ਗੁਰੂ ਨਾਨਕ ਜੀ ਦੇ ਉਪਦੇਸ਼ਾਂ ਵਿਚ ਸਦੀਵੀ ਅਗਵਾਈ - ਡਾ. ਸ.ਸ. ਛੀਨਾ
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ
ਭਾਈ ਗੁਰਦਾਸ ਜੀ ਦੇ ਇਸ ਕਥਨ ਵਿਚ ਕਿੰਨੀ ਵਡੀ ਸਚਾਈ ਹੈ, ਕਿਉ ਜੋ ਸ੍ਰੀ ਗੁਰੂ ਨਾਨਕ ਦੇਵੀ ਜੀ ਦੇ ਅਵਤਾਰ ਧਾਰਨ ਦੇ ਵਕਤ ਦਾ ਸਮਾਜ ਵਡੇ ਅੰਧ ਵਿਸ਼ਵਾਸ਼, ਵਹਿਮਾਂ ਭਰਮਾਂ, ਅਗਿਆਨਤਾ ਅਤੇ ਇਥੋ ਤਕ ਕਿ ਵਖ-2 ਦੇਵੀ ਦੇਵਤਿਆਂ ਦੀ ਪੂਜਾ ਵਰਗੇ ਭੁਲੇਖਿਆ ਵਿਚ ਪਿਆ ਹੋਇਆ ਸੀ ਜਦੋ ਕਿ ਗੁਰੂ ਨਾਨਕ ਜੀ ਨੇ ਪਰਮ ਸਚਾਈ ਨੂੰ, ਜਿਸ ਵਿਚ ਧਾਰਮਿਕ ਅੰਧ ਵਿਸ਼ਵਾਸ਼ ਨੂੰ ਦੁਰ ਕਰਕੇ ਸਾਰੇ ਸੰਸਾਰ ਵਿਚ ਇਕ ਕਰਤਾ ਦਾ ਵਿਚਾਰ ਦਿਤਾ। ਮੂਲ ਮੰਤਰ ਅਨੁਸਾਰ
ੴ ਸਤਿਨਾਮ ਕਰਤਾ ਪੁਰਖ
ਨਿਰ ਭਉ ਨਿਰਵੈਰ, ਅਕਾਲ ਮੂਰਤ
ਅਜੂੰਨੀ ਸੰਭ ਗੁਰ ਪ੍ਰਸ਼ਾਦ॥
ਜਿਸ ਦੀ ਵਿਆਖਿਆ ਕਰਦਿਆਂ ਇਹ ਦਰਸਾਇਆ ਗਿਆ ਹੈ ਕਿ ਪ੍ਰਮਾਤਮਾ ਇਕ ਹੈ ਉਸ ਦਾ ਨਾਂ ਹਮੇਸ਼ਾਂ ਸਚਾ ਅਤੇ ਅਟਲ ਹੈ, ਉਸ ਨੂੰ ਕਿਸੇ ਦਾ ਡਰ ਨਹੀ ਨਾ ਹੀ ਉਸ ਦਾ ਕਿਸੇ ਨਾਲ ਵੈਰ ਹੈ। ਉਸ ਤੇ ਸਮੇਂ ਦਾ ਕੋਈ ਪ੍ਰਭਾਵ ਨਹੀ, ਉਸ ਦੀ ਕੋਈ ਸੂਰਤ ਨਹੀ। ਨਾ ਉਹ ਜਨਮ ਲੈਦਾ ਹੈ ਨਾ ਮਰਦਾ ਹੈ ਅਤੇ ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ ਅਤੇ ਅਜਿਹਾ ਕਰਤਾ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ। ਇਹ ਉਹ ਵਡੀ ਸਚਾਈ ਹੈ ਜਿਸ ਨੂੰ ਸਾਰੀ ਲੋਕਾਈ ਨੇ ਸਵੀਕਾਰ ਕੀਤਾ ਹੈ ਪ੍ਰਮਾਤਮਾ ਦੀ ਹੋਂਦ ਨੂੰ ਇਕ ਕਰਤਾ ਦੀ ਹੋਂਦ ਤੇ ਕੇਂਦਰਿਤ ਕੀਤਾ। ਉਸ ਸਮੇਂ ਤੇ ਕੁਝ ਲੋਕਾਂ ਵਲੋ ਪਥਰਾਂ ਦੀ ਪੂਜਾ ਵੀ ਕੀਤੀ ਜਾਂਦੀ ਸੀ ਪਰ ਗੁਰੂ ਜੀ ਨੇ ਉਪਦੇਸ਼ ਦਿਤਾ।
ਦੇਵੀ ਦੇਵ ਪੂਜੀਐ ਭਾਈ ਕਿਆ ਮਾਂਰਾਓ ਕਿਅ ਦੇਹਿ
ਪਾਹੁਣ ਨੀਰਿ ਪਖਾਲੀਆ ਭਾਈ ਜਲ ਮਹਿ ਬੂਡਹਿ ਤੇਹਿ
ਜਿਸ ਵਿਚ ਇਹ ਵਿਚਾਰ ਦਰਸਾਇਆ ਗਿਆ ਹੈ ਕਿ ਪਥਰਾਂ ਦੀ ਮੂਰਤੀ ਤਾਂ ਪਾਣੀ ਵਿਚ ਡੁਬ ਜਾਂਦੀ ਹੈ ਅਤੇ ਜਿਹੜੀ ਮੂਰਤੀ ਆਪਣੇ ਆਪ ਨੂੰ ਵੀ ਡੁਰਣ ਤੋ ਨਹੀ ਬਚਾ ਸਕਦੀ, ਉਹ ਸਾਨੂੰ ਕਿਵੇਂ ਤਾਰੇਗੀ। ਇਸ ਤਰਾਂ ਵਖ-2 ਦੇਵੀ ਦੇਵਤਿਆਂ ਨੂੰ ਪੂਜਣ ਦੀ ਬਜਾਇ ਇਕ ਕਰਤਾ ਜੋ ਹਰ ਜਗਾਹ, ਹਰ ਸਮੇਂ ਅਤੇ ਹਰ ਕਣ-ਕਣ ਵਿਚ ਹੈ ਉਸ ਦੀ ਸਿਫਤ ਸਲਾਹ ਕਰਕੇ ਉਸ ਨੂੰ ਯਾਦ ਰਖਣਾ ਹੀ ਯੋਗ ਹੈ। ਪਰਮ ਹਸਤੀ ਦੇ ਸਦੀਵੀ ਸਚ ਦੀ ਗੁਰੂ ਜੀ ਨੇ ਵਿਆਖਿਆ ਕੀਤੀ ਅਤੇ ਗੁਰੂ ਜੀ ਅਨੁਸਾਰ
ਆਦਿ ਸਚ ਜੁਗਾਦਿ ਸਚੁ ਹੈ, ਭੀ ਸਚ ਹੋਸੀ ਭੀ ਸਚ
ਉਹ ਸਚ ਜੋ ਸਦੀਵੀ ਹੈ ਕਦੀ ਬਦਲਦਾ ਨਹੀ, ਉਹ ਸਦਾ ਅਟਲ ਹੈ ਉਹ ਪਹਿਲਾ ਵੀ ਸਚ ਸੀ ਹੁਣ ਵੀ ਸਚ ਹੈ ਅਤੇ ਭਵਿਖ ਵਿਚ ਵੀ ਸਚ ਰਹੇਗਾ। ਇਹ ਉਹ ਚਾਨਣ ਸੀ ਜਿਸ ਨੂੰ ਸਾਰੀ ਖਲਕਤ ਨੇ ਮੰਨਿਆ।
ਗੁਰੂ ਜੀ ਨੇ ਪ੍ਰਮਾਤਮਾ ਨੂੰ ਕਿਸੇ ਖਾਸ ਜਗਾਹ ਤੇ ਹੀ ਬੈਠਾ ਹੋਇਆ ਨਹੀ ਸਗੋਂ ਹਰ ਥਾਂ ਤੇ ਪ੍ਰਤੀਤ ਕੀਤਾ। ਮਕੇ ਵਿਖੇ ਜਾ ਕੇ ਗੁਰੂ ਜੀ ਨੇ ਪ੍ਰਮਾਤਮਾ ਨੂੰ ਹਰ ਜਗਾਹ ਤੇ ਹੋਣ ਸਬੰਧੀ ਭੁਲੇਖੇ ਦੂਰ ਕੀਤੇ ਅਤੇ ਵਿਆਖਿਆ ਕੀਤੀ ਕਿ ਪ੍ਰਮਾਤਮਾ ਕਿਸੇ ਖਾਸ ਜਗਾਹ ਜਾ ਕਿਸੇ ਖਾਸ ਦਿਸ਼ਾ ਵਿਚ ਨਹੀ ਸਗੋ ਹਰ ਜਗਾਹ ਹੈ। ਇਹ ਉਹ ਅਟਲ ਅਤੇ ਸਦੀਵੀ ਸਚਾਈ ਹੈ। ਜਿਸ ਨੇ ਸਾਰੇ ਸੰਸਾਰ ਦੀ ਅਗਵਾਈ ਕੀਤੀ ਅਤੇ ਪ੍ਰਮਾਤਮਾ ਦੀ ਹੋਂਦ ਬਾਰੇ ਅਨੇਕਾ ਭੁਲਖਿਆਂ ਅਤੇ ਭਰਮਾਂ ਨੂੰ ਗਿਆਨ ਦੇ ਚਾਨਣ ਨਾਲ ਦੂਰ ਕੀਤਾ। ਇਸ ਅਟਲ ਅਤੇ ਸਦੀਵੀ ਸਚਾਈ ਨੇ ਉਸ ਵਕਤ ਅੰਧ ਵਿਸ਼ਵਾਸ਼ ਵਿਚ ਗ੍ਰਸਤ ਸਾਰੀ ਦੁਨੀਆਂ ਨੂੰ ਠੀਕ ਸੇਧ ਦਿਤੀ।
ਗੁਰੂ ਜੀ ਦੀ ਰੂਹਾਨੀ ਬਿਰਤੀ ਦੀ ਪਹਿਚਾਣ ਉਹਨਾਂ ਦੇ ਬਚਪਨ ਵਿਚ ਹੀ ਕਰ ਲਈ ਗਈ ਸੀ ਜਦੋ ਉਹਨਾਂ ਦੀ 7 ਸਾਲਾਂ ਦੀ ਉਮਰ ਵਿਚ ਪੰਡਿਤ ਗੋਪਾਲ ਜੀ ਕੋਲ ਪੜ੍ਹਣ ਲਈ ਭੇਜਿਆ ਤਾਂ ਪੰਡਿਤ ਜੀ, ਉਹਨਾਂ ਦੇ ਗਿਆਨ ਨਾਲ ਪ੍ਰਭਾਵਿਤ ਹੋਏ ਅਤੇ ਫਿਰ 9 ਸਾਲ ਦੀ ਉਮਰ ਵਿਚ ਉਸ ਵਕਤ ਦੇ ਰਿਵਾਜ ਅਨੁਸਾਰ ਜਦੋ ਪ੍ਰੋਹਿਤ ਹਰਦਿਆਲ ਨੇ ਉਹਨਾਂ ਨੂੰ ਜੇਨੇਓ ਪਾਉਣ ਲਈ ਬੁਲਾਇਆ ਤਾਂ ਉਹਨਾਂ ਦਾ ਇਹ ਉਤਰ ਕਿ ਉਹ ਦਇਆ ਸੰਤੋਖ ਜਤ ਅਤੇ ਸਤੁ ਦਾ ਜੇਨਓੁ ਹੀ ਪਾਉਣਗੇ ਜਿਸ ਦਾ ਅਰਥ ਸੀ ਕਿ ਉਸ ਸਿਧਾਂਤ ਨੂੰ ਅਪਨਾਉਣਾਂ ਚਾਹੀਦਾ ਹੈ ਜਿਸ ਵਿਚ ਦਇਆ ਅਤੇ ਸੰਤੋਖ ਵਰਗੇ ਗੁਣਾਂ ਦਾ ਜਿੰਦਗੀ ਭਰ ਨਾਲ ਨਿਭਾਉਣ ਦਾ ਪ੍ਰਣ ਕਰਣ ਦਾ ਉਦੇਸ਼ ਹੋਣਾ ਚਾਹੀਦਾ ਹੈ। ਗੁਰੂ ਜੀ ਦੇ ਸਬਦ
ਦਇਆ ਕਪਾਹ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ
ਏਹੁ ਨੇਨਾਓੂ ਜੀਆ ਕਾ ਹਈ ਤਾਂ ਪਾਡੇ ਘਤੂ॥
ਇਹ ਉਸ ਆਯੂ ਵਿਚ ਇੰਨੀ ਊਚੀ ਰੂਹਾਨੀ ਬਿਰਤੀ ਦਾ ਪ੍ਰਤੀਕ ਸੀ ਜਿਸ ਨੂੰ ਹਰ ਇਕ ਨੂੰ ਪ੍ਰਾਪਤ ਕਰਣ ਲਈ ਉਹਨਾਂ ਦਾ ਜਿੰਦਗੀ ਭਰ ਦਾ ਮੁੱਖ ਉਦੇਸ਼ ਰਿਹਾ ਅਤੇ ਦਇਆ ਭਾਵਨਾ ਜਿਹੜੀ ਸਭ ਧਰਮਾਂ ਦਾ ਅਧਾਰ ਹੈ ਉਸ ਦੀ ਸਿਖਿਆ ਦਿਤੀ। ਇਨਸਾਨੀਅਤ ਵਿਚ ਸਮਾਜਿਕ ਚੇਤਨਾਂ ਪੈਦਾ ਕਰਣ ਅਤੇ ਆਪਸ ਵਿਚ ਪ੍ਰਸਪਰ ਪਿਆਰ ਪੈਦਾ ਕਰਣ ਦੀ ਜਿੰਨੀ ਲੋੜ ਪਹਿਲਾ ਸੀ, ਉਨੀ ਹੁਣ ਹੈ ਅਤੇ ਉਹ ਹਮੇਸ਼ਾ ਰਹੇਗੀ ਜਿਸ ਲਈ ਗੁਰੂ ਜੀ ਨੇ ਬਹੁਤ ਲੰਮਾਂ ਸਫਰ ਕੀਤਾ ਅਤੇ ਉਹਨਾਂ ਸਿਧਾਤਾਂ ਨੂੰ ਜੀਵਨ ਭਰ ਪ੍ਰਚਾਰਿਆ।
ਗੁਰੂ ਜੀ ਦੇ ਜੀਵਨ ਕਾਲ ਦੇ ਸਮੇਂ ਭਾਰਤੀ ਉਪ ਮਹਾਦੀਪ ਮੁਖ ਤੌਰ ਤੇ ਦੋ ਧਾਰਮਿਕ ਵਰਗਾਂ ਹਿੰਦੂ ਅਤੇ ਮੁਸਲਿਮ ਵਿਚ ਵੰਡਿਆ ਹੋਇਆ ਸੀ ਦੋਵੇਂ ਹੀ ਆਪਣੇ ਆਪਣੇ ਰਸਤੇ ਰਾਹੀਂ ਪ੍ਰਮਾਤਮਾ ਤਕ ਪਹੁੰਚਣ ਦੀ ਪ੍ਰੋੜਤਾ ਕਰਦੇ ਸਨ। ਉਸ ਸਮੇਂ ਗੁਰੂ ਜੀ ਨੇ ਪ੍ਰਚਾਰ ਕੀਤਾ ਕਿ ਕਰਤਾ ਤਾਂ ਇਕ ਹੈ, ਉਸ ਤਕ ਪਹੁੰਚਣ ਦੇ ਰਸਤੇ ਅਨੇਕਾਂ ਹਨ। ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਸਭ ਪ੍ਰਮਾਤਮਾ ਦੀ ਉਪਜ ਹਨ। ਦੁਨਿਆ ਭਰ ਵਿਚ ਇਸ ਪ੍ਰਚਾਰ ਨੂੰ ਫੈਲਾਣ ਲਈ ਗੁਰੂ ਜੀ ਪੂਰਬ, ਪਛਮ, ਉਤਰ ਅਤੇ ਦਖਣ ਚਾਰਾਂ ਦਿਸ਼ਾਵਾਂ ਵਿਚ ਗਏ। ਉਹ ਪੂਰਬ ਵਿਚ ਬੰਗਲਾ ਦੇਸ਼, ਪੱਛਮ ਵਿਚ ਸਾਉਦੀ ਅਰਬੀਆ, ਉਤੱਰ ਵਿਚ ਤਿਬੱਤ ਅਤੇ ਦੱਖਣ ਵਿਚ ਸ੍ਰੀ ਲੰਕਾ ਵਿਖੇ ਗਏ। ਇੰਨਾਂ ਸਭ ਚਾਰਾਂ ਦਿਸ਼ਾਵਾਂ ਵਿਚ ਵਖ-2 ਧਾਰਮਿਕ ਵਿਸ਼ਵਾਸ਼ ਸਨ ਪਰ ਗੁਰੂ ਜੀ ਨੇ ਉਹ ਸਦੀਵੀ ਸੰਦੇਸ਼ ਕਿ ਕਰਤਾ ਤਾਂ ਇਕ ਹੀ ਹੈ, ਉਸ ਦਾ ਹੀ ਪ੍ਰਚਾਰ ਕੀਤਾ ਅਤੇ ਇੰਨਾਂ ਸਭ ਥਾਵਾਂ ਤੇ ਆਮ ਜਨਤਾ ਦੇ ਸੰਦੇਹ ਦੂਰ ਕੀਤੇ ਅਤੇ ਪ੍ਰਸਪਰ ਭਰਾਤਰੀ ਭਾਵ ਪੈਦਾ ਕਰਣ ਦੀ ਵਡੀ ਕੋਸ਼ਿਸ਼ ਕੀਤੀ। ਮੁਲਤਾਨ ਦੀ ਜਗਾਹ ਤੇ ਕਾਫੀ ਜਿਆਦਾ ਰੂਹਾਨੀ ਸੰਤ ਰਹਿੰਦੇ ਸਨ। ਜਦੋ ਗੁਰੂ ਨਾਨਕ ਜੀ ਉਸ ਸ਼ਹਿਰ ਵਿਚ ਗਏ ਤਾਂ ਉਹਨਾਂ ਨੂੰ ਸੰਕੇਤ ਦੇ ਉਦੇਸ਼ ਨਾਲ ਦੁਧ ਦਾ ਭਰਿਆ ਹੋਇਆ ਗਲਾਸ ਦਿਤਾ ਗਿਆ, ਜਿਸ ਦਾ ਅਰਥ ਸੀ ਕਿ ਇਸ ਸ਼ਹਿਰ ਵਿਚ ਪਹਿਲਾ ਹੀ ਕਾਫੀ ਰੂਹਾਨੀ ਸੰਤ ਹਨ। ਪਰ ਗੁਰੂ ਜੀ ਨੇ ਦੁਧ ਦੇ ਗਲਾਸ ਤੇ ਇਕ ਫੁਲ ਰਖ ਦਿਤਾ, ਜਿਸ ਦੀ ਖੁਸ਼ਬੂ ਫੈਲਣ ਲਗ ਪਈ, ਜਿਸ ਦਾ ਅਰਥ ਸੀ ਕਿ ਭਾਵੇਂ ਇਥੇ ਕਈ ਰੂਹਾਨੀ ਸੰਤ ਹਨ ਉਹਨਾਂ ਦਾ ਪ੍ਰਚਾਰ ਉਹਨਾਂ ਦੇ ਪ੍ਰਚਾਰ ਦੇ ਨਾਲ ਨਾਲ ਉਹਨਾਂ ਦੇ ਗਿਆਨ ਵਿਚ ਹੋਰ ਵਾਧਾ ਕਰੇਗਾ।
ਉਸ ਵਕਤ ਸਮਾਜ ਵਿਚ ਔਰਤਾਂ ਦੀ ਸਥਿਤੀ ਬਹੁਤ ਕੰਮਜੋਰ ਸੀ ਔਰਤਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਦਾ ਸੀ ਅਤੇ ਉਹਨਾਂ ਨੁੰ ਮਰਦਾਂ ਦੇ ਬਰਾਬਰ ਨਾ ਹਕ ਸਨ ਨਾ ਦਰਜਾ ਦਿਤਾ ਜਾਂਦਾ ਸੀ। ਗੁਰੂ ਜੀ ਨੇ ਇਸ ਗਲ ਨੂੰ ਮਹਿਸੂਸ ਕੀਤਾ ਅਤੇ ਔਰਤਾਂ ਦੀ ਸਥਿਤੀ ਸੁਧਾਰਣ ਲਈ ਪ੍ਰਚਾਰ ਕੀਤਾ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ, ਪ੍ਰਮਾਤਮਾ ਦੀ ਪੂਜਾ ਕਰਣ ਦੀ ਪ੍ਰੋੜਤਾ ਕੀਤੀ। ਗੁਰੂ ਜੀ ਅਨੁਸਾਰ
ਸੋ ਕੋ ਮੰਦਾ ਆਖੀਏ, ਜਿਸ ਜੰਮੇ ਰਾਜਾਨ, ਅਤੇ ਉਹਨਾਂ ਦੇ ਇਹ ਵਿਚਾਰ ਦੁਨੀਆਂ ਭਰ ਵਿਚ ਸਦੀਵੀ ਰਾਹ ਵਿਖਾਉਣ ਵਾਲੇ ਹਨ ਅਤੇ ਇੰਨਾਂ ਵਿਚਾਰਾਂ ਨੇ ਦੁਨੀਆਂ ਭਰ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ।
ਗੁਰੂ ਜੀ ਨੇ ਮਨੁਖੀ ਅਧਿਕਾਰਾਂ ਲਈ ਪ੍ਰਚਾਰ ਵੀ ਕੀਤਾ ਅਤੇ ਅਮਲ ਵਿਚ ਲਿਆਉਣ ਦੇ ਯਤਨ ਕੀਤੇ। ਰੁਹੇਲਾ ਖੰਡ ਵਿਚ ਜਿਥੇ ਗਰੀਬ ਔਰਤਾਂ, ਮਰਦਾਂ, ਜਵਾਨ ਲੜਕੇ, ਲੜਕੀਆਂ ਨੂੰ ਉਥੇ ਲਿਆ ਕੇ ਗੁਲਾਮਾ ਦੀ ਮੰਡੀ ਲਗਦੀ ਸੀ, ਉਥੇ ਆਪ ਪਹੁੰਚ ਕੇ ਉਥੋ ਦੇ ਗੁਲਾਮਾਂ ਦੇ ਵਪਾਰੀ ਨੂੰ ਇਸ ਲਈ ਪ੍ਰਭਾਵਿਤ ਕੀਤਾ ਕਿ ਉਸ ਵੱਲੋ ਕਿੰਨਾ ਜੁਲਮ ਕੀਤਾ ਜਾ ਰਿਹਾ ਹੈ ਅਤੇ ਉਸ ਵਪਾਰੀ ਨੇ ਗੁਰੂ ਜੀ ਤੋ ਮੁਆਫੀ ਮੰਗੀ।
ਉਸ ਵਕਤ ਆਮ ਵਿਅਕਤੀ ਦਾ ਸ਼ੋਸ਼ਣ ਹੋ ਰਿਹਾ ਸੀ ਅਮੀਰ ਲੋਕ ਗਰੀਬਾਂ ਦਾ ਸ਼ੋਸ਼ਣ ਕਰ ਰਹੇ ਸਨ। ਇਸ ਸਬੰਧੀ ਚੇਤਨਾ ਪੈਦਾ ਕਰਣ ਲਈ ਗੁਰੂ ਜੀ ਨੇ ਪ੍ਰਚਾਰ ਕੀਤਾ। ਇਕ ਅਮੀਰ ਵਿਅਕਤੀ ਮਲਕ ਭਾਗੋ ਵਲੋ ਭੋਜਨ ਤੇ ਬੁਲਾਏ ਜਾਣ ਤੇ, ਉਸ ਦੇ ਘਰ ਨਾ ਜਾਣਾਂ ਅਤੇ ਉਨਾਂ ਦੇ ਮੁਕਾਬਲੇ ਭਾਈ ਲਾਲੋ ਜ਼ੋ ਇਕ ਕਿਰਤੀ ਸੀ ਉਸ ਦੇ ਘਰ ਜਾ ਕੇ ਪ੍ਰਸ਼ਾਦ ਛਕਣਾਂ ਇਸ ਗਲ ਦਾ ਸੰਕੇਤ ਸੀ ਕਿ ਉਹ ਸ਼ੋਸ਼ਣ ਨੂੰ ਪ੍ਰਵਾਨ ਨਹੀ ਕਰ ਸਕਦੇ। ਉਹਨਾਂ ਵਲੋ ਮਲਕ ਭਾਗੋ ਦਾ ਸਦਾ ਇਸ ਕਰਕੇ ਅਪ੍ਰਵਾਨ ਕੀਤਾ ਕਿ ਉਸ ਵਿਚੋ ਉਹਨਾਂ ਨੂੰ ਗਰੀਬਾਂ ਦਾ ਲਹੂ ਚੂਸ ਕੇ ਆਪਣੇ ਧਨ ਵਿਚ ਵਾਧਾ ਕੀਤਾ ਨਜ਼ਰ ਆਉਦਾ ਸੀ ਜਦੋ ਕਿ ਭਾਈ ਲਾਲੋ ਦੇ ਭੋਜਨ ਵਿਚ ਹਥੀ ਕੀਤੀ ਕਿਰਤ ਦੇ ਦੁਧ ਦੀ ਖੁਸ਼ਬੋ ਆਉਦੀ ਹੈ। ਉਹਨਾਂ ਅਨੁਸਾਰ
ਹਕ ਪਰਾਇਆ ਨਾਨਕਾ, ਉਸ ਸੁਅਰ ਉਸ ਗਾਇ
ਕਿਸੇ ਲਈ ਵੀ, ਕਿਸੇ ਦਾ ਹਕ ਮਾਰ ਕੇ ਧਨ ਇਕਠਾ ਕਰਣਾਂ ਇਕ ਵਡੀ ਬੁਰਾਈ ਹੈ, ਜਿਸ ਦੇ ਖਿਲਾਫ ਗੁਰੂ ਜੀ ਨੇ ਪ੍ਰਚਾਰ ਕੀਤਾ ਜੋ ਇਕ ਸਦੀਵੀ ਗੁਣ ਹੈ ਜਿਹੜਾ ਹਰ ਯੁਗ ਵਿਚ ਲੋੜੀਦਾ ਹੈ।
ਗੁਰੂ ਜੀ ਨੇ ਹਰ ਇਕ ਨੂੰ ਆਤਮਿਕ ਗਿਆਨ ਦੀ ਰੋਸ਼ਨੀ ਪ੍ਰਾਪਤ ਕਰਣ ਦੀ ਪ੍ਰੇਰਣਾਂ ਦਿਤੀ ਜਿਹੜੀ ਗੁਰੂ ਦੀ ਯਾਦ ਵਿਚੋ ਮਿਲਦੀ ਹੈ, ਜ਼ੋ ਸਚੇ ਗਿਆਨ ਦੀ ਸ੍ਰੇਣੀ ਨਾਲ ਸਬੰਧਿਤ ਹੈ ਅਤੇ ਉਹ ਕਿਵੇ ਹੋਵੇ ਇਸ ਸਬੰਧੀ ਗੁਰੂ ਜੀ ਨੇ ਫਰਮਾਇਆ
ਕਿਵ ਸਚਿਆਰਾ ਹੋਈਐ, ਕਿਵ ਕੂੜੇ ਤੂਟੇ ਪਾਲਿ
ਜਾਂ ਉਸ ਕੂੜ ਜਾਂ ਝੂਠ ਦਾ ਹਨੇਰਾ ਕਿਸ ਤਰਾਂ ਖਤਮ ਹੋਵੇ ਅਤੇ ਇਸ ਦਾ ਉਤਰ ਜਾਂ ਇਸ ਸਮਸਿਆ ਦਾ ਹਲ ਗੁਰੂ ਜੀ ਨੇ ਇਹ ਦਿਤਾ
ਹੁਕਮਿ ਰਜਾਇ ਚਲਣਾ ਨਾਨਕ ਲਿਖਿਆ ਨਾਲ
ਜਾਂ ਹੁਕਮ ਦੇ ਅਨੁਸਾਰ ਚਲਣਾ ਅਤੇ ਉਸ ਸਚੇ ਦੇ ਹੁਕਮ ਦੀ ਪਾਲਣਾਂ ਕਰਣੀਂ ਹੀ ਇਸ ਦਾ ਹਲ ਹੈ।
ਬਾਬਰ ਅਫਗਾਨਿਸਤਾਨ ਦਾ ਬਾਦਸ਼ਾਹ ਸੀ ਜਦੋਂ ਉਸ ਨੇ ਹਿੰਦੋਸਤਾਨ ਤੇ ਹਮਲਾ ਕੀਤਾ ਤਾਂ ਉਸ ਵਕਤ ਗੁਰੂ ਜੀ ਨੇ ਉਸ ਜਾਲਮ ਹੁਕਮਰਾਨ ਨੂੰ ਉਸ ਦੇ ਜੁਲਮ ਵਿਰੁਧ ਚੁਣੌਤੀ ਦਿਤੀ ਭਾਵੇਂ ਕਿ ਉਹਨਾਂ ਨੂੰ ਜੇਲ੍ਹ ਵੀ ਭੁਗਤਨੀ ਪਈ।
ਪਾਪ ਦੀ ਜੰਝ ਲੈ ਕਾਬਲੋਂ ਧਾਇਆ
ਜੋਰੀ ਮੰਗੇ ਦਾਨ ਵੇ ਲਾਲੋ
ਇਸ ਨਾਲ ਉਹਨਾਂ ਨੇ ਉਸ ਵਕਤ ਦੇ ਹਾਕਿਮਾਂ ਦੇ ਖਿਲਾਫ ਰੋਸ ਦਾ ਪ੍ਰਗਟਾਵਾਂ ਕੀਤਾ ਅਤੇ ਇਹੋ ਜਹੇ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਆਰਥਿਕ, ਸਮਾਜਿਕ, ਬਰਾਬਰੀ, ਇਨਸਾਫ, ਮਨੁਖੀ ਅਧਿਕਾਰ ਅਤੇ ਕਿਰਤ ਦੀ ਕਦਰ ਕਰਣ ਵਾਲਾ ਸਮਾਜ ਬਣੇ। ਗੁਰੂ ਜੀ ਨੇ ਇਹੋ ਜਹੇ ਸਮਾਜ ਵਿਚ ਗਰੀਬ, ਅਮੀਰ, ਉਚੇ ਨੀਵੇਂ, ਹਾਕਮ, ਪਰਜਾ ਸਭ ਲਈ ਸ਼ੁਭ ਅਮਲ ਕਰਣ ਦੀ ਪ੍ਰੇਰਣਾ ਕੀਤੀ। ਸ਼ੁਭ ਕਰਮ ਉਹ ਹਨ ਜਿਸ ਵਿਚ ਕਥਨੀ ਅਤੇ ਕਰਣੀ ਇਕ ਹੋਏ ਸਚ- ਅਚਾਰ, ਸਚਾ ਹਿੰਦੂ ਅਤੇ ਸਚਾ ਮੁਸਲਮਾਨ ਬਨਣ ਲਈ ਸਚਾ ਆਚਰਨ ਹੀ ਪਹਿਲਾ ਫਰਜ ਹੈ। ਗੁਰੂ ਜੀ ਨੇ ਆਪ ਸਚੇ ਵਿਵਹਾਰ ਲਈ ਸਚੇ ਸੌਦੇ ਅਤੇ ਮੋਦੀ ਖਾਨੇ ਵਿਚ ਆਪਣਾਂ ਵਿਵਹਾਰ ਦਰਸਾਇਆ ਅਤੇ ਸਚੇ ਆਚਰਨ ਦੇ ਪ੍ਰਚਾਰ ਲਈ ਦਿਨ, ਰਾਤ, ਪਹਾੜਾਂ, ਜੰਗਲਾਂ, ਬੀਆ ਬਾਨਾਂ, ਡਾਕੂਆਂ, ਬਾਦਸ਼ਾਹਾਂ ਦਾ ਖੌਫ ਨਹੀ ਵੇਖਿਆ, ਨਾ ਪੀਰਾਂ ਦਾ ਲਿਹਾਜ ਕੀਤਾ ਨਾ ਮੁਰੀਦਾ ਦੀ ਤਰਫਦਾਰੀ ਕੀਤੀ।
ਹਥੀਂ ਕਿਰਤ ਕਰਣ ਦੀ ਮਹਾਨਤਾ ਨੂੰ ਨਾ ਸਿਰਫ ਪ੍ਰਚਾਰਿਆ ਬਲਕਿ ਕਰਤਾਰ ਪੁਰ ਵਿਖੇ ਆਪਣੇ ਹਥੀ ਖੇਤੀ ਕਰਕੇ ਜਨਤਾ ਦੇ ਸਾਹਮਣੇ ਉਦਾਹਰਣ ਪੇਸ਼ ਕੀਤੀ। ਕਿਰਤ ਕਰਣੀ, ਨਾਮ ਜਪਣਾਂ ਅਤੇ ਵੰਡ ਛਕਣ ਦੇ ਮੁਢਲੇ ਸਿਧਾਤਾਂ ਨੂੰ ਸਾਹਮਣੇ ਰਖ ਕੇ, ਉਹ ਸਦੀਵੀ ਸਿਧਾਂਤ ਜਿਹੜਾ ਹਰ ਜਗਾਹ ਅਤੇ ਹਰ ਵਕਤ ਮਹਤਤਾ ਰਖਦਾ ਹੈ, ਉਸ ਦਾ ਆਪਣੀ ਸਾਰੀ ਆਯੂ ਵਿਚ ਪ੍ਰਚਾਰ ਕੀਤਾ।
ਆਖਰ ਵਿਚ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਵਜੋ ਗੁਰਆਈ ਦੇ ਯੋਗ ਸਮਝ ਕੇ ਆਪਣਾਂ ਅੰਗ ਬਣਾ ਲਿਆ ਅਤੇ ਇਸ ਤੋ ਪਹਿਲਾਂ ਗੁਰੂ ਜੀ ਨੇ ਭਾਈ ਲਹਿਣਾਂ ਜੀ ਦੀਆਂ ਪ੍ਰੀਖਿਆਵਾਂ ਕੀਤੀਆਂ ਅਤੇ ਭਾਈ ਲਹਿਣਾਂ ਜੀ ਹਰੇਕ ਪ੍ਰੀਖਿਆ ਵਿਚ ਪੂਰੇ ਉਤਰੇ ਅਤੇ ਉਹਨਾਂ ਨੂੰ ਯੋਗ ਵਾਰਿਸ ਸਮਝ ਕੇ ਧਰਮ ਪ੍ਰਚਾਰਣ ਲਈ ਉਤਰਾਧਿਕਾਰੀ ਨਿਯੁਕਤ ਕੀਤਾ ਗਿਆ।
ਲੇਖਕ, ਇੰਸਟੀਚੂਟ ਆਫ ਸੋਸ਼ਲ ਸਾਇਸੰਜ,
ਨਵੀ ਦਿਲੀ ਦਾ ਸੀਨੀਅਰ ਫੈਲੋ ਹੈ