ਇਤਿਹਾਸ ਸਿਰਜਣ ਦੀ ਰਾਹ - ਸਵਰਾਜਬੀਰ

ਅਮਰੀਕਨ ਇਤਿਹਾਸਕਾਰ ਲਾਰੈਲ ਥੈਚਰ ਉਲਰਿਚ ਨੇ 1976 ਵਿਚ ਆਪਣਾ ਲੇਖ 'ਸੁਚੱਜੀਆਂ ਔਰਤਾਂ ਕਦੇ ਇਤਿਹਾਸ ਨਹੀਂ ਬਣਾਉਂਦੀਆਂ' (Well Behaved Women Seldom Make History) ਲਿਖਿਆ। ਉਸ ਵੇਲ਼ੇ ਤਾਂ ਇਹ ਲੇਖ ਕੁਝ ਜ਼ਿਆਦਾ ਮਸ਼ਹੂਰ ਨਹੀਂ ਹੋਇਆ ਪਰ ਬਾਅਦ ਵਿਚ ਇਹ ਸ਼ਬਦ ਮੁਹਾਵਰਾ ਬਣ ਗਏ ਅਤੇ ਇਸ ਲਿਖ਼ਤ ਵਾਲੀਆਂ ਟੀ-ਸ਼ਰਟਾਂ, ਪੋਸਟ ਕਾਰਡ ਆਦਿ ਬਹੁਤ ਹਰਮਨਪਿਆਰੇ ਹੋਏ। 2007 ਵਿਚ ਉਲਰਿਚ ਨੇ ਇਸੇ ਨਾਂ ਦੀ ਕਿਤਾਬ ਲਿਖੀ ਜਿਸ ਵਿਚ ਉਸ ਨੇ ਤਿੰਨ ਔਰਤਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਕੰਮ-ਕਾਰ ਬਾਰੇ ਵਿਸਥਾਰ ਵਿਚ ਲਿਖਿਆ। ਉਲਰਿਚ ਨੇ ਦੱਸਿਆ ਕਿ ਕਿਵੇਂ ਸਮਾਜ ਚੰਗੀਆਂ ਅਤੇ ਮਾੜੀਆਂ ਕੁੜੀਆਂ ਬਾਰੇ ਮਾਪਦੰਡ ਬਣਾਉਂਦਾ ਹੈ ਅਤੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਔਰਤਾਂ, ਜਿਹੜੀਆਂ ਸੱਚਮੁਚ ਇਤਿਹਾਸ ਸਿਰਜਦੀਆਂ ਹਨ, ਇਨ੍ਹਾਂ ਮਾਪਦੰਡਾਂ ਨੂੰ ਤੋੜਨ ਵਾਲੀਆਂ ਜਟਿਲ ਸ਼ਖ਼ਸੀਅਤਾਂ ਹੁੰਦੀਆਂ ਹਨ। ਉਲਰਿਚ ਨੇ ਮੱਧਕਾਲੀਨ ਸਮਿਆਂ ਦੀ ਫ਼ਰਾਂਸੀਸੀ ਵਿਦਵਾਨ ਕ੍ਰਿਸਟੀਨ ਦ ਪਿਜ਼ੋਂ, 19ਵੀਂ ਸਦੀ ਵਿਚ ਇੰਗਲੈਂਡ ਵਿਚ ਔਰਤਾਂ ਲਈ ਵੋਟਾਂ ਦੇ ਹੱਕਾਂ ਲਈ ਅੰਦੋਲਨ ਕਰਨ ਵਾਲੀ ਐਲਿਜ਼ਬੈੱਥ ਕੈਡੀ ਸਟੈਟਨ ਅਤੇ 20ਵੀਂ ਸਦੀ ਦੀ ਮਸ਼ਹੂਰ ਲਿਖਾਰੀ ਵਰਜੀਨੀਆ ਵੂਲਫ਼ ਦਾ ਜ਼ਿਕਰ ਕੀਤਾ। ਉਲਰਿਚ ਦਾ ਕੇਂਦਰੀ ਨੁਕਤਾ ਇਹ ਹੈ ਕਿ ਕਿਵੇਂ ਇਨ੍ਹਾਂ ਔਰਤਾਂ ਨੇ ਉਸ ਸਮਾਜਿਕ ਵਿਹਾਰ, ਜਿਸ ਨੂੰ ਰਵਾਇਤੀ ਜਾਂ ਮਰਿਆਦਾ-ਪੂਰਨ ਕਿਹਾ ਜਾਂਦਾ ਹੈ, ਨਾਲੋਂ ਤੋੜ-ਵਿਛੋੜਾ ਕਰਕੇ ਸਮਾਜ ਤੇ ਇਤਿਹਾਸ ਵਿਚ ਔਰਤਾਂ ਨੂੰ ਵੱਡਾ ਸਥਾਨ ਦਿਵਾਉਣ ਲਈ ਨਵੀਂ ਜ਼ਮੀਨ ਲੱਭੀ।
       ਔਰਤਾਂ ਸਮਾਜ ਦਾ 50 ਫ਼ੀਸਦੀ ਹਿੱਸਾ ਹਨ। ਉਹ ਮਨੁੱਖੀ ਕਾਰ-ਵਿਹਾਰ ਤੇ ਰੋਜ਼ਾਨਾ ਜ਼ਿੰਦਗੀ ਵਿਚ ਏਨਾ ਅਹਿਮ ਹਿੱਸਾ ਪਾਉਂਦੀਆਂ ਹਨ ਕਿ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਜ਼ਿੰਦਗੀ ਦੇ ਕਿਸੇ ਕਾਰਜ ਬਾਰੇ ਕਲਪਨਾ ਕਰਨੀ ਮੁਸ਼ਕਲ ਹੈ। ਮਾਵਾਂ, ਭੈਣਾਂ, ਧੀਆਂ, ਪਤਨੀਆਂ ਅਤੇ ਹੋਰ ਭੂਮਿਕਾਵਾਂ ਨਿਭਾਉਂਦੀਆਂ ਉਹ ਮਰਦਾਂ ਨਾਲ ਕਦਮ-ਦਰ-ਕਦਮ ਮਿਲਾ ਕੇ ਚਲਦੀਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਸਮਾਜ ਵਿਚ ਔਰਤਾਂ ਦਾ ਦਰਜਾ ਗੌਣ ਰਿਹਾ ਹੈ।
       ਇਤਿਹਾਸ ਮਰਦਾਂ ਨੇ ਸਿਰਜਿਆ। ਕਈ ਵਿਦਵਾਨ ਦਲੀਲ ਦਿੰਦੇ ਹਨ ਕਿ ਇਸ ਵਿਚ ਔਰਤਾਂ ਭਾਵੇਂ ਮੋਹਰੀ ਤਾਂ ਨਹੀਂ ਸਨ ਪਰ ਪਿੱਠ-ਭੂਮੀ ਵਿਚ ਰਹਿ ਕੇ ਉਨ੍ਹਾਂ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ। ਇਹ ਦਲੀਲ ਧਰਵਾਸ ਦੇਣ ਵਾਲੀ ਹੈ। ਸੱਚ ਇਹ ਹੈ ਕਿ ਔਰਤਾਂ ਨੂੰ ਇਤਿਹਾਸ ਸਿਰਜਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਮਰਦਾਂ ਦੁਆਰਾ ਇਤਿਹਾਸ ਸਿਰਜਣ ਕਰਕੇ ਬਹੁਤੇ ਸਮਾਜ ਮਰਦ-ਪ੍ਰਧਾਨ ਸਮਾਜ ਬਣ ਗਏ। ਮਰਦਾਵੀਂ ਧੌਂਸ ਸਮਾਜ ਦੀ ਆਮ ਸੂਝ-ਸਮਝ ਤੇ ਸਿਆਣਪ ਬਣ ਗਈ ਅਤੇ ਮਰਦਾਨਗੀ ਸਾਡੇ ਸਮਾਜਾਂ ਵਿਚਲੀ ਕੇਂਦਰੀ ਕੀਮਤ ਹੋ ਨਿੱਬੜੀ। ਇਸ ਮਰਦਾਨਗੀ ਨੇ ਜੰਗ ਦੇ ਮੈਦਾਨਾਂ ਵਿਚ ਆਪਣੇ ਜੌਹਰ ਵਿਖਾਏ, ਕਰੋੜਾਂ ਲੋਕਾਂ ਦਾ ਕਤਲੇਆਮ ਕੀਤਾ, ਦੇਸ਼ਾਂ, ਕੌਮਾਂ, ਨਿਮਾਣਿਆਂ ਤੇ ਨਿਤਾਣਿਆਂ ਨੂੰ ਲੁੱਟਿਆ ਤੇ ਗ਼ੁਲਾਮ ਬਣਾਇਆ। ਮਰਦਾਂ ਦੀਆਂ ਜਿੱਤਾਂ ਵਿਚ ਔਰਤਾਂ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਤੇ ਜੇਤੂ ਮਰਦ ਹਾਰੇ ਹੋਏ ਮਰਦਾਂ ਦੀਆਂ ਧੀਆਂ-ਭੈਣਾਂ ਲੁੱਟ ਕੇ ਆਪਣੇ ਘਰਾਂ ਜਾਂ ਦੇਸ਼ਾਂ ਨੂੰ ਲੈ ਜਾਂਦੇ। ਇਤਿਹਾਸ ਵਿਚੋਂ ਔਰਤ ਲਗਭਗ ਮਨਫ਼ੀ ਹੋ ਗਈ। ਮਸ਼ਹੂਰ ਫ਼ਰਾਂਸੀਸੀ ਚਿੰਤਕ ਸਿਮੋਨ ਦ ਬੂਆ ਲਿਖਦੀ ਹੈ, ''ਔਰਤਾਂ ਦਾ ਨਾ ਆਪਣਾ ਇਤਿਹਾਸ ਹੈ, ਨਾ ਵਰਤਮਾਨ।'' ਔਰਤ ਮਰਦ ਦੇ ਸਿਰਜੇ ਅਤੀਤ, ਵਰਤਮਾਨ ਤੇ ਭਵਿੱਖ ਵਿਚ ਜਿਉਂਦੀ ਹੈ।
       ਸਮਾਜ ਵਿਚ ਔਰਤ ਦੀ ਹਾਜ਼ਰੀ ਏਨੀ ਚੁੱਪ ਵਾਲੀ ਨਹੀਂ। ਉਹ ਲੋਕ-ਗੀਤਾਂ ਰਾਹੀਂ ਹਮੇਸ਼ਾ ਆਪਣੀ ਗੱਲ ਕਹਿਣ ਵਿਚ ਸਫ਼ਲ ਹੁੰਦੀ ਰਹੀ। ਮਰਦ ਨੇ ਉਸ ਨੂੰ ਦੁਜੈਲਾ ਦਰਜਾ ਦਿੱਤਾ ਪਰ ਉਹ ਆਪਣੀ ਅੰਦਰੂਨੀ ਤਾਕਤ ਨਾਲ ਸਮਾਜ ਤੇ ਪਰਿਵਾਰ 'ਤੇ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਆਪਣੀ ਲੜਾਈ ਕਦੇ ਸਿੱਧੇ ਅਤੇ ਕਦੇ ਅਸਿੱਧੇ ਢੰਗ ਨਾਲ ਲੜਦੀ ਰਹੀ। ਜਦ ਮਰਦ ਨੇ ਉਸ ਨੂੰ ਪਤਨੀ ਦੇ ਰੂਪ ਵਿਚ ਬਰਾਬਰ ਦਾ ਦਰਜਾ ਨਾ ਦਿੱਤਾ ਤਾਂ ਉਸ ਨੇ ਮਾਂ ਦੇ ਰੂਪ ਵਿਚ ਪਰਿਵਾਰ ਵਿਚ ਆਪਣੀ ਮਮਤਾ ਤੇ ਕੁਰਬਾਨੀ ਸਦਕਾ ਵੱਡਾ ਪ੍ਰਭਾਵ ਬਣਾਇਆ। ਉਹ ਧੀਆਂ ਤੇ ਪੁੱਤਰਾਂ ਨੂੰ ਇਕੱਠਿਆਂ ਰੱਖਣ ਵਾਲੀ ਤਾਕਤ ਬਣ ਗਈ ਅਤੇ ਮਰਦ ਨੂੰ ਉਸ ਦੇ ਇਸ ਰੂਪ ਨੂੰ ਸਵੀਕਾਰਨਾ ਤੇ ਦੇਵੀ ਦਾ ਦਰਜਾ ਦੇਣਾ ਪਿਆ। ਧੀਆਂ-ਪੁੱਤਰਾਂ 'ਤੇ ਮਾਂ ਦੀ ਸੋਚ ਦਾ ਪ੍ਰਭਾਵ ਸਾਰੀ ਉਮਰ ਚੇਤਨ ਤੇ ਅਵਚੇਤਨ ਰੂਪ ਵਿਚ ਬਣਿਆ ਰਹਿੰਦਾ ਹੈ।
      ਅਜੋਕੇ ਸਮਿਆਂ ਵਿਚ ਔਰਤਾਂ ਨੇ ਇਹ ਸੰਘਰਸ਼ ਵਿੱਢਿਆ ਕਿ ਉਨ੍ਹਾਂ ਨੂੰ ਸਿਰਫ਼ ਮਾਂ-ਰੂਪ ਨਹੀਂ ਸਗੋਂ ਨਾਰੀ ਵਜੋਂ ਸੰਪੂਰਨ ਰੂਪ ਵਿਚ ਪਛਾਣ ਮਿਲਣੀ ਚਾਹੀਦੀ ਹੈ। ਕਦੀ ਧੀਮੀ ਸੁਰ ਨਾਲ ਅਤੇ ਕਦੀ ਅੰਦੋਲਨਾਂ ਰਾਹੀਂ ਵਿਰੋਧ ਕਰਦਿਆਂ ਔਰਤਾਂ ਦੀ ਆਜ਼ਾਦੀ ਦਾ ਮਸਲਾ ਭਖਿਆ ਅਤੇ ਔਰਤਾਂ ਨੂੰ ਪੜ੍ਹਾਈ-ਲਿਖਾਈ, ਗਿਆਨ-ਵਿਗਿਆਨ, ਗੱਲ ਕੀ ਜ਼ਿੰਦਗੀ ਦੇ ਹਰ ਸ਼ੋਹਬੇ ਵਿਚ ਬਰਾਬਰ ਦੀ ਥਾਂ ਮਿਲਣ ਲੱਗੀ। ਭਾਵੇਂ ਅਜੇ ਵੀ ਔਰਤਾਂ ਦੇ ਵਿਚਾਰਾਂ 'ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਏਦਾਂ ਦੀ ਰਾਏ ''ਚੰਗੀਆਂ ਧੀਆਂ ਏਦਾਂ ਨਹੀਂ ਕਰਦੀਆਂ'' ਰਾਹੀਂ ਲਾਈਆਂ ਜਾਂਦੀਆਂ ਹਨ ਪਰ ਇਤਿਹਾਸ ਦਾ ਵਹਾਅ ਇਹੋ ਜਿਹਾ ਹੈ ਕਿ ਔਰਤਾਂ ਹਰ ਮੈਦਾਨ ਵਿਚ ਆਪਣੇ ਹੱਕ ਲੈਣ ਲਈ ਅੱਗੇ ਆ ਰਹੀਆਂ ਹਨ। ਮਰਦ ਅਜੇ ਵੀ ਉਨ੍ਹਾਂ ਨੂੰ ਆਪਣੀ ਬਣਾਈ ਮਰਿਆਦਾ ਅਨੁਸਾਰ ਵਿਹਾਰ ਕਰਨ ਲਈ ਮਜਬੂਰ ਕਰਦਾ ਹੈ ਜਿਵੇਂ ਪੰਜਾਬ ਵਿਚ ਇਹ ਆਮ ਕਿਹਾ ਜਾਂਦਾ ਹੈ ''ਚੰਗੀਆਂ ਧੀਆਂ ਜਾਇਦਾਦ ਵਿਚੋਂ ਹਿੱਸਾ ਨਹੀਂ ਮੰਗਦੀਆਂ'', ''ਚੰਗੀਆਂ ਧੀਆਂ ਮਾਂ-ਪਿਉ ਦੇ ਕਹੇ ਅਨੁਸਾਰ ਹੀ ਵਿਆਹ ਕਰਦੀਆਂ ਹਨ''।
      ਪਿਛਲੇ ਕੁਝ ਵਰ੍ਹਿਆਂ ਤੋਂ ਦੇਸ਼ ਵਿਚ ਵਿੱਦਿਆ, ਵਿਗਿਆਨ, ਖੋਜ, ਆਜ਼ਾਦੀ, ਤਰੱਕੀ ਆਦਿ ਦੀ ਗੱਲ ਹੋਣ ਦੀ ਥਾਂ 'ਤੇ ਉਨ੍ਹਾਂ ਰੁਝਾਨਾਂ ਨੇ ਲੈ ਲਈ ਹੈ ਜਿਨ੍ਹਾਂ ਵਿਚ ਫ਼ਿਰਕਾਪ੍ਰਸਤੀ, ਮਰਦ-ਪ੍ਰਧਾਨ ਸੋਚ, ਜਾਤੀਵਾਦ ਤੇ ਖੇਤਰਵਾਦ ਦੀਆਂ ਰੁਚੀਆਂ ਭਾਰੂ ਹਨ। ਹਜੂਮੀ ਹਿੰਸਾ ਦੀਆਂ ਕਾਰਵਾਈਆਂ ਰਾਹੀਂ ਦੇਸ਼ ਦੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਕੀ ਖਾਣਾ ਤੇ ਕੀ ਨਹੀਂ ਖਾਣਾ ਚਾਹੀਦਾ। ਉਨ੍ਹਾਂ ਦੀ ਦੇਸ਼ ਭਗਤੀ 'ਤੇ ਸ਼ੱਕ ਕਰਦਿਆਂ ਨਾ ਸਿਰਫ਼ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਗਈ ਸਗੋਂ ਉਨ੍ਹਾਂ ਨੂੰ ਖ਼ਾਸ ਤਰ੍ਹਾਂ ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ ਗਿਆ। ਕੁੜੀਆਂ ਨੂੰ ਖ਼ਾਸ ਤਰ੍ਹਾਂ ਦੇ ਪਹਿਰਾਵੇ ਪਾਉਣ ਦੀ ਹਦਾਇਤ ਕੀਤੀ ਗਈ। ਜਬਰ-ਜਨਾਹ ਤੇ ਮਰਦਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਔਰਤਾਂ ਦੇ ਲਿਬਾਸ, ਘੁੰਮਣ-ਫਿਰਨ ਦੇ ਤੌਰ-ਤਰੀਕਿਆਂ ਅਤੇ ਵਿਹਾਰ ਵਿਚੋਂ ਦੋਸ਼ ਲੱਭੇ ਗਏ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਜਿਵੇਂ ਮਰਦਾਂ ਦੇ ਹਿੰਸਕ ਵਿਹਾਰ ਲਈ ਔਰਤਾਂ ਹੀ ਜ਼ਿੰਮੇਵਾਰ ਹੋਣ। ਮਰਦਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਸੰਸਥਾਵਾਂ ਨੇ ਔਰਤਾਂ 'ਤੇ ਇਹ ਬੰਦਿਸ਼ਾਂ ਵੀ ਲਾਈਆਂ ਹਨ ਕਿ ਉਹ ਕਿਹੜੀ ਜਾਤ ਤੇ ਧਰਮ ਦੇ ਮਰਦਾਂ ਨਾਲ ਵਿਆਹ ਕਰਨ। ਇਹ ਕਾਰਜ ਚੇਤਨ ਤੌਰ 'ਤੇ ਸੰਸਥਾਵਾਂ ਰਾਹੀਂ ਹੀ ਸਿਰੇ ਨਹੀਂ ਚੜ੍ਹਦਾ ਸਗੋਂ ਸਾਰਾ ਸਮਾਜ ਚੁੱਪ-ਚੁਪੀਤੇ ਆਪਣੀ ਸਹਿਮਤੀ ਸੰਗ ਇਸ ਵਿਚ ਸ਼ਾਮਲ ਹੁੰਦਾ ਹੈ।
      ਇਸ ਵੇਲ਼ੇ ਸਾਡੇ ਦੇਸ਼ ਦੇ ਸਮਾਜ ਵਿਚ ਕੁਝ ਨਵਾਂ ਵਾਪਰ ਰਿਹਾ ਹੈ। ਦੂਸਰੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕੀਤਾ। ਧਾਰਾ 370 ਨੂੰ ਮਨਸੂਖ਼ ਕਰਦਿਆਂ ਜੰਮੂ-ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਨਾਗਰਿਕਾਂ ਦੇ ਕੌਮੀ ਰਜਿਸਟਰ ਵਿਚ ਆਪਣੇ ਮਨਚਾਹੇ ਨਤੀਜੇ ਨਾ ਮਿਲਣ ਕਾਰਨ ਕੌਮੀ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ। ਇਸ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਵਿਚ ਕੁਝ ਫ਼ਿਰਕਿਆਂ ਨਾਲ ਧਾਰਮਿਕ ਆਧਾਰ 'ਤੇ ਵਿਤਕਰਾ ਹੋਇਆ ਹੈ ਪਰ ਜਿਸ ਤੱਥ ਨੇ ਦੇਸ਼ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਆਤਮਾ ਨੂੰ ਟੁੰਬਿਆ, ਉਹ ਇਸ ਕਾਨੂੰਨ ਦੁਆਰਾ ਨਾਗਰਿਕਤਾ ਦੇਣ ਦਾ ਆਧਾਰ ਧਰਮ ਨੂੰ ਬਣਾਉਣਾ ਸੀ।
      ਵਿਦਿਆਰਥੀ ਅਤੇ ਨੌਜਵਾਨ ਇਸ ਕਾਨੂੰਨ ਵਿਰੁੱਧ ਸੜਕਾਂ 'ਤੇ ਆਏ ਅਤੇ ਉਨ੍ਹਾਂ ਨੂੰ ਸਰਕਾਰ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਇਸ ਜਬਰ ਨੇ ਹਿੰਦੋਸਤਾਨ ਦੀਆਂ ਔਰਤਾਂ ਦੇ ਮਨਾਂ ਨੂੰ ਵਲੂੰਧਰਿਆ ਅਤੇ ਉਨ੍ਹਾਂ ਨੇ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਮੋਰਚਾ ਲਗਾ ਦਿੱਤਾ। ਇਸ ਕੜਕਦੀ ਠੰਢ ਵਿਚ ਔਰਤਾਂ ਆਪਣੇ ਹੱਕਾਂ ਦੀ ਰਾਖੀ ਲਈ ਅੰਦੋਲਨ ਕਰ ਰਹੀਆਂ ਹਨ ਅਤੇ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਉਨ੍ਹਾਂ ਦਾ ਸਾਥ ਦੇਣ ਲਈ ਉੱਥੇ ਪਹੁੰਚ ਰਹੇ ਹਨ।
      ਫ਼ਲਸਤੀਨ ਦੇ ਸੰਘਰਸ਼ ਵਿਚ ਔਰਤਾਂ ਨੇ ਵੱਡਾ ਹਿੱਸਾ ਪਾਇਆ ਹੈ। ਬਹੁਤ ਸਾਰੇ ਮੁਸਲਮਾਨ ਦੇਸ਼ ਬਾਹਰੋਂ ਤਾਂ ਫ਼ਲਸਤੀਨੀ ਲੋਕਾਂ ਦੇ ਹੱਕਾਂ ਦੀ ਹਮਾਇਤ ਕਰਦੇ ਹਨ ਪਰ ਅੰਦਰੂਨੀ ਤੌਰ 'ਤੇ ਉਹ ਫ਼ਲਸਤੀਨੀਆਂ ਤੋਂ ਡਰਦੇ ਹਨ। ਕਿਉਂ? ਉਹ ਇਸ ਲਈ ਕਿ ਫ਼ਲਸਤੀਨੀ ਲੋਕਾਂ ਨੇ ਆਪਣੇ ਸੰਘਰਸ਼ ਵਿਚ ਮੁਸਲਮਾਨ ਸਮਾਜ ਲਈ ਨਵੇਂ ਆਯਾਮ ਪੈਦਾ ਕੀਤੇ ਹਨ, ਔਰਤਾਂ ਮਰਦਾਂ ਦੇ ਬਰਾਬਰ ਅਤੇ ਕਈ ਵਾਰ ਉਨ੍ਹਾਂ ਤੋਂ ਅਗਾਂਹ ਹੋ ਕੇ ਲੜੀਆਂ ਹਨ, ਫ਼ਲਸਤੀਨੀ ਸਮਾਜ ਜਮਹੂਰੀ ਸਮਾਜ ਬਣ ਗਿਆ ਹੈ ਅਤੇ ਇਹ ਦੇਸ਼ ਫ਼ਲਸਤੀਨੀ ਸਮਾਜ ਦੀ ਜਮਹੂਰੀਅਤ ਅਤੇ ਉਸ ਵਿਚਲੀ ਔਰਤਾਂ ਦੀ ਭੂਮਿਕਾ ਤੋਂ ਡਰਦੇ ਹਨ।
      ਭਾਰਤ ਵਿਚਲਾ ਅੰਦੋਲਨ ਸ਼ਾਹੀਨ ਬਾਗ਼ ਤਕ ਹੀ ਸੀਮਤ ਨਹੀਂ। ਪਟਨਾ ਦੇ ਸਬਜ਼ੀ ਬਾਗ਼ ਵਿਚ ਵੀ ਔਰਤਾਂ ਨੇ ਅਜਿਹਾ ਮੋਰਚਾ ਖੋਲ੍ਹਿਆ ਹੋਇਆ ਹੈ। ਉੱਥੋਂ ਦੀਆਂ ਔਰਤਾਂ ਨੇ ਸ਼ਾਹੀਨ ਬਾਗ਼ ਬਾਰੇ ਸੁਣਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਕਿ ਇਸ ਬਾਗ਼ ਵਿਚ ਵੀ ਸ਼ਾਹੀਨ ਬਾਗ਼ ਜਿਹੇ ਫੁੱਲ ਖਿੜਨੇ ਚਾਹੀਦੇ ਹਨ। ਉੱਥੇ ਭਾਰਤੀ ਜਨਤਾ ਪਾਰਟੀ ਦੇ ਰਜਿਸਟਰਵਾਦੀ ਰਾਸ਼ਟਰਵਾਦ ਵਿਰੁੱਧ ''ਹਮ ਕਾਗਜ਼ ਨਹੀਂ ਦਿਖਾਏਂਗੇ'' ਜਿਹੇ ਨਾਅਰੇ ਬੁਲੰਦ ਹੋ ਰਹੇ ਹਨ। ਕੋਲਕਾਤਾ ਦੀ ਪਾਰਕ ਸਰਕਸ ਵਿਚ ਵੀ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕਾਂ ਦੇ ਕੌਮੀ ਰਜਿਸਟਰ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੀਆਂ ਹਨ। ਪੰਜਾਬ ਵਿਚ ਵੀ ਕਈ ਥਾਵਾਂ 'ਤੇ ਹੋਏ ਮੁਜ਼ਾਹਰਿਆਂ ਅਤੇ ਖ਼ਾਸ ਕਰਕੇ ਮਾਲੇਰਕੋਟਲਾ ਵਿਚ ਔਰਤਾਂ ਵੱਡੀ ਗਿਣਤੀ ਵਿਚ ਆਪਣਾ ਰੋਸ ਪ੍ਰਗਟਾਉਣ ਲਈ ਅੱਗੇ ਆਈਆਂ ਹਨ। ਇਹ ਔਰਤਾਂ ਇਤਿਹਾਸ ਸਿਰਜਣ ਦੇ ਨਾਲ ਨਾਲ ਇਸ ਗੱਲ ਦੀ ਨਿਸ਼ਾਨਦੇਹੀ ਵੀ ਕਰ ਰਹੀਆਂ ਹਨ ਕਿ ਹੁਣ ਉਨ੍ਹਾਂ ਨੂੰ ਇਤਿਹਾਸ ਸਿਰਜਣ ਤੋਂ ਕੋਈ ਨਹੀਂ ਰੋਕ ਸਕਦਾ। ਜਬਰ ਵਿਰੁੱਧ ਸੰਘਰਸ਼ ਰਾਹੀਂ ਔਰਤਾਂ ਨਾ ਸਿਰਫ਼ ਜ਼ਾਲਮਾਂ ਵਿਰੁੱਧ ਲੜਦੀਆਂ ਹਨ ਸਗੋਂ ਆਪਣੇ ਹੱਕਾਂ ਦੀ ਜ਼ਮੀਨ ਦੀ ਸਿਰਜਣਾ ਵੀ ਕਰਦੀਆਂ ਹਨ। ਸਾਡੇ ਦੇਸ਼ ਦੀਆਂ ਔਰਤਾਂ ਵੀ ਇਹੀ ਕਰ ਰਹੀਆਂ ਹਨ। ਔਰਤਾਂ ਦੇ ਇਹ ਸੰਘਰਸ਼ ਸਾਡੇ ਸਮਾਜ ਦੀ ਨੁਹਾਰ ਬਦਲਣ ਦੀ ਸਮਰੱਥਾ ਰੱਖਦੇ ਹਨ।