ਗ਼ਜ਼ਲ - ਕੇਵਲ ਸਿੰਘ ਨਿਰਦੋਸ਼
ਘਟਾ ਘਨਘੋਰ ਛਾਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ ।
ਕਿਸੇ ਦੀ ਯਾਦ ਆਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ ।
ਵਿਛੋੜੇ ਵਿਚ ਇਉਂ ਤੜਪਾਂ ਬਿਨਾ ਜਲ ਮੀਨ ਜਿਉਂ ਤੜਪੇ ,
ਰਹੀ ਵਿੰਹਦੀ ਲੁਕਾਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ ।
ਬਨੇਰੀਂ ਬਾਲ਼ ਕੇ ਦੀਵੇ ਮੈ ਰੱਖੇ ਦੀਦ ਜਿਸਦੀ ਲਈ ,
ਜ਼ਰਾ ਨਾ ਝਲਕ ਪਾਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ ।
ਨਾ ਖੁੱਲ੍ਹਾ ਗਿਆਨ ਦਾ ਚਖਸ਼ੂ ਹਨੇਰਾ ਦੂਰ ਨਾ ਹੋਇਆ ,
ਗਈ ਬਿਰਥਾ ਪੜ੍ਹਾਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ ।
ਕਿਸੇ ਬਿਰਹੁੰ ‘ਚ ਕੁੱਠੇ ਨੇ ਜਦੋਂ ਕੰਨਾਂ ਤੇ ਹੱਥ ਧਰਕੇ ,
ਗ਼ਮਾਂ ਦੀ ਸੱਦ ਲਾਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ ।
ਜਦੋਂ ਨਿਰਦੋਸ਼ ਉਸਨੇ ਆਣ ਮੇਰੇ ਹੋਂਠ ਨੂੰ ਚੁੰਮਿਆ ,
ਮੁਹੱਬਤ ਮੁਸਕਰਾਈ ਤਾਂ ਅੱਖਾਂ ‘ਚੋਂ ਛਲਕਿਆ ਪਾਣੀ