ਕੀ ਭਗਤ ਸਿੰਘ ਨੇ ਅਜਿਹਾ ਭਾਰਤ ਸੋਚਿਆ ਸੀ ?  - ਨਵਨੀਤ ਅਨਾਇਤਪੁਰੀ

23 ਮਾਰਚ 2020 ਨੂੰ ਪੂਰੇ ਦੇਸ਼ ਦੇ ਨੌਜਵਾਨਾਂ ਦੇ ਨਾਇਕ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 89ਵਾਂ ਸ਼ਹੀਦੀ ਦਿਵਸ ਹੈ । ਜਦੋਂ ਵੀ ਭਗਤ ਸਿੰਘ ਦਾ ਸ਼ਹੀਦੀ ਦਿਵਸ ਆਉਂਦਾ ਹੈ ਤਾਂ ਸਾਡੇ ਸਾਰਿਆਂ ਦੀਆਂ ਨਿਗਾਹਾਂ ਫਿਰ ਤੋਂ ਸ. ਭਗਤ ਸਿੰਘ ਵੱਲ ਮੁੜਦੀਆਂ ਹਨ ।
ਰਾਜਨੀਤਿਕ ਤੌਰ ਤੇ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ । ਪਰ ਪੂਰਨ ਆਜ਼ਾਦੀ ਸਾਨੂੰ ਅੱਜ ਤੱਕ ਵੀ ਨਹੀਂ ਮਿਲੀ । ਜਿਸ ਸਮਾਜਵਾਦੀ ਦੇਸ਼ ਦੀ ਕਾਮਨਾ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਕੀਤੀ ਸੀ, ਉਹ ਭਾਰਤ ਹਾਲੇ ਤੱਕ ਬਣ ਹੀ ਨਹੀਂ ਪਾਇਆ । ਅੰਗਰੇਜ਼ ਚਲੇ ਗਏ ਪਰ ਕੁਝ ਮੁੱਠੀ ਭਰ ਸਾਮਰਾਜਵਾਦੀਆਂ ਨੇ ਹੁਣ ਤੱਕ ਸਾਨੂੰ ਗੁਲਾਮ ਬਣਾਇਆ ਹੋਇਆ ਹੈ । ਇਸ ਸੰਬੰਧੀ ਤਾਂ ਸ. ਭਗਤ ਸਿੰਘ ਨੇ ਆਪਣੀ ਮਾਤਾ ਜੀ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਸੀ," ਮਾਂ ਮੈਨੂੰ ਆਸ ਹੈ ਕਿ ਇੱਕ ਦਿਨ ਮੇਰਾ ਦੇਸ਼ ਆਜ਼ਾਦ ਹੋਵੇਗਾ, ਪਰ ਮੈਨੂੰ ਡਰ ਹੈ ਕਿ ਗੋਰੇ ਸਾਹਬਾਂ ਵੱਲੋਂ ਛੱਡੀ ਗਈ ਕੁਰਸੀ ਉੱਤੇ ਦੇਸੀ ਸਾਹਬ ਆ ਬੈਠਣਗੇ । ਲੋਕਾਂ ਦੇ ਦੁੱਖਾਂ, ਦਰਦਾਂ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ।" ਕਿੰਨਾ ਸੱਚ ਹੈ ਇਨ੍ਹਾਂ ਸਤਰਾਂ ਵਿੱਚ ਜੋ ਭਗਤ ਸਿੰਘ ਨੇ ਉਸ ਸਮੇਂ ਕਹੀਆਂ ਸਨ, ਉਸੇ ਤਰ੍ਹਾਂ ਹੀ ਹੋ ਰਿਹਾ ਹੈ । ਕੀ ਭਗਤ ਸਿੰਘ ਨੇ ਅਜਿਹਾ ਭਾਰਤ ਸੋਚਿਆ ਸੀ, ਜਿਸ ਵਿੱਚ ਸਿਆਸਤਦਾਨ ਆਪਣੀ ਗੰਧਲੀ ਸਿਆਸਤ ਨਾਲ ਭਾਰਤ ਨੂੰ ਪਿਛਾਂਹ ਧੱਕ ਰਹੇ ਹਨ । ਕਿਉਂਕਿ ਅੱਜ, ਵਿੱਦਿਆ ਦੀ ਜਿੰਮੇਵਾਰੀ, ਸਿਹਤ ਸੇਵਾਵਾਂ ਦੀ ਜਿੰਮੇਵਾਰੀ, ਰੁਜ਼ਗਾਰ ਦੀ ਜਿੰਮੇਵਾਰੀ, ਸੁਰੱਖਿਆ ਦੀ ਜਿੰਮੇਵਾਰੀ ਆਦਿ ਤੋਂ ਸਰਕਾਰ ਭੱਜ ਰਹੀ ਹੈ । ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਨੇ ਆਪਣੀਆਂ ਤਨਖਾਹਾਂ ਵਿੱਚ ਆਪਣੇ ਆਪ ਹੀ ਚੋਖਾ ਵਾਧਾ ਕਰ ਲਿਆ ਹੈ, ਪਰ ਇੱਕ ਮਜ਼ਦੂਰ ਦੀ ਘੱਟੋ ਘੱਟ ਉਜਰਤ 'ਚ ਵਾਧੇ ਬਾਰੇ ਉਨ੍ਹਾਂ ਨੂੰ ਕੋਈ ਸੋਚ ਨਹੀਂ ਕਿ ਇਹ ਮਜ਼ਦੂਰ ਅਜੋਕੇ ਸਮੇਂ ਵਿੱਚ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿੰਝ ਕਰੇਗਾ । ਹਰ ਆਮ ਭਾਰਤੀ ਦੀ ' ਕੁੱਲੀ, ਗੁੱਲੀ ਤੇ ਜੁੱਲੀ ' ਦੀ ਮੰਗ ਆਜ਼ਾਦੀ ਵੇਲੇ ਤੋਂ ਹੁਣ ਤੱਕ ਉਸੇ ਤਰ੍ਹਾਂ ਹੀ ਖੜ੍ਹੀ ਹੈ । ਭਾਵੇਂ ਅੱਜ ਭਾਰਤ 10,000 ਅਮੀਰ ਭਾਰਤੀਆਂ ਦਾ ਮੁਲਕ ਅਖਵਾਉਣ ਲੱਗ ਪਿਆ ਹੈ ।
ਉਹ ਭਾਰਤ ਜੋ ਕਿ ਆਉਂਦੇ ਸਾਲਾਂ ਵਿੱਚ ਵਿਸ਼ਵ ਦਾ ਸਭ ਤੋਂ ਵੱਧ ਜਵਾਨਾਂ ਵਾਲਾ ਦੇਸ਼ ਹੋਵੇਗਾ, ਭਾਵ ਨੌਜਵਾਨਾਂ ਦਾ ਦੇਸ਼ ਹੋਵੇਗਾ । ਪਰ ਕਿਹੜੇ ਨੌਜਵਾਨਾਂ ਦਾ, ਜਿਹੜੇ ਕਿ ਇਨ੍ਹਾਂ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਦਾ ਸ਼ਿਕਾਰ ਹੋਣਗੇ । ਜਿਵੇਂ ਕਿ ਹੁਣ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ ਸੜਕਾਂ ਤੇ ਪੁਲਿਸ ਦੀ ਖਿੱਚ ਧੂਹ ਤੇ ਕੁੱਟ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਆਉਂਦੇ ਸਾਲਾਂ ਵਿੱਚ ਭਾਰਤ ਵਿੱਚ ਨੌਜਵਾਨਾਂ ਦੀ ਦਸ਼ਾ ਬਹੁਤ ਮਾੜੀ ਹੋ ਜਾਵੇਗੀ । ਹੋ ਸਕਦਾ ਹੈ ਕਿ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਭਾਰੀ ਰੋਹ ਦਾ ਸਾਹਮਣਾ ਵੀ ਕਰਨਾ ਪਵੇ ।
ਪਰ ਭਗਤ ਸਿੰਘ ਨੇ ਤਾਂ ਸ਼ਾਇਦ ਹਮੇਸ਼ਾਂ ਸਮਾਜਵਾਦੀ ਰਾਸ਼ਟਰ ਦੀ ਗੱਲ ਕਹੀ ਸੀ, ਜਿਸ ਵਿੱਚ ਆਪਣਾ ਰਾਜ ਤੇ ਆਪਣੀ ਪ੍ਰਮੁੱਖਤਾ ਦੀ ਗੱਲ ਕਹੀ ਸੀ, ਸਭ ਦੇ ਬਰਾਬਰ ਹੋਣ ਦੀ ਤੇ ਸਭ ਨੂੰ ਰੁਜ਼ਗਾਰ ਮਿਲਣ ਦੀ ਗੱਲ ਕਹੀ ਸੀ, ਪਰ ਅੱਜ ਦੀ ਸਥਿਤੀਆਂ ਭਗਤ ਸਿੰਘ ਦੀ ਸੋਚ ਤੋਂ ਕੋਹਾਂ ਦੂਰ ਲੈ ਜਾਂਦੀਆਂ ਹਨ । ਕਿਉਂਕਿ 80 ਫੀਸਦੀ ਆਬਾਦੀ ਹਾਲੇ ਵੀ ਅਨਪੜ੍ਹਤਾ ਤੇ ਭੁੱਖਮਰੀ ਦਾ ਸ਼ਿਕਾਰ ਹੈ ।
ਭੇਦਭਾਵ ਉੱਤੇ ਟਿੱਪਣੀ ਕਰਦਿਆਂ ਵੀ ਭਗਤ ਸਿੰਘ ਨੇ ਕਿਹਾ ਸੀ ਕਿ," ਲੋਕ ਉਲਾਂਭਾ ਦਿੰਦੇ ਹਨ ਕਿ ਸਾਡੇ ਨਾਲ ਵਿਦੇਸ਼ਾਂ ਵਿੱਚ ਚੰਗਾ ਸਲੂਕ ਨਹੀਂ ਹੁੰਦਾ, ਪਰ ਉਹ ਆਪਣੇ ਹੀ ਦੇਸ਼ ਵਿੱਚ ਆਪਣੇ ਲੋਕਾਂ ਨਾਲ ਨਫਰਤ ਕਰਦੇ ਹਨ । ਦੋਗਲੀਆਂ ਗੱਲਾਂ ਇਕੱਠੀਆਂ ਕਿਵੇਂ ਚੱਲ ਸਕਦੀਆਂ ਹਨ ।" ਮਹਾਂਰਾਸ਼ਟਰ ਵਿੱਚ ਉੱਤਰ ਭਾਰਤੀਆਂ ਨਾਲ ਹੁੰਦਾ ਸਲੂਕ ਦੇਸ਼ ਵਿੱਚ ਹੀ ਖੇਤਰਵਾਦ ਨੂੰ ਵਧਾਵਾ ਦੇ ਰਿਹਾ ਹੈ । ਇਨ੍ਹਾਂ ਸਭ ਗੱਲਾਂ ਨੇ ਰਾਸ਼ਟਰੀ ਏਕਤਾ ਤੇ ਸਵਾਲੀਆ ਚਿੰਨ ਲਗਾ ਦਿੱਤਾ ਹੈ ।
ਫਿਰਕਾਪ੍ਰਸਤੀ ਉੱਤੇ ਭਗਤ ਸਿੰਘ ਨੇ ਕਿਹਾ ਸੀ ਕਿ," ਫਿਰਕੂ ਦੰਗਿਆਂ ਦੀ ਖਬਰ ਜਦੋਂ ਕੰਨਾਂ ਵਿੱਚ ਪੈਂਦੀ ਹੈ ਤਾਂ ਮਨ ਦੁੱਖੀ ਹੋ ਜਾਂਦਾ ਹੈ , ਪਤਾ ਨਹੀਂ, ਇਹ ਧਾਰਮਿਕ ਦੰਗੇ ਕਦੋਂ ਭਾਰਤ ਦਾ ਪਿੱਛਾ ਛੱਡਣਗੇ ?" ਇਹ ਸਤਰਾਂ ਲਿਖਦਿਆਂ ਮੈਨੂੰ ਨਿਰਾਸ਼ਾ ਹੋ ਰਹੀ ਹੈ ਕਿ ਅੱਜ ਵੀ ਭਾਰਤ ਵਿੱਚ ਫਿਰਕੂ ਦੰਗਿਆਂ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ।
ਭਾਰਤ ਦੇ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ 65 ਫੀਸਦੀ ਲੋਕਾਂ ਦਾ ਰੁਜ਼ਗਾਰ ਖੇਤੀ ਤੇ ਨਿਰਭਰ ਹੈ । ਪਰ ਕਿਸਾਨ ਕਰਜ਼ਿਆਂ ਥੱਲੇ ਦੱਬਕੇ ਖੁਦਕੁਸ਼ੀਆਂ ਕਰ ਰਿਹਾ ਹੈ । ਉਸ ਦੀ ਜ਼ਮੀਨ ਉਸਤੋਂ ਖੁੱਸਦੀ ਜਾ ਰਹੀ ਹੈ । ਉਹ ਦਿਨੋ ਦਿਨ ਵਪਾਰੀਕਰਨ ਦੇ ਦੈਂਤ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ । ਭਾਰਤ ਵਿੱਚ ਕਿਸਾਨੀ ਦੀ ਏਨੀ ਡਾਵਾਂਡੋਲ ਸਥਿਤੀ ਬਣ ਗਈ ਹੈ ਕਿ ਮਹਿੰਗਾਈ ਨੇ ਸਭਨਾਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ । ਇਸ ਵਿੱਚ ਮੌਜੂਦਾ ਸਰਕਾਰਾਂ ਦਾ ਅਹਿਮ ਰੋਲ  ਹੈ । ਸ਼ਾਇਦ ਭਗਤ ਸਿੰਘ ਨੇ ਅਜਿਹਾ ਭਾਰਤ ਕਦੇ ਵੀ ਨਹੀਂ ਸੋਚਿਆ ਸੀ ।
ਭਗਤ ਸਿੰਘ ਦੇ ਸਮੇਂ ਤੋਂ ਹੁਣ ਤੱਕ ਕਹਿਣ ਨੂੰ ਤਰੱਕੀ ਬਹੁਤ ਹੋਈ ਹੈ ਪਰ ਭਗਤ ਸਿੰਘ ਕਹਿੰਦਾ ਸੀ ਕਿ ਸਵਰਾਜ 95 ਫੀਸਦੀ ਲੋਕਾਂ ਲਈ ਹੋਵੇਗਾ ਕਿਉਂਕਿ ਭਾਰਤ ਦੇ ਅੰਗਰੇਜ਼ ਰਾਜ ਵਿੱਚ 5 ਫੀਸਦੀ ਲੋਕਾਂ ਦਾ ਵਿਕਾਸ ਹੁੰਦਾ ਹੈ । ਪਰ ਮੌਜੂਦਾ ਸਮੇਂ ਦੇ ਭਾਰਤ ਵਿੱਚ ਲਗਭਗ 20 ਫੀਸਦੀ ਲੋਕਾਂ ਦੇ ਹਿੱਤਾਂ ਦਾ ਵਿਕਾਸ ਹੋ ਰਿਹਾ ਹੈ ਅਤੇ 80 ਫੀਸਦੀ ਵਿਨਾਸ਼ ਵੱਲ ਧੱਕੇ ਜਾ ਰਹੇ ਹਨ ।
ਅੱਜ ਲੋੜ ਹੈ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਦੀ, ਨਾ ਕਿ ਉਸ ਵਾਂਗ ਕੱਪੜੇ ਪਹਿਨ ਕੇ, ਪੱਗ ਬੰਨ੍ਹ ਕੇ ਜਾਂ ਮੁੱਛਾਂ ਤੇ ਹੱਥ ਧਰ ਕੇ ਤਸਵੀਰਾਂ ਖਿਚਵਾ ਕੇ ਉਸਦਾ ਜਨਮ ਦਿਵਸ ਮਨਾਉਣ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਪਾ ਕੇ ਵਾਹ ਵਾਹ ਅਖਵਾਉਣ ਦੀ ।
ਸੋ ਆਓ ਆਪਾਂ ਸਾਰੇ ਮਿਲ ਕੇ ਸ਼ਹੀਦ-ਏ-ਆਜ਼ਮ ਦੇ ਸੋਚੇ ਹੋਏ ਆਜ਼ਾਦ ਮੁਲਕ ਭਾਰਤ ਨੂੰ ਬਣਾਉਣ ਵਿੱਚ ਆਪੋ ਆਪਣਾ ਯੋਗਦਾਨ ਪਾਈਏ । ਨਿਮਨ ਸਤਰਾਂ ਨਾਲ ਆਗਿਆ ਲੈਂਦਾ ਹਾਂ -
" ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਹੈ ।"

- ਨਵਨੀਤ ਅਨਾਇਤਪੁਰੀ
98145-09900