ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

10 Feb. 2020

ਸੁਖਬੀਰ ਬਾਦਲ ਅੰਦਰ ਸਵਾਲ ਦੇ ਜਵਾਬ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ- ਪਰਮਿੰਦਰ ਢੀਂਡਸਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।

 
'ਸੀਆਰਾ' ਨਾਮਕ ਤੂਫ਼ਾਨ ਨੇ ਯੂ.ਕੇ. 'ਚ ਨੱਬੇ ਮੀਲ ਦੀ ਰਫ਼ਤਾਰ ਨਾਲ ਹਨ੍ਹੇਰੀ ਲਿਆਂਦੀ- ਇਕ ਖ਼ਬਰ
ਨੀਲਿਆ ਬਸ ਕਰ ਓਏ, ਹੁਣ ਦੇ ਦੇ ਘੜੇ ਉੱਤੇ ਚੱਪਣੀ।


ਮੋਦੀ ਸਰਕਾਰ ਸ਼ਾਇਦ ਤਾਜ ਮਹਿਲ ਵੀ ਵੇਚ ਦੇਵੇ-ਰਾਹੁਲ ਗਾਂਧੀ
ਲੋਟਣ ਪੱਚੀਆਂ ਦੇ, ਚਹੁੰ 'ਚ ਵੇਚ ਗਿਆ ਜਾਨੀ।


ਸ਼੍ਰੋਮਣੀ ਕਮੇਟੀ ਨੂੰ ਬਾਦਲ ਦਲ ਤੋਂ ਮੁਕਤ ਕਰਵਾਉਣਾ ਸਮੇਂ ਦੀ ਲੋੜ-ਬੱਬੀ ਬਾਦਲ
ਖੇਤ ਤਾਂ ਆਪਣਾ ਡਬਰਿਆਂ ਖਾ ਲਿਆ, ਧੜਕੇ ਕਾਲ਼ਜਾ ਮੇਰਾ।


ਮਹਾਂ ਦੋਸ਼ਾਂ ਤੋਂ ਮੁਕਤ ਹੋਇਆ ਡੋਨਲਡ ਟਰੰਪ- ਇਕ ਖ਼ਬਰ
ਚੁੰਘੀ ਬੱਕਰੀ, ਬਣਾਇਆ ਸੀ ਡਾਕਾ।

 

ਪੰਥਕ ਵਿਚਾਰਧਾਰਾ ਵਾਲੇ ਪਰਵਾਰ ਵੀ ਅਕਾਲੀ ਦਲ ਤੋਂ ਕਿਉਂ ਦੂਰ ਹੋ ਰਹੇ ਹਨ?- ਸੁਖਦੇਵ ਸਿੰਘ ਢੀਂਡਸਾ
ਖੇਤ ਉਜਾੜ ਪਿਆ, ਮੈਂ ਕਿਵੇਂ ਗਿੱਧੇ ਵਿਚ ਜਾਵਾਂ।


ਸਰਨਾ ਭਰਾਵਾਂ ਵਲੋਂ ਦਿੱਲੀ ਚੋਣਾਂ 'ਚ ਕਾਂਗਰਸ ਅਤੇ 'ਆਪ' ਦੋਵਾਂ ਪਾਰਟੀਆਂ ਦੀ ਮਦਦ ਦਾ ਫ਼ੈਸਲਾ- ਇਕ ਖ਼ਬਰ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।


ਭਾਈਚਾਰਕ ਸਾਂਝ ਦੇ ਨਾਅਰਿਆਂ ਨਾਲ਼ ਸ਼ਾਹੀਨ ਧਰਨੇ ਦੀ ਸ਼ਾਨੋ-ਸ਼ੌਕਤ ਬਰਕਰਾਰ- ਇਕ ਖ਼ਬਰ
ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ।


'ਆਪ' ਵਲੋਂ ਭਾਜਪਾ ਨੂੰ ਮੁੱਖ ਮੰਤਰੀ ਐਲਾਨਣ ਦੀ ਚੁਨੌਤੀ- ਇਕ ਖ਼ਬਰ
ਸਾਡੇ ਨਾਲ਼ ਕੀ ਪਾਇਆ ਈ ਵੈਰ ਕਾਕਾ, ਮੱਥਾ ਸੌਂਕਣਾਂ ਵਾਂਗ ਕੀ ਲਾਇਆ ਈ।


ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 15 ਜ਼ਿਲ੍ਹਿਆਂ 'ਚ ਧਰਨਿਆਂ ਦਾ ਐਲਾਨ- ਇਕ ਖ਼ਬਰ
ਆ ਜਾਉ ਲਾਈਏ ਧਰਨੇ, ਹੁਣ ਅਸੀਂ ਵਿਹਲੇ ਆਂ।

ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਬਹਿਸ ਲਈ ਲਲਕਾਰਿਆ- ਇਕ ਖ਼ਬਰ
ਜਾਮਨੂੰ ਦੀ ਗਿਟਕ ਜਿਹਾ, ਮੇਰੇ ਸਾਹਮਣੇ ਧੜਾ ਧੜ ਬੋਲੇ।


ਭਾਜਪਾ ਨਾਲ਼ ਹੁਣ ਸਾਰੇ ਗ਼ਿਲੇ ਸ਼ਿਕਵੇ ਹੋਏ ਦੂਰ- ਸੁਖਬੀਰ ਬਾਦਲ
ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ, ਮੈਨੂੰ ਕਦੀ ਕਦੀ ਕਰਦਾ ਏ ਪਿਆਰ, ਕਦੀ ਮਾਰਦਾ ਏ ਛਮਕਾਂ ਦੀ ਮਾਰ।