ਸਰਬਵਿਆਪਕਤਾ, ਬਰਾਬਰੀ ਤੇ ਕੁਦਰਤ ਦਾ ਮਹਾਂ-ਗੀਤ - ਪ੍ਰੋ. ਪ੍ਰੀਤਮ ਸਿੰਘ
ਗੁਰੂ ਨਾਨਕ ਦੇਵ ਜੀ ਸਾਡੀ ਧਰਤੀ ਪੰਜਾਬ 'ਤੇ ਪੈਦਾ ਹੋਣ ਵਾਲੇ ਸਭ ਤੋਂ ਵੱਡੇ ਚਿੰਤਕ, ਫਿਲਾਸਫਰ, ਕਵੀ, ਯਾਤਰੀ ਅਤੇ ਪੈਗੰਬਰ ਹੋਏ ਹਨ। ਇਸ ਪੱਖੋਂ ਵੇਖਿਆ ਜਾਵੇ ਤਾਂ ਇਕ ਪਾਸੇ ਗੁਰੂ ਨਾਨਕ ਦੇਵ ਜੀ ਮਹੱਤਵਪੂਰਨ ਸ਼ਖ਼ਸੀਅਤ ਵਜੋਂ ਵੇਖੇ ਜਾ ਸਕਦੇ ਹਨ ਜੋ ਨਿਸ਼ਚਿਤ ਇਤਿਹਾਸਕ ਸਮੇਂ (15ਵੀਂ ਸਦੀ) ਅਤੇ ਭੂਗੋਲਿਕ ਸਥਾਨ (ਪੰਜਾਬ) ਦੀਆਂ ਸਮੱਸਿਆਵਾਂ ਅਤੇ ਸੰਕਟ ਨਾਲ ਜੂਝਦੇ ਹੋਏ ਸੇਧ ਦਿੰਦੇ ਹਨ। ਦੂਜੇ ਪਾਸੇ ਸਾਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਗੁਰੂ ਨਾਨਕ ਦੇਵ ਜੀ ਕਿਵੇਂ ਉਸ ਇਤਿਹਾਸਕ ਸਮੇਂ ਅਤੇ ਭੂਗੋਲਿਕ ਸਥਾਨ ਦੀਆਂ ਸੀਮਾਵਾਂ ਨੂੰ ਪਾਰ ਕਰ (Transcend) ਗਏ ਸਨ। ਇਸ ਦਾ ਅਰਥ ਹੈ ਕਿ ਗੁਰੂ ਨਾਨਕ ਇਤਿਹਾਸਕ ਸ਼ਖ਼ਸੀਅਤ ਅਤੇ ਸਰਬਵਿਆਪਕ ਚਿੰਤਕ, ਦੋਵੇਂ ਸਨ।
ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਪੰਜਾਬ ਦੀ ਧਰਤੀ ਤੇ ਪੈਦਾ ਹੋਣ ਵਾਲੇ ਸਰਬਵਿਆਪਕ (Universal) ਚਿੰਤਕ ਸਨ। ਇਹਨਾਂ ਦੋਨਾਂ ਪੱਖਾਂ ਦੇ ਮਿਲਾਪ ਤੋਂ ਹੀ ਅਸੀਂ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਨੇ ਆਪਣੀ ਬਾਣੀ ਪੰਜਾਬੀ ਵਿਚ ਕਿਉਂ ਰਚੀ ਅਤੇ ਉਸ ਬਾਣੀ ਦੁਆਰਾ ਸਰਬਵਿਆਪਕ (Universal) ਸੰਦੇਸ਼ ਕਿਉਂ ਦਿੱਤਾ।
ਗੁਰੂ ਨਾਨਕ ਨਾਲ ਸਬੰਧਿਤ ਇਨ੍ਹਾਂ ਦੋਨਾਂ ਪੱਖਾਂ- ਇਤਿਹਾਸਕ ਤੇ ਸਰਬਵਿਆਪਕ- ਨੂੰ ਥੋੜ੍ਹਾ ਹੋਰ ਵਿਚਾਰਨ ਦੀ ਲੋੜ ਹੈ।
ਇਤਿਹਾਸਿਕ ਪੱਖੋਂ ਵੇਖਿਆ ਜਾਵੇ ਤਾਂ 15ਵੀਂ ਸਦੀ ਦੇ ਹਿੰਦੋਸਤਾਨ ਅਤੇ ਪੰਜਾਬ ਵਿਚ ਦੋ ਵੱਡੀਆਂ ਸੰਸਾਰਕ ਤਾਕਤਾਂ ਸਨ। ਇਕ ਸੀ ਰਾਜਸੀ ਤਾਕਤ ਪੱਖੋਂ ਹਿੰਦੋਸਤਾਨ 'ਤੇ ਰਾਜ ਕਰ ਰਿਹਾ ਬੜਾ ਤਾਕਤਵਰ ਮੁਗ਼ਲ ਸਾਮਰਾਜ ਅਤੇ ਦੂਜਾ ਸਮਾਜਿਕ ਪੱਖੋਂ ਪ੍ਰਾਚੀਨ ਹਿੰਦੂ ਧਰਮ ਜੋ ਵਰਣ ਆਸ਼ਰਮ (ਜਾਤ-ਪਾਤ) 'ਤੇ ਆਧਾਰਿਤ ਸੀ। ਗੁਰੂ ਨਾਨਕ ਨੇ ਦੋਨਾਂ ਤਾਕਤਾਂ ਨਾਲ ਟੱਕਰ ਲਈ ਅਤੇ ਇਸ ਪੱਖੋਂ ਗੁਰੂ ਨਾਨਕ ਦੀ ਬਾਣੀ ਅਤੇ ਉਨ੍ਹਾਂ ਦਾ ਵਿਦਰੋਹ ਨਿਰਾਲਾ ਸੀ। ਜਾਤ-ਪਾਤ ਦੀ ਆਲੋਚਨਾ ਤਾਂ ਭਗਤੀ ਲਹਿਰ ਦੇ ਸੰਤਾਂ ਜਿਸ ਤਰ੍ਹਾਂ ਭਗਤ ਕਬੀਰ, ਗੁਰੂ ਰਵਿਦਾਸ ਅਤੇ ਭਗਤ ਨਾਮਦੇਵ ਨੇ ਵੀ ਕੀਤੀ ਸੀ ਪਰ ਉਨ੍ਹਾਂ ਵਿਚੋਂ ਕਿਸੇ ਨੇ ਮੁਗ਼ਲ ਸਾਮਰਾਜ ਦੀ ਸਿਆਸੀ ਤਾਕਤ ਨੂੰ ਨਹੀਂ ਵੰਗਾਰਿਆ ਸੀ। ਉਸ ਸਿਆਸੀ ਤਾਕਤ ਦੇ ਜ਼ੁਲਮਾਂ ਦਾ ਵਿਰੋਧ ਕਰਨ ਕਰਕੇ ਗੁਰੂ ਨਾਨਕ ਨੂੰ ਬਾਬਰ ਦੀ ਜੇਲ੍ਹ ਵਿਚ ਵੀ ਜਾਣਾ ਪਿਆ। ਅਸੀਂ ਇਹ ਕਹਿ ਸਕਦੇ ਹਾਂ ਕਿ ਧਰਮ ਤੇ ਰਾਜਨੀਤੀ ਦਾ ਸੁੰਦਰ ਤੇ ਉੱਚੇ ਦਰਜੇ ਦਾ ਸੁਮੇਲ ਜਿਸ ਨੂੰ ਗੁਰੂ ਹਰਗੋਬਿੰਦ ਨੇ ਮੀਰੀ ਪੀਰੀ ਦੇ ਸਿਧਾਂਤ ਦੁਆਰਾ ਪੇਸ਼ ਕੀਤਾ ਸੀ, ਉਸ ਦੀਆਂ ਸਿਧਾਂਤਕ ਨੀਹਾਂ ਗੁਰੂ ਨਾਨਕ ਦੀ ਬਾਣੀ ਅਤੇ ਜੀਵਨ ਵਿਚ ਸਨ।
ਸਰਬਵਿਆਪਕ ਪੱਖ ਤੋਂ ਵਿਚਾਰ ਕੀਤਾ ਜਾਵੇ ਤਾਂ ਗੁਰੂ ਨਾਨਕ ਦੀ ਬਾਣੀ ਸਮੇਂ ਅਤੇ ਭੂਗੋਲ ਤੋਂ ਆਜ਼ਾਦ ਸਰਬਵਿਆਪਕ ਫ਼ਲਸਫ਼ਾ ਹੈ। ਗੁਰੂ ਨਾਨਕ ਬਾਣੀ ਦੇ ਕੁਝ ਸ਼ਬਦਾਂ ਨੂੰ ਵਿਚਾਰਦਿਆਂ ਉਸ ਸਰਬਵਿਆਪਕ ਫ਼ਲਸਫ਼ੇ ਦੀ ਸਮਝ ਆ ਸਕਦੀ ਹੈ। ਜਿਸ ਤਰ੍ਹਾਂ ਸਭਨਾ ਕਾ ਪ੍ਰਭ ਏਕੁ ਹੈ ਦੂਜਾ ਅਵਰੁ ਨ ਕੋਇ (ਪੰਨਾ 757 ਸ੍ਰੀ ਗੁਰੂ ਗ੍ਰੰਥ ਸਾਹਿਬ)। ਇਸੇ ਵਿਚਾਰ ਨੂੰ ਉਭਾਰਦੇ ਗੁਰੂ ਨਾਨਕ ਬਾਣੀ ਦੇ ਕੁਝ ਹੋਰ ਸ਼ਬਦ ਹਨ : ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ (ਪੰਨਾ 907), ਸਭ ਮਹਿ ਵਰਤੈ ਏਕੋ ਸੋਇ (ਪੰਨਾ 931) ਅਤੇ : ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ (ਪੰਨਾ 952)।
ਇਸੇ ਤਰ੍ਹਾਂ ਗੁਰੂ ਨਾਨਕ ਬਾਣੀ ਦੇ ਹੋਰ ਸ਼ਬਦਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਜੋ ਗੁਰੂ ਨਾਨਕ ਫ਼ਲਸਫ਼ੇ ਦੇ ਮਨੁੱਖੀ ਏਕਤਾ ਅਤੇ ਸਰਬਵਿਆਪਕਤਾ ਦੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ। ਗੁਰਬਾਣੀ ਦੇ ਮੂਲ ਮੰਤਰ ਵਿਚ ਸਰਬਵਿਆਪਕਤਾ ਦੇ ਵਿਚਾਰ ਨੂੰ ਸਪਸ਼ਟ ਰੂਪ ਵਿਚ ਪ੍ਰਗਟ ਕਰਦਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਨਾਨਕ ਬਾਣੀ ਸਰਬਵਿਆਪਕਤਾ ਦਾ ਫ਼ਲਸਫ਼ਾ ਹੈ ਤਾਂ ਗੁਰੂ ਨਾਨਕ ਨੇ ਇਕ ਖ਼ਾਸ ਧਰਮ (ਸਿੱਖ) ਦੀ ਨੀਂਹ ਕਿਉਂ ਰੱਖੀ। ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਸਿੱਖਿਆ ਸਾਰੇ ਸੰਸਾਰ ਵਾਸਤੇ ਹੈ, ਫਿਰ ਵੱਖਰਾ ਧਰਮ ਬਣਾਉਣ ਦੀ ਕੀ ਤੁਕ ਹੋ ਸਕਦੀ ਹੈ। ਜੇ ਇਸ ਨੂੰ ਡੂੰਘਾਈ ਵਿਚ ਨਾ ਵਿਚਾਰਿਆ ਜਾਵੇ ਤਾਂ ਸਰਬਵਿਆਪੀ ਵਿਚਾਰਧਾਰਾ ਦੇਣਾ ਅਤੇ ਵੱਖਰਾ ਧਰਮ ਬਣਾਉਣਾ ਆਪਸ ਵਿਚ ਆਪਾ-ਵਿਰੋਧੀ (Contradictory) ਜਾਪਦੇ ਹਨ ਪਰ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਹੀ ਜੀਵਨ ਵਿਚ ਗੁਰੂ ਅੰਗਦ ਨੂੰ ਆਪਣਾ ਉੱਤਰਾਧਿਕਾਰੀ ਥਾਪਣਾ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਕੇ ਉਨ੍ਹਾਂ ਨੂੰ ਮੱਥਾ ਟੇਕਣਾ, ਸਰਬਵਿਆਪਕਤਾ ਅਤੇ ਇਕ ਖ਼ਾਸ ਧਰਮ ਦੀ ਸਥਾਪਨਾ ਵਿਚਲੇ ਦਿਸ ਰਹੇ ਵਿਰੋਧ ਦਾ ਉਪਾਓ ਕਰ ਦੇਣਾ ਸਮਝਿਆ ਜਾ ਸਕਦਾ ਹੈ। ਗੁਰੂ ਅੰਗਦ ਨੂੰ ਅਗਲਾ ਗੁਰੂ ਥਾਪਣਾ ਅਜਿਹੀ ਸੰਸਥਾ ਨੂੰ ਖੜ੍ਹਾ ਕਰਨਾ ਸੀ ਜੋ ਉਨ੍ਹਾਂ ਦੇ (ਗੁਰੂ ਨਾਨਕ ਦੇਵ ਜੀ ਦੇ) ਸਰਬਵਿਆਪੀ ਫ਼ਲਸਫ਼ੇ ਨੂੰ ਅੱਗੇ ਲਿਜਾ ਸਕੇ। ਇਸ ਪੱਖੋਂ ਗੁਰੂ ਨਾਨਕ ਭਗਤੀ ਲਹਿਰ ਦੇ ਸੰਤਾਂ ਨਾਲੋਂ ਨਵੀਂ ਪ੍ਰਵਿਰਤੀ ਨੂੰ ਜਨਮ ਦੇ ਰਹੇ ਸਨ। ਇਉਂ ਸੋਚਿਆ ਜਾ ਸਕਦਾ ਹੈ ਕਿ ਜੇ ਗੁਰੂ ਨਾਨਕ ਗੁਰੂ ਅੰਗਦ ਨੂੰ ਅਗਲਾ ਗੁਰੂ ਸਥਾਪਿਤ ਨਾ ਕਰਦੇ ਤਾਂ ਗੁਰੂ ਨਾਨਕ ਵਿਚਾਰਧਾਰਾ ਦੇ ਅਨੁਯਾਈ ਨਾਨਕ ਪੰਥੀ ਮੱਤ ਬਣ ਕੇ ਰਹਿ ਜਾਂਦੇ ਜਿਸ ਤਰ੍ਹਾਂ ਭਗਤ ਕਬੀਰ ਦੇ ਅਨੁਯਾਈ ਕਬੀਰ ਪੰਥੀ ਸਨ ਅਤੇ ਹੌਲੀ ਹੌਲੀ ਉਹ ਧਾਰਾ ਲਗਭਗ ਖਤਮ ਹੋ ਗਈ।
ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਹੋਏ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਗੁਰੂ ਨਾਨਕ ਗੁਰੂ ਅੰਗਦ ਨੂੰ ਆਪਣਾ ਉੱਤਰਾਧਿਕਾਰੀ ਸਥਾਪਿਤ ਨਾ ਕਰਦੇ ਤਾਂ ਗੁਰੂ ਅਮਰ ਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਨਾ ਹੁੰਦੇ। ਜੇ ਗੁਰੂ ਅਰਜਨ ਨਾ ਹੁੰਦੇ ਤਾਂ ਆਦਿ ਗ੍ਰੰਥ ਨਾ ਹੁੰਦੇ। ਇਸ ਕਰਕੇ ਗੁਰੂ ਨਾਨਕ ਦਾ ਗੁਰੂ ਅੰਗਦ ਦੁਆਰਾ ਗੁਰਗੱਦੀ ਦੀ ਸਥਾਪਨਾ ਕਰਨੀ
ਇਤਿਹਸਿਕ ਤੌਰ 'ਤੇ ਬਹੁਤ ਇਨਕਲਾਬੀ ਮਹੱਤਤਾ ਵਾਲਾ ਫ਼ੈਸਲਾ ਸੀ ਜਿਸ ਦੁਆਰਾ ਸਰਬਵਿਆਪਕਤਾ ਅਤੇ ਧਰਮ ਸਥਾਪਿਤ ਕਰਨ ਵਿਚਲੀ ਜਾਪ ਰਹੇ ਵਿਰੋਧ ਦਾ ਖਾਤਮਾ ਕਰਨਾ ਬੜੀ ਦੂਰਅੰਦੇਸ਼ੀ ਸੀ।
ਗੁਰੂ ਨਾਨਕ ਬਾਣੀ ਦੇ ਸਰਬਵਿਆਪੀ ਸੰਦੇਸ਼ ਵਿਚੋਂ ਹੀ ਉਸ ਬਾਣੀ ਦੇ ਅਦੁੱਤੀ ਅਤੇ ਕੇਂਦਰੀ ਪੱਖ ਬਰਾਬਰੀ ਦਾ ਸੰਦੇਸ਼ ਨਿਕਲਦਾ ਹੈ। ਬਰਾਬਰੀ ਦੇ ਇਸ ਸਿਧਾਂਤ ਦੇ ਦੋ ਪੱਖ ਹਨ ਜੋ ਆਪਸ ਵਿਚ ਜੁੜੇ ਹਨ। ਇਕ ਪੱਖ ਹੈ ਰੂਹਾਨੀਅਤ ਬਰਾਬਰਤਾ ਦਾ ਜਿਸ ਵਿਚ ਰੱਬ ਦੀ ਨਜ਼ਰ ਵਿਚ ਸਭ ਇਨਸਾਨ ਬਰਾਬਰ ਹਨ। ਦੂਜਾ ਪੱਖ ਹੈ ਇਸ ਰੂਹਾਨੀਅਤ ਬਰਾਬਰੀ ਨੂੰ ਸੰਸਾਰਕ ਤੇ ਸਮਾਜਿਕ ਬਰਾਬਰੀ ਵਿਚ ਵਿਚਰਦੇ ਦੇਖਣਾ। ਨਵੀਨ ਤੇ ਰਚਨਾਤਮਿਕ ਸੰਸਥਾਵਾਂ ਜਿਵੇਂ ਲੰਗਰ, ਸੰਗਤ ਅਤੇ ਪੰਗਤ ਖੜ੍ਹਾ ਕਰਨਾ ਗੁਰੂ ਨਾਨਕ ਦੇ ਰੂਹਾਨੀਅਤ ਬਰਾਬਰੀ ਦੇ ਸੰਦੇਸ਼ ਨੂੰ ਸਮਾਜਿਕ ਤੌਰ 'ਤੇ ਅਮਲੀ ਜਾਮਾ ਪਹਿਨਾਉਣਾ ਸੀ। ਇਹ ਸੰਸਥਾਵਾਂ ਵਰਣ ਆਸ਼ਰਮ ਦੀ ਸਿਧਾਂਤਕ ਅਤੇ ਅਮਲੀ ਅਲੋਚਨਾ ਸੀ। ਅੱਜ ਦੇ ਸਮਾਜ ਵਿਚ ਅਸੀਂ ਲੰਗਰ, ਸੰਗਤ ਅਤੇ ਪੰਗਤ ਨੂੰ ਸੁਭਾਵਿਕ ਹੀ ਸਮਝਦੇ ਹਾਂ ਪਰ ਜਦੋਂ ਇਨ੍ਹਾਂ ਸਮਾਜਿਕ ਸੰਸਥਾਵਾਂ ਦੀ ਕਲਪਨਾ ਕੀਤੀ ਗਈ ਅਤੇ ਅਮਲੀ ਜਾਮਾ ਪਹਿਨਾਇਆ ਗਿਆ, ਉਸ ਵਕਤ ਇਹ ਛੂਤ ਛਾਤ 'ਤੇ ਬਹੁਤ ਵੱਡਾ ਇਨਕਲਾਬੀ ਹਮਲਾ ਸੀ।
ਗੁਰੂ ਨਾਨਕ ਦੇਵ ਜੀ ਨੇ ਵਰਣ ਆਸ਼ਰਮ ਸਿਧਾਂਤ ਅਤੇ ਸਮਾਜੀ ਵਰਤਾਰੇ ਤੇ ਇਨਕਲਾਬੀ ਹਮਲਾ ਕਰਦਿਆਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨਾਲ ਖੜ੍ਹਾ ਕੀਤਾ ਜਿਨ੍ਹਾਂ ਨੂੰ ਨੀਚ ਸਮਝਿਆ ਜਾਂਦਾ ਸੀ। ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)।
ਗੁਰੂ ਨਾਨਕ ਦਾ ਆਪਣੀ ਬਾਣੀ ਦੀ ਪੰਜਾਬੀ ਵਿਚ ਰਚਨਾ ਕਰਨਾ ਅਤੇ ਉਸ ਬਾਣੀ ਦਾ ਸੰਦੇਸ਼ ਆਮ ਜਨਤਾ ਤੱਕ ਪਹੁੰਚਾਉਣਾ ਵੀ ਗੁਰੂ ਨਾਨਕ ਦਾ ਬਰਾਬਰੀ ਦੇ ਸਿਧਾਂਤ ਨੂੰ ਮਹੱਤਤਾ ਦੇਣਾ ਉਜਾਗਰ ਕਰਦਾ ਹੈ। ਇਸ ਪੱਖੋਂ ਗੁਰੂ ਨਾਨਕ ਹਿੰਦੂ ਪੁਜਾਰੀਆਂ ਅਤੇ ਮੁਸਲਮਾਨ ਮੌਲਵੀਆਂ ਵੱਲੋਂ ਵਰਤੀ ਜਾਂਦੀ ਪ੍ਰਥਾ ਦੇ ਬਿਲਕੁਲ ਉਲਟ ਸਨ। ਹਿੰਦੂ ਪੁਜਾਰੀ ਸੰਸਕ੍ਰਿਤ ਵਰਤਦੇ ਸਨ ਅਤੇ ਮੁਸਲਮਾਨ ਮੌਲਵੀ ਅਰਬੀ ਭਾਸ਼ਾ ਵਰਤਦੇ ਸਨ। ਇਹ ਦੋਨੇਂ ਭਾਸ਼ਾਵਾਂ ਆਮ ਜਨਤਾ ਦੀ ਸਮਝ ਤੋਂ ਬਾਹਰ ਸਨ। ਇਹ ਪੁਜਾਰੀ ਤਬਕਾ ਆਮ ਲੋਕਾਂ ਉੱਤੇ ਆਪਣੀ ਬੌਧਿਕ ਅਮੀਰੀ ਦਾ ਵਿਖਾਵਾ ਕਰਨ ਲਈ ਇਹ ਪੁਰਾਣੀਆਂ ਜ਼ੁਬਾਨਾਂ ਵਰਤਦੇ ਸਨ। ਗੁਰੂ ਨਾਨਕ ਨੇ ਇਸ ਪ੍ਰਥਾ ਦੇ ਉਲਟ ਚੇਤਨ ਤੌਰ 'ਤੇ ਪੰਜਾਬੀ ਦਾ ਇਸਤੇਮਾਲ ਕੀਤਾ। ਸੰਸਕ੍ਰਿਤ ਜਿਸ ਨੂੰ ਦੇਵ ਭਾਸ਼ਾ ਕਿਹਾ ਜਾਂਦਾ ਸੀ, ਨੂੰ ਠੁਕਰਾ ਕਿ ਗੁਰੂ ਨਾਨਕ ਨੇ ਪੰਜਾਬੀ ਬੋਲੀ, ਜਿਸ ਨੂੰ ਲੋਕ ਭਾਸ਼ਾ ਕਿਹਾ ਜਾਂਦਾ ਸੀ, ਨੂੰ ਅਪਣਾਇਆ ਅਤੇ ਆਪਣੀ ਬਾਣੀ ਦੇ ਬਰਾਬਰੀ ਦੇ ਸਿਧਾਂਤ ਨੂੰ ਹੋਰ ਮਜ਼ਬੂਤ ਕੀਤਾ।
ਗੁਰੂ ਨਾਨਕ ਬਾਣੀ ਵਿਚ ਮਾਇਆ ਦੀ ਸਖ਼ਤ ਅਲੋਚਨਾ ਕੀਤੀ ਗਈ ਹੈ। ਬਾਣੀ ਵਿਚ ਮਾਇਆ ਦੇ ਦੋ ਤਰ੍ਹਾਂ ਦੇ ਅਰਥ ਹਨ। ਇਕ ਅਰਥ ਹੈ ਮਾਇਆ ਛਲ ਹੈ ਅਤੇ ਦੂਜਾ ਅਰਥ ਹੈ ਮਾਇਆ ਧਨ ਦੌਲਤ ਸੰਪਤੀ ਹੈ। ਜੇ ਮਾਇਆ ਨੂੰ ਇਸ ਦੇ ਦੂਸਰੇ ਅਰਥ ਵਿਚ ਵੇਖਿਆ ਜਾਵੇ ਤਾਂ ਬਾਣੀ ਵਿਚ ਇਸ ਦੀ ਬਹੁਤ ਤਿੱਖੀ ਅਲੋਚਨਾ ਹੈ : ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਪੰਨਾ 417)। ਇਸ ਤਰ੍ਹਾਂ ਬਾਣੀ ਦੇ ਨੈਤਿਕ ਜਗਤ (Moral universe) ਦਾ ਧਨ/ ਰਾਸ਼ੀ/ ਜਾਇਦਾਦ/ ਜ਼ਮੀਨ/ ਸੰਪਤੀ ਇਕੱਠੇ ਕਰਨ ਦੇ ਵਿਹਾਰ ਨਾਲ ਮੁੱਢਲਾ ਟਕਰਾਉ ਹੈ। ਮਾਇਆ ਇਕੱਠੀ ਕਰਨੀ ਅਤੇ ਪੂੰਜੀ ਸੰਗ੍ਰਹਿ (Capital accumulation) ਕਰਨਾ ਗੁਰੂ ਨਾਨਕ ਦੇ ਬਰਾਬਰੀ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ। ਇਸ ਕਰਕੇ ਅੱਜ ਦੇ ਯੁੱਗ ਵਿਚ ਜਿੱਥੇ ਸਰਮਾਏਦਾਰੀ ਨਿਜ਼ਾਮ ਵਿਚ ਨਾਬਰਾਬਰੀ ਦਿਨੋ ਦਿਨ ਵਧ ਰਹੀ ਹੈ, ਗੁਰੂ ਨਾਨਕ ਵਿਚਾਰਧਾਰਾ ਬਰਾਬਰੀ ਤੇ ਆਧਾਰਿਤ ਸਮਾਜ ਦੀ ਰਚਨਾ ਕਰਨ ਦਾ ਆਧੁਨਿਕ ਅਤੇ ਬਹੁਤ ਤਾਕਤਵਰ ਫ਼ਲਸਫ਼ਾ ਹੈ।
ਗੁਰੂ ਨਾਨਕ ਬਾਣੀ ਦਾ ਬਰਾਬਰੀ ਦਾ ਸੰਦੇਸ਼ ਲਿੰਗ ਸਮਾਨਤਾ (Gender equality) ਦਾ ਸੰਦੇਸ਼ ਵੀ ਹੈ : ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ 473)। ਜਿਤੁ ਜੰਮਹਿ ਰਾਜਾਨ ਦਾ ਅਰਥ ਇਹ ਨਹੀਂ ਹੈ ਕਿ ਗੁਰੂ ਨਾਨਕ ਰਾਜਿਆਂ ਨੂੰ ਵੱਡਾ ਮੰਨਦੇ ਸਨ ਬਲਕਿ ਇਸ ਦੇ ਉਲਟ ਰਾਜਿਆਂ ਸ਼ਾਹੂਕਾਰਾਂ ਦੀ ਅਲੋਚਨਾ ਬਾਣੀ ਵਿਚ ਵਾਰ ਵਾਰ ਹੁੰਦੀ ਹੈ। ਉੱਪਰ ਲਿਖੇ ਸ਼ਬਦ ਵਿਚ ਰਾਜੇ ਬਾਰੇ ਵਰਨਣ ਕਰਨਾ ਗੁਰੂ ਨਾਨਕ ਦਾ ਉਸ ਵੇਲੇ ਦੀ ਆਮ ਜਨਤਕ ਚੇਤਨਾ ਨਾਲ ਸੰਵਾਦ ਕਰਨ ਦਾ ਤਰੀਕਾ ਸੀ ਜਿਸ ਵਿਚ ਰਾਜੇ ਨੂੰ ਉੱਚਾ ਸਮਝਿਆ ਜਾਂਦਾ ਸੀ। ਇਹ ਕਹਿ ਕੇ ਕਿ ਜੇ ਤੁਸੀਂ ਰਾਜੇ ਨੂੰ ਵੱਡਾ ਸਮਝਦੇ ਹੋ ਤਾਂ ਉਸ ਰਾਜੇ ਨੂੰ ਜਨਮ ਦੇਣ ਵਾਲੀ ਨੂੰ ਨੀਵਾਂ ਕਿਵੇਂ ਸਮਝ ਸਕਦੇ ਹੋ, ਗੁਰੂ ਨਾਨਕ ਉਸ ਲੋਕ ਚੇਤਨਾ ਲਈ ਪ੍ਰੇਸ਼ਾਨੀ ਵਾਲਾ ਪ੍ਰਸ਼ਨ ਖੜ੍ਹਾ ਕਰ ਰਹੇ ਸਨ ਜਿਸ ਵਿਚ ਰਾਜੇ ਨੂੰ ਵੱਡਾ ਸਮਝਿਆ ਜਾਂਦਾ ਸੀ।
ਗੁਰੂ ਨਾਨਕ ਦੀ ਸਰਬਵਿਆਪੀ ਅਤੇ ਬਰਾਬਰੀ ਦੀ ਸਿੱਖਿਆ ਵਿਚੋਂ ਹੀ ਗੁਰੂ ਨਾਨਕ ਦੀ ਪ੍ਰਕਿਰਤੀ (Nature/Ecology) ਬਾਰੇ ਦਿੱਤੀ ਸਿੱਖਿਆ ਸਮਝ ਵਿਚ ਪੈਂਦੀ ਹੈ। ਗੁਰੂ ਨਾਨਕ ਆਪਣੇ ਬਰਾਬਰੀ ਦੇ ਸਿਧਾਂਤ ਨੂੰ ਸਮਾਜਿਕ ਬਰਾਬਰੀ ਤੋਂ ਅੱਗੇ ਲਿਜਾਂਦੇ ਹੋਏ ਮਨੁੱਖੀ ਜੀਵਾਂ ਅਤੇ ਗ਼ੈਰ- ਮਨੁੱਖੀ ਜੀਵਾਂ ਦੀ ਬਰਾਬਰੀ ਤੱਕ ਲਿਜਾਂਦੇ ਹਨ। ਇਸ ਵਿਚਾਰ ਮੁਤਾਬਿਕ ਇਹ ਧਰਤੀ ਸਿਰਫ਼ ਮਨੁੱਖੀ ਜੀਵਾਂ ਲਈ ਨਹੀਂ ਹੈ ਬਲਕਿ ਸਭ ਗ਼ੈਰ-ਮਨੁੱਖੀ ਜੀਵਾਂ ਜਿਵੇਂ ਪਸ਼ੂ, ਪੰਛੀ, ਪੇੜ, ਪੌਦੇ ਅਤੇ ਹੋਰ ਜੀਵ ਜੰਤੂਆਂ ਲਈ ਵੀ ਓਨੀ ਹੀ ਹੈ। ਅੱਜ ਦੇ ਯੁਗ ਵਿਚ ਇਸ ਨੂੰ ਬਾਇਓ ਈਗੈਲੀਟੇਰੀਅਨਿਜ਼ਮ (ਭੋਿ ੲਗਅਲਟਿਅਰਅਿਨਸਿਮ) ਕਿਹਾ ਜਾਂਦਾ ਹੈ ਜਿਸ ਨੂੰ ਅਸੀਂ ਸਭ ਜੀਵ ਜੰਤੂ ਬਰਾਬਰੀ ਵੀ ਕਹਿ ਸਕਦੇ ਹਾਂ। ਅੱਜ ਦੇ ਸਰਮਾਏਦਾਰੀ ਨਿਜ਼ਾਮ ਵਿਚ ਪੂੰਜੀ (Capital) ਕੁਦਰਤ ਦੇ ਹਰ ਵਸੀਲੇ ਨੂੰ ਮੁਨਾਫ਼ੇ ਦੀ ਨਜ਼ਰ ਨਾਲ ਵੇਖਦੀ ਹੈ ਅਤੇ ਕੁਦਰਤ (ਧਰਤੀ, ਪਾਣੀ, ਹਵਾ, ਜੰਗਲ, ਪਹਾੜ, ਸਮੁੰਦਰ ਆਦਿ) ਨੂੰ ਤਬਾਹ ਕਰ ਰਹੀ ਹੈ। ਅਸੀਂ ਕੁਦਰਤ ਦੇ ਮਹਾਂਵਿਨਾਸ਼ (Ecological Catastrophe) ਦੇ ਕੰਢੇ ਪਹੁੰਚ ਰਹੇ ਹਾਂ ਜਿੱਥੇ ਜੈਵ ਵੰਨ-ਸਵੰਨਤਾ (Biodiversity) ਦਿਨੋ ਦਿਨ ਖ਼ਤਮ ਹੋ ਰਹੀ ਹੈ। ਇਸ ਜੈਵ ਵੰਨ-ਸਵੰਨਤਾ ਘਾਟੇ (Biodiversity loss) ਨੂੰ ਰੋਕਣ ਲਈ ਸਾਨੂੰ ਸੱਭਿਅਕ (Civilizational) ਇਨਕਲਾਬ ਦੀ ਲੋੜ ਹੈ। ਗੁਰੂ ਨਾਨਕ ਬਾਣੀ ਜਿਸ ਵਿਚ ਮਨੁੱਖੀ ਅਤੇ ਗ਼ੈਰ-ਮਨੁੱਖੀ ਜੀਵ ਆਪਸ ਵਿਚ ਜੁੜੇ ਹੋਏ ਹਨ, ਅੱਜ ਦੇ ਯੁਗ ਵਿਚ ਸਾਡਾ ਮਾਰਗ ਦਰਸ਼ਨ ਕਰਨ ਵਿਚ ਮਹਾਨ ਰੂਹਾਨੀ ਅਤੇ ਸਭਿਆਚਾਕਰ ਵਿਰਸਾ ਹੈ। ਗੁਰੂ ਨਾਨਕ ਬਾਣੀ ਜੀਵ ਜੰਤੂ ਬਰਾਬਰੀ ਦੇ ਸਿਧਾਂਤ ਨੂੰ ਉਜਾਗਰ ਕਰਦੀ ਹੈ ਜਿਸ ਵਿਚ ਗੁਰੂ ਨਾਨਕ ਕੁਦਰਤ ਦੇ ਤੱਤਾਂ ਨੂੰ ਮਨੁੱਖ ਵਜੋਂ ਦਰਸਾਉਂਦੇ ਹਨ, ਜਿਵੇਂ ਹਵਾ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ : ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥(ਪੰਨਾ 8)।
ਜਦੋਂ ਅਸੀਂ ਗੁਰੂ ਨਾਨਕ ਦਾ 550ਵਾਂ ਜਨਮ ਦਿਨ ਮਨਾ ਰਹੇ ਹਾਂ ਤਾਂ ਆਪਣੇ ਜਾਤੀ ਜੀਵਨ ਵਿਚ ਅਤੇ ਜਿਸ ਸੰਸਥਾ ਵਿਚ ਵੀ ਅਸੀਂ ਕੰਮ ਕਰਦੇ ਹਾਂ, ਜੇ ਉੱਥੇ ਅਸੀਂ ਬਰਾਬਰੀ ਦਾ ਅਤੇ ਕੁਦਰਤ ਪੱਖੀ ਸੰਸਾਰ ਬਣਾਉਣ ਵਿਚ ਕੋਈ ਹਿੱਸਾ ਪਾ ਸਕੀਏ ਤਾਂ ਅਸੀਂ ਨਿਮਰਤਾ ਸਹਿਤ ਇਹ ਕਹਿਣ ਯੋਗ ਹੋ ਸਕਦੇ ਹਾਂ ਕਿ ਅਸੀਂ ਉਸ ਮਹਾਨ ਗੁਰੂ ਦੀ ਸਿੱਖਿਆ ਤੋਂ ਕੁਝ ਸਿੱਖਿਆ ਹੈ ਅਤੇ ਉਸ 'ਤੇ ਅਮਲ ਕੀਤਾ ਹੈ।
(ਮੈਂ ਆਰਐੱਸ ਮਾਨ (ਆਕਸਫੋਰਡ ਬਰੂਕਸ ਯੂਨੀਵਰਸਿਟੀ) ਦਾ ਬੜਾ ਧੰਨਵਾਦੀ ਹਾਂ ਜਿਸ ਨੇ ਇਹ ਲੇਖ ਲਿਖਣ ਵਿਚ ਬਹੁਤ ਮਹੱਤਵਪੂਰਨ ਸਹਾਇਤਾ ਕੀਤੀ ਹੈ।)
'ਆਕਸਫੋਰਡ ਯੂਨੀਵਰਸਿਟੀ, ਯੂਕੇ।