ਗੌਤਮ, ਆਨੰਦ ਅਤੇ ... - ਸਵਰਾਜਬੀਰ
ਗੌਤਮ ਬੁੱਧ ਤੇ ਆਨੰਦ ਨੂੰ ਸਾਰੇ ਜਾਣਦੇ ਹਨ। ਵੱਖ ਵੱਖ ਰਵਾਇਤਾਂ ਅਨੁਸਾਰ ਉਹ ਚਚੇਰੇ ਭਰਾ ਸਨ। ਕੋਈ ਰਵਾਇਤ ਇਹ ਕਹਿੰਦੀ ਹੈ ਕਿ ਸਿਧਾਰਥ (ਗੌਤਮ ਬੁੱਧ) ਤੇ ਆਨੰਦ ਇਕੋ ਦਿਨ ਜਨਮੇ ਸਨ ਤੇ ਕੋਈ ਕਹਿੰਦੀ ਏ ਕਿ ਆਨੰਦ ਗੌਤਮ ਤੋਂ ਕਈ ਵਰ੍ਹੇ ਛੋਟਾ ਸੀ। ਜਦ ਸਿਧਾਰਥ ਗੌਤਮ ਬੁੱਧ ਬਣ ਕੇ ਕਪਿਲ ਵਸਤੂ ਪਰਤਿਆ ਤਾਂ ਆਨੰਦ ਵੀ ਭਿਕਸ਼ੂ ਬਣ ਗਿਆ। ਵੀਹ ਸਾਲ ਬੁੱਧ ਨਾਲ ਰਹਿਣ ਤੋਂ ਬਾਅਦ ਆਨੰਦ ਉਨ੍ਹਾਂ ਦਾ ਨਿੱਜੀ ਸੇਵਕ, ਸਾਂਝੀਵਾਲ ਤੇ ਮੁੱਖ ਚੇਲਾ ਬਣ ਗਿਆ। ਮਹਾਤਮਾ ਬੁੱਧ ਦੇ ਜੀਵਨ ਦੌਰਾਨ ਹੀ ਉਸ ਦੀ ਪਛਾਣ ਬੁੱਧ ਧਰਮ ਦੇ ਸਿਧਾਂਤਕਾਰ ਵਜੋਂ ਹੋਣ ਲੱਗੀ। ਇਹ ਵੀ ਦੱਸਿਆ ਜਾਂਦਾ ਹੈ ਕਿ ਆਨੰਦ ਦੇ ਕਹਿਣ 'ਤੇ ਹੀ ਮਹਾਤਮਾ ਬੁੱਧ ਨੇ ਇਸਤਰੀਆਂ ਨੂੰ ਭਿਕਸ਼ੂ ਬਣਾਇਆ ਤੇ ਬੋਧੀ ਸੰਘ ਵਿਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ। ਬੁੱਧ ਦੀ ਮੌਤ ਵੇਲੇ ਆਨੰਦ ਨੂੰ ਪੂਰਨ ਗਿਆਨ ਹਾਸਲ ਨਹੀਂ ਸੀ ਹੋਇਆ। ਇਸ ਲਈ ਉਸ ਨੂੰ ਰਾਜਗੜ੍ਹ ਵਿਚ ਹੋਈ ਪਹਿਲੀ ਬੋਧੀ ਮਹਾਂ-ਗੋਸ਼ਟ ਵਿਚ ਹਿੱਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਮਹਾਂ-ਗੋਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੋ ਗਿਆ ਤੇ ਉਸ ਨੇ ਮਹਾਂ-ਗੋਸ਼ਟ ਵਿਚ ਹਿੱਸਾ ਲਿਆ। ਏਸੇ ਮਹਾਂ-ਗੋਸ਼ਟ ਵਿਚ ਉਸ ਦਾ ਇਸ ਲਈ ਵਿਰੋਧ ਕੀਤਾ ਗਿਆ ਕਿ ਉਸ ਦੇ ਕਾਰਨ ਔਰਤਾਂ ਨੂੰ ਸੰਘ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਆਨੰਦ ਨੇ ਕਈ ਬੋਧੀ ਗ੍ਰੰਥ ਲਿਖੇ ਤੇ ਉਹ ਬੁੱਧ ਧਰਮ ਦਾ ਪ੍ਰਮੁੱਖ ਵਿਆਖਿਆਕਾਰ ਮੰਨਿਆ ਗਿਆ। ਉਸ ਨੇ ਬੁੱਧ ਧਰਮ ਦੀਆਂ ਦੂਸਰੀ ਤੇ ਤੀਸਰੀ ਮਹਾਂ-ਗੋਸ਼ਟ ਵਿਚ ਵੱਡੀ ਭੂਮਿਕਾ ਨਿਭਾਈ।
ਕੁਰਲੈਤਨ ਹੈਦਰ ਆਪਣਾ ਨਾਵਲ 'ਆਗ ਕਾ ਦਰਿਆ' ਮਹਾਤਮਾ ਬੁੱਧ ਦੇ ਸਮਿਆਂ ਤੋਂ ਸੌ ਕੁ ਸਾਲ ਬਾਅਦ ਸ਼ੁਰੂ ਕਰਦੀ ਹੈ। ਉਸ ਦਾ ਇਕ ਪ੍ਰਮੁੱਖ ਕਿਰਦਾਰ ਸਨਾਤਨ ਧਰਮ ਦੀ ਸ਼੍ਰਾਸਵਤੀ ਗੁਰੂਕੁਲ ਦਾ ਵਿਦਿਆਰਥੀ ਗੌਤਮ ਨੀਲਾਂਬਰ ਨਾਵਲ ਦੇ ਪਹਿਲੇ ਸਫ਼ਿਆਂ ਵਿਚ ਬੋਧੀ ਹਰਿਸ਼ੰਕਰ ਨੂੰ ਮਿਲਦਾ ਹੈ। ਹਰਿਸ਼ੰਕਰ ਦੱਸਦਾ ਹੈ ਕਿ ਹੁਣ ਔਰਤਾਂ ਵੀ ਧਾਰਮਿਕ ਮਾਮਲਿਆਂ ਵਿਚ ਹਿੱਸਾ ਲੈਣ ਲੱਗ ਪਈਆਂ ਹਨ। ਪਹਿਲੀ ਬੁੱਧ ਮਹਾਂ-ਗੋਸ਼ਟ ਵਿਚ ਭਿਕਸ਼ੂਆਂ ਵੱਲੋਂ ਆਨੰਦ ਦੁਆਰਾ ਔਰਤਾਂ ਨੂੰ ਬੋਧੀ ਸੰਘ ਵਿਚ ਸ਼ਾਮਲ ਕੀਤੇ ਜਾਣ ਦੇ ਵਿਰੋਧ ਵੱਲ ਇਸ਼ਾਰਾ ਕਰਦਿਆਂ ਗੌਤਮ ਨੀਲਾਂਬਰ ਕਹਿੰਦਾ ਹੈ, ''ਵੇਖੋ, ਤੁਹਾਡੇ ਆਨੰਦ ਨਾਲ ਕੀ ਬੀਤੀ ਸੀ।'' ਸਨਾਤਨੀਆਂ ਨੇ ਗੌਤਮ ਬੁੱਧ, ਆਨੰਦ ਤੇ ਹੋਰ ਬੋਧੀ ਵਿਦਵਾਨਾਂ ਵਿਰੁੱਧ ਮੋਰਚਾ ਲਾਇਆ ਹੋਇਆ ਸੀ। ਇਹ ਮੋਰਚਾ ਸੈਂਕੜੇ ਸਾਲ ਚੱਲਦਾ ਰਿਹਾ ਤੇ ਇਸ ਵਿਚ ਸਨਾਤਨੀ ਜੇਤੂ ਹੋਏ। ਗੌਤਮ ਤੇ ਆਨੰਦ ਦੇ ਬੁੱਧ ਧਰਮ ਨੂੰ ਇਸ ਧਰਤੀ ਤੋਂ ਜਲਾਵਤਨ ਕਰ ਦਿੱਤਾ ਗਿਆ।
ਗੌਤਮ ਤੇ ਆਨੰਦ ... ਇਹ ਨਾਂ ਕਿੰਨੇ ਪੁਰਾਣੇ ਹਨ। ਹਜ਼ਾਰਾਂ ਵਰ੍ਹੇ ਪੁਰਾਣੇ।
ਅੱਜ ਇਹ ਨਾਂ ਸਾਡੇ ਸਾਹਮਣੇ ਕੁਝ ਹੋਰ ਤਰ੍ਹਾਂ ਹਾਜ਼ਰ ਹਨ। ਇਕ ਵਿਅਕਤੀ ਦਾ ਨਾਂ ਹੈ ਗੌਤਮ ਨਵਲੱਖਾ ਹੈ ਅਤੇ ਦੂਸਰੇ ਦਾ ਆਨੰਦ ਤੈਲਤੁੰਬੜੇ। ਇਸ ਤਰ੍ਹਾਂ 'ਗੌਤਮ' ਤੇ 'ਆਨੰਦ' ਦੇ ਨਾਂ ਫਿਰ ਇਕੱਠੇ ਲਏ ਜਾ ਰਹੇ ਹਨ : ਇਕ ਖ਼ਾਸ ਸੰਦਰਭ ਵਿਚ। ਕਹਿਣ ਤੋਂ ਭਾਵ ਇਹ ਨਹੀਂ ਕਿ ਕੋਈ ਖ਼ਾਸ ਨਾਵਾਂ ਵਾਲੇ ਕਿਸ ਖ਼ਾਸ ਧਿਰ ਵੱਲ ਹੁੰਦੇ। ਇਹ ਸਿਰਫ਼ ਇਤਫ਼ਾਕ ਹੈ ਕਿ ਅੱਜ ਦੇ ਗੌਤਮ (ਨਵਲੱਖਾ) ਤੇ ਆਨੰਦ (ਤੈਲਤੁੰਬੜੇ) ਵੀ ਦਲਿਤਾਂ ਤੇ ਦੱਬੇ ਕੁਚਲਿਆਂ ਦੇ ਹੱਕ ਵਿਚ ਉਨ੍ਹਾਂ ਪੈੜਾਂ 'ਤੇ ਚੱਲਦੇ ਹੋਏ ਆਵਾਜ਼ ਬੁਲੰਦ ਕਰ ਰਹੇ ਹਨ, ਜਿਹੜੀਆਂ ਹਜ਼ਾਰਾਂ ਵਰ੍ਹੇ ਪਹਿਲਾਂ ਦੇ ਗੌਤਮ (ਬੁੱਧ) ਤੇ ਆਨੰਦ ਨੇ ਪਾਈਆਂ ਸਨ।
ਇਨ੍ਹਾਂ ਹਜ਼ਾਰਾਂ ਵਰ੍ਹਿਆਂ ਵਿਚ ਬ੍ਰਾਹਮਣਵਾਦ, ਜਾਤੀਵਾਦ ਤੇ ਕਰਮਕਾਂਡ ਵਿਰੁੱਧ ਲੜਾਈ ਹੁੰਦੀ ਰਹੀ। ਜਾਤੀਵਾਦ ਸਮਾਜ 'ਤੇ ਭਾਰੂ ਰਿਹਾ ਤੇ ਉਸ ਨੇ ਬ੍ਰਾਹਮਣ, ਕਸ਼ੱਤਰੀਯ ਤੇ ਵੈਸ਼ ਵਰਣਾਂ ਦੇ ਲੋਕਾਂ ਨੂੰ ਖ਼ਾਸ ਅਧਿਕਾਰ ਦਿੱਤੇ ਜਦੋ੬ਂਕਿ ਸ਼ੂਦਰ ਗਰਦਾਨੇ ਗਏ ਕਰੋੜਾਂ ਲੋਕਾਂ ਨੂੰ ਅਧਿਕਾਰਾਂ ਤੇ ਗਿਆਨ ਤੋਂ ਮਹਿਰੂਮ ਕੀਤਾ। ਜਾਤੀਵਾਦੀ ਸੋਚ ਦਾ ਪ੍ਰਚਾਰ ਏਨੇ ਪ੍ਰਚੰਡ ਤਰੀਕੇ ਨਾਲ ਕੀਤਾ ਗਿਆ ਕਿ ਇਹ ਸੋਚ ਸਾਡੀ ਸਮਾਜਿਕ ਸੂਝ-ਬੂਝ ਤੇ ਅਮਲ ਦਾ ਹਿੱਸਾ ਬਣ ਗਈ ਜਿਵੇਂ ਇਕ ਕੋਈ ਦੈਵੀ ਸੱਚ ਜਾਂ ਕੁਦਰਤੀ ਅਮਲ ਹੋਵੇ।
1818 ਵਿਚ ਮਹਾਰਾਸ਼ਟਰ ਵਿਚ ਕੋਰੇਗਾਓਂ ਦੇ ਸਥਾਨ 'ਤੇ ਪੇਸ਼ਵਾ ਬਾਜੀਰਾਓ ਦੂਸਰੇ ਅਤੇ ਈਸਟ ਇੰਡੀਆ ਕੰਪਨੀ ਦਰਮਿਆਨ ਲੜਾਈ ਹੋਈ। ਕੰਪਨੀ ਦੀ ਫ਼ੌਜ, ਜਿਸ ਵਿਚ ਮਹਾਰ ਜਾਤੀ ਦੇ ਦਲਿਤ ਫ਼ੌਜੀ ਸ਼ਾਮਲ ਸਨ, ਨੇ ਪੇਸ਼ਵਾ ਦੀ ਫ਼ੌਜ ਨੂੰ ਹਰਾ ਦਿੱਤਾ। ਨਜ਼ਦੀਕ ਭੀਮਾ ਦਰਿਆ ਦੇ ਵਹਿਣ ਕਾਰਨ ਇਸ ਨੂੰ ਭੀਮਾ ਕੋਰੇਗਾਓਂ ਦੀ ਲੜਾਈ ਅਤੇ ਦਲਿਤ ਜਾਤੀ ਦੇ ਮਹਾਰ ਲੋਕਾਂ ਦੀ ਬ੍ਰਾਹਮਣਵਾਦੀ ਰਾਜੇ 'ਤੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬੀ.ਆਰ. ਅੰਬੇਦਕਰ ਨੇ ਇਕ ਜਨਵਰੀ 1927 ਨੂੰ ਇਸ ਥਾਂ ਦੀ ਯਾਤਰਾ ਕੀਤੀ। ਦਲਿਤ ਸਮਾਜ ਤੇ ਜਥੇਬੰਦੀਆਂ ਇਕ ਜਨਵਰੀ ਦਾ ਦਿਨ ਦਮਨ ਵਿਰੋਧੀ ਦਿਵਸ ਵਜੋਂ ਮਨਾਉਂਦੀਆਂ ਹਨ। 31 ਦਸੰਬਰ 2017 ਨੂੰ ਐਲਗਰ ਪਰੀਸ਼ਦ, ਜਿਹਦੇ ਵਿਚ 250 ਤੋਂ ਵੱਧ ਸੰਸਥਾਵਾਂ ਸ਼ਾਮਲ ਸਨ, ਨੇ ਇਸ ਥਾਂ 'ਤੇ ਵੱਡਾ ਇਕੱਠ ਕੀਤਾ। ਇਸ ਵਿਚ ਸਮਾਜਿਕ ਕਾਰਕੁਨ, ਕਲਾਕਾਰ, ਗਾਇਕ, ਸੰਗੀਤਕਾਰ, ਰੰਗਕਰਮੀ ਅਤੇ ਹੋਰ ਹਜ਼ਾਰਾਂ ਲੋਕ ਸ਼ਾਮਲ ਹੋਏ। ਇਕ ਜਨਵਰੀ 2018 ਨੂੰ ਇੱਥੇ ਹਿੰਸਾ ਹੋਈ ਜਿਸ ਵਿਚ ਇਕ ਆਦਮੀ ਮਾਰਿਆ ਗਿਆ ਅਤੇ ਤਿੰਨ ਜ਼ਖ਼ਮੀ ਹੋਏ। ਕੁਝ ਦਿਨ ਬਾਅਦ ਮਹਾਰਾਸ਼ਟਰ ਪੁਲੀਸ ਨੇ ਸੁਰਿੰਦਰ ਗੈਡਲਿੰਗ, ਰੋਨਾ ਵਿਲਸਨ, ਮਹੇਸ਼ ਰਾਉਤ, ਸੁਧੀਰ ਨਵਾਲੇ ਅਤੇ ਸੋਮਾ ਸੇਨ ਦੇ ਵਿਰੁੱਧ ਇਹ ਕਹਿੰਦਿਆਂ ਕੇਸ ਦਰਜ ਕੀਤਾ ਕਿ ਇਹ ਸਮਾਗਮ ਇਕ ਮਾਓਵਾਦੀ ਸਾਜ਼ਿਸ਼ ਦਾ ਹਿੱਸਾ ਸੀ।
ਸੁਰਿੰਦਰ ਗੈਡਲਿੰਗ ਮਨੁੱਖੀ ਹੱਕਾਂ ਦੇ ਕੇਸ ਲੜਨ ਵਾਲਾ ਵਕੀਲ ਹੈ ਅਤੇ ਸੁਧੀਰ ਨਵਾਲੇ ਇਕ ਕਵੀ। ਮਹੇਸ਼ ਰਾਉਤ ਆਦਿਵਾਸੀਆਂ ਵਿਚ ਕੰਮ ਕਰਨ ਵਾਲਾ ਸਮਾਜਿਕ ਕਾਰਕੁਨ ਹੈ ਅਤੇ ਰੋਨਾ ਵਿਲਸਨ ਜਮਹੂਰੀ ਹੱਕਾਂ ਦੀ ਰਾਖੀ ਵਿਚ ਖੜ੍ਹਾ ਹੋਣ ਵਾਲਾ। ਸੋਮਾ ਸੇਨ ਨਾਗਪੁਰ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੜ੍ਹਾਉਂਦੀ ਹੈ ਅਤੇ ਔਰਤਾਂ ਦੇ ਹੱਕਾਂ ਲਈ ਲੜਦੀ ਹੈ।
ਬਾਅਦ ਵਿਚ ਪੁਲੀਸ ਨੇ ਕਿਹਾ ਕਿ ਇਸ ਸਾਜ਼ਿਸ਼ ਵਿਚ ਆਨੰਦ ਤੈਲਤੁੰਬੜੇ ਅਤੇ ਗੌਤਮ ਨਵਲੱਖਾ, ਅਰੁਨ ਫਰੇਰਾ, ਵਰਨੋਨ ਗੋਂਸਾਲਵੇਜ਼, ਵਰਵਰਾ ਰਾਓ ਅਤੇ ਸੁਧਾ ਭਾਰਦਵਾਜ ਵੀ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗੌਤਮ ਨਵਲੱਖਾ ਅਤੇ ਆਨੰਦ ਤੈਲਤੁੰਬੜੇ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਸੀ। ਹੁਣ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾ ਕਰਨ ਦੇ ਆਦੇਸ਼ ਨੂੰ ਵਧਾਉਣ ਤੋਂ ਨਾਂਹ ਕਰ ਦਿੱਤੀ। ਵੀਰਵਾਰ ਨੂੰ ਆਨੰਦ ਤੈਲਤੁੰਬੜੇ ਅਤੇ ਗੌਤਮ ਨਵਲੱਖਾ ਨੇ ਰਾਸ਼ਟਰੀ ਜਾਂਚ ਏਜੰਸੀ ਸਾਹਮਣੇ ਆਤਮ ਸਮਰਪਣ ਕਰ ਦਿੱਤਾ।
ਵਰਵਰਾ ਰਾਓ ਤੇਲਗੂ ਭਾਸ਼ਾ ਦਾ ਕਵੀ ਹੈ ਜੋ ਕਈ ਦਹਾਕਿਆਂ ਤੋਂ ਨਾਬਰੀ ਦਾ ਸੁਰ ਬਣ ਕੇ ਉਭਰਿਆ ਹੈ। ਮਸ਼ਹੂਰ ਅਰਥ ਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਸੁਧਾ ਭਾਰਦਵਾਜ ਹਿਸਾਬਦਾਨ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੀ ਕਾਰਕੁਨ ਹੈ। ਵਰਨੋਨ ਗੋਂਸਾਲਵੇਜ਼ ਮੁੰਬਈ ਦੇ ਮਸ਼ਹੂਰ ਕਾਲਜਾਂ ਵਿਚ ਪ੍ਰਾਧਿਆਪਕ ਰਿਹਾ ਅਤੇ ਅਰੁਨ ਫਰੇਰਾ ਨੂੰ ਦੋ ਵਾਰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਪਰ ਉਸ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਹੋਇਆ। ਗੌਤਮ ਨਵਲੱਖਾ ਵੀ ਲੰਮੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਸਰਗਰਮ ਰਿਹਾ।
ਮਹਾਰਾਸ਼ਟਰ ਦੇ ਯਵਤ ਮੱਲ ਜ਼ਿਲ੍ਹੇ ਵਿਚ ਪੈਦਾ ਹੋਏ ਆਨੰਦ ਤੈਲਤੁੰਬੜੇ ਨੇ 1982 ਵਿਚ ਅਹਿਮਦਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਤਂਂ ਮੈਨੇਜਮੈਂਟ ਦੇ ਵਿਸ਼ੇ ਵਿਚ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਮੁੰਬਈ ਯੂਨੀਵਰਸਿਟੀ ਤੋਂ ਡਾਕਟਰੇਟ। ਉਸ ਨੇ ਜਨਤਕ ਖੇਤਰ ਦੇ ਅਦਾਰੇ ਭਾਰਤ ਪੈਟਰੋਲੀਅਮ ਵਿਚ ਕੰਮ ਕਰਦਿਆਂ ਤਕਨੀਕ ਤੇ ਪ੍ਰਬੰਧ ਦਾ ਸੁਮੇਲ ਪੈਦਾ ਕਰਕੇ ਕੰਪਨੀ ਨੂੰ ਵੱਡਾ ਫ਼ਾਇਦਾ ਪਹੁੰਚਾਇਆ। ਇਸ ਤੋਂ ਬਾਅਦ ਉਸ ਨੇ ਬਹੁਤ ਦੇਰ ਤਕ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਖੜਗਪੁਰ ਵਿਚ ਪੜ੍ਹਾਇਆ ਅਤੇ ਇਸ ਤੋਂ ਬਾਅਦ ਗੋਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ। ਉਸ ਦੀ ਸ਼ਾਦੀ ਬੀ.ਆਰ. ਅੰਬੇਦਕਰ ਦੀ ਪੋਤਰੀ ਰਮਾ ਬਾਈ ਨਾਲ ਹੋਈ। ਉਸ ਨੇ ਵੱਖ ਵੱਖ ਸਮਾਜਿਕ ਸਮੱਸਿਆਵਾਂ, ਜਿਨ੍ਹਾਂ ਵਿਚ ਜਾਤੀਵਾਦ ਵੀ ਸ਼ਾਮਲ ਹੈ, ਬਾਰੇ 30 ਕਿਤਾਬਾਂ ਲਿਖੀਆਂ ਹਨ।
ਆਤਮ-ਸਮਰਪਣ ਕਰਨ ਤੋਂ ਪਹਿਲਾਂ ਆਨੰਦ ਤੈਲਤੁੰਬੜੇ ਨੇ ਦੇਸ਼ ਵਾਸੀਆਂ ਦੇ ਨਾਂ ਇਕ ਖ਼ਤ ਲਿਖਿਆ ਜਿਸ ਵਿਚ ਉਸ ਨੇ ਕਿਹਾ, ''ਮੈਂ ਜਾਣਦਾ ਹਾਂ ਕਿ ਜੋ ਮੈਂ ਕਹਿ ਰਿਹਾ ਹਾਂ, ਉਹ ਭਾਰਤੀ ਜਨਤਾ ਪਾਰਟੀ-ਰਾਸ਼ਟਰੀ ਸਵੈਮਸੇਵਕ ਸੰਘ ਦੇ ਗੱਠਜੋੜ ਦੁਆਰਾ ਪਾਏ ਜਾ ਰਹੇ ਸ਼ੋਰ ਵਿਚ ਗੁਆਚ ਜਾਏਗਾ ... 2019 ਵਿਚ ਅਖ਼ਬਾਰਾਂ ਵਿਚ ਛਪਿਆ ਸੀ ਕਿ ਸਰਕਾਰ ਨੇ ਮੇਰੇ ਫ਼ੋਨ ਉੱਤੇ ਜਾਸੂਸੀ ਕਰਨ ਵਾਲੇ ਇਸਰਾਇਲੀ ਸਾਫ਼ਟਵੇਅਰ ਪੈਗਾਸਸ ਦੀ ਵਰਤੋਂ ਕੀਤੀ ਸੀ। ਮੀਡੀਆ ਵਿਚ ਇਸ ਦਾ ਥੋੜ੍ਹਾ-ਬਹੁਤ ਜ਼ਿਕਰ ਹੋਇਆ ਪਰ ਇਹ ਗੰਭੀਰ ਮਾਮਲਾ ਜਲਦੀ ਹੀ ਦਬਾ ਦਿੱਤਾ ਗਿਆ... ਮੈਂ ਕਦੀ ਵੀ ਕਿਸੇ ਹਿੰਸਾਤਮਕ ਅੰਦੋਲਨ ਦੀ ਹਮਾਇਤ ਨਹੀਂ ਕੀਤੀ ਅਤੇ ਮੈਨੂੰ ਆਪਣੀ ਜ਼ਿੰਦਗੀ ਦੇ ਅਖ਼ੀਰਲੇ ਵਰ੍ਹਿਆਂ ਵਿਚ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਰੇ ਕਾਨੂੰਨ ਅਧੀਨ ਕੈਦ ਕੀਤਾ ਜਾ ਰਿਹਾ ਹੈ।''
ਲੈਫ਼ਟਵਰਡ ਬੁੱਕਸ ਦੇ ਵਿਜੈ ਪ੍ਰਸਾਦ ਅਤੇ ਸੁਧਨਵਾ ਦੇਸ਼ਪਾਂਡੇ ਨੇ ਤੈਲਤੁੰਬੜੇ ਨੂੰ ਇਕ ਚਿੱਠੀ-ਨੁਮਾ ਲੇਖ ਵਿਚ ਕਿਹਾ ਹੈ :
''ਤੈਨੂੰ ਏਸ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਕਿਉਂਕਿ ਤੂੰ ਅਸਹਿਮਤੀ ਦੇ ਉਸ ਜਵਾਰਭਾਟੇ ਦਾ ਹਿੱਸਾ ਸੈਂ ਜਿਸ ਨੇ ਇਸ ਸਰਕਾਰ ਦੁਆਰਾ ਜਮਹੂਰੀਅਤ ਨੂੰ ਪਹੁੰਚਾਏ ਨੁਕਸਾਨ ਵਿਰੁੱਧ ਆਵਾਜ਼ ਉਠਾਈ। ਤੂੰ ਲਿਖਿਆ ਸੀ, 'ਦਲਿਤਾਂ ਨੂੰ ਹਿੰਦੂਤਵੀ ਧਾੜਵੀਆਂ ਦੁਆਰਾ ਪੈਦਾ ਕੀਤੇ ਗਏ ਪੇਸ਼ਵਾ ਵਰਗੇ ਨਿਜ਼ਾਮ ਵਿਰੁੱਧ ਲੜਨਾ ਪਏਗਾ। ਉਨ੍ਹਾਂ ਨੂੰ ਆਪਣੇ ਬੀਤੇ ਵਿਚ ਮਿਥਿਹਾਸਕ ਤਰੀਕੇ ਨਾਲ ਝਾਕਣ ਦੀ ਬਜਾਏ ਆਪਣੀਆਂ ਅੱਖਾਂ ਖੋਲ੍ਹ ਕੇ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ।...' ਪਿਆਰੇ ਆਨੰਦ, ਤੂੰ ਮੈਨੇਜਮੈਂਟ ਦੇ ਵਿਸ਼ਿਆਂ ਦਾ ਮਾਹਿਰ ਹੈ। ਤੂੰ ਅਤੇ ਤੇਰੇ ਸਾਥੀ ਆਜ਼ਾਦੀ ਦੇ ਸੰਘਰਸ਼ ਦੇ ਆਦਰਸ਼ਾਂ ਕਾਰਨ ਇਕੱਠੇ ਹੋਏ ਹੋ, ਉਨ੍ਹਾਂ ਆਦਰਸ਼ਾਂ ਕਾਰਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤੀ ਸੰਵਿਧਾਨ ਵਿਚ ਹਨ।''
ਇਸ ਲੇਖ ਦੇ ਲੇਖਕਾਂ ਨੇ ਬੀ.ਆਰ. ਅੰਬੇਦਕਰ ਦੇ ਆਲ ਇੰਡੀਆ ਡੈਪਰੈਸਡ ਕਲਾਸਿਜ਼ ਕਾਨਫਰੰਸ ਨੂੰ 1942 ਵਿਚ ਦਿੱਤੇ ਭਾਸ਼ਣ ਦਾ ਹਵਾਲਾ ਦਿੱਤਾ ਹੈ ਜਿਸ ਵਿਚ ਅੰਬੇਦਕਰ ਨੇ ਕਿਹਾ ਸੀ, ''ਤੁਹਾਡੇ ਵਾਸਤੇ ਮੇਰੀ ਸਲਾਹ ਦੇ ਆਖ਼ਰੀ ਸ਼ਬਦ ਇਹ ਹਨ - ਪੜ੍ਹੋ, ਅੰਦੋਲਨ ਕਰੋ ਅਤੇ ਜਥੇਬੰਦ ਹੋਵੋ, ਆਪਣੇ ਆਪ ਵਿਚ ਵਿਸ਼ਵਾਸ ਕਰੋ। ਜਦੋਂ ਇਨਸਾਫ਼ ਤੁਹਾਡੇ ਵੱਲ ਹੈ ਤਾਂ ਮੈਂ ਇਹ ਕਲਪਨਾ ਵੀ ਨਹੀਂ ਕਰ ਸਕਦਾ ਕਿ ਤੁਹਾਨੂੰ ਇਸ ਲੜਾਈ ਵਿਚ ਹਾਰ ਦਾ ਸਾਹਮਣਾ ਕਰਨਾ ਪਵੇਗਾ... ਸਾਡੀ ਲੜਾਈ ਧਨ-ਦੌਲਤ ਜਾਂ ਤਾਕਤ ਲਈ ਨਹੀਂ ਹੈ, ਇਹ ਆਜ਼ਾਦੀ ਵਾਸਤੇ ਹੈ, ਇਹ ਮਨੁੱਖੀ ਸ਼ਖ਼ਸੀਅਤ ਦੀ ਪੂਰਨਤਾ ਵਾਸਤੇ ਲੜੀ ਜਾ ਰਹੀ ਹੈ।''
ਅੰਬੇਦਕਰ ਦੇ ਇਹ ਸ਼ਬਦ ਸਾਡੇ ਸਮਾਜ ਵਿਚਲੇ ਸੰਘਰਸ਼ ਨੂੰ ਪੇਸ਼ ਕਰਦੇ ਹਨ। ਭਾਰਤ ਵਿਚ ਹਜ਼ਾਰਾਂ ਵਰ੍ਹਿਆਂ ਤੋਂ ਦਬੇ-ਕੁਚਲੇ ਲੋਕਾਂ ਨੂੰ ਦਬਾਏ ਜਾਣ ਅਤੇ ਜਾਤੀਵਾਦ ਵਿਰੁੱਧ ਸੰਘਰਸ਼ ਹੋ ਰਿਹਾ ਹੈ। ਮੱਧਕਾਲੀਨ ਸਮਿਆਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵ, ਭਗਤ ਨਾਮਦੇਵ ਅਤੇ ਭਗਤੀ ਲਹਿਰ ਦੇ ਹੋਰ ਸੰਤਾਂ ਨੇ ਜਾਤੀਵਾਦ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਸਮਾਜ ਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਕੀਤੀ। ਆਧੁਨਿਕ ਸਮਿਆਂ ਵਿਚ ਜਯੋਤਿਬਾ ਫੂਲੇ, ਬੀ.ਆਰ. ਅੰਬੇਦਕਰ ਅਤੇ ਕਈ ਹੋਰ ਚਿੰਤਕਾਂ ਨੇ ਇਸ ਲੜਾਈ ਵਿਚ ਸ਼ਾਮਲ ਹੋ ਕੇ ਇਸ ਨੂੰ ਨਵੀਂ ਦਿਸ਼ਾ ਦਿੱਤੀ। ਬੀ.ਆਰ. ਅੰਬੇਦਕਰ ਨੇ ਹਿੰਦੂ ਧਰਮ ਨੂੰ ਤਿਆਗ ਕੇ ਬੁੱਧ ਧਰਮ ਅਪਣਾਇਆ। ਇਹ ਵੀ ਇਤਫ਼ਾਕ ਹੈ ਕਿ ਆਨੰਦ ਤੇ ਗੌਤਮ ਦੀ ਗ੍ਰਿਫ਼ਤਾਰੀ ਬੀ.ਆਰ. ਅੰਬੇਦਕਰ ਦੇ ਜਨਮ ਦਿਹਾੜੇ ਵਾਲੇ ਦਿਨ ਹੋਈ।
ਸੱਤਾਧਾਰੀ ਧਿਰਾਂ ਕਦੀ ਵੀ ਦਲਿਤ ਅਤੇ ਦਮਿਤ ਲੋਕਾਂ ਨੂੰ ਜਥੇਬੰਦ ਹੁੰਦੇ ਨਹੀਂ ਵੇਖਣਾ ਚਾਹੁੰਦੀਆਂ। ਉਨ੍ਹਾਂ ਨੂੰ ਅਜਿਹੇ ਅੰਦੋਲਨਾਂ ਤੋਂ ਖ਼ਤਰਾ ਮਹਿਸੂਸ ਹੁੰਦਾ ਹੈ। ਉਹ ਧਰਮ ਦੇ ਨਾਂ 'ਤੇ ਵੋਟਾਂ ਮੰਗਦੀਆਂ ਹਨ ਅਤੇ ਫ਼ਿਰਕੂ ਨਫ਼ਰਤ ਨੂੰ ਵਧਾਉਂਦਿਆਂ ਆਪਣੀ ਤਾਕਤ ਮਜ਼ਬੂਤ ਕਰਦੀਆਂ ਹਨ। ਉਹ ਆਪਣੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਚੁੱਪ ਕਰਵਾਉਣ ਵਿਚ ਮਾਹਿਰ ਹਨ। ਗੌਰੀ ਲੰਕੇਸ਼, ਪਨਸਾਰੇ, ਦਾਭੋਲਕਰ ਅਤੇ ਹੋਰ ਕਈ ਸਮਾਜਿਕ ਕਾਰਕੁਨਾਂ, ਤਰਕਸ਼ੀਲ ਆਗੂਆਂ ਅਤੇ ਪੱਤਰਕਾਰਾਂ ਦਾ ਕਤਲ ਕੀਤਾ ਗਿਆ ਅਤੇ ਦੂਸਰਿਆਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ। ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਵੀ ਰਿਆਸਤ/ਸਟੇਟ ਦੇ ਇਹ ਯਤਨ ਮੱਠੇ ਨਹੀਂ ਪਏ। ਜਦ ਸਾਰਾ ਦੇਸ਼ ਕਰੋਨਾਵਾਇਰਸ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਤਾਂ ਇਨ੍ਹਾਂ ਦਿਨਾਂ ਵਿਚ ਜਾਮੀਆ ਮਿਲੀਆ ਇਸਲਾਮੀਆ ਵਿਚ ਚੱਲ ਰਹੇ ਅੰਦੋਲਨ ਦੀ ਜੁਆਇੰਟ ਐਕਸ਼ਨ ਕਮੇਟੀ ਨਾਲ ਸਬੰਧਿਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਅੰਗਰੇਜ਼ੀ ਵਿਚ ਛਪਦੀਆਂ ਅਖ਼ਬਾਰਾਂ ਅਤੇ ਮੀਡੀਆ ਵਿਚ ਤਾਂ ਆਨੰਦ ਤੈਲਤੁੰਬੜੇ ਅਤੇ ਗੌਤਮ ਨਵਲੱਖਾ ਦੀਆਂ ਗ੍ਰਿਫ਼ਤਾਰੀਆਂ ਬਾਰੇ ਕੁਝ ਜ਼ਿਕਰ ਹੋਇਆ ਹੈ ਪਰ ਹੋਰ ਭਾਸ਼ਾਵਾਂ ਦੇ ਅਖ਼ਬਾਰਾਂ ਵਿਚ ਇਸ ਦਾ ਜ਼ਿਕਰ ਨਾਮਾਤਰ ਰਿਹਾ ਹੈ। ਇਸ ਰੁਝਾਨ ਦਾ ਵਿਸ਼ਲੇਸ਼ਣ ਕਰਦਿਆਂ ਵਿਦੇਸ਼ੀ ਯੂਨੀਵਰਸਿਟੀ ਵਿਚ ਪੜ੍ਹਦੇ ਇਕ ਭਾਰਤੀ ਵਿਦਿਆਰਥੀ ਨੇ ਟਿੱਪਣੀ ਕੀਤੀ ਹੈ ਕਿ ਦੇਸ਼ ਦੀ ਸੱਤਾਧਾਰੀ ਧਿਰ ਅਤੇ ਮੀਡੀਆ ਵਿਚਕਾਰ ਪੈਦਾ ਹੋਈ ਵਿਚਾਰਧਾਰਕ ਇਕਸੁਰਤਾ ਕਾਰਨ ਆਨੰਦ ਤੇ ਗੌਤਮ ਦੀ ਗ੍ਰਿਫ਼ਤਾਰੀ ਬਾਰੇ ਆਵਾਜ਼ ਨਹੀਂ ਉਠਾਈ ਗਈ। ਆਨੰਦ ਅਤੇ ਗੌਤਮ ਹੀ ਨਹੀਂ ਸਗੋਂ ਸੈਂਕੜੇ ਹੋਰ ਸਮਾਜਿਕ ਕਾਰਕੁਨਾਂ ਨੂੰ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ।
ਹਜ਼ਾਰਾਂ ਸਾਲ ਪਹਿਲਾਂ ਪੈਦਾ ਹੋਏ ਗੌਤਮ ਬੁੱਧ ਅਤੇ ਉਸ ਦੇ ਭਰਾ-ਚੇਲੇ ਆਨੰਦ ਨੂੰ ਯਾਦ ਕਰਨ ਦੇ ਨਾਲ ਨਾਲ ਇਹ ਸਮਾਂ ਇਨ੍ਹਾਂ ਵੇਲ਼ਿਆਂ ਦੇ ਗੌਤਮ (ਨਵਲੱਖਾ) ਤੇ ਆਨੰਦ (ਤੈਲਤੁੰਬੜੇ) ਅਤੇ ਉਨ੍ਹਾਂ ਦੇ ਸਾਥੀਆਂ ਅਤੇ ਦੇਸ਼ ਵਿਚ ਸੰਘਰਸ਼ ਕਰ ਰਹੇ ਹੋਰ ਹਜ਼ਾਰਾਂ ਸਮਾਜਿਕ ਕਾਰਕੁਨਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦਾ ਹੈ।