ਸਫ਼ਲ ਲੋਕ, ਅਸਫ਼ਲ ਆਗੂ - ਸਵਰਾਜਬੀਰ
ਦਿੱਲੀ ਮੈਟਰੋ ਰੇਲ ਗੱਡੀ ਰਾਹੀਂ ਜਸੋਲਾ/ਸ਼ਾਹੀਨ ਬਾਗ਼ ਮੈਟਰੋ ਸਟੇਸ਼ਨ 'ਤੇ ਉੱਤਰ ਕੇ ਤੁਸਂਂ ਸ਼ਾਹੀਨ ਬਾਗ਼ ਪੈਦਲ ਜਾ ਸਕਦੇ ਹੋ ਜਾਂ ਸਾਹਮਣੇ ਖੜ੍ਹੇ ਆਟੋ/ਈ-ਰਿਕਸ਼ਿਆਂ 'ਤੇ ਬੈਠ ਜਾਓ ਜਿਹੜੇ ਦਸ ਰੁਪਈਏ ਫ਼ੀ ਸਵਾਰੀ ਲੈਂਦੇ ਹਨ। ਜਦ ਮੈਂ ਆਪਣੇ ਪਰਿਵਾਰ ਨਾਲ ਸ਼ਾਹੀਨ ਬਾਗ਼ ਪਹੁੰਚਿਆ ਤਾਂ ਲਖਨਊ ਦੇ ਸ਼ਾਇਰ ਮੁਨੱਵਰ ਰਾਣਾ ਦੀਆਂ ਧੀਆਂ ਬੋਲ ਰਹੀਆਂ ਸਨ। ਪਹਿਲਾਂ ਛੋਟੀ ਬੋਲੀ ਤੇ ਫਿਰ ਵੱਡੀ। ਵੱਡੀ ਨੇ ਆਪਣੇ ਵਾਲਿਦ ਦਾ ਇਹ ਸ਼ੇਅਰ ਸੁਣਾਇਆ ''ਮਿੱਟੀ ਮੇਂ ਮਿਲਾ ਦੋ ਕਿ ਜੁਦਾ ਹੋ ਨਹੀਂ ਸਕਤਾ/ਅਬ ਇਸ ਸੇ ਜ਼ਿਆਦਾ ਮੈਂ ਤਿਰਾ ਹੋ ਨਹੀਂ ਸਕਦਾ।'' ਇਨ੍ਹਾਂ ਦੋਵਾਂ ਨੂੰ ਪੁਲੀਸ ਨੇ ਲਖਨਊ ਵਿਚ ਕੌਮੀ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਤੋਂ ਬਾਅਦ ਪੱਛਮੀ ਦਿੱਲੀ ਤੋਂ ਆਏ ਇਕ ਸੇਠੀ ਸਾਹਿਬ ਬੋਲੇ ਤੇ ਫਿਰ ਬੇਗ਼ਮ ਹਜ਼ਰਤ ਮਹੱਲ ਲਖਨਊ ਦੇ (ਨਵਾਬ ਵਾਜਿਦ ਅਲੀ ਸ਼ਾਹ ਦੀ ਜਿਸ ਨੇ 1857 ਦੇ ਗ਼ਦਰ ਦੀ ਅਗਵਾਈ ਕੀਤੀ ਸੀ ਤੇ ਅੰਗਰੇਜ਼ਾਂ ਵਿਰੁੱਧ ਲੜਨ ਲਈ ਔਰਤਾਂ ਦੀ ਰਜਮੈਂਟ ਬਣਾਈ ਜਿਸ ਦੀ ਮੁਖੀ ਉਮਾ ਦੇਵੀ ਸੀ) ਦਾ ਪੜ-ਦੋਹਤਾ। ਤੇ ਫਿਰ
ਉੱਥੇ ਕੋਈ ਦੋ ਢਾਈ ਹਜ਼ਾਰ ਲੋਕ ਹਨ। ਬਹੁਗਿਣਤੀ ਔਰਤਾਂ ਦੀ ਹੈ। ਉਹ ਅੱਗੇ ਬੈਠੀਆਂ ਹਨ। ਲੋਕ ਆ ਜਾ ਰਹੇ ਹਨ। ਭਾਸ਼ਨ ਦੇ ਰਹੇ ਹਨ। ਆਪਸ ਵਿਚ ਗੱਲਬਾਤ ਕਰ ਰਹੇ ਹਨ। ਫ਼ੋਨ 'ਤੇ ਆਪਣੇ ਦੋਸਤਾਂ ਤੇ ਸਹੇਲੀਆਂ ਨੂੰ ਦੱਸ ਰਹੇ ਹਨ ਕਿ ਉਹ ਸ਼ਾਹੀਨ ਬਾਗ਼ ਵਿਚ ਹਨ। ਤਸਵੀਰਾਂ ਤੇ ਸੈਲਫ਼ੀਆਂ ਖਿੱਚ ਰਹੇ ਹਨ। ਟੀਵੀ ਵਾਲੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਦੋ ਛੋਟੇ ਬੱਚੇ ਪਿੱਛੇ ਵਿਛੀਆਂ ਦਰੀਆ 'ਤੇ ਦਬਾਦਬ ਝਾੜੂ ਦੇ ਰਹੇ ਹਨ। ਉਨ੍ਹਾਂ ਨੂੰ ਫ਼ਿਕਰ ਹੈ ਕਿ ਹੋਰ ਲੋਕਾਂ ਦੇ ਆਉਣ ਤੋਂ ਪਹਿਲਾਂ ਉੱਥੇ ਸਫ਼ਾਈ ਹੋ ਜਾਵੇ। ਉਨ੍ਹਾਂ ਦੀਆਂ ਅੱਖਾਂ ਵਿਚ ਅਜੀਬ ਤਰ੍ਹਾਂ ਦੀ ਲਿਸ਼ਕ ਹੈ। ਹੋਰ ਪਿੱਛੇ ਨੌਜਵਾਨਾਂ ਦੀ ਟੋਲੀ 'ਆਜ਼ਾਦੀ' ਦੇ ਗੀਤ ਗਾ ਰਹੀ ਹੈ। ਕੁਝ ਵਾਲੰਟੀਅਰ ਤੁਹਾਨੂੰ ਪਿੱਛੇ ਆਉਣ ਲਈ ਕਹਿੰਦੇ ਹਨ ਤਾਂ ਕਿ ਔਰਤਾਂ ਅੱਗੇ ਜਾ ਸਕਣ। ਪਿੱਠ ਭੂਮੀ 'ਚੋਂ ਇਕ ਵਕਤਾ ਬੋਲ ਰਿਹਾ ਹੈ, ''ਮੈਂ ਏਥੇ ਆਪਣੀ ਜ਼ਮੀਰ ਕਾਰਨ ਆਇਆ ਹਾਂ।'' ਇਹ ਸ਼ਾਹੀਨ ਬਾਗ਼ ਹੈ, ਮਨੁੱਖਤਾ ਦੇ ਵੰਨ-ਸਵੰਨੇ ਫੁੱਲਾਂ ਨਾਲ ਮਹਿਕਦਾ ਅਤੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਰ ਦੇ ਜਿਉਂਦੇ ਹੋਣ ਦਾ ਅਹਿਸਾਸ ਦਿਵਾਉਂਦਾ ਹੋਇਆ।
ਬੁਲਾਰੇ ਵਾਰ ਵਾਰ ਕਹਿੰਦੇ ਹਨ ਕਿ ਇਹ ਧਰਨਾ ਸਿਰਫ਼ ਮੁਸਲਮਾਨਾਂ ਦਾ ਨਹੀਂ ਸਗੋਂ ਸਾਰੇ ਹਿੰਦੋਸਤਾਨੀਆਂ ਦਾ ਹੈ, ਉਹ ਕਹਿੰਦੇ ਹਨ ਕਿ ਹਿੰਦੋਸਤਾਨ ਉਨ੍ਹਾਂ ਦਾ ਵਤਨ ਹੈ, ਇਹ ਧਰਤੀ, ਇਹ ਮਿੱਟੀ ਉਨ੍ਹਾਂ ਦੀ ਹੈ ਤੇ ਕੋਈ ਉਨ੍ਹਾਂ ਨੂੰ ਇਸ ਮਿੱਟੀ ਤੋਂ ਜੁਦਾ ਨਹੀਂ ਕਰ ਸਕਦਾ, ਉਨ੍ਹਾਂ ਦੀ ਲੜਾਈ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਨੇ ਮੰਚ ਦੇ ਕੇਂਦਰ ਵਿਚ ਬੀ ਆਰ ਅੰਬੇਦਕਰ ਦੀ ਤਸਵੀਰ ਲਗਾ ਰੱਖੀ ਹੈ। ਸੱਜੇ ਪਾਸੇ ਸੁਭਾਸ਼ ਚੰਦਰ ਬੋਸ ਦੇ ਨਾਲ ਬੰਗਾਲ ਦੀ ਨਾਰੀਵਾਦੀ ਚਿੰਤਕ ਤੇ ਲੇਖਕ ਬੇਗ਼ਮ ਰੁਕਈਆ ਸਖ਼ਾਵਤ ਹੁਸੈਨ ਦੀ ਫੋਟੋ ਲੱਗੀ ਹੋਈ। ਹੇਠਾਂ ਗਾਂਧੀ ਹੈ, ਨਹਿਰੂ ਦੀ ਤਸਵੀਰ ਸੱਜੇ ਪਾਸੇ ਨੂੰ ਖਿਸਕ ਗਈ ਹੈ। ਬੇਗ਼ਮ ਰੁਕਈਆ ਸਖ਼ਾਵਤ ਹੁਸੈਨ ਨੇ ਸੁਪਨਈ ਅੰਦਾਜ਼ ਵਾਲੀ ਲੰਮੀ ਨਾਰੀਵਾਦੀ ਕਹਾਣੀ ''ਸੁਲਤਾਨਾ ਦਾ ਸੁਪਨਾ (Sultana`s Dream)'' ਲਿਖੀ ਸੀ ਜਿਹੜੀ 1905 ਵਿਚ ਮਦਰਾਸ ਤੋਂ ਛਪਦੇ ''ਦਿ ਇੰਡੀਅਨ ਲੇਡੀਜ਼ ਮੈਗਜ਼ੀਨ'' ਵਿਚ ਛਪੀ। ਉਸ ਕਹਾਣੀ ਦੇ ਸੁਪਨਮਈ ਸੰਸਾਰ ਜਿਸ ਦਾ ਨਾਂ 'ਔਰਤਾਂ ਦੀ ਧਰਤੀ' (Ladyland) ਹੈ, ਵਿਚ ਔਰਤਾਂ ਤੇ ਮਰਦਾਂ ਦੀ ਭੂਮਿਕਾ ਉਲਟ ਪੁਲਟ ਹੋ ਜਾਂਦੀ ਹੈ, ਉਸ ਸਮਾਜ ਵਿਚ ਔਰਤਾਂ ਦਾ ਦਬਦਬਾ ਹੈ, ਉਹ ਸਾਇੰਸਦਾਨ ਹਨ, ਸੂਰਜ ਦੀ ਊਰਜਾ (Solar Power) ਨੂੰ ਇਕੱਤਰ ਕਰਦੀਆਂ ਤੇ ਮੌਸਮਾਂ ਦੀ ਗਤੀ ਨੂੰ ਵਸ ਵਿਚ ਕਰ ਲੈਂਦੀਆਂ ਹਨ। ਤੁਸੀਂ ਹੈਰਾਨ ਹੁੰਦੇ ਹੋ ਕਿ ਕੀ ਰੁਕਈਆ ਸਖ਼ਾਵਤ ਹੁਸੈਨ ਦਾ ਸੁਪਨਾ ਸ਼ਾਹੀਨ ਬਾਗ਼ ਵਿਚ ਸਾਕਾਰ ਹੋ ਰਿਹਾ ਹੈ।
ਮੁਜ਼ਾਹਰਾਕਾਰੀਆਂ ਨੂੰ ਭਾਜਪਾ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਜ਼ਹਿਰੀਲੇ ਪ੍ਰਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਆਗੂਆਂ ਨੇ ਇਸ ਧਰਨੇ ਨੂੰ ਕੀ ਕੀ ਨਹੀਂ ਕਿਹਾ, ''ਤੌਹੀਨ ਬਾਗ਼'', ''ਪਾਕਿਸਤਾਨ ਦੇ ਹਮਾਇਤੀਆਂ ਦਾ ਧਰਨਾ'', ''ਟੁਕੜੇ ਟੁਕੜੇ ਗੈਂਗ ਵਾਲਿਆਂ ਦਾ ਅੱਡਾ''। ਇਕ ਆਗੂ ਅਨੁਸਾਰ ''ਪਾਕਿਸਤਾਨ ਸ਼ਾਹੀਨ ਬਾਗ਼ ਥਾਣੀਂ ਆ ਰਿਹਾ ਹੈ।'' ਇਕ ਆਗੂ ਤਾਂ ਇਸ ਜ਼ਲਾਲਤ 'ਤੇ ਉੱਤਰ ਆਇਆ ਕਿ ਉਸ ਨੇ ਕਿਹਾ ਕਿ ਸ਼ਾਹੀਨ ਬਾਗ਼ ਦੇ ਮੁਜ਼ਾਹਰਾਕਾਰੀ ਘਰਾਂ ਵਿਚ ਆ ਕੇ ਧੀਆਂ ਦਾ ਬਲਾਤਕਾਰ ਤੇ ਕਤਲ ਕਰ ਸਕਦੇ ਹਨ। ਇਸ ਇਨਸਾਨ ਨੂੰ ਸ਼ਾਹੀਨ ਬਾਗ਼ ਜਾਣਾ ਚਾਹੀਦਾ ਹੈ। ਉੱਥੇ ਜਾ ਕੇ ਇਸ ਨੂੰ ਪਤਾ ਲੱਗੇਗਾ ਕਿ ਇਨਸਾਨੀਅਤ ਕੀ ਹੁੰਦੀ ਹੈ, ਸਾਂਝੀਵਾਲਤਾ ਦੇ ਫੁੱਲਾਂ ਦੀ ਖੁਸ਼ਬੂ ਕਿਵੇਂ ਤੁਹਾਨੂੰ ਮਨੁੱਖ ਬਣਾ ਸਕਦੀ ਹੈ। ਉੱਥੇ ਜਾ ਕੇ ਇਸ ਇਨਸਾਨ ਨੂੰ ਪਤਾ ਲੱਗੇਗਾ ਕਿ ਉਹ ਏਨਾ ਗਿਰਿਆ ਹੋਇਆ ਇਨਸਾਨ ਹੈ ਕਿ ਉਸ ਨੂੰ ਇਨਸਾਨ ਕਹਿਣਾ ਇਨਸਾਨਾਂ ਦੀ ਤੌਹੀਨ ਹੈ।
ਮੰਚ ਉੱਤੇ ਕੋਈ ਪ੍ਰਧਾਨਗੀ ਮੰਡਲ ਨਹੀਂ ਹੈ। ਤੁਸੀਂ ਮੰਚ ਲਾਗੇ ਖਲੋਤੇ ਸੰਚਾਲਕਾਂ ਨੂੰ ਆਪਣਾ ਨਾਂ ਦੱਸ ਕੇ ਬੋਲਣ ਦੀ ਇਜਾਜ਼ਤ ਲੈ ਸਕਦੇ ਹੋ। ਕਈ ਵਕਤੇ ਬਹੁਤੇ ਜੋਸ਼ ਵਿਚ ਆ ਕੇ ਕੁਝ ਹੋਰ ਵਿਵਾਦਪ੍ਰਸਤ ਮੁੱਦਿਆਂ 'ਤੇ ਵੀ ਬੋਲਣ ਲੱਗ ਪੈਂਦੇ। ਕੋਈ ਉਸ ਨੂੰ ਧਾਰਮਿਕ ਰਾਹ 'ਤੇ ਲੈ ਨਿਕਲਦਾ ਹੈ ਤੇ ਕੋਈ ਸ਼ੁੱਧ ਇਨਕਲਾਬ ਦੇ ਰਸਤੇ ਵੱਲ। ਮੰਚ ਦੇ ਹੇਠਾਂ ਖੜ੍ਹੀਆਂ ਸੰਚਾਲਕ ਕੁੜੀਆਂ ਵਾਰ ਵਾਰ ਅਰਜ਼ ਕਰਦੀਆਂ ਹਨ ਕਿ ਇਹ ਧਰਨਾ ਸਿਰਫ਼ ਨਾਗਿਰਕਤਾ ਸੋਧ ਕਾਨੂੰਨ ਅਤੇ ਨਾਗਰਿਕਤਾ ਕੌਮੀ ਰਜਿਸਟਰ ਦੇ ਵਿਰੁੱਧ ਹੈ, ਉਨ੍ਹਾਂ ਦੀ ਸਿਆਸਤ ਇਸ ਕਾਨੂੰਨ ਤੇ ਇਸ ਰਜਿਸਟਰ ਦੇ ਵਿਰੁੱਧ ਹੈ ਅਤੇ ਉਹ ਇਸ ਨੂੰ ਇਸ ਮੁੱਦੇ 'ਤੇ ਹੀ ਕੇਂਦਰਿਤ ਰੱਖਣਾ ਚਾਹੁੰਦੀਆਂ ਹਨ। ਅਸਲ ਵਿਚ ਸੰਚਾਲਕ ਧਰਨਾ ਦੇਣ ਵਾਲੇ ਜੋਸ਼ੀਲੇ ਵਕਤਿਆਂ ਨੂੰ ਇਹ ਦੱਸ ਰਹੀਆਂ ਹਨ ਕਿ ਇਹ ਧਰਨਾ ਉਨ੍ਹਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਲਾਇਆ ਹੈ, ਇਹ ਲੜਾਈ ਉਨ੍ਹਾਂ ਦੀ ਹੋਂਦ, ਇਸ ਧਰਤੀ ਨਾਲ ਉਨ੍ਹਾਂ ਨੂੰ ਬਚਾਉਣ ਦੀ ਲੜਾਈ ਹੈ ਤੇ ਇਹ ਬੁਨਿਆਦੀ ਹੈ, ਇਸੇ 'ਤੇ ਜ਼ੋਰ ਦੇਣਾ ਚਾਹੀਦਾ ਹੈ, ਬਹੁਤ ਜ਼ਿਆਦਾ ਜੋਸ਼ੀਲੇ ਵਕਤਾ ਆਪਣੇ 'ਵੱਡੇ ਤੇ ਮਹਾਨ ਇਨਕਲਾਬੀ' ਮੁੱਦਿਆਂ ਨੂੰ ਹੋਰ ਮੰਚਾਂ ਤੋਂ ਉਭਾਰਨ।
ਵੱਖ ਵੱਖ ਸਮਿਆਂ ਤੇ ਵੱਖ ਵੱਖ ਤਰ੍ਹਾਂ ਦੇ ਨਾਇਕ, ਕਹਾਵਤਾਂ, ਝੰਡੇ, ਲੋਕ-ਬੋਲ, ਕਵਿਤਾਵਾਂ, ਨਾਹਰੇ ਲੋਕ ਵਿਦਰੋਹ ਦੇ ਚਿੰਨ੍ਹ ਅਤੇ ਹਥਿਆਰ ਬਣੇ। ਫਰਾਂਸੀਸੀ ਇਨਕਲਾਬੀਆਂ ਨੇ ਪਹਿਲਾਂ ਨੀਲੇ ਤੇ ਲਾਲ ਰੰਗ ਦੇ ਦੋ-ਰੰਗੇ ਝੰਡੇ ਚੁੱਕੇ, ਬਾਅਦ ਵਿਚ ਸਫ਼ੈਦ ਰੰਗ ਪਾ ਕੇ ਤਿਰੰਗਾ ਝੰਡਾ ਬਣਾਇਆ, ਗ਼ਦਰ ਪਾਰਟੀ ਨੇ ਆਪਣਾ ਤਿਰੰਗਾ ਬਣਾਇਆ ਅਤੇ ਕਾਂਗਰਸ ਨੇ ਆਪਣਾ, ਰੂਸੀ ਇਨਕਲਾਬੀਆਂ ਨੇ ਲਾਲ ਝੰਡੇ ਚੁੱਕੇ, ਬੁੱਲ੍ਹੇ ਸ਼ਾਹ ਤੇ ਫੈਜ਼ ਅਹਿਮਦ ਫੈਜ਼ ਨੇ ਕੁਰਾਨ ਦੀਆਂ ਆਇਤਾਂ ਵਿਚੋਂ ਸ਼ਬਦ ਲੈ ਕੇ ਉਨ੍ਹਾਂ ਵਿਚ ਵਿਦਰੋਹੀ ਰੂਹ ਫੁਕੀ, ਗੁਰਦੁਆਰਾ ਸੁਧਾਰ ਲਹਿਰ ਦੇ ਮਰਜੀਵੜਿਆਂ ਨੇ ਸ਼ਾਂਤਮਈ ਢੰਗ ਨਾਲ ਗੁਰੂ ਸਾਹਿਬ ਦੇ ਸ਼ਬਦ ਉਚਾਰਦਿਆਂ ਅੰਗਰੇਜ਼ ਅਫ਼ਸਰ ਬੀ.ਟੀ. ਦੀਆਂ ਡਾਂਗਾਂ ਤੇ ਹੋਰ ਕਹਿਰ ਆਪਣੇ ਪਿੰਡਿਆਂ 'ਤੇ ਝੱਲੇ, ਜਾਨਾਂ ਵਾਰੀਆਂ। ਕਰਤਾਰ ਸਿੰਘ ਸਰਾਭਾ, ਅਸ਼ਫ਼ਾਕ ਉਲ੍ਹਾ ਖਾਂ ਅਤੇ ਉਨ੍ਹਾਂ ਦੇ ਸਾਥੀ 'ਵੰਦੇ ਮਾਤਰਮ' ਦੇ ਨਾਹਰੇ ਮਾਰਦੇ ਫਾਂਸੀ 'ਤੇ ਚੜ੍ਹ ਗਏ। ਲਾਤੀਨੀ ਅਮਰੀਕਾ ਦੇ ਵੱਖ ਵੱਖ ਦੇਸ਼ਾਂ ਦੇ ਗ਼ਰੀਬਾਂ, ਮਾਰਕਸਵਾਦੀਆਂ ਤੇ ਚਰਚ ਦੇ ਆਗੂਆਂ ਨੇ ਬਾਈਬਲ ਦੇ ਨਵੇਂ ਅਰਥ ਕਰਦਿਆਂ ਕਿਹਾ ਕਿ ਅਸਲੀ ਪਾਪ ਜਾਬਰਾਂ ਦੇ ਹੁਕਮ ਮੰਨਣਾ ਹੈ।
ਸਾਡੇ ਦੇਸ਼ ਵਿਚ ਇਹ ਸਭ ਕੁਝ ਕਿਵੇਂ ਸੰਭਵ ਹੋਇਆ। ਲੋਕਾਂ ਨੇ ਜ਼ਮੀਨੀ ਹਾਲਾਤ ਦਾ ਸੇਕ ਆਪਣੇ ਪਿੰਡਿਆਂ 'ਤੇ ਝੱਲਿਆ। ਉਹ ਹਜੂਮੀ ਹਿੰਸਾ ਦਾ ਸ਼ਿਕਾਰ ਹੋਏ, ਧਰਮ ਦੇ ਆਧਾਰ 'ਤੇ ਉਨ੍ਹਾਂ ਦਾ ਤ੍ਰਿਸਕਾਰ ਕਰਦਿਆਂ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਕਿਹਾ ਗਿਆ, ਉਨ੍ਹਾਂ ਦੇ ਖਾਣ ਪੀਣ ਤੇ ਲਿਬਾਸ ਪਾਉਣ ਦੇ ਤਰੀਕਿਆਂ 'ਤੇ ਸਵਾਲ ਕੀਤੇ ਗਏ। ਉਹ ਸਿਆਸਤਦਾਨਾਂ ਵੱਲ ਵੇਖਦੇ ਰਹੇ, ਹਰ ਤਰ੍ਹਾਂ ਦੇ ਸਿਆਸਤਦਾਨਾਂ ਵੱਲ, ਸੱਜੇ ਪੱਖੀਆਂ, ਖੱਬੇ ਪੱਖੀਆਂ, ਕੇਂਦਰਵਾਦੀਆਂ ਵੱਲ। ਫਿਰ ਨਾਗਰਿਕਤਾ ਸੋਧ ਕਾਨੂੰਨ (Citizens Amendment Act- CAA) ਆਇਆ ਜਿਹਦੇ ਤਹਿਤ ਪਾਕਿਤਸਾਨ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਵਿਚ ਵੱਸਦੇ ਗ਼ੈਰ-ਮੁਸਲਿਮ ਫ਼ਿਰਕਿਆਂ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਭਾਰਤੀ ਨਾਗਰਿਕਤਾ ਦੇਣ ਦੀ ਗੱਲ ਕੀਤੀ ਗਈ।
ਇਸ ਦੇ ਨਾਲ ਹੀ ਅਜਿਹੀਆਂ ਕਾਰਵਾਈਆਂ (ਕੌਮੀ ਆਬਾਦੀ ਰਜਿਸਟਰ, National Population Register, ਨਾਗਰਿਕਾਂ ਦਾ ਕੌਮੀ ਰਜਿਸਟਰ National Register of Citizens) ਕਰਨ ਦੀਆਂ ਕਨਸੋਆਂ ਵੀ ਸੁਣਾਈ ਦਿੱਤੀਆਂ ਜਾਣ ਲੱਗੀਆਂ ਜਿਨ੍ਹਾਂ ਅਨੁਸਾਰ ਦੇਸ਼ ਦੇ ਹਰ ਬੰਦੇ ਤੋਂ ਉਸ ਦੀ ਇਸ ਦੇਸ਼ ਦਾ ਨਾਗਰਿਕ ਹੋਣ ਦੇ ਸਬੂਤ ਮੰਗੇ ਜਾਣਗੇ। ਸਦੀਆਂ ਤੋਂ ਇਸ ਧਰਤੀ 'ਤੇ ਵਸਦੇ ਲੋਕਾਂ ਤਂਂ ਪੁੱਛਿਆ ਜਾਏਗਾ ਕਿ ਇਸ ਧਰਤੀ ਨਾਲ ਆਪਣੇ ਸਬੰਧਾਂ ਦਾ ਸਬੂਤ ਦਿਉ। ਲੋਕਾਂ ਦੇ ਮਨਾਂ ਵਿਚ ਇਹ ਗੱਲ ਆ ਗਈ ਕਿ ਪਾਣੀ ਹੁਣ ਸਿਰ ਤੋਂ ਲੰਘ ਚੁੱਕਾ ਹੈ, ਖੱਬੀਆਂ, ਸੱਜੀਆਂ ਤੇ ਕੇਂਦਰਵਾਦੀ ਪਾਰਟੀਆਂ ਤੇ ਗਰੁੱਪ ਸਾਡੇ ਹੱਕ ਵਿਚ ਬਿਆਨ ਦੇਣ ਅਤੇ ਆਪਣੇ ਇਕੱਠ ਕਰਨ ਤਕ ਸੀਮਤ ਹਨ ਅਤੇ ਅਖ਼ਬਾਰਾਂ ਵਿਚ ਲੇਖ ਲਿਖਣ ਤਕ। ਲੋਕਾਂ ਨੇ ਸੋਚਿਆ ਕਿ ਇਹ ਕਾਫ਼ੀ ਨਹੀਂ, ਉਨ੍ਹਾਂ ਨੇ ਆਪਣੇ ਅੰਦੋਲਨ ਆਪ ਬਣਾ ਲਏ, ਕਿਸੇ ਨੇ ਆਪਣਾ ਧਾਰਮਿਕ ਲਿਬਾਸ ਪਾ ਲਿਆ ਤੇ ਕਿਸੇ ਨੇ ਜੈਕੇਟ 'ਤੇ ਜ਼ਨਿ, ਕਿਸੇ ਨੇ ਤਿਰੰਗਾ ਫੜ ਲਿਆ ਤੇ ਕਿਸੇ ਨੇ ਕਿਸੇ ਹੋਰ ਰੰਗ ਦਾ ਝੰਡਾ, ਕਿਸੇ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਆਪਣੇ ਪੋਸਟਰ 'ਤੇ ਲਿਖ ਲਿਆ ਤੇ ਕਿਸੇ ਨੇ ਇਨਕਲਾਬ ਜ਼ਿੰਦਾਬਾਦ, ਕਿਸੇ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਗਾਈ ਅਤੇ ਕਿਸੇ ਨੇ ਲੋਕ ਗੀਤ। ਪਾਰਟੀਆਂ ਅਜੇ ਵੀ ਵਿਚਾਰਧਾਰਕ ਬਹਿਸਾਂ ਵਿਚ ਉਲਝੀਆਂ ਹੋਈਆਂ ਹਨ ਪਰ ਲੋਕਾਂ ਨੇ ਜਮਹੂਰੀਅਤ ਅਤੇ ਆਪਣੀ ਜਮਹੂਰੀ ਪਛਾਣ ਨੂੰ ਬਚਾਉਣ ਲਈ ਮੋਰਚੇ ਖੋਲ੍ਹ ਲਏ ਹਨ, ਦਿੱਲੀ ਦਾ ਸ਼ਾਹੀਨ ਬਾਗ਼, ਲਖਨਊ ਦਾ ਸਬਜ਼ੀ ਬਾਗ਼, ਕਲਕੱਤੇ ਦਾ ਪਾਰਕ ਸਰਕਸ, ਮਲੇਰਕੋਟਲੇ ਤੇ ਲੁਧਿਆਣੇ ਦੀਆਂ ਸੜਕਾਂ, ਥਾਂ ਥਾਂ 'ਤੇ ਲੋਕ-ਮੋਰਚੇ, ਹਰ ਥਾਂ ਦੇ ਲੋਕ-ਮਨ ਦੀ ਆਪਣੀ ਈਜਾਦ ਹਨ, ਉਹ ਕਿਸੇ ਵੀ ਪਾਰਟੀ, ਧਰਮ ਜਾਂ ਜਾਤ ਦੇ ਢਾਂਚੇ ਦੇ ਜ਼ਾਬਤੇ ਤੋਂ ਬਾਹਰ ਹਨ। ਲੋਕਾਂ ਦਾ ਵਿਹਾਰ ਬੁੱਲ੍ਹੇ ਸ਼ਾਹ ਦੇ ਕਹਿਣ ਵਾਂਗ 'ਉਲਟੀ ਦਸਤਕ' ਦੇਣ ਵਾਲਾ ਹੈ।
ਕੁਝ ਆਗੂਆਂ ਨੂੰ ਇਹ ਫ਼ਿਕਰ ਲੱਗਾ ਹੋਇਆ ਹੈ ਕਿ ਇਸ ਲਹਿਰ ਦਾ ਕੀ ਬਣੇਗਾ। ਉਹ ਆਪਸ ਵਿਚ ਸਲਾਹਾਂ ਕਰਦੇ ਹਨ ਕਿ ਉੱਥੇ ਜਾ ਕੇ ਮੁਜ਼ਾਹਰਿਆਂ ਵਿਚ ਹਿੱਸਾ ਲੈ ਕੇ ਮੁਜ਼ਾਹਰਾਕਾਰੀਆਂ ਨੂੰ 'ਸਮਝਾਇਆ' ਜਾਵੇ ਕਿ ਜਮਹੂਰੀ ਲਹਿਰਾਂ ਨੂੰ ਕਿਵੇਂ 'ਜਮਹੂਰੀ' ਤੇ 'ਇਨਕਲਾਬੀ' ਤਰਜ਼ 'ਤੇ ਚਲਾਇਆ ਜਾਂਦਾ ਹੈ। ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਉੱਥੇ ਕਿਹੜੇ ਆਗੂਆਂ ਦੀਆਂ ਤਸਵੀਰਾਂ ਲਾਈਆਂ ਜਾਣ ਤੇ ਕਿਹੜਿਆਂ ਦੀ ਨਹੀਂ, ਵਿਰੋਧ ਕਰਨ ਦੇ ਤਰੀਕੇ ਵਿਚ 'ਸ਼ੁੱਧਤਾ' ਕਿਵੇਂ ਲਿਆਂਦੀ ਜਾਵੇ।
ਲੋਕਾਂ ਨੇ ਜਮਹੂਰੀਅਤ ਨੂੰ ਬਚਾਉਣ ਤੇ ਸਫ਼ਲ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੇ ਅੰਦੋਲਨ ਸ਼ੁਰੂ ਕੀਤੇ ਹਨ, ਇਨ੍ਹਾਂ ਅੰਦੋਲਨਾਂ ਨੂੰ ਸੌੜੀਆਂ ਵਿਚਾਰਧਾਰਕ ਦਰਜਾਬੰਦੀਆਂ ਵਿਚ ਰੱਖ ਕੇ ਨਹੀਂ ਸਮਝਿਆ ਜਾ ਸਕਦਾ। ਇਹ ਮੁਜ਼ਾਹਰਾਕਾਰੀ ਆਗੂਆਂ ਦੇ ਦੱਸੇ ਨਾਹਰੇ ਨਹੀਂ ਮਾਰਦੇ, ਇਹ ਆਪਣੇ ਨਾਹਰੇ ਆਪ ਘੜਦੇ ਹਨ। ਲੋਕ ਨਹੀਂ ਜਾਣਦੇ ਕਿ ਉਨ੍ਹਾਂ ਦੇ ਅੰਦੋਲਨ ਕਿਹੜੀ ਦਿਸ਼ਾ ਲੈਣਗੇ, ਉਹ ਆਪਣੀ ਪਛਾਣ, ਨਿੱਜਤਾ ਤੇ ਮਨੁੱਖਤਾ ਨੂੰ ਬਚਾਉਣ ਸੜਕਾਂ 'ਤੇ ਆਏ ਤੇ ਆਪਣੀ ਆਤਮਾ ਦੀ ਆਵਾਜ਼ ਬੁਲੰਦ ਕਰਨ ਵਿਚ ਸਫ਼ਲ ਹੋਏ ਹਨ। ਉਨ੍ਹਾਂ ਨੇ ਲੋਕਾਈ ਦੀ ਵਲੂੰਧਰੀ ਜਾ ਰਹੀ ਆਤਮਾ ਨੂੰ ਦੇਸ਼ ਦੀ ਸੋਚ ਤੇ ਕਲਪਨਾ ਦੇ ਕੇਂਦਰ ਵਿਚ ਲਿਆਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ, ਉਹ ਕਾਰਜ ਜਿਸ ਨੂੰ ਕਰਨ ਵਿਚ ਨੇਤਾ ਅਸਫ਼ਲ ਰਹੇ।.