ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਆਖਣੀਆਂ ਸੀ ਆਖ ਸੁਣਾਈਆਂ, ਮਚਲਾ ਸੁਣਦਾ ਨਾਹੀਂ

ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਮਨ-ਮੁਟਾਵ ਉਪਰੰਤ ਸੂਬੇ ਦੀ ਵਜ਼ੀਰੀ ਤੋਂ ਅਸਤੀਫ਼ਾ ਦੇ ਕੇ ਲੰਮੇ ਸਮੇਂ ਤੋਂ ਘਰੇ ਬੈਠੇ ਸਾਬਕਾ ਮੰਤਰੀ ਨਵਜੌਤ ਸਿੰਘ ਸਿੱਧੂ ਨੇ ਯੂਟਿਊਬ ਚੈਨਲ ''ਜਿੱਤੇਗਾ ਪੰਜਾਬ'' ਨਾਲ ਨਿਵੇਕਲੇ ਢੰਗ ਨਾਲ ਵਾਪਸੀ ਕੀਤੀ ਹੈ। ਸਿੱਧੂ ਨੇ ਕਿਹਾ ਹੈ ਕਿ ਉਹ ਹੁਣ ਸੂਬੇ ਦੇ ਭੱਖਦੇ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾਉਣਗੇ। ਉਹਨਾ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਸ ਅਤੇ ਵਿਸ਼ਵਾਸ ਨਾ ਛੱਡਣ। ਇਸ ਤੋਂ ਪਹਿਲਾਂ ਬੀਤੇ ਦਿਨੀਂ ਉਹਨਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿੰਯਕਾ ਵਾਡਰਾ ਨਾਲ ਮੁਲਾਕਾਤ ਕਰਕੇ ਗੁੱਭ-ਗੁਲਾਟ ਕੱਢਿਆ ਸੀ।
ਮੂੰਹ ਆਈ ਬਾਤ ਨਾ ਰਹਿੰਦੀ ਏ, ਇਸੇ ਕਰਕੇ ਆਹ ਆਪਣਾ ਸਿੱਧੂ ਕੁਝ ਵੀ ਕਹਿਣੋਂ ਨਹੀਂ ਸੰਗਦਾ। ਕੁਝ ਕਹਿੰਦਾ ਰਿਹਾ ਭਾਜਪਾ ਵਾਲਿਆਂ ਨੂੰ, ਉਹਨਾ ਇਹਦੀ ਸੁਣੀ-ਅਣਸੁਣੀ ਕੀਤੀ। ਕੁਝ ਕਹਿੰਦਾ ਰਿਹਾ ਕਾਂਗਰਸ ਨੂੰ, ਉਹਨਾ ਇਹਦੀ ਸੁਣੀ-ਅਣਸੁਣੀ ਕੀਤੀ। ਕੁਝ ਕਹਿੰਦਾ ਰਿਹਾ, ਕੇਜਰੀਵਾਲ ਨੂੰ ਉਸ ''ਮੂੰਹ ਆਈ ਬਾਤ ਨਾ ਰਹਿੰਦੀ ਏ'' ਵਾਲੇ ਸਿੱਧੂ ਨੂੰ ਪੱਲੇ ਨਾ ਬੰਨਿਆ।  ਪੱਲੇ ਤਾਂ ਲੋਕਾਂ ''ਮੂੰਹ ਆਈ ਬਾਤ ਨਾ ਰਹਿੰਦੀ ਏ' ਵਾਲੇ ਬੁਲ੍ਹੇ ਸ਼ਾਹ ਨੂੰ ਵੀ ਨਹੀਂ ਸੀ ਬੰਨ੍ਹਿਆ।ਪਰ ਭਾਈ, ਉਹਦੇ ਮਿੱਤਰ, ਗੁਆਂਢੀ ਪੀਐਮ ਨੇ, ਸਿੱਧੂ ਨੂੰ ਗਲੇ ਲਾਇਆ, ਗਲਵਕੜੀ ਪਾਈ। ਪਰ ਉਹ ਗੱਲਵਕੜੀ ਆਹ ਆਪਣੇ ਸਿੱਧੂ ਨੂੰ ਭਾਈ ਰਾਸ ਹੀ ਨਾ ਆਈ।
ਕ੍ਰਿਕਟ ਖੇਡੀ, ਸਿਆਸਤ ਖੇਡੀ, ਹਾਸੇ-ਠੱਠੇ ਦੇ ਠਹਾਕੇ ਲਾਏ, ਪਰ ਉਹਦੇ ਵੱਲੋਂ ਸਭਨਾ ਮੁਖ ਮੋੜ ਲਿਆ। ਹੁਣ ਭਾਈ ਆਹ ਕਾਂਗਰਸ ਵਾਲੇ ਬੇਦਰਦਾਂ ਸੰਗ ਐਸੀ ਯਾਰੀ ਲਾਈ ਕਿ ਉਹਦੀ ਅੱਖੀਆਂ ਬੁੱਲ੍ਹੇ ਸ਼ਾਹ ਦੀਆਂ ਅੱਖੀਆਂ ਵਾਂਗਰ ਜ਼ਾਰੋ ਜ਼ਾਰੀ ਰੋਂਦੀਆਂ ਪਈਆ ਨੇ। ਕਾਂਗਰਸੀਆਂ ਤਾਂ ਉਹਨੂੰ ਆਪਣਾ ਬੁੱਲ੍ਹੇ ਸ਼ਾਹ ਯਾਦ ਕਰਵਾ ਦਿੱਤਾ, ਜਿਹੜਾ ਆਂਹਦਾ ਆ, ''ਸਾਨੂੰ ਗਏ ਬੇਦਰਦੀ ਛੱਡ ਕੇ, ਹਿਜ਼ਰੇ ਸਾਂਗ ਸੀਨੇ ਵਿੱਚ ਗੱਡ ਕੇ। ਜਿਸਮੇਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗੱਲ ਕਰ ਗਏ ਹੈਂਸਿਆਰੀ।''  ਹੁਣ ਅੱਕ-ਥੱਕ ਉਸ ''ਜਿਤੇਗਾ ਪੰਜਾਬ'' ਦਾ ਨਾਹਰਾ ਬੁਲੰਦ ਕੀਤਾ ਆ, ਪਰ ਆ ਆਪਣਾ ਕੈਪਟਨ ਘੇਸਲ ਮਾਰੀ ਬੈਠਾ ਆ । ਨਾ ਉਹਨੂੰ ਵਜ਼ੀਰੀ ਦੇਂਦਾ, ਅਤੇ ਨਾ ਉਹਦੇ ਬਾਰੇ ਮਾਂ-ਧੀ (ਸੋਨੀਆ-ਪ੍ਰਿੰਯਕਾ) ਦੀ ਸੁਣਦਾ ਆ। ਭਾਈ ਸਿੱਧੂ ਜੀ, ਕੈਪਟਨ ਤਾਂ ਮਚਲਾ, ਪੰਜਾਬ ਦੀ ਨਹੀਂ ਸੁਣਦਾ, ਭਲਾ ਤੂੰ ਕਿਹੜੇ ਬਾਗ ਦੀ ਮੂਲੀ ਏਂ। ਬੱਸ ਸਬਰ ਕਰ ਤੇ ਆਖ ''ਆਖਣੀਆਂ ਸੀ ਆਖ ਸੁਣਾਈਆਂ, ਮਚਲਾ ਸੁਣਦਾ ਨਾਹੀਂ''।


ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ

ਖ਼ਬਰ ਹੈ ਕਿ ਮੱਧ ਪ੍ਰਦੇਸ਼ ਵਿੱਚ ਕਰਨਾਟਕ ਸਰਕਾਰ ਸੰਕਟ ਵਿੱਚ ਹੈ। ਕਮਲਨਾਥ ਸਰਕਾਰ ਦੀ ਸ਼ਕਤੀ ਪ੍ਰੀਖਿਆ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ। ਕਾਂਗਰਸ ਦੇ 22 ਵਿਧਾਇਕ ਭਾਜਪਾ ਨੇ ਪੁੱਟ ਲਏ ਹਨ ਅਤੇ ਜੋਤੀਰਮਇਆ ਸਿੰਧੀਆ ਨੂੰ ਭਾਜਪਾ ਨੇ ਇਸ ਸਾਰੇ ਰੌਲੇ-ਘਚੌਲੇ ਵਿੱਚ ਰਾਜ ਸਭਾ ਦੀ ਸੀਟ ਦੇ ਦਿੱਤੀ ਹੈ ਕਿਉਂਕਿ ਸਿੰਧੀਆ ਹੀ ਇਹਨਾ ਵਿਧਾਇਕਾਂ ਨੂੰ ਕਾਂਗਰਸੀ ਖੇਮੇ ਵਿੱਚੋਂ ਪੁੱਟਕੇ ਭਾਜਪਾ ਦੇ ਖੇਮੇ 'ਚ ਲੈਕੇ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੁਰਸੀ ਖਤਰੇ ਵਿੱਚ ਹੈ ਅਤੇ ਉਹ ਇਸਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਅਤੇ ਭਾਜਪਾ ਉਹਦੀ ਕੁਰਸੀ ਖੋਹਣ ਦਾ ਹਰ ਹੀਲਾ ਵਰਤ ਰਹੀ ਹੈ।
ਨਾ ਮੌਸਮ ਦਾ ਮਿਜ਼ਾਜ ਪਤਾ ਲਗਦਾ, ਨਾ ਅੱਜ ਕੱਲ ਸਿਆਸਤਦਾਨਾਂ ਦਾ ਮਿਜ਼ਾਜ ਪਤਾ ਲਗਦਾ। ਪਤਾ ਨਹੀਂ ਕਿਹੜੇ ਵੇਲੇ ਵਿਗੜ ਜਾਣ। ਜਿਵੇਂ ਰਾਜਾ ਦੇ ਲਈ ਕਿਹਾ ਜਾਂਦਾ ''ਕਿੰਗ ਕੈਨ ਡੂ ਨੋ ਰੌਂਗ'', ਇਵੇਂ ਹੀ ਸਿਆਸਤਦਾਨ ਵੀ ਅੱਜ ਕੱਲ ਇਸ ਜ਼ਮਾਨੇ ਦੇ ਕਿੰਗ ਹਨ, ਉਹ ਭਲਾ ਕੁਝ ਗਲਤ ਕਿਵੇਂ ਕਰ ਸਕਦੇ ਹਨ? ਇੱਕ ਪਾਰਟੀ ਨੇ ਨਹੀਂ ਸੁਣੀ ਤਾਂ ਫੱਟ ਦੂਜੀ ਪਾਰਟੀ 'ਚ ਛੜੱਪਾ ਕਰਕੇ ਸਾਥੀਆਂ ਸਮੇਤ ਤੁਰ ਜਾਂਦੇ ਆ। ਕਰੋੜਾਂ ਰੁਪੱਈਆਂ 'ਚ ਖਰੀਦੇ ਜਾਂਦੇ ਆ। ਫਿਰ ਜੋ ਮਰਜ਼ੀ ਕਰਨ। ਮੰਤਰੀ ਬਨਣ, ਚੇਅਰਮੈਨ ਬਨਣ, ਵੱਡੀ ਕੁਰਸੀ ਦੀ ਚੌਥੀ ਟੰਗ ਜਿਉਂ ਬਣ ਜਾਂਦੇ ਆ। ਫਿਰ ਉਹ ਧਰਮਿਕ ਕਾਰਜਾਂ ਲਈ ਟਰੱਸਟ ਬਣਾਕੇ, ਲੁੱਟ ਕਰਨ ਵਾਲਿਆਂ, ਮਾਫੀਆ ਵਾਲਿਆਂ, ਸ਼ਰਾਬ ਦੇ ਠੇਕੇ ਚਲਾਉਣ ਵਾਲਿਆਂ ਤੋਂ ਚੰਦਾ ਉਗਰਾਉਣ ਤੇ ਉਹਨਾ ਨੂੰ ਪੱਕੀ ਰਸੀਦ ਦੇਣ ਤੇ  ਇਸ ਸਭ ਕੁਝ ਦਾ ਨਾਮ ''ਡੋਨੇਸ਼ਨ'' ਰੱਖ ਦੇਣ, ਕੌਣ ਪੁਛਣ ਵਾਲਾ ਹੋਏਗਾ। ਇਹ  ਅਫ਼ਸਰ ਵੀ ਮੰਨਦੇ ਹਨ ਤੇ ਲੋਕ ਵੀ ਮੰਨਣ ਲੱਗ ਪਏ ਹਨ। ਰਿਸ਼ਵਤ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਹੁੰਦਾ, ਇਸਨੂੰ ਲੋਕਾਂ ਨੇ ਮੰਨ ਲਿਆ ਹੈ। ਰਾਜੇ ਦਾ ਪੁੱਤ ਹੀ ਰਾਜਾ ਬਣੂ, ਡਾਕਟਰ ਦਾ ਪੁੱਤ ਹੀ ਡਾਕਟਰ ਬਣੂ ਤੇ  ਕਾਰੋਬਾਰੀ ਦਾ ਪੁੱਤ ਹੀ ਕਾਰੋਬਾਰੀ ਬਣੂ, ਇਸਨੂੰ ਲੋਕਾਂ ਨੇ ਮੰਨ ਲਿਆ ਹੈ। ਜਦੋਂ ਰਿਸ਼ਵਤ ਸਿਰ ਚੜ੍ਹ ਕੇ ਬੋਲ ਰਹੀ ਆ । ਜਦੋਂ ਸਵਾਰਥ ਲੋਕਾਂ ਦੇ ਅੰਗ-ਸੰਗ ਮੰਡਰਾ ਰਿਹਾ ਹੈ ਕੋਰੋਨਾ ਵਾਇਰਸ ਵਾਂਗਰ ਤਾਂ ਫਿਰ ਆਪੋ-ਧਾਪੀ ਤਾਂ ਮੱਚਣੀ ਹੀ ਹੋਈ ਅਤੇ ਪੰਜਾਬੀ ਦੇ ਦਰਵੇਸ਼ ਕਵੀ ਬੁੱਲ੍ਹੇ ਸ਼ਾਹ ਦੀ ਇਹ ਗੱਲ ਉਤੇ ਮੋਹਰ ਤਾਂ ਲਾਉਣੀ ਹੀ ਪਊ, ''ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟਕੇ ਲੈ ਗਈ।''



ਬਾਜ਼ੀਗਰ ਕਿਆ ਬਾਜ਼ੀ ਖੇਲੀ, ਮੈਨੂੰ ਪੁਤਲੀ ਵਾਂਗ ਨਚਾਇਆ

ਖ਼ਬਰ ਹੈ ਕਿ ਭਾਰਤ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉਤੇ ਤਿੰਨ ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਤੋਂ ਲਾਭ ਲੈਣ ਦੇ ਯਤਨਾਂ ਅਧੀਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਤੋਂ ਬਾਅਦ ਵੀ ਜਨਤਾ ਨੂੰ ਰਾਹਤ ਨਹੀਂ ਦਿੱਤੀ ਗਈ। ਤਿੰਨ ਰੁਪਏ ਐਕਸਾਈਜ਼ ਡਿਊਟੀ ਪ੍ਰਤੀ ਲੀਟਰ ਵਦਾਉਣ ਤੋਂ ਬਾਅਦ ਪੈਟਰੋਲ 22 ਰੁਪਏ 98 ਪੈਸੇ ਅਤੇ ਡੀਜ਼ਲ ਉਤੇ ਐਕਸਾਈਜ਼ ਡਿਊਟੀ 18 ਰੁਪਏ 83 ਪੈਸੇ ਹੋਏਗਾ ਅਤੇ ਸਰਕਾਰ ਦੇ ਖਜ਼ਾਨੇ 'ਚ ਸਲਾਨਾ 40,000 ਕਰੋੜ ਰੁਪਏ ਵਾਧੂ ਜਮ੍ਹਾਂ ਹੋਣਗੇ।
ਡਾਕਟਰ ਨੂੰ ਸਫਲਤਾਪੂਰਵਕ ਅਪਰੇਸ਼ਨ ਕਰਨ ਦੇ ਪੈਸੇ ਮਿਲਦੇ ਆ। ਵਕੀਲ ਨੂੰ ਕੇਸ ਜਿੱਤਣ ਦੀ ਫ਼ੀਸ ਮਿਲਦੀ ਆ। ਟੀਚਰ ਨੂੰ ਪੜ੍ਹਾਉਣ ਤੇ ਟਿਊਸ਼ਨ ਫ਼ੀਸ ਮਿਲਦੀ ਆ ਤੇ ਸਰਕਾਰ ਨੂੰ ਲੋਕਾਂ ਨੂੰ ਲੁੱਟਣ-ਪੁੱਟਣ ਅਤੇ ਆਪਣਾ ਖਜ਼ਾਨਾ ਭਰਨ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ 'ਬਖਸ਼ੀਸ਼' ਮਿਲਦੀ ਆ। ਉਂਜ ਵੀ ਭਾਈ ਸਰਕਾਰਾਂ ਸਾਸ਼ਨ ਲਈ ਨਹੀਂ, ਸਗੋਂ ਪ੍ਰਸ਼ਾਸ਼ਨ ਲਈ ਮਸ਼ਹੂਰ ਹੁੰਦੀਆਂ ਆਂ।  ਸਾਸ਼ਨ ਹੁੰਦਾ ਆ ਲੋਕਾਂ ਦੀ ਸਹੂਲਤ ਵਾਲਾ ਰਾਜ ਪ੍ਰਬੰਧ। ਪ੍ਰਸ਼ਾਸ਼ਨ ਹੁੰਦਾ ਆ, ਪਹਿਲਾਂ ਨਰਮੀ ਨਾਲ, ਫਿਰ ਸਖਤੀ ਨਾਲ ਲੁੱਟ-ਮਾਰਕੇ ਰਾਜ ਕਰਨਾ। ਪ੍ਰਸ਼ਸ਼ਨ ਦਾ ਮਤਲਬ ਇਹ ਵੀ ਹੁੰਦਾ ਆ ਕਿ ਗੁਨਾਹਗਾਰਾਂ ਨੂੰ ਸਰਕਾਰ ਸੁਧਾਰੇ, ਨਾ ਸੁਧਾਰੇ, ਆਪਣੇ ਆਰਥਿਕ ਹਾਲਤ ਜ਼ਰੂਰ  ਸੁਧਾਰ ਲਵੇ। ਫਿਰ ਇਸ ਪੈਸੇ ਉਤੇ ਮੌਜਾਂ ਕਰੇ, ਬੁੱਲ੍ਹੇ ਲੁੱਟੇ ਅਤੇ ਆਪਣੀ ਵਾਹ-ਵਾਹ ਕਰਵਾਏ।
ਹਾਕਮਾਂ ਦਾ ਕੰਮ ਲੋਕ ਸੇਵਾ ਨਹੀਂ, ਸਗੋਂ ਭਰਮ 'ਚ ਰੱਖਕੇ ਲੋਕਾਂ ਨੂੰ ਬੁਧੂ ਬਨਾਉਣਾ ਹੁੰਦਾ ਆ। ਇਹਨੂੰ ਹੀ ਬਾਜੀਗਰੀ ਦਾ ਖੇਲ ਆਖਦੇ ਆ। ਵੇਖੋ ਨਾ ਜੀ, ''ਕਰੋਨਾ ਦੇ ਖੇਲ'' 'ਚ ਤੇਲ ਦੀ ਕੀਮਤ ਘਟੀ ਤੇ ਸਰਕਾਰੀ ਖਜ਼ਾਨੇ 'ਚ ਜਾ ਪਈ। ਲੋਕਾਂ ਨੇ ਪੈਸੇ ਕੀ ਕਰਨੇ ਆ? ਪਹਿਲਾਂ ਹੀ ਬਥੇਰੇ ਅਮੀਰ ਆ; ਕੰਗਾਲੀ  ਨਾਲ,  ਭੁੱਖਮਰੀ ਨਾਲ, ਰਿਸ਼ਵਤਖੋਰੀ ਨਾਲ, ਚੰਗੇ-ਮੰਦੇ ਬੋਲਾਂ  ਨਾਲ। ਸਰਕਾਰ ਨੇ ਇਧਰੋਂ ਕੱਢੇ, ਉਧਰ ਪਾ ਲਏ, ਭਲਾ ਕਿਸੇ ਨੂੰ ਕੀ? ਉਂਜ ਸਰਕਾਰ ਦੀ ਇਸ 'ਹਰਕਤ' ਲਈ  ਲੋਕ  ਬੁੱਲ੍ਹੇ ਸ਼ਾਹ ਦੀਆਂ ਇਹ ਸਤਰਾ ਯਾਦ ਕਰ ਸਕਦੇ ਹਨ, ''ਬਾਜੀਗਰ ਕਿਆ ਬਾਜੀ ਖੇਲੀ, ਮੈਨੂੰ ਪੁਤਲੀ ਵਾਂਗ ਨਚਾਇਆ''।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

2010 ਤੋਂ 2018 ਵਿਚਾਰ ਰੇਲਵੇ ਵਿਭਾਗ ਨੇ ਬੇਟਿਕਟੇ ਯਾਤਰੀਆਂ ਤੋਂ 7425 ਕਰੋੜ ਰੁਪਏ ਵਸੂਲੇ। ਜਦ ਕਿ 2018-19 ਵਿੱਚ 1376 ਕਰੋੜ ਰੁਪਏ ਬਿਨ੍ਹਾਂ ਟਿਕਟਾਂ ਤੋਂ ਵਸੂਲੇ ਹਨ।


ਇੱਕ ਵਿਚਾਰ

ਮਨੁੱਖ ਦੀ ਚੰਗਿਆਈ ਇੱਕ ਜੋਤ ਦੇ ਬਰਾਬਰ ਹੈ, ਜਿਸਨੂੰ ਛੁਪਾਇਆ ਤਾਂ ਜਾ ਸਕਦਾ ਹੈ ਲੇਕਿਨ ਬੁਝਾਇਆ ਨਹੀਂ ਜਾ ਸਕਦਾ ।
............ਨੈਲਸਨ ਮੰਡੇਲਾ

-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)