ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03 Feb. 2020

ਹਰਿਆਣੇ ਦੇ ਇਕ ਮੰਤਰੀ ਦੀ ਮਿਹਰਬਾਨੀ ਨਾਲ਼ ਹਨੀਪ੍ਰੀਤ ਪੰਜਵੀਂ ਵਾਰ ਸੌਦਾ ਸਾਧ ਨੂੰ ਮਿਲੀ-ਇਕ ਖ਼ਬਰ
ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲ਼ੀ।

ਦਿੱਲੀ ਚੋਣਾਂ ਵਿਚ ਬਾਦਲ ਅਕਾਲੀ ਦਲ ਨੇ ਭਾਜਪਾ ਦੇ ਸਮਰਥਨ ਦਾ ਕੀਤਾ ਐਲਾਨ-ਇਕ ਖ਼ਬਰ
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।

ਹਰਸਿਮਰਤ ਦੀ ਵਜ਼ੀਰੀ ਲਈ ਮੋਦੀ-ਸ਼ਾਹ ਦੇ ਪੈਰਾਂ 'ਚ ਡਿਗੇ ਬਾਦਲ- ਭਗਵੰਤ ਮਾਨ
ਮੈਨੂੰ ਚੱਟ ਲੈ ਤਲ਼ੀ 'ਤੇ ਧਰ ਕੇ, ਮਿੱਤਰਾਂ ਮੈਂ ਖੰਡ ਬਣ ਗਈ।

ਬਾਦਲ ਅਕਾਲ਼ੀ ਦਲ ਨੇ ਢੀਂਡਸਿਆਂ ਨੂੰ ਅਕਾਲੀ ਦਲ 'ਚੋਂ ਬਾਹਰ ਦਾ ਰਾਹ ਦਿਖਾਇਆ-ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

ਢੀਂਡਸਾ ਦੇ ਗੜ੍ਹ 'ਚ ਰੈਲੀ ਕਰਨਾ ਅਕਾਲੀਆਂ ਲਈ ਵਕਾਰ ਦਾ ਸਵਾਲ ਬਣਿਆ-ਇਕ ਖ਼ਬਰ
ਕਰਾਮਾਤ ਲਗਾਇ ਕੇ ਸਿਹਰ ਫੂਕਾਂ, ਜੜ੍ਹਾਂ ਖੇੜਿਆਂ ਦੀਆਂ ਮੁੱਢੋਂ ਪੁੱਟ ਸੁੱਟਾਂ।

ਜਥੇਦਾਰ ਵਲੋਂ ਬਣਾਈ ਕਮੇਟੀ ਅੱਗੇ ਢੱਡਰੀਆਂ ਵਾਲ਼ੇ ਅੱਜ ਵੀ ਪੇਸ਼ ਨਾ ਹੋਏ- ਇਕ ਖ਼ਬਰ
ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਅਸਾਂ ਨਹੀਂ ਕਨੌੜ ਝੱਲਣੀ।

ਨਵੇਂ ਸਿਰਿਉਂ ਘੜੀ ਜਾ ਰਹੀ ਹੈ ਹਰਿਆਣਾ ਗੁਰਦੁਆਰਾ ਕਮੇਟੀ 'ਤੇ ਰਣਨੀਤੀ- ਇਕ ਖ਼ਬਰ
ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਮੇਲ ਕੇ ਜੰਜ ਲੈ ਆਂਵਦੇ ਨੇ।

ਸਰਕਾਰ ਨੇ ਸ਼ਰਾਬ ਕਾਰੋਬਾਰ ਤੋ 6250 ਕਰੋੜ ਰੁਪਏ ਮਾਲੀਏ ਦਾ ਟੀਚਾ ਮਿਥਿਆ- ਇਕ ਖ਼ਬਰ
ਬੋਤਲਾਂ ਦੀ ਗਿਣਦੈਂ ਕਮਾਈ, ਨਸ਼ੇ ਦਾ ਲੱਕ ਕਿਵੇਂ ਤੋੜੇਂਗਾ।

ਅਮਰੀਕੀ ਸੰਸਦ ਮੈਂਬਰਾਂ ਵਲੋਂ ਅਮਰੀਕਾ 'ਚ ਸਿੱਖਾਂ ਦੇ ਯੋਗਦਾਨ ਦੀ ਪ੍ਰਸ਼ੰਸਾ- ਇਕ ਖ਼ਬਰ
ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ।

ਅਕਾਲੀ ਨੇਤਾ ਦੀ ਕੋਠੀ 'ਚੋਂ ਕਰੋੜਾਂ ਦੀ ਹੈਰੋਇਨ ਤੇ ਨਸ਼ੀਲੇ ਪਦਾਰਥ ਬਰਾਮਦ- ਇਕ ਖ਼ਬਰ
ਵਾਹ ਭਾਈ ਜੀ ਵਾਹ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ।

ਸਰਕਾਰੀ ਸਕੂਲਾਂ ਨੇ ਨਿਜੀ ਸਕੂਲਾਂ ਦੇ ਬਰਾਬਰ ਵਿੱਢੀ ਦਾਖਲਾ ਮੁਹਿੰਮ- ਇਕ ਖ਼ਬਰ
ਕੁੰਢੀਆਂ ਦੇ ਸਿੰਗ ਫਸ ਗਏ, ਕੋਈ ਨਿਕਲੂ ਵੜੇਵੇਂ ਖਾਣੀ।

ਰੈਲੀਆਂ ਕਰ ਕੇ ਟਕਸਾਲੀ ਅਕਾਲੀ ਬਾਦਲਾਂ ਨੂੰ ਦੇਣਗੇ ਜਵਾਬ- ਇਕ ਖ਼ਬਰ
ਮੇਰੀ ਕੱਚੇ ਘੜੇ ਦੀ ਬੇੜੀ, ਜੇ ਰੱਬ ਪਾਰ ਕਰੇ।

ਕੇਜਰੀਵਾਲ ਨੂੰ ਅਤਿਵਾਦੀ ਕਹਿਣ 'ਤੇ ਦਿੱਲੀ ਦੇ ਲੋਕ ਖ਼ਫ਼ਾ- ਇਕ ਖ਼ਬਰ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।

ਸਾਬਕਾ ਕਾਂਗਰਸੀ ਵਿਧਾਇਕ ਰਮੇਸ਼ ਸਿੰਗਲਾ 'ਆਪ' ਵਿਚ ਸ਼ਾਮਲ- ਇਕ ਖ਼ਬਰ
ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ਼ ਬਹਿ ਕੇ ਚੁਗ ਮਿੱਤਰਾ।