ਕਰੋਨਾ ਦਾ ਕਹਿਰ- ਮਨੁੱਖ ਲਈ ਸੋਚਣ ਦਾ ਵੇਲਾ - ਗੁਰਮੀਤ ਸਿੰਘ ਪਲਾਹੀ

ਚੀਨ ਦਾ ਇੱਕ ਸੂਬਾ ਹੈ ਹੂਵੇਈ। ਇਸ ਸੂਬੇ ਵਿੱਚ  ਕਰੋਨਾ ਵਾਇਰਸ ਨੇ ਲੋਕਾਂ ਨੂੰ ਲਿਤਾੜ ਸੁਟਿਆ। 910 ਵਿਅਕਤੀ ਮੌਤ ਦੇ ਮੂੰਹ ਆ ਗਏ ਹਨ।  40651 ਦੀ ਗਿਣਤੀ 'ਚ ਲੋਕ ਇਸ ਭਿਅੰਕਰ ਵਾਇਰਸ ਨੇ ਆਪਣੇ ਲਪੇਟੇ 'ਚ ਲੈ ਲਏ ਹਨ। ਇਹ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਕਰੋਨਾ ਦੁਨੀਆਂ ਦੇ 25 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਹ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਇਸ ਪੈਦਾ ਹੋਈ ਭਿਅੰਕਰ ਸਥਿਤੀ ਨੂੰ ਅੰਤਰ ਰਾਸ਼ਟਰੀ ਸਿਹਤ ਐਮਰਜੈਂਸੀ ਗਰਦਾਨਿਆ ਹੈ। ਅਸਲ ਵਿੱਚ ਕਰੋਨਾ ਵਾਇਰਸ ਬਾਰੇ ਚੀਨ ਦੇ ਹੂਵੇਈ ਸੂਬੇ ਦੇ ਹੁਵੈਨ ਸ਼ਹਿਰ ਵਿੱਚ ਪਤਾ ਲੱਗਾ ਸੀ। ਪਰ ਇਵੇਂ ਜਾਪਦਾ ਹੈ ਕਿ ਚੀਨੀ ਪ੍ਰਸ਼ਾਸ਼ਨ ਨੇ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸਮਝਿਆ। ਸਿੱਟਾ ਇਹ ਨਿਕਲਿਆ ਕਿ ਹਜ਼ਾਰਾਂ ਲੋਕ ਬਿਨ੍ਹਾਂ ਡਾਕਟਰੀ ਸਹਾਇਤਾ ਲਏ, ਆਵਾਜਾਈ ਕਰਦੇ ਰਹੇ, ਇੱਕ-ਦੂਜੇ ਦੇ ਸੰਪਰਕ  ਵਿੱਚ ਆਉਂਦੇ ਰਹੇ ਅਤੇ ਕਰੋਨਾ ਵਾਇਰਸ 2019 ਐਨ.ਸੀ.ਓ.ਵੀ. ਦਾ ਇਹ ਵਾਇਰਸ ਚੀਨ ਤੋਂ ਬਾਹਰ  ਵੀ ਫੈਲ ਗਿਆ। ਭਾਰਤ ਵਿੱਚ ਵੀ ਇਸ ਵੇਲੇ ਤਿੰਨ ਮਰੀਜ਼ ਕਰੋਨਾ ਵਾਇਰਸ ਤੋਂ ਪੀੜਤ ਹਨ, ਜਿਹਨਾ ਦਾ ਇਲਾਜ ਚਲ ਰਿਹਾ ਹੈ, ਇਹ ਕੇਰਲ ਪ੍ਰਾਂਤ ਦੇ ਹਨ। ਭਾਰਤ ਸਰਕਾਰ ਨੇ ਪਿਛਲੇ ਕੁਝ ਦਿਨਾਂ 'ਚ 600 ਤੋਂ ਵੱਧ ਭਾਰਤੀਆਂ ਨੂੰ, ਜੋ ਚੀਨ ਵਿੱਚ ਰਹਿੰਦੇ ਹਨ ਜਾਂ ਵਪਾਰ ਕਰਦੇ ਹਨ, ਨੂੰ ਭਾਰਤ ਲਿਆਂਦਾ ਹੈ ਅਤੇ ਉਹਨਾ ਦੀ ਸਿਹਤ ਦੀ ਜਾਂਚ ਪੜਤਾਲ ਹੋ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਚਿਮਗਿੱਦੜ ਤੋਂ ਫੈਲਦਾ ਹੈ, ਇਸ ਦੇ ਵਾਇਰਸ ਕਾਰਨ ਫਲੂ ਅਤੇ ਨਮੋਨੀਆ ਦੇ ਲੱਛਣ ਮਨੁੱਖੀ ਸਰੀਰ ਵਿੱਚ ਵੇਖੇ ਜਾ ਸਕਦੇ ਹਨ। ਸਾਲ 2002 ਵਿੱਚ ਚੀਨ ਵਿੱਚ ਸਾਰਸ ਫੈਲਿਆ ਸੀ, ਪਰ ਕਰੋਨਾ ਵਾਇਰਸ ਉਸ ਨਾਲੋਂ ਵੀ ਖਤਰਨਾਕ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਛੂਤ ਦੀ ਬਿਮਾਰੀ ਵਾਂਗਰ ਬਹੁਤ ਹੀ ਤੇਜੀ ਨਾਲ ਫੈਲਦਾ ਹੈ ਅਤੇ ਪੀੜਤ ਤੋਂ ਅੱਗੋਂ ਹੋਰ ਸਿਹਤਮੰਦ ਲੋਕਾਂ ਨੂੰ ਆਪਣੀ ਪਕੜ 'ਚ ਲਿਆਉਣ ਲਈ ਦੇਰੀ ਨਹੀਂ ਲਾਉਂਦਾ।
ਇਹ ਵਾਇਰਸ ਵਿਸ਼ਵ ਅਰਥ ਵਿਵਸਥਾ ਲਈ ਵੱਡੀ ਚਣੌਤੀ ਬਣਕੇ ਖੜ ਗਿਆ ਹੈ। ਇਸ ਦਾ ਅਸਰ ਚੀਨ ਦੀ ਅਰਥ ਵਿਵਸਥਾ ਉਤੇ ਪੈ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਚੀਨ ਮੈਨੂਫੈਕਚਰਿੰਗ ਦਾ ਕੇਂਦਰ ਬਣ ਕੇ ਉਭਰਿਆ ਹੈ। ਕਰੋਨਾ ਵਾਇਰਸ ਕਾਰਨ ਵੱਡੀਆਂ ਕੰਪਨੀਆਂ ਨੇ ਆਪਣੇ ਮੈਨੂਫੈਕਚਰਿੰਗ ਯੂਨਿਟ ਬੰਦ ਕਰ ਦਿੱਤੇ ਹਨ। ਇਸਦਾ ਅਸਰ ਚੀਨ ਦੀ ਵਿਕਾਸ ਦਰ ਉਤੇ ਵੀ ਪਿਆ ਹੈ, ਜੋ ਪਿਛਲੇ ਦਿਨਾਂ 'ਚ 6.1 ਫ਼ੀਸਦੀ ਤੋਂ ਘਟਕੇ 5.6 ਫ਼ੀਸਦੀ ਹੋ ਸਕਦੀ ਹੈ। ਭਾਵੇਂ ਕਿ ਚੀਨ ਨੇ ਪਿਛਲੇ ਕੁਝ ਦਿਨਾਂ 'ਚ ਇਸ ਵਾਇਰਸ ਦਾ ਮੁਕਾਬਲਾ ਕਰਨ ਲਈ ਹਸਪਤਾਲਾਂ ਦਾ ਨਿਰਮਾਣ ਕੀਤਾ ਹੈ, ਸਿਹਤ ਸੁਵਿਧਾਵਾਂ ਮੁਹੱਈਆ ਕੀਤੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੀ ਗੁਆਂਢੀ ਨੂੰ ਸਿਹਤ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਪਰ ਇਸ ਕਰੋਨਾ ਵਾਇਰਸ ਦੀ ਚਣੌਤੀ ਨੂੰ ਸਿਰਫ਼ ਭਰਪੂਰ ਸਰਕਾਰੀ ਇੱਛਾ ਸ਼ਕਤੀ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ।
 ਮਨੁੱਖਤਾ ਨੇ ਸਮੇਂ ਸਮੇਂ ਤੇ ਵਿਸ਼ਵ ਪੱਧਰ ਉਤੇ ਭਿਅੰਕਰ ਬੀਮਾਰੀਆਂ, ਜੋ ਵਾਇਰਸਾਂ ਦੀ ਉਪਜ ਹਨ, ਦਾ ਸਾਹਮਣਾ ਕੀਤਾ ਹੈ। ਪਲੇਗ, ਮਲੇਰੀਆ, ਸਾਰਸ, ਵਰਡ ਫਲੂ, ਸਵਾਈਨ ਫਲੂ, ਨਿਪਾਹ, ਡੇਂਗੂ, ਜੀਕਾ ਵਾਇਰਸ ਜਿਸ ਢੰਗ ਨਾਲ ਫੈਲੇ ਸਨ, ਉਸ ਨਾਲ ਆਮ ਲੋਕਾਂ ਵਿੱਚ ਵੱਡੀ ਦਹਿਸ਼ਤ ਫੈਲੀ ਸੀ। ਇਹਨਾ ਵਾਇਰਸਾਂ ਕਾਰਨ ਫੈਲੀਆਂ ਬੀਮਾਰੀਆਂ ਦਾ ਅਸਰ ਵਿਸ਼ਵ ਦੇ ਵਿਕਾਸ ਦਰ ਉਤੇ ਵੀ ਸਮੇਂ-ਸਮੇਂ ਪੈਂਦਾ ਰਿਹਾ ਹੈ ਅਤੇ ਇਹ ਬੀਮਾਰੀਆਂ ਵਿਸ਼ਵ ਅਰਥ ਵਿਵਸਥਾ ਲਈ ਵੀ ਵੱਡੀ ਚਣੌਤੀ ਬਣਦੀਆਂ ਰਹੀਆਂ ਹਨ।
ਚੀਨ ਦੇ ਬਾਅਦ ਦੁਨੀਆਂ ਭਰ ਵਿੱਚ ਫੈਲ ਰਹੇ ਕਰੋਨਾ ਵਾਇਰਸ ਉਤੇ ਜੇਕਰ ਜਲਦੀ ਕਾਬੂ ਨਹੀਂ ਪਾਇਆ ਜਾਂਦਾ ਤਾਂ ਭਾਰਤੀ ਦਵਾ ਉਦਯੋਗ ਵੀ ਇਸ ਦੀ ਲਪੇਟ ਵਿੱਚ ਆ ਸਕਦਾ ਹੈ। ਕਿਉਂਕਿ ਭਾਰਤ ਦੀਆਂ ਦਵਾਈਆਂ ਬਨਾਉਣ ਵਾਲੀਆਂ ਬਹੁਤੀਆਂ ਕੰਪਨੀਆਂ ਚੀਨ ਉਤੇ ਨਿਰਭਰ ਕਰਦੀਆਂ ਹਨ। ਮੌਜੂਦਾ ਹਾਲਾਤ ਵਿੱਚ ਚੀਨ ਤੋਂ ਆਯਾਤ ਪ੍ਰਭਾਵਤ ਹੋਣ ਤੇ ਦਵਾਈਆਂ ਦੇ ਉਦਯੋਗ ਉਤੇ ਅਸਰ ਪੈਣਾ ਤਹਿ ਹੈ। ਸਾਡੀਆਂ ਦਵਾ ਕੰਪਨੀਆਂ ਦਾ ਕੁੱਲ ਆਯਾਤ ਦਾ 67.56 ਫ਼ੀਸਦੀ ਚੀਨ ਦੀ ਹਿੱਸੇਦਾਰੀ ਹੈ। 2018-19 ਵਿੱਚ ਚੀਨ ਤੋਂ ਫਾਰਮਾ ਉਤਪਾਦਾਂ ਦਾ ਕੁੱਲ ਆਯਾਤ 2.40 ਅਰਬ ਡਾਲਰ ਸੀ। ਚੀਨ ਤੋਂ ਆਯਾਤ ਹੋਣ ਵਾਲਾ ਜਿਆਦਾ  ਕੱਚਾ ਮਾਲ ਐਂਟੀ ਬਾਇਟਿਕਸ ਅਤੇ ਵਿਟਾਮਿਨਾਂ ਦੇ ਨਿਰਮਾਣ 'ਚ ਹੁੰਦਾ ਹੈ। ਜੇਕਰ ਚੀਨ ਤੋਂ  ਇਹਨਾ ਦਵਾਈਆਂ ਦਾ ਕੱਚਾ ਮਾਲ ਪ੍ਰਾਪਤ ਨਹੀਂ ਹੁੰਦਾ ਤਾਂ ਉਸਦਾ ਅਸਰ ਸਾਧਾਰਨ ਵਿਅਕਤੀਆਂ ਵਲੋਂ ਵਰਤੀਆਂ ਜਾਂਦੀਆਂ ਦਵਾਈਆਂ ਤੇ ਹੋਵੇਗਾ ਜੋ ਮਹਿੰਗੀਆਂ ਹੋ ਜਾਣਗੀਆਂ ਅਤੇ ਸਧਾਰਨ ਮਰੀਜ਼ਾਂ ਨੂੰ ਵੀ ਮਹਿੰਗਾ ਇਲਾਜ ਕਰਾਉਣ ਪਵੇਗਾ।
ਅਸਲ ਵਿੱਚ ਮਨੁੱਖ ਨੇ ਜਦੋਂ ਤੋਂ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ। ਜੰਗਲਾਂ ਦੀ ਕਟਾਈ ਦਾ ਰਸਤਾ ਫੜਕੇ, ਅੰਨੇਵਾਹ ਵਿਕਾਸ ਦੇ ਨਾਮ ਉਤੇ ਕੁਰਦਤੀ ਸਰੋਤਾਂ ਅਤੇ ਸੋਮਿਆਂ ਦੀ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਹੈ। ਖਾਦਾਂ, ਕੀਟਨਾਸ਼ਕਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਆਪਣੇ ਸਾਥੀ ਪਸ਼ੂਆਂ, ਜੀਵਾਂ ਜੰਤੂਆਂ ਨੂੰ ਮਾਰ ਵੱਢ ਕਰਕੇ ਉਸਨੂੰ ਆਪਣੀ ਖਾਣ ਸਮੱਗਰੀ 'ਚ ਸ਼ਾਮਲ ਕਰ ਲਿਆ ਹੈ, ਤਦੇ ਤੋਂ ਮਨੁੱਖ ਅਤੇ ਕੁਦਰਤ 'ਚ ਆਪਸੀ ਵਿਗਾੜ ਪੈਦਾ ਹੋਣਾ ਸ਼ੁਰੂ ਹੋਇਆ ਹੈ। ਇਸ ਵਿਗਾੜ ਕਾਰਨ ਹੀ ਸਮੇਂ ਸਮੇਂ ਮਨੁੱਖ ਕੁਦਰਤ ਦੀ ਮਾਰ ਸਹਿੰਦਾ ਹੈ। ਸਮੁੰਦਰ ਵਿੱਚੋਂ ਉੱਠਦੇ ਤੂਫ਼ਾਨ, ਹੜ੍ਹ, ਮਾਰੂ ਬਰਸਾਤਾਂ, ਸੋਕਾ ਅਤੇ ਹੋਰ ਕੁਦਰਤੀ ਆਫ਼ਤਾਂ ਮਨੁੱਖ ਦੇ ਵਿਹੜੇ ਦਸਤਕ ਤਾਂ ਦਿੰਦੀਆਂ ਹੀ ਹਨ, ਇਸਦੇ ਨਾਲ-ਨਾਲ ਮਨੁੱਖ ਵਲੋਂ ਕੀਤੀ ਕੁਦਰਤ ਨਾਲ ਛੇੜਛਾੜ ਕਾਰਨ ਉਸਨੂੰ ਬੀਮਾਰੀਆਂ ਦੇ ਰੂਪ 'ਚ ਸਬਕ ਵੀ ਸਿਖਾਉਂਦੀਆਂ ਹਨ। ਹਵਾ ਦਾ ਪ੍ਰਦੂਸ਼ਨ, ਸਾਹ ਦੀਆਂ ਅਨੇਕਾਂ ਮਾਰੂ ਬੀਮਾਰੀਆਂ ਦਾ ਕਾਰਨ ਹੈ, ਪਾਣੀ ਦਾ ਪ੍ਰਦੂਸ਼ਨ ਕੈਂਸਰ ਦਾ ਕਾਰਨ ਬਣਿਆ ਹੋਇਆ ਹੈ,  ਮਨੁੱਖ ਵਲੋਂ ਆਪੇ ਬੀਜੀਆਂ ਜ਼ਹਿਰਾਂ, ਉਹਦੇ ਸਰੀਰ ਨੂੰ ਘੁਣ ਵਾਂਗਰ ਖਾ ਰਹੀਆਂ ਹਨ। ਬਿਨ੍ਹਾਂ ਸ਼ੱਕ ਮਨੁੱਖ ਇਹ ਦਾਅਵਾ ਕਰਦਾ ਹੈ ਕਿ ਉਸ ਦੀ ਜੀਵਨ ਯਾਤਰਾ, ਇਸ ਸ੍ਰਿਸ਼ਟੀ ਉਤੇ ਵਧੀ ਹੈ, ਪਰ ਇਹ ਵਾਧਾ ਵੱਧ ਦਵਾਈਆਂ ਦੀ ਵਰਤੋਂ ਅਤੇ ਚੰਗੇਰੇ ਇਲਾਜ ਕਾਰਨ ਸੰਭਵ ਹੈ। ਮਨੁੱਖ ਇਹ ਗੱਲ ਭੁੱਲ ਚੁੱਕਾ ਹੈ ਕਿ ਬੀਮਾਰੀ ਹੋਣ ਤੋਂ ਪਹਿਲਾ ਹੀ ਇਸਦਾ ਬਚਾਅ ਕਰਨਾ ਚੰਗਾ ਇਲਾਜ ਹੈ। ਪਰ ਸੁੱਖ-ਸੁਵਿਧਾਵਾਂ, ਦੀ ਹੋੜ ਵਿੱਚ, ਦਿਖਾਵੇ ਦੀ ਜ਼ਿੰਦਗੀ ਉਹ ਆਪਣੇ ਗਲ ਲਾਕੇ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਰਾਹ ਤੁਰਿਆ ਜਾ ਰਿਹਾ ਹੈ। ਅਤੇ ਸਰਕਾਰਾਂ ਸਮਾਜਕ ਖੇਤਰ, ਖਾਸ ਕਰਕੇ ਸਿਹਤ, ਸਿੱਖਿਆ, ਸਾਫ-ਸੁਥਰੇ ਵਾਤਾਵਰਨ ਨੂੰ ਪਹਿਲ ਨਾ ਦੇਕੇ ਵੋਟ-ਬੈਂਕ ਦੀ ਸਿਆਸਤ ਕਰਦੀਆਂ ਨਜ਼ਰ ਆਉਂਦੀਆਂ ਹਨ। ਤਦੇ ਸੰਸਾਰ ਭਰ 'ਚ ਗਰੀਬੀ ਹੈ। ਭੁੱਖਮਰੀ ਹੈ। ਜ਼ਹਾਲਤ ਹੈ। ਮਨੁੱਖ ਦੀਆਂ ਜੀਵਨ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਉਸਦਾ ਜੀਵਨ ਪੱਧਰ ਉੱਚਾ ਨਹੀਂ ਹੋ ਰਿਹਾ। ਇਸਦਾ ਵੱਡਾ ਕਾਰਨ ਸਮਾਜ ਵਿਚਲੀ ਅਸਮਾਨਤਾ ਹੈ। ਗਰੀਬੀ-ਅਮੀਰੀ ਦਾ ਪਾੜਾ ਹੈ। ਜਿਸ ਨਾਲ ਸਮਾਜਕ ਅਸ਼ਾਂਤੀ ਅਤੇ ਪ੍ਰੇਸ਼ਾਨੀ ਵੱਧ ਹੀ ਰਹੀ ਹੈ। ਗੰਦਲੇ ਵਾਤਾਵਰਨ 'ਚ ਬੀਮਾਰੀਆਂ ਦਾ ਵਾਧਾ ਹੋ ਰਿਹਾ ਹੈ। ਅਣਿਆਈਆਂ ਮੌਤਾਂ 'ਚ ਵਾਧਾ ਹੋ ਰਿਹਾ ਹੈ। ਕਰੋਨਾ ਵਾਇਰਸ ਵੀ ਤਾਂ ਇਸੇ ਕਰਕੇ ਆਪਣਾ ਰੰਗ ਵਿਖਾ ਰਿਹਾ ਹੈ। ਚੰਗੇਰੇ ਸਮਾਜ ਦੀ ਸਿਰਜਣਾ ਅਤੇ ਤੰਦਰੁਸਤ ਸਿਹਤਮੰਦ ਮਨੁੱਖੀ ਜ਼ਿੰਦਗੀ ਲਈ ਜਿਥੇ ਕੁਦਰਤ ਨਾਲ ਸਾਂਝ ਪਾਉਣੀ ਜ਼ਰੂਰੀ ਹੈ, ਉਥੇ ਸਮਾਜਿਕ ਅਸਮਾਨਤਾ ਖ਼ਤਮ ਕਰਕੇ ਸਭਨਾ ਲਈ ਸਾਰੇ ਬਰਾਬਰ ਸਾਧਨ ਹੋਣੇ ਵੀ ਤਾਂ ਜ਼ਰੂਰੀ ਹਨ।
ਵਿਸ਼ਵ ਸਿਹਤ ਸੰਸਥਾ ਵਲੋਂ ਐਡਵਾਈਜ਼ਰੀ
ਵਿਸ਼ਵ ਸਿਹਤ ਸੰਸਥਾ ਡਵਲਯੂ.ਐਚ.ਓ. ਨੇ ਕਰੋਨਾ ਵਾਇਰਸ ਨੂੰ ਇੱਕ ਮਹਾਂਮਾਰੀ ਵਜੋਂ ਲੈਂਦਿਆਂ, ਵਿਸ਼ਵ ਪੱਧਰ ਉਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਕਰੋਨਾ ਵਾਇਰਸ ਤੋਂ ਸਧਾਰਨ ਜ਼ੁਕਾਮ ਅਤੇ ਫਿਰ ਸਾਹ ਦੀਆਂ ਤਕਲੀਫਾਂ, ਸਮੇਤ ਨਮੂਨੀਆ ਆਦਿ ਦਾ ਹੋਣਾ ਦੱਸਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਵਾਇਰਸ ਮਨੁੱਖ ਵਿੱਚ ਪਹਿਲਾਂ ਕਦੇ ਵੀ ਨਹੀਂ ਪਾਇਆ ਗਿਆ। ਬੀਮਾਰੀ ਦੇ ਲੱਛਣ ਦਾ ਜ਼ਿਕਰ ਕਰਦਿਆ ਡਵਲਯੂ.ਐਚ.ਓ. ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਨਾਲ ਫਲੂ, ਬੁਖ਼ਾਰ, ਖੰਘ, ਸਾਹ ਲੈਣ 'ਚ ਤਕਲੀਫ਼, ਗਲੇ 'ਚ ਦਰਦ ਆਦਿ ਮੁੱਖ ਲੱਛਣ ਹਨ ਪਰ ਇਸ ਨਾਲ ਨਮੂਨੀਆ ਫੈਲਦਾ ਹੈ ਅਤੇ ਸਾਡੇ ਗੁਰਦੇ ਕੰਮ ਕਰਨੋ ਹੱਟ ਜਾਂਦੇ ਹਨ। ਕਰੋਨਾ ਤੋਂ ਬਚਾ ਲਈ ਇਹ ਜ਼ਰੂਰੀ ਹੈ ਕਿ ਲਗਾਤਾਰ ਹੱਥ ਸਾਫ਼ ਰੱਖੇ ਜਾਣ, ਮੂੰਹ ਢੱਕਕੇ ਰੱਖਿਆ ਜਾਏ। ਖੰਘ ਅਤੇ ਛਿਕਣ ਵੇਲੇ ਬਹੁਤਾ ਬਚਾ ਕੀਤਾ ਜਾਏ ਅਤੇ ਪੀੜਤ ਵਿਅਕਤੀ ਤੋਂ ਦੂਰੀ ਬਣਾਕੇ ਰੱਖੀ ਜਾਏ। ਇਹ  ਜ਼ਰੂਰੀ ਨਹੀਂ ਹੈ ਕਿ ਚੀਨ ਤੋਂ ਆਏ ਕਿਸੇ ਪੀੜਤ ਤੋਂ ਹੀ ਇਹ ਬੀਮਾਰੀ ਲੱਗ ਸਕਦੀ ਹੈ, ਇਹ ਧਰਤੀ ਦੇ ਕਿਸੇ ਵੀ ਹਿੱਸੇ 'ਤੇ ਕਿਸੇ ਵੀ ਹੋਰ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਸਕਦੀ ਹੈ।

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)