ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
27 Jan. 2020
ਦਿੱਲੀ 'ਚ ਭਾਜਪਾ ਨੇ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ- ਇਕ ਖ਼ਬਰ
ਕੱਚੀ ਟੁੱਟ ਗਈ ਜਿਹਨਾਂ ਦੀ ਯਾਰੀ, ਪੱਤਣਾਂ 'ਤੇ ਰੋਣ ਖੜ੍ਹੀਆਂ।
ਕੜਾਕੇ ਦੀ ਠੰਢ ਵਿਚ ਗਰਮ ਹੋ ਰਹੀ ਹੈ ਪੰਜਾਬ ਦੀ ਰਾਜਨੀਤੀ- ਇਕ ਖ਼ਬਰ
ਵਾਰਸ ਸ਼ਾਹ ਮੀਆਂ ਪੁੱਛੇ ਛੁਹਰੀਆਂ ਨੂੰ, ਅੱਗ ਲਾ ਫ਼ਕੀਰ ਕਿਉਂ ਸਾੜਿਆ ਜੇ।
ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਨੂੰ ਹਟਾਉਣਾ ਚਾਹੁੰਦੇ ਹਾਂ- ਢੀਂਡਸਾ
ਕਰਾਮਾਤ ਲਗਾਇ ਕੇ ਸਿਹਰ ਫੂਕਾਂ, ਜੜ੍ਹਾਂ ਖੇੜਿਆਂ ਦੀਆਂ ਮੁੱਢੋਂ ਪੁੱਟ ਸੁੱਟਾਂ।
ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਹਮੇਸ਼ਾ ਸੁਖਬੀਰ ਬਾਦਲ ਨਾਲ਼ ਡਟ ਕੇ ਖੜ੍ਹੇਗਾ-ਭੂਪਿੰਦਰ ਸਿੰਘ ਮਨੇਸ਼
ਜਿੱਥੇ ਚੱਲੇਂਗਾ ਚੱਲੂੰਗੀ ਨਾਲ਼ ਤੇਰੇ, ਟਿਕਟਾਂ ਦੋ ਲੈ ਲਈਂ।
ਅਮਿਤ ਸ਼ਾਹ ਵਲੋਂ ਨਾਗਰਿਕਤਾ ਕਾਨੂੰਨ 'ਤੇ ਬਹਿਸ ਦੀ ਚੁਣੌਤੀ ਬਸਪਾ ਵਲੋਂ ਮੰਨਜ਼ੂਰ-ਮਾਇਆਵਤੀ
ਨਿੰਮ ਹੇਠ ਕੱਤਦੀ ਦੀ, ਮੇਰੀ ਗੂੰਜ ਪਵੇ ਦਰਵਾਜ਼ੇ।
ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਭਾਜਪਾ ਦੇ 80 ਮੁਸਲਮਾਨ ਆਗੂਆਂ ਨੇ ਛੱਡੀ ਪਾਰਟੀ- ਇਕ ਖ਼ਬਰ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।
ਸ਼੍ਰੋਮਣੀ ਕਮੇਟੀ 550 ਸਾਲਾ ਸ਼ਤਾਬਦੀ ਦੀ ਤਰਜ਼ 'ਤੇ ਮਨਾਏਗੀ ਤਿੰਨ ਵੱਡੀਆਂ ਸ਼ਤਾਬਦੀਆਂ- ਲੌਂਗੋਵਾਲ
ਬਾਰਾਂ ਕਰੋੜੀ ਟੈਂਟਾਂ ਦੇ ਆਰਡਰ ਹੁਣੇ ਹੀ ਦੇ ਦਿਤੇ ਜਾਣਗੇ।
ਕਮਲਨਾਥ ਨੂੰ ਦਿੱਲੀ 'ਚ ਚੋਣ ਪਰਚਾਰ ਨਹੀਂ ਕਰਨ ਦਿਆਂਗੇ- ਮਨਜਿੰਦਰ ਸਿਰਸਾ
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ, ਹਮ ਸਿੰਘ ਸੇ ਜਾਇ ਕੇ ਲੜੇਗਾ ਜੀ।
ਅਕਾਲੀ ਦਲ ਬਾਦਲ ਦਿੱਲੀ ਚੋਣਾਂ ਨਹੀਂ ਲੜੇਗਾ-ਇਕ ਖ਼ਬਰ
ਦਾਖੇ ਹੱਥ ਨਾ ਅੱਪੜੇ, ਆਖਹਿ ਥੂ ਕੌੜੀ।
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇਕੋ ਸਿੱਕੇ ਦੇ ਦੋ ਪਾਸੇ- ਲੌਂਗੋਵਾਲ
ਉਂਜ ਵੇਖਣ ਨੂੰ ਅਸੀਂ ਦੋ, ਕਿ ਤੇਰੀ ਮੇਰੀ ਇਕ ਜਿੰਦੜੀ।
ਹਰਿਆਣੇ ਦੇ ਇਕ ਮੰਤਰੀ ਦੀ ਮਿਹਰਬਾਨੀ ਨਾਲ਼ ਹਨੀਪ੍ਰੀਤ ਦੀ ਸੌਦਾ ਸਾਧ ਨਾਲ਼ ਪੰਜਵੀਂ ਮੁਲਾਕਾਤ- ਇਕ ਖ਼ਬਰ
ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ।
ਬਾਦਲਾਂ ਨੂੰ ਝਟਕਾ ਦੇਣ ਲਈ ਮੋਦੀ ਢੀਂਡਸਾ ਨੂੰ ਕੈਬਨਿਟ 'ਚ ਕਰ ਸਕਦੇ ਹਨ ਸ਼ਾਮਲ- ਇਕ ਖ਼ਬਰ
ਧਾਹਾਂ ਮਾਰਦਾ ਫਿਰੂਗਾ ਰਾਂਝਾ, ਜੇ ਲੈ ਗਏ ਖੇੜੇ ਡੋਲੀ ਹੀਰ ਦੀ
ਜਿੰਨਾ ਮਰਜ਼ੀ ਵਿਰੋਧ ਕਰੋ, ਨਾਗਰਿਕਤਾ ਸੋਧ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।