ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
19 Jan. 2020
ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਸੰਜੀਦਾ- ਬਲਬੀਰ ਸਿੰਘ ਸਿੱਧੂ
ਗੱਡੀ ਵਿਚ ਇੱਟ ਰੱਖ ਲੈ, ਲਈ ਜਾਨਾਂ ਓ ਪ੍ਰਾਹੁਣਿਆਂ ਖ਼ਾਲੀ।
ਕੈਪਟਨ ਵਿਰੁੱਧ ਬਗਾਵਤ ਕਰਨ ਲਈ ਸਮੂਹ ਮੰਤਰੀਆਂ ਨੇ ਬਾਜਵਾ 'ਤੇ ਅਨੁਸ਼ਾਸਨੀ ਕਾਰਵਾਈ ਮੰਗੀ-ਇਕ ਖ਼ਬਰ
ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।
ਕਸ਼ਮੀਰ 'ਚ ਇੰਟਰਨੈੱਟ ਬੰਦ ਕਰਨਾ ਠੀਕ, ਕਸ਼ਮੀਰੀ ਗੰਦੀਆਂ ਫ਼ਿਲਮਾਂ ਦੇਖਦੇ ਹਨ-ਵੀ.ਕੇ. ਸਰਸਵਤ
ਤੇ ਜਿਹੜੇ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਸੈਸ਼ਨਾਂ 'ਚ ਦੇਖਦੇ ਆ, ਉਹਨਾਂ ਬਾਰੇ ਕੀ ਖਿਆਲ ਐ।
ਹੈਰੀ ਅਤੇ ਮੇਗਨ ਨੇ ਸ਼ਾਹੀ ਠਾਠ ਬਾਠ ਛੱਡੇ- ਇਕ ਖ਼ਬਰ
ਚਾਰੇ ਕੰਨੀਆਂ ਮੇਰੀਆਂ ਵੇਖ ਖ਼ਾਲੀ, ਅਸੀਂ ਨਾਲ਼ ਨਹੀਂ ਕੁਝ ਲੈ ਚੱਲੇ।
ਮਾਲਵਾ 'ਚ ਬਾਦਲਾਂ ਖ਼ਿਲਾਫ਼ ਮੁਹਿੰਮ ਵਿੱਢਣ ਲਈ ਢੀਂਡਸਾ ਤਿਆਰ- ਇਕ ਖ਼ਬਰ
ਸਿੰਘ ਸੂਰਮੇ ਸ਼ੇਰ ਦਲੇਰ ਬਾਂਕੇ, ਕੱਸਣ ਘੋੜੀਆਂ ਜ਼ੀਨਾਂ ਸਵਾਰੀਆਂ ਨੀਂ।
ਦਿੱਲੀ ਦੇ ਸੰਘਰਸ਼ੀ ਯੱਗ 'ਚ ਹੁਣ ਪੰਜਾਬ ਵੀ ਪਾਏਗਾ ਆਪਣਾ ਹਿੱਸਾ-ਇਕ ਖ਼ਬਰ
ਛਾਲ਼ ਗੱਡੀ 'ਚੋਂ ਮਾਰੀ, ਮਿੱਤਰਾਂ ਦਾ ਨਾਂ ਸੁਣ ਕੇ।
ਭੂੰਦੜ ਨੇ ਬਾਦਲਾਂ ਦੇ ਪੁਰਖਿਆਂ ਤੋਂ ਬੰਦਾ ਬਹਾਦਰ ਦਾ ਸਿਰ ਵਢਵਾ ਦਿਤਾ-ਇਕ ਖ਼ਬਰ
ਆਨਰੇਰੀ ਪੀ.ਐਚ.ਡੀ. ਵਿਗੈਰਾ ਦੁਆਉ ਯਾਰ ਅਜਿਹੇ ਇਤਿਹਾਸਕ ਖੋਜੀ ਨੂੰ ।
ਅਕਾਲੀ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ 'ਤੇ ਵਾਈਟ ਪੇਪਰ ਲਿਆਵਾਂਗੇ-ਕੈਪਟਨ
ਕੌਨ ਜੀਤਾ ਹੈ ਤੇਰੀ ਜ਼ੁਲਫ਼ ਕੇ ਸਰ ਹੋਨੇ ਤੱਕ, ਖ਼ਾਕ ਹੋ ਜਾਏਂਗੇ ਹਮ ਤੁਮ ਕੋ ਖ਼ਬਰ ਹੋਨੇ ਤੱਕ।
ਸੁਖਬੀਰ ਬਾਦਲ ਦੇ ਤਾਨਾਸ਼ਾਹੀ ਵਤੀਰੇ ਕਰ ਕੇ ਵੱਡੇ ਆਗੂਆਂ ਨੇ ਅਕਾਲੀ ਦਲ ਤੋਂ ਦੂਰੀ ਬਣਾਈ- ਸੇਖਵਾਂ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।
ਜਨਵਰੀ ਮਹੀਨੇ ਪਰਚੂਨ ਮਹਿੰਗਾਈ ਅੱਠ ਪ੍ਰਤੀਸ਼ਤ ਰਹਿਣ ਦੀ ਪੇਸ਼ੀਨਗੋਈ-ਇਕ ਖ਼ਬਰ
ਸਾਡੇ ਨਾਲ਼ ਰਵ੍ਹੋਗੇ ਤੇ ਐਸ਼ ਕਰੋਗੇ।
ਅਕਾਲੀ ਦਲ ਦੇ ਕੁਝ ਵੱਡੇ ਚਿਹਰੇ ਸੁਧਾਰ ਮੁਹਿੰਮ 'ਚ ਹੋਣਗੇ ਸ਼ਾਮਲ- ਪਰਮਿੰਦਰ ਢੀਂਡਸਾ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।
ਕੀ ਦਿੱਲੀ ਵਿਚ ਕੇਜਰੀਵਾਲ ਦਾ ਸਿੱਖਾਂ ਤੋਂ ਮੋਹ ਭੰਗ ਹੋ ਗਿਐ?-ਇਕ ਸਵਾਲ
ਭੁੱਲ ਗਈ ਯਾਰ ਪੁਰਾਣੇ, ਨਵਿਆਂ ਦੇ ਸੰਗ ਲੱਗ ਕੇ।
ਮਾਨਸਾ 'ਚ ਬਾਦਲ ਦਲੀਏ ਪਰਮਿੰਦਰ ਸਿੰਘ ਢੀਂਡਸਾ ਦੀ ਪੈੜ ਨੱਪਦੇ ਰਹੇ-ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।
ਸੁਖਬੀਰ ਬਾਦਲ ਮੁੰਗੇਰੀ ਲਾਲ ਵਾਲ਼ੇ ਰਾਜ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ- ਭੱਠਲ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।