ਨੌਜੁਆਨ ਸੰਗੀਤਕ ਪ੍ਰੇਮੀ ਪੀੜ੍ਹੀ ਲਈ ਅਨਮੋਲ ਖਜ਼ਾਨਾ ''ਉਸਤਾਦ ਜਤਿੰਦਰ ਸਿੰਘ'' - ਡਾ. ਨਰਿੰਦਰ ਕੌਰ
ਗੁਰਮਿਤ ਸੰਗੀਤ ਤੇ ਗੁਰਬਾਣੀ ਕੀਰਤਨ ਦੀ ਗਾਇਣ ਕਲਾ ਕੋਈ ਹੱਦਾਂ ਬੰਨਿਆਂ, ਸਰਹੱਦਾਂ, ਭਾਸ਼ਾ ਜਾਂ ਕਿਸੇ ਵਿਸ਼ੇਸ਼ ਬੋਲੀ ਦੀ ਮੁਹਤਾਜ ਨਹੀਂ।ਸਗੋਂ ਇਸ ਦਾ ਵਾਸਤਾ ਸਮੁੱਚੀ ਮਾਨਵਤਾ ਤੇ ਲੋਕਾਈ ਨਾਲ ਹੈ।ਸੰਗੀਤ ਦੁਨੀਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੁਆਰਾ ਗਾਇਨ ਕੀਤਾ ਜਾਂਦਾ ਹੈ,ਪਰ ਇਸ ਦੀ ਅੰਦਰਲੀ ਤਾਸੀਰ ਇੱਕੋ ਹੀ ਹੈ।ਕੀਰਤਨ ਤਿੰਨ ਚੀਜਾਂ ਦਾਂ ਸੁਮੇਲ ਹੈ-ਫਲਸਫਾ ,ਕਾਵਿ ਰਚਨਾ ਅਤੇ ਸੰਗੀਤ।ਇਹ ਇਕ ਅਨੋਖਾ ਮੇਲ ਹੈ,ਜੋ ਕਿਸੇ ਧਰਮ ਵਿਚ ਘੱਟ ਹੀ ਮਿਲਦਾ ਹੈ।ਗੁਰਬਾਣੀ ਨੂੰ ਵਿਸ਼ੇਸ਼ ਰਾਗਾਂ ਵਿਚ ਵਿਉਤਬੱਧ ਕਰਕੇ ਸੰਗੀਤ ਨੂੰ ਅਜਿਹੇ ਸਾਧਨ ਵਜੋਂ ਵਰਤਿਆ ਗਿਆ ਹੈ,ਜੋ ਮਨ ਨੂੰ ਇਕਾਗਰ ਕਰਨ ਵਿੱਚ ਸਹਾਈ ਹੋਵੇ ਅਤੇ ਆਤਮਾ ਨੂੰ ਬੁਲੰਦੀਆ ਵਲ ਪ੍ਰੇਰੇ।ਗੁਰਮਿਤ ਸੰਗੀਤ ਬਾਣੀ ਦਾ ਅਨਿਖੜਵਾਂ ਅੰਗ ਹੈ, ਜਿਸ ਉਪਰ ਮੁਹਾਰਤ ਪਾਉਣ ਲਈ ਲੰਮਾ ਸਮਾਂ ਕਰੜੀ ਘਾਲਣਾ ਘਾਲਣੀ ਪੈਂਦੀ ਹੈ।
ਜਦੋਂ ਵੀ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਰਾਗਬੱਧ,ਸੁਰ,ਤਾਲ ਅਤੇ ਲੈਅ ਭਰਪੂਰ ,ਰਸਗੁਝੇ,ਇਲਾਹੀ ਕੀਰਤਨ ਦਾ ਜ਼ਿਕਰ ਛਿੜੇਗਾ ਤਾਂ ਇੱਕ ਨਾਂ ਬੜੇ ਸਤਿਕਾਰ,ਪਿਆਰ,ਅਦਬ ਨਾਲ ਜ਼ਿਹਨ ਵਿਚੋਂ ਉਭਰ ਕੇ ਦਸਤਕ ਦਿੰਦਾ ਹੋਇਆ ਸਾਹਮਣੇ ਆਵੇਗਾ, ਉਹ ਨਾਂ ਹੈ, ਉਸਤਾਦ ਜਤਿੰਦਰ ਸਿਘ।ਉਸਤਾਦ ਤੋਂ ਭਾਵ ਹੈ ਸਿੱਖਿਆ ਦੇਣ ਵਾਲਾ, ਹੁਨਰ ਸਿਖਾਉਣ ਵਾਲਾ ਆਦਿ।
ਉਸਤਾਦ ਜਤਿੰਦਰ ਸਿੰਘ ਇਕ ਅਜਿਹੀ ਮਾਣਮੱਤੀ ਸ਼ਖਸ਼ੀਅਤ ਹੈ ਜਿਸ ਬਾਰੇ ਲਿਖਣਾ ਕੁਝ ਅਸਾਨ ਨਹੀਂ, ਪਰ ਅਜਿਹੀਆਂ ਅਗਾਂਹ ਵਧੂ ਰੂਹਾਂ ਬਾਰੇ ਆਪਣੇ ਪਾਠਕਾਂ, ਪੰਥ,ਸਿੱਖ ਕੌਮ ਨੂੰ ਜਾਣਕਾਰੀ ਦੇਣਾ ਮੇਰਾ ਫਰਜ਼ ਅਤੇ ਨੈਤਿਕਤਾ ਹੈ।ਉਸਤਾਦ ਜੀ ਦਾ ਜਨਮ ਸ. ਬਲਦੇਵ ਸਿੰਘ ਜੀ ਦੇ ਘਰ ,ਮਾਤਾ ਜਸਵੀਰ ਕੌਰ ਦੀ ਕੁੱਖੋਂ 1 ਨਵੰਬਰ 1991 ਵਿੱਚ ਜਮਸ਼ੇਦਪੁਰ (ਝਾਰਖੰਡ) ਵਿਖੇ ਹੋਇਆ।ਉਹਨਾਂ ਦੇ ਸਤਿਕਾਰਤ ਮਾਤਾ-ਪਿਤਾ ਜੀ ਨਿਤਨੇਮੀ, ਗੁਰਬਾਣੀ ਦੇ ਪੱਕੇ ਪ੍ਰੇਮੀ ਹਨ।ਉਸਤਾਦ ਜੀ ਨੂੰ ਖੁਦ ਸਿੱਖ ਇਤਹਾਸ ਅਤੇ ਗੁਰਬਾਣੀ ਦਾ ਗੂੜ ਗਿਆਨ ਹੈ।ਉਹਨਾਂ ਆਪਣੀ ਮੁੱਢਲੀ ਵਿਦਿਆ ਪਿੰਡ ਦੀਦਾਰਸਿੰਘ ਵਾਲਾ (ਮੋਗਾ) ਤੋਂ ਪ੍ਰਾਪਤ ਕੀਤੀ ਅਤੇ ਲੁਧਿਆਣਾ ਸ਼ਹਿਰ ਵਿਚੋਂ ਗੁਰਮਤਿ ਸੰਗੀਤ ਦੀਆਂ ਰੂਹਾਨੀ ਲੋਰੀਆਂ ਲਈਆਂ।ਉਹਨਾਂ ਦੇ ਅੰਦਰਲੇ ਸੰਗੀਤਕ ਪਿਆਰ ਅਤੇ ਨੇਕ ਮਾਤਾ-ਪਿਤਾ ਦਾ ਸਹਿਯੋਗ ਸੱਚ ਦੇ ਮਾਰਗ ਤੇ ਤੁਰਨ ਲਈ ਕਾਫੀ ਸੀ।ਸੁਘੜ ਮਾਪਿਆਂ ਨੇ ਇਸ ਹੋਣਹਾਰ ਬੱਚੇ ਨੂੰ ਹਰ ਕਦਮ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਅੱਜ ਵੀ ਕਰ ਰਹੇ ਹਨ।ਸਕੂਲੀ ਤਾਲੀਮ ਉਪਰੰਤ ਉਹਨਾਂ ਸੰਤ ਬਾਬਾ ਸੁੱਚਾ ਸਿੰਘ ਗੁਰਮਿਤ ਸੰਗੀਤ ਅਕੈਡਮੀ (ਜਵੱਦੀ ਕਲਾਂ) ਵਿਖੇ ਡੇਰੇ ਲਾਏ।ਅਜੋਕੇ ਸਮੇਂ ਦੇ ਪ੍ਰਸਿੱਧ ਸੰਗੀਤ ਅਚਾਰੀਆ ਪ੍ਰਿੰ. ਸੁਖਵੰਤ ਸਿੰਘ ਪਾਸੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਸੰਗੀਤ ਦਾ ਡਿਪਲੋਮਾ 2016 ਵਿੱਚ ਪ੍ਰਾਪਤ ਕੀਤਾ।ਉਸਤਾਦ ਸੁਖਵੰਤ ਸਿੰਘ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਉਹਨਾਂ ਨੇ ਬਹੁਤ ਸਾਰੇ ਸਾਜ਼ਾਂ ਦਾ ਗਿਆਨ ਹਾਸਿਲ ਕੀਤਾ ਹੈ ਜਿਨ੍ਹਾਂ ਵਿੱਚ ਰਬਾਬ,ਸਰੰਦਾ,ਤਾਊਸ,ਇਸਰਾਜ਼,ਦਿਲਰੁਬਾ,ਤਬਲਾ ਅਤੇ ਹਰਮੋਨੀਅਮ ਆਦਿ।
ਸੰਗੀਤਕ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਉਹਨਾਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਸੰਗੀਤ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁਕੇ ਹਨ,ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਸੰਗੀਤ ਅਕੈਡਮੀ,ਲੁਧਿਆਣਾ, ਗੁਰੂ ਨਾਨਕ ਮਲਟੀਵਰਸਿਟੀ ਸਕੂਲ, ਲੁਧਿਆਣਾ, ਗੁਰੂ ਹਰਕ੍ਰਿਸ਼ਨ ਸਾਹਿਬ ਗੁਰਮਿਤ ਸੰਗੀਤ ਅਕੈਡਮੀ, ਅੰਬਾਲਾ ਆਦਿ।ਇਥੇ ਹੀ ਵੱਸ ਨਹੀਂ ਅੱਜ ਵੀ ਉਹ ਅਪਨੇ ਸੰਗੀਤ ਦੇ ਅਧਿਆਪਕ ਖੇਤਰ ਵਿੱਚ ਕਾਰਜਸ਼ੀਲ ਹਨ।ਸੈਂਟਰਲ ਸਿੱਖ ਗੁਰਦਵਾਰਾ ਬੋਰਡ, ਸਿੰਘਾਪੁਰ ਵਲੋਂ ਸਥਾਪਿਤ ਗੁਰਮਿਤ ਸੰਗੀਤ ਅਕੈਡਮੀ ਵਿੱਚ ਪਿਛਲੇ ਦੋ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ।ਇਸ ਸੰਸਥਾਂ ਵਿੱਚ ਉਸਤਾਦ ਜੀ ਦੁਆਰਾ ਵਿਦਿਆਰਥੀਆਂ ਨੂੰ ਰਾਗਾਂ ਦੀ ਤਾਲੀਮ ਦਿੱਤੀ ਜਾਂਦੀ ਹੈ।ਗੁਰੂ ਪ੍ਰੰਪਰਾ ਅਨੁਸਾਰ ਨਿਰਧਾਰਿਤ ਰਾਗਾਂ ਵਿਚ ਹੀ ਸ਼ਬਦੀ ਬੰਦਸ਼ਾਂ ਗਾਇਨ ਕਰਦੇ ਹਨ, ਜੋ ਕਿ ਬਹੁਤ ਹੀ ਕਾਬਲੇ ਤਾਰੀਫ ਉਦਮ ਹੈ।
ਉਸਦੀ ਅਵਾਜ਼ ਅੰਦਰ ਬਹੁਤ ਸਾਰੀਆਂ ਵੰਨਗੀਆਂ ਹਨ।ਉਹਨਾਂ ਦੀ ਗਾਇਨ ਸ਼ੈਲੀ ਕਾਫੀ ਪਰਪੱਕ ਅਤੇ ਗੁਰਮਤਿ ਸ਼ੈਲੀ ਅਨੁਸਾਰ ਹੈ,ਜਿਸ ਵਿੱਚ ਸੁਰ,ਤਾਲ ਸਹਿਜਤਾ ਅਤੇ ਸ਼ਬਦ ਦੀ ਪ੍ਰਧਾਨਤਾ ਦਾ ਅਸਰ ਸਾਫ ਤੌਰ ਤੇ ਜਾਹਰ ਹੁੰਦਾ ਹੈ। ਉਸਤਾਦ ਜੀ ਦੀ ਅਵਾਜ਼ ਰਾਗਦਾਰੀ ਲਈ ਬੜੀ ਢੁਕਵੀਂ ਅਤੇ ਸਾਧੀ ਹੋਈ ਆਵਾਜ ਹੈ,ਉਹਨਾਂ ਦੀ ਅਵਾਜ ਸੁਣ ਕੇ ਇਸਤਰਾਂ ਲਗਦਾ ਹੈ ਜਿਵੇਂ ਧਰਤੀ ਦੀ ਹਿੱਕ ਚੋਂ ਕੋਈ ਚਸ਼ਮਾ ਫੁੱਟ ਪੈਣਾ ਹੋਵੇ।
ਉਸਤਾਦ ਜਤਿੰਦਰ ਸਿਘ ਜ਼ਿੰਦਗੀ ਦੀ ਹਕੀਕਤ ਦੇ ਨਾਲ-ਨਾਲ ਮਾਂ ਬੋਲੀ ਪ੍ਰਤੀ ਪਿਆਰ ਦੀ ਚਿੰਗਾਰੀ ਦੇ ਇੱਕ ਅਨਮੋਲ ਖਜ਼ਾਨਾ ਹੈ। ਉਹਨਾਂ ਕੋਲ ਗੁਰਮਤਿ ਸੰਗੀਤ ਸਿਖਲਾਈ ਦਾ ਕਾਫੀ ਤਜ਼ਰਬਾ ਹੈ।ਆਉਣ ਵਾਲੀ ਨੌਜੁਆਨ ਸੰਗੀਤ ਪ੍ਰੇਮੀ ਪੀੜ੍ਹੀ ਲਈ ਇਹਨਾਂ ਦਾ ਜੀਵਨ ਬਹੁਤ ਹੀ ਅਨਮੋਲ ਖਜਾਨਾ ਹੋਵੇਗਾ ।
ਉਸਤਾਦ ਜੀ ਦੇ ਦਿਲ ਦਾ ਇਕ ਸੱਚਾ ਸੁੱਚਾ ਅਰਮਾਨ ਹੈ, ਕਿ ਮੈਂ ਆਪਣੇ ਜੀਵਨ ਕਾਲ ਵਿੱਚ ਬੱਚਿਆਂ ਨੂੰ ਗੁਰਮਿਤ ਸੰਗੀਤ ਦੀ ਵਿੱਦਿਆ ਦੇ ਕੇ ਆਪਣਾ ਜੀਵਨ ਗੁਰੂ ਲੇਖੇ ਲਾ ਸਕਾਂ।ਜੋ ਉਸਤਾਦ ਇਸਤਰਾਂ ਦੀ ਸੋਚ ਦੇ ਧਾਰਨੀ ਹਨ, ਸਾਨੂੰ ਸਭਨਾ ਨੂੰ ਉਹਨਾਂ ਉਪਰ ਨਾਜ਼ ਹੋਣਾ ਚਾਹੀਦਾ ਹੈ ਜੋ ਸੰਗੀਤ ਖੇਤਰ ਵਿੱਚ ਆਪਣਾ ਯੋਗਦਾਨ ਪਾ ਕੇ ਮੌਜੂਦਾ ਪੀੜੀ ਅਤੇ ਆਉਣ ਵਾਲੀ ਪੀੜੀ ਲਈ ਪ੍ਰੇਰਨਾ ਸ੍ਰੋਤ ਬਣ ਰਹੇ ਹਨ।
ਡਾ. ਨਰਿੰਦਰ ਕੌਰ
ਪਿੰਡ ਸੀਕਰੀ, ਤਹਿ. ਦਸੂਹਾ, ਜਿਲ੍ਹਾ ਹੁਸ਼ਿਆਰਪੁਰ
ਮੋਬਾਇਲ ਨੰ. +91 99881-38529