ਪੰਜਾਬ ਦੀ ਤ੍ਰਾਸਦੀ ਉਸਨੂੰ ਉਜਾੜਿਆਂ ਨੇ ਉਜਾੜਿਆ - ਉਜਾਗਰ ਸਿੰਘ
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੀ ਖੜਗਭੁਜਾ ਹੈ। ਇਸ ਲਈ ਪੰਜਾਬ ਨੂੰ ਬਹੁਤ ਸਾਰੀਆਂ ਅਣਕਿਆਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਉਪਰ ਹਮੇਸ਼ਾ ਪੰਜਾਬੀਆਂ ਨੇ ਪਹਿਰਾ ਦਿੱਤਾ ਹੈ। ਪਰਵਾਸ ਵੀ ਪੰਜਾਬ ਨੂੰ ਵਿਰਾਸਤ ਵਿਚ ਹੀ ਮਿਲਿਆ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਵਾਸ ਵਿਚ ਆਪਣੀਆਂ ਉਦਾਸੀਆਂ ਕੀਤੀਆਂ ਸਨ। ਉਨ੍ਹਾਂ ਨਾਲ ਜਦੋਂ ਉਦਾਸੀਆਂ ਸਮੇਂ ਇਕ ਪਿੰਡ ਦੇ ਲੋਕਾਂ ਨੇ ਚੰਗਾ ਵਿਵਹਾਰ ਨਾ ਕੀਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵਸਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਪ੍ਰੰਤੂ ਜਿਹੜੇ ਪਿੰਡ ਵਿਚ ਉਨ੍ਹਾਂ ਨਾਲ ਚੰਗਾ ਸਲੂਕ ਹੋਇਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉੱਜੜ ਜਾਣ ਦਾ ਆਸ਼ੀਰਵਾਦ ਦਿੱਤਾ। ਜਦੋਂ ਮਰਦਾਨੇ ਨੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਚੰਗੇ ਲੋਕ ਬਾਹਰ ਜਾ ਕੇ ਚੰਗਾ ਸਮਾਜ ਸਿਰਜਣਗੇ। ਇਸ ਕਰਕੇ ਪੰਜਾਬੀ ਪਰਵਾਸ ਵਿਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਤੇ ਪਹਿਰਾ ਦੇ ਕੇ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ ਦੀ ਕਹਾਵਤ ਸਹੀ ਹੁੰਦੀ ਜਾਪਦੀ ਹੈ। ਪੰਜਾਬ ਤੋਂ ਬਾਹਰ ਕੈਨੇਡਾ ਵਿਚ ਜਾ ਕੇ ਗਦਰੀ ਬਾਬਿਆਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕਰਕੇ ਮੁਹਿੰਮ ਸ਼ੁਰੂ ਕੀਤੀ ਸੀ। ਪੰਜਾਬੀ ਜਦੋਂ ਕੈਨੇਡਾ ਪਹਿਲੀ ਵਾਰੀ ਰੋਜ਼ੀ ਰੋਟੀ ਲਈ ਗਏ ਸਨ ਤਾਂ ਜਦੋਂ ਉਨ੍ਹਾਂ ਨਾਲ ਉਥੇ ਦੁਰਵਿਵਹਾਰ ਹੋਇਆ ਤਾਂ ਉਨ੍ਹਾਂ ਉਥੇ ਹੀ ਕੈਨੇਡਾ ਵਿਚ ਰੋਸ ਵਜੋਂ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਗਦਰ ਲਹਿਰ ਨੂੰ ਜਨਮ ਦਿੱਤਾ ਸੀ, ਉਦੋਂ ਗਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਲਈ ਮੁਹਿੰਮ ਕੈਨੇਡਾ ਤੋਂ ਸ਼ੁਰੂ ਕੀਤੀ ਸੀ। ਉਸ ਸਮੇਂ ਗਦਰੀਆਂ ਦੀ ਇਸ ਲਹਿਰ ਦਾ ਸਾਰੇ ਪਾਸੇ ਸਵਾਗਤ ਹੋਇਆ ਸੀ। ਇਕ ਕਿਸਮ ਨਾਲ ਉਹ ਪੰਜਾਬ ਦਾ ਪਹਿਲਾ ਉਜਾੜਾ ਹੋਇਆ ਸੀ ਪ੍ਰੰਤੂ ਇਹ ਸ਼ਾਂਤਮਈ ਉਜਾੜਾ ਸੀ। ਉਸ ਸਮੇਂ ਕੁਝ ਚੋਣਵੇਂ ਅਣਪੜ੍ਹ ਲੋਕ ਹੀ ਪਰਵਾਸ ਵਿਚ ਜਾਂਦੇ ਸਨ। ਸਕਿਲਡ ਜਾਣੀ ਕਿ ਆਪੋ ਆਪਣੇ ਖੇਤਰਾਂ ਵਿਚ ਮਾਹਿਰ ਵਿਅਕਤੀ ਬਹੁਤ ਘੱਟ ਹੀ ਜਾਂਦੇ ਸਨ, ਜਿਹੜੇ ਜਾਂਦੇ ਵੀ ਸਨ, ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਕੇ ਵਾਪਸ ਭਾਰਤ ਆ ਜਾਂਦੇ ਸਨ, ਜਿਸਦਾ ਭਾਰਤ ਨੂੰ ਲਾਭ ਹੁੰਦਾ ਸੀ। ਇਕਾ ਦੁੱਕਾ ਉਥੇ ਰਹਿ ਜਾਂਦੇ ਸਨ। ਕੈਨੇਡਾ ਤੋਂ ਇਲਾਵਾ ਸੰਸਾਰ ਦੇ ਹੋਰ ਦੇਸਾਂ ਵਿਚ ਵੀ ਪੰਜਾਬੀ ਜਾਂਦੇ ਰਹੇ ਪ੍ਰੰਤੂ ਉਨ੍ਹਾਂ ਦਾ ਮੰਤਵ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਹੁੰਦਾ ਸੀ। ਜਿਹੜਾ ਕੁਝ ਉਹ ਉੱਥੇ ਰਹਿ ਕੇ ਕਮਾਉਂਦੇ ਸਨ, ਉਹ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਭੇਜ ਦਿੰਦੇ ਸਨ, ਜਿਸਦੇ ਸਿੱਟੇ ਵਜੋਂ ਭਾਰਤ ਦੀ ਆਰਥਿਕਤਾ ਮਜ਼ਬੂਤ ਹੁੰਦੀ ਸੀ ਕਿਉਂਕਿ ਪੈਸਾ ਪੰਜਾਬ ਆਉਂਦਾ ਸੀ। ਪਹਿਲੇ ਉਜਾੜੇ ਵਿਚ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਕਿਉਂਕਿ ਜਦੋਂ ਉਹ ਗਦਰੀ ਬਾਬੇ ਵਾਪਸ ਭਾਰਤ ਆ ਕੇ ਅੰਗਰੇਜ਼ਾਂ ਦੇ ਦੁਰਵਿਵਹਾਰ ਵਿਰੁਧ ਮੁਹਿੰਮ ਸ਼ੁਰੂ ਕਰਨ ਲਈ ਕਲਕੱਤਾ ਵਿਖੇ ਬਜਬਜ ਘਾਟ ਤੇ ਵਿਸ਼ੇਸ ਜਹਾਜ ਰਾਹੀ੬ਂ ਪਹੁੰਚੇ ਤਾਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਦੂਜਾ ਉਜਾੜਾ ਦੇਸ ਦੀ ਵੰਡ ਸਮੇਂ ਰਾਜਨੀਤਕ ਲੋਕਾਂ ਦੀ ਮਾਨਸਿਕਤਾ ਦਾ ਨਤੀਜਾ ਸੀ। ਪੰਜਾਬ ਨੂੰ ਵੰਡਕੇ ਦੋ ਹਿੱਸੇ ਕਰ ਦਿੱਤੇ ਗਏ। ਦੂਜੇ ਉਜਾੜੇ ਸਮੇਂ ਪੰਜਾਬੀਆਂ ਦੇ ਹੋਏ ਅੰਨ੍ਹੇਵਾਹ ਕਤਲੇਆਮ ਪਿਛੇ ਲੁੱਟ-ਖੋਹ, ਲਾਲਚ, ਧਿੰਗਾਜੋਰੀ ਅਤੇ ਬਿਮਾਰ ਮਾਨਸਿਕਤਾ ਕਰਕੇ ਇਸਤਰੀਆਂ ਦੇ ਬਲਾਤਕਾਰ ਹੋਏ, ਜਿਸਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਪੰਜਾਬੀ ਸਮਾਜਿਕ, ਆਰਥਿਕ, ਮਾਨਸਿਕ ਅਤੇ ਸਭਿਆਚਾਰਕ ਤੌਰ ਤੇ ਵਲੂੰਧਰੇ ਗਏ। ਬੋਲੀ ਵੰਡੀ ਗਈ, ਘਰ ਪਰਿਵਾਰ ਵੰਡੇ ਗਏ। ਨਫ਼ਰਤ ਦਾ ਬੋਲਬਾਲਾ ਹੋ ਗਿਆ। ਰਿਸ਼ਤਿਆਂ ਦਾ ਨਿੱਘ ਤਹਿਸ ਨਹਿਸ ਹੋ ਗਿਆ, ਜਿਸ ਕਰਕੇ ਰਿਸ਼ਤਿਆਂ ਦੇ ਘਾਣ ਹੋ ਗਏ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਲੱਖਾਂ ਪੰਜਾਬੀ ਆਪਣੇ ਘਰੋਂ ਬੇਘਰ ਹੋ ਗਏ। ਹਸਦੇ ਵਸਦੇ ਘਰ ਉਜੜ ਗਏ। ਤਬੇਲਿਆਂ ਅਤੇ ਹਵੇਲੀਆਂ ਦੇ ਮਾਲਕਾਂ ਨੂੰ ਤੰਬੂਆਂ ਵਿਚ ਦਿਨ ਕੱਟਣੇ ਪਏ। ਭਾਈਚਾਰਕ ਸੰਬੰਧ ਲੀਰੋ ਲੀਰ ਹੋ ਗਏ। ਇਸ ਤੋਂ ਬਾਅਦ ਦੋ ਵਾਰ ਪੰਜਾਬੀਆਂ ਨੂੰ ਪਾਕਿਸਤਾਨ ਅਤੇ ਚੀਨ ਦੀ ਜੰਗ ਦਾ ਸਾਹਮਣਾ ਕਰਨਾ ਪਿਆ।
ਦੇਸ ਦੀ ਵੰਡ ਦੇ ਉਜਾੜੇ ਤੋਂ ਪੂਰੇ 33 ਸਾਲ ਬਾਅਦ 1980ਵਿਆਂ ਵਿਚ ਨਵੀਂ ਕਿਸਮ ਦੇ ਤੀਜੇ ਫਿਰਕੂ ਉਜਾੜੇ ਨੇ ਪੰਜਾਬੀਆਂ ਦੇ ਖ਼ੂਨ ਵਿਚ ਨਫ਼ਰਤ ਦਾ ਬੀਜ ਬੋ ਦਿੱਤਾ। ਭਾਈ, ਭਾਈ ਦਾ ਦੁਸ਼ਮਣ ਬਣਨ ਲੱਗ ਪਿਆ। ਭਾਈਚਾਰਕ ਸੰਬੰਧ ਤਾਰ ਤਾਰ ਹੋ ਗਏ। ਨਹੁੰ ਮਾਸ ਦੇ ਰਿਸ਼ਤੇ ਲਹੂ ਲੁਹਾਣ ਹੋ ਗਏ। ਇਹ ਸਿਲਸਲਾ 1992 ਤੱਕ ਲਗਾਤਾਰ ਜਾਰੀ ਰਿਹਾ। ਸਰਕਾਰੀ ਤੰਤਰ ਅਤੇ ਅਖਾਉਤੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਨੌਜਵਾਨੀ ਦਾ ਖ਼ਾਤਮਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪੰਜਾਬੀ ਭਾਈਚਾਰਾ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਇਕ ਭਾਈਚਾਰੇ ਨੂੰ ਬਦਨਾਮ ਕਰਨ ਵਿਚ ਰਹਿੰਦੀ ਖੂੰਹਦੀ ਕਸਰ ਮੀਡੀਆ ਨੇ ਪੂਰੀ ਕਰ ਦਿੱਤੀ। ਇਸ ਦੌਰ ਵਿਚ ਮਰਨ ਅਤੇ ਮਾਰਨ ਵਾਲੇ ਦੋਵੇਂ ਇਕੋ ਭਾਈਚਾਰੇ ਦੇ ਸਨ। ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਹੈ।
ਚੌਥਾ ਉਜਾੜਾ ਉਦੋਂ ਹੋਇਆ ਜਦੋਂ ਕੇਂਦਰ ਸਰਕਾਰ ਨੇ ਫੌਜ ਦੀ ਰਹਿਨੁਮਾਈ ਵਿਚ ਸਿੱਖ ਜਗਤ ਦੇ ਸਰਵੋਤਮ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਤੋਪਾਂ ਨਾਲ ਉਸ ਦਿਨ ਹਮਲਾ ਕਰ ਦਿੱਤਾ ਜਦੋਂ ਸਿੱਖ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਨਤਮਸਤਕ ਹੋਣ ਲਈ ਆਏ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਹੀਦ ਕਰ ਦਿੱਤੇ ਗਏ। ਸਿੱਖ ਜਗਤ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਧਾਰਮਿਕ ਉਜਾੜੇ ਨੂੰ ਕੇਂਦਰ ਸਰਕਾਰ ਨੇ ਅਮਲੀ ਰੂਪ ਦਿੱਤਾ। ਅਜੇ ਸਿੱਖਾਂ ਦੇ ਜ਼ਖ਼ਮ ਰਿਸਦੇ ਸਨ। ਅੱਲੇ ਜ਼ਖ਼ਮਾ ਤੇ ਖਰੀਂਢ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਪੰਜਵਾਂ ਉਜਾੜਾ ਦਿੱਲੀ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਹੋਇਆ, ਜਿਸਨੂੰ ਸਿੱਖਾਂ ਦੇ ਨਾਂ ਨਾਲ ਮੜ੍ਹਕੇ ਸਮੁਚੇ ਭਾਰਤ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਦਿੱਲੀ ਅਤੇ ਦੇਸ ਦੇ ਹੋਰ ਮੁੱਖ ਸ਼ਹਿਰਾਂ ਵਿਚ ਉਨ੍ਹਾਂ ਦੀ ਨਸਲਕੁਸ਼ੀ ਕਰਨ ਦੀ ਕੋਸਿਸ਼ ਕੀਤੀ ਗਈ। ਚੁਣ ਚੁਣ ਕੇ ਘਰਾਂ ਵਿਚੋਂ ਬਾਹਰ ਕੱਢਕੇ ਗਲਾਂ ਵਿਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ। ਇਸਤਰੀਆਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਸਾਹਮਣੇ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਇਸਨੂੰ ਉਜਾੜਾ ਨਹੀਂ ਕਿਹਾ ਜਾ ਸਕਦਾ। ਸਿੱਖਾਂ ਅਤੇ ਪੰਜਾਬੀਆਂ ਦਾ ਅਜਿਹੇ ਉਜਾੜਿਆਂ ਨੇ ਘਾਣ ਕੀਤਾ ਹੈ।
ਸਤਵੇਂ ਅਤੇ ਅੱਠਵੇਂ ਉਜਾੜੇ 2007 ਤੋਂ ਪੰਜਾਬ ਨੂੰ ਇੱਕ ਨਵੀਂ ਕਿਸਮ ਦੇ ਨਸ਼ਿਆਂ ਅਤੇ ਗੈਂਗਸਟਰਾਂ ਦੇ ਉਜਾੜਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ। ਰਵਾਇਤੀ ਨਸ਼ੇ ਸ਼ਰਾਬ, ਅਫੀਮ ਅਤੇ ਡੋਡੇ ਆਦਿ ਦਾ ਸੇਵਨ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ ਪ੍ਰੰਤੂ ਸਿੰਥੈਟਿਕ ਨਸ਼ੇ ਪਹਿਲੀ ਵਾਰ ਪੰਜਾਬ ਵਿਚ ਆਏ ਹਨ, ਜਿਹੜੇ ਇਤਨੇ ਘਾਤਕ ਹਨ, ਜਿਤਨਾ ਸੋਚਿਆ ਵੀ ਨਹੀਂ ਜਾ ਸਕਦਾ। ਇਨ੍ਹਾਂ ਦੇ ਸੇਵਨ ਕਰਨ ਨਾਲ ਮੌਤ ਤਾਂ ਬਹੁਤ ਜਲਦੀ ਆਉਂਦੀ ਹੀ ਹੈ ਪ੍ਰੰਤੂ ਇਹ ਹੋਰ ਵੀ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਪੈਦਾ ਕਰਦੇ ਹਨ, ਉਦਾਹਰਣ ਲਈ ਲੜਕੇ ਅਤੇ ਲੜਕੀਆਂ ਨੂੰ ਨਪੁੰਸਕ ਬਣਾ ਦਿੰਦੇ ਹਨ। ਨਸ਼ਿਆਂ ਦੇ ਉਜਾੜੇ ਨੇ ਪੰਜਾਬ ਦੀ ਨੌਜਵਾਨੀ ਦਾ ਮਲੀਆ ਮੇਟ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਲੜਕਿਆਂ ਦੇ ਨਾਲ ਲੜਕੀਆਂ ਵੀ ਨਸ਼ਿਆਂ ਵਿਚ ਗ੍ਰਸਤ ਹੋ ਗਈਆਂ ਹਨ। ਪੰਜਾਬ ਨੂੰ ਉਜਾੜਨ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦਾ ਇਹ ਕਾਰਾ ਹੋ ਸਕਦਾ ਹੈ। ਨਸ਼ਿਆਂ ਦੇ ਨਾਲ ਜੁੜਵਾਂ ਉਜਾੜਾ ਗੈਂਗਸਟਰਾਂ ਦਾ ਬਣਨਾ ਪੰਜਾਬ ਲਈ ਮੰਦਭਾਗੀ ਗੱਲ ਹੈ। ਇਸ ਤੋਂ ਪਹਿਲਾਂ ਬਿਹਾਰ ਅਤੇ ਉਤਰ ਪ੍ਰਦੇਸ ਵਿਚ ਗੈਂਗਸਟਰਾਂ ਦੀ ਗੱਲ ਸੁਣੀਂਦੀ ਸੀ ਪ੍ਰੰਤੂ ਹੁਣ ਪੰਜਾਬ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਗੈਂਗਸਟਰ ਵੀ 2007 ਤੋਂ ਬਾਅਦ ਚੋਣ ਜਿੱਤਣ ਲਈ ਸਿਆਸਤਦਾਨਾਂ ਨੇ ਪੈਦਾ ਕੀਤੇ ਸਨ, ਜਿਸਦਾ ਖਮਿਆਜਾ ਹੁਣ ਸਿਆਸਤਦਾਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਨੌਵੇਂ ਭਰਿਸ਼ਟਾਚਾਰ ਦੇ ਉਜਾੜੇ ਨੇ ਵੀ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ।
ਪੰਜਾਬੀਆਂ ਦਾ ਦਸਵਾਂ ਉਜਾੜਾ ਇਸ ਸਮੇਂ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਹਰ ਵਿਦਿਆਰਥੀ ਜਿਹੜਾ ਪਲੱਸ ਟੂ ਪਾਸ ਕਰ ਲੈਂਦਾ ਉਹ ਆਪਣੇ ਮਾਂ ਬਾਪ ਦੇ ਗਲ ਗੂਠਾ ਦੇ ਕੇ ਪਰਵਾਸ ਵਿਚ ਪੜ੍ਹਨ ਲਈ ਤੱਤਪਰ ਰਹਿੰਦਾ ਹੈ। ਹਾਲਾਂ ਕਿ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜੇ ਜ਼ਿੰਦਗੀ ਬਸਰ ਕਰਨ ਦੀ ਬਹੁਤੀ ਸਮਝ ਵੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਉਹ ਆਈ ਲੈਟ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਦੇ ਉਤਨੇ ਪਿੰਡ ਤੇ ਸ਼ਹਿਰ ਨਹੀਂ ਹਨ, ਜਿਤਨੀਆਂ ਆਈ ਲੈਟ ਦੀਆਂ ਦੁਕਾਨਾ ਖੁਲ੍ਹੀਆਂ ਹੋਈਆਂ ਹਨ। ਪੰਜਾਬ ਵਿਚੋਂ ਹਰ ਸਾਲ ਲਗਪਗ ਦੋ ਲੱਖ ਵਿਦਿਆਰਥੀ ਪਰਵਾਸ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਜਿਹੇ ਵਿਅਕਤੀ ਹਨ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜੰਗਲਾਂ ਬੇਲਿਆਂ, ਰੇਗਿਸਤਾਨਾ ਅਤੇ ਸਮੁੰਦਰਾਂ ਵਿਚ ਕਿਸ਼ਤੀਆਂ ਰਾਹੀਂ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਰਸਤੇ ਵਿਚ ਹੀ ਜਦੋਜਹਿਦ ਕਰਦੇ ਜ਼ਿੰਦਗੀ ਦੀ ਲੀਲਾ ਸਮਾਪਤ ਕਰ ਲੈਂਦੇ ਹਨ। ਪਿਛੇ ਮਾਂ ਬਾਪ ਸਾਰੀ ਉਮਰ ਤੜਫਦੇ ਹੀ ਜੀਵਨ ਗੁਜਾਰਦੇ ਹਨ। ਪੜ੍ਹਾਈ ਕਰਨਾ ਤਾਂ ਉਨ੍ਹਾਂ ਦਾ ਬਹਾਨਾ ਹੁੰਦਾ ਹੈ। ਅਸਲ ਵਿਚ ਉਹ ਤਾਂ ਹਰ ਹਾਲਤ ਵਿਚ ਪਰਵਾਸ ਵਿਚ ਸੈਟਲ ਹੋਣਾ ਚਾਹੁੰਦੇ ਹਨ। ਪਰਵਾਸ ਦੀ ਜ਼ਿੰਦਗੀ ਵੀ ਇਤਨੀ ਸੁਖਾਲੀ ਨਹੀਂ। ਸਗੋਂ ਉਨ੍ਹਾਂ ਨੂੰ ਗੁਜਾਰਾ ਕਰਨ ਲਈ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਆਪਣੇ ਘਰਾਂ ਵਿਚ ਉਹ ਆਪਣੀ ਰੋਟੀ ਆਪ ਚੁੱਕਕੇ ਨਹੀਂ ਖਾਂਦੇ ਪ੍ਰੰਤੂ ਪਰਵਾਸ ਵਿਚ ਹਰ ਕੰਮ ਆਪ ਹੀ ਕਰਨਾ ਪੈਂਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕੋਈ ਰੋਜ਼ਗਾਰ ਨਹੀਂ ਹੈ, ਇਸ ਲਈ ਬੇਰੋਜ਼ਗਾਰੀ ਕਰਕੇ ਬਾਹਰ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਚੰਗੇ ਖਾਂਦੇ ਪੀਂਦੇ ਰੱਜੇ ਪੁੱਜੇ ਘਰਾਂ ਦੇ ਲੜਕੇ ਲੜਕੀਆਂ ਵੀ ਪਰਵਾਸ ਵਿਚ ਸੈਟਲ ਹੋਣ ਲਈ ਪਾਗਲ ਹੋਏ ਫਿਰਦੇ ਹਨ। ਜਿਵੇਂ ਉਹ ਪਰਵਾਸ ਵਿਚ ਜਾ ਕੇ ਹੱਥੀਂ ਕੰਮ ਕਰਦੇ ਹਨ, ਜੇਕਰ ਪੰਜਾਬ ਵਿਚ ਕੰਮ ਕਰਨ ਤਾਂ ਇਥੇ ਵੀ ਬਾਰੇ ਨਿਆਰੇ ਹੋ ਸਕਦੇ ਹਨ। ਪੰਜਾਬ ਵਿਚ ਕੰਮ ਕਰਨ ਲਈ ਬਿਹਾਰ ਅਤੇ ਦੇਸ ਦੇ ਹੋਰ ਰਾਜਾਂ ਤੋਂ ਲੋਕ ਆਉਂਦੇ ਹਨ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ। ਪਰਵਾਸ ਵਿਚ ਹਰ ਕਿਸਮ ਦਾ ਕੰਮ ਕਰਨ ਲਈ ਤੱਤਪਰ ਹਨ। ਜਿਸ ਮਿਕਦਾਰ ਨਾਲ ਹੁਣ ਵਿਦਿਆਰਥੀ ਜਾ ਰਹੇ ਹਨ, ਉਸ ਤੋਂ ਤਾਂ ਇਉਂ ਲੱਗਦਾ ਹੈ ਕਿ ਅਗਲੇ ਪੰਜਾਹ ਸਾਲਾਂ ਵਿਚ ਪੰਜਾਬ ਖਾਲੀ ਹੋ ਜਾਵੇਗਾ। ਪੰਜਾਬ ਦੀ ਆਰਥਿਤਾ ਬਰਬਾਦ ਹੋ ਰਹੀ ਹੈ ਕਿਉਂਕਿ ਜਿਹੜੇ ਪਰਵਾਸ ਵਿਚ ਵਸ ਜਾਂਦੇ ਹਨ, ਉਹ ਹੁਣ ਪੰਜਾਬ ਵਿਚ ਇਕ ਪੈਸਾ ਵੀ ਇਨਵੈਸਟ ਨਹੀਂ ਕਰਦੇ। ਪੰਜਾਬ ਵਿਚ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਲੱਗਦੀਆਂ। ਕੋਈ ਸਮਾਂ ਹੁੰਦਾ ਸੀ ਜਦੋਂ ਪਰਵਾਸੀ ਪੰਜਾਬ ਵਿਚ ਜਾਇਦਾਦਾਂ ਖ੍ਰੀਦਦੇ ਸਨ। ਹੁਣ ਤਾਂ ਕਰੋੜਾਂ ਰੁਪਿਆ ਪੰਜਾਬ ਵਿਚੋਂ ਫੀਸਾਂ ਦੇ ਰੂਪ ਵਿਚ ਬਾਹਰ ਜਾ ਰਿਹਾ ਹੈ। ਇਕੱਲੀ ਇਹੋ ਗੱਲ ਨਹੀਂ ਸਗੋਂ ਬਦਕਿਸਮਤੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਨੌਜਵਾਨਾ ਦੀ ਕਰੀਮ ਜਿਹੜੇ ਦਿਮਾਗੀ ਹੁਸ਼ਿਆਰ ਵਿਦਿਆਰਥੀ ਹਨ, ਉਨ੍ਹਾਂ ਦਾ ਲਾਭ ਬਾਹਰਲੇ ਦੇਸ ਲੈ ਰਹੇ ਹਨ। ਅਸੀਂ ਦਿਮਾਗੀ ਤੌਰ ਤੇ ਕੰਗਾਲ ਹੋ ਰਹੇ ਹਾਂ। ਪਰਵਾਸ ਵਿਚ ਭਾਰਤੀ ਡਾਕਟਰ, ਇੰਜਿਨੀਅਰ ਅਤੇ ਵਿਗਿਆਨੀਆਂ ਦਾ ਬੋਲਬਾਲਾ ਹੈ। ਟਰਾਂਸਪੋਰਟ ਅਤੇ ਹੋਟਲ ਇੰਡਸਟਰੀ ਵਿਚ ਪੰਜਾਬੀਆਂ ਦਾ ਕਬਜ਼ਾ ਹੈ।
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਏਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿਚ ਜਾਣਾ ਜ਼ਾਰੀ ਰਿਹਾ ਤਾਂ ਪੰਜਾਬ ਦੇ ਪਿੰਡਾਂ ਦੇ ਘਰਾਂ ਵਿਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ, ਜਿਹੜੇ ਆਪਣੇ ਬੱਚਿਆਂ ਦੇ ਮੂੰਹ ਵੇਖਣ ਲਈ ਤਰਸਦੇ ਰਹਿਣਗੇ। ਪੰਜਾਬ ਨੂੰ ਕਈ ਤਰ੍ਹਾਂ ਦੇ ਉਜਾੜਿਆਂ ਨੇ ਉਜਾੜ ਕੇ ਰੱਖ ਦਿੱਤਾ। ਇਉਂ ਲੱਗ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਮਾੜੇ ਲੋਕ ਆਪੋ ਆਪਣੇ ਘਰਾਂ ਵਿਚ ਵਸਦੇ ਰਹਿਣ ਪ੍ਰੰਤੂ ਸਿਆਣੇ ਤੇ ਸੁਲਝੇ ਹੋਏ ਲੋਕ ਉਜੜਕੇ ਸੰਸਾਰ ਵਿਚ ਜਾ ਕੇ ਸੰਸਾਰ ਦਾ ਭਲਾ ਕਰਨ ਇਸੇ ਥਿਊਰੀ ਅਨੁਸਾਰ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੀ ਵਿਦਵਤਾ ਸਿੱਕਾ ਜਮ੍ਹਾ ਰਹੇ ਹਨ।
ਮੋਬਾਈਲ - 94178 13072
ujagarsingh48@yahoo.com