ਕੋਵਿਡ-19: ਡਰ, ਭੈਅ, ਵਹਿਮ ਤੇ ਸਹਿਮ ਕਿਉਂ ? - ਡਾ. ਪਿਆਰਾ ਲਾਲ ਗਰਗ
ਅੱਜ ਸਾਰਾ ਸੰਸਾਰ ਕੋਵਿਡ-19 ਦੇ ਭੈਅ ਵਿਚ ਜੀਅ ਰਿਹਾ ਹੈ, ਲੋਕਾਂ ਦੇ ਮਨ ਵਿਚ ਸਹਿਮ ਹੈ। ਆਪਣਿਆਂ ਤੋਂ ਡਰ ਲੱਗ ਰਿਹਾ ਹੈ। ਜੀਵਨ ਸਾਥੀ, ਧੀਆਂ-ਪੁੱਤ, ਸਕੇ-ਸਬੰਧੀ, ਦੋਸਤ-ਮਿੱਤਰ, ਧਾਰਮਿਕ ਆਗੂ, ਲਾਸ਼ਾਂ ਛੱਡ ਕੇ ਭੱਜ ਰਹੇ ਹਨ। ਚਾਰੇ ਪਾਸੇ ਹਾਹਾਕਾਰ ਹੈ। ਵੱਖ ਵੱਖ ਮਹਾਂ ਸ਼ਕਤੀਆਂ ਵਿਚ ਦੋਸ਼ ਤੇ ਪ੍ਰਤੀ ਦੋਸ਼ ਦਾ ਦੌਰ ਚੱਲ ਰਿਹਾ ਹੈ। ਫਿਰਕੂ ਤੇ ਨਸਲੀ ਵੰਡ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਚੇਤ ਜਾਂ ਸੁਚੇਤ ਹੀ ਕਿਸੇ ਘੱਟ ਗਿਣਤੀ ਦਾ ਗੁਨਾਹ ਸਾਰੇ ਫਿਰਕੇ ਨਾਲ ਜੋੜਿਆ ਜਾ ਰਿਹਾ ਹੈ।
ਇਹ ਭੈਅ ਅਤੇ ਸਹਿਮ ਉਦੋਂ ਹੋਰ ਵਧ ਜਾਂਦਾ ਹੈ ਜਦੋਂ ਲੁਕਾਈ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਬਿਮਾਰੀ ਤੇਜ਼ੀ ਨਾਲ ਇੱਕ ਤੋਂ ਦੂਜੇ ਨੂੰ ਲਗਦੀ ਹੈ। ਲਾਗ ਵਾਲੇ ਸ਼ਖ਼ਸ ਵਿਚ ਜਦ ਬਿਮਾਰੀ ਦੇ ਲੱਛਣ ਵੀ ਪ੍ਰਗਟ ਨਹੀਂ ਹੋਏ ਹੁੰਦੇ, ਉਹ ਅਣਜਾਣੇ ਹੀ ਜਿੱਥੇ ਜਾਂਦਾ ਹੈ, ਬਿਮਾਰੀ ਵੰਡਦਾ ਰਹਿੰਦਾ ਹੈ। ਭੈਅ ਹੋਰ ਵਧ ਜਾਂਦਾ ਹੈ ਜਦੋਂ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਸ ਦਾ ਕੋਈ ਪੁਖਤਾ ਇਲਾਜ ਵੀ ਨਹੀਂ। ਕੁੱਲ ਮੌਤ ਦਰ ਜ਼ਿਆਦਾ ਹੋਣ ਕਾਰਨ ਵੀ ਭੈਅ ਤੇ ਸਹਿਮ ਵਧ ਗਿਆ ਹੈ ਅਤੇ ਮਨੋਬਲ ਟੁੱਟ ਰਿਹਾ ਹੈ। ਸਹਿਮ ਨੂੰ ਬਲ ਮਿਲਦਾ ਹੈ ਜਦੋਂ ਖਬਰਾਂ ਆਉਂਦੀਆਂ ਹਨ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਂ ਟੈਸਟ ਦੀਆਂ ਕਿਟਾਂ ਬਹੁਤ ਥੋੜ੍ਹੀਆਂ ਹਨ, ਵੈਂਟੀਲੇਟਰ ਅਤੇ ਹੋਰ ਸਾਜ਼ੋ-ਸਮਾਨ, ਮਾਸਕ, ਦਸਤਾਨੇ, ਸੁਰੱਖਿਆ ਕਵਚ ਆਦਿ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਅਮਲੇ ਲਈ ਵੀ ਨਹੀਂ ਮਿਲਦੇ। ਇਹ ਭੈਅ ਹੋਰ ਵਧ ਜਾਂਦਾ ਹੈ ਜਦੋਂ ਇਹ ਖਬਰ ਆਉਂਦੀ ਹੈ ਕਿ ਚੀਨ ਤੋਂ ਭਾਰਤ ਵਰਗੇ ਦੇਸ਼ ਵੱਲੋਂ ਮੰਗਵਾਇਆ ਸਾਜ਼ੋ-ਸਮਾਨ, ਅਮਰੀਕਾ ਦਾ ਰਾਸ਼ਟਰਪਤੀ ਖਿੱਚ ਕੇ ਆਪਣੇ ਵੱਲ ਲੈ ਜਾਂਦਾ ਹੈ, ਤੇ ਭਾਰਤ ਕੁੱਝ ਕਰ ਵੀ ਨਹੀਂ ਸਕਿਆ।
ਇਸ ਸਹਿਮ ਨੂੰ ਹਵਾ ਮਿਲਦੀ ਹੈ ਜਦੋਂ ਅਸੀਂ ਹਰ ਰੋਜ਼ ਕਰੋਨਾ ਦੇ ਕੇਸਾਂ ਦੀ ਵਧਦੀ ਗਿਣਤੀ ਅਤੇ ਵਧਦੀਆਂ ਮੌਤਾਂ ਦੇਖਦੇ ਹਾਂ, ਸੁਣਦੇ ਹਾਂ ਕਿ ਲਾਸ਼ਾਂ ਨੂੰ ਸਾੜਨ ਜਾਂ ਦਫਨਾਉਣ ਜਾਂ ਤਾਬੂਤਾਂ ਦਾ ਤੋੜਾ ਹੈ। ਸ਼ਮਸ਼ਾਨ ਘਾਟ ਨਾਮੀ ਹਸਤੀਆਂ ਦੀਆਂ ਲਾਸ਼ਾਂ ਨੂੰ ਸਾੜਨ ਤੋਂ ਵੀ ਮਨਾਹੀ ਕਰ ਦਿੰਦੇ ਹਨ, ਪ੍ਰਸ਼ਾਸ਼ਨ ਤੇ ਸਰਕਾਰ ਬੇਵਸ ਦਿਸਦੇ ਹਨ, ਸਰਬ ਉਚ ਧਾਰਮਿਕ ਹਸਤੀਆਂ ਵੀ ਸਸਕਾਰ ਵੇਲੇ ਆਰਦਾਸ ਕਰਨ ਵਾਸਤੇ ਵੀ ਨਹੀਂ ਬਹੁੜਦੀਆਂ।
ਜਦ ਅਸੀਂ ਮਰੀਜ਼ਾਂ ਦੀ ਗਿਣਤੀ 26 ਲੱਖ, ਮੌਤਾਂ ਦਾ ਅੰਕੜਾ ਪੌਣੇ ਦੋ ਲੱਖ ਤੋਂ ਉੱਪਰ ਦੇਖਦੇ ਹਾਂ ਤਾਂ ਅਮਰੀਕਾ ਵਰਗੇ ਤਕੜੇ ਮੁਲਕ ਵਿਚ ਮਰੀਜ਼ਾਂ ਦੀ ਗਿਣਤੀ ਛੜਪੇ ਮਾਰਦੀ ਦੇਖਦੇ ਹਾਂ, ਤਾਂ ਭੈਭੀਤ ਹੋ ਜਾਂਦੇ ਹਾਂ। ਜਦ ਅਸੀਂ ਸੁਣਦੇ ਹਾਂ ਕਿ ਇੰਗਲੈਂਡ ਜਿਸ ਨੇ ਇਸ ਨੂੰ ਖਤਰਨਾਕ ਬਿਮਾਰੀਆਂ ਦੀ ਸੂਚੀ ਵਿਚੋਂ ਕੱਢ ਦਿੱਤਾ ਹੈ, ਵਿਚ ਸਵਾ ਲੱਖ ਤੋਂ ਉੱਪਰ ਮਰੀਜ਼ ਹਨ, ਤੇ ਉੱਥੇ 17 ਹਜ਼ਾਰ ਤੋਂ ਉੱਤੇ ਮੌਤਾਂ ਹੋ ਗਈਆਂ ਹਨ ਤੇ ਭਾਰਤ ਵਿਚ ਵੀ ਮਰੀਜ਼ਾਂ ਤੇ ਮੌਤਾਂ ਦੀ ਗਿਣਤੀ ਵਧ ਰਹੀ ਹੈ ਤਾਂ ਸਾਡੇ ਸਾਹ ਸੁੱਕ ਜਾਂਦੇ ਹਨ।
ਇਨ੍ਹਾਂ ਅੰਕੜਿਆਂ ਦੇ ਸਨਮੁੱਖ ਭੈਭੀਤ ਹੋਣਾ ਅਤੇ ਸਹਿਮ ਜਾਣਾ ਸੁਭਾਵਕ ਹੈ ਪਰ ਜਦ ਅਸੀਂ ਇਨ੍ਹਾਂ ਅੰਕੜਿਆਂ ਨੂੰ ਸੰਸਾਰ ਵਿਚ ਹੁੰਦੀਆਂ ਰੋਜ਼ਾਨਾ ਮੌਤਾਂ ਦੇ ਪ੍ਰਸੰਗ ਵਿਚ ਦੇਖਦੇ ਹਾਂ ਤਾਂ ਇਹ ਮੌਤਾਂ ਨਿਗੂਣੀਆਂ ਜਾਪਦੀਆਂ ਹਨ। ਸੰਸਾਰ ਵਿਚ ਸਾਲਾਨਾ ਆਮ ਮੌਤਾਂ ਕਰੀਬ ਪੰਜ ਕਰੋੜ, ਭਾਵ ਸਵਾ ਲੱਖ ਤੋਂ ਵੱਧ ਮੌਤਾਂ ਹਰ ਰੋਜ਼ ਹੋ ਰਹੀਆਂ ਹਨ ਜਦ ਕਿ ਕਰੋਨਾ ਨਾਲ ਢਾਈ ਤਿੰਨ ਮਹੀਨਿਆਂ ਵਿਚ ਪੌਣੇ ਦੋ ਲੱਖ ਮੌਤਾਂ ਹੋਈਆਂ ਹਨ। ਭਾਰਤ ਵਿਚ ਵੀ ਹਰ ਰੋਜ਼ ਆਮ ਮੌਤਾਂ ਪੱਚੀ ਹਜ਼ਾਰ ਹੁੰਦੀਆਂ ਹਨ, ਕਰੋਨਾ ਨਾਲ ਕੁੱਲ ਸਾਢੇ ਛੇ ਸੌ ਮੌਤਾਂ ਹੋਈਆਂ ਹਨ। ਪੰਜਾਬ ਵਿਚ ਹਰ ਰੋਜ਼ ਆਮ ਮੌਤਾਂ ਕਰੀਬ 600 ਹੁੰਦੀਆਂ ਹਨ, ਕਰੋਨਾ ਨਾਲ ਸਵਾ ਮਹੀਨੇ ਵਿਚ ਕੇਵਲ 16 ਮੌਤਾਂ ਹੋਈਆਂ ਹਨ। ਸੰਸਾਰ ਵਿਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 1,74,97,30 ਮੌਤਾਂ ਤਾਂ ਹੋ ਵੀ ਚੁੱਕੀਆਂ ਹਨ, ਕਰੋਨਾ ਨਾਲ ਤਾਂ ਉਨ੍ਹਾਂ ਵਿਚੋਂ 1% ਵੀ ਨਹੀਂ ਹੋਈਆਂ। ਅਸੀਂ ਆਪੇ ਸੋਚ ਸਮਝ ਸਕਦੇ ਹਾਂ ਕਿ ਕਿੰਨੀ ਕੁ ਭੈਅ ਅਤੇ ਸਹਿਮ ਵਾਲੀ ਹਾਲਤ ਹੈ। ਕੀ ਸਾਨੂੰ ਐਨਾ ਡਰਨ ਦੀ ਕੋਈ ਲੋੜ ਹੈ? ਕੀ ਸਾਡੇ ਡਰ ਦਾ ਇਨ੍ਹਾਂ ਤੱਥਾਂ ਸਨਮੁੱਖ ਕੋਈ ਪੁਖਤਾ ਆਧਾਰ ਹੈ? ਕੀ ਸਾਨੂੰ ਐਨਾ ਭੈਅਭੀਤ ਹੋਣ ਦੀ ਥਾਂ ਹੌਸਲਾ ਕਰਨ ਦੀ ਲੋੜ ਹੈ?
ਹੁਣ ਸੰਸਾਰ ਵਿਚ ਕਰੋਨਾ ਨਾਲ ਹੋਈਆਂ ਮੌਤਾਂ ਦਾ ਉਮਰ ਦੇ ਲਿਹਾਜ਼ ਨਾਲ ਵਿਸ਼ਲੇਸ਼ਣ ਕਰਦੇ ਹਾਂ। ਪੰਜਾਹ ਸਾਲ ਦੀ ਉਮਰ ਤੱਕ ਦੇ ਲੋਕਾਂ ਵਿਚ ਮੌਤ ਦਰ ਬਹੁਤ ਹੀ ਨਾ-ਮਾਤਰ ਜਾਂ ਨਿਗੂਣੀ ਹੈ। ਚੀਨ ਵਿਚ 72,314 ਕਰੋਨਾ ਮਰੀਜ਼ਾਂ ਦਾ ਅਧਿਐਨ, ਅਮਰੀਕਾ ਵਿਚ 12 ਫਰਵਰੀ ਤੋਂ 16 ਮਾਰਚ ਤੱਕ 4226 ਮਰੀਜ਼ਾਂ ਦੇ ਅਧਿਐਨ ਅਤੇ ਦੱਖਣੀ ਕੋਰੀਆ ਦੇ ਅਧਿਅਨ ਸਾਹਮਣੇ ਆ ਗਏ ਹਨ। ਇਨ੍ਹਾਂ ਸਾਰਿਆਂ ਵਿਚ ਸਪੱਸ਼ਟ ਹੋਇਆ ਹੈ ਕਿ 0-9 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਗੰਭੀਰ ਰੂਪ ਵਿਚ ਕਰੋਨਾ ਹੋਣ ਤੇ ਕੋਈ ਮੌਤ ਨਹੀਂ ਹੋਈ, 10 ਤੋਂ 39 ਸਾਲ ਦੀ ਉਮਰ ਤੱਕ ਮੌਤ ਦਰ ਕੇਵਲ 0.2% ਹੈ, ਭਾਵ ਇਕ ਹਜ਼ਾਰ ਵਿਚੋਂ ਦੋ ਮਰੀਜ਼ਾਂ ਦੀ ਮੌਤ ਹੋਈ। ਅਮਰੀਕਾ ਵਿਚ 20 ਤੋਂ 44 ਸਾਲ ਉਮਰ ਦੇ 20% ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਨਾ ਪਿਆ, ਉਨ੍ਹਾਂ ਵਿਚੋਂ 2 ਤੋਂ 4% ਨੂੰ ਇਨਟੈਂਸਿਵ ਕੇਅਰ ਦੀ ਲੋੜ ਪਈ। ਅਮਰੀਕਾ ਵਿਚ ਹੋਈਆਂ ਕੁੱਲ ਮੌਤਾਂ ਵਿਚੋਂ 80% ਤਾਂ 65 ਸਾਲ ਤੋਂ ਉਪਰ ਉਮਰ ਵਾਲਿਆਂ ਦੀਆਂ ਹਨ। ਅਮਰੀਕਾ ਦੇ ਇਹ ਅੰਕੜੇ ਦੱਖਣੀ ਕੋਰੀਆ ਅਤੇ ਚੀਨ ਦੇ ਅਧਿਐਨਾਂ ਨਾਲ ਮਿਲਦੇ ਜੁਲਦੇ ਹਨ। ਇਸੇ ਤਰ੍ਹਾਂ 50 ਤੋਂ 59 ਸਾਲ ਉਮਰ ਗੁੱਟ ਦੇ ਕਰੋਨਾ ਮਰੀਜ਼ਾਂ ਵਿਚ ਮੌਤ ਦਰ 0.37% ਤੋਂ 1.3% ਹੈ ਅਤੇ 2143 ਬੱਚਿਆਂ ਤੇ ਹੋਏ ਅਧਿਐਨ ਮੁਤਾਬਿਕ ਉਨ੍ਹਾਂ ਦੀ ਗੰਭੀਰ ਹਾਲਤ ਬਹੁਤ ਹੀ ਘੱਟ ਹੁੰਦੀ ਹੈ। ਕਿਸੇ ਨੂੰ ਵੈਂਟੀਲੇਟਰ ਦੀ ਲੋੜ ਨਹੀਂ ਪੈਂਦੀ ਤੇ ਮੌਤ ਕੋਈ ਵੀ ਨਹੀਂ ਹੋਈ, ਭਾਵ ਸਾਰੇ ਬਚ ਗਏ।
ਸਪੱਸ਼ਟ ਹੈ ਕਿ 50 ਸਾਲ ਦੀ ਉਮਰ ਤੱਕ ਵਾਲੇ ਕਰੀਬ ਸਾਰੇ ਹੀ ਬਚ ਜਾਂਦੇ ਹਨ ਅਤੇ 50 ਤੋਂ 60 ਸਾਲ ਉਮਰ ਵਰਗ ਦੇ ਮਰੀਜ਼ਾਂ ਵਿਚ ਵੀ ਮੌਤ ਦਰ ਨਾ-ਮਾਤਰ ਹੈ। ਸੋ, 60 ਸਾਲ ਤੱਕ ਦੇ ਲੋਕਾਂ ਨੂੰ ਸਮਾਜ ਵਿਚ ਖੁੱਲ੍ਹੇ ਤੁਰਦੇ ਫਿਰਦੇ ਕਰੋਨਾ ਹੋਣ ਨਾਲ ਵੀ ਮੌਤ ਦਾ ਤਾਂ ਨਾ-ਮਾਤਰ ਖਤਰਾ ਹੈ, ਗੰਭੀਰ ਬਿਮਾਰ ਹੋਣ ਦਾ ਖਤਰਾ ਬਹੁਤ ਘੱਟ ਹੈ। ਇਹ ਵੀ ਤੱਥ ਹੈ ਕਿ ਭਾਰਤ ਵਿਚ 60 ਸਾਲ ਤੋਂ ਉੱਪਰ ਉਮਰ ਵਾਲੀ ਆਬਾਦੀ ਕੇਵਲ 10% ਦੇ ਕਰੀਬ ਹੈ। ਇੱਕ ਅੰਕੜਾ ਹੋਰ ਹੈ ਜਿਸ ਉਪਰ ਧਿਆਨ ਕੇਂਦ੍ਰਤ ਕਰਨ ਵਿਚ ਕਮੀ ਰਹਿ ਗਈ, ਉਹ ਹੈ ਕਿ ਸੰਕਟ ਵਾਲੇ ਹਾਲਾਤ ਵਿਚ ਵੀ ਜਦ ਜਾਣਕਾਰੀ ਬਹੁਤ ਹੀ ਘੱਟ ਸੀ, ਤਿਆਰੀਆਂ ਨਾ-ਮਾਤਰ ਸਨ ਤਾਂ ਵੀ ਸੰਸਾਰ ਪੱਧਰ ਤੇ ਸੱਤ ਲੱਖ ਤੋਂ ਉੱਪਰ ਕਰੋਨਾ ਮਰੀਜ਼ ਠੀਕ ਵੀ ਹੋ ਗਏ। ਇੱਕ ਹੋਰ ਤਸੱਲੀ ਵਾਲੀ ਗੱਲ ਹੈ ਕਿ ਕਰੋਨਾ ਦੇ 70% ਮਰੀਜ਼ ਤਾਂ ਆਪਣੇ ਆਪ ਬਿਨਾਂ ਕਿਸੇ ਦਵਾਈ ਦੇ ਠੀਕ ਹੋ ਜਾਂਦੇ ਹਨ।
ਸਪੱਸ਼ਟ ਹੈ ਕਿ ਇਹ ਭੈਅ ਤੇ ਸਹਿਮ ਹੋਰ ਵੀ ਹੈਰਾਨੀਜਨਕ ਹੱਦ ਤੱਕ ਵਧ ਗਿਆ ਜਾਂ ਵਧਾ ਦਿੱਤਾ ਗਿਆ, ਕਿੳਂਂ ਜੋ ਸਾਡੀਆਂ ਸਰਕਾਰਾਂ ਵੱਲੋਂ ਸਮੇਂ ਸਿਰ ਖਤਰਾ ਭਾਂਪਣ ਤੋਂ ਨਾਂਹ ਕਰਕੇ, ਨੰਨਾ ਫੜੀ ਰੱਖਣ ਕਰਕੇ ਕਿ ਇਹ ਅਮਰੀਕਾ ਵਿਚ ਹੋ ਨਹੀਂ ਸਕਦਾ, ਭਾਰਤ ਵਿਚ ਨਹੀਂ ਹੋ ਸਕਦਾ, ਇੰਗਲੈਂਡ ਵਿਚ ਤਾਂ ਇਸ ਨੂੰ ਮਾਰੂ ਮਹਾਮਾਰੀਆਂ ਦੀ ਸੂਚੀ ਵਿਚੋਂ ਹੀ ਕਢਵਾ ਦਿੱਤਾ ਗਿਆ, ਅਸੀਂ ਸਮਝਿਆ ਕਿ ਇਹ ਰੱਬ ਤੋਂ ਮੁਨਕਰ ਚੀਨ ਅਤੇ ਕਮਿਊਨਿਸਟਾਂ ਦੀ ਸਮੱਸਿਆ ਹੈ, ਆਪੇ ਫਸੇ ਰਹਿਣਗੇ। ਇਉਂ ਅਸੀਂ ਵਕਤ ਸਿਰ ਲੁਕਾਈ ਨੂੰ ਇਸ ਮਹਾਮਾਰੀ ਦੇ ਟਾਕਰੇ ਵਾਸਤੇ, ਮਹਾਮਾਰੀ ਦੌਰਾਨ ਤਹੱਮਲ ਤੋਂ ਕੰਮ ਲੈਣ ਅਤੇ ਮਾਨਸਿਕ ਤੌਰ ਤੇ ਬਰਦਾਸ਼ਤ ਕਰਨ ਵਾਸਤੇ ਤਿਆਰ ਹੀ ਨਹੀਂ ਕੀਤਾ। ਨਾ ਅਸੀਂ ਇਸ ਦੇ ਟਾਕਰੇ ਵਾਸਤੇ ਲੋੜੀਂਦੇ ਸਾਜ਼ੋ-ਸਮਾਨ, ਸੇਵਾਵਾਂ ਅਤੇ ਮੈਡੀਕਲ ਇਲਾਜ ਦਾ ਕੋਈ ਵਿਸ਼ੇਸ਼ ਅਗਾਊ ਪ੍ਰਬੰਧ ਹੀ ਕੀਤਾ। ਇਹ ਸਭ ਇਸ ਗੱਲ ਦੇ ਬਾਵਜੂਦ ਹੋਇਆ ਕਿ ਸੰਸਾਰ ਵਿਚ ਅਜਿਹੀ ਮਹਾਮਾਰੀ ਦੇ ਫੈਲਣ ਜਾਂ ਕਈਆਂ ਅਨੁਸਾਰ ਫੈਲਾਉਣ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਸਨ। ਜਦ ਪਾਣੀ ਸਿਰ ਤੋਂ ਲੰਘਣ ਲੱਗਿਆ ਤਾਂ ਅਸੀਂ ਅੱਭੜਵਾਹੇ ਉਠ ਕੇ ਅਜਿਹੇ ਕਦਮਾਂ ਦਾ ਐਲਾਨ ਕਰ ਦਿੱਤਾ ਜਿਸ ਨਾਲ ਸਮਾਜ ਤੇ ਅਰਥਚਾਰੇ ਦੀ ਆਪਣੀ ਰਫਤਾਰ ਤੇ ਚਲਦੀ ਗੱਡੀ ਨੂੰ ਕਿਸੇ ਅਣਜਾਣ ਡਰਾਈਵਰ ਵਾਂਗ ਇਕਲਖਤ ਬ੍ਰੇਕ ਲਗਾ ਕੇ ਜਾਮ ਕਰਨ ਲਈ ਸਾਰੇ ਯਾਤਰੀਆਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਸਭ ਜਾਨ, ਮਾਲ ਤੇ ਅਸਬਾਬ ਅਸਤ ਵਿਅਸਤ ਹੋ ਗਿਆ, ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਦੇਸ਼ਾਂ ਵਿਦੇਸ਼ਾਂ ਵਿਚ, ਰਿਸ਼ਤੇਦਾਰਾਂ ਮਿੱਤਰਾਂ ਕੋਲ, ਧਾਰਮਿਕ ਸਥਾਨਾਂ ਤੇ, ਕੰਮ-ਕਾਰ ਦੀਆਂ ਥਾਵਾਂ ਤੇ, ਪੜ੍ਹਾਈ ਤੇ ਸਿਖਲਾਈ ਜਾਂ ਸੈਰ ਸਪਾਟੇ ਤੇ ਗਏ ਲੋਕ ਸਭ ਥਾਏਂ ਬੰਨ੍ਹ ਦਿੱਤੇ। ਇਸ ਨਾਲ ਹਾਹਕਾਰ, ਬੇਚੈਨੀ, ਅਨਿਸਚਤਾ ਤੇ ਡਰ ਦਾ ਮਹੌਲ ਸਿਰਜਿਆ ਗਿਆ ਅਤੇ ਨੀਤੀਆਂ ਤੇ ਦੂਰਅੰਦੇਸ਼ੀ ਪੂਰਨ ਦਰੁਸਤ ਫੈਸਲਿਆਂ ਦੀ ਘਾਟ, ਸੁਰਖਿਆ ਅਮਲੇ ਦੀਆਂ ਸਖਤੀਆਂ ਕਾਰਨ ਸਹਿਮ ਚਰਮ ਸੀਮਾ ਨੂੰ ਛੂਹ ਗਿਆ।
ਇਹ ਭੈ ਅਤੇ ਸਹਿਮ ਵਧ ਜਾਂਦਾ ਹੈ, ਜਦੋਂ ਇਸ ਨੂੰ ਫਿਰਕਾਪ੍ਰਸਤੀ ਅਤੇ ਤਾਕਤ ਦੀ ਪੁੱਠ ਦੇ ਦਿੱਤੀ ਜਾਂਦੀ ਹੈ। ਇੱਕ ਫਿਰਕੇ ਦੀਆਂ ਕਾਰਵਾਈਆਂ ਤਾਂ ਬੇਸ਼ੱਕ ਕਾਨੂੰਨ ਦੀਆਂ ਧਜੀਆਂ ਉਡਾ ਕੇ ਕੀਤੀਆਂ ਹੋਣ, ਸਿਆਸੀ ਸ਼ਹਿ ਨਾਲ ਕੀਤੇ ਇਕੱਠਾਂ, ਗਤੀਵਿਧੀਆਂ ਆਦਿ ਤੋਂ ਤਾਂ ਅੱਖਾਂ ਮੀਟ ਲਈਆਂ ਜਾਂਦੀਆਂ ਹਨ ਪਰ ਦੂਜੇ ਫਿਰਕੇ ਦੇ ਮੁੱਠੀ ਭਰ ਜਾਂ ਇੱਕਾ ਦੁੱਕਾ ਗੁੰਮਰਾਹ ਹੋਇਆਂ ਦੀਆਂ ਬੱਜਰ ਗਲਤੀਆਂ ਜਾਂ ਬੱਜਰ ਗੁਨਾਹਾਂ ਦੇ ਆਸਰੇ, ਸਾਰੇ ਫਿਰਕੇ ਨੂੰ ਦੋਸ਼ੀ ਗਰਦਾਨ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ, ਹਸਪਤਾਲ ਦੇ ਬੈੱਡ ਵੀ ਹਿੰਦੂ ਮੁਸਲਮਾਨ ਬੈੱਡ ਬਣ ਜਾਂਦੇ ਹਨ। ਹਵਾਈ ਤੇ ਬੱਸ ਅੱਡਿਆਂ ਅਤੇ ਰੇਲ ਸਟੇਸ਼ਨਾਂ ਤੇ ਇਕੱਠ ਵਧਦੇ ਜਾਂਦੇ ਹਨ। ਲੋਕ ਸੈਂਕੜੇ ਮੀਲ ਦਾ ਪੈਂਡਾ ਪੈਦਲ ਤੈਅ ਕਰਨ ਲਈ ਮਜਬੂਰ ਹੋ ਜਾਂਦੇ ਹਨ ਜਦਕਿ ਅਮਰੀਕਾ ਵਰਗੇ ਮੁਲਕ ਜਿਥੇ ਸੰਸਾਰ ਦੇ ਸਭ ਤੋਂ ਵੱਧ ਕੇਸ ਹਨ, ਵਿਚ ਬੱਸਾਂ, ਗੱਡੀਆਂ, ਘਰੇਲੂ ਹਵਾਈ ਉਡਾਣਾਂ, ਕਾਰਾਂ ਆਦਿ ਆਮ ਚੱਲ ਰਹੀਆਂ ਹਨ। ਅਫਵਾਹਾਂ ਲਗਾਤਾਰ ਫੈਲਦੀਆਂ ਹਨ। ਅਰਥਚਾਰੇ ਤੇ ਰੁਜ਼ਗਾਰ ਨੂੰ ਮਾਰ ਪੈਂਦੀ ਹੈ। ਕਿਸਾਨਾਂ ਦੀਆਂ ਫਸਲਾਂ ਲਈ ਵਿਹਾਰਕ ਪ੍ਰਬੰਧ ਵੀ ਨਹੀਂ ਕੀਤਾ ਜਾਂਦਾ।
ਸਾਨੂੰ ਸਭ ਨੂੰ ਗਿਆਨ ਹੈ ਕਿ ਕਾਰੋਨਾ ਦਾ ਕੋਈ ਟੀਕਾ ਨਹੀਂ ਬਣਿਆ, ਇਸ ਦਾ ਇਨਫੈਕਸ਼ਨ ਰੇਟ ਬਹੁਤ ਜ਼ਿਆਦਾ ਹੈ, ਕੋਈ ਪੁਖਤਾ ਇਲਾਜ ਵੀ ਨਹੀਂ ਹੈ ਤੇ ਹਸਪਤਾਲਾਂ ਵਿਚ ਸਾਜ਼ੋ-ਸਮਾਨ ਦੀ ਵੀ ਘਾਟ ਹੈ। ਇਸੇ ਲਈ ਜ਼ਰੂਰੀ ਹੈ ਕਿ ਅਸੀਂ ਇਸ ਵਿਰੁੱਧ ਰੋਗ ਰੋਧਕਤਾ ਵਿਕਸਤ ਕਰੀਏ। ਕਰੋਨਾ ਵਿਰੁੱਧ ਰੋਗ ਰੋਧਕਤਾ ਵਧਾਉਣ ਦਾ ਵਿਗਿਆਨ ਜਗਤ ਵਿਚ ਮੰਨਿਆ ਪ੍ਰਮੰਨਿਆ ਤਰੀਕਾ ਸਮੂਹਿਕ ਰੋਗ ਰੋਧਕਤਾ (ਹਰਡ ਇਮਿਊਨਿਟੀ) ਵਿਕਸਿਤ ਕਰਨਾ ਹੈ। ਹਰਡ ਇਮਿਊਨਿਟੀ (herd immunity) ਤਾਂ ਵਿਕਸਿਤ ਹੁੰਦੀ ਹੈ, ਜਦੋਂ ਆਬਾਦੀ ਦੇ ਵੱਡੇ ਹਿੱਸੇ ਵਿਚ ਨਿਮਨ ਦਰਜੇ ਦੀ ਇਨਫੈਕਸ਼ਨ ਹੋ ਜਾਂਦੀ ਹੈ। ਚੇਚਕ, ਪੋਲੀਓ, ਖਸਰਾ, ਹੈਪੇਟਾਈਟਸ ਆਦਿ ਵਿਚ ਟੀਕੇ ਰਾਹੀਂ ਵੀ ਰੋਗ ਰੋਧਕਤਾ ਅੱਧਮਰੇ ਵਾਇਰਸ ਦੇ ਕੇ ਜਾਂ ਘਟ ਖੁਰਾਕ ਦੇ ਕੇ ਪੈਦਾ ਕੀਤੀ ਜਾਂਦੀ ਹੈ।
ਅੰਕੜੇ ਦੱਸਦੇ ਹਨ ਕਿ 60 ਸਾਲ ਤੋਂ ਉਪਰ ਦੀ ਸਾਰੀ ਆਬਾਦੀ ਨੂੰ ਘਰਾਂ ਵਿਚ ਰਹਿਣ ਵਾਸਤੇ ਹਦਾਇਤ ਦੇ ਕੇ, ਇਸ ਤੋਂ ਥੱਲੇ ਦਿਲ, ਸਾਹ, ਬਲੱਡ ਪ੍ਰੈਸ਼ਰ, ਸ਼ੂਗਰ, ਗੁਰਦੇ ਤੇ ਜਿਗਰ ਦੀ ਬਿਮਾਰੀ ਵਾਲਿਆਂ ਨੂੰ ਘਰਾਂ ਵਿਚ ਰੱਖ ਕੇ ਬਾਕੀਆਂ ਨੂੰ ਕੰਮਾਂ ਕਾਰਾਂ ਵਿਚ ਜਾਣ ਦੀ ਇਜਾਜ਼ਤ ਦੇ ਕੇ, ਕੇਵਲ ਸਰੀਰਕ ਦੂਰੀ ਤੇ ਰਹਿਣ ਦੀ ਹਦਾਇਤ ਨਾਲ ਅਸੀਂ ਨਿਮਨ ਪੱਧਰ ਦੀ ਇਨਫੈਕਸ਼ਨ ਬਿਨਾਂ ਕਿਸੇ ਗਿਣਨਯੋਗ ਜਾਨੀ ਨੁਕਸਾਨ ਦੇ, ਹਰਡ ਇਮਿਊਨਿਟੀ ਪੈਦਾ ਕਰਕੇ ਕਰੋਨਾ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਆਪਣੇ ਅਰਥਚਾਰੇ ਨੂੰ ਵੀ ਡੁੱਬਣ ਤੋਂ ਬਚਾ ਸਕਦੇ ਹਾਂ।
ਸੰਪਰਕ : 99145-05009