ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਆਪਣੇ ਮੂੰਹ ਤੇ ਲਾ ਕੇ ਚਿਹਰਾ ਹੋਰ,
ਸਾਧੂ ਦਿਸਦਾ ਬਾਹਰੋਂ ਅੰਦਰ ਬੈਠਾ ਚੋਰ।

ਖ਼ਬਰ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਵਿਰੁਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ  ਅਤੇ ਰਾਣਾ ਕਪੂਰ ਦੇ ਪੱਛਮੀ ਮੁੰਬਈ ਸਥਿਤ ਨਿਵਾਸ 'ਸਮੁੰਦਰ ਮਹਿਲ' 'ਤੇ ਤਲਾਸ਼ੀ ਕੀਤੀ ਗਈ। ਇੱਕ ਕਾਰਪੋਰੇਟ ਸਮੂਹ ਨੂੰ ਯੈਸ ਬੈਂਕ ਵਲੋਂ ਕਰਜ਼ਾ ਦਿੱਤੇ ਜਾਣ ਦੇ ਸਬੰਧ 'ਚ ਰਾਣਾ ਕਪੂਰ ਦੀ ਭੂਮਿਕਾ ਦੀ ਜਾਂਚ ਹੋ ਰਹੀ ਹੈ। ਇਹਨਾ ਦਿਨਾਂ ਵਿੱਚ ਯੈਸ ਬੈਂਕ ਡੁਬ ਰਿਹਾ ਹੈ ਅਤੇ ਲੋਕ ਲਾਈਨਾਂ 'ਚ ਲੱਗਕੇ ਆਪਣੇ ਪੈਸੇ ਕਢਵਾ ਰਹੇ ਹਨ। ਰਾਣਾ ਕਪੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਸਵੀਂ ਵੇਰ ਮੋਦੀ ਜੀ ਨੇ ਲੋਕ ਲਾਈਨਾਂ 'ਚ ਲਗਾਏ ਹਨ ਤਾਂ ਕੀ ਹੋਇਆ। ਬੜਾ ਫਾਇਦਾ ਹੋਊ। ਨੋਟਬੰਦੀ ਕੀਤੀ ਸੀ, ਲੋਕ ਲਾਈਨਾਂ 'ਚ ਲੱਗੇ, ਕੁਝ ਕੁ ਨੇ ਪੈਸੇ ਗੁਆਏ ਅਤੇ ਕੁਝ ਮੁੜ ਘਰਾਂ ਨੂੰ ਹੀ ਨਾ ਆਏ, ਜ਼ਮੀਨ ਵਿੱਚ ਹੀ ਥਿਆਏ। ਕੁਝ ਲੋਕਾਂ ਨੂੰ ਬੜਾ ਫਾਇਦਾ ਹੋਇਆ। ਪਹਿਲੀ ਵੇਰ ਨੋਟ ਬੰਦੀ ਕਾਰਨ, ਦੂਜੀ ਵੇਰ 2015 ਵਿੱਚ ਅਸਾਮ 'ਚ ਐਨ ਆਰ ਸੀ ਦੀ ਪ੍ਰਕਿਰਿਆ ਕਾਰਨ, ਤੀਜੀ ਵੇਰ ਜੀਐਸਟੀ ਕਾਰਨ, ਚੌਥੀ ਵੇਰ ਬੈਂਕ 'ਚੋਂ ਪੈਸੇ ਕਢਾਉਣ ਲਈ ਕੇ.ਵਾਈ.ਸੀ. ਲਾਜ਼ਮੀ ਕੀਤੇ ਜਾਣ ਕਾਰਨ, ਪੰਜਵੀਂ ਵੇਰ ਆਧਾਰ ਨੂੰ ਪੈਨ ਕਾਰਡ ਨਾਲ ਜੋੜਨ ਲਈ ਅਪਡੇਸ਼ਨ ਕਾਰਨ, ਛੇਵੀਂ ਵੇਰ ਪੀਐਨਬੀ 'ਚ ਬੈਂਕ ਘੁਟਾਲੇ ਕਾਰਨ ਪੈਸੇ ਕਢਾਉਣ ਲਈ, ਸੱਤਵੀਂ ਵੇਰ ਪੀਐਮਸੀ ਬੈਂਕ ਘਪਲੇ ਕਾਰਨ, ਅੱਠਵੀਂ ਵੇਰ ਮੋਟਰ ਕਨੂੰਨ ਤਹਿਤ ਪਲਿਊਸ਼ਨ ਸਰਟੀਫੀਕੇਟ ਪ੍ਰਾਪਤ ਕਰਨ ਕਾਰਨ, ਨੌਵੀਂ ਵੇਰ ਹਾਈ ਸਕਿਊਰਿਟੀ ਨੰਬਰ ਪਲੇਟ ਲਗਾਉਣ ਕਾਰਨ ਅਤੇ ਦਸਵੀਂ ਵੇਰ ਯੈਸ ਬੈਂਕ ਵਿਚੋਂ 50,000 ਰੁਪਏ ਦੀ ਲਿਮਿਟ ਤੈਅ ਕਰਨ ਪਿਛੋਂ ਪੈਸੇ ਕਢਵਾਉਣ ਲਈ ਕਤਾਰਾਂ 'ਚ ਖੜੇ।
 ਭਾਈ ਇਹ ਮੋਦੀ ਸਕਾਰ ਦਾ ਹੱਕ ਬਣਦਾ। ਅਨੁਸਾਸ਼ਨ ਸਿਖਾਉਣ ਦਾ। ਰਾਸ਼ਟਰਵਾਦ ਦਾ ਪਾਠ ਪੜਾਉਣ ਦਾ। ਵੈਸੇ ਵੀ ਕੁਦਰਤ ਦਾ ਕ੍ਰਿਸ਼ਮਾ ਵੇਖੋ ਭਾਰਤ 'ਚ ਪੈਦਾ ਹੋਣ ਲਈ ਵੱਡੀਆਂ ਕਤਾਰਾਂ ਲੱਗੀਆਂ ਹਨ। ਇੱਕ ਸੌ ਤੈਤੀ ਕਰੋੜ  ਇੱਕ ਸੌ ਪੈਂਤੀ ਕਰੋੜ ਹੋ ਗਏ ਹਨ, ਅੱਗੋਂ ਜਾਰੀ ਹਨ। ਲਾਈਨਾਂ ਤਾਂ ਲੱਗਣੀਆਂ ਹੀ ਹੋਈਆਂ । ਦਾਲ ਭਾਜੀ ਲਈ, ਮੁਫਤ ਅਨਾਜ, ਇਲਾਜ ਲਈ, ਹਸਪਤਾਲਾਂ 'ਚ ਮੌਤ ਖਰੀਦਣ ਲਈ 'ਤੇ  ਸੜਕਾਂ ਉਤੇ ਜਾਕੇ ਅਣਿਆਈ ਮੌਤੇ ਮਰਨ ਲਈ। ਵੇਖੋ ਨਾ ਜੀ ਸਰਕਾਰ ਚਲਾਉਣ ਵਾਲੇ ਨੇਤਾਵਾਂ ਦਾ ਹੱਕ ਆ, ਕੁਝ ਆਪਣੇ ਬੰਦੇ ਪਾਲਣ ਦਾ, ਉਹਨਾ ਦੇ ਪੱਖ ਕਰਨ ਦਾ , ਹੇਰਾ ਫੇਰੀਆਂ ਕਰਾਉਣ ਦਾ। ਨੇਤਾਵਾਂ ਦੇ ਕਿਹੜੇ ਹਲ ਚਲਦੇ ਆ, ਇਹੋ ਜਿਹੇ ਲੋਕਾਂ ਹੀ ਸਰਕਾਰੀ ਖਜ਼ਾਨੇ ਲੁੱਟਣੇ ਆ ਤੇ  ਨੇਤਾਵਾਂ ਦੇ ਭਰਨੇ ਆ। ਤਦੇ ਤਾਂ ਕਵੀ ਇਹੋ ਜਿਹੇ ਲੋਕਾਂ ਬਾਰੇ ਆਖਦਾ ਆ, ''ਆਪਣੇ ਮੂੰਹ ਤੇ ਲਾਕੇ ਚਿਹਰਾ ਹੋਰ, ਸਾਧੂ ਦਿਸਦਾ ਬਾਹਰੋਂ ਅੰਦਰ ਬੈਠਾ ਚੋਰ''।

ਬੰਦੇ ਦਾ ਬੰਦਾ ਵੈਰੀ ਹੋ ਗਿਆ,
ਹਰ ਬੰਦਾ ਜ਼ਹਿਰੀ ਹੋ ਗਿਆ।
ਖ਼ਬਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਭਾਰਤ 'ਤੇ ਇਸ ਵਕਤ ਤੀਹਰਾ ਖਤਰਾ ਮੰਡਰਾ ਰਿਹਾ ਹੈ: ਸਮਾਜੀ ਇਕਸੁਰਤਾ ਦਾ ਵਿਘਟਨ, ਆਰਥਿਕ ਮੰਦੀ ਤੇ ਗਲੋਬਲ ਸਿਹਤ ਸਮੱਸਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ, ਦੇਸ਼ ਨੂੰ ਸਿਰਫ ਆਪਣੇ ਸ਼ਬਦਾਂ ਨਾਲ ਨਹੀਂ, ਕੰਮਾਂ ਨਾਲ ਭਰੋਸਾ ਦਿਵਾਉਣਾ ਚਾਹੀਦਾ ਹੋਵੇਗਾ ਕਿ ਉਹ ਸਾਡੇ ਮੌਜੂਦਾ ਖਤਰਿਆਂ ਤੋਂ ਵਾਕਫ ਹਨ ਤੇ ਇਹਨਾ ਖਤਰਿਆਂ ਤੇ ਕਾਬੂ ਪਾਉਣ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ। ਡਾ: ਮਨਮੋਹਨ ਸਿੰਘ ਨੇ ਮੌਜੂਦਾ ਸਥਿਤੀ ਨੂੰ ਭਿਆਨਕ ਦੱਸਿਆ। ਉਹਨਾ ਕਿਹਾ ਕਿ 'ਸਾਡੇ ਸਮਾਜ ਦੇ ਖਰੂਦੀ ਵਰਗ, ਜਿਸ ਵਿੱਚ ਸਿਆਸਤਦਾਨ ਵੀ ਸ਼ਾਮਲ ਹਨ, ਵਲੋਂ ਫਿਰਕੂ ਤਣਾਅ ਨੂੰ ਹਵਾ ਦਿੱਤੀ ਗਈ ਅਤੇ ਧਾਰਮਿਕ ਅਸਹਿਣਸ਼ੀਲਤਾ ਦੀ ਅੱਗ ਨੂੰ ਭੜਕਾਇਆ ਗਿਆ।
ਮੋਦੀ ਕੀ ਕੁਝ ਕਰਨ? ਮੋਦੀ ਮਨ ਕੀ ਬਾਤ ਤਾਂ ਕਹਿੰਦੇ ਹਨ। ਮੋਦੀ ਯੋਗਾ ਤਾਂ ਕਰਵਾਉਂਦੇ ਹਨ। ਮੋਦੀ ਸਵੱਛ ਭਾਰਤ ਦੀ ਲਹਿਰ ਚਲਾਉਂਦੇ ਹਨ। ਮੋਦੀ ਵਿਦੇਸ਼ੀ ਮਿੱਤਰਾਂ ਨੂੰ ਗੱਪਾਂ ਤਾਂ ਸੁਣਾਉਂਦੇ ਹਨ ਅਤੇ ਅਰਬਾਂ ਡਾਲਰ ਉਹਨਾ ਦੇ ਖਾਤੇ ਪਾਕੇ ਦੇਸ਼ ਨੂੰ ਉਹਨਾ ਦੀਆਂ ਨਜ਼ਰਾਂ 'ਚ ਚੰਗੇਰਾ ਬਣਾਉਂਦੇ ਹਨ। ਮੋਦੀ ਹੋਰ ਕੀ ਕੁਝ ਕਰਨ?
 ਮੋਦੀ ਅਯੁਧਿਆ ਮੰਦਰ ਦੀ ਉਸਾਰੀ ਕਰਵਾਉਂਦੇ ਹਨ। ਮੋਦੀ ਬੈਂਕ ਸਮੇਟ ਕੇ ਕਾਰਪੋਰੇਟੀਆਂ ਨੂੰ ਫਾਇਦਾ ਪਹੁੰਚਾਉਂਦੇ ਹਨ। ਮੋਦੀ ਕਿਸਾਨਾਂ ਦੀਆਂ ਮੰਗਾਂ ਨਾ ਮੰਨਕੇ ਉਹਨਾ ਨੂੰ ਲਟੈਣਾਂ ਨਾਲ ਲਟਕਣ ਦਾ ਮੌਕਾ ਦਿੰਦੇ ਹਨ। ਮੋਦੀ ਚੋਣਾਂ ਜਿੱਤਣ ਲਈ ਰਾਸ਼ਟਰਵਾਦ ਦਾ ਨਾਹਰਾ ਲੋਕਾਂ ਨੂੰ ਗਲੇ ਤੋਂ ਥੱਲੇ ਉਤਾਰਦੇ ਹਨ। ਹੋਰ ਮੋਦੀ ਕੀ ਕਰਨ?
 ਮੋਦੀ ਗਊ ਹੱਤਿਆ ਰੋਕਣ ਲਈ, ਆਪਣਿਆਂ ਨੂੰ ਉਤਸ਼ਾਹਤ ਕਰਦੇ ਹਨ, ਵਿਰੋਧੀਆਂ ਨੂੰ ਖੂੰਜੇ ਲਾਉਂਦੇ ਹਨ। ਦੇਸ਼ ਵਿੱਚ ਫਿਰਕੂ ਹਿੰਸਾ ਫੈਲਦੀ ਹੈ, ਤਾਂ ਚੁੱਪ ਚੁਪੀਤੇ ਵੇਖਦੇ ਹਨ, ਇਹੋ ਜਿਹੇ ਸਮੇਂ ਪਹਿਲਾਂ ਤੋਲਦੇ ਹਨ, ਫਿਰ ਥੋੜਾ ਜਿਹਾ ਬੋਲਦੇ ਹਨ। ਪਰ ਆਮ ਤੌਰ ਤੇ ਬਹੁਤਾ ਹੀ ਬੋਲਦੇ ਹਨ। ਹੋਰ ਮੋਦੀ ਵਿਚਾਰੇ ਕੀ ਕਰਨ?
ਉਂਜ ਉਹ ਜਾਣਦੇ ਹਨ, ਇਹ ਸ਼ਬਦ, ''ਬੰਦੇ ਦਾ ਬੰਦਾ ਵੈਰੀ ਹੋ  ਗਿਆ, ਹਰ ਬੰਦਾ ਜ਼ਹਿਰੀ ਹੋ ਗਿਆ''। ਤੇ ਇਹਨਾ ਸ਼ਬਦਾਂ ਨੂੰ ਉਹ ਆਪਣੀ  ਕੁਰਸੀ ਪੱਕੀ ਕਰਨ ਲਈ ਵਰਤਦੇ ਹਨ। ਦੱਸੋ ਭਾਈ ਮੋਦੀ ਹੋਰ ਕੀ ਕਰਨ?

ਪੜ੍ਹਦਾ ਲਿਖਦਾ ਕੌਣ ਹੈ ਮੁਨਸ਼ੀ ਦੇਣ ਸਿਖਾਲ,
ਛੋਟੀ ਵੱਡੀ ਨੌਕਰੀ ਮਿਲਦੀ ਪੈਸੇ ਨਾਲ।
ਖ਼ਬਰ ਹੈ ਕਿ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਤੇ ਭਰਤੀ ਦਾ ਐਲਾਨ ਕਰ ਦਿੱਤਾ ਹੈ। ਸਿਰਫ਼  ਐਲਾਨ ਹੀ ਨਹੀਂ ਕੀਤਾ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪਟਵਾਰੀਆਂ ਦੀ ਹਜ਼ਾਰਾਂ ਅਸਾਮੀਆਂ ਭਰਨ ਲਈ ਸਰਕਾਰੀ ਫੁਰਮਾਣ ਜਾਰੀ ਹੋ ਗਿਆ ਹੈ। ਸਰਕਾਰ ਨੇ ਬੁੱਢੇ ਸਰਕਾਰੀ ਕਰਮਚਾਰੀਆਂ ਨੂੰ 58 ਸਾਲ ਦੀ ਉਮਰ 'ਚ ਰਿਟਾਇਰ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਕਿ ਨਵੀਂ ਭਰਤੀ ਹੋ ਸਕੇ।
ਕਮਾਲ ਆ ਜੀ ਪੰਜਾਬ ਦੀ ਸਰਕਾਰ, ਕਮਾਲ ਦੇ ਫੈਸਲੇ ਕਰੀ ਤੁਰੀ ਜਾਂਦੀ ਹੈ, ਰੀਸੋ ਰੀਸੀ ਦਿੱਲੀ ਦੀ ਕੇਜਰੀ ਸਰਕਾਰ ਵਾਲਿਆਂ ਦੀ, ਜਿਹਨਾ ਦੇ ਖਜ਼ਾਨੇ ਭਰੇ ਹੋਏ ਆ, ਤੇ ਆਪਣੇ ਖਜ਼ਾਨੇ ਆ ਮਸਤ! ਕਮਾਲ ਆ ਜੀ, ਸਰਕਾਰ, ਲੋਕ, ਨਿੱਤ ਕਰਜ਼ਾਈ ਹੋਈ ਜਾ ਰਹੇ ਆ, ਸਰਕਾਰ ਮੌਜਾਂ ਕਰਦੀ ਤੁਰੀ ਜਾਂਦੀ ਆ। ''ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ'' ਤੇ ਨਿੱਤ ਨਵੀਂਓ ਨਵੀਂ ਬਹਾਰ ਦੇ ਗੀਤ ਗਾਉਂਦੀ ਆ। ਕਈ ਸਕੂਲਾਂ 'ਚ ਬਿਜਲੀ ਨਹੀਂ ਤੇ ਲਾ ਦਿੱਤਾ ਬਾਇਮੈਟ੍ਰਿਕ ਹਾਜ਼ਰੀ ਸਿਸਟਮ। ਮਾਸਟਰ ਸਕੂਲ ਜਾਣ ਬੱਚਿਆਂ ਦੀ ਹਾਜ਼ਰੀ ਰਜਿਸਟਰਾਂ ਤੇ ਲਾਉਣ ਬਿਜਲੀ ਦੀ ਉਡੀਕ ਕਰਨ ਤੇ ਘਰ ਪਰਤ ਆਉਣ। ਹਾਜ਼ਰੀ ਹੀ ਆ, ਜਦੋਂ ਹਫਤੇ ਦਸੀਂ ਦਿਨੀਂ ਸਕੂਲ ਜਾਣਗੇ, ਰਜਿਸਟਰ ਤੇ ਘੁੱਗੀ ਮਾਰ ਦੇਣਗੇ। ਉਵੇਂ ਹੀ ਜਿਵੇਂ ਲੱਖਾਂ ਨੌਕਰੀਆਂ ਸਰਕਾਰ ਨੇ ਨੌਜਵਾਨਾਂ ਨੂੰ ਕਾਗਜਾਂ 'ਚ ਦੇਕੇ ਸਿੱਧੇ ਕੈਨੇਡਾ ਪਹੁੰਚਾ ਦਿੱਤਾ ਤਾਂ ਕਿ ਉਥੋਂ ਸਟੋਰਾਂ, ਖੇਤਾਂ,  ਟਰੱਕਾਂ ਤੇ ਕੰਮ ਕਰਕੇ, ਡਾਲਰ ਕਮਾਕੇ, ਆਪਣੇ ਤੇ ਖਰਚ ਕਰਨ ਤੋਂ ਬਾਅਦ ਇਹ ਮਾਪਿਆਂ ਨੂੰ ਉਡੀਕ ਲਾਈ ਰੱਖਣ ਕਿ ਉਹਨਾ ਦੇ ਲਾਲ ਕਦੋਂ ਕੈਨੇਡਾ ਦੇ ਦਰਖਤਾਂ 'ਤੋਂ ਡਾਲਰ ਤੋੜ, ਲੁੱਟੇ ਪੁੱਟਿਆਂ ਮਾਪਿਆਂ ਨੂੰ ਭੇਜਣਗੇ।
ਉਂਜ ਭਾਈ ਸਰਕਾਰੇ, ਪਤਾ ਹੀ ਆ ਤੈਨੂੰ। ਪੰਜਾਬ ਦੇ ਬਹੁਤੇ  ਕਾਲਜ ਬੰਦ ਹਨ। ਪੜ੍ਹਾਉਣ ਵਾਲੇ ਫਾਕੇ ਕੱਟ ਰਹੇ ਆ। ਵਿਦਿਆਰਥੀ ਉਡੀਕ ਕਰੀ ਜਾਂਦੇ ਆ, ਕਦੋਂ ਜਹਾਜੇ ਚੜ੍ਹੀਏ। ਜਾਣਦੇ ਆ ਭਾਈ ਇਥੇ ਤਾਂ ''ਪੜ੍ਹਦਾ ਲਿਖਦਾ ਕੌਣ ਹੈ ਮੁਨਸ਼ੀ ਦੇਣ ਸਿਖਾਲ, ਛੋਟੀ ਵੱਡੀ ਨੌਕਰੀ ਮਿਲਦੀ ਪੈਸੇ ਨਾਲ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
    ਭਾਰਤ ਵਿੱਚ ਹਰ ਸਾਲ 25 ਲੱਖ ਲੋਕਾਂ ਦੀਆਂ ਦਿਲ ਦੇ ਰੋਗਾਂ ਕਾਰਨ ਸਰਜਰੀਆਂ ਦੀ ਲੋੜ ਹੈ, ਜਦਕਿ ਸਿਰਫ ਇੱਕ ਲੱਖ ਲੋਕ ਹੀ ਦਿਲ ਦੇ ਰੋਗਾਂ ਦੀਆਂ ਸਰਜਰੀਆਂ ਮਹਿੰਗੇ ਹਸਪਤਾਲਾਂ 'ਚ ਕਰਾਉਣ ਦੇ ਸਮਰੱਥ ਹੁੰਦੇ ਹਨ, ਬਾਕੀ 24 ਲੱਖ ਦੇਸ਼ ਦੀਆਂ ਖਰਾਬ ਸਿਹਤ ਸੇਵਾਵਾਂ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ।



ਇੱਕ ਵਿਚਾਰ
ਸ਼ਾਂਤ ਮਨ, ਮਨੁੱਖ ਵਿੱਚ ਅੰਦਰੂਨੀ ਸ਼ਕਤੀ ਅਤੇ ਆਤਮਵਿਸ਼ਵਾਸ ਭਰਦਾ ਹੈ। ਇਸ ਲਈ ਇਹ ਚੰਗੀ ਸਿਹਤ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ। .........ਦਲਾਈ ਲਾਮਾ

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)