'ਜੋਰਾ-ਦਾ ਸੈਕਿੰਡ ਚੈਪਟਰ' ਨਾਲ ਮੁੜ ਸਰਗਰਮ ਹੋਇਆ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ - ਹਰਜਿੰਦਰ ਸਿੰਘ ਜਵੰਦਾ
ਪੰਜਾਬੀ ਗੀਤਕਾਰੀ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਫ਼ਿਲਮੀ ਖੇਤਰ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹੈ। ਜਿੱਥੇ ਉਸਨੇ ਬਤੌਰ ਲੇਖਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ ਉੱਥੇ ਉਸਨੇ ਇੱਕ ਸਫ਼ਲ ਨਿਰਦੇਸ਼ਕ ਵਜੋਂ ਗੂੜੀਆਂ ਪੈੜਾਂ ਪਾਈਆਂ, ਭਾਵੇਂ ਉਹ ਲਘੂ ਫਿਲਮਾਂ ਹੋਣ ਜਾਂ ਫਿਰ ਫ਼ੀਚਰ ਫ਼ਿਲਮਾਂ । ਅਮਰਦੀਪ ਸਿੰਘ ਗਿੱਲ ਨੇ ਮੌਜੂਦਾ ਸਿਨਮੇ ਦੀ ਭੀੜ 'ਚ ਇੱਕ ਵੱਖਰੇ ਸਿਨੇਮੇ ਦੀ ਨੀਂਹ ਰੱਖੀ ਜੋ ਕਾਲਪਨਿਕ ਪਾਤਰਾਂ ਦੀ ਬਜਾਏ ਜਿੰਦਗੀ ਨਾਲ ਜੂਝਦੇ ਅਸਲ ਮਨੁੱਖ ਦੀ ਕਹਾਣੀ ਬਿਆਨਦੇ ਹਨ।
ਸਾਹਿਤਕ ਮਾਹੌਲ 'ਚ ਜੰਮੇ ਪਲੇ ਅਮਰਦੀਪ ਸਿੰਘ ਗਿੱਲ ਦਾ ਸਿਨੇਮਾ ਵੀ ਉਸਦੀਆਂ ਸਾਹਿਤਕ ਕਿਰਤਾਂ 'ਚੋਂ ਉਪਜਿਆ ਹੈ। ਰਾਮ ਸਰੂਪ ਅਣਖੀ ਦੀ ਕਹਾਣੀ ਦਾ ਫਿਲਮੀਕਰਣ ਕਰਦਿਆਂ ਉਸਨੇ 'ਸੁੱਤਾ ਨਾਗ' ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਅਧਾਰਤ 'ਖੂਨ' ਆਦਿ ਲਘੂ ਫਿਲਮਾਂ ਦਾ ਨਿਰਮਾਣ ਕਰਕੇ ਸਾਹਿੱਤਕ ਸਿਨੇਮੇ ਦੀ ਪਿਰਤ ਪਾਈ। ਵੱਡੇ ਸਿਨਮੇ ਦੀ ਗੱਲ ਕਰੀਏ ਤਾਂ ਵਿਆਹ ਅਤੇ ਭੰਡਨੁਮਾਂ ਸਿਨੇਮੇ ਤੋਂ ਵੱਖ ਹੋ ਕੇ ਤੁਰਦਿਆਂ ਪੰਜਾਬ ਦੇ ਹਾਲਾਤਾਂ ਨਾਲ ਜੂਝਦੇ ਨੌਜਵਾਨ ਵਰਗ ਅਤੇ ਸਿਆਸੀ ਸੋਚ ਦੀ ਖੇਡ ਅਧਾਰਤ 'ਜੋਰਾ ਦਸ ਨੰਬਰੀਆਂ' ਫਿਲਮ ਬਣਾ ਕੇ ਬਾਲੀਵੁੱਡ ਪੱਧਰ ਦੇ ਐਕਸ਼ਨ ਸਿਨਮੇ ਨੂੰ ਪੰਜਾਬੀ ਪਰਦੇ 'ਤੇ ਉਤਾਰਿਆ। ਟਿੱਬਿਆਂ ਦੇ ਸ਼ਹਿਰ ਜਾਣੇ ਜਾਂਦੇ ਬਠਿੰਡੇ ਨੂੰ ਉਸਨੇ 'ਜੋਰਾ ਦਸ ਨੰਬਰੀਆ' ਰਾਹੀਂ ਮੁੰਬਈ ਵਰਗੇ ਮਹਾਂਨਗਰ ਬਣਾ ਕੇ ਪੰਜਾਬੀ ਸਿਨੇਮੇ ਲਈ ਨਵਾਂ ਸੁਪਨਾ ਸਿਰਜਿਆ।
'ਜ਼ੋਰਾ ਦਸ ਨੰਬਰੀਆਂ ' ਨੂੰ ਮਿਲੀ ਵੱਡੀ ਸਫ਼ਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸ਼ਾਲ ਹੈ। ਇਸੇ ਫਿਲ਼ਮ ਦੀ ਲੜੀ ਨੂੰ ਅੱਗੇ ਜੋੜਦਿਆਂ ਹੁਣ ਅਮਰਦੀਪ ਗਿੱਲ ਆਪਣੀ ਲੇਖਣੀ ਅਤੇ ਨਿਰਦੇਸ਼ਨਾਂ ਹੇਠ 'ਜ਼ੋਰਾ ਦਾ ਸੈਂਕਡ ਚੈਪਟਰ' ਲੈ ਕੇ ਆ ਰਿਹਾ ਹੈ। ਇਸ ਫਿਲਮ ਦਾ ਟੀਚਰ 5 ਜਨਵਰੀ ਨੂੰ ਯੂਟਿਉਬ 'ਤੇ ਰਿਲੀਜ਼ ਹੋਇਆ ਹੈ। ਜਿਸਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', ਲਾਉਡ ਰੋਰ ਫ਼ਿਲਮ ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮਖ਼ ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ 'ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ।
ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ।