ਇੱਕ ਦੈਵੀ ਆਤਮਾ : ਭਾਈ ਬਾਲਾ ਜੀ - ਡਾ. ਜਸਵਿੰਦਰ ਸਿੰਘ
ਗੁਰੂ ਨਾਨਕ ਜੀ ਦਾ ਸਮੁੱਚੇ ਸੰਸਾਰ ਨੂੰ ਅਸਲ ਸੰਦੇਸ਼ ਧਰਮੀ ਬਣਾਉਣਾ ਹੈ ਭਾਵ ਕਿ ਉਸ ਦੇ ਅੰਦਰ ਚੰਗੇ ਗੁਣ ਪੈਦਾ ਕਰਨਾ।ਇਹ ਨੈਤਿਕ ਮੁੱਲ ਸਾਡੇ ਅੰਦਰ ਪਿਉ-ਦਾਦੇ ਦੇ ਖਜ਼ਾਨੇ ਨੂੰ ਅਧਿਐਨ ਕਰਨ ਤੇ ਹੀ ਪੈਦਾ ਹੋਣਗੇ ਤਾਂ ਅਸੀਂ ਇੱਕ ਚੰਗੇ ਇਨਸਾਨ ਵਜੋਂ ਉਭਰ ਕੇ ਸਾਹਮਣੇ ਆ ਸਕਦੇ ਹਾਂ;
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੈ ਮਨਿ ਭਇਆ ਨਿਧਾਨਾ॥
ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ।ਸਤਿਗੁਰੂ ਦੀਆਂ ਸਾਖੀਆਂ ਪੁਤ੍ਰਾਂ ਨੂੰ ਗੁਰਮੁਖ ਪੁੱਤਰ ਬਣਾ ਦੇਂਦੀਆਂ ਹਨ।ਸਿੱਖ ਧਰਮ ਦੇ ਮੋਢੀ ਅਤੇ ਚਹੁੰ ਵਰਣਾਂ ਦੇ ਸਾਂਝੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੂਰੇ ਵਿਸ਼ਵ ਵਿਚ ਜਿਥੇ ਪਿਆਰ, ਸ਼ਰਧਾ ਅਤੇ ਸਤਿਕਾਰ ਨਾਲ ਨਾਮ ਲਿਆ ਜਾਂਦਾ ਹੈ, ਉਥੇ ਹੀ ਬਾਬਾਣੀਆ ਅਤੇ ਕਹਾਣੀਆ ਅਨੁਸਾਰ ਗੁਰੂ ਜੀ ਦੇ ਜੀਵਨ ਭਰ ਦੇ ਸੰਗੀ-ਸਾਥੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦਾ ਨਾਮ ਵੀ ਪੂਰੇ ਸਤਿਕਾਰ ਨਾਲ ਲਿਆ ਜਾਂਦਾ ਹੈ।
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥
ਕਦਰਤ ਬਹੁਤ ਵਿਸਮਾਦੀ ਹੈ। ਕੁਦਰਤ ਦੇ ਭੇਦਾਂ(ਕਹਾਣੀਆ)ਨੂੰ ਸਮਝਣਾ ਮੁਸ਼ਿਕਲ ਹੀ ਨਹੀਂ ਸਗੋਂ ਅਸੰਭਵ ਵੀ ਹੈ।ਕੁਦਰਤ ਦੇ ਕਰਤਾ ਨੇ ਹਰ ਜੀਵ ਵਿੱਚ ਭੇਦ ਰੱਖਿਆ ਹੈ।ਕੋਈ ਵੀ ਵਿਅਕਤੀ ਇਕੋ ਜਿਹੇ ਨਹੀਂ ਹਨ।ਪਰਮਾਤਮਾ ਦਾ ਖੇਲ ਹੀ ਅਜਿਹਾ ਵਿਸਮਾਦੀ ਹੈ ਕਿ ਕੋਈ ਵੀ ਕਿਸੇ ਵਰਗਾ ਨਹੀਂ ਹੈ।
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥
ਕੋਇ ਨਾ ਕਿਸ ਹੀ ਜੇਹਾ ਉਪਾਇਆ॥
ਉਸ ਕਾਦਰ ਦੀ ਕੁਦਰਤ ਵਿੱਚੋਂ ਇੱਕ ਹਨ ਭਾਈ ਬਾਲਾ ਜੀ। ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਭਾਈ ਬਾਲਾ ਜੀ ਦੇ ਪਿਤਾ ਦਾ ਨਾਮ ਸ੍ਰੀ ਚੰਦਰਭਾਨ ਅਤੇ ਜਾਤ ਸੰਧੂ ਜੱਟ ਸੀ।ਡਾ. ਰਤਨ ਸਿੰਘ ਜੱਗੀ ਅਨੁਸਾਰ ਉਨ੍ਹਾਂ ਦਾ ਜਨਮ 1524 ਬਿ. (1466 ਈ.) ਵਿੱਚ ਹੋਇਆ।ਗੁਰੂ ਨਾਨਕ ਦੇਵ ਜੀ ਨੂੰ 'ਪਰਮੇਸ਼ਰ' ਰੂਪ ਮੰਨਣ ਵਾਲਿਆਂ ਵਿਚ ਜਿਥੇ ਭੈਣ ਨਾਨਕੀ ਜੀ, ਰਾਏ ਬੁਲਾਰ ਜੀ ਆਦਿ ਦਾ ਨਾਮ ਆਉਂਦਾ ਹੈ, ਉਥੇ ਭਾਈ ਬਾਲਾ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਆਰੰਭਿਕ ਕਾਲ ਤੋਂ 'ਰੱਬ-ਪਰਮੇਸ਼ਰ' ਕਰਕੇ ਜਾਣਿਆ ਤੇ ਮੰਨਿਆ।ਭਾਈ ਕਾਹਨ ਸਿੰਘ ਨਾਭਾ ਤੋਂ ਇਲਾਵਾ ਡਾ.ਰਤਨ ਸਿੰਘ ਜੱਗੀ,ਡਾ.ਰਛਪਾਲ ਸਿੰਘ ਗਿੱਲ,ਡਾ.ਤਾਰਨ ਸਿੰਘ ,ਡਾ.ਇੰਦਰਜੀਤ ਸਿੰਘ ਗੋਗੋਆਣੀ ਆਦਿ ਭਾਈ ਬਾਲਾ ਜੀ ਦੀ ਹੋਂਦ ਸੰਬੰਧੀ ਹਾਮੀ ਭਰਦੇ ਹਨ।
ਡਾ.ਰਤਨ ਸਿੰਘ ਜੱਗੀ ਆਪਣੇ ਸਿੱਖ ਪੰਥ ਵਿਸ਼ਵ ਕੋਸ਼ ਵਿੱਚ ਲਿਖਦੇ ਹਨ ਕਿ 'ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਰਹਿ ਕੇ ਉਨ੍ਹਾਂ ਦੀ ਪ੍ਰੇਰਣਾ ਦੇ ਫਲਸਰੂਪ ਗੁਰੂ ਨਾਨਕ ਦੇਵ ਜੀ ਦਾ ਜੀਵਨ-ਸਮਾਚਾਰ ਅਤੇ ਪਰਉਪਕਾਰੀ ਘਟਨਾਵਾਂ ਦਾ ਵੇਰਵਾ ਸੁਣਾਇਆ ।ਇਸ ਵੇਰਵੇ ਨੂੰ ਪੈੜੇ ਮੋਖੇ ਨੇ ਕਲਮ-ਬੰਦ ਕੀਤਾ ਜੋ ਹੁਣ ਭਾਈ ਬਾਲੇ ਵਾਲੀ ਜਨਮਸਾਖੀ ਦੇ ਨਾਂ ਨਾਲ ਪ੍ਰਸਿੱਧ ਹੈ।'ਜਨਮ ਅਤੇ ਸਾਖੀ ਦੇ ਮੇਲ ਤੋਂ ਬਣੇ ਜਨਮਸਾਖੀ ਦਾ ਭਾਵ ਹੈ ਜਨਮ ਦੀ ਗਵਾਹੀ। ਸਿੱਖ ਇਤਹਾਸ ਨਾਲ ਸਬੰਧਿਤ ਜਨਮ ਸਾਖੀਆਂ, ਕੇਵਲ ਜਨਮ ਦੀ ਗਵਾਹੀ ਹੀ ਨਹੀ ਸਗੋਂ ਜੀਵਨ ਦੀ ਕਹਾਣੀ ਹੈ। ਇਸ ਵਿੱਚ ਕੋਈ ਸ਼ੱਕ ਨਹੀ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਪਰਖ-ਪੜਚੋਲ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਹੀ ਹੋਈ ਹੈ।
ਮੀਡੀਆ ਦੇਸ਼ ਪੰਜਾਬ (ਅਖਵਾਰ) ਆਪਣੇ ਇੱਕ ਲੇਖ ''ਗੁਰੂ ਬਾਬੇ ਦਾ ਸੰਗੀ ਸਾਥੀ'' ਵਿੱਚ ਭਾਈ ਬਾਲਾ ਜੀ ਬਾਰੇ ਲਿਖਦੇ ਹਨ ਕਿ ''ਪਾਨੀਪਤ ਵਿਖੇ ਸ਼ੇਖ ਸਰਫ ਤੇ ਸ਼ੇਖ ਡਾਹਰ ਨੇ, ਗੁਰੂ ਜੀ ਅਤੇ ਉਸ ਦੇ ਦੋਵਾਂ ਸਾਥੀਆਂ ਦੇ ਲੰਬੇ-ਲੰਬੇ ਕੇਸ ਵੇਖ ਕੇ ਪੁੱਛਿਆ, ''ਤੁਸੀਂ ਹਿੰਦੂ ਫ਼ਕੀਰ ਹੋ ਤੇ ਕੇਸ ਕਿਉਂ ਰੱਖੇ ਹੋਏ ਹਨ?, ਹਿੰਦੂ ਸਾਧੂ-ਸੰਤ ਤਾਂ ਮੋਨੇ ਹੁੰਦੇ ਹਨ? ਤਾਂ ਗੁਰੂ ਜੀ ਨੇ ਆਖਿਆ, ''ਖ਼ੁਦਾ ਨੇ ਹਰ ਇਨਸਾਨ (ਮਰਦ) ਦੀ ਸ਼ਕਲ, ਕੇਸ, ਦਾੜ੍ਹੀ ਅਤੇ ਮੁੱਛਾਂ ਵਾਲੀ ਬਣਾਈ ਹੈ। ਔਰਤ ਦੇ ਵੀ ਕੇਸ ਹੁੰਦੇ ਹਨ। ਧਰਤੀ ਉਪਰ ਜਿੰਨੇ ਵੀ ਪੀਰ, ਰਿਸ਼ੀ-ਮੁਨੀ ਹੋਏ ਹਨ, ਸਾਰੇ ਹੀ ਕੇਸਾਧਾਰੀ ਸਨ ਤੇ ਰੱਬੀ ਰਜ਼ਾ ਵਿਚ ਰਹਿਣ ਵਾਲੇ ਸਨ, ਸਗੋਂ ਤੁਸੀਂ ਇਹ ਦੱਸੋ ਕਿ ''ਤੁਸੀਂ ਕੇਸ ਕੱਟਦੇ ਹੋ? ਤੁਹਾਨੂੰ ਅੱਲ੍ਹਾ ਵਲੋਂ ਦਿੱਤੀ ਹੋਈ ਇਨਸਾਨੀ ਸ਼ਕਲ ਵਿਚ ਰਹਿਣਾ ਕਿਉਂ ਪਸੰਦ ਨਹੀਂ?'' ਤਾਂ ਸਾਰੇ ਸ਼ਰਮਸਾਰ ਹੋਏ, ਸਪੱਸ਼ਟ ਹੈ ਕਿ ਭਾਈ ਬਾਲਾ ਜੀ ਕੇਸਾਧਾਰੀ ਸਨ''।
ਪੰਥ ਦੇ ਪ੍ਰਸਿੱਧ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ 'ਭਾਈ ਬਾਲਾ ਜੀ ਦੇ ਜੀਵਨ ਬਾਰੇ ਲੋਕ ਸਾਹਿਤ ਵਿੱਚ ਵੀ ਅਨੇਕਾਂ ਹਵਾਲੇ ਮਿਲਦੇ ਹਨ।ਸਭ ਤੋਂ ਪਹਿਲਾਂ ਸਿੱਖ ਸੱਭਿਆਚਾਰ ਵਿੱਚ ਉਹ ਕਾਵਿ ਰੂਪ ਹੈ ਜੋ ਪੀੜੀ ਦਰ ਪੀੜੀ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਤੇ ਪ੍ਰਚਾਰਨ ਵਾਲੇ ਮੀਰਾਸੀ ਲੋਕ ਗਾਇਨ ਕਰਦੇ ਸਨ:
ਇਕ ਪਾਸੇ ਬਾਲਾ, ਦੂਜੇ ਪਾਸੇ ਮਰਦਾਨਾ ਏ,
ਇਹਨਾਂ ਦਾ ਪਿਆਰ, ਸਾਰਾ ਜਾਣਦਾ ਜ਼ਮਾਨਾ ਏ।'
ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਾਨੂੰ ਬਹੁਤ ਸਾਰੇ ਕੰਧ-ਚਿੱਤਰ ਅਤੇ ਸਿੱਕੇ ਵੀ ਮਿਲਦੇ ਹਨ,ਜੋ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੀ ਹੋਂਦ ਨੂੰ ਦਰਸਾਉਂਦੇ ਹਨ।ਜਿਸ ਵਿੱਚ ਗੁਰੂ ਨਾਨਕ ਪਤਸ਼ਾਹ ਦੇ ਦੋ ਸਾਥੀ ਹਨ।ਇੱਕ ਪਾਸੇ ਰਬਾਬੀ ਮਰਦਾਨਾ ਜੀ ਦੂਜੇ ਪਾਸੇ ਭਾਈ ਬਾਲਾ ਜੀ ਹਨ। ਭਾਈ ਬਾਲਾ ਜੀ ਦੇ ਹੱਥ ਵਿੱਚ ਮੋਰ ਪੰਖਾਂ ਦਾ 'ਮੋਰਛੜ' ਹੈ।ਇਸ ਨੂੰ 'ਮੋਰ ਪੁੱਛ' ਵੀ ਕਿਹਾ ਜਾਂਦਾ ਹੈ।ਮਹਾਨ ਕੋਸ਼ ਅਨੁਸਾਰ ''ਮੋਰ ਦੀ ਪੂਛ ਦੇ ਲੰਬੇ ਖੰਬਾਂ ਦਾ ਮੁੱਠਾ, ਜੋ ਚੌਰ ਵਾਂਗ ਰਾਜੇ ਅਤੇ ਦੇਵਤਾ ਉਪਰ ਫੇਰੀਦਾ ਹੈ''
ਭਾਈ ਬਾਲਾ ਜੀ ਸਾਰੀ ਉਮਰ ਗੁਰੂ ਜੀ ਦੇ ਸੰਗੀ-ਸਾਥੀ ਰਹੇ। ਉਨ੍ਹਾਂ ਨੇ ਗੁਰੂ ਜੀ ਦੇ ਹਰ ਹੁਕਮ ਨੂੰ ਸਤਿ ਕਰਕੇ ਮੰਨਿਆ। ਗੁਰੂ ਹੁਕਮ ਮੰਨ ਕੇ ਭਾਈ ਬਾਲਾ ਜੀ ਗੁਰੂ ਰੂਪ ਹੀ ਹੋ ਗਏ ਸਨ। ਜਿਥੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਜਾਂਦਾ ਹੈ, ਉਥੇ ਉਨ੍ਹਾਂ ਦੇ ਪਰਮ-ਮਿੱਤਰ ਭਾਈ ਬਾਲਾ ਜੀ ਦਾ ਨਾਮ ਵੀ ਸਦਾ ਲਈ ਅਮਰ ਹੈ।ਡਾ.ਰਤਨ ਸਿੰਘ ਜੱਗੀ ਲਿਖਦੇ ਹਨ ''ਭਾਈ ਸਹਿਬ ਦਾ ਦੇਹਾਂਤ ਖਡੂਰ ਸਾਹਿਬ ਨਾਂ ਦੇ ਕਸਬੇ ਵਿੱਚ 1601 ਬਿ. (1544 ਈ.) ਨੂੰ ਹੋਇਆ।ਗੁਰਦੁਆਰਾ ਤਪਿਆਣਾ ਸਾਹਿਬ ਵਿਚ ਉਨ੍ਹਾਂ ਦਾ ਸਮਾਰਕ ਵੀ ਬਣਿਆ ਹੋਇਆ ਹੈ''
ਡਾ. ਜਸਵਿੰਦਰ ਸਿੰਘ
ਮੋਬਾਇਲ ਨੰ. +65 98951996