ਇਕ ਯਾਤਰਾ-ਇਕ ਯਾਦ - ਨਿਰਮਲ ਸਿੰਘ ਕੰਧਾਲਵੀ
ਫ਼ਰਵਰੀ 2020 'ਚ ਪੰਜਾਬ ਜਾਣ ਸਮੇਂ ਮੈਂ ਯੂ.ਕੇ. ਤੋਂ ਹੀ ਪੱਕਾ ਮਨ ਬਣਾਇਆ ਕਿ ਪਾਕਿਸਤਾਨ ਜਾ ਕੇ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਹਨ। ਲਾਂਘੇ ਦੇ ਖੁੱਲ੍ਹਣ ਸਮੇਂ ਦੀਆਂ ਤਸਵੀਰਾਂ ਦੇਖ ਕੇ ਅਤੇ ਇਤਿਹਾਸ ਵਿਚ ਪੜ੍ਹਿਆ ਹੋਇਆ ਕਰਤਾਰ ਪੁਰ ਸਾਹਿਬ ਦਾ ਚਿਤਰਣ ਮਨ ਨੂੰ ਧੂਅ ਪਾ ਰਿਹਾ ਸੀ, ਵਿਸ਼ੇਸ਼ ਕਰ ਉਹ ਸਾਖੀ ਜਿਸ ਵਿਚ ਭਾਈ ਲਹਿਣਾ ਜੀ ਦੇ ਬਾਬਾ ਜੀ ਨਾਲ਼ ਮਿਲਾਪ ਦਾ ਜ਼ਿਕਰ ਹੈ ਕਿ ਕਿਵੇਂ ਬਾਬਾ ਜੀ ਘਾਹ ਦੀ ਪੰਡ ਖੇਤਾਂ 'ਚੋਂ ਚੁੱਕੀ ਘਰ ਨੂੰ ਆ ਰਹੇ ਹਨ ਤੇ ਭਾਈ ਲਹਿਣਾ ਜੀ ਘੋੜੇ 'ਤੇ ਚੜ੍ਹੇ ਚੜ੍ਹੇ ਹੀ ਉਹਨਾਂ ਨੂੰ ਨਾਨਕ ਤਪੇ ਦੇ ਘਰ ਦਾ ਰਾਹ ਪੁੱਛਦੇ ਹਨ।ਸਾਖੀਕਾਰ ਨੇ ਬਹੁਤ ਸੁੰਦਰ ਦ੍ਰਿਸ਼ ਖਿੱਚਿਆ ਸੀ ਇਸ ਮਿਲਣੀ ਦਾ।ਜੀ ਕਰਦਾ ਸੀ ਕਿ ਉਡ ਕੇ ਉਸ ਰਾਹ ਦੀ ਧੂੜ ਮਸਤਕ ਨੂੰ ਲਗਾ ਲਈਏ ਭਾਵੇਂ ਕਿ ਪਤਾ ਸੀ ਕਿ ਉਹ ਰਾਹ ਤਾਂ ਸਮੇਂ ਦੇ ਗੇੜ ਨੇ ਆਪਣੇ ਵਿਚ ਕਿਧਰੇ ਸਮੋਅ ਲਿਆ ਹੋਇਆ ਹੈ।
ਪਿੰਡ ਪਹੁੰਚਦਿਆਂ ਸਾਰ ਸਭ ਤੋਂ ਪਹਿਲਾਂ ਫ਼ਾਰਮ ਭਰੇ।ਯਾਦ ਰਹੇ ਕਿ ਕਰਤਾਰ ਪੁਰ ਸਾਹਿਬ ਜਾਣ ਤੋਂ ਪੰਦਰਾਂ ਦਿਨ ਪਹਿਲਾਂ ਈ.ਟੀ.ਏ. ਫ਼ਾਰਮ ਭਰਨਾ ਪੈਂਦਾ ਹੈ।ਫਿਰ ਇਹ ਫ਼ਾਰਮ ਥਾਣੇ ਜਾਂਦਾ ਹੈ ਤੇ ਕੁਝ ਦਿਨਾਂ ਬਾਅਦ ਜਾਂ ਤਾਂ ਥਾਣੇ ਦੇ ਕਿਸੇ ਕਰਿੰਦੇ ਵਲੋਂ ਤੁਹਾਡੇ ਘਰ ਆ ਕੇ ਭਰੇ ਹੋਏ ਫ਼ਾਰਮ ਦੀ ਤਸਦੀਕ ਪੰਚਾਇਤ ਮੈਂਬਰ ਜਾਂ ਨੰਬਰਦਾਰ ਆਦਿ ਦੇ ਸਾਹਮਣੇ ਕੀਤੀ ਜਾਂਦੀ ਹੈ ਜਾਂ ਤੁਹਾਨੂੰ ਥਾਣੇ ਬੁਲਾਇਆ ਜਾਂਦਾ ਹੈ।ਸਾਨੂੰ ਵੀ ਇਕ ਦਿਨ ਥਾਣੇ ਤੋਂ ਫ਼ੋਨ ਆਇਆ ਕਿ ਅਸੀਂ ਕਿਸੇ ਮੁਹਤਬਰ ਸੱਜਣ ਨੂੰ ਨਾਲ਼ ਲੈ ਕੇ ਥਾਣੇ ਪਹੁੰਚੀਏ।ਮਿਥੇ ਦਿਨ 'ਤੇ ਅਸੀਂ ਪੰਚਾਇਤ ਮੈਂਬਰ ਨੂੰ ਨਾਲ਼ ਲੈ ਕੇ ਚਲ ਪਏ।ਕਿਸੇ ਕਾਰਨ ਅਸੀਂ ਦਸ ਕੁ ਮਿੰਟ ਲੇਟ ਹੋ ਗਏ ਤੇ ਰਾਹ ਵਿਚ ਹੀ ਸਾਨੂੰ ਥਾਣੇ ਤੋਂ ਫ਼ੋਨ ਆ ਗਿਆ ਕਿ ਉਹ ਸਾਡੀ ਉਡੀਕ ਕਰ ਰਹੇ ਸਨ।ਅਸੀਂ ਥਾਣੇ ਦੇ ਨਜ਼ਦੀਕ ਹੀ ਸਾਂ।ਦੇਸ ਵਿਦੇਸ਼ ਵਿਚ ਰੋਜ਼ ਹੀ ਸੁਣਦੇ ਹਾਂ ਕਿ ਪੰਜਾਬ ਵਿਚ ਕੋਈ ਕੰਮ ਰਿਸ਼ਵਤ ਦਿਤੇ ਬਿਨਾਂ ਨਹੀਂ ਹੁੰਦਾ ਸੋ ਇਹੀ ਸੋਚਦਿਆਂ ਮੇਰੇ ਮੂੰਹੋਂ ਅਚਾਨਕ ਹੀ ਨਿੱਕਲਿਆ ਕਿ ਉਹ ਸਾਡਾ ਇੰਤਜ਼ਾਰ ਨਹੀਂ ਕਰ ਰਹੇ ਆਪਣੇ 'ਚਾਹ ਪਾਣੀ' ਦਾ ਇੰਤਜ਼ਾਰ ਕਰ ਰਹੇ ਹਨ।
ਕਾਲਜ 'ਚ ਪੜ੍ਹਦਿਆਂ ਬਾਜ਼ਾਰ ਨੂੰ ਜਾਣ ਲਈ ਇਸੇ ਥਾਣੇ ਅੱਗਿਉਂ ਲੰਘਦੇ ਹੁੰਦੇ ਸਾਂ ਪਰ ਅੱਜ ਇਹ ਥਾਣਾ ਪਛਾਣਿਆ ਹੀ ਨਹੀਂ ਸੀ ਜਾ ਰਿਹਾ।ਮੇਨ ਗੇਟ ਅਤੇ ਸੜਕ ਵਿਚਕਾਰ ਗੇਟ ਦੇ ਦੋਵੇਂ ਪਾਸੇ ਦੋ ਕਬਾੜਾ ਟਰੱਕ ਖੜ੍ਹੇ ਕੀਤੇ ਹੋਏ ਸਨ।ਲਗਦਾ ਸੀ ਕਿ ਹਾਦਸਿਆਂ ਤੋਂ ਬਾਅਦ ਇਹਨਾਂ ਦੇ ਮਾਲਕ ਕੇਸ ਤੋਂ ਡਰਦਿਆਂ ਸਾਹਮਣੇ ਨਹੀਂ ਆਏ ਤੇ ਜਾਂ ਫਿਰ ਕਾਗਜ਼ ਪੱਤਰ ਨਾ ਹੋਣ ਕਰਕੇ ਪੁਲਿਸ ਮਾਲਕਾਂ ਦਾ ਪਤਾ ਨਹੀਂ ਲਗਾ ਸਕੀ ਤੇ ਇਹ ਹੁਣ ਥਾਣੇ ਦਾ 'ਸ਼ਿੰਗਾਰ' ਬਣੇ ਹੋਏ ਸਨ।ਬਿਨਾਂ ਦਸਤਾਵੇਜ਼ਾਂ ਤੋਂ ਇਹੋ ਜਿਹੇ ਹਜ਼ਾਰਾਂ ਵਾਹਨ ਪੰਜਾਬ ਦੀਆਂ ਸੜਕਾਂ 'ਤੇ ਦਨਦਨਾਉਂਦੇ ਫਿਰਦੇ ਹਨ।ਸਭ ਕੁਝ 'ਉੱਪਰਲਿਆਂ' ਦੇ ਆਸਰੇ ਚਲਦਾ ਹੈ।
ਗੇਟ ਦੇ ਅੰਦਰ ਵੜਦਿਆਂ ਹੀ ਖੱਬੇ ਹੱਥ ਇਕ ਕਮਰਾ ਸੀ ਜੋ ਪਹਿਲਾਂ ਨਹੀਂ ਸੀ ਹੁੰਦਾ।ਬਾਹਰ ਪੁਲਸ ਦਾ ਇਕ ਸਿਪਾਹੀ ਥਰੀ-ਨਟ-ਥਰੀ ਦੀ ਘਸੀ ਜਿਹੀ ਰਾਇਫਲ ਲੱਕ ਨੂੰ ਬੰਨ੍ਹੀਂ ਬੈਠਾ ਸੀ। ਅਸੀਂ ਉਸ ਨੂੰ ਆਉਣ ਦਾ ਮਕਸਦ ਦੱਸਿਆ ਤੇ ਉਸ ਨੇ ਕਮਰੇ ਵਲ ਇਸ਼ਾਰਾ ਕਰ ਦਿਤਾ।ਅੰਦਰ ਗਏ ਤਾਂ ਖ਼ਾਕੀ ਵਰਦੀ ਦੀ ਬਜਾਇ ਸਿਵਲ ਕੱਪੜਿਆਂ 'ਚ ਇਕ ਕਰਮਚਾਰੀ ਬੈਠਾ ਸੀ। ਦੁਆ ਸਲਾਮ ਕੀਤੀ।ਉਹ ਧਰਮ ਰਾਜ ਵਾਂਗ ਸਾਡਾ ਖਾਤਾ ਪਹਿਲਾਂ ਹੀ ਖੋਲ੍ਹੀ ਬੈਠਾ ਸੀ।ਅਸੀਂ ਆਪਣੇ ਪਾਸਪੋਰਟ ਉਸ ਦੇ ਸਾਹਮਣੇ ਰੱਖ ਦਿਤੇ ਤੇ ਉਸਨੇ ਵਾਰੀ ਵਾਰੀ ਸਾਡੀਆਂ ਦਰਖ਼ਾਸਤਾਂ 'ਤੇ ਲੱਗੀਆਂ ਫ਼ੋਟੋਆਂ ਪਾਸਪੋਰਟਾਂ ਨਾਲ਼ ਮਿਲਾ ਕੇ ਸਾਡੇ ਫ਼ੋਨ ਨੰਬਰ ਵੀ ਨੋਟ ਕਰ ਲਏ ਤੇ ਦੋ ਤਿੰਨ ਥਾਵਾਂ 'ਤੇ ਸਾਡੇ ਦਸਤਖ਼ਤ ਕਰਵਾ ਕੇ ਸਾਰੀ ਕਾਰਵਾਈ ਪੂਰੀ ਕਰ ਦਿਤੀ।ਮੈਂ ਹੁਣ ਕਦੇ ਉਸ ਵਲ ਤੇ ਕਦੀ ਪੰਚਾਇਤ ਮੈਂਬਰ ਵਲ ਵੇਖ ਰਿਹਾ ਸਾਂ ਕਿ 'ਚਾਹ-ਪਾਣੀ' ਭੇਂਟ ਕਰਨ ਦਾ ਇਸ਼ਾਰਾ ਕਿਹੜੇ ਪਾਸਿਉਂ ਆਉਂਦਾ ਹੈ ਪਰ ਕੋਈ ਇਸ਼ਾਰਾ ਨਾ ਹੋਇਆ ਤੇ ਉਸ ਮੁਲਾਜ਼ਮ ਨੇ ਕਾਗਜ਼-ਪੱਤਰ ਇਕੱਠੇ ਕਰ ਕੇ ਸਾਨੂੰ ਇਸ਼ਾਰਾ ਕਰ ਦਿਤਾ ਕਿ ਅਸੀਂ ਜਾ ਸਕਦੇ ਸਾਂ ਤੇ ਅਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਬਾਹਰ ਆ ਗਏ।
ਅਸੀਂ ਫ਼ਾਰਮਾਂ 'ਤੇ ਕਰਤਾਰ ਪੁਰ ਸਾਹਿਬ ਜਾਣ ਦੀ ਤਰੀਕ 28 ਫ਼ਰਵਰੀ ਭਰੀ ਹੋਈ ਸੀ। 28 ਤਰੀਕ ਵਿਚ ਹੁਣ ਭਾਵੇਂ ਤਿੰਨ ਚਾਰ ਦਿਨ ਹੀ ਬਾਕੀ ਸਨ ਪਰ ਇਹ ਤਿੰਨ ਚਾਰ ਦਿਨ ਵੀ ਮੁੱਕਣ ਵਿਚ ਨਹੀਂ ਸਨ ਆ ਰਹੇ।ਮਨ ਦੀ ਬਿਹਬਲਤਾ ਦਿਨੋਂ ਦਿਨ ਵਧਦੀ ਜਾ ਰਹੀ ਸੀ। ਆਖ਼ਿਰ ਉਹ ਦਿਨ ਵੀ ਆ ਗਿਆ।ਅਸੀਂ ਆਪ ਕਾਰ ਚਲਾਉਣ ਨਾਲੋਂ ਠੀਕ ਸਮਝਿਆ ਕਿ ਡਰਾਈਵਰ ਬੁੱਕ ਕਰ ਲਿਆ ਜਾਵੇ।
28 ਤਰੀਕ ਨੂੰ ਸਵੇਰੇ ਸਾਢੇ ਛੇ ਵਜੇ ਅਸੀਂ ਘਰੋਂ ਤੁਰ ਪਏ।ਇਕ ਰਾਤ ਪਹਿਲਾਂ ਹੀ ਲੋੜੀਂਦੇ ਕਾਗਜ਼-ਪੱਤਰ ਅਤੇ ਪਾਸਪੋਰਟ ਆਦਿ ਚੈੱਕ ਕਰ ਕੇ ਕਾਰ ਵਿਚ ਰੱਖ ਲਏ। ਪਿਤਾ ਜੀ ਹਮੇਸ਼ਾ ਨਸੀਹਤ ਕਰਿਆ ਕਰਦੇ ਸਨ ਕਿ ਬਾਹਰ ਜਾਣ ਤੋਂ ਪਹਿਲਾਂ ਲੋੜੀਂਦੇ ਕਾਗਜ਼- ਪੱਤਰ, ਨਕਦੀ, ਬਟੂਆ ਆਦਿ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਚਾਹੀਦੇ ਹਨ।ਮੈਨੂੰ ਯੂ.ਕੇ. ਦੇ ਇਕ ਪਰਵਾਰ ਦੀ ਕਹਾਣੀ ਵੀ ਯਾਦ ਸੀ ਜਦੋਂ ਹੀਥਰੋ ਏਅਰਪੋਰਟ ਨੂੰ ਜਾਂਦਿਆਂ ਅੱਧ ਵਿਚ ਜਾ ਕੇ ਉਹਨਾਂ ਨੂੰ ਯਾਦ ਆਇਆ ਸੀ ਕਿ ਪਾਸਪੋਰਟਾਂ ਵਾਲ਼ਾ ਬੈਗ ਤਾਂ ਸੋਫ਼ੇ 'ਤੇ ਹੀ ਪਿਆ ਰਹਿ ਗਿਆ ਸੀ।
ਸਵੇਰ ਦੇ ਸਫ਼ਰ ਦਾ ਅਜੀਬ ਹੀ ਨਜ਼ਾਰਾ ਸੀ।ਚਾਰੇ ਪਾਸੇ ਹਰੀਆਂ ਕਚੂਰ ਕਣਕਾਂ ਦੀ ਹਰਿਆਲੀ ਅੱਖਾਂ ਨੂੰ ਤਾਜ਼ਗੀ ਬਖ਼ਸ਼ ਰਹੀ ਸੀ।ਪਿੰਡਾਂ 'ਚੋਂ ਬਾਹਰ ਖੇਤਾਂ 'ਚ ਉੱਸਰੀਆਂ ਹੋਈਆਂ ਕੋਠੀਆਂ ਤਾਜ ਮਹਿਲ ਨੂੰ ਮਾਤ ਪਾਉਂਦੀਆਂ ਸਨ।ਇਹਨਾਂ ਕੋਠੀਆਂ 'ਚ ਵਸਣ ਵਾਲ਼ਿਆਂ ਨੇ ਆਪਣੇ ਸ਼ੌਕ ਅਨੁਸਾਰ ਮੰਮਟੀਆਂ ਉੱਪਰ ਪਾਣੀ ਦੀਆਂ ਟੈਂਕੀਆਂ ਨੂੰ ਵੱਖੋ ਵੱਖਰੇ ਰੂਪ ਦਿਤੇ ਹੋਏ ਸਨ ਕਿਸੇ ਨੇ ਟਰੈਕਟਰ, ਕਿਸੇ ਨੇ ਘੋੜਾ, ਕਿਸੇ ਨੇ ਹਵਾਈ ਜਹਾਜ਼ ਤੇ ਕਿਸੇ ਨੇ ਬਲਦ ਦਾ ਬੁੱਤ ਬਣਵਾਇਆ ਹੋਇਆ ਸੀ।ਮਾਝੇ ਦੀ ਧਰਤੀ ਦਾ ਆਨੰਦ ਮਾਣਦੇ ਅਸੀਂ ਪੌਣੇ ਕੁ ਨੌਂ ਵਜੇ ਡੇਰਾ ਬਾਬਾ ਨਾਨਕ ਪਹੁੰਚ ਗਏ।ਕਾਰ ਪਾਰਕ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਵਲੋਂ ਦੋ ਵਾਰੀ ਸਾਡੇ ਈ.ਟੀ.ਏ. ਫ਼ਾਰਮ ਚੈੱਕ ਕੀਤੇ ਗਏ। ਕਾਰ ਪਾਰਕ ਵਿਚ ਗੱਡੀ ਖੜ੍ਹੀ ਕਰ ਕੇ ਤੇ ਡਰਾਈਵਰ ਨੂੰ ਜ਼ਰੂਰੀ ਹਦਾਇਤਾਂ ਦੇ ਕੇ ਅਸੀਂ ਮੁੱਖ ਕੰਪਲੈਕਸ ਵਲ ਵਧੇ।ਉਸਾਰੀ ਦਾ ਕੰਮ ਚਲ ਰਿਹਾ ਸੀ। ਮੁੱਖ ਦੁਆਰ ਦਾ ਡੀਜ਼ਾਈਨ ਬਾਜ਼ ਦੇ ਖਿੱਲਰੇ ਹੋਏ ਖੰਭਾਂ ਵਰਗਾ ਬਣਾਇਆ ਗਿਆ ਸੀ।ਚਾਰੇ ਪਾਸੇ ਮਸ਼ੀਨਰੀ ਦਾ ਸ਼ੋਰ ਸ਼ਰਾਬਾ ਸੀ। ਅਗਾਂਹ ਲੰਘ ਕੇ ਅਸੀਂ ਇੰਮੀਗ੍ਰੇਸ਼ਨ ਬਿਲਡਿੰਗ ਵਿਚ ਦਾਖ਼ਲ ਹੋਏ।ਕਸਟਮ ਵਾਲ਼ੇ ਕਰਮਚਾਰੀ ਨੇ ਈ.ਟੀ.ਏ. ਫ਼ਾਰਮ ਦੇਖੇ ਤੇ ਸਾਨੂੰ ਪੁੱਛਿਆ ਕਿ ਸਾਡੇ ਪਾਸ ਕਰੰਸੀ ਕਿਤਨੀ ਸੀ ਤੇ ਬੈਗ ਕਿਤਨੇ ਸਨ॥ਪਾਸਪੋਰਟ ਵਿਗੈਰਾ ਚੈੱਕ ਕਰਨ ਦਾ ਸਿਸਟਮ ਉਹੀ ਸੀ ਜੋ ਹਵਾਈ ਅੱਡਿਆਂ 'ਤੇ ਹੁੰਦਾ ਹੈ।ਜਿਵੇਂ ਭਾਰਤ ਦੇ ਹਵਾਈ ਅੱਡਿਆਂ 'ਤੇ ਇੰਮੀਗ੍ਰੇਸ਼ਨ ਸਟਾਫ਼ ਡੁੰਨ-ਵੱਟਾ ਜਿਹਾ ਬਣ ਕੇ ਬੈਠਾ ਹੁੰਦਾ ਹੈ, ਚਿਹਰੇ 'ਤੇ ਕੋਈ ਮੁਸਕਰਾਹਟ ਨਹੀਂ ਹੁੰਦੀ, ਜੀ ਆਇਆਂ ਨੂੰ, ਵੈੱਲਕਮ ਜਾਂ ਸਵਾਗਤਮ ਕਹਿਣਾ ਤਾਂ ਦੂਰ ਦੀ ਗੱਲ ਹੈ।ਸ਼ਾਇਦ ਅਜਿਹਾ ਵਤੀਰਾ ਉਹਨਾਂ ਦੀ ਸਿਖਲਾਈ ਦਾ ਹਿੱਸਾ ਹੁੰਦਾ ਹੋਵੇ।ਇਥੇ ਵੀ ਅਜਿਹਾ ਹੀ ਸਟਾਫ਼ ਦੇਖਣ ਨੂੰ ਮਿਲਿਆ।ਅਗਾਂਹ ਹੋਏ ਤਾਂ ਇਕ ਔਰਤ ਕਰਮਚਾਰੀ ਨੇ ਸਾਡੇ ਮੂੰਹ 'ਚ ਦੋ ਦੋ ਬੂੰਦਾਂ ਦਵਾਈ ਦੀਆਂ ਪਾ ਦਿਤੀਆਂ। ਪੁੱਛਣ 'ਤੇ ਦੱਸਿਆ ਗਿਆ ਕਿ ਇਹ ਪੋਲੀਓ ਤੋਂ ਬਚਾਉ ਲਈ ਹਨ।ਉਸ ਦੇ ਨਾਲ਼ ਦੇ ਸਾਥੀ ਨੇ ਸਾਡੇ ਈ.ਟੀ.ਏ. ਫ਼ਾਰਮਾਂ 'ਤੇ ਮੋਹਰ ਲਗਾ ਦਿਤੀ ਤੇ ਅਸੀਂ ਬਾਹਰ ਆ ਕੇ ਈ-ਰਿਕਸ਼ੇ 'ਚ ਬੈਠ ਕੇ ਜ਼ੀਰੋ ਪੁਆਇੰਟ 'ਤੇ ਪਹੁੰਚ ਗਏ।
ਭਾਰਤ ਤੇ ਪਾਕਿਸਤਾਨ ਵਲ ਦੇ ਪਾਸੇ ਆਦਮ-ਕੱਦ ਗੇਟ ਬਣੇ ਹੋਏ ਹਨ ਤੇ ਵਿਚਕਾਰਲੀ ਚਿੱਟੀ ਲਾਈਨ ਨੇ ਦੁਨੀਆਂ ਦੀ ਸਭ ਤੋਂ ਜ਼ਰਖੇਜ਼ ਧਰਤੀ ਦੀ ਹਿੱਕ ਵਿਚ ਖੰਜਰ ਖੁਭੋਇਆ ਹੋਇਆ ਹੈ, ਜਿਸ ਨੂੰ ਰੈਡਕਲਿਫ਼ ਲਾਈਨ ਵੀ ਕਿਹਾ ਜਾਂਦਾ ਹੈ। ਇਸ ਲਾਈਨ ਨੂੰ ਵਾਹੁਣ ਵਾਲ਼ਾ ਇਕ ਅੰਗਰੇਜ਼, ਸਿਰਿਲ ਰੈਡਕਲਿਫ਼ ਨਾਮ ਦਾ ਗੋਰਾ ਵਕੀਲ ਸੀ ਜਿਸ ਨੂੰ ਬਰਤਾਨੀਆ ਸਰਕਾਰ ਨੇ ਪੰਜਾਬ ਅਤੇ ਬੰਗਾਲ ਨੂੰ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਸੀ।ਇਤਿਹਾਸ ਦੱਸਦਾ ਹੈ ਕਿ ਇਸ ਅੰਗਰੇਜ਼ ਨੇ ਪੈਰਸ ਤੋਂ ਅਗਾਂਹ ਕਦੀ ਕਦਮ ਨਹੀਂ ਸੀ ਰੱਖਿਆ ਤੇ ਬਰਤਾਨਵੀ ਸਰਕਾਰ ਨੇ ਇਸ ਨੂੰ ਚਾਰ ਹਜ਼ਾਰ ਮੀਲ ਦੂਰ ਉਸ ਦੇਸ਼ ਦੇ ਭੂ-ਖੰਡ ਦੇ ਟੋਟੇ ਕਰਨ ਲਈ ਭੇਜਿਆ ਜਿਥੋਂ ਦੀਆਂ ਭੂਗੋਲਿਕ ਸਥਿਤੀਆਂ, ਧਰਮਾਂ ਤੇ ਲੋਕਾਂ ਦੇ ਸੱਭਿਆਚਾਰਾਂ ਬਾਰੇ ਉਹ ਉੱਕਾ ਹੀ ਕੁਝ ਨਹੀਂ ਸੀ ਜਾਣਦਾ।ਤੇ ਉੱਪਰੋਂ ਏਨਾ ਵੱਡਾ ਕਾਰਜ ਕਰਨ ਲਈ ਉਸ ਨੂੰ ਸਿਰਫ਼ ਪੰਜ ਹਫ਼ਤੇ ਦਾ ਸਮਾਂ ਦਿਤਾ ਗਿਆ।ਗਰਮੀ ਦਾ ਮੌਸਮ ਸੀ।ਵੇਲਜ਼ ਦੇ ਠੰਢੇ ਪਹਾੜਾਂ ਦਾ ਵਸਨੀਕ ਰੈਡਕਲਿਫ਼ ਏਨੀ ਗਰਮੀ ਕਿਵੇਂ ਬਰਦਾਸ਼ਤ ਕਰ ਸਕਦਾ ਸੀ।ਦੱਸਿਆ ਜਾਂਦਾ ਹੈ ਕਿ ਉਸ ਨੇ ਬੰਗਾਲ ਅਤੇ ਪੰਜਾਬ ਦੇ ਨਕਸ਼ੇ ਮੇਜ਼ 'ਤੇ ਰੱਖ ਕੇ ਲਕੀਰਾਂ ਖਿੱਚ ਦਿਤੀਆਂ ਤੇ ਬਟਵਾਰਾ ਕਰ ਦਿਤਾ।
ਅਸਲੀਅਤ ਇਹ ਸੀ ਕਿ ਦੂਜੀ ਸੰਸਾਰ ਜੰਗ ਨੇ ਅੰਗਰੇਜ਼ਾਂ ਨੂੰ ਆਰਥਿਕ ਤੌਰ 'ਤੇ ਝੰਬ ਸੁੱਟਿਆ ਸੀ ਤੇ ਉਹ ਭਾਰਤ ਵਿਚੋਂ ਜਲਦੀ ਤੋਂ ਜਲਦੀ ਕੂਚ ਕਰਨਾ ਚਾਹੁੰਦੇ ਸਨ।ਉਹ ਭਾਰਤ ਨੂੰ ਇੰਜ ਸੁੱਟ ਕੇ ਭੱਜ ਜਾਣਾ ਚਾਹੁੰਦੇ ਸਨ ਜਿਵੇਂ ਸਾਡੇ ਪਿੰਡ ਦੀ ਤਾਈ ਸ਼ਾਮੋ ਨੇ ਛਲੇਡਾ ਸੁੱਟਿਆ ਸੀ। ਤਾਈ ਚਟਖ਼ਾਰੇ ਲਾ ਲਾ ਕੇ ਇਹ ਕਥਾ ਸੁਣਾਉਂਦੀ ਹੁੰਦੀ ਸੀ ਕਿ ਇਕ ਵਾਰੀ ਉਹ ਪੇਕਿਆਂ ਨੂੰ ਜਾਂਦੀ ਪਈ ਸੀ ਤੇ ਰਾਹ ਦੇ ਕੰਢੇ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਈ।ਉਸ ਨੇ ਦੇਖਿਆ ਕਿ ਆਲੇ ਦੁਆਲੇ ਚਿੰਦਾ ਨਾ ਪਰਿੰਦਾ ਤੇ ਉੱਪਰੋਂ ਸਿਖਰ ਦੁਪਹਿਰਾ। ਉਸ ਦੇ ਆਪਣੇ ਕੋਈ ਔਲਾਦ ਨਹੀਂ ਸੀ ਸੋ ਉਸ ਨੇ ਬੱਚਾ ਚੁੱਕ ਲਿਆ।ਥੋੜ੍ਹੀ ਦੂਰ ਗਈ ਤਾਂ ਬੱਚਾ ਉਸ ਨੂੰ ਭਾਰਾ ਲੱਗਣ ਲੱਗ ਪਿਆ ਤੇ ਫੇਰ ਬੱਚੇ ਦਾ ਭਾਰ ਪਲ ਪਲ ਵਧਣ ਲੱਗ ਪਿਆ ਤੇ ਤਾਈ ਸਮਝ ਗਈ ਕਿ ਇਹ ਤਾਂ ਛਲੇਡਾ ਸੀ। ਤਾਈ ਨੇ ਬੱਚਾ ਪਰ੍ਹਾਂ ਵਗਾਹ ਮਾਰਿਆ ਤੇ ਹਫ਼ਦੀ ਹੋਈ ਪਿੰਡ ਪਹੁੰਚੀ। ਸੋ ਪਾਠਕੋ! ਅੰਗਰੇਜ਼ ਲਈ ਵੀ ਹੁਣ ਭਾਰਤ ਛਲੇਡੇ ਵਾਂਗ ਭਾਰਾ ਹੋ ਗਿਆ ਸੀ ਤੇ ਉਹ ਜਲਦੀ ਤੋਂ ਜਲਦੀ ਇਸ ਨੂੰ ਸੁੱਟ ਕੇ ਭੱਜ ਜਾਣਾ ਚਾਹੁੰਦੇ ਸਨ।ਇਸੇ ਕਰ ਕੇ ਹੀ ਉਹਨਾਂ ਨੇ ਇਸ ਵੰਡ ਦੇ ਨਤੀਜਿਆਂ ਦੀ ਪਰਵਾਹ ਕੀਤੇ ਬਿਗ਼ੈਰ ਝੱਟ ਪੱਟ ਫ਼ੈਸਲਾ ਕਰ ਲਿਆ ਤੇ ਉਧਰ ਨਵੇਂ ਬਣਨ ਵਾਲੇ ਦੋਨਾਂ ਮੁਲਕਾਂ ਦੇ ਲੀਡਰ ਨਵੀਆਂ ਅਚਕਨਾਂ ਪਹਿਨ ਕੇ ਕੁਰਸੀਆਂ 'ਤੇ ਬਿਰਾਜਮਾਨ ਹੋਣ ਲਈ ਕਾਹਲ਼ੇ ਸਨ। ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਮਾਰੇ ਗਏ, ਲੱਖਾਂ ਜ਼ਖ਼ਮੀ ਹੋਏ, ਹਜ਼ਾਰਾਂ ਔਰਤਾਂ ਉਧਾਲ਼ੀਆਂ ਗਈਆਂ ਤੇ ਉਹਨਾਂ ਨਾਲ਼ ਬਲਾਤਕਾਰ ਹੋਏ। ਲੱਖਾਂ ਲੋਕ ਜ਼ਮੀਨਾਂ ਜਾਇਦਾਦਾਂ ਛੱਡ ਕੇ ਰਫ਼ਿਊਜੀ ਬਣੇ ਤੇ ਆਉਣ ਵਾਲੇ ਕਈ ਦਹਾਕਿਆਂ ਤੱਕ ਇਸ ਬਟਵਾਰੇ ਦਾ ਸੰਤਾਪ ਹੰਢਾਉਂਦੇ ਰਹੇ।
ਜ਼ੀਰੋ ਲਾਈਨ ਨੂੰ ਪਾਰ ਕਰਦਿਆਂ ਮੇਰੇ ਸਾਰੇ ਸਰੀਰ ਵਿਚ ਇਕ ਝੁਣਝੁਣੀ ਜਿਹੀ ਛਿੜ ਗਈ।ਮੈਂ ਕੁਝ ਸਕਿੰਟ ਅੱਖਾਂ ਬੰਦ ਕਰ ਕੇ ਬਟਵਾਰੇ ਦੇ ਦੈਂਤ ਵਲੋਂ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਫਿਰ ਫੁੱਲਾਂ ਦੀ ਕਿਆਰੀ 'ਚੋਂ ਬਾਬੇ ਨਾਨਕ ਦੀ ਧਰਤੀ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਈ।
ਪਾਕਿਸਤਾਨੀ ਈ-ਰਿਕਸ਼ੇ ਸਾਨੂੰ ਉਸ ਜਗ੍ਹਾ 'ਤੇ ਲੈ ਗਏ ਜਿੱਥੇ ਫ਼ੀਸ ਜਮ੍ਹਾਂ ਕਰਵਾਈ ਜਾਂਦੀ ਹੈ।ਇਸ ਤੋਂ ਪਹਿਲਾਂ ਕਿ ਅਸੀਂ ਫ਼ੀਸ ਜਮ੍ਹਾਂ ਕਰਵਾਉਂਦੇ, ਸਾਡਾ ਟੈਂਪਰੇਚਰ ਚੈੱਕ ਕੀਤਾ ਗਿਆ ਕਿਉਂਕਿ ਕਰੋਨਾ ਵਾਇਰਸ ਦਾ ਰੌਲ਼ਾ ਕਾਫ਼ੀ ਪਿਆ ਹੋਇਆ ਸੀ। ਨਵੰਬਰ 'ਚ ਲਾਂਘਾ ਖੁੱਲ੍ਹਣ ਵੇਲੇ ਖ਼ਬਰਾਂ ਸਨ ਕਿ ਡਾਲਰਾਂ 'ਚ ਫ਼ੀਸ ਜਮ੍ਹਾਂ ਕਰਵਾਉਣ ਵਾਲ਼ਿਆਂ ਨੂੰ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪੈਂਦਾ। ਮੈਂ ਇਸੇ ਕਰ ਕੇ ਆਪਣੇ ਨਾਲ਼ ਯੂ.ਕੇ. ਤੋਂ ਹੀ ਡਾਲਰ ਲੈ ਆਇਆ ਸਾਂ। ਪਰ ਅੱਜ ਤਾਂ ਯਾਤਰੀ ਹੀ ਬਹੁਤ ਥੋੜ੍ਹੇ ਸਨ ਸੋ ਕੋਈ ਦਿੱਕਤ ਨਹੀਂ ਸੀ।ਵੈਸੇ ਵੀ ਅਸੀਂ ਕਾਫ਼ੀ ਸੁਵਖਤੇ ਹੀ ਪਹੁੰਚ ਗਏ ਸਾਂ।ਪਾਕਿਸਤਾਨੀ ਸਟਾਫ਼ ਦਾ ਵਤੀਰਾ ਬਹੁਤ ਵਧੀਆ ਸੀ।ਬੜੇ ਸਤਿਕਾਰ ਨਾਲ਼ ਸਰਦਾਰ ਜੀ ਕਹਿ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਸਨ।ਸਾਹਮਣੇ ਹੀ ਬਹੁਤ ਵੱਡੀ ਪਾਰਕ ਸੀ ਜਿਸ ਵਿਚ ਸ੍ਰੀ ਸਾਹਿਬ ਦਾ ਬਹੁਤ ਮਨਮੋਹਣਾ ਮਾਡਲ ਬਣਾਇਆ ਹੋਇਆ ਸੀ।ਰਸੀਦਾਂ ਲੈ ਕੇ ਫਿਰ ਅਸੀਂ ਇੰਮੀਗ੍ਰੇਸ਼ਨ ਬਿਲਡਿੰਗ 'ਚ ਦਾਖ਼ਲ ਹੋਏ।ਸਾਡੇ ਪਾਸਪੋਰਟ ਅਤੇ ਫ਼ੀਸ ਦੀ ਰਸੀਦ ਦੇਖੀ ਗਈ। ਪਾਸਪੋਰਟਾਂ 'ਤੇ ਮੋਹਰ ਨਹੀਂ ਲਗਾਈ ਜਾਂਦੀ।ਭਾਰਤ ਵਿਚ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਜੇ ਪਾਸਪੋਰਟ 'ਤੇ ਪਾਕਿਸਤਾਨ ਦੀ ਮੋਹਰ ਲੱਗ ਜਾਵੇ ਤਾਂ ਹੋਰ ਕਈ ਮੁਲਕਾਂ ਵਿਚ ਜਾਣ ਵੇਲੇ ਪਰੇਸ਼ਾਨੀ ਹੋ ਸਕਦੀ ਹੈ।ਸ਼ਾਇਦ ਇਸੇ ਕਰ ਕੇ ਹੀ ਭਾਰਤ 'ਚੋਂ ਬਹੁਤ ਘੱਟ ਨੌਜੁਆਨ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ।ਮੈਂ ਪਾਠਕਾਂ ਨਾਲ਼ ਇਹ ਤਜਰਬਾ ਵੀ ਸਾਂਝਾ ਕਰਦਾ ਜਾਵਾਂ ਕਿ ਭਾਵੇਂ ਪਾਕਿਸਤਾਨੀ ਇੰਮੀਗ੍ਰੇਸ਼ਨ ਵਲੋਂ ਤੁਹਾਡੇ ਪਾਸਪੋਰਟ 'ਤੇ ਮੋਹਰ ਨਹੀਂ ਲਗਾਈ ਜਾਂਦੀ ਪਰ ਤੁਹਾਡੀ ਯਾਤਰਾ ਦੀ ਜਾਣਕਾਰੀ ਭਾਰਤੀ ਇੰਮੀਗ੍ਰੇਸ਼ਨ ਦੇ ਕੰਪਿਊਟਰ 'ਤੇ ਪਹਿਲਾਂ ਹੀ ਦਰਜ ਹੋ ਚੁੱਕੀ ਹੁੰਦੀ ਹੈ।ਇਸ ਦਾ ਤਜਰਬਾ ਮੈਨੂੰ ਯੂ.ਕੇ. ਵਾਪਸੀ ਵੇਲੇ ਦਿੱਲੀ ਏਅਰਪੋਰਟ 'ਤੇ ਹੋਇਆ ਜਦੋਂ ਇੰਮੀਗ੍ਰੇਸ਼ਨ ਅਫ਼ਸਰ ਨੇ ਮੈਨੂੰ ਕਰਤਾਰ ਪੁਰ ਸਾਹਿਬ ਜਾਣ ਬਾਰੇ ਏਸ ਲਹਿਜ਼ੇ 'ਚ ਪੁੱਛਿਆ ਜਿਵੇਂ ਕਿ ਉੱਥੇ ਜਾ ਕੇ ਮੈਂ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ।ਦਿਲ ਤਾਂ ਕੀਤਾ ਕਿ ਇਸ ਤਰ੍ਹਾਂ ਦੇ ਘਟੀਆ ਲਹਿਜ਼ੇ 'ਚ ਪੁੱਛਣ ਦਾ ਕਾਰਨ ਪਤਾਂ ਕਰਾਂ, ਫਿਰ ਸੋਚਿਆ ਕਿ ਇਹ ਮੌਕੇ ਦਾ ਅਫ਼ਸਰ ਹੈ, ਮੇਰੇ ਲਈ ਕੋਈ ਹੋਰ ਔਕੜ ਖੜ੍ਹੀ ਕਰ ਸਕਦਾ ਹੈ, ਤੇ ਉੱਪਰੋਂ ਕਰੋਨਾ ਵਾਇਰਸ ਦੀ ਦਹਿਸ਼ਤ ਕਰ ਕੇ ਫ਼ਲਾਈਟਾਂ ਬੰਦ ਹੋਣ ਦੀਆਂ ਅਫ਼ਵਾਹਾਂ ਗਰਮ ਸਨ, ਸੋ ਸਬਰ ਦਾ ਘੁੱਟ ਪੀਣਾ ਪਿਆ।
ਖ਼ੈਰ ਮੁੜਦੇ ਹਾਂ ਫਿਰ ਕਰਤਾਰ ਪੁਰ ਸਾਹਿਬ ਦੀ ਯਾਤਰਾ ਵਲ।ਪਾਕਿਸਤਾਨ ਇੰਮੀਗ੍ਰੇਸ਼ਨ ਵਾਲ਼ਿਆਂ ਨੇ ਸਾਨੂੰ ਸਭ ਨੂੰ ਪੀਲ਼ੇ ਰੰਗ ਦੇ ਯਾਤਰਾ-ਪਾਸ ਦੇ ਦਿਤੇ ਤੇ ਅਸੀਂ ਬਾਹਰ ਖੜ੍ਹੀ ਬੱਸ ਵਿਚ ਬੈਠ ਗਏ ਜਿਸ ਨੇ ਸਾਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਾ ਸੀ।ਬੱਸ ਵਿਚੋਂ ਬਾਹਰ ਝਾਤੀ ਮਾਰਿਆਂ ਸਾਨੂੰ ਬਿਲਕੁਲ ਨਹੀਂ ਸੀ ਲੱਗ ਰਿਹਾ ਕਿ ਅਸੀਂ ਪਾਕਿਸਤਾਨ ਵਿਚ ਸਾਂ।ਚੜ੍ਹਦੇ ਪੰਜਾਬ ਵਰਗੇ ਹੀ ਖੇਤ, ਵੱਟਾਂ, ਬੰਨੇ ਤੇ ਦਰਖਤ ਆਦਿ।ਥੋੜ੍ਹੀ ਥੋੜ੍ਹੀ ਦੂਰ 'ਤੇ ਬਣੇ ਹੋਏ ਵਾਚ-ਟਾਵਰਾਂ 'ਤੇ ਲੱਗੇ ਹੋਏ ਪਾਕਿਸਤਾਨੀ ਝੰਡੇ ਹੀ ਦਰਸਾਉਂਦੇ ਸਨ ਕਿ ਅਸੀਂ ਪਾਕਿਸਤਾਨ ਵਿਚ ਸਾਂ।ਫਿਰ ਖ਼ਿਆਲ ਆਇਆ ਕਿ ਮਨਾਂ ਤੂੰ ਪੰਜਾਬ ਵਿਚ ਹੀ ਏਂ, ਕੀ ਹੋਇਆ ਜੇ ਪੰਜਾਬ ਦਾ ਇਹ ਟੋਟਾ ਅੱਜ ਪਾਕਿਸਤਾਨ ਵਿਚ ਏ, ਹੈ ਤਾਂ ਪੰਜਾਬ ਹੀ।ਜੇ ਜਰਮਨੀ ਦੀ ਦੀਵਾਰ ਢਹਿ ਸਕਦੀ ਏ ਤਾਂ ਕੀ ਪਤਾ ਕਦੇ ਇਹ ਹੱਦਾਂ ਸਰਹੱਦਾਂ ਵੀ ਢਹਿ ਜਾਣ।ਮਨ ਬਹੁਤ ਭਾਵੁਕ ਹੋ ਗਿਆ ਸੀ।
ਏਨੀ ਦੇਰ ਨੂੰ ਰਾਵੀ ਦਰਿਆ ਆ ਗਿਆ।ਕੁਝ ਯਾਤਰੀ ਦੂਸਰਿਆਂ ਨੂੰ ਦੱਸ ਰਹੇ ਸਨ ਕਿ ਇਹ ਰਾਵੀ ਦਰਿਆ ਹੈ।ਦਰਿਆ ਉੱਪਰ ਬੜਾ ਸ਼ਾਨਦਾਰ ਪੁਲ਼ ਪਾਕਿਸਤਾਨ ਨੇ ਕੁਝ ਮਹੀਨਿਆਂ ਵਿਚ ਹੀ ਉਸਾਰ ਦਿਤਾ ਸੀ।ਇਕੱਲਾ ਪੁਲ਼ ਹੀ ਨਹੀਂ ਸਗੋਂ ਸਾਰੇ ਲਾਂਘੇ ਦਾ ਤੇ ਗੁਰਦੁਆਰਾ ਕੰਪਲੈਕਸ ਦਾ ਕੰਮ ਏਨੇ ਥੋੜ੍ਹੇ ਸਮੇਂ ਭਾਵ ਦਸ ਮਹੀਨਿਆਂ 'ਚ ਮੁਕੰਮਲ ਕਰ ਦੇਣਾ ਕਿਸੇ ਮੁਅੱਜ਼ਜ਼ੇ ਤੋਂ ਘੱਟ ਨਹੀਂ ਸੀ।ਇਮਰਾਨ ਖ਼ਾਨ ਨੇ ਸਿੱਖ ਕੌਮ ਦੇ ਦਿਲਾਂ 'ਤੇ ਰਾਜ ਕਰ ਲਿਆ ਸੀ।ਦਹਾਕਿਆਂ ਤੋਂ ਸਿੱਖ ਰਾਵੀ ਦੇ ਇਸ ਪਾਰੋਂ ਦੂਰਬੀਨ ਰਾਹੀਂ ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਿਆ ਕਰਦੇ ਸਨ ਤੇ ਅਰਦਾਸਾਂ ਕਰਿਆ ਕਰਦੇ ਸਨ ਕਿ ਸੱਚੇ ਪਾਤਸ਼ਾਹ ਖੁੱਲ੍ਹੇ ਦਰਸ਼ਨ ਦੀਦਾਰੇ ਬਖ਼ਸ਼ੋ।ਇਮਰਾਨ ਖ਼ਾਨ ਤੇ ਸਿੱਧੂ ਦੀ ਦੋਸਤੀ ਰੰਗ ਲਿਆਈ।ਮਰਹੂਮ ਭਾਈ ਕੁਲਦੀਪ ਸਿੰਘ ਵਡਾਲਾ ਦੀ ਯਾਦ ਆਈ ਜਿਸ ਨੇ ਇਹ ਅਰਦਾਸਾਂ ਸ਼ੁਰੂ ਕੀਤੀਆਂ ਸਨ।
ਰਾਵੀ ਦਰਿਆ ਨੂੰ ਦੇਖਕੇ ਸੁਰਤ ਸਿੱਖ ਇਤਿਹਾਸ ਦੇ ਉਸ ਖ਼ੂਨੀ ਪੱਤਰੇ ਨਾਲ਼ ਜਾ ਜੁੜੀ ਜਦੋਂ ਜ਼ਾਲਮ ਹਕੂਮਤ ਨੇ ਪੰਜਵੇਂ ਪਾਤਸ਼ਾਹ ਨੂੰ ਅਕਹਿ ਤੇ ਅਸਹਿ ਤਸੀਹੇ ਦਿਤੇ ਸਨ ਤੇ ਅੰਤ ਰਾਵੀ ਦਰਿਆ ਦੇ ਸਪੁਰਦ ਕਰ ਦਿਤਾ ਸੀ।ਛੋਟੇ ਹੁੰਦਿਆਂ ਪੰਜਵੇਂ ਪਾਤਸ਼ਾਹ ਦੇ ਗੁਰਪੁਰਬ 'ਤੇ ਮਾਤਾ ਜੈ ਕੌਰ ਜੀ ਜਦੋਂ ਇਸ ਸ਼ਹੀਦੀ ਦਾ ਵਰਣਨ ਕਰਿਆ ਕਰਦੇ ਸਨ ਤਾਂ ਹਰੇਕ ਅੱਖ ਚੋਂ ਹੰਝੂਆਂ ਦੀ ਧਾਰ ਵਹਿ ਤੁਰਦੀ ਹੁੰਦੀ ਸੀ ਜਦੋਂ ਉਹ ਵੈਰਾਗ 'ਚ ਆ ਕੇ ਵਾਜੇ 'ਤੇ ਗਾਉਂਦੇ ਹੁੰਦੇ ਸਨ, '' ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਓਏ, ਤੇਰੇ ਵਿਚ ਬੈਠੀ ਮੇਰੀ ਸੱਚੀ ਸਰਕਾਰ ਓਏ'' ਤੇ ਫੇਰ ਦੇਸ਼ ਦੀ ਵੰਡ ਵੇਲੇ ਦਾ ਉਹ ਮੰਜ਼ਰ, ਜਦੋਂ ਜਿਸ ਲਹੂ ਨੇ ਧਰਮ ਦੇ ਆਧਾਰ 'ਤੇ ਇਕ ਦੂਸਰੇ ਦਾ ਵਢਾਂਗਾ ਕਰ ਕੇ ਲਾਸ਼ਾਂ ਇਸੇ ਰਾਵੀ ਵਿਚ ਸੁੱਟੀਆਂ ਸਨ ਤਾਂ ਇਸੇ ਰਾਵੀ ਨੇ ਆਪਣੇ 'ਚ ਹੜ੍ਹ ਲਿਆ ਕੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਲਹੂ ਫੇਰ ਇਕ ਕਰ ਦਿਤਾ ਸੀ ਤੇ ਅੱਜ ਉਸੇ ਰਾਵੀ ਦੇ ਸਾਖ਼ਸ਼ਾਤ ਦਰਸ਼ਨ ਹੋ ਰਹੇ ਸਨ।
ਕਾਰ ਪਾਰਕ ਵਿਚ ਸਾਡੀ ਬੱਸ ਰੁਕੀ ਤੇ ਯਾਤਰੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਢੀ ਵਲ ਵਧੇ।ਪੌੜੀਆਂ ਉੱਪਰ ਦੋ ਸੁਰੱਖਿਆ ਗਾਰਡ ਖੜ੍ਹੇ ਸਨ ਤੇ ਗੁਰਦੁਆਰਾ ਸਾਹਿਬ ਦੇ ਸਿੱਖ ਨੌਜਵਾਨ ਕਰਮਚਾਰੀ ਨੇ ਕੁਝ ਜ਼ਰੂਰੀ ਸੂਚਨਾਵਾਂ ਦਿੱਤੀਆਂ ਤੇ ਯਾਤਰੀਆਂ ਨੂੰ ਜੋੜਾ-ਘਰ 'ਚ ਆਪਣੇ ਜੋੜੇ ਜਮ੍ਹਾਂ ਕਰਵਾਉਣ ਦੀ ਬੇਨਤੀ ਕੀਤੀ।
ਨਵੇਂ ਬਣੇ ਕੰਪਲੈਕਸ ਦੇ ਵਿਚਕਾਰ ਪੁਰਾਣੀ ਦੂਧੀਆ ਰੰਗੀ ਇਮਾਰਤ ਇਉਂ ਲਗ ਰਹੀ ਸੀ ਜਿਵੇਂ ਤਾਰਾ ਮੰਡਲ ਵਿਚ ਚੰਨ ਚਮਕ ਰਿਹਾ ਹੋਵੇ।ਕੰਪਲੈਕਸ ਆਪਣੇ ਆਪ 'ਚ ਕਈ ਏਕੜਾਂ 'ਚ ਫ਼ੈਲਿਆ ਹੋਇਆ ਹੈ।ਹੱਥ ਪੈਰ ਧੋਤੇ ਅਤੇ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਵਿਚ ਹੋ ਰਹੀ ਅਰਦਾਸ ਵਿਚ ਅਸੀਂ ਵੀ ਖੜ੍ਹੇ ਹੋ ਕੇ ਹਾਜ਼ਰੀ ਲਗਵਾਈ।ਤੇ ਫੇਰ ਸਿਲਸਿਲਾ ਸ਼ੁਰੂ ਹੋਇਆ ਸਾਰੇ ਕੰਪਲੈਕਸ ਦੀ ਪਰਿਕਰਮਾ ਦਾ।
ਸਭ ਪਾਸੇ ਦੇਖਦੇ ਦਿਖਾਂਦੇ ਤੇ ਘੁੰਮਦੇ ਘੁੰਮਦੇ ਅਸੀਂ ਥੱਕ ਕੇ ਚੂਰ ਹੋ ਗਏ ਸਾਂ।ਭੁੱਖ ਵੀ ਚਮਕ ਚੁੱਕੀ ਸੀ।ਵਿਚਾਰ ਬਣਿਆਂ ਕਿ ਪਹਿਲਾਂ ਵਾਸ਼-ਰੂਮ ਜਾਕੇ ਫਿਰ ਲੰਗਰ-ਖ਼ਾਨੇ ਦੀ ਭਾਲ਼ ਕੀਤੀ ਜਾਵੇ।ਵਾਸ਼-ਰੂਮ ਵਿਚ ਸਫ਼ਾਈ ਕਰਮਚਾਰੀ ਭਾਰਤ ਵਾਂਗ ਹੀ ਯਾਤਰੀਆਂ ਤੋਂ ਪੈਸੇ ਮੰਗ ਰਹੇ ਸਨ।
ਯਾਤਰੀਆਂ ਦੀ ਸਹੂਲਤ ਵਾਸਤੇ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਵਿਚ ਥਾਂ ਥਾਂ 'ਤੇ ਤਖ਼ਤੀਆਂ ਲੱਗੀਆਂ ਹੋਈਆਂ ਸਨ।ਵਰਾਂਡਿਆਂ 'ਚ ਘੁੰਮਦੇ ਘੁੰਮਾਉਂਦੇ ਅਸੀਂ ਲੰਗਰ ਹਾਲ 'ਚ ਪਹੁੰਚ ਗਏ।ਸੇਵਾਦਾਰਾਂ ਨੇ ਬਹੁਤ ਪਿਆਰ ਨਾਲ ਲੰਗਰ ਛਕਾਇਆ। ਕਿਸੇ ਸਰੀਰਕ ਮਜਬੂਰੀ ਕਰ ਕੇ ਤੱਪੜ 'ਤੇ ਬੈਠ ਕੇ ਲੰਗਰ ਨਾ ਛਕ ਸਕਣ ਵਾਲ਼ਿਆਂ ਲਈ ਕੁਝ ਕੁਰਸੀਆਂ ਰੱਖੀਆਂ ਹੋਈਆਂ ਸਨ, ਟੇਬਲ ਕੋਈ ਨਹੀਂ ਸੀ।ਥਾਲ਼ੀ ਰੱਖਣ ਲਈ ਸੇਵਾਦਾਰ ਇਕ ਕੁਰਸੀ ਅੱਗੇ ਰੱਖ ਦਿੰਦੇ ਸਨ।ਲੰਗਰ ਛਕਣ ਤੋਂ ਬਾਅਦ ਕੁਝ ਸੇਵਾਦਾਰਾਂ ਨਾਲ਼ ਅਸੀਂ ਇਕ ਫ਼ੋਟੋ ਕਰਵਾਈ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਕ ਟੇਬਲ ਵੀ ਰੱਖ ਦੇਣ।ਉਹਨਾਂ ਨੇ ਸਾਡਾ ਸੁਝਾਉ ਪ੍ਰਬੰਧਕਾਂ ਤੱਕ ਪਹੁੰਚਾਉਣ ਲਈ ਮੰਨ ਲਿਆ॥ਬਹੁਤ ਹੀ ਸਵਾਦੀ ਲੰਗਰ ਤੇ ਉੱਤੋਂ ਛਕਾਉਣ ਵਾਲਿਆਂ ਦਾ ਪਿਆਰ ਭਰਿਆ ਵਰਤਾਉ।ਵਾਹ! ਮੇਰੇ ਬਾਬਾ ਨਾਨਕ ਜੀ।
ਲੰਗਰ ਛਕ ਕੇ ਬਾਹਰ ਨਿਕਲੇ ਤਾਂ ਦੇਖਿਆ ਕਿ ਪਿਛਲੇ ਪਾਸੇ ਵਲ ਨੂੰ ਇੱਟਾਂ ਰੋੜਿਆਂ ਦਾ ਇਕ ਆਰਜ਼ੀ ਜਿਹਾ ਰਾਹ ਬਣਾਇਆ ਹੋਇਆ ਸੀ।ਪੁੱਛਣ 'ਤੇ ਪਤਾ ਲੱਗਿਆ ਕਿ ਉਸ ਪਾਸੇ ਇਕ ਛੋਟੀ ਜਿਹੀ ਮਾਰਕੀਟ ਹੈ।ਨੰਗੇ ਪੈਰੀਂ ਇੱਟਾਂ ਰੋੜਿਆਂ 'ਤੇ ਤੁਰਨਾ ਔਖਾ ਸੀ ਪਰ ਜੋੜੇ ਸਾਡੇ ਕੰਪਲੈਕਸ ਦੇ ਦੂਸਰੇ ਪਾਸੇ ਜੋੜਾ-ਘਰ 'ਚ ਪਏ ਸਨ ਜੋ ਕਿ ਇੱਥੋਂ ਕਾਫ਼ੀ ਦੂਰ ਸੀ ਸੋ ਅਸੀਂ ਨੰਗੇ ਪੈਰੀਂ ਹੀ ਤੁਰ ਪਏ।
ਮਾਰਕੀਟ ਵਿਚ ਖਾਣ-ਪੀਣ, ਕੱਪੜਾ-ਲੱਤਾ, ਸਜਾਵਟ ਦਾ ਸਾਮਾਨ ਅਤੇ ਗਰੌਸਰੀ ਆਦਿ ਦੇ ਸਟਾਲ ਸਨ।ਇਕ ਸਟਾਲ 'ਤੇ ਸਿੱਖੀ ਦੇ ਕਕਾਰ ਵੀ ਵਿਕ ਰਹੇ ਸਨ।ਥਕਾਵਟ ਹੋਣ ਕਰ ਕੇ ਤੇ ਲੰਗਰ ਛਕਣ ਤੋਂ ਬਾਅਦ ਮੈਂ ਤਾਂ ਦਸ ਪੰਦਰਾਂ ਮਿੰਟ ਬੈਠ ਕੇ ਆਰਾਮ ਕਰਨਾ ਚਾਹੁੰਦਾ ਸਾਂ, ਭੈਣ ਜੀ ਹੋਰਾਂ ਨੂੰ ਕਿਹਾ ਕਿ ਉਹ ਮਾਰਕੀਟ ਵਿਚ ਘੁੰਮ ਫਿਰ ਆਉਣ।ਮੈਂ ਖਾਣ-ਪੀਣ ਵਾਲੇ ਇਕ ਸਟਾਲ ਅੱਗੇ ਪਈਆਂ ਕੁਰਸੀਆਂ 'ਚੋਂ ਇਕ 'ਤੇ ਬੈਠ ਗਿਆ।ਸਾਹਮਣੇ ਪਏ ਬੈਂਚ 'ਤੇ ਪੈਂਤੀ ਚਾਲ਼ੀ ਸਾਲ ਦੀ ਉਮਰ ਦੇ ਦੋ ਪਾਕਿਸਤਾਨੀ ਸੱਜਣ ਠੰਢਾ ਪੀ ਰਹੇ ਸਨ।ਉਹਨਾਂ ਬੜੇ ਹੀ ਪਿਆਰ ਨਾਲ਼ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਠੰਢਾ ਪੀਣ ਦੀ ਸੁਲ੍ਹਾ ਮਾਰੀ।ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਹੁਣੇ ਹੀ ਲੰਗਰ ਛਕ ਕੇ ਤੇ ਚਾਹ ਪੀ ਕੇ ਆਇਆ ਸਾਂ।ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਪੰਜਾਬ ਤੋਂ ਕਿਹੜੇ ਜਿਲ੍ਹੇ 'ਤੋਂ ਸਾਂ। ਜਦ ਮੈਂ ਦੱਸਿਆ ਕਿ ਮੈਂ ਹੁਸ਼ਿਆਰਪੁਰ ਜਿਲ੍ਹੇ ਤੋਂ ਹਾਂ ਤਾਂ ਉਹਨਾਂ ਦੇ ਚਿਹਰੇ 'ਤੇ ਇਕ ਅਜੀਬ ਜਿਹੀ ਰੌਣਕ ਆ ਗਈ ਤੇ ਇਕ ਜਣਾ ਬੋਲਿਆ, '' ਸਰਦਾਰ ਜੀ, ਸਾਡੇ ਬਜ਼ੁਰਗ ਵੀ ਹੁਸ਼ਿਆਰਪੁਰ ਜਿਲ੍ਹੇ 'ਚੋਂ ਹੀ ਉੱਠ ਕੇ ਆਏ ਸਨ।ਸਾਡਾ ਬਾਬੇ ਦਾ ਨਾਂ ਰਹਿਮਤ ਅਲੀ ਤੇ ਉਸ ਦੇ ਭਰਾ ਦਾ ਨਾਂ ਕਰਾਮਤ ਅਲੀ ਸੀ।ਬਾਬੇ ਦਾ ਭਰਾ ਤਾਂ ਰਾਹ ਵਿਚ ਹੀ ਸਾਰੇ ਟੱਬਰ ਨੂੰ ਬਚਾਉਂਦਾ ਹੋਇਆ ਮਾਰਿਆ ਗਿਆ ਸੀ ਤੇ ਬਾਕੀ ਬਚਦੇ ਬਚਾਉਂਦੇ ਕਿਸੇ ਤਰ੍ਹਾਂ ਆ ਗਏ ਸਨ। ਸਾਡੇ ਅੱਬੂ ਦੀ ਪੈਦਾਇਸ਼ ਵੀ ਇਧਰ ਆਉਣ ਤੋਂ ਛੇ ਮਹੀਨਿਆਂ ਬਾਅਦ ਹੋਈ ਸੀ।ਅਸੀਂ ਦੋਵੇਂ ਸਕੇ ਭਾਈ ਆਂ, ਮੇਰਾ ਨਾਮ ਸਿਕੰਦਰ ਏ ਤੇ ਮੇਰੇ ਭਾਈ ਦਾ ਨਾਂ ਅਕਰਮ ਏ। ਸਰਦਾਰ ਜੀ, ਨਿੱਕੇ ਹੁੰਦਿਆਂ ਅਸੀਂ ਆਪਣੇ ਬਾਬੇ ਨੂੰ ਵੇਖਦੇ ਹੁੰਦੇ ਸਾਂ ਕਿ ਉਹ ਆਪਣੇ ਪਿਛਲੇ ਪਿੰਡ ਨੂੰ ਯਾਦ ਕਰ ਕਰ ਕੇ ਰੋਂਦਾ ਹੁੰਦਾ ਸੀ।ਅਸੀਂ ਬਹੁਤ ਛੋਟੇ ਸਾਂ ਜਦੋਂ ਉਹ ਫੌਤ ਹੋ ਗਿਆ ਸੀ।ਸਾਨੂੰ ਉਸ ਵੇਲੇ ਇਸ ਗੱਲ ਦੀ ਸਮਝ ਨਹੀਂ ਸੀ ਪੈਂਦੀ ਕਿ ਉਹ ਕਿਉਂ ਰੋਂਦਾ ਹੁੰਦਾ ਸੀ।ਅੱਜ ਕਿਸੇ ਫ਼ਿਲਮ ਦੀ ਤਰ੍ਹਾਂ ਉਹ ਸਾਰੀਆਂ ਗੱਲਾਂ ਯਾਦ ਆਉਂਦੀਆਂ ਨੇ''।
ਉਹ ਦੋਵੇਂ ਭਰਾ ਕਾਫ਼ੀ ਭਾਵੁਕ ਹੋ ਗਏ ਸਨ। ਮੈਂ ਉਹਨਾਂ ਨੂੰ ਕਿਹਾ ਕਿ ਕੀ ਉਹ ਉਸ ਪਿੰਡ ਦਾ ਨਾਮ ਦੱਸ ਸਕਦੇ ਹਨ।ਸਿਕੰਦਰ ਨੇ ਝੱਟ ਜੇਬ 'ਚੋਂ ਮੋਬਾਈਲ ਫ਼ੋਨ ਕੱਢ ਕੇ ਨੰਬਰ ਮਿਲਾਇਆ ਤੇ ਬੋਲਿਆ, ''ਅੱਬੂ ਜੀ, ਸਿਕੰਦਰ ਬੋਲਨਾ ਵਾਂ, ਮੈਨੂੰ ਇਥੇ ਕਰਤਾਰ ਪੁਰੇ ਇਕ ਸਰਦਾਰ ਜੀ ਮਿਲੇ ਹੈਨ ਜੋ ਹੁਸ਼ਿਆਰਪੁਰ ਜਿਲ੍ਹੇ ਦੇ ਨੇ।ਤੁਸੀਂ ਦੱਸੋਗੇ ਕਿ ਪਿੱਛੇ ਹੁਸ਼ਿਆਰਪੁਰੇ 'ਚ ਆਪਣੇ ਗਰਾਂ ਦਾ ਨਾਂ ਕੀ ਸੀ'' ਆਪਣੇ ਅੱਬਾ ਨਾਲ਼ ਗੱਲ ਕਰ ਕੇ ਫਿਰ ਉਹ ਮੈਨੂੰ ਮੁਖ਼ਾਤਿਬ ਹੋਇਆ ਤੇ ਬੋਲਿਆ, ''ਅੱਬਾ ਜੀ ਨੇ ਦੱਸਿਐ ਪਈ ਹੁਸੈਨਪੁਰ ਨਾਂ ਸੀ ਗਰਾਂ ਦਾ ਨਾਲ਼ੇ ਅੱਬਾ ਜੀ ਤੁਹਾਡੇ ਨਾਲ ਗੱਲ ਕਰਨਾ ਚਾਂਹਦੇ ਨੇ'' ਏਨਾ ਕਹਿ ਕੇ ਉਸ ਨੇ ਟੈਲੀਫ਼ੂਨ ਮੈਨੂੰ ਫੜਾ ਦਿਤਾ। ਦੂਸਰੇ ਪਾਸਿਉਂ ਇਕ ਬਹੁਤ ਹੀ ਰੋਹਬਦਾਰ ਆਵਾਜ਼ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਫੇਰ ਅਸਲਾਮਾ ਲੈਕਮ ਤੇ ਮੇਰਾ ਰਾਜੀ ਖੁਸ਼ੀ ਪੁੱਛਿਆ। ਮੈਂ ਉਹਨਾਂ ਨੂੰ ਦੱਸਿਆ ਕਿ ਹੁਸ਼ਿਆਰ ਪੁਰ ਜਿਲ੍ਹੇ ਵਿਚ ਹੁਸੈਨ ਪੁਰ ਅਤੇ ਪੰਡੋਰੀ ਨਾਂ ਦੇ ਪਿੰਡ ਬਹੁਤ ਨੇ।ਮੈਂ ਉਹਨਾਂ ਨੂੰ ਨਜ਼ਦੀਕ ਦੇ ਕਿਸੇ ਹੋਰ ਪਿੰਡ ਦਾ ਨਾਮ ਦੱਸਣ ਲਈ ਕਿਹਾ, ਪਰ ਉਹ ਕਿਸੇ ਵੀ ਹੋਰ ਪਿੰਡ ਦਾ ਨਾਮ ਨਾ ਦੱਸ ਸਕੇ। ਚੜ੍ਹਦੇ ਪੰਜਾਬ ਨਾਲ਼ ਉਹਨਾਂ ਦੀ ਕੋਈ ਯਾਦ ਨਹੀਂ ਸੀ ਜੁੜੀ ਹੋਈ ਕਿਉਂਕਿ ਉਹ ਤਾਂ ਆਪ ਨਵੇਂ ਬਣੇ ਪਾਕਿਸਤਾਨ 'ਚ ਜਨਮੇ ਸਨ।ਫਿਰ ਉਹਨਾਂ ਮੈਨੂੰ ਪੁੱਛਿਆ ਕਿ ਕਿਸੇ ਕਿਸਮ ਦੀ ਮੁਸ਼ਕਿਲ ਤਾਂ ਨਹੀਂ ਆਈ ਪਾਕਿਸਤਾਨ ਆ ਕੇ।ਮੇਰੇ ਸਭ ਠੀਕ ਠਾਕ ਕਹਿਣ 'ਤੇ ਉਹ ਕਹਿਣ ਲੱਗੇ ਕਿ ਉਹਨਾਂ ਦਾ ਪਿੰਡ ਕਰਤਾਰ ਪੁਰ ਤੋਂ ਕੋਈ ਚਾਲ਼ੀ ਕੁ ਕਿਲੋਮੀਟਰ ਏ ਤੇ ਮੈਂ ਸਿਕੰਦਰ ਹੋਰਾਂ ਦੇ ਨਾਲ਼ ਹੀ ਆ ਜਾਵਾਂ ਤੇ ਉਹਨਾਂ ਦਾ ਮਹਿਮਾਨ ਬਣਾਂ।ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਅਸੀਂ ਸਿਰਫ਼ ਇਕ ਦਿਨ ਵਾਸਤੇ ਹੀ ਕਰਤਾਰ ਪੁਰ ਆ ਸਕਦੇ ਹਾਂ।ਉਹਨਾਂ ਨੇ ਇਹੋ ਜਿਹੀਆਂ ਬੰਦਸ਼ਾਂ ਖ਼ਤਮ ਹੋਣ ਲਈ ਦੁਆ ਕੀਤੀ ਤੇ ਕਿਹਾ ਕਿ ਕਦੇ ਫੇਰ ਪਾਕਿਸਤਾਨ ਆਏ ਤਾਂ ਖੁੱਲ੍ਹਾ ਟਾਈਮ ਲੈ ਕੇ ਆਉੇਣਾ ਤੇ ਨਾਲ਼ ਹੀ ਤਾਕੀਦ ਕੀਤੀ ਕਿ ਮੈਂ ਸਿਕੰਦਰ ਪਾਸੋਂ ਉਸਦਾ ਟੈਲੀਫੂਨ ਨੰਬਰ ਜ਼ਰੂਰ ਲੈ ਲਵਾਂ। ਖ਼ੁਦਾ ਹਾਫ਼ਿਜ਼ ਕਹਿ ਕੇ ਉਹਨਾਂ ਨੇ ਫ਼ੋਨ ਬੰਦ ਕਰ ਦਿਤਾ।
ਮੈਂ ਉਹਨਾਂ ਦੇ ਖ਼ਲੂਸ ਤੇ ਮਹਿਮਾਨ ਨਿਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਇਆ ਕਿ ਉਹ ਇਕ ਅਜਨਬੀ ਬੰਦੇ ਨੂੰ ਘਰ ਆਉਣ ਦੀ ਦਾਅਵਤ ਦੇ ਰਹੇ ਸਨ ਜਿਸ ਨੂੰ ਉਹਨਾਂ ਨੇ ਕਦੀ ਦੇਖਿਆ ਵੀ ਨਹੀਂ।ਸ਼ਾਇਦ ਪੰਜਾਬੀਆਂ ਦੀ ਏਸੇ ਮਹਿਮਾਨ ਨਿਵਾਜ਼ੀ ਦੇ ਸਾਰੇ ਸੰਸਾਰ 'ਚ ਅੱਜ ਕਿੱਸੇ ਚਲਦੇ ਹਨ।ਭਾਵੇਂ ਦੋਵਾਂ ਭਰਾਵਾਂ ਨੇ ਮੇਰੀ ਉਹਨਾਂ ਦੇ ਅੱਬਾ ਨਾਲ ਹੋਈ ਗੁਫ਼ਤਗੂ ਸੁਣ ਲਈ ਸੀ ਪਰ ਫਿਰ ਵੀ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਵਲੋਂ ਉਹ ਆਪਣੇ ਅੱਬਾ ਜੀ ਨੂੰ ਅਸਲਾਮਾ ਲੈਕਮ ਕਹਿਣ ਤੇ ਸ਼ੁਕਰੀਆ ਅਦਾ ਕਰਨ।ਮੈਂ ਕਿਹਾ ਕਿ ਖੁਦਾ ਨੇ ਚਾਹਿਆ ਜੇ ਕਦੇ ਨਨਕਾਣਾ ਸਾਹਿਬ ਆਉਣ ਦਾ ਮੇਰਾ ਪ੍ਰੋਗਰਾਮ ਬਣਿਆ ਤਾਂ ਮੈਂ ਜ਼ਰੂਰ ਉਹਨਾਂ ਨੂੰ ਫ਼ੋਨ ਕਰਾਂਗਾ।ਸਿਕੰਦਰ ਨੇ ਮੇਰੇ ਬਿਨਾਂ ਕਹੇ ਹੀ ਆਪਣਾ ਫ਼ੋਨ ਨੰਬਰ ਮੈਨੂੰ ਦੇ ਦਿਤਾ, ਉਸ ਨੇ ਆਪਣੇ ਅੱਬਾ ਨਾਲ਼ ਹੋਈ ਮੇਰੀ ਗੁਫ਼ਤਗੂ ਸੁਣ ਲਈ ਸੀ।ਫਿਰ ਉਹ ਸਤਿ ਸੀ੍ਰ ਅਕਾਲ ਬੁਲਾ ਕੇ ਦੋਵੇਂ ਰੁਖ਼ਸਤ ਹੋ ਗਏ ਤੇ ਪਿੱਛੇ ਛੱਡ ਗਏ ਇਕ ਹੁਸੀਨ ਯਾਦ।
ਮੈਂ ਬੈਠਾ ਬੈਠਾ ਹੁਸੈਨ ਪੁਰ ਦੀ ਪੈੜ ਲੱਭਣ ਲੱਗ ਪਿਆ। ਇਕ ਹੁਸੈਨ ਪੁਰ ਤਾਂ ਸਾਡੇ ਪਿੰਡ ਦੇ ਬਿਲਕੁਲ ਨਜ਼ਦੀਕ ਸੀ।ਬਚਪਨ 'ਚ ਸੁਣਦੇ ਹੁੰਦੇ ਸਾਂ ਕਿ ਉੱਥੇ ਮੁਸਲਮਾਨਾਂ ਦੇ ਬਹੁਤ ਘਰ ਹੁੰਦੇ ਸਨ।ਮੈਂ ਸੋਚਿਆ ਕਿ ਟਾਈਮ ਕੱਢ ਕੇ ਹੁਸੈਨ ਪੁਰ ਜਾ ਕੇ ਕਿਸੇ ਪੁਰਾਣੇ ਬਜ਼ੁਰਗ ਤੋਂ ਰਹਿਮਤ ਅਲੀ ਤੇ ਕਰਾਮਤ ਅਲੀ ਬਾਰੇ ਪਤਾ ਕਰਾਂਗਾ। ਕੀ ਪਤਾ ਉਹ ਇਸੇ ਹੁਸੈਨ ਪੁਰ ਦੇ ਹੋਣ।
ਇਸੇ ਉਧੇੜ-ਬੁਣ 'ਚ ਹੀ ਸਾਂ ਕਿ ਦਸ ਬਾਰਾਂ ਨੌਜਵਾਨ ਲੜਕੀਆਂ ਚਿੜੀਆਂ ਦੇ ਚੰਬੇ ਵਾਂਗ ਕਿਧਰੋਂ ਆ ਉੱਤਰੀਆਂ ਤੇ ਕੁਰਸੀਆਂ ਮੱਲ ਕੇ ਬੈਠ ਗਈਆਂ।ਸਾਰੀਆਂ ਨੇ ਇਸਲਾਮੀ ਢੰਗ ਅਨੁਸਾਰ ਚੁੰਨੀਆਂ ਨਾਲ ਆਪਣੇ ਸਿਰ ਕੱਜੇ ਹੋਏ।ਨੀਲੇ ਕੱਪੜਿਆਂ ਵਾਲ਼ੀ ਇਕ ਕੁੜੀ ਨੇ ਬੜੀ ਬੇਬਾਕੀ ਨਾਲ਼ ਆਪਣੀ ਕੁਰਸੀ ਖਿੱਚ ਕੇ ਮੇਰੇ ਨੇੜੇ ਕਰ ਲਈ ਜਿਵੇਂ ਕੋਈ ਧੀ ਆਪਣੇ ਬਾਪ ਨਾਲ਼ ਕੋਈ ਭੇਤ ਵਾਲੀ ਗੱਲ ਕਰਨ ਲਈ ਜਾਂ ਉਹਦੇ ਕੰਨ ਵਿਚ ਆਪਣੇ ਸ਼ਰਾਰਤੀ ਵੀਰ ਦੀ ਸ਼ਿਕਾਇਤ ਲਗਾਉਣ ਲੱਗੀ ਹੋਵੇ।ਪਹਿਲਾਂ ਤਾਂ ਮੈਂ ਵੀ ਭੌਂਚੱਕਾ ਜਿਹਾ ਹੋ ਗਿਆ।ਕੋਲੋਂ ਦੀ ਲੰਘ ਰਹੇ ਲੋਕ, ਬੇਗਾਨਾ ਦੇਸ਼, ਦਾਹੜੀ ਪਗੜੀ ਵਾਲ਼ਾ ਓਪਰਾ ਬੰਦਾ।ਖ਼ੈਰ ਕੀ ਕਰ ਸਕਦਾ ਸਾਂ।ਉਸ ਬੱਚੀ ਨੇ ਬੜੇ ਅਦਬ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਪੁੱਛਿਆ ਕਿ ਮੈਂ ਕਿੱਥੋਂ ਆਇਆ ਸਾਂ।ਮੇਰੇ ਦੱਸਣ 'ਤੇ ਕਿ ਮੈਂ ਹੁਣ ਤਾਂ ਪੰਜਾਬ ਤੋਂ ਆਇਆ ਹਾਂ ਪਰ ਰਹਿੰਦਾ ਮੈਂ ਯੂ.ਕੇ.'ਚ ਹਾਂ।ਮੈਂ ਜਦੋਂ ਪੁੱਛਿਆ ਕਿ ਉਹ ਕਿੱਥੋਂ ਆਈਆਂ ਹਨ ਤਾਂ ਉਹਨਾਂ ਜੱਫਰਵਾਲ ਦਾ ਨਾਮ ਲਿਆ। ਮੈਂ ਉਹਨਾਂ ਨੂੰ ਦੱਸਿਆ ਕਿ ਇੱਥੋਂ ਥੋੜ੍ਹੀ ਦੂਰ ਹੀ ਚੜ੍ਹਦੇ ਪੰਜਾਬ ਦੇ ਜਿਲ੍ਹਾ ਗੁਰਦਾਸ ਪੁਰ ਵਿਚ ਵੀ ਇਕ ਜੱਫਰਵਾਲ ਨਾਂ ਦਾ ਪਿੰਡ ਹੈ।
'' ਹਾਇ ਅੱਲ੍ਹਾ, ਸੱਚੀਂ।ਸਰਦਾਰ ਜੀ ਮੈਂ ਤਾਂ ਉਡ ਕੇ ਚਲੇ ਜਾਣਾ ਚਾਹੁੰਦੀ ਆਂ ਉਧਰਲੇ ਪੰਜਾਬ ਨੂੰ ਪਰ ਆਹ ਚੰਦਰੇ ਬਾਰਡਰ ਦਾ ਕੀ ਕਰਾਂ।ਸਰਦਾਰ ਜੀ, ਤੁਸੀਂ ਇਹ ਬਾਰਡਰ ਸ਼ਾਰਡਰ ਨਹੀਂ ਖੁਲ੍ਹਵਾ ਸਕਦੇ।ਸੁਣਿਐ ਤੁਹਾਡੇ ਸਰਦਾਰਾਂ ਦੇ ਤਾਂ ਬਾਹਰਲੇ ਦੇਸ਼ਾਂ 'ਚ ਬੜੇ ਵੱਡੇ ਵੱਡੇ ਮਨਿਸਟਰ ਵੀ ਨੇ''।
ਕੁੜੀ ਦੀਆਂ ਅੱਖਾਂ 'ਚ ਪਾਣੀ ਛਲਕ ਆਇਆ ਸੀ। ਇੰਨੀ ਬਿਹਬਲਤਾ।ਮੈਂ ਸੋਚ ਰਿਹਾ ਸਾਂ ਉਹ ਕਿਹੜੀ ਚੀਜ਼ ਸੀ ਜੋ ਇਸ ਬੱਚੀ ਨੂੰ ਸਰਹੱਦੋਂ ਪਾਰ ਲੈ ਜਾਣਾ ਚਾਹੁੰਦੀ ਸੀ।ਮੈਨੂੰ ਉਸ ਦੀ ਨਿਰਛਲਤਾ ਤੇ ਭੋਲ਼ੇਪਣ ਤੇ ਪਿਆਰ ਆਇਆ। ਮੈਂ ਕਿਹਾ, '' ਬੇਟਾ, ਇਹ ਸਾਰੀਆਂ ਸਿਆਸੀ ਖੇਡਾਂ ਹੁੰਦੀਆਂ ਹਨ।ਸ਼ਾਤਰ ਲੋਕ ਆਪਣੇ ਮਕਸਦ ਪੂਰੇ ਕਰਨ ਲਈ ਅਵਾਮ ਨੂੰ ਸੂਲ਼ੀ 'ਤੇ ਟੰਗਦੇ ਨੇ''। ਮੈਂ ਦੇਸ਼ ਦੀ ਵੰਡ ਨਾਲ ਸਬੰਧਤ ਕੁਝ ਗੱਲਾਂ ਸਿਆਸੀ ਨੁਕਤਾ-ਨਿਗਾਹ ਤੋਂ ਹੋਰ ਦੱਸੀਆਂ ਤੇ ਉਸ ਵੇਲੇ ਦੇ ਦੋਵਾਂ ਧਿਰਾਂ ਦੇ ਆਗੂਆਂ ਵਲੋਂ ਨਿਭਾਏ ਰੋਲ ਬਾਰੇ ਵੀ ਦੱਸਿਆ। ਹੁਣ ਕੁਝ ਹੋਰ ਪਾਕਿਸਤਾਨੀ ਬੰਦੇ ਸਾਡੀ ਗੁਫ਼ਤਗੂ ਹੁੰਦੀ ਦੇਖ ਕੇ ਖਲੋ ਗਏ ਸਨ।ਖ਼ਾਸ ਕਰ ਕੇ ਇਕ ਸਿੱਖ ਨੂੰ ਪਾਕਿਸਤਾਨੀ ਕੁੜੀਆਂ ਨਾਲ਼ ਗੱਲਾਂ ਕਰਦਿਆਂ ਦੇਖ ਕੇ।ਮੈਂ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਗੱਲ ਦਾ ਰੁਖ਼ ਸਿਆਸਤ ਵਲੋਂ ਮੋੜ ਕੇ ਉਹਨਾਂ ਦੀ ਪੜ੍ਹਾਈ ਵਲ ਲੈ ਆਂਦਾ।ਉਹ ਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਸਨ ਤੇ ਉਹਨਾਂ ਨੇ ਆਪਣੇ ਗਲ਼ਾਂ 'ਚ ਕਾਲਜ ਦੇ ਆਈ.ਡੀ. ਕਾਰਡ ਪਾਏ ਹੋਏ ਸਨ।ਫਿਰ ਇੰਗਲੈਂਡ ਬਾਰੇ ਉਹਨਾਂ ਨੇ ਕੁਝ ਸਵਾਲ ਪੁੱਛੇ ਤੇ ਉਹ ਚਿੜੀਆਂ ਦੇ ਚੰਬੇ ਵਾਂਗ ਹੀ ਉਡਾਰੀ ਮਾਰ ਕੇ ਜਿਧਰੋਂ ਆਈਆਂ ਸਨ, ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਗਈਆਂ।
ਏਨੀ ਦੇਰ ਨੂੰ ਭੈਣ ਜੀ ਹੋਰੀਂ ਵੀ ਕੁਝ ਖ਼ਰੀਦਾਰੀ ਕਰ ਕੇ ਆ ਗਏ ਤੇ ਅਸੀਂ ਫਿਰ ਗੁਰਦੁਆਰਾ ਸਾਹਿਬ ਦਾ ਰੁਖ਼ ਕੀਤਾ ਜਿਥੋਂ ਹੁਣ ਕੀਰਤਨ ਦੀਆਂ ਧੁਨਾਂ ਗੂੰਜ ਰਹੀਆਂ ਸਨ।ਵਰਾਂਡੇ ਵਿਚ ਤੁਰੇ ਜਾ ਰਹੇ ਸਾਂ ਕਿ ਉਹੀ ਕੁੜੀਆਂ ਸਾਹਮਣਿਉਂ ਹੱਸਦੀਆਂ ਖੇਡਦੀਆਂ ਆ ਰਹੀਆਂ ਸਨ।ਨੇੜੇ ਆਈਆਂ ਤਾਂ 'ਹੈਲੋ ਅੰਕਲ ਜੀ, ਹੈਲੋ ਅੰਕਲ ਜੀ' ਹੋਈ ਤਾਂ ਮੇਰੇ ਭੈਣ ਜੀ ਤੇ ਜੀਜਾ ਜੀ ਵੀ ਹੈਰਾਨੀ ਨਾਲ਼ ਮੇਰੇ ਵਲ ਵੇਖਣ ਲੱਗੇ ਕਿ ਇਹ ਕਿਹੜੀਆਂ ਭਤੀਜੀਆਂ ਲੱਭ ਲਈਆਂ ਏਸ ਨੇ।ਮੈਂ ਉਹਨਾਂ ਨੂੰ ਮਾਰਕੀਟ ਵਿਚ ਬੱਚੀਆਂ ਨਾਲ਼ ਹੋਈ ਮੁਲਾਕਾਤ ਬਾਰੇ ਦੱਸਿਆ ਤੇ ਜਾਣ ਪਛਾਣ ਕਰਵਾਈ ਤੇ ਕੁੜੀਆਂ ਨੂੰ ਪੁੱਛਿਆ ਕਿ ਹੁਣ ਉਹ ਕਿਧਰੋਂ ਆ ਰਹੀਆਂ ਸਨ।ਉਹੋ ਨੀਲੇ ਕੱਪੜਿਆਂ ਵਾਲ਼ੀ ਕੁੜੀ ਬੋਲੀ, '' ਅੰਕਲ ਜੀ, ਅਸੀਂ ਬਾਬਾ ਨਾਨਕ ਜੀ ਦੇ ਮਜ਼ਾਰ 'ਤੇ ਮੰਨਤ ਮੰਗਣ ਗਈਆਂ ਸਾਂ''
''ਫੇਰ ਕੀ ਮੰਗਿਆ, ਬੇਟਾ?'' ਮੈਂ ਪੁੱਛਿਆ।
''ਅੰਕਲ ਜੀ, ਤੁਸੀਂ ਦੱਸੋ ਅਸੀਂ ਕੀ ਮੰਗਿਆ ਹੋਵੇਗਾ''
ਮੈਂ ਕੁਝ ਦੇਰ ਮੂੰਹ 'ਚ ਹੀ ਬੁੜ ਬੁੜ ਜਿਹੀ ਕੀਤੀ, ਅੱਖਾਂ ਬੰਦ ਕੀਤੀਆਂ ਤੇ ਕਿਹਾ, '' ਤੁਸੀਂ ਚੰਗੇ ਨੰਬਰਾਂ 'ਚ ਇਮਤਿਹਾਨ ਪਾਸ ਕਰਨ ਦੀ ਮੰਨਤ ਮੰਗੀ ਹੈ, ਕਿਉਂ ਠੀਕ ਐ ਨਾ?''
ਇਕ ਹੋਰ ਲੜਕੀ ਬੋਲੀ,'' ਹਾਇ ਅੱਲ੍ਹਾ, ਤੁਸੀਂ ਕਿਵੇਂ ਬੁੱਝ ਲਿਆ ਅੰਕਲ ਜੀ, ਤੁਸੀਂ ਨਜੂਮੀ ਓ, ਕੋਈ ਰਮਲ ਸ਼ਮਲ ਵੀ ਜਾਣਦੇ ਓ''।
''ਨਹੀਂ ਬੇਟਾ ਜੀ, ਇਕ ਹੋਰ ਰਮਲ ਹੁੰਦੈ ਉਸਨੂੰ ਕਹਿੰਦੇ ਐ ਅਟਕਲ ਪੱਚੂ, ਸੁਣਿਐ ਕਦੇ?'' ਮੈਂ ਪੁੱਛਿਆ
ਕੁੜੀਆਂ ਦਾ ਹਾਸਾ ਚਾਰੇ ਪਾਸੇ ਗੂੰਜ ਉਠਿਆ। ਸਾਡਾ ਹਾਸਾ ਠੱਠਾ ਦੇਖ ਕੇ ਇੱਥੇ ਵੀ ਕਈ ਲੋਕ ਸਾਡੇ ਆਲ਼ੇ ਦੁਆਲ਼ੇ ਜਮ੍ਹਾਂ ਹੋ ਗਏ।ਮੈਂ ਕਿਹਾ,'' ਬਾਬੇ ਨਾਨਕ ਦੀਆਂ ਬਾਹਾਂ ਬਹੁਤ ਲੰਮੀਆਂ ਨੇ ਉਹ ਸਭ ਨੂੰ ਆਪਣੇ ਕਲ਼ਾਵੇ ਵਿਚ ਲੈਂਦਾ ਹੈ।ਉਹਦੇ ਦਰ 'ਤੇ ਕੋਈ ਭਿੰਨ ਭੇਦ ਨਹੀਂ।ਕੀ ਤੁਹਾਨੂੰ ਪਤੈ ਕਿ ਚੁਰੰਜਾ ਸਾਲ ਬਾਬਾ ਜੀ ਦਾ ਹਮ ਸਫ਼ਰ ਕੌਣ ਰਿਹੈ?''
ਕੁੜੀਆਂ ਮੰਤਰ ਮੁਗਧ ਖੜ੍ਹੀਆਂ ਸਨ। ਮੈਂ ਜਦੋਂ ਦੱਸਿਆ ਕਿ ਭਾਈ ਮਰਦਾਨਾ, ਇਕ ਮੁਸਲਮਾਨ ਸਾਰੀ ਉਮਰ ਉਹਨਾਂ ਦੇ ਨਾਲ਼ ਰਿਹਾ।ਉਹਨਾਂ ਨੂੰ ਜਿਵੇਂ ਮੇਰੀ ਗੱਲ ਦਾ ਯਕੀਨ ਨਹੀਂ ਸੀ ਆ ਰਿਹਾ। ਉਹ ਬਾਬਾ ਨਾਨਕ ਜੀ ਬਾਰੇ ਹੋਰ ਵੀ ਗੱਲਾਂ ਸੁਣਨਾ ਚਾਹੁੰਦੀਆਂ ਸਨ ਪਰ ਉਹਨਾਂ ਦੀ ਬੱਸ ਚੱਲਣ ਦਾ ਵੇਲਾ ਹੋਣ ਵਾਲ਼ਾ ਸੀ।ਅਸੀਂ ਦੋ ਤਿੰਨ ਗਰੁੱਪ ਫ਼ੋਟੋ ਖਿੱਚੀਆਂ ਤੇ ਅਸੀਂ ਤਿੰਨਾਂ ਨੇ ਉਹਨਾਂ ਸਾਰੀਆਂ ਦੇ ਸਿਰਾਂ 'ਤੇ ਪਿਆਰ ਦਿਤਾ ਤੇ ਉਹ ਵਿਦਾ ਹੋਈਆਂ। ਦੂਰ ਤੱਕ ਉਹ ਪਿੱਛੇ ਮੁੜ ਮੁੜ ਦੇਖਦੀਆਂ ਰਹੀਆਂ ਤੇ ਹੱਥ ਹਿਲਾਉਂਦੀਆਂ ਰਹੀਆਂ ਤੇ ਫੇਰ ਵਰਾਂਡੇ ਦਾ ਮੋੜ ਮੁੜ ਗਈਆਂ ਤੇ ਸਾਨੂੰ ਸੋਚਾਂ 'ਚ ਪਾ ਗਈਆਂ ਕਿ ਕਿਵੇਂ ਇਨਸਾਨੀ ਰਿਸ਼ਤੇ ਪਲਾਂ 'ਚ ਗੰਢੇ ਜਾਂਦੇ ਹਨ।
ਉੱਪਰ ਦਰਬਾਰ 'ਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ ਕੇ ਪੰਦਰਾਂ ਵੀਹ ਮਿੰਟ ਸੰਗਤ 'ਚ ਬੈਠ ਕੇ ਕੀਰਤਨ ਸਰਵਣ ਕੀਤਾ ਤੇ ਹੇਠਾਂ ਆ ਗਏ। ਪੁਰਾਤਨ ਖੂਹ ਦੇ ਦਰਸ਼ਨ ਕੀਤੇ ਜਿਸ ਬਾਰੇ ਕਿਹਾ ਜਾਂਦੈ ਕਿ ਇਸ ਖੂਹ ਦੇ ਪਾਣੀ ਨਾਲ਼ ਬਾਬਾ ਜੀ ਆਪਣੇ ਖੇਤ ਸਿੰਜਿਆ ਕਰਦੇ ਸਨ।ਇੱਥੇ ਹੀ ਇਕ ਬੰਬ ਰੱਖਿਆ ਹੋਇਆ ਹੈ ਜਿਸ ਬਾਰੇ ਨਾਲ਼ ਲੱਗੇ ਬੋਰਡ ਉੱਪਰ ਲਿਖਿਆ ਹੋਇਆ ਹੈ ਕਿ 1971 ਦੀ ਜੰਗ ਵੇਲੇ ਭਾਰਤੀ ਫੌਜ ਨੇ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਬੰਬ ਸੁੱਟਿਆ ਸੀ ਪਰ ਬੰਬ ਖੂਹ 'ਚ ਡਿਗ ਜਾਣ ਕਰ ਕੇ ਨੁਕਸਾਨ ਨਹੀਂ ਸੀ ਹੋਇਆ।ਪਰਵੇਸ਼ ਦੁਆਰ ਦੇ ਅੱਗੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਜ਼ਾਰ ਵੀ ਬਣਿਆ ਹੋਇਆ ਹੈ ਜਿਸ 'ਤੇ ਚਾਦਰ ਚੜ੍ਹਾਈ ਜਾਂਦੀ ਹੈ।ਅਸੀਂ ਮਜ਼ਾਰ ਨੂੰ ਨਿਹਾਰ ਰਹੇ ਸਾਂ ਕਿ ਦੋ ਪਾਕਿਸਤਾਨੀ ਬਜ਼ੁਰਗ ਸਾਨੂੰ ਦੇਖ ਕੇ ਕੋਲ਼ ਆ ਖੜ੍ਹੇ ਹੋਏ ਤੇ ਇਕ ਕਹਿਣ ਲੱਗਾ, '' ਸਰਦਾਰ ਜੀ, ਕੁਝ ਸਾਨੂੰ ਵੀ ਬਾਬਾ ਗੁਰੂ ਨਾਨਕ ਬਾਰੇ ਦੱਸੋ।ਅਸੀਂ ਇਥੋਂ ਬਹੁਤੀ ਦੂਰ ਨਹੀਂ ਰਹਿੰਦੇ, ਸਾਨੂੰ ਏਨਾਂ ਤਾਂ ਪਤਾ ਸੀ ਕਿ ਸਿੱਖਾਂ ਦੀ ਜਗ੍ਹਾ ਹੈ ਕੋਈ ਏਥੇ ਪਰ ਇਹ ਨਹੀਂ ਸੀ ਪਤਾ ਕਿ ਸਿੱਖਾਂ ਵਾਸਤੇ ਇਹ ਇਤਨੀ ਮੁਕੱਦਸ ਹੈ''।ਮੈਂ ਬਾਬਾ ਜੀ ਬਾਰੇ ਮੋਟੀ ਮੋਟੀ ਜਾਣਕਾਰੀ ਦੇਣੀ ਸ਼ੁਰੂ ਕੀਤੀ ਤੇ ਦੇਖਦਿਆਂ ਦੇਖਦਿਆਂ ਉੱਥੇ ਚੰਗਾ ਭਾਰਾ ਇਕੱਠ ਹੋ ਗਿਆ ਜਿਸ ਵਿਚ ਬਹੁ ਗਿਣਤੀ ਮੁਸਲਮਾਨ ਯਾਤਰੂਆਂ ਦੀ ਸੀ ਜਿਹਨਾਂ 'ਚੋਂ ਨੌਜਵਾਨ ਵਧੇਰੇ ਸਨ।ਵੈਸੇ ਵੀ ਗੁਰਦੁਆਰਾ ਸਾਹਿਬ ਵਿਚ ਪੰਝੱਤਰ ਫ਼ੀਸਦੀ ਮੁਸਲਮਾਨ ਯਾਤਰੂ ਸਨ ਤੇ ਪੰਝੀ ਫ਼ੀਸਦੀ ਭਾਰਤੀ।ਪੰਜ ਚਾਰ ਨੌਜਵਾਨ ਸਿੱਖ ਸਰਦਾਰ ਵੀ ਖੜ੍ਹੇ ਸਨ। ਹੌਲੀ ਹੌਲੀ ਗੱਲਾਂ ਦਾ ਰੁਖ਼ ਦੇਸ਼ ਦੀ ਵੰਡ ਵਲ ਚਲਿਆ ਗਿਆ ਤਾਂ ਇਕ ਸਿੱਖ ਨੌਜਵਾਨ ਕਹਿਣ ਲੱਗਾ ਕਿ ਉਹ ਲੁਧਿਆਣੇ ਦਾ ਰਹਿਣ ਵਾਲ਼ਾ ਐ ਪਰ ਉਸ ਦਾ ਪਰਵਾਰ ਪਾਕਿਸਤਾਨੋਂ ਉਜੜ ਕੇ ਗਿਆ ਸੀ ਤੇ ਉਸ ਦੇ ਬਜ਼ੁਰਗ ਦੱਸਦੇ ਹੁੰਦੇ ਸਨ ਕਿ ਉਹਨਾਂ ਦਾ ਪਿੰਡ ਕਸੂਰ ਦੇ ਕੋਲ਼ ਹੁੰਦਾ ਸੀ।ਇਕੱਠ ਵਿਚ ਇਕ 70-75 ਸਾਲ ਦੇ ਪਾਕਿਸਤਾਨੀ ਬਜ਼ੁਰਗ ਨੇ ਪੁੱਛਿਆ, '' ਪੁੱਤਰਾ, ਪਿੰਡ ਦਾ ਨਾਂ ਯਾਦ ਹਈ''
''ਹਾਂ ਜੀ'' ਤੇ ਨੌਜਵਾਨ ਨੇ ਪਿੰਡ ਦਾ ਜਦੋਂ ਨਾਂ ਦੱਸਿਆ ਤਾਂ ਬਜ਼ੁਰਗ ਨੇ ਧਾਹ ਕੇ ਨੌਜਵਾਨ ਨੂੰ ਗਲਵੱਕੜੀ ਪਾ ਲਈ ਤੇ 'ਮੇਰੇ ਬਚੜਿਆ, ਮੇਰੇ ਬਚੜਿਆ' ਕਹਿ ਕੇ ਅਸੀਸਾਂ ਦੀ ਝੜੀ ਲਾ ਦਿਤੀ ਤੇ ਦੱਸਿਆ ਕਿ ਉਹ ਉਸੇ ਪਿੰਡ ਦਾ ਵਸਨੀਕ ਸੀ। ਹੁਣ ਉਹ ਮੁੰਡੇ ਨੂੰ ਆਪਣੇ ਨਾਲ਼ ਲਿਜਾ ਕੇ ਉਸ ਦੇ ਪੁਰਖਿਆਂ ਦਾ ਪਿੰਡ ਦਿਖਾਉਣਾ ਚਾਹੁੰਦਾ ਸੀ।ਇਹ ਮੰਜ਼ਰ ਏਨਾ ਡਰਾਮਈ ਤੇ ਭਾਵੁਕ ਸੀ ਕਿ ਸਾਰੇ ਲੋਕ ਹੈਰਾਨੀ ਨਾਲ਼ ਦੇਖ ਰਹੇ ਸਨ।ਨੌਜਵਾਨ ਨੇ ਬਜ਼ੁਰਗ ਨੂੰ ਆਪਣੀ ਮਜਬੂਰੀ ਦੱਸੀ ਕਿ ਉਹ ਸਿਰਫ਼ ਸ਼ਾਮ ਤੱਕ ਹੀ ਇੱਥੇ ਠਹਿਰ ਸਕਦਾ ਹੈ।ਇਕ ਪਾਕਿਸਤਾਨੀ ਨੌਜਵਾਨ ਬਹੁਤ ਹੀ ਜਜ਼ਬਾਤੀ ਹੋ ਗਿਆ ਤੇ ਕਹਿਣ ਲੱਗਾ ਕਿ ਕਈ ਵਾਰੀ ਉਸ ਦਾ ਜੀਅ ਕਰਦਾ ਹੈ ਕਿ ਉਹ ਆਪਣੇ ਮੋਟਰਸਾਈਕਲ 'ਤੇ ਚੜ੍ਹ ਕੇ ਗੇਟ ਤੋੜਦਾ ਹੋਇਆ ਬਾਰਡਰ ਪਾਰ ਕਰ ਜਾਵੇ।ਮੈਂ ਉਸ ਨੂੰ ਕਿਹਾ ਕਿ ਉਹ ਅਜਿਹੀ ਗ਼ਲਤੀ ਨਾ ਕਰੇ। ਭਾਰਤੀ ਬੀ.ਐੱਸ.ਐੱਫ. ਤਾਂ ਉਸਨੂੰ ਬਾਅਦ 'ਚ ਟੱਕਰੂ ਪਹਿਲਾਂ ਪਾਕਿਸਤਾਨੀ ਰੇਂਜਰਾਂ ਨੇ ਹੀ ਉਹਦਾ ਫਾਤਿਹਾ ਪੜ੍ਹ ਦੇਣਾ।ਮੇਰੀ ਗੱਲ ਸੁਣ ਕੇ ਚਾਰੇ ਪਾਸੇ ਹਾਸਾ ਗੂੰਜ ਉੱਠਿਆ।ਉਹੀ ਨੌਜਵਾਨ ਕੁਝ ਸਹਿਜ ਵਿਚ ਆ ਕੇ ਮੈਨੂੰ ਕਹਿਣ ਲੱਗਾ, '' ਸਰਦਾਰ ਜੀ, ਬਹੁਤ ਵਧੀਆ ਲੈਕਚਰ ਦਿਤਾ ਤੁਸਾਂ ਨੇ, ਖ਼ਾਸ ਗੱਲ ਇਹ ਸੀ ਕਿ ਤੁਸਾਂ ਨੇ ਹਿੰਦੁਸਤਾਨੀ ਪੰਜਾਬ ਵਾਲ਼ੀ ਪੰਜਾਬੀ ਨਹੀ ਬੋਲੀ, ਉਹ ਤੇ ਸਾਡੇ ਸਿਰ ਉੱਪਰੋਂ ਦੀ ਲੰਘ ਜਾਂਦੀ ਏ। ਤੁਸੀਂ ਲੈਕਚਰਰ ਓ?'' ਨਾ ਚਾਹੁੰਦਿਆਂ ਹੋਇਆਂ ਵੀ ਮੇਰੇ ਕੋਲੋਂ ਦੱਸ ਹੋ ਗਿਆ ਕਿ ਮੈਂ ਯੂ.ਕੇ. 'ਚ ਟੀ.ਵੀ. ਪਰੀਜ਼ੈਂਟਰ ਹਾਂ।
ਓ ਮੇਰਿਆ ਰੱਬਾ! ਮੈਂ ਕਾਹਨੂੰ ਦੱਸ ਬੈਠਾ।ਜਿਉਂ ਸਿਲਸਿਲਾ ਸ਼ੁਰੂ ਹੋਇਆ ਸੈਲਫ਼ੀਆਂ ਲੈਣ ਦਾ।ਹਰ ਕੋਈ ਸਾਡੇ ਨਾਲ਼ ਸੈਲਫ਼ੀ ਲੈਣੀ ਚਾਹੁੰਦਾ ਸੀ।ਕਿੰਨੀ ਦੇਰ ਹੀ ਇਹ ਸਿਲਸਿਲਾ ਚਲਦਾ ਰਿਹਾ ਤੇ ਫੇਰ ਅਸੀਂ ਘੁੰਮਦੇ ਘੁੰਮਦੇ ਸ੍ਰੀ ਸਾਹਿਬ ਦੇ ਮਾਡਲ ਪਾਸ ਪਹੁੰਚੇ ਜਿਸ ਜਗ੍ਹਾ 'ਤੇ ਲਾਂਘੇ ਦੇ ਉਦਘਾਟਨ ਦਾ ਮੁੱਖ ਸਮਾਗਮ ਹੋਇਆ ਸੀ। ਉੱਥੇ ਵੀ ਲੋਕ ਧੜਾ ਧੜ ਫ਼ੋਟੋਆਂ ਖਿੱਚ ਰਹੇ ਸਨ। ਜਿਉਂ ਹੀ ਕੋਈ ਦਸਤਾਰਧਾਰੀ ਸਰਦਾਰ ਉੱਥੇ ਪਹੁੰਚਦਾ ਸੀ ਤਾਂ ਸੈਲਫ਼ੀਆਂ ਲੈਣ ਵਾਲੇ ਉਸ ਨੂੰ ਘੇਰ ਲੈਂਦੇ ਸਨ। ਇੱਥੇ ਵੀ ਵਾਹਵਾ ਦੌਰ ਚੱਲਿਆ ਸੈਲਫ਼ੀਆਂ ਦਾ।ਮੈਂ ਨੋਟ ਕੀਤਾ ਕਿ ਹਰੇਕ ਪਾਕਿਸਤਾਨੀ ਪੰਜਾਬੀ ਦਸਤਾਰ ਵਾਲ਼ੇ ਸਿੱਖ ਨਾਲ ਗੁਫ਼ਤਗੂ ਕਰਨੀ ਚਾਹੁੰਦਾ ਸੀ ਭਾਵੇਂ ਮੁਖ਼ਤਸਰ ਹੀ ਸਹੀ।ਮੇਰੀ ਸੋਚ ਫਿਰ ਉੱਥੇ ਹੀ ਅਟਕ ਜਾਂਦੀ ਸੀ ਕਿ ਇਹ ਕਿਹੜੀ ਭੁੱਖ ਸੀ, ਕੀ ਜ਼ੁਬਾਨ ਦੀ ਸਾਂਝ ਕਰ ਕੇ, ਕੀ ਸੱਭਿਆਚਾਰ ਤਕਰੀਬਨ ਮਿਲਦਾ ਜੁਲਦਾ ਕਰ ਕੇ, ਕੀ ਪੁਰਾਣੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਦਾ ਯਤਨ ਸੀ?
ਮੇਰੇ ਪਾਸ ਇਸ ਦਾ ਜਵਾਬ ਨਹੀਂ ਸੀ।ਅੱਜ ਵੀ ਜਵਾਬ ਤਲਾਸ਼ ਰਿਹਾ ਹਾਂ।
ਥਕਾਵਟ ਨਾਲ਼ ਚੂਰ ਹੋ ਚੁੱਕੇ ਸਾਂ ਅਸੀਂ। ਬਾਬਾ ਜੀ ਦੇ ਖੇਤਾਂ ਦੇ ਦੂਰੋਂ ਹੀ ਦਰਸ਼ਨ ਕੀਤੇ।ਖੇਤ ਵਾਹ ਕੇ ਬਣਾਇਆ ਹੋਇਆ ਬਹੁਤ ਵੱਡੇ ਆਕਾਰ ਦਾ ਖੰਡਾ ਦੇਖਿਆ ਤੇ ਹੌਲੀ ਹੌਲੀ ਜੋੜਾ-ਘਰ ਵਲ ਵਧੇ।
ਬੱਸ ਨੇ ਸਾਨੂੰ ਇੰਮੀਗ੍ਰੇਸ਼ਨ ਦਫ਼ਤਰ ਸਾਹਮਣੇ ਉਤਾਰ ਦਿਤਾ। ਅੰਦਰ ਜਾ ਕੇ ਆਪਣੇ ਯਾਤਰੀ ਪਾਸ ਵਾਪਸ ਕੀਤੇ ਤੇ ਇਮੀਗ੍ਰੇਸ਼ਨ 'ਚੋਂ ਕਾਰਵਾਈ ਕਰਵਾ ਕੇ ਬਾਹਰ ਆ ਗਏ ਜਿੱਥੇ ਇਕ ਈ-ਰਿਕਸ਼ੇ ਵਿਚ ਚਾਰ ਕੁ ਸੀਟਾਂ ਖਾਲੀ ਸਨ।ਕੁਝ ਗੁਜਰਾਤੀ ਸਵਾਰੀਆਂ ਬੈਠੀਆਂ ਸਨ।ਉਹਨਾਂ ਦਾ ਇਕ ਸਾਥੀ ਪਾਰਕ ਵਿਚ ਸ੍ਰੀ ਸਾਹਿਬ ਦੇ ਮਾਡਲ ਦੀਆਂ ਤਸਵੀਰਾਂ ਖਿੱਚਣ ਗਿਆ ਹੋਇਆ ਸੀ।ਸਾਰੇ ਉਸ ਦਾ ਹੀ ਇੰਤਜ਼ਾਰ ਕਰ ਰਹੇ ਸਨ।ਉਹ ਜਦੋਂ ਤਸਵੀਰਾਂ ਖਿੱਚ ਕੇ ਆਇਆ ਤਾਂ ਉਸਦੀ ਘਰ ਵਾਲ਼ੀ ਉਸ ਨਾਲ਼ ਗਰਮ ਹੋ ਗਈ ਕਿ ਉਹ ਸਭ ਨੂੰ ਲੇਟ ਕਰ ਰਿਹਾ ਸੀ।ਉਹ ਬੜੇ ਠਰ੍ਹੰਮੇ ਨਾਲ਼ ਬੋਲਿਆ, '' ਅਰੀ ਭਾਗਵਾਨ ਯਹੀ ਤੋਂ ਏਕ ਚੀਜ਼ ਹੈ ਜਿਸਨੇ ਹਮ ਸਭ ਕੋ ਬਚਾਇਆ ਵਰਨਾ ਹਮਾਰਾ ਨਾਮੋ-ਨਿਸ਼ਾਨ ਨਾ ਹੋਤਾ''। ਉਹ ਬਹੁਤ ਵੱਡੀ ਗੱਲ ਕਹਿ ਗਿਆ ਸੀ।ਪਤਾ ਨਹੀਂ ਬਾਕੀ ਸਿੱਖ ਸਵਾਰੀਆਂ 'ਤੇ ਪ੍ਰਭਾਵ ਪਾਉਣ ਲਈ ਉਸ ਨੇ ਕਿਹਾ ਸੀ ਕਿ ਜਾਂ ਉਸ ਦੇ ਅੰਦਰ ਦੀ ਆਵਾਜ਼ ਸੀ ਪਰ ਸਚਾਈ ਸੀ। ਉਸਦੇ ਨਾਲ ਦੇ ਸਾਥੀ ਨੇ ਇਹ ਕਹਿ ਕੇ ਹਾਮੀ ਭਰੀ, '' ਬਾਤ ਤੋ ਠੀਕ ਹੈ ਬਈ ਆਪ ਕੀ''।
ਈ-ਰਿਕਸ਼ਾ ਨੇ ਸਾਨੂੰ ਪਾਕਿਸਤਾਨੀ ਗੇਟ ਕੋਲ ਉਤਾਰ ਦਿਤਾ ਜਿਥੇ ਪਾਕਿਸਤਾਨੀ ਰੇਂਜਰ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਸਾਨੂੰ ਪੁੱਛਿਆ ਕਿ ਕੋਈ ਤਕਲੀਫ਼ ਤਾਂ ਨਹੀਂ ਹੋਈ ਯਾਤਰਾ ਦੌਰਾਨ ਤੇ ਸਾਨੂੰ ਫੇਰ ਵੀ ਆਉਣ ਲਈ ਕਿਹਾ ਤੇ ਖ਼ੁਦਾ ਹਾਫਿਜ਼ ਕਹਿ ਕੇ ਕਿੰਨੀ ਦੇਰ ਹੱਥ ਹਿਲਾਉਂਦਾ ਰਿਹਾ।
ਅਸੀਂ ਜ਼ੀਰੋ ਲਾਈਨ ਪਾਰ ਕੀਤੀ ਤੇ ਇੱਥੋਂ ਈ-ਰਿਕਸ਼ਾ ਸਾਨੂੰ ਭਾਰਤੀ ਇੰਮੀਗ੍ਰੇਸ਼ਨ ਤੱਕ ਲੈ ਗਿਆ ਤੇ ਪਾਸਪੋਰਟ ਵਿਗੈਰਾ ਦਿਖਾ ਕੇ ਅਸੀਂ ਕਸਟਮ ਵਾਲਿਆਂ ਕੋਲ ਜਾ ਖੜ੍ਹੇ ਹੋਏ।ਇਕ ਕਰਮਚਾਰੀ ਨੇ ਸਾਨੂੰ ਪਾਕਿਸਤਾਨ 'ਚ ਕੀਤੀ ਖ਼ਰੀਦਾਰੀ ਬਾਰੇ ਪੁੱਛਿਆ ਤੇ ਸਾਡੇ ਬੈਗ ਸਰਸਰੀ ਤੌਰ ਤੇ ਚੈੱਕ ਕੀਤੇ ਤੇ ਕਹਿਣ ਲੱਗਾ, '' ਕੀ ਕਰੀਏ ਜੀ, ਲੋਕ ਪਾਕਿਸਤਾਨ ਦੀ ਮਿੱਟੀ ਬੈਗਾਂ 'ਚ ਪਾ ਕੇ ਲੈ ਆਉਂਦੇ ਐ, ਜੋ ਕਿ ਅਲਾਊਡ ਨਹੀਂ, ਸਾਨੂੰ ਬੈਗ ਫੋਲਣੇ ਪੈਂਦੇ ਆ''।
ਮੈਂ ਦਿਲ 'ਚ ਕਿਹਾ, '' ਬਾਬੂ ਤੂੰ ਕੀ ਜਾਣੇ ਇਸ ਮਿੱਟੀ ਦੀ ਕੀਮਤ! ਉਹ ਪਾਕਿਸਤਾਨ ਦੀ ਮਿੱਟੀ ਨਹੀਂ ਲਿਆਉਂਦੇ, ਉਹ ਤਾਂ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਲਿਆਉਂਦ ਆ''।