ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਦੋ ਪਲ ਬਹਿ ਆ ਬਾਤਾਂ ਪਾਈਏ।
ਇਕ ਦੂਜੇ ਦਾ ਦਰਦ ਘਟਾਈਏ।
ਦਿਲ ਦੇ ਮਾਰੂਥਲ ਅੰਦਰ ਕੋਈ,
ਆਸਾ ਵਾਲਾ ਮੀਂਹ ਵਰਾਈਏ।
ਮਨ ਭੌਰਾ ਤੇ ਸਾਹਾਂ ਦੀ ਤਿੱਤਲੀ,
ਖੁੱਲੇ ਵਿਚ ਅਸਮਾਨ ਉਡਾਈਏ।
ਸਾਲਾਂ ਮਗਰੋਂ ਹਾਂ ਕੱਠੇ ਹੋਏ,
ਬਿਨ ਬੋਲੇ ਹੀ ਨਾ ਤੁਰ ਜਾਈਏ।
ਦਿਲ ਅੰਦਰ ਪਲਦੇ ਅਰਮਾਨਾਂ ਨੂੰ,
ਆ ਭਰਨੀ ਪਰਵਾਜ ਸਿਖਾਈਏ।
ਆ ਸਿੱਧੂ ਚਾਅ ਕਰੀਏ ਪੂਰੇ,
ਫਿਰ ਕਿਧਰੇ ਨਾ ਵਿੱਛੜ ਜਾਈਏ