ਧੀਆਂ ਦੀ ਲੋਹੜੀ / ਕਵਿਤਾ - ਮਹਿੰਦਰ ਸਿੰਘ ਮਾਨ
ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ,
ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ।
ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ,
ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ।
ਕੋਈ ਹੁੰਦਾ ਨਾ ਫਰਕ ਧੀਆਂ ਤੇ ਪੁੱਤਾਂ ਵਿੱਚ,
ਪੁਰਾਣੇ ਵਿਚਾਰ ਹੁਣ ਛਿੱਕੇ ਤੇ ਟੰਗੋ ਮਿੱਤਰੋ।
ਸਖ਼ਤ ਮਿਹਨਤ ਕਰਕੇ ਇਹ ਅੱਗੇ ਵਧਣ,
ਧੀਆਂ ਦੀਆਂ ਜਿੱਤਾਂ ਦੱਸਣ ਵੇਲੇ ਨਾ ਸੰਗੋ ਮਿੱਤਰੋ।
ਧੀਆਂ ਤੇ ਕਰੜੀ ਨਜਰ ਰੱਖਣੀ ਠੀਕ ਹੈ,
ਪਰ ਪੁੱਤਾਂ ਨੂੰ ਵੀ ਰੰਬੇ ਵਾਂਗ ਚੰਡੋ ਮਿੱਤਰੋ।
ਤੁਹਾਡੀ ਸੁੱਖ ਮੰਗਣ ਹਰ ਵੇਲੇ ਰੱਬ ਕੋਲੋਂ,
ਤੁਸੀਂ ਵੀ ਧੀਆਂ ਦੀ ਸੁੱਖ ਮੰਗੋ ਮਿੱਤਰੋ।
ਇਹ ਵੰਡਣ ਪਿਆਰ ਸਭ ਕੁਝ ਭੁਲਾ ਕੇ,
ਤੁਸੀਂ ਵੀ ਧੀਆਂ ਵਾਂਗ ਪਿਆਰ ਵੰਡੋ ਮਿੱਤਰੋ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554