤਾ ਅਤੇ ਮਹੱਤਤਾ ਹੈ। ਸਿੱਖ ਧਰਮ ਦਾ ਕੋਈ ਵੀ ਤਿਉਹਾਰ ਕੁਰਬਾਨੀਆਂ ਤੋ ਅਭਿੱਜ ਨਹੀ ਹੈ।ਅਜਿਹੀ ਮਿਸ਼ਾਲ ਵੀ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ ਕਿ ਕਿਸੇ ਵੀ ਕੌਂਮ ਦੇ ਕੌਂਮੀ ਤਿਉਹਾਰ ਸਮੁੱਚੇ ਰੂਪ ਵਿੱਚ ਅਜਿਹੇ ਪੁਰਖਿਆਂ ਦੀਆਂ ਅਦੁੱਤੀ ਸ਼ਹਾਦਤਾਂ ਦੇ ਇਤਿਹਾਸ ਦੀ ਗਾਥਾ ਸੁਣਾਉਂਦੇ ਹੋਣ। ਇਹ ਸਿੱਖ ਕੌਂਮ ਦੇ ਹਿੱਸੇ ਹੀ ਆਇਆ ਹੈ ਕਿ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਸ਼ਹਾਦਤ ਨਾਲ ਜੁੜਿਆ ਹੁੰਦਾ ਹੈ। ਭਾਵੇਂ ਬੀਤੇ ਮਹੀਨੇ ਦਸੰਬਰ ਦੇ ਆਖਰੀ ਹਫਤੇ ਦੀ ਗੱਲ ਹੋਵੇ,ਜਾਂ ਜਨਵਰੀ ਮਹੀਨੇ ਵਿੱਚ ਮੁਕਤਸਰ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਮਾਘੀ ਦੇ ਤਿਉਹਾਰ ਦੀ ਗੱਲ ਹੋਵੇ,ਕੌਂਮ ਇਹਨਾਂ ਦਿਹਾੜਿਆਂ ਤੇ ਅਪਣੇ ਪੁਰਖਿਆਂ ਦੀ ਯਾਦ ਤਾਜਾ ਕਰਦੀ ਹੈ। ਮਾਘੀ ਦਾ ਤਿਉਹਾਰ ਵੀ ਖਿਦਰਾਣੇ ਦੀ ਢਾਬ ਤੇ ਸੂਬਾ ਸਰਹੰਦ ਦੀਆਂ ਫੌਜਾਂ ਨਾਲ ਟੱਕਰ ਲੈਣ ਵਾਲੇ ਉਹਨਾਂ 40 ਸਿੱਖ ਸੂਰਮਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ,ਜਿਹੜੇ ਪਹਾੜੀ ਰਾਜਿਆਂ ਅਤੇ ਔਰੰਗਜੇਬ ਦੀਆਂ ਫੌਜਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ  ਪਾਏ ਲੰਮੇ ਘੇਰੇ ਸਮੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਗੁਰੂ ਦਾ ਸ਼ਾਥ ਛੱਡ ਕੇ  ਚਲੇ ਗਏ ਸਨ,ਪ੍ਰੰਤੂ ਉਹਨਾਂ ਦੇ ਅੰਦਰਲੀ ਖਾਲਸ਼ਾਹੀ ਅਣਖ ਗੈਰਤ ਨੇ ਉਹਨਾਂ ਨੂੰ ਝਜੋੜਿਆ ਅਤੇ ਉਹ ਮਾਈ ਭਾਗੋ ਦੀ ਅਗਵਾਈ ਵਿੱਚ ਫਿਰ ਗੁਰੂ ਸਾਹਿਬ ਕੋਲ ਵਾਪਸ ਜਾ ਰਹੇ ਸਨ ਕਿ ਗੁਰੂ ਸਾਹਿਬ ਤੋ ਕੁੱਝ ਕੁ ਦੂਰੀ ਤੇ ਪਿੱਛੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੁਗਲ ਫੌਜਾਂ ਗੁਰੂ ਸਾਹਿਬ ਦਾ ਪਿੱਛਾ ਕਰਦੀਆਂ ਬਿਲਕੁਲ ਨਜਦੀਕ ਪਹੁੰਚ ਗਈਆਂ ਹਨ ਤਾਂ ਉਹਨਾਂ ਫੈਸਲਾ ਕੀਤਾ ਸੀ ਕਿ ਐਥੇ ਹੀ ਮੋਰਚੇ ਮੱਲ ਕੇ ਮੁਗਲ ਫੌਜਾਂ ਨਾਲ ਦੋ ਦੋ ਹੱਥ ਕੀਤੇ ਜਾਣ ਤੇ ਉਹਨਾਂ ਨੂੰ ਗੁਰੂ ਸਾਹਿਬ ਤੱਕ ਪਹੁੰਚਣ ਹੀ ਨਾ ਦਿੱਤਾ ਜਾਵੇ।ਸੋ ਅੱਤ ਦੀ ਗਰਮੀ ਵਿੱਚ ਹੋਈ ਗਹਿਗੱਚ ਲੜਾਈ ਵਿੱਚ ਉਹਨਾਂ ਚਾਲੀ ਸਿੱਖਾਂ ਨੇ ਅਜਿਹੇ ਹੱਥ ਦਿਖਾਏ ਕਿ ਮੁਗਲ ਫੌਜਾਂ ਨੂੰ ਵਾਪਸ ਭੱਜ ਜਾਣ ਵਿੱਚ ਹੀ ਭਲਾਈ ਜਾਪੀ।ਸੋ ਸਿੱਖਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਭਾਵੇਂ ਚਮਕੌਰ ਦੀ ਕੱਚੀ ਗੜੀ ਹੋਵੇ ਜਾਂ ਖਿਦਰਾਣੇ ਦੀ ਢਾਬ ਉਹਨਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ ਹਨ,ਜਿਹੜੇ ਰਹਿੰਦੀ  ਦੁਨੀਆ ਤੱਕ ਸੰਸਾਰ ਦੇ ਲੋਕਾਂ ਨੂੰ ਤਾਂ ਅਚੰਭਤ ਕਰਦੇ ਹੀ ਰਹਿਣਗੇ ਸਗੋ ਸਿੱਖ ਕੌਂਮ ਦੀਆਂ ਆਉਣ ਵਾਲੀਆਂ ਨਸਲਾਂ ਅੰਦਰ ਅਪਣੀ ਕੌਂਮ,ਅਪਣੇ ਧਰਮ ਅਤੇ ਹੱਕ ਸੱਚ ਇਨਸਾਫ ਖਾਤਰ ਕੁਰਬਾਨ ਹੋ ਜਾਣ ਦੀ ਤਾਂਘ ਬਣਾਈ ਰੱਖਣ ਅਤੇ ਕੁਰਬਾਂਨ ਹੋਣ ਦੀ ਭਾਵਨਾ ਨੂੰ ਜਿਉਂਦੀ ਰੱਖਣ ਲਈ ਪ੍ਰੇਰਨਾ ਸਰੋਤ ਵੀ ਬਣੇ ਰਹਿਣਗੇ।ਸੋ ਮਾਝੇ ਦੇ ਉਹਨਾਂ ਚਾਲੀ ਸ਼ਹੀਦ ਸਿੰਘਾਂ (ਮੁਕਤਿਆਂ) ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਕੌਂਮ ਨੂੰ ਜਿੱਥੇ ਇਹਨਾਂ ਮਹਾਂਨ ਪੁਰਖਿਆਂ ਦੀਆਂ ਸ਼ਹਾਦਤਾਂ ਤੋ ਪਰੇਰਨਾ ਲੈਣ ਦੀ ਜਰੂਰਤ ਹੈ,ਓਥੇ ਆਏ ਦਿਨ ਵਧ ਰਹੀ ਨਿੱਜ ਪ੍ਰਸਤੀ,ਆਚਰਣ ਚ ਗਿਰਾਬਟ, ਲੋਭ ਲਾਲਸਾ ਵੱਸ ਹੋਕੇ ਦੁਸ਼ਮਣ ਤਾਕਤਾਂ ਨਾਲ ਸਾਂਝ ਭਿਆਲੀ ਅਤੇ ਆਪਸੀ ਪਾਟੋਧਾੜ ਦੇ ਮੱਦੇਨਜਰ ਸਵੈ ਪੜਚੋਲ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ। ਫਿਰ ਹੀ ਪੁਰਖਿਆਂ ਦੀਆਂ ਮਹਾਂਨ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਣੇ ਸਾਰਥਿਕ ਸਿੱਧ ਹੋ ਸਕਣਗੇ।

ਬਘੇਲ ਸਿੰਘ ਧਾਲੀਵਾਲ
99142-58142