ਕਹਾਣੀ : ਕੰਬਾਇਨ-ਕਰਫਿਊ-ਕਾਮਰੇਡ - ਲਾਲ ਸਿੰਘ
ਬੰਤਾ ਸੂੰਹ ਕਾਮਰੇਡ ਦਾ ਵੱਡਾ ਪੁੱਤਰ ਜੀਤਾ ਜਦ ਤੀਜਾ ਵਾਰ ਕਨੇਡਿਉਂ ਪਰਤਿਆ ਤਾਂ ਉਸ ਦਾ ਸਾਰਾ ਇਤਿਹਾਸ-ਭੂਗੋਲ ਬਦਲ ਚੁੱਕਾ ਸੀ – ਗੁਲਾਬੀ ਭਾਅ ਮਾਰਦਾ ਹੋਰਬਦਾਰ ,ਚਿਹਰਾ , ਸ਼ਾਹ-ਕਾਲੇ ਭਰਵੱਟੇ , ਚੌੜਾ ਚਮਕਦਾਰ ਮੱਥਾ ਉਪਰ ਚਿੱਟੀ ਪੋਚਵੀਂ ਤਹਿਦਾਰ ਪੱਗੜੀ , ਗਲੇ ਅੰਦਰ ਦੋਹਰੀ ਲਮਕਮੀਂ ਸਾਂਵਲੇ-ਸੁਨਹਿਰੀ ਰੰਗੀ ਦੀ ਮਾਲਾ , ਇਕ ਹੱਥ ਅਖਰੋਟ ਦੀ ਖੂੰਡੀ ਵਰਗੀ-ਵਲੇਵੇਂ-ਦਰ ਸੋਟੀ ,ਦੂਜੀ ਹੱਥ ਅਖ਼ਬਾਰ , ਜਿਵੇਂ ਸੋਭਾ ਸਿੰਘ ਦੀ ਚਿੱਤਰਕਲਾ ਦਾ ਕੋਈ ਦੇਵ-ਪੁਰਸ਼ ਸਾਖਸ਼ਾਤ ਪ੍ਰਗਟ ਹੋ ਗਿਆ ਹੈ ।
ਉਸ ਦੀਆਂ ਹਰ ਵੇਲੇ ਮੁੰਦ-ਰਹਿਣੀਆਂ ਅੱਖਾਂ ਵੱਲ ਦੇਖਦਿਆਂ, ਪਹਿਲੇ ਦੋ ਵਾਰ ਜਹਾਜ਼ੋਂ ਉਤਰੇ ਅਟੈਚੀ-ਕੇਸਾਂ ਬੈਗਾਂ ਉਤੇ ਉਕਰਿਆ ਉਸ ਦਾ ਪਹਿਲਾ ਨਾਂ ਜੀਤ .ਐਂਸ ਮਾਹਲ ਤਾਂ ਬਹੁਤ ਘੱਟ ਲੋਕਾਂ ਨੂੰ ਯਾਦ ਰਿਹਾ ਸੀ , ਪਰ ਉਸ ਨਾਲ ਕਿਸੇ ਵੇਲੇ ਜੁੜਿਆ ਨਲੀ-ਚੋ ਉਪਨਾਮ ਲੱਗਭੱਗ ਹਰ ਕਿਸੇ ਨੂੰ ਚੇਤੇ ਸੀ ।ਘਰੋਂ ਬਾਹਰ ਨਿਕਲਦੇ ਨੂੰ ਉਸ ਦੇ ਹਾਣੀ ਉਸ ਨੂੰ ਜੀਤਾ ਸਿਆਂ ਜਾਂ ਮਾਹਲ ਸਾਹਬ ਆਖ ਕੇ ਬੁਲਾਉਣਾ ਪਸੰਦ ਕਰਦੇ ,ਪਰ ਉਹ ਅੱਗੋਂ ‘ਸੰਤ ਜੀ ’ ਜਾਂ ‘ਕਨੇਡੀਅਨ ’ ਦਾ ਸੰਬੋਧਨ ਸੁਣ ਕੇ ਬਹੁਤਾ ਪ੍ਰਸੰਨ ਹੁੰਦਾ । ਪਿੰਡ ਦੇ ਪਿੱਪਲ ਹੇਠਲੇ ਥੜੇ ਤੇ ਜੁੜਦੀ ਜੁੰਡਲੀ ਉਸ ਨੂੰ ‘ਮੇਮ-ਸਾਹਬ’ ਆਖ ਕੇ ਠੱਠਾ ਕਰਦੀ । ਘਰ ਆਏ ਹਰ ਕਿਸੇ ਨੂੰ ਉਹ ਰਸਮੀਂ ਹਾਲ-ਚਾਲ ਰਾਹ ਅਡਿੱੜੇ ਟਕਰਦੇ ਨੂੰ ਹੱਥ ਜੋੜ , ਸਿਰ ਨਿਵਾ , ਅੱਖਾਂ ਮੁੰਦ ਕੇ ਬੜੀ ਅਦਬੀ ਫਤ੍ਹੇ ਬੁਲਾਉਂਦਾ ।
ਇੰਡੀਆਂ ਆਉਣ ਦੀਆਂ ਪਹਿਲੀਆਂ ਦੋਨਾਂ ਫੇਰੀਆਂ ਵਾਂਗ ਉਸ ਦੀ ਸੰਗਤ ਵੀ ਹੁਣ ਅੱਧ-ਕੱਟੀਆਂ ਦਾਅੜ੍ਹੀਆਂ , ਲੰਮੀਆਂ-ਜਟੂਰੀਆਂ ਜਾਂ ਵੱਡੇ-ਵੱਡੇ ਪੱਗੜਾਂ ਵਾਲੇ ਯਾਰਾਂ-ਬੇਲੀਆਂ ਨਾਲ ਨਹੀਂ ਸੀ ਰਹੀ । ਥੜੇ ਦੀ ਜੁੰਡਲੀ ਲਾਗੇ ਵੀ ਜੇ ਕਦੀ ਉਹ ਆਵਾਜ਼ ਮਾਰਿਆਂ ਆਉਂਦਾ ਈ ਆਉਂਦਾ , ਤਾਂ ਕਿਸੇ ਦੀ ਧੀ-ਭੈਣ, ਨੌਂਹ-ਸੱਸ , ਮਾਈ-ਭਾਈ , ਸਾਧ-ਸਾਧਣੀ ਉਤੇ ਚਲਦੀ ਚੰਗੀ-ਮਾੜੀ ਟਿੱਪਣੀ ਸੁਣੀ-ਅਣਸੁਣੀ ਕਰ ਕਰੇ ਝੱਟ ਖਿਸਕਣ ਦੀ ਕਰਦਾ । ਉਂਝ ਬਹੁਤਾ ਸਮਾਂ ਉਹ ਆਪਣੇ ਘਰ ਹੀ ਗੁਜ਼ਾਰਦਾ ਜਾਂ ਲਹਿੰਦੀ ਬਾਹੀ ਫਿਰਨੀਉਂ ਪਾਰ ਬਣੀ ਭੀਖੂ ਸਾਈਂ ਦੀ ਕੁਟੀਆ । ਉਦਾਸੀਆਂ ਦੇ ਡੇਰੇ ਨਾਲ ਵੀ ਉਸ ਦੀ ਪੂਰੀ ਸਾਂਝ ਸੀ ਤੇ ਥੋੜੀ ਦੂਰ ਹਟਵੇਂ ਰਹਿੰਦੇ ਕੰਨ-ਪਾਟੇ ਨਾਥਾਂ ਨਾਲ ਵੀ । ਉਸ ਦੀ ਬਦਲੀ ਹੋਈ ਚਾਲ-ਢਾਲ ਦੇਖ ਕੇ ਹਰ ਕਿਸੇ ਨੂੰ ਹੈਰਾਨੀ ਤਾਂ ਹੁੰਦੀ ਈ ਹੁੰਦੀ , ਫਰ ਮੇਹਰੂ-ਉਟਨੱਟ ਵਾਂਗ ਉਸ ਨੂੰ ਸਿੱਧੀ ਟਕੋਰ ਲਾਉਣ ਵਿੱਚ ਕਿਸੇ ਨੇ ਪਹਿਲ ਨਾ ਕੀਤੀ ।
-ਓਏ ਜੀਤਾ ਸਿਆਂ .... ਨਾ ਕੀ , ਅਹੀਂ ਕੋਈ ਦੁੱਭਰਆਰੇ ਆਂ ਸਾਡੇ ਨਾਲ ਬਾਤ-ਚੀਤ ਕਰਨੋਂ ਤੂੰ ਐਉਂ ਤਹਿਕਦਾਂ ਜਿਉਂ ਭਿੱਟ ਹੋ ਚੱਲਿਆ ਹੁੰਨਾਂ....ਨਾ ਕੀ ‘ ।
-‘ਏਹ ਸਾਲਾ ਮਨ ਜਿਆ , ਨਾ ਕੀ , ਕਨੇਡੇ ਜਾ ਕੇ ਖੁਭਣੋਂ ਹਟਿਆ ਕਿ ਪਹਿਲੋਂ ਈ ਕੁਸ ਉਟਨੱਟ ਕਰਦਾ ਸੀ ....ਨਾ ਕੀ ।’
-‘ਬੱਸ ਕਿਸੇ ਤਰ੍ਹਾਂ ਸਮਝ ਲਓ , ਚਾਚਾ ਸਾਹਬ ਜੀ – ਆਖ , ਜੀਤ ਸੂੰਹ ਉਸ ਤੋਂ ਪੱਲਾ ਛੁਡਵਾ ਕੇ ਖਿਸਕਦਾ ਬਣਦਾ , ਪਰ ਖੁੱਲ੍ਹੇ-ਖੁਲਾਸੇ ਸੁਭਾ ਦਾ ਜੀਤ ਸਿੰਘ ਦਾ ਤਾਇਆ ਸੰਤਾ ਸਿਉਂ , ਥੜੇ ਤੇ ਬੁੱਕਲਾਂ ਮਾਰੀ ਬੈਠੀ ਮੁੰਡੀਰ ਨੂੰ ਜੀਤ ਨਾਲ ਜੁੜੇ ‘ਨਲੀ-ਚੋ’ ਦੇ ਵਿਸ਼ੇਸ਼ਣ ਦੀ ਵਿਆਖਿਆ ਕਰਦਾ ਕਿੰਨਾ-ਕਿੰਨਾ ਚਿਰ ਢਿੱਡੀ ਪੀੜਾਂ ਪੁਆਉਂਦਾ ਰਹਿੰਦਾ ।’
-‘ਲੈ ਸਾਬ੍ਹ ’... ਇਹ ਮੇਰਾ ਭਤੀਜਾ ਹਾਲੀਂ ਪੰਜਾਂ ਸਾਲਾਂ ਦਾ ਵੀ ਨਈਂ ਸੀ ਹੋਇਆ ਕਿ ਛੁੱਟੀ ਆਏ ਨੂੰ ਇਦ੍ਹੀ ਬੀਬੀ ਕਹਿੰਦੀ –ਮੈਂ ਕਿਆ ਭਾਈਆ.....ਤੂੰ ਐਸ ਲਬੂਦੜ ਜਿਹੇ ਦਾ ਨਾਮਾ ਈ ਲੁਆ ਦੇਣਾ ਸੀ ਸਕੂਲੇ ਜਾ ਕੇ ...ਪੇਏ ਇਦ੍ਹੇ ਨੂੰ ਤਾਂ ਘਰ-ਬਾਰ ਦੀ ਸੁੱਧ-ਬੁੱਧ ਈਂ ਨਈਂ ....ਪਤਾ ਨਈਂ ਕਿਹੜੇ ‘’ਕਲਾਬ ਮਗਰ ਨੱਠਾ-ਭੱਜਾ ਫਿਰਦਾ , ਕਈ ਕਈ ਮਹੀਨੇ ਘਰ ਈ ਨਈਂ ਵੜਦਾ...ਕਲ੍ਹ-ਕਲੋਤਰ ਨੂੰ ਇਹ ਵੀ ਜੇ ਦੋ ਜਮਾਤਾਂ ਪੜ੍ਹ ਜੂ ਤਾਂ ਲੈ ਜਈਂ ਆਪਣੇ ਨਾਲ ਈ ਸ਼ਪਾਈ ਬਣਾ ਕੇ ।‘
-ਲੈ ਭਾਅ, ਆਪਾਂ ਛੋਟੀ ਭਰਜਾਈ ਦਾ ਆਖਾ ਕਿੱਦਾ ਮੋੜ ਸਕਦੇ ਸੇਏ , ਜਾ ਹਾਜ਼ਰ ਕੀਤੀ ਉਚੇ-ਬਢਾਲੇ ਮੱਖੀ-ਮਾਰ ਮੁਣਸ਼ੀ ਕੋਲ । ਲੈ ਭਾਅ......ਇਦ੍ਹਾਂ ਨਾਮ ਜਰਿਸ਼ਟਰ ਦੇ ਚਾੜ੍ਹ ਕੇ ਛੋਟਾ ਮੁਣਸ਼ੀ ਅਜੇ ਰਤੀ ਭਰ ਤਾਹਾਂ ਨੂੰ ਹੋਇਆ ਈ ਸੀ ਕਿ ਹਵਾ ‘ਚ ਉੜਦੀ ਇਕ ਮੱਖੀ ਸਹਿਵਨ ਉਦ੍ਹੀ ਨਜ਼ਰੇ ਚੜ੍ਹ ਗਈ । ਖੱਬੇ ਹੱਥ ਦੀ ਝਬੂਟੀ ਮਾਰ ਕੇ ਓਧਰ ਉਨ੍ਹੇ ਮੱਖੀ ਫੇਹ ਕੇ ਔਹ ਮਾਰੀ , ਏਧਰ ਐਸ ਸਾਧੜੇ ਜਿਹੇ ਦੀ ਨਲੀ ਉਦ੍ਹੇ ਗੋਡੇ ਤਾਂ ਆ ਡਿੱਗੀ । ਲੈ ਸਾਬ .....ਧੈੜ ਕਰਦਾ ਧੱਫਾ ਇਦ੍ਹੀ ਢੂਈ ‘ਚ ਮਾਰ ਕੇ ਮੱਖੀ ਮਾਰ ਕਹਿੰਦਾ –ਏਸਾਂ ਚੱਟ, ਮਾਈਂ ਝਾਂਵਿਆਂ ਚੱਟ ਏਸਾਂ ਨਈਂ ਤਾਂ ਹੱਡੀ-ਪੱਸਲੀ ਤੋੜ ਦੇਸਾਂ ਤੇਰੀ ਨਾਲੇ ਤੇਰੀ ਮਾਓਂ ਦੀ ।‘
-‘ਲੈ ਭਾਅ ..... ਮੈਂ ਅੱਗੇ ਹੋ ਕੇ ਇਹਦੇ ਝੱਗੇ ਨਾਲ ਉਦ੍ਹਾ ਗੋਡਾ ਸਾਫ਼ ਕੀਤਾ ਤਾਂ ਕਿਤੇ ਇਦ੍ਹੀ ਜਾਨ ਖਲਾਸੀ ਹੋਈ ।’
-‘ਇਦ੍ਹਾ ਝੱਗਾ ਲਬੇੜ ਕੇ ਤੈਨੂੰ ਬੀ ਕੋਈ ਖੈਰ ਪਈ ਭਾਬੀ ਤੋਂ ਕੇ ਨਈਂ ਪੰਮੀ ਛੁਰਲੀ ਤਾਏ ਨੂੰ ਟੇਢੀ ਟਕੋਰ ਕਰਦਾ , ਪਰ ਛੜਾ-ਛਾਂਟ ਫੌਜੀ ਤਾਇਆ ਉਸ ਨੂੰ ਅਗਿਓਂ ਵਗਲ ਲੈਂਦਾ ।’
-‘ਲੈ ਪੁੱਤਰਾ , ਜੁਆਨੀ ਵੇਲੇ ਦਾ ਜਤ-ਸਤ ਐਮੇਂ ਤਾਂ ਨਈਂ ਕੱਟਿਆ ਜਾਂਦਾ , ਕੋਈ ਨਾ ਕੋਈ ਆਹਵੱਟ ਆਉਂਦੀ ਈ ਰਹਿੰਦੀ ਸੀ ......ਪੁੱਛ ਲਈਂ ਬੇਸ਼ਕ ਬੇਬੇ ਅਪਣੀ ਤੋਂ ਨਿਸ਼ੰਗ ਹੋ ਕੇ ।‘
ਫੌਜ ਦੀ ਨੌਕਰੀ ਸਮੇਂ ਪਿੰਡ ਦੀ ਹਰ ਮਹਿਫ਼ਲ ਸੰਤਾ ਸੂੰਹ ਤੋਂ ਬਿਨਾਂ ਅਧੂਰੀ ਜਾਪਦੀ ਸੀ । ਹਰ ਸਾਲ ਮਹੀਨੇ-ਦੋ-ਮਹੀਨੇ ਦੀ ਛੁੱਟੀ ਆਇਆ , ਉਹ ਹਰ ਵਿਹੜੇ ਹਰ ਘਰ ਵਿਚੋਂ ਦੀ ਬਿਨਾਂ ਰੋਕ-ਟੋਕ ਲੰਘਦਾ , ਸਭ ਨੂੰ ਆਪਣਾ-ਆਪਣੀ ਲਗਦਾ ਸੀ , ਪਰ ਉਸ ਦਿਨ ਸਭਨਾਂ ਨੂੰ ਉਹ ਓਪਰਾ-ਓਪਰਾ ਦਿੱਸਣ ਲੱਗ ਪਿਆ, ਜਿਸ ਦਿਨ ਅੱਧ-ਖੜ ਹੋਇਆ , ਪੈਨਸ਼ਨ ਲੈ ਕੇ ਘਰ ਪਰਤਿਆ ਜੱਦੀ-ਪੁਸ਼ਤੀ ਖੇਤੀ ਧੰਦੇ ਅੰਦਰ ਜੁੱਟ ਗਿਆ । ਛੋਟੀ ਕਿਸਾਨੀ ਦੀਆਂ ਮੂਹਰਲੀਆਂ ਸਫਾਂ ਵਿੱਚ ਕੰਮ ਕਰਦੇ ਨਿੱਕੇ ਭਰਾ ਬੰਤਾ ਸਿੰਘ ਨੇ ਛੜੇ ਭਰਾ ਸੰਤਾ ਸੂੰਹ ਨੂੰ ਕਈਆਂ ਪੀੜੀਆਂ ਤੋਂ ਚੱਲੀ ਪਿਰਤ ਅਨੁਸਾਰ ਖੇਤਾਂ ਦੀ ਵੱਖ-ਵੰਡ ਦੇ ਉਦਰੇਵੇਂ ਤੋਂ ਬਚਾ ਕੇ ਸਾਰੀ ਖੇਤੀ ਦਾ ਕਾਰ-ਮੁਖਤਾਰ ਬਣਾ ਦਿੱਤਾ। ਨਿਆਈਂ ਵਾਲੇ ਕੁਰੇ ਪਿੱਛੇ ਡੰਗਰਾਂ ਦੇ ਛੱਪਰੇ ਹਟਵਾਂ, ਤਿੰਨ ਖਾਨੇ ਦਾ ਪੱਕਾ ਕੋਠਾ ਉਸ ਲਈ ਵੱਖਰਾ ਬਣਵਾ , ਘਰ ਦਾ ਸਾਰਾ ਕਾਰ-ਵਿਹਾਰ ਉਸ ਨੂੰ ਸੌਂਪ , ਨਿਸ਼ਚਿੰਤ ਹੋ ਕੇ ਆਪ ਕਿਸਾਨੀ ਮੋਰਚੇ ਦੀਆਂ ਸਰਗਮੀਆਂ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ।
ਨਿੱਗਰ ਦੇਹੀ ਤੇ ਫੌਜੀ ਵਕਤ ਦੀ ਪਾਬੰਦੀ ਵਰਗੇ ਨਿੱਤ-ਨੇਮ ਨਾਲ , ਸੰਤਾ ਸੂੰਹ ਨੇ ਥੋੜੇ ਜਿਹੇ ਸਮੇਂ ਅੰਦਰ ਹੀ ਕਾਮਿਆਂ –ਦਿਹਾੜੀਦਾਰਾਂ ਨੂੰ ਨਾਲ ਲੈ ਕੇ , ਇਕ ਤਾਂ ਕਈਆਂ ਸਾਲਾਂ ਤੋਂ ਨਖਸਮੇਂ ਪਏ ਅਪਣੇ ਮੁਰੱਬੇ ਨੂੰ ਹਰੇ ਇਨਕਲਾਬ ਵਾਂਗ ਚਮਕਾ ਲਿਆ ਅਤੇ ਦੂਜੇ ਨਲੀ-ਚੋ ਜੀਤੇ ਸਮੇਤ ਕਾਮਰੇਟ ਦੇ ਦੋਨਾਂ ਮੁੰਡਿਆਂ ਨੂੰ ਸਕੂਲ ਭੇਜ ਕੇ ਚਿੱਠੀ-ਪੱਤਰ ਲਿਖਣ ਜੋਗੇ ਚਾਰ ਅੱਖਰ ਪੜ੍ਹਾ ਲਏ । ਪਹਿਲੇ ਪਹਿਰ ਤੋਂ ਕੀਤੀ ਹਰਨਾਲੀ ਨੂੰ ਸਿਆੜੀਂ ਖਿਲਹਾਰ ਕੇ , ਮੂੰਹ-ਝਾਖਰੇ ਉਠਾਏ ਬਾਲ ਜਿੰਨਾ ਚਿਰ ਘਰ ਜਾਂ ਸਕੂਲ ਗਏ ਰਹਿੰਦੇ , ਓਨਾਂ ਚਿਰ ਉਹਨਾਂ ਦਾ ਪਿਓ-ਸਮਾਨ ਤਾਇਆ , ਜਾਂ ਤਾਂ ਫ਼ਸਲ-ਬਾੜੀ ਮਾਲ ਡੰਗਰ ਦੀ ਸਾਂਭ-ਸੰਭਾਲ ਅੰਦਰ ਜੁੱਟਿਆ ਰਹਿੰਦਾ , ਜਾਂ ਖੇਤਾਂ –ਬੰਨਿਆਂ ਖੁਰਲੀਆਂ –ਢਾਰਿਆਂ ਨੂੰ ਢਾਉਣ –ਉਸਾਰਨ ਵਿੱਚ ।
ਫਿਰਨੀ ਨਾਲ ਦੇ ਕੁਰੇ ਤੋਂ ਬੰਬੀ ਵੱਲ ਨੂੰ ਖਿਸਕੀ ਉਹਨਾਂ ਦੀ ਸਰਦਾਰਾਂ ਵਰਗੀ ਹਵੇਲੀ ਅੰਦਰ , ਪੁਰਾਣੀ ਬੁੱਢੀ ਜੋਗ ਲਾਗੇ ਬੱਝੇ ਹਿਸਾਰੋਂ ਲਿਆਂਦੇ ਚਾਰ ਬਲਦ ਦੇਖ ਕੇ ਘਰ ਆਏ ਬੰਤਾ ਸੂੰਹ ਨੇ ਇਕ ਦਿਨ ਸੰਤਾ ਸਿਓਂ ਨੂੰ ਆਖਿਆ ....ਭਾਅ......ਪਸ਼ੂਆਂ ਦੀ ਖੇਤੀ ਦਾ ਸਮਾਂ ਤਾਂ ਹੁਣ ਬਹੁਤ ਪਿਛਾਂਹ ਰਹਿ ਗਿਆ , ਆਖੇਂ ਤਾਂ ਟਰੈਕਟਰ ਦਾ ਪ੍ਰਬੰਧ ਕਰ ਲਈਏ ...?
ਦਿਨ ਰਾਤ ਕੀਤੀ ਸਖ਼ਤ ਮੁਸ਼ੱਕਤ ਕਾਰਨ ਤਿੜਕੇ ਹੱਡਾਂ ਨੂੰ ਪਲੋਸਦੀ ਉਸ ਦੀ ਨਿੱਘਰ ਹਾਮੀਂ ਪਲ ਕੁ ਭਰ ਲਈ ਦੁਚਿੱਤੀ ਉਹਲੇ ਹੋਈ ਬੋਲੀ-‘ ਹਰਜ ਤਾਂ ਕੋਈ ਨੀ , ਪਰ ਐਨ੍ਹਾਂ ਹੀਰਿਆਂ ਨੂੰ ਕੱਥੇ ਸੁਟਾਂਗੇ !’
-‘ਇਨ੍ਹਾਂ ਨੂੰ ਬੇਚ ਦਈਂ । ਛੋਟੇ ਭਰਾ ਦੀ ਸਲਾਹ ਉਸਦਾ ਅੰਦਰਲਾ ਵਿਨ੍ਹਦੀ ਨਿਕਲ ਗਈ । ’
ਨਿੱਕੇ ਮਜ਼੍ਹਬੀ ਨੂੰ ਨਾਲ ਲਈ , ਕਈਆਂ ਰਾਤਾਂ ਦਾ ਉਣੀਂਦਰਾ ਝਾਖ , ਹਿਸਾਰੋਂ ਤੋਰ ਕੇ ਲਿਆਂਦੀਆਂ ਦੋਨਾਂ ਜੋਗਾਂ ਨੂੰ ਬੇਚ ਦੇਣ ਦਾ ਸੁਝਾ , ਇਕ ਵਾਰ ਤਾਂ ਉਸਦੇ ਸਦਾ-ਸੱਜਰੇ ਮੋਹ ਨੂੰ ਡੰਗ ਮਾਰਦਾ ਨਿਕਲ ਗਿਆ , ਪਰ ਦੂਜੇ ਹੀ ਪਲ ਸਾਰੇ ਪਿੰਡ ‘ਚ ਪਹਿਲਾ ਟਰੈਕਟਰ ਅਪਣੇ ਖੇਤੀਂ ਚਲਦਾ ਦੇਖਣ ਦੀ ਹਉਂ , ਬਿਜਲੀ ਦੇ ਲਿਸ਼ਕਾਰੇ ਵਾਂਗ ਉਸ ਦੀ ਰਤਾ ਕੁ ਝੁਕਦੀ ਕਮਰ ਨੂੰ ਮੁੜ ਸਿੱਧਾ ਕਰ ਗਈ । ਕਈ ਦਿਨ ਲਗਾਤਾਰ ਉਹ ਪਿੱਪਲ ਹੇਠਲੇ ਥੜੇ ਦੇ ਜੁੜਦੀ ਜੁੰਡਲੀ ਅੰਦਰ ਵੀ ਸ਼ਾਮਿਲ ਨਾ ਹੋਇਆ । ਕਣਕਾਂ ਬੀਜ ਕੇ ਹੋਈ ਛੇ-ਚਾਰ ਦਿਨਾਂ ਦੀ ਵਿਹਲ ਅੰਦਰ ਵੀ ਉਸਦੀ ਥੜ੍ਹੇ ਨਾਲ ਪਾਈ ਕੱਚੀ , ਉਸਦੇ ਹਮਜੋਲੀਆਂ ਨਾਲੋਂ ਨਿੱਕੀ ਮੁੰਢੀਰ ਨੂੰ ਬਹੁਤੀ ਚੁਭਦੀ ਰਹੀ । ਆਖਿਰ ਬੇ-ਸਹਾਰਾ ਹੋਇਆ ਸਾਰਾ ਟੋਲਾ, ਇਕ ਸ਼ਾਮੀਂ ਮੋਖੇ-ਗੁਟਕੂੰ ਦੀ ਸਲਾਹ ਤੇ ਤਾਏ ਦੇ ਡੇਰੇ ਪਹੁੰਚ ਗਿਆ । ਤਪਦੇ ਚੁੱਭੇ ਕੋਲ ਖੇਸੀ ਦੀ ਬੁੱਕਲ ਮਾਰੀ ਬੈਠੇ ਇਕੱਲੇ ਤਾਏ ਨੂੰ ਦੂਰੋਂ ਦੇਖ ਕੇ ਬਾਗੇ –ਜੱਫ਼ਲ ਨੇ ਉੱਚੀ ਆਵਾਜ਼ ਮਾਰ ਕੇ ਪੁੱਛਿਆ- ‘ਤਾਇਆ...ਆ ਕੱਲਾ ਈ ਆਂ ਕਿ ਚਾਚੀ ......?’
-‘ਖੜੋ ,ਤੇਰੀ ਨਿੱਕੀ ਨੂੰ .....ਵੱਡਿਆ ਭਲਵਾਨਾ...........’ ਆਖਦਾ ਤਾਇਆ ਇਉਂ ਛੜੱਪਾ ਮਾਰ ਕੇ ਉੱਠ ਖਲੋਇਆ ਜਿਵੇਂ ਸੱਚ-ਮੁੱਚ ਹੀ ਉਸਦੇ ਬੱਠਲ ਜਿਹੇ ਜਬਾੜੇ ਤੇ ਇਕ ਦੋ ਭਰਵੇਂ ਘਸੁੰਨ ਜੜ ਦੇਣੇ ਹੋਣ ।
-‘ਓਏ....ਜਾਣ ਦੇ ਤਾਇਆ , ਨਿਆਰਾ-ਸਿਆਣਾ ਆ , ਆਪੇ ਸਮਝ ਜੁ ਤੇਰੀ ਉਮਰੇ ਪਹੁੰਚ ਕੇ । ’ ਨਿੱਤ ਦਿਹਾੜੀ ਚਲਦੇ ਹਾਸੋ-ਠੱਠੇ ਵਾਂਗ ਹੀ ਹਮ ਉਮਰ ਕਰਨੈਲੇ ਨੇ ਉਸਨੂੰ ਫੜ ਕੇ ਬਠਾਉਂਦਿਆਂ ਪੁੱਛਿਆ – ‘.ਭਾਅ ...ਤਾਇਆ ਤੂੰ ਤਾਂ ਅੱਜ-ਕੱਲ ਰੜਕਦਾ ਈ ਨਈਂ ਕਿਤੇ ......?’
-‘ਰੜਕਣਾ ਕੀ ਆ , ਆਹ ਸਾਲੇ ਝੰਜਟ ਜਿਹੇ ਈ ਨਈਂ ਛੱਡਦੇ ਰਾਤ-ਪੁਰ ਦਿਨੇ , ਬੱਸ ਟੈਮ ਜਿਆ ਈ ਨਈਂ ਲਗਦਾ ਪਿੰਡ ਆਉਣ ਦਾ ...।’
-‘ਸਾਡਾ ਤਾਂ ਭਾਈ ਬਥੇਰਾ ਲੱਗਾ ਜਾਂਦਾ , ਤੇਰਾ ਖ਼ਬਨੀ ਕਿਓਂ ਨੀ ਲਗਦਾ .......ਆਹ ਜਿੜ੍ਹੀ ਕੱਠੀ ਕਰੀ ਜਾਨਾਂ ਚਾਰ-ਚੱਕ ਜਗੀਰ , ਤੇਰੇ ਨਾਲ ਨਈਂ ਜਾਣੀ ...... ਕਾਰੂੰ ਬਾਦਸ਼ਾ ਬੀ ਖਾਲੀ ਹੱਥੀਂ ਨਿਕਲਿਆ ਸੀ ਆਂਹਦੇ ਭਰਿਆ ਖਜ਼ਾਨਿਆਂ ’ਚੋਂ.....।‘
-‘ਨਈਂ ਭਾਆ.......ਐਹੋ ਜਈ ਤਾਂ ਕੋਈ ਗੱਲ ਨੀ , ਫੇਰ ਬੀ ਜਿੰਨਾ ਚਿਰ ਇਹ ਮਾਣਸ-ਦੇਹੀ ਚਲਦੀ ਐ, ਬੰਦਾ ਐਧਰ-ਓਧਰ ਹੱਥ ਪੈਰ ਤਾਂ ਮਾਰਦਾ ਈ ਨਾ .....ਸਾਬ੍ਹ । ’
-‘ਚਲੋ ਓਏ ਮੁੰਡਿਓ ਚੱਲੀਏ , ਮਾਰਨ ਦਿਓ ਇਦ੍ਹੀ ਮਾਣਸ ਦੇਹੀ ਨੂੰ ਹੱਥ-ਪੈਰ ਐਧਰ ਓਧਰ.....’ ਬਾਬੇ ਬੰਸੀ ਦੇ ਬਲ ਸੁਣ ਕੇ ਸਾਰੇ ਜਣੇ ਬੁੱਕਲਾਂ ਕਸਦੇ ਉਹ ਸੱਚ-ਮੁੱਚ ਹੀ ਜਿਵੇਂ ਡੇਰਿਓਂ ਬਾਹਰ ਜਾਣ ਦੀ ਤਿਆਰੀ ਕਰਨ ਲੱਗ ਪਏ ਸਨ ਕਿ ਮੁਰੱਬੇ ਦੁਆਲੇ ਲਾਈ ਕੰਡਿਆਲੀ ਤਾਰ ਦੇ ਪਾਰਲੇ ਸਿਰੇ ਤੋਂ , ਦੋ ਜਗਦੀਆਂ ਬੱਤੀਆਂ ਦਾ ਮੂੰਹ ਉਹਨਾਂ ਵਲ੍ਹ ਨੂੰ ਘੁੰਮ ਗਿਆ । ਛਿੱਕ-ਛਿੱਕ ਦੀ ਸਹਿਜੇ –ਸਹਿਜੇ ਵਧਦੀ ਆਵਾਜ਼ ਤਾਏ ਦੇ ਡੇਰੇ ਵੱਲ ਨੂੰ ਆਉਂਦੀ ਹੋਰ ਉੱਚੀ ਹੁੰਦੀ ਗਈ ।
ਗਰਮ ਚੁੱਭੇ ਦੇ ਸੇਕ ਲਾਗੇ ਖੜ੍ਹੀ ਥੜ੍ਹੇ ਦੀ ਸਾਰੀ ਟੋਲੀ ਪਿੰਡ ਨੂੰ ਜਾਣਾ ਵਾਲਾ ਰਾਹ ਜਿਵੇਂ ਭੁੱਲ ਹੀ ਗਈ ਹੋਵੇ ।ਜਾਣੀ-ਜਾਣ ਤਾਇਆ ‘ਵਾਗੁਰੂ ’ ਆਖ ਕੇ ਉਠਿਆ ਤੇ ਹਵੇਲੀ ਦੇ ਬਾਗਲੇ ਦੀ ਸਾਹਮਣੀ ਕੰਧ ਵਿਚਕਾਰ ਛੱਡੇ ਗੇਟ ਅੰਦਰੋਂ ਮੋੜ੍ਹੀ ਕੱਢ ਕੇ ਇਕ ਪਾਸੇ ਰੱਖ ਆਇਆ । ਫਿਰ ਬਰਾਂਡੇ ਤੱਕ ਪਈਆਂ-ਖਿਲਰੀਆਂ ਨਿੱਕੀਆਂ-ਵੱਡੀਆਂ ਸਾਰੀਆਂ ਵਸਤਾਂ ਚੁੱਕ ਕੇ ਵਿਹੜਾ ਪੱਧਰਾ ਕਰਨ ਲੱਗ ਪਿਆ । ਡੌਰ-ਭੌਰ ਹੋਈ ਚੁੱਪ-ਚਾਪ ਖੜੀ ਸਾਰੀ ਮੁੰਡੀਰ ਉਸ ਦੀ ਇਸ ਕਿਰਿਆ ਨੂੰ ਓਨਾਂ ਚਿਰ ਦੇਖਦੀ ਰਹੀ , ਜਿੰਨਾਂ ਚਿਰ ਤੱਕ ਛੱਕ-ਛੱਕ ਕਰਦੀ ਹਲਕੇ ਨੀਲੇ ਰੰਗ ਦੀ ਕੋਈ ਸ਼ੈਅ ਹੌਲੀ-ਹੌਲੀ ਤੁਰਦੀ ਵਾਗਲੇ ਅੰਦਰ ਨਾ ਆ ਖੜੀ ਹੋਈ । ਅਗਲੇ ਹੀ ਪਲ ਦੂਰ ਤੱਕ ਫੈਲਿਆ ਤਿੱਖੇ ਚਾਨਣ ਦਾ ਗੁਬਾਰ ‘ਇੱਚ’ ਦੀ ਆਵਾਜ਼ ਆਉਣ ਪਿਛੋਂ ਅੱਖ ਦੇ ਫਰੋਕੇ ਅੰਦਰ ਹੀ ਕਿਧਰੇ ਅਲੋਪ ਹੋ ਗਿਆ ਤੇ ਹੜ੍ਹ ਵਰਗੀ ਲਾਟ ਵਿਚ ਗੁਆਚੀ ਹਵੇਲੀ ਹਨੇਰਾ ਪਰਤ ਆਉਣ ਤੇ ਫਿਰ ਅਪਣੇ ਪਹਿਲੇ ਵਜੂਦ ਵਿਚ ਸਾਲਮ ਦਿੱਸਣ ਲੱਗ ਪਈ ।
ਗੇੜੀ ਦੀ ਗਾਧੀ ਕੋਲ ਪਾਲ ਬਣਾਈ ਖੜ੍ਹੇ ਝੁੰਬਲ-ਮਾਟਿਆਂ ਵਾਲੇ ਆਕਾਰ, ਤਾਏ ਦੀ ਹਵੇਲੀ ਆਏ ਟਰੈਕਟਰ ਨੂੰ ਦੇਖ ਜਿਵੇਂ ਸੁੰਨ-ਵੱਟਾ ਹੀ ਹੋ ਗਏ । ਤਿਰਛੀ ਗੱਦੇਦਾਰ ਸੀਟ ਤੋਂ ਛਾਲ ਮਾਰ ਕੇ ਉਤਰਿਆ ਜੀਤਾ ਨਲੀ ਚੋ, ਉਹਨਾਂ ਨੂੰ ਤਾਏ ਦਾ ਵੀ ਕੋਈ ਵੱਡਾ-ਵਡੇਰਾ ਜਾਪਿਆ ।
-‘ਬੱਲੇ ਓਏ ਜੀਤਾ ਸਿਆਂ , ਤੂੰ ਇਹ ਡਲੈਵਰੀ ਕਦੋਂ ਸਿੱਖ ਲੀ .......?’ ਫੁੰਮਣ-ਸ਼ਾਹਕੋਟੀ ਨੇ ਮਿਰਜ਼ੇ ਦੀ ਤਾਣ ਅਲਾਪਣ ਵਾਂਗ ਉਸ ਤੋਂ ਪੁੱਛਿਆ ।
-‘ਜਦ ਤੂੰ ਦੇਖ ਲਿਆ ......’ ਰੁੱਖਾ ਜਿਹਾ ਉੱਤਰ ਦੇ ਕੇ ਉਹ ਸਿੱਧਾ ਬਰਾਂਡੇ ਵੱਲ ਨੂੰ ਤੁਰ ਗਿਆ ਤੇ ਮੋਢੇ ਨਾਲ ਲਟਕਾਇਆ ਬੈਲਾ ਤਾਏ ਹੱਥ ਫੜਾ ਕੇ ਅਲਾਣੀਂ ਮੰਜੀ ਤੇ ਬੈਠ ਗਿਆ ।
ਬਰਾਂਡੇ ਅੰਦਰ ਖੜੇ ਤਾੲ ਨੇ ਖੰਘੂਰਾ ਜਿਹਾ ਮਾਰ ਕੇ ਟਰੈਕਟਰ ਕੋਲ੍ਹ ਖੜੇ ਆਪਣੇ ਯਾਰ-ਬੇਲੀਆਂ ਨੂੰ ਕੋਲ ਬੁਲਾ ਲਿਆ ।ਤਾਏ ਨੂੰ ਵਧਾਈਆਂ ਦਿੰਦੇ ਟਰੈਕਟਰ ਦੇ ਟਾਇਰ, ਬੋਨਿਟ , ਸੀਟ, ਸਟੇਰਿੰਗ ਨੂੰ ਪਲੋਸਦੇ ਥੋੜੇ ਕੁ ਚਿਰ ਪਿਛੋਂ , ਜਦ ਉਹ ਆਪਣੇ ਘਰੀਂ ਪਰਤ ਰਹੇ ਸਨ, ਤਾਂ ਮੁੱਠਾਂ ਵਿਚਕਾਰ ਸਾਂਭੇ ਇਕ-ਇਕ , ਦੋ-ਦੋ ਲੱਡੂ ਰੋੜਾਂ ਵਾਂਗ, ਉਹਨਾਂ ਦੀਆਂ ਕਰੜ-ਬਰੜੀਆਂ ਤਲੀਆਂ ਤੇ ਚੋਭਾਂ ਮਾਰ ਰਹੇ ਸਨ ।
ਅਗਲੇ ਦਿਨ ਸਵੇਰੇ , ਪਿੰਡ ਦੇ ਐਨ ਗੋਰੇ ਤੋਰੀਏ ਦਾ ਵੱਡ ਪੁੱਟਦੀਆਂ ਇਕੱਠੀਆਂ ‘ਸੱਤ ਪੱਥੀਆਂ’ ਪਿੰਡ ਦੇ ਜਿਹੜੇ ਵੀ ਜੱਟ-ਜ਼ਿੰਮੀਦਾਰ ਨੇ ਦੇਖਿਆ , ਉਸਨੂੰ ਆਪਣੀ ਮੁਤਾੜੀਆਂ ਕੰਨਾਂ ਵਾਲੀ ਜੋਗ ਪਿੱਛੇ ਧੂਹ ਹੁੰਦੀ ਕੱਲੀ-ਕਹਿਰੀ ਪੱਥੀ ਐਵੇਂ ਈ ਸਿਆੜਾ ਉੱਪਰ ਤਰਦੀ ਜਿਹੀ ਜਾਪੀ । ਉਸ ਦਿਨ ਪਿੱਪਲ ਹੇਠਲੇ ਥੜ੍ਹੇ ਉੱਤੇ ਕੋਈ ਮੁੰਢੀਰ ਨਾ ਜੁੜੀ ਤੇ ਨਾ ਹੀ ਉਸ ਤੋਂ ਅਗਲੇ ਦਿਨ । ਬਾਕੀ ਬਚਦਾ ਸਾਰਾ ਸਿਆਲ ਕਣਕਾਂ ਦੀਆਂ ਗੋਡੀਆਂ ਤੇ ਕਮਾਦਾਂ ਦੀ ਪੀੜ-ਪੜਾਈ ਅੰਦਰ ਲੰਘ ਗਿਆ । ਮੀਂਹ ਹਨੇਰੀਆਂ ਤੇ ਪਾਲਿਆਂ-ਠੱਕਿਆਂ ਕਾਰਨ ਘਰੋ ਘਰੀ ਡੱਕੇ ਲੋਕ ਚੇਤਰ ਚੜ੍ਹਦਿਆਂ ਮੁੜ ਕਿਧਰੇ ਖੇਤੀਂ ਬੰਨੀਂ ਮਸਾਂ ਦਿੱਸਣ ਲੱਗੇ ।
ਚੇਤਰ ਮੁਕਦਿਆਂ ਕਰਦਿਆਂ, ਮਾਰੂ ਖੱਤਿਆਂ ਅੰਦਰ ਪੱਕੇ ਮਸਰ-ਛੋਲੇ ਗੱਡੇ-ਗੱਡੀਆਂ ਦੀ ਘਨੇਰੀ ਚੜ੍ਹ ਦੇ ਘਰੀਂ ਵਿਹੜੀਂ ਪਹੁੰਚ ਕੇ ਬੋਹਲ ਬਨਣ ਲੱਗ ਪਏ । ਸਿਰ ਚੜ੍ਹੀ ਵਾਢੀ ਦੀ ਤਿਆਰੀ ਲਈ ਦਾਤ-ਦਾਤੀਅ ਲੁਹਾਰਾਂ ਦੇ ‘ਕਾਰਖਾਨੇ ’ ਚੰਡੀਆਂ ਜਾਣ ਲੱਗੀਆਂ । ਵੇਲੇ ਸਿਰ ਵੱਢ ਕੇ ਰੱਖੇ ਸਲਵਾੜ ਦੀ ਕੱਟੀ ਮੁੰਜ ਕੇ ਵੇੜ ਹਾਰਾਂ-ਡੰਡੀਆਂ ਦੇ ਨਾਲ-ਨਾਲ ਦੂਰ ਤੱਕ ਵਿੱਛ ਗਏ । ਪਿਛਲੇ ਸਾਲ ਦੀਆਂ ਢੱਕੀਆਂ ਡਰੰਮੀਆਂ ਨੂੰ ਰਮਾ ਕਰਕੇ ਸੱਜਰੇ ਪਿੜ੍ਹਾ ਦੀ ਤਿਆਰੀ ਹੋਣ ਲੱਗ ਪਈ , ਪਰ ਇਸ ਸਾਰੀ ਹਿੱਲ-ਜੁਲ ਅੰਦਰ ਤਾਏ ਸੰਤੇ ਦੀ ਥਿੜਕ ਕਿਧਰੇ ਨਾ ਪਈ । ਉੱਤਰ ਬੰਨੇ ‘ਤਾਲ-ਆਲੇ ’ ਵਸੀਮੇਂ ਤੱਕ ਖਿੱਲਰੇ ਤਾਏ ਤੇ ਮੁਰੱਬੇ ਵਿੱਚ ਚਲਦਾ ਉਸਦਾ ਟਰੈਕਟਰ ਵੀ ਕਈ ਦਿਨ ਕਿਸੇ ਨਾ ਦੇਖਿਆ । ਹਾੜੀ ਦੀ ਸਾਂਭ-ਸੰਭਾਲ ਲਈ ਕੀਤੇ ਕਮਰ-ਕੱਸਿਆਂ ਅੰਦਰ ਪਿੱਪਲ ਹੇਠ ਜੁੜਨ ਵਾਲੀ ਸੱਥ ਉਵੇਂ ਹੀ ਅਣਗੌਲੀ ਜਿਹੀ ਬਣ ਗਈ, ਜਿਵੇਂ ਉਸ ਨਾਲ ਤੋੜ-ਵਿਛੋੜਾ ਕਰਕੇ ਮੁਰੱਬੇ ਜਾ ਟਿਕਿਆ ਤਾਇਆ ਸੰਤਾ ।
ਪਰ, ਉਸ ਦਿਨ ਤਾਂ ਪਿੰਡ ਦੇ ਸਾਰੇ ਲੋਕਾਂ ਨੂੰ ਤਾਏ ਨਾਲ ਹੋਈ ‘ਈਰਖਾ ’ ਸਾਰੇ ਹੀ ਹੱਦਾਂ-ਬੰਨੇ ਟੱਪ ਗਈ , ਜਦ ਵਿਸਾਖੀ ਵਾਲੀ ਸੰਗਰਾਂ ਦੇ ਭੋਗ-ਵੇਲੇ ਸ਼ਿੰਗਾਰ ਦੇ ਗੁਰਦਵਾਰੇ ਲਿਆਂਦੇ ਟਰੈਕਟਰ ਦੀ ਸੀਟ ਉੱਤੇ ਉਹਨਾਂ ਦੀ ਥਾਂ ਛੋਟੇ ਮੀਤੇ ਨੂੰ ਬੈਠੇ ਦੇਖਿਆ ਅਤੇ ਟਰੈਕਟਰ ਪਿੱਛੇ ਰਿੜ੍ਹੀ ਆਉਂਦੀ ਹਾਥੀ ਵਰਗੀ ਬੇ-ਢਿੱਬੀ ਜਿਹੀ ਮਸ਼ੀਨ ਵੀ । ਕੁਝ ਹਿੱਤ ਵਜੋਂ ਕੁਝ ਸਾਂਝ ਵਜੋਂ ਤਾਏ ਦੇ ਬਹੁਤੇ ਯਾਰ-ਬੇਲੀ ਢਾਡੀ ਸਿੰਘਾਂ ਨੂੰ ਵਿਚਕਾਰੋਂ ਸੁਨਣਾ ਛੱਡ ਕੇ ਕਣਕ ਗਾਉਣ ਵਾਲੀ ਮਸ਼ੀਨ ਲਾਗੇ ਆ ਖੜੇ ਹੋਏ ।
-‘ਤੂੰ ਤਾਂ ਅਸਲੋਂ ਈ ਨਿਰਮੋਹ ਜਿਆ ਹੋ ਗਿਐਂ ........’
-‘ਕਰਨੈਲੇ ਨੂੰ ਹੋਈ ਹੈਰਾਨੀ ਦਾ ਕਾਰਨ ਤਾਇਆ ਸੀ ਜਾਂ ਮਸ਼ੀਨ , ਸਾਰੀ ਟੋਲੀ ‘ਚੋਂ ਕੋਈ ਜਣਾ ਵੀ ਨਿਰਣਾ ਨਾ ਕਰ ਸਕਿਆ । ‘
ਤਾਇਆ ਬਿਨਾਂ ਕੋਈ ਉੱਤਰ ਦਿੱਤੇ, ਮਿੰਨ੍ਹਾਂ ਜਿਹਾ ਮੁਸਕਰਾਇਆ ਅਤੇ ਫਿਰ ਚੁੱਪ ਦਾ ਚੁੱਪ ਕੀਤਾ ਰਿਹਾ ।
-ਤਾਇਆ, ਨਲੀ ਚੋ ਡਲੈਵਰ ਕਿੱਥੇ ਆ ....? ‘ ਪੰਮੀ ਛੁਰਲੀ ਤੋਂ ਆਖਿਰ ਨਾ ਰਿਹਾ ਗਿਆ ।
-ਐਓਂ ਨਈਂ ਅਵਾ-ਤਵਾ ਬੋਲੀਦਾ ਗੁਰੂ-ਮ੍ਹਾਰਾਜ ਦੇ ਘਰ ਆ ਕੇ ....ਜੀਤ ਸਿਉਂ ਨੂੰ ਤਾਂ ਸੁੱਖ ਨਾ ਕਨੇਡੇ ਢੁੱਕੇ ਨੂੰ ਕਈ ਮ੍ਹੀਨੇ ਹੋ ਚੱਲੇ ਆ ‘- ਤਾਏ ਨੇ ਛੁਰਲੀ ਨੂੰ ਡਾਂਟਣ ਵਰਗੀ ਨਸੀਅਤ ਕਰਦਿਆਂ , ਟਰੈਕਟਰ ਦੀ ਹੁੱਕ ਤੇ ਧਰੀ ਕਣਕ ਦੀ ਬੋਰੀ ਧਰਮੂੰ ਮਜ਼੍ਹਬੀ ਦੀ ਪਿੱਠ ਲੁਆਈ ਅਤੇ ਗੁਰਦਵਾਰੇ ਚੜ੍ਹਾਉਣ ਲਈ ਟੱਬਰ ਦੇ ਬਾਕੀ ਜੀਆਂ ਸਮੇਤ ਟਹਿਲਦਾ ਅੰਦਰ ਚਲਾ ਗਿਆ ।
ਫਿਰ , ਕਿੰਨਾਂ ਹੀ ਚਿਰ ਕਿਸੇ ਨੇ ਉਸ ਨੂੰ ਕਈ ਸੰਗਰਾਦਾਂ ਗੁਰਦਵਾਰੇ ਆਉਂਦਾ ਨਾ ਦੇਖਿਆ ਤੇ ਨਾ ਹੀ ਪਿੰਡ ਦੇ ਸਾਂਝੇ ਕਾਰਾਂ-ਵਿਹਾਰਾਂ ਅੰਦਰ ਉਸ ਲੇ ਕੋਈ ਤਿੰਨ-ਪੰਜ ਕੀਤੀ , ਪਰ ਵਿਚ-ਵਿਚਾਲੇ ਜੁੜਦੀ ਥੜ੍ਹੇ ਦੀ ਸੱਥ ਉਸਦੀ ਚਰਚਾ ਜ਼ਰੂਰ ਛਿੜਦੀ ਰਹੀ।
-‘ਵੱਡਾ ਸਰਦਾਰ ਹਊ ਤਾਂ ਅਪਣੇ ਘਰ ਹਊ, ਤੁਸੀਂ ਉਹਤੋਂ ਛੋਲੇ ਮੰਗਣ ਜਾਣਾ......ਹਰ ਟੈਮ ਉਦ੍ਹੀਆਂ ਈ ਘੋੜੀਆਂ ਗਾਉਂਦੇ ਰਹਿਨੇ ਉਂ- ਬਾਰੀਏ ਬੰਸੂ ਦਾ ਹਿਰਖ ਪਿੱਪਲ ਉਪਰਲੀਆਂ ਟਾਹਣਾਂ ਜਾ ਛੋਂਹਦਾ । ’
-‘ਉਹਨੇ ਆਪਦੀ ਕਮਾਈ ਦਾ ਬਣਾਇਆ ਸੱਭ ਕੁਸ , ਕਿਸੇ ਨੂੰ ਕਾਹਣੀ ਪੀੜ ਐ - ’ ਤਾਏ ਤੇ ਵਰ੍ਹਦੀ ਅੱਗ ਦਾ ਜਵਾਬ ਉਸਦਾ ਹਮੈਤੀ ਦਿੰਦਾ ਜਾਂ ਕੋਈ ਸੂਝਵਾਨ ਬਿਰਧ ।
-‘ਨਾ ਕੀ .....ਡੋਰਿਆਂ ਆਲਿਆਂ ਦੀ ਕਣਕ ਹੋਣੀ ਐਂ ਮੁਲੈਮ ਤੇ ਉਹਦੀ ਮਸ਼ੀਨ ਅੰਦਰੋਂ ਦੀ ਲੰਘਦੀ ਹੋਣੀ ਐਂ ਸੌਖੀ , ਤੇ ਸਾਡੀ ਦੇ ਚੁਭਦੇ ਹੋਣੇ ਆ ਕਸਾਰ , ਨਾ....ਕੀ ’ –ਮੇਹਰੂ-ਉਟਨੱਟ ਸਿੱਧੀ ਟਕੋਰ ਮਾਰਦਾ ।
-‘ਅਮਲੀ ਸਿਆਂ, ਤੇਰੇ ਗੋਡਿਆਂ ਦੀ ਗਰੀਸ ਬੀ ਡੇਰੇ ਆਲਿਆਂ ਈ ਚੱਟੀ ਆ ਸਾਰੀ , ਘਰੇ ਤਾਂ ਭੋਰਾ ਨੀ ਲਾਈ ਤੈਂ ਬੀਂ ਬਾਈ ਮਲੂਕਾ ਸੂੰਹ ਵੀ ਉਸ ਨੂੰ ਸਾਵਾਂ ਹੋ ਕੇ ਟੱਕਰਦਾ । ’
ਤਾਏ ਬਾਰੇ ਚਲਦੀ ਉੱਚੀ-ਨੀਵੀਂ ਵਾਰਤਾ, ਕਦੀ ਹਾਸੇ –ਠੱਠੇ ਅੰਦਰ ਮੁੱਕ ਜਾਂਦੀ , ਕਦੀ ਉੱਚੇ ਨੀਵੇਂ ਬੋਲ-ਕਬੋਲਾਂਅੰਦਰ । ਪਿੰਡ ਦੇ ਗੁਰਦਵਾਰੇ ਤੋਂ ਮੁੱਖ ਮੋੜ ਕੇ ਜਦ ਤੋਂ ਤਾਏ ਦੀ ਸਾਂਝ ਡੇਰਿਆਂ-ਵਾਲੀਆਂ ਨਾਲ ਜੁੜ ਗਈ ਸੀ , ਉਦੋਂ ਤੋਂ ਹੀ ਉਹਨਾਂ ਵਿਚਕਾਰ ਨਿੱਤ ਨਵੇਂ ਹੁੰਦੇ ਲੜਾਈ ਝਗੜੇ ਤੋਂ ਹਰ ਕੋਈ ਫਿਕਰ-ਮੰਦ ਸੀ । ਕਨੇਡੇ ਤੋਂ ਆਈ ਜੀਤੇ ਦੀ ਪਹਿਲੀ ਤਨਖਾਹ ਦਾ ਦਸਵੰਧ ਵੀ ਤਾਏ ਨੇ ਦੋਨਾਂ ਡੇਰਿਆਂ ਵਿਚਕਾਰ ਅੱਧਾ-ਅੱਧਾ ਵੰਡ ਦਿੱਤਾ ਸੀ । ਪੁਰਬਾਂ-ਤਿਉਹਾਰਾਂ ਉੱਤੇ ਚੜ੍ਹਾਵਾ ਬਨਣ ਵਾਲੀ ਦਾਣਿਆਂ ਦੀ ਬੋਰੀ ਵੀ ਹੁਣ ਕਦੀ ਉਦਾਸੀਆਂ ਦੇ ਡੇਰੇ ਪਹੁੰਚਦੀ ਸੀ , ਕਦੀ ਕੰਨ-ਪਾਟੇ ਨਾਥਾਂ ਦੇ ਮੰਦਰ । ਪਰ , ਉਸ ਦਿਨ ਤਾਂ ਸਾਰੀ ਦੀ ਸਾਰੀ ਸੱਥ ਨੂੰ ਜਿਵੇਂ ਹੌਲ ਜਿਹਾ ਹੀ ਪੈ ਗਿਆ ਹੋਵੇ , ਜਿਸ ਦਿਨ ਪੰਮੀ-ਛੁਰਲੀ ਨੇ ਕੰਨ-ਪਾਟਿਆਂ ਦੇ ਤਾਏ ਕਿਆਂ ਨੂੰ ਬੈਅ ਹੋਏ ਤਿੰਨਾਂ ਖੇਤਾਂ ਦੀ ਧੁਸਕ ਪਤਾ ਨਹੀਂ ਕਿਧਰੋਂ ਕੱਢ ਲਿਆਂਦੀ ਸੀ ।
ਕਿਸਾਨੀ ਮੰਗਾਂ ਲਈ ਛਿੜੀ ਲੰਮੀ ਲੜਾਈ ਅੰਦਰ ਦਿਨ ਰਾਤ ਨੱਠ-ਭੱਜ ਕਰਦੇ ਬੰਤਾ-ਸੂੰਹ ਕਾਮਰੇਡ ਦੇ ਕੰਨਾਂ ਤੱਕ ਵੀ ਕਿਸੇ ਨੇ ਸੰਤਾ ਸੂੰਹ ਦੀ ‘ਸ਼ਕੈਤ ’ ਪੁਜਦੀ ਕਰ ਦਿੱਤੀ । ਚਿੰਤਾ-ਚਿਖਾ ਅੰਦਰ ਡੁੱਬਿਆ ਹਨੇਰੇ ਪਏ ਇਕ ਸ਼ਾਮੀਂ ਉਹ ਬਾਹਰੋਂ-ਬਾਹਰ ਮੁਰੱਬੇ ਅੰਦਰਲੇ ਡੇਰੇ ਆਇਆ ਤੇ ਸਾਰੀ ਰਾਤ ਸੰਤਾ ਸੂੰਹ ਨੂੰ ਕਈ ਕੁਝ ਸਮਝਾ-ਬੁਝਾ ਕੇ ਤੜਕਸਾਰ ਅਪਣੇ ‘ਮੋਰਚੇ ’ ਤੇ ਪਰਤ ਗਿਆ । ਅਗਲੇ ਹੀ ਦਿਨ ਤਾਏ ਨੇ ਇਕ ਲੰਮੀ ਚੌੜੀ ਚਿੱਠੀ ਜੀਤੇ ਨੂੰ ਲਿਖ ਭੇਜੀ , ਜਿਸ ਵਿੱਚ ਦੋਨਾਂ ਡੇਰਿਆਂ ਵਿਚਕਾਰ ਕਈ ਵਾਰ ਹੋਏ ਡਾਂਗ-ਸੋਟੇ ਲਈ ਉਸ ਨੇ ਅਪਣੇ ਆਪ ਨੂੰ ਵੀ ਓਨਾਂ ਹੀ ਦੋਸ਼ੀ ਗਰਦਾਨਿਆ ,ਜਿੰਨਾਂ ਸੱਤ ਸਮੁੰਦਰੋਂ ਪਾਰ ਬੈਠੇ ਜੀਤੇ ਨੂੰ । ਉਸ ਨੇ ਪਿਛਲੀ ਰਾਤ ਬੰਤਾ ਸੂੰਹ ਨਾਲ ਹੋਈ ਸਾਰੀ ਗੱਲ-ਬਾਤ ਬੇਧੜਕ ਹੋ ਕੇ ਲਿਖ ਸੁਣਾਈ ਤੇ ਅਗਾਂਹ ਤੋਂ ਡੇਰਿਆਂ ਦੀ ਜ਼ਮੀਨ ਹਥਿਆਉਣ ਲਈ ਘੜੀਆਂ ਸਾਰੀਆਂ ਸਕੀਮਾਂ ਵਾਪਸ ਜੀਤੇ ਨੂੰ ਮੋੜ ਭੇਜੀਆਂ ।
ਉਹ ਪਿੱਛੋਂ ਤਾਏ ਦੀ ਸਾਰੀ ਵਿਹਲ ਮੁੜ ਪਿੱਪਲ ਦੇ ਥੜ੍ਹੇ ਨਾਲ ਆ ਜੁੜੀ ਅਤੇ ਉਸਦਾ ਹਾਸਾ-ਠੱਠਾ ਹਾਣ ਪ੍ਰਵਾਣ ਦੇ ਵਿਹੜਿਆਂ ਦੇ ਪੁਰਬਾਂ ਸੰਗਰਾਦਾਂ ਦੇ ਜੋੜ ਮੇਲਿਆਂ ਨਾਲ, ਪਰ ਉਸ ਨੂੰ ਜਾਪਿਆ ਕਿ ਇਹਨਾਂ ਅੰਦਰੋਂ ਪਹਿਲੋਂ ਵਰਗੀ ਕੋਮਲਤਾ ਜਿਵੇਂ ਕਿਧਰੇ ਪਰ ਲਾ ਕੇ ਉੱਡ ਗਈ ਹੋਵੇ । ਹੁਣ ਕਿਸੇ ਇਕ ਦੀ ਮਸ਼ਕਰੀ ਦੂਜੇ ਨੂੰ ਸੂਲ ਵਾਂਗ ਚੁਭਦੀ ਸੀ, ਕਿਸੇ ਦੂਜੇ ਦੀ ਚੂੰਡੀ ਤੀਜੇ ਤੇ ਮੱਥੇ ਤੇ ਤਿਊੜੀ ਬਣ ਕੇ ਉਭਰਦੀ ਸੀ । ਮੱਸਿਆ-ਸੰਗਰਾਂਦੇ ਗੁਰਦਵਾਰੇ ਹੁੰਦਾ ਇਕੱਠ ਵੀ ਕਈ ਵਾਰ ਤੂੰ-ਤੂੰ ਮੈਂ-ਮੈਂ ਅੰਦਰ ਬਦਲ ਜਾਂਦਾ ।
-ਸੰਗਤੋ ਗੁਰੂ ਕੇ ਬਣੋ, ਵੈਰ-ਵਿਰੋਧ ਤਿਆਗੋ, ਕਲ ਮੂੰਹੇਂ ਕਾਮ-ਕਰੋਧ ਤੋਂ ਬਚੋ...ਧਰ ਕੀ ਬਾਣੀ ਆਈ ਜਿੰਨ ਸਗਲੀ ਚਿੰਤ ਮਿਟਾਈ ਦਾ ਪੱਲਾ ਫੜੋ , ਗੁਰਮੁਖੋ-ਭੋਗ ਦਾ ਪ੍ਰਸ਼ਾਦ ਵੰਡਦਾ ਭਾਈ ਮਹਿਮਾ ਸੂੰਹ , ਗੁਰੂ-ਘਰ ਪਹੁੰਚੇ ਹਰ ਮਾਈ ਭਾਈ ਨੂੰ ਭਵ-ਸਾਗਰ ਤੋਂ ਪਾਰ ਲੰਘਣ ਦੇ ਫਾਰਮੂਲੇ ਸਮਝਾਉਂਦਾ ਰਹਿੰਦਾ , ਪਰ ਮਹੀਨਾ ਸੁਨਣ ਆਈ ਸੰਗਤ ਕੰਨ-ਪਾਟੇ ਨਾਥਾਂ ਤੇ ਉਦਾਸੀਆਂ ਵਿਚਕਾਰ ਹੋਏ ਕਿਸੇ ਨਵੇਂ ਝਗੜੇ-ਝੋੜੇ ਨੂੰ ਉੱਚਾ –ਨੀਵਾਂ ਉਭਾਰਦੀ ਬੋਲ-ਬੁਲਾਰਾ ਪਾਈ ਰੱਖਦੀ ।
-ਹੈਨਾਂ ਸਾਧਾਂ ਦੀ ਭਲਾ ਕਾਹਤੋਂ ਮੱਤ ਮਾਰੀ ਗਈ ਪਈ ਉਨ੍ਹਾਂ ਦੇ ਚਲਦੇ ਭੰਡਾਰੇ ‘ਚ ਇਨ੍ਹਾਂ ਖਾਹਮਖਾਹ ਜਾ ਬੁਲਬਲੀ ਮਾਰੀ – ਭਾਈ ਕਿਆਂ ਦਾ ਬੁੱਢਾ ਮੀਹਾਂ ਸੂੰਹ ਢਿਲਕਦੀਆਂ ਐਨਕਾਂ ਦੀਆਂ ਡੋਰਾਂ ਕਸਦਾ ਹਿਰਖ ਛਾਂਟਣ ਵਰਗਾ ਗਿਲਾ ਕਰਦਾ ।
-“ਤੈਨੂੰ ਕੀਨੇ ਕਿਹਾ ਬੁੜਿਆ , ਬੁਲਬਲੀ ਇਨ੍ਹਾਂ ਮਾਰੀ ਆ ਪਹਿਲਾਂ ”- ਕੌਂਕਿਆਂ ਦਾ ਪਾਲਾ ਜਾਂ ਵਿਰਕਾਂ ਦਾ ਕਾਕੂ , ਥਿੰਦੇ ਹੱਥ ਮੁਸਫੁੱਟੀ ਦਾਅੜ੍ਹੀ ਤੇਤ ਫੇਰਦਾ , ਤੜੀ ਦੇਣ ਵਰਗਾ ਉੱਤਰ ਦਿੰਦਾ ।
ਉਸ ਦਿਨ ਤਾਂ ਭਾਵੇਂ ਚਲੋ-ਛੱਡੋ , ਚਲੋ-ਛੱਡੋ ਕਰਕੇ ਇਕ ਦੂਜੇ ਨੂੰ ਚੁੱਪ ਕਰਾਉਂਦੇ , ਸਾਰੇ ਆਪਣੇ-ਆਪਣੇ ਘਰੀਂ ਚਲੇ ਜਾਂਦੇ , ਪਰ ਉਦਾਸ-ਚਿੱਤ ਤਾਇਆ ਸਹਿਜੇ –ਸਹਿਜੇ ਪੈਰ ਘਸੀਟਦਾ ਮੁੜ ਥੜ੍ਹੇ ਦੀ ਬੰਨੀਂ ਤੇ ਜਾ ਬੈਠਾ ।
-‘ਮਖਿਆ......ਸਾਧਣੀਆਂ ਦੇ ਭੋਰਿਆਂ ‘ਚ ਮੱਖੀ-ਮੱਛਰ ਤੋਂ ਬੜਾ ‘ਰਮਾਨ ਹੋਣਾ ’,ਭਾਈ-ਨੰਗੇ ਢਿੱਡ ਨੂੰ ਪੱਖੀ ਝਲਦੇ , ਡੂੰਘੀਆਂ ਸੋਚਾਂ ਅੰਦਰ ਡੁੱਬੇ ਤਾਏ ਨੂੰ ਲਾਗੋ ਲੰਘਦੀ ਭਾਈਆਂ ਕੀ ਜੱਟੋ ਨੇ ਇਕ ਦਿਨ ਪੁਰਾਣੀ ਸਾਂਝ ਦਾ ਚੇਤਾ ਕਰਾਉਣ ਵਗਰੀ ਟਕੋਰ ਕੀਤੀ ।
ਅੱਧ-ਮੀਚੀਆਂ ਅੱਖਾਂ ਨੂੰ ਪੱਖੀ ਦੀ ਛਾਂ ਕਰਕੇ ਫੌਜੀ ਸੁਭਾ ਦਾ ਚੋਂਦਾ ਜਿਹਾ ਉੱਤਰ , ਉਹ ਛੋਟੀ ਵੀਹੀ ਵੱਲ ਨੂੰ ਲੰਘਦੀ ਜੱਟੋ ਦੀ ਪੈੜ ਪਿੱਛੇ ਰੇੜ੍ਹਨ ਹੀ ਲੱਗਾ ਸੀ ਕਿ ਪਿਛਵਾੜਿਉਂ ਆਈ ਕਿਸੇ ਹਲਕੀ ਜਿਹੀ ਘੂਕਰ ਨੇ ਉਹਦੀ ਇਕਾਗਰ ਹੋਈ ਸਾਰੀ ਬਿਰਤੀ ਥੜ੍ਹੇ ਤੇ ਖਿੱਲਰੇ ਪੱਤਿਟਾਂ ਵਾਂਗ ਖੇਰੂੰ-ਖੇਰੂੰ ਕਰ ਮਾਰੀ । ਸ਼ਿਵ-ਦੁਆਲੇ ਦਾ ਮੋੜ ਮੁੜ ਕੇ ਪਿੱਪਲ ਵੱਲ ਨੂੰ ਆਉਂਦੀ ਇਕ ਸਲੇਟੀ ਰੰਗੀ ਕਾਰ ਥੜ੍ਹੇ ਕੋਲੋਂ ਦੀ ਲੰਘਦੀ ਥੋੜ੍ਹਾ ਅਗਾਂਹ ਜਾ ਕੇ ਹਿਟਕੋਰਾ ਜਿਹਾ ਮਾਰ ਕੇ ਰੁੱਕ ਗਈ । ਸੱਜੇ ਹੱਥ ਦੀ ਪਿੱਛਲੀ ਖਿੜਕੀ ਖੋਲ੍ਹ ਕੇ ਇਕ ਭਰ-ਜੁਆਨ ਆਕਾਰ ਬੜੇ ਸਹਿਜ-ਧੀਰਜ ਨਾਲ ਕਾਰ ਅੰਦਰੋਂ ਬਾਹਰ ਨਿਕਲਿਆ ਤੇ ਕਿਸੇ ਮਹਾਂ-ਰਿਸ਼ੀ ਵਾਂਗ ਮਟਕ-ਮਟਕ ਤੁਰਦਾ ਤਾਏ ਦੇ ਐਨ ਲਾਗੇ ਆ ਕੇ ਰੁਕ ਗਿਆ-ਗੁਲਾਬੀ ਭਾਅ ਮਾਰਦਾ ਰੋਹਬਦਾਰ ਚਿਹਰਾ ਸ਼ਾਹ ਕਾਲੇ ਭਰਵੱਟੇ, ਚੌੜਾ ਚਮਕਦਾਰ ਮੱਥਾ, ਉਪਰ ਚਿੱਟੀ ਪੋਚਵੀਂ ਤਹਿਦਾਰ ਪੱਗੜੀ, ਗਲੇ ਅੰਦਰ ਦੋਹਰੀ ਲਮਕਦੀ ਸਾਂਵਲੇ-ਸੁਨਹਿਰੀ ਰੰਗ ਦੀ ਮਾਲਾ,ਇਕ ਹੱਥ ਫੜੀ ਅਖਰੋਟ ਦੀ ਖੂੰਟੀ ਵਰਗੀ ਵਲੇਮੇਦਾਰ ਸੋਟੀ , ਜੋ ਤਾਏ ਨੂੰ ਫਤੇਹ ਬਲਾਉਣ ਲਈ ਜੁੜੇ ਦੋਨਾਂ ਹੱਥਾਂ ਵਿਚਕਾਰ ਨਾਗ ਵਾਂਗ ਲਮਕ ਗਈ ।
ਬੋਲ ਪਛਾਣ ਕੇ ਤਾਇਆ ਅੱਬੜਵਾਹੇ ਉਠਿਆ ਤੇ ਜੀਤ ਸੂੰਹ ਦੀ ਕੰਡ ਥਾਪੜਦਿਆਂ ਸਾਅ-ਸਰੀ-ਕਾਲ ਬੁਲਾਈ ।
-‘ਮਖ ਜੀਤਾ ਸਿਆਂ ,ਭੈੜਿਆ ਕੋਈ ਚਿੱਠੀ-ਚਪੱਠੀ ਈ ਪਾ ਦੇਣੀ ਸੀ, ਮੀਤਾ ਟੇਸ਼ਣੋਂ ਲੈ ਆਉਂਦਾ ਤੈਨੂੰ.......।’
-‘ਟੈਮ ਜਿਹਾ ਨਈਂ ਲੱਗਾ ਤਾਇਆ ਜੀਓ । ਬੱਸ ਨਿਰੰਕਾਰ ਦਾ ਹੁਕਮ ਆਇਆ ਤੇ ਅਸਾਂ ਚਾਲੇ ਪਾ ਦਿੱਤੇ ਇੰਡੀਆਂ ਨੂੰ .....।’
-‘ਐਹੋ ਜਿਆ ਹੁਕਮ ਤਾਂ ਫੌਜੀਆਂ ਨੂੰ ਮਿਲਦਾ ਹੁੰਦਾ ਜੇ ਕਿਤੇ ਦੁਸ਼ਮਣ ਦੇ ਕੰਮਾਂ ‘ਚ ਹਫੜਾ-ਦਫੜੀ ਮਚਾਉਣੀ ਹੋਵੇ । ....ਤੂੰ ਤਾਂ ਸੁੱਖ-ਨਾ ਆਪਣੇ ਘਰ ਮੁੜਨਾ ਸੀ ਪਰਦੋਸੋਂ ’- ਆਖਦਾ ਤਾਇਆ ਥੜ੍ਹੇ ਨੂੰ ਸੁੰਨਾ ਛੱਡ ਕੇ ਕਾਰ ਦੀਆਂ ਲੀਹਾਂ ਮਧੋਲਦਾ ਘਰ ਵੱਲ ਨੂੰ ਤੁਰ ਪਿਆ ।ਕੌਂਕਿਆਂ ਦੀ ਹਵੇਲੀ ਮੂਹਰੇ ਰੁਕੀ ਖਾਲੀ ਕਾਰ ਕੋਲੋਂ ਦੀ ਸੰਭਲ ਕੇ ਲੰਘਦਾ, ਉਹ ਘਰ ਨੂੰ ਜਾਂਦੀ ਲੰਮੀ ਗਲੀ ਵੱਲ ਨੂੰ ਜਾਣ ਹੀ ਲੱਗਾ ਸੀ ਕਿ ਜਾਮਣ-ਵਿਹੜੇ ਦੇ ਸਾਰੇ ਜੀਆਂ ਨੂੰ ਆਪਣੇ ਘਰ ਦੀਆਂ ਬਰੂਹਾਂ ਮੱਲੀ ਖੜੇ ਦੇਖ ਕੇ ਫਿਰ ਪਿਛਾਂਹ ਪਰਤ ਆਇਆ । ਚੜ੍ਹਦੇ ਜੇਠ ਦੀ ਕੜਕਵੀਂ ਧੁੱਪ ਨੰਗੀ ਪਿੰਡ ਤੇ ਲਿਸ਼ਕਾਉਂਦਾ ਉਹ ਮੁੜਦੇ ਪੈਰੀਂ ਫਿਰ ਥੜ੍ਹੇ ਤੇ ਆ ਟਿਕਿਆ ।
-‘ਨਾ ਕੀ.....ਤਾਇਆ ਵਧਾਈਆਂ ’-ਰਮਾ-ਰਮੀਂ ਤੁਰੇ ਆਏ ਮੇਹਰੂ-ਉਟਨੱਟ ਨੇ ਉਸ ਦੇ ਐਨ ਲਾਗੇ ਢੁੱਕ ਕੇ ਬੈਠਦਿਆਂ ਮੁਸਕੜੀ ਜਿਹੀ ਮਾਰੀ ।
-‘ਕਾਦੀਆਂ ਓਏ.......? ’
-‘ਮੇਮ ਦੀਆਂ .....ਨਾ ਕੀ । ’
-‘ਕੇੜ੍ਹੀ ਮੇਮ ਦੀਆਂ .....?’
-ਕਿੱਡਾ ਮਚਲਾ ਬਣਦਾ, ਨਾ ਕੀ .....ਆਹ ਗਈ ਨੀ ਹੁਣ , ਪੈਰੀਂ ਹੱਥ ਲਾ ਕੇ ਤੇਰੇ ....ਨਾ ਕੀ ।‘
-‘ਦੁਰ-ਫਿੱਟੇ ਮੂੰਹ ਤੇਰੇ ਜੰਮਣ ਦੇ ......ਫੁੱਟ-ਫੁਟ ਲੰਮੀ ਦਾਅੜੀ ਆ ਮੇਰੇ ਪੁੱਤ ਦੀ, ਤੈਨੂੰ ਉਹ ਮੇਮ ਦੀਹਦੀ ਆ ...ਕੰਜਰਾ । ’
-‘ਓਏ ਨਈਂ ਤਾਇਆ ......ਉਹ ਵੀ ਉਦ੍ਹੇ ਨਾਲ ਈ ਉਤਰੀ ਆ ਮੋਟਰ ’ਚੋਂ...... ਨਾ ਕੀ , ਰੋਡੀ ਸਾਧਣੀ ਅਰਗਾ ਮੁੰਨਿਆ ਸਰਿ , ਗੋਡਿਆਂ ਤੱਕ ਨੰਗੀਆਂ ਲੱਤਾਂ, ਬਾਹਾਂ ਤੇ ਧਰਮ-ਨਾ ਲੀਕ ਜਿੰਨੀ ਟਾਕੀ ਨਈਂ । ਹੋਰ ਤਾਂ ਹੋਰ , ਧੌਣ ਹੇਠਲਾ ਉਚਾ-ਨੀਮਾਂ ਚਿੱਟਾ ਚੰਮ ਸਾਰੇ ਦਾ ਸਾਰਾ ਅਲਫ਼-ਨੰਗਾ , ਸੌਂਹ ਗੁਰੂ ਦੀ , ਸ਼ਰਮ-ਹਯਾ ਆਲਾ ਬੰਦਾ ਤਾਂ ਊਈਂ ਗਸ਼ ਖਾ ਕੇ ਡਿੱਞ ਪਏ .....ਨਾ ਕੀ । ਮੈਂ ਆਹਨਾਂ ਤੂੰ ਜ਼ਰਾ ਤਕੜਾ ਰਹਿ ਕੇ ਪਿਆਰ-ਸ਼ਿਆਰ ਦਈ , ਕਿਤੇ ਉਹੋ ਈ ਗੱਲ ਨਾ ਹੋਵੇ , ਨਾ ਕੀ.....।‘
-‘’ਅੱਛਾ...ਅੱਛਾ, ਢੱਕਿਆ ਰੌਹ , ਬੱਸ ਬੀ ਕਰ ਹੁਣ ‘ , - ਤਾਏ ਨੇ ਮੇਹਰੂ ਨੂੰ ਤਾਂ ਵਿਚਕਾਰੋਂ ਟੋਕਰਿਆਂ ਓਪਰਾ ਜਿਹਾ ਦਬਾਕਾ ਦੇ ਮਾਰਿਆ , ਪਰ ਉਸ ਦੇ ਆਪਣੇ ਅੰਦਰ ਇਕ ਅਜੀਬ ਤਰ੍ਹਾਂ ਦੀ ਹਲ-ਚਲ ਮੱਚ ਗਈ । ਕਦੀ ਉਸ ਦੀਆਂ ਅੱਖਾਂ ਸਾਹਮਣੇ ਜੀਤੇ ਦੀ ਅੱਠ-ਸੱਤ ਵਰ੍ਹੇ ਪਹਿਲਾਂ ਵਾਲੀ ਕੁਤਰੀ ਦਾਅੜੀ , ਹਿੱਧੀ ਕੱਟ ਜਟੂਰੀਆਂ ਤੇ ਫਸਵੀਂ ਜੀਨ ਦੀ ਪਤਲੂਣ ਆ ਖੜੀ ਹੁੰਦੀ ਅਤੇ ਕਦੀ ਖੁਲ੍ਹੀ ਲਮਕਮੀਂ ਸੰਘਣੀ ਦਾਅੜੀ ਤੇ ਤਹਿਦਾਰ ਪੋਚਵੀਂ ਪੱਗੜੀ । ਪਰ ,ਇਹਨਾਂ ਦੋਨਾਂ ਵਿਚਕਾਰ ਮੇਹਰੂ-ਉਟਨੱਟ ਦੀ ਦੱਸੀ ਲੰਮੇ ਉਚੇ ਕੱਦ ਦੀ ਅੱਧ-ਨੰਗੀ ਮੇਮ ,ਉਸ ਦੀਆਂ ਤਣੀਆਂ ਭਵਾਂ ਸਾਹਮਣੇ ਅਡੋਲ ਖੜੀ ਓਨਾਂ ਚਿਰ ਦਿਸਦੀ ਰਹੀ ,ਜਦ ਤੱਦ ਥੜ੍ਹੇ ਤੇ ਬਹਿੰਦੀ ਸਾਰੀ ਢਾਣੀ ਨੇ ਉਸ ਦੁਆਲੇ ਰੋਜ਼ ਵਾਂਗ ਧਮੱਚੜ ਨਾ ਆ ਪਾਇਆ । ਉਸ ਦਿਨ ਸੱਚ-ਮੁੱਚ ਹੀ ਹਰ ਕਿਸੇ ਨੂੰ ਚਿੱਤ ਕਰਨ ਵਾਲਾ ਤਾਇਆ , ਮੇਹਰੂ-ਉਟਨੱਟ ਦੀ ਸ਼ਰਾਰਤ ਸਦਕਾ ਆਪ ਠਿੱਠ ਹੋ ਗਿਆ ਸੀ । ਕਈ ਦਿਨਾਂ ਲਗਾਤਾਰ ਬਾਈ ਮਲੂਕਾ , ਪੰਮੀ ਛੁਰਲੀ , ਬਾਗਾ ਜੱਫਲ , ਹਾਣੀ ਕਰਨੈਲਾ , ਬਾਰੀਆਂ ਬੰਸਾ , ਮੱਖਾ ਗੁਟਕੂੰ , ਫੁੰਮਣ-ਸ਼ਾਹਕੋਟੀ ਤਾਏ ਦੇ ਘਰ ਉਤਰੀ ‘ਮੇਮ ’ ਦੇ ਚਸਕੇ ਲੈਂਦੇ ਰਹੇ । ਘਰੋਂ ਬਾਹਰ ਨਿਕਲਦੇ ਜੀਤਾ ਸੂੰਹ ਚੁੱਪ-ਚਾਪ ਟਹਿਲਦਾ ਕਦੀ ਉਦ ਸਾਧੜਾ ਆਖਦੇ , ਕਦੀ ‘ਮੇਮ-ਸਾਬ੍ਹ ’ । ਪਰ ਜੀਤਾ ਸੂੰਹ ਚੁੱਪ-ਚਾਪ ਟਹਿਲਦਾ ਕਦੀ ਉਦਾਸੀਆਂ ਵੱਲ ਨੂੰ ਨਿਕਲ ਜਾਂਦਾ ਕਦੀ ਕੰਨ-ਪਾਟੇ ਨਾਥਾਂ ਵੱਲ । ਥੜ੍ਹੇ ਦੀ ਜੁੰਡਲੀ ਵਿਚਕਾਰ ਘਿਰਿਆ ਤਾਇਆ ਸਾਰਾ ਸਮਾਂ ਹਾਸਾ-ਠੱਠਾ ਆਮ ਕਰਕੇ ਖਿੜੇ ਮੱਥੇ ਝਲਦਾ , ਪਰ ਕਦੀ ਕਦਾਈਂ ਬੈਠਾ ਬੈਠਾ ਉਹ ਅਜਿਹੇ ਡੂੰਘੇ ਸਮੁੰਦਰ ਅੰਦਰ ਲਹਿ ਜਾਂਦਾ , ਜਿਸ ਦੀ ਸਮਝ ਉਸਦੇ ਹਾਣੀ ਕਰਨੈਲੇ ਤੋਂ ਬਿਨਾਂ ਕਿਸੇ ਨੂੰ ਨਾ ਪੈਂਦੀ । ਉਸ ਦਿਨ ਬਾਕੀ ਸਾਰੇ ਆਨੇ-ਬਹਾਨੇ ਥੜ੍ਹੇ ਤੋਂ ਖਿਸਕਣ ਦੀ ਕਰਦੇ , ਪਰ ਕਰਨੈਲਾ ਤਾਏ ਨੂੰ ਲੱਗੀ ਚਿੰਤਾ ਦਾ ਕਾਰਨ ਪੁੱਛਣ ਦੀ ਜ਼ਿਦ ਕਰਦਾ ਰਹਿੰਦਾ ।
ਆਖਿਰ ਇਕ ਦਿਨ ਤਾਏ ਦੀ ਉਦਾਸੀ ਦਾ ਭੇਤ, ਪਿੰਡੇ ਸਾੜਦੀ ਪੱਛੋਂ ਵਾਂਗ ਪਿੰਡ ਦੀ ਸਾਰੀ ਜੂਹ ਅੰਦਰ ਖਿੱਲਰ ਗਿਆ । ਕਿਸੇ ਪੈਲੀ-ਬੰਨੇ ਦੀ ਢਾਅ-ਭੰਨ ਅੰਦਰ ਉਦਾਸੀਆਂ ਨੇ ਕੰਨ-ਪਾਟਿਆਂ ਦੇ ਦੋ ਨਾਥ ਝਟਕਾ ਮਾਰੇ । ਤੁਰਦਿਆਂ ਗੱਲਾਂ ਵਿੱਚ ਤਾਏ ਦਾ ਨਾਂ ਪੂਰੀ ਤਰ੍ਹਾਂ ਘਸੀਟ ਹੁੰਦਾ ਸੁਣ ਕੇ ,ਥੜੇ ਦੀ ਸਾਰੀ ਮੁੰਡੀਰ ਵਿੱਚੋਂ ਕਿਸੇ ਨੇ ਵੀ ਖੁਲ੍ਹ ਕੇ ਉਸ ਨਾਲ ਗੱਲ ਨਾ ਤੋਰੀ । ਨਿਮੋਝੂਣਾ ਹੋਇਆ , ਉਹ ਪਿੱਪਲ ਹੇਠੋਂ ਉਠ , ਘਰ ਜਾਣ ਦੀ ਬਜਾਏ ਸਿੱਧਾ ਮੁਰੱਬੇ ਪਹੁੰਚ ਗਿਆ । ਰਾਤ ਦੀ ਰੋਟੀ ਮੀਤੇ ਨੇ ਡੇਰੇ ਪੁਜਦੀ ਕਰ ਦਿੱਤੀ ਜਿਹੜੀ ਉਵੇਂ ਦੀ ਉਵੇਂ ਬੱਝੀ ਬਾਹਰਲੀ ਕੰਧ ਦੀ ਕੀਲੀ ਨਾਲ ਲਟਕਦੀ ਕੀੜੀਆਂ ਦਾ ਆਹਰ-ਪਾਹਰ ਬਣੀ ਰਹੀ ।
ਪਲੱਸਟਰ ਕੀਤੇ ਬਰਾਂਡੇ ਅੰਦਰ ਲੱਗੇ ਛੱਤ ਪੱਖੇ ਹੇਠੋਂ ਮੰਜੀ ਘਸੀਟ ਕੇ ਉਸਨੇ ਗੇੜੀ ਦੀ ਪੈੜ ਵਿਚਕਾਰ ਕਰ ਲਈ ਤੇ ਗਈ ਰਾਤ ਤੱਕ ਬੈਚੇਨ ਹੋਇਆ ਪਲਸੇਟੇ ਮਾਰਦਾ ਰਿਹਾ । ਖੁਰਲੀ ਲਾਗਲੇ ਪੱਕੇ ਫਰਸ਼ ਤੇ ਅਲਸਾਏ ਪਏ ਜੁਗਾਲੀ ਕਰਕੇ ਡੰਗਰਾਂ ਵੱਲ ਦੇਖਦੇ ਨੂੰ ਪਤਾ ਤੱਕ ਨਾ ਲੱਗਾ ਕਿ ਕਦੋਂ ਉਸ ਨੂੰ ਹਲਕੀ ਜਿਹੀ ਝੋਕ ਆ ਗਈ । ਉਸ ਨੂੰ ਜਾਪਿਆ ਕਿ ...’ਉਹ ਫੌਜੀ ਵਰਦੀ ਕੱਸੀ ਕਿਸੇ ਪਰੇਡ ਲਈ ਤਿਆਰ ਹੋਇਆ ਖੜਾ ਹੈ । ਝੱਟ ਪੱਟ ਉਸ ਨੇ ਆਪਣੀ ਪੱਕੀ ਬੰਦੂਕ ਖੱਬੇ ਮੋਢੇ ਨਾਲ ਲਟਕਾਈ ਹੈ । ਸਾਵਧਾਨ ਕੀਤੀ ਧੌਣ ਨੂੰ ਹਲਕਾ ਜਿਹਾ ਝਟਕਾ ਦੇ ਕੇ ਉਸ ਨੇ ਬੰਦੂਕ ਦੀ ਬੂਬਣੀ ਨਾਲ ਜੁੜੀ ਸੰਗੀਨ ਵਾਚੀ ਹੈ ।ਪਰ , ਆਪਣੀ ਥਾਂ ਤੋਂ ਸੰਗੀਨ ਗਾਇਬ ਹੋਈ ਦੇਖ ਕੇ ਉਹ ਥੋੜਾ ਤਲਮਲਾ ਜਾਂਦਾ ਹੈ । ....ਅਗਲੇ ਹੀ ਪਲ ਸੰਗੀਤ ਉਸ ਨੂੰ ਆਪਣੇ ਸੱਜੇ ਕੰਨ ਲਾਗੇ ਜੁੜੀ ਲਭਦੀ ਹੈ ਤੇ ਬੰਦੂਕ ਦੀ ਬੈਰਿਲ ਖੱਬੇ ਕੰਨ ਲਾਗੇ । ਇਕੱਲਾ ਬੱਟੇ ਦੋਨਾਂ ਹੱਥਾਂ ਵਿਚ ਸਾਂਭੀ ਉਹ ਮਾਰਚ ਕਰਨ ਲਈ ਹਾਲੀ ਇਕ ਉਲਾਂਘ ਹੀ ਅੱਗੇ ਪੁੱਟਦਾ ਹੈ ਕਿ ਇਕ ਪਾਸਿਓਂ ਉਸ ਨੂੰ ਉਦਾਸੀ ਸਾਧ ਆਉਂਦਾ ਦਿਖਾਈ ਦਿੰਦਾ ਹੈ ਅਤੇ ਦੂਜੇ ਪਾਸਿਓਂ ਕੰਨ-ਪਾਟਾ ਨਾਥ । ਇਕਾ-ਇਕ ਉਸ ਦੇ ਕੰਨਾਂ ਲਾਗੇ ਉਗਰੀ ਸੰਗੀਨ ਸਾਧ ਦੇ ਹੱਥਾਂ ‘ਚ ਚਲੀ ਜਾਂਦੀ ਹੈ ਤੇ ਬੈਰਿਲ ਕੰਨ-ਪਾਟੇ ਨਾਥ-ਹੱਥ । ਬਿਨਾਂ ਕਿਸੇ ਘਬਰਾਹਟ ਤੋਂ ਉਹ ਆਪ ਪਿਛਾਂਹ ਹੱਟ ਖਲੋਂਦਾ ਹੈ । ਬੈਂਡ ਨਿਰਦੇਸ਼ਕ ਵਾਂਗ ਬਟ ਨਾਲ ਇਸ਼ਾਰਾ ਮਾਰਦਾ ਹੈ ।ਉਦਾਸੀ ਅਤੇ ਨਾਥ ਖੂਨੀ ਹੋਲੀ ਖੇਡਦੇ ਹਨ । ਇਕ ਦਾ ਸਿਰ ਪਾਟਦਾ ਹੈ ਦੂਜੇ ਦੀ ਛਾਤੀ ਲਹੂ-ਲੁਹਾਣ ਹੈ । ਦੋਨੋਂ ਢਹਿ –ਢੇਰੀ ਹੁੰਦੇ ਹਨ । ਬੱਟ ਨਿਰਦੇਸ਼ਕ ਪੂਰੇ ਜ਼ੋਰ ਨਾਲ ‘ਹਾਲਟ ’ ਦਾ ਕਾਸ਼ਨ ਦਿੰਦਾ ....।‘’ ਓ ਤਾਇਆ , ਕਾ ਹੋਈਨ ਹੋ , ਕੋਨੋ ਸੁਫ਼ਨਾ –ਬੁਫ਼ਨਾ ਆਈਨ ਹੋ....., ਆਉਠੋ-ਆਉਠੋ , ਉਠਾਈਨ ਬੈਸੋਂ – ਵਾਗਲਿਓਂ ਬਾਹਰ ਸੁੱਤੇ ਭਈਏ ਛਾਂਗੂ ਰਾਮ ਨੇ ਨੱਠੇ ਨੱਠੇ ਆ ਕੇ ਤਾਏ ਨੂੰ ਜਗਾਇਆ । ਠੰਡੇ ਪਾਣੀ ਦੀ ਗੜਵੀ ਲਿਆਂਦੀ । ਤਾਏ ਨੇ ਹੂੰ...ਹਾਂ ਕਰਦਿਆਂ ਗੜਵੀ ਆਪਣੇ ਸਰ੍ਹਾਣੇ ਰੱਖ ਲਈ ਤੇ ‘ਵਾਗੁਰੂ-ਵਾਗੁਰੂ ’ ਕਰਦਾ ਤਰਲੋ –ਮੱਛੀ ਹੋਇਆ ਵਾਗਲਿਓਂ ਬਾਹਰ ਆ ਖੜਾ ਹੋਇਆ ।
ਉਨੀਂਦਰੇ ਨਾਲ ਬੋਝਲ ਹੋਈਆਂ ਅੱਖਾਂ ਮਲਦੇ ਨੂੰ , ਸਾਹਮਣੇ ਦਿਸਦੀ ਉਦਾਸੀਆਂ ਦੇ ਡੇਰੇ ਦੀ ਉੱਚੀ ਬੱਤੀ ਉਸ ਨੂੰ ਸਫਾ-ਜੰਗ ਦੀ ਦੋ-ਮੂੰਹੀਂ ਧਾਰ ਵਰਗੀ ਜਾਪੀ ਅਤੇ ਨਾਥਾਂ ਦੇ ਮੰਦਰ ਦਾ ਚਮਕਦਾ ਕਲਸ ਨੋਕੀਲੇ ਤ੍ਰਿਸ਼ੂਲ ਵਰਗਾ । ਵਾਗਲੇ ਦੀ ਓਟ ਲਈ ਖੜਾ ਉਹ ਕਿੰਨਾਂ ਹੀ ਚਿਰ ,ਦੋਨਾਂ ਪਾਸਿਓਂ ਆਉਂਦੇ ਚਾਨਣ ਨੂੰ ਮੋਹ ਭਰੀਆਂ ਨਜ਼ਰਾਂ ਨਾਲ ਦੇਖਦਾ ਰਿਹਾ । ਕਦੀ ਉਸ ਨੂੰ ਇਹਨਾਂ ਬਲਬਾਂ ਵਿਚੋਂ ਛਣਦੀ ਰੌਸ਼ਨੀ ਚਿੱਟੀ-ਦੁਧੀਆ ਦਿਸਣ ਲੱਗ ਪੈਂਦੀ , ਕਦੀ ਕਿਰਮਚੀ ਰੰਗੀ ਦੀ ਘਸਮੈਲੀ । ਇਹਨਾਂ ਅੰਦਰ ਵਾਰ-ਵਾਰ ਪੈਂਦੇ ਫ਼ਰਕ ਨੂੰ ਸਮਝਣ ਲਈ ਉਸ ਨੇ ਆਪਣੀਆਂ ਅੱਖਾਂ ਕਈ ਵਾਰ ਝਮਕੀਆਂ , ਪਰ ਕੁਝ ਵੀ ਪਿੜ ਪੱਲੇ ਨਾ ਪੈਂਦਾ ਦੇਖ ਆਖਿਰ ਉਹ , ਉਹਨੀ ਪੈਰੀਂ ਪਿਛਾਂਹ ਪਰਤ ਆਇਆ ।
ਵਾਗਲੇ ਅੰਦਰ ਪੱਸਰੀ ਸੁੰਨ-ਮਸਾਨ ਨੂੰ ਗਰਮ ਸਾਹਾਂ ਦੀ ਤੇਜ਼-ਗਤੀ ਨਾਲ ਤੋੜਦਾ , ਉਹ ਮੰਜੀ ਤੇ ਬੈਠਣ ਲਈ ਰਤਾ ਕੁ ਹੇਠਾਂ ਝੁਕਿਆ ਹੀ ਸੀ ਕਿ ਕਿਸੇ ਦੇ ਪੈਰਾਂ ਦੀ ਆਈ ਬਿੜਕ ਨੇ ਉਸ ਨੂੰ ਫਿਰ ਸਾਵਧਾਨ ਕਰ ਦਿੱਤਾ । ਇਹ ਉਸ ਦਾ ਭਰਾ ਬੰਤਾ ਸੂੰਹ ਕਾਮਰੇਡ ਸੀ । ਲੰਗੜਾ ਕੇ ਤੁਰਦਾ ਆਇਆ ਸੀ ।ਪੈਰ ਲੱਤਾਂ , ਸਿਰ ਸਭ ਨੰਗੇ ਸਨ । ਪੱਗੜੀ ਥੈਲੇ ਅੰਦਰ ਸਾਂਭੀ ਹੋਈ ਸੀ । ਤੇ ਥੈਲੇ ਸੱਜੇ ਮੋਢੇ ਨਾਲ । ਖੱਬੀ ਬਾਂਹ ਪਲੱਸਤਰ ਨਾਲ ਢੱਕੀ ਪਈ ਸੀ ਤੇ ਮੱਥਾ , ਸਿਰ ਪੱਟੀਆਂ ਨਾਲ ।
ਸੰਤਾ ਸਿਉਂ ਬੰਤਾ ਸੂੰਹ ਵੱਲ ਦੇਖ ਕੇ ਘਬਰਾ ਗਿਆ। ਕਾਮਰੇਡ ਨੇ ਉਸ ਨੂੰ ਹੌਂਸਲਾ ਦਿੱਤਾ । ਆਸਰਾ ਦੇ ਕੇ ਤਾਏ ਨੇ ਉਸ ਨੂੰ ਬਠਾਉਣ ਦਾ ਜਤਨ ਕੀਤਾ , ਪਰ ਗੋਡੇ ਦੀ ਸੱਟ ਕਾਰਨ ਕਾਮਰੇਡ ਤੋਂ ਬੈਠਿਆ ਨਾ ਗਿਆ । ਕਲਾਵਾ ਮਾਰ ਕੇ ਤਾੲ ਨੇ ਉਸ ਨੂੰ ਮੰਜੇ ਤੇ ਟੇਢਾ ਕੀਤਾ ਤੇ ਉਸ ਦੇ ਮੋਢਿਓਂ ਥੈਲਾ ਲਾਹ ਕੇ ਕੀਲੀ ਨਾਲ ਟੰਗ ਦਿੱਤਾ । ਭਈਏ ਛਾਂਗੂ ਰਾਮ ਵਾਲੀ ਗੜਵੀ ਉਸ ਦੇ ਟੇਡੇ ਪਏ ਕਾਮਰੇਡ ਦੇ ਮੂੰਹ ਨਾਲ ਜੋੜ ਦਿੱਤੀ । ਡੀਕ ਲਾ ਪੀਤੇ ਪਾਣੀ ਪਿਛੋਂ, ਸੱਟਾਂ ਦੀ ਪੀੜ ਮਹਿਸੂਸਦਾ ਉਹ ਥੋੜ੍ਹਾ ਚਿਰ ਅੱਖਾਂ ਮੀਟੀ ਕਸੀਸ ਵੱਟ ਕੇ ਪਿਆ ਰਿਹਾ ।
-‘ ਕੀ ਹਾਲ ਐ .....ਭਾਅ....? ’ ਘੜੀ ਪਲ ਪਿਛੋਂ ਕਾਮਰੇਡ ਦੇ ਬੁਲ੍ਹ ਫਰਕੇ ।
-‘ਤਾਏ ਦਾ ਉੱਤਰ ਹਟਕੋਰਾ ਬਣ ਕੇ ਵਿਹੜੇ ਅੰਦਰ ਖਿਲਰ ਗਿਆ । ’
ਕਾਮਰੇਡ ਨੇ ਉਸ ਦਾ ਮੋਢਾ ਥਾਪੜਦਿਆਂ , ਕਿਸਾਨਾਂ ਉੱਤੇ ਹੋਏ ਲਾਠੀ-ਚਾਰਚ ਦਾ ਵੇਰਵਾ ਦਸਿਆ । ਚੁਤਾਲੀ ਤੋੜਨ ਗਏ ਸਤਿਆ-ਗ੍ਰਹੀਆਂ ਦੀ ਜੇਲ੍ਹ ਅੰਦਰ ਹੋਈ ਦੁਰਦਸ਼ਾ ਦੀ ਜਾਣਕਾਰੀ ਦਿੱਤੀ । ਕਿਸਾਨੀ ਉਪਜਾਂ ਤੇ ਖਾਦਾਂ-ਸੰਦਾਂ ਦੀਆਂ ਕੀਮਤਾਂ ਵਿਚਲੇ ਪਾੜੇ ਦਾ ਉਲੇਖ ਕੀਤਾ । ਗ੍ਰਿਫ਼ਤਾਰ ਉਪਜਾਂ ਦੇ ਖਾਦਾਂ-ਸੰਦਾਂ ਦੀਆਂ ਕੀਮਤਾਂ ਵਿਚਲੇ ਪਾੜੇ ਦਾ ਉਲੇਖ ਕੀਤਾ । ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਾਤ-ਬਰਾਤੇ ਜੰਗਲੀਂ ਉਜਾੜੀਂ ਪੁਜਦਾ ਕਰ ਕੇ ‘ਰਿਹਾ ’ ਕੀਤੇ ਜਾਣ ਦੀ ਵਿਥਿਆ ਸੁਣਾਈ .....।
ਬੇਹਿਸ ਹੋਏ ਤਾਏ ਨੂੰ ਕਾਮਰੇਡ ਦੀਆਂ ਗੱਲਾਂ ਸੁਣ ਕੇ ਜਿਵੇਂ ਕੋਈ ਫੌਜੀ ਰੋਹ ਚੜ੍ਹ ਗਿਆ ਹੋਵੇ। ਪੰਜ ਸੱਤ ਮੋਟੀਆਂ ਗਾਲ੍ਹਾਂ ਆਪਣੀਆਂ ਸਰਕਾਰਾਂ ਨੂੰ ਬਿਨਾਂ ਰੁਕੇ ਕੱਢ ਮਾਰੀਆਂ ।
ਕਾਮਰੇਡ ਨੇ ਉਸ ਨੂੰ ਸ਼ਾਂਤ ਕਰਨ ਲਈ ਫਿਰ ਕਈ ਕੁਝ ਦੱਸਿਆ । ਸਾਰੇ ਪੁਆੜੇ ਦੀ ਅਸਲੀ ਜੜ ਸਮਝਾਈ । ਸਰਮਾਏਦਾਰ ਦੇਸ਼ਾਂ ਦੀਆਂ ਚਾਲਾਂ ਦੀ ਮੋਟੀ ਮੋਟੀ ਜਾਣਕਾਰੀ ਦਿੱਤੀ । ਨਾਮ-ਨਿਹਾਦ ਜਮਰੂਹੀ ਸਰਕਾਰਾਂ ਵਲੋਂ ਗੱਦੀਆਂ ਬਚਾਈ ਰੱਖਣ ਲਈ ਵਰਤੇ ਜਾਣ ਵਾਲੇ ਹੱਥ-ਕੰਢਿਆਂ ਦਾ ਵੇਰਵਾ ਦਿੱਤਾ ।
ਰਾਤ ਅੱਧੀਓਂ ਵੱਧ ਲੰਘ ਗਈ ਸੀ ,ਪਰ ਤਾਏ ਤੋਂ ਕਾਮਰੇਡ ਨੂੰ ਲੱਗੀ ਭੁੱਖ ਬਾਰੇ ਪੁੱਛਣ ਦੀ ਸੁਰਤ ਹੀ ਨਾ ਰਹੀ । ਗੱਲੀਂ ਪਏ ਬੰਤਾ ਸੂੰਹ ਦਾ ਧਿਆਨ ਸਾਹਮਣੇ ਲਟਕਦੀ ਰੋਟੀ ਵੱਲ ਗਿਆ ਜਾਚ ਕੇ ,ਤਾਏ ਨੇ ਝੱਟ-ਪੱਟ ਕੀਲੀ ਨਾਲ ਟੰਗਿਆ ਪੋਣਾ ਖੋਲ੍ਹ ਲਿਆਂਦਾ । ਗੁੱਛਾ ਕੀਤੀ ਦਰੀ ਦੀ ਢੋਅ ਲਾਈ ਟੇਢਾ ਪਿਆ ਕਾਮਰੇਡ ਜਿੰਨਾਂ ਚਿਰ ਦੁਖਦੇ ਜੁਬਾੜੇ ਕਾਰਨ ਠੰਡੀ ਹੋਈ ਰੋਟੀ ਸਹਿਜੇ-ਸਹਿਜੇ ਚਿੱਥ ਕੇ ਖਾਦਾ ਰਿਹਾ , ਤਾਇਆ ਸ਼ਿਕਾਇਤਾਂ ਵਗਰੀਆਂ ਘਰ-ਬਾਹਰ ਦੀਆਂ , ਨਿੱਕੀਆਂ –ਵੱਡੀਆਂ ਗੱਲਾਂ-ਕਥਾਵਾਂ ਉਸ ਦੀ ਪੀੜ ਪਲੋਸਣ ਦਾ ਯਤਨ ਕਰਦਾ ਕਿਹਾ – ਜੀਤੇ ਦੀ ਕਨੇਡਿਓਂ ਆਏ ਦੀ ਖ਼ਬਰ , ਮੀਤੇ ਦੀ ਖੇਤੀ , ਪਿੰਡ ਦੇ ਕਈਆਂ ਬਿਰਧਾਂ ਦਾ ਚਲਾਣਾ ਸਰਪੰਚਾਂ –ਗਿੱਲਾਂ-ਲੰਬੜਾਂ-ਕੌਂਕਿਆਂ ਦੇ ਲਿਆਂਦੇ ਨਵੇਂ ਤੇ ਵਧੀਆ ਟਰੈਕਟਰ, ‘ਸੁਸੈਰੀਆਂ ’ ਕੇ ਕਰਜ਼ੇ ,ਡੀਜ਼ਲ-ਖਾਦ ਦੀ ਕਮੀਂ , ਲਾਵਿਆਂ –ਦਿਹਾੜੀਦਾਰਾਂ ਦਾ ਬਾਈਕਾਟ , ਲਾਹੌਰੀਆਂ ਦੀ ਕੁਰਸੀ , ਗੁਰਦਵਾਰੇ ਦੀ ਮਲਾਸ਼ੀ ਤੇ ਮਿਸਤਰੀਆਂ ਦੇ ਬੂਟੇ ਦੀ ‘ਪੁਲਿਸ-ਮਕਾਬਲੇ ’ ‘ਚ ਹੋਈ ਮੌਤ ਬਾਰੇ ਦਸਦੇ ਦਾ ਜਦ ਉਸ ਦਾ ਧਿਆਨ ਉਦਾਸੀਆਂ ਤੇ ਕੰਨ-ਪਾਟਿਆਂ ਵਿਚਕਾਰ ਹੋਏ ਖੂਨ-ਖਰਾਬੇ ਤੱਕ ਪਹੁੰਚਿਆ , ਤਾਂ ਉਸ ਨੂੰ ਜ਼ੋਰਦਾਰ ਕੰਬਣੀ ਜਿਹੀ ਛਿੜ ਗਈ । ਕੌਡ ਸਿੱਧੀ ਕਰਨ ਦੇ ਬਹਾਨੇ , ਉਹ ਕਾਮਰੇਡ ਦੀ ਪੁਆਦੀਓਂ ਉੱਠ ਟਾਹਲੀ ਹੇਠਲੀ ਖਾਲੀ ਮੰਜੀ ਤੇ ਡਿੱਗ ਜਾਣ ਵਾਂਗ ਸਿੱਧਾ-ਸਪਾਟ ਲੇਟ ਗਿਆ, ਤੇ ਅਗਲੇ ਦਿਨ ਦੀ ਲੋਅ ਲੱਗਣ ਤੱਕ, ਬੇਚੈਨ ਹੋਇਆ ਬੇਸੁਰਤਾਂ ਵਾਂਗ ਪਲਸੇਟੇ ਮਾਰਦਾ ਰਿਹਾ ।
ਆਪਣੇ ਆਪ ਅੰਦਰ ਗੁਆਚਿਆ ਤਾਇਆ , ਫਿਰ ਕਈ ਦਿਨ ਲਗਾਤਾਰ ਡੇਰਿਓਂ ਪਿੰਡ ਨਾ ਆਇਆ । ਕਾਮਰੇਡ ਨੁੰ ਲੱਗੀਆਂ ਗੁੱਝੀਆਂ ਸੱਟਾਂ ਦੀ ਗਰਮ ਪਾਣੀ ਨਾਲ ਟਕੋਰ ਕਰਦਾ ਰਿਹਾ। ਮੀਤੇ ਤੋਂ ਮੰਗਵਾਈਆਂ ਦਵਾਈਆਂ ਮਲ ਮਲ ਕੇ ਸੁੱਜੇ ਅੰਗਾਂ ਤੇ ਲੋਗੜ ਝੰਨ੍ਹਦਾ ਰਿਹਾ । ਮਾਲ-ਡੰਗਰ ਦੀ ਸਾਂਭ-ਸੰਭਾਲ ਕਰਦਾ ਭਈਆ ਛਾਂਗੂ ਉਸ ਦੀ ਸੱਜੀ ਬਾਂਹ ਬਣਿਆ ਰਿਹਾ । ਪਰ , ਕਨੇਡੀਓਂ ਆਇਆ ਜੀਤ ਸੂੰਹ ਜਿੰਨੀ ਵਾਰ ਵੀ ਪਿਓ ਦਾ ਹਾਲ ਪੁੱਛਣ ਡੇਰੇ ਪਹੁੰਚਿਆ , ਓਨੀ ਵਾਰ ਹੀ ਤਾਏ ਨੇ ਐਧਰ-ਓਧਰ ਦੀਆਂ ਗੱਲਾਂ ਕਰ ਕੇ ਉਸ ਨੂੰ ਛੇਤੀ ਘਰ ਵਾਪਸ ਭੇਜਣ ਦੀ ਕੀਤੀ ।
‘ਥੋੜ੍ਹੇ ਕੁ ਦਿਨਾਂ ਅੰਦਰ ਹੀ , ਨਿੱਗਰ ਹੱਡਾਂ ਵਾਲੇ ਕਾਮਰੇਡ ਨੂੰ ਤੁਰਨ ਫਿਰਨ ਜੋਗਾ ਕਰ ਕੇ ਇਕ ਤਾਇਆ ਪੱਖੀ ਫੜੀ ਥੜੇ ਦੀ ਉਦਾਸੀ ਦੂਰ ਕਰਨ ਲਈ ਹਾਲੀਂ ਦੋ ਕੁ ਲਾਂਘਾਂ ਪਿੰਡ ਵੱਲੋ ਨੂੰ ਤੁਰਿਆ ਹੀ ਸੀ ਕਿ ਉਦਾਸੀਆਂ ਦੇ ਡੇਰੀਓਂ ਦਿਨ-ਦੁਪਹਿਰੇ ਉੱਠਿਆ ਚੀਕ-ਚਿਹਾੜਾ ਚੀਕ-ਚਿਹਾੜਾ ਉਸ ਦੀ ਆਤਮਾ ਨੂੰ ਧੁਰ ਅੰਦਰ ਤੱਕ ਜ਼ਮਮੀ ਕਰ ਗਿਆ । ਰੋਣ-ਕੁਰਲਾਉਣ , ਲੇਰਾਂ –ਧਾਹਾਂ ਬਚਾਓ ਦੀਆਂ ਆਵਾਜ਼ਾਂ ਸੁਣਦਾ , ਉਹ ਵੀ ਡੇਰੇ ਵੱਲ ਨੂੰ ਦੌੜੇ ਜਾਂਦੇ ਪਿੰਡ ਦੇ ਬਾਕੀਅਜੀਆਂ ਨਾਲ ਜਾ ਰਲ੍ਹਿਆ । ਖਾਲੀ ਵੱਢਾਂ ਰਾਹੀਂ ਲੰਘਦਿਆਂ,ਨੰਗੇ ਪੈਰਾਂ ਅੰਦਰ ਖੁਭੇ ਖੁੰਗਿਆਂ ਦੀ ਪ੍ਰਵਾਹ ਕੀਤੇ ਬਿਨਾਂ ਪਲਾਂ –ਛਿਨਾਂ ਅੰਦਰ ਹੀ ਭਾਵੇਂ ਅਨੇਕਾਂ ਮਰਦ-ਇਸਤਰੀਆਂ ਉਦਾਸੀਆਂ ਦੇ ਹਲਵਾਹਕਾਂ ਦੇ ਬਚਾ ਲਈ ਪਹੁੰਚ ਗਏ, ਪਰ ਡੇਰੇ ਦੀ ਹੋਈ ਦੁਰ-ਦਸ਼ਾ ਦੇਖ ਕੇ , ਉਹ ਧਾਹਾਂ ਮਾਰ-ਮਾਰ ਕੁਰਲਾ ਉੱਠੇ । ਡੇਰੇ ਦਾ ਸਾਰਾ ਵਿਹੜਾ ਲਹੂ-ਲੁਹਾਣ ਹੋਇਆ ਪਿਆ ਸੀ । ਨਿੱਕੇ-ਨਿੱਕੇ ਬਾਲਾਂ ਦੇ ਲੋਥੜੇ ਮਿੱਟੀ-ਘੱਟੇ ਅੰਦਰ ਰੁਲਦੇ ਤੜਫ ਰਹੇ ਸਨ । ਬੁੱਢੀਆਂ ਬਿਰਧ ਲਾਸ਼ਾਂ ਪਾਣੀ ਦਾ ਘੁੱਟ ਉਡੀਕਦੀਆਂ ਵੱਡੀ ਨੀਂਦ ਸੌਂਦੀਆਂ ਜਾ ਰਹੀਆਂ ਸਨ । ਨੌਜਵਾਨ ਕੁੜੀਆਂ ਦਾ ਨੰਗੇਜ਼ ਆਪ-ਹੁਦਰੀ ਵਿਹਸ਼ਤ ਦੀ ਕਹਾਣੀ ਦੱਸ ਰਿਹਾ ਸੀ । ਕੱਖਾਂ-ਕਾਨਿਆ ਦੇ ਛਪਾਰਿਆ ਨੂੰ ਲੱਗੀ ਅੱਗ ਅੰਦਰ ਘਿਰੇ ਡੰਗਰਾਂ ਦੀ ਝੁਲਸੀ ਚਰਬੀ , ਲਾਟਾਂ ਬਣ ਬਣ ਉੱਠ ਰਹੀ ਸੀ । ਡੇਰੇ ਦੇ ਸਾਰੇ ਕੋਠੜੂ ਖੋਲ੍ਹੇ ਹੋਏ ਪਏ ਸਨ । ਹਰੇ-ਕਚੂਰ ਫੁੱਲ-ਬੂਟੇ,ਸੇਕ-ਧੂਏਂ ਨਾਲ ਝੁਲਸੇ ਪਏ ਸਨ ।
ਹੋਰ ਤਾਂ ਹੋਰ , ਤਾਏ ਦੀ ਝਿੜੀ ਨਾਲ ਲਗਦੀ ਪਿੰਡ ਦੇ ਜਠੇਰਿਆਂ ਦੀ ਉੱਚੀ ਚਿੱਟੀ ਮਮਟੀ ਵੀ ਫਿਤਾ-ਫੀਤਾ ਉੱਖੜੀ ਪਈ ਸੀ , ਜਿਸ ਨੂੰ ਦੇਖਦਿਆਂ ਸਾਰ ਪਿੰਡ ਦੀ ਸਾਰੀ ਵਹੀਰ ਦਾ ਰੋਹ ਅੱਗ ਦੇ ਸੇਕ ਵਾਂਗ ਬਲ ਉੱਠਿਆ । ਕਿਸੇ ਹੋਣੀ-ਅਣਹੋਣੀ ਦੀ ਪ੍ਰਵਾਹ ਕੀਤੇ ਬਿਨਾਂ ਉਹਨਾਂ ਅੰਦਰ ਖੜਕਦੀ ਤਾਰ ਸਭ ਨੂੰ ਇਕੱਠੇ ਕਰ ਕੇ ਕੰਨ-ਪਾਟਿਆਂ ਦੇ ਡੇਰੇ ਵੱਲ ਨੂੰ ਲੈ ਤੁਰੀ ।
ਵਾਹੋ-ਦਾਹੀ ਤੁਰੀ ਗਈ ਹਿਰਖੀ ਭੀੜ ਨੇ ਪਿੰਡ ਦਾ ਵਸੀਮਾ ਲੰਘ ਕੇ ਦੂਰੋਂ ਦੇਖਿਆ ਕਿ ਨਾਥਾਂ ਦੀ ਕੁਟੀਆ ਅਲਾਹਾਬਾਦੀ-ਬਨਾਰਸੀ ਹਾਥੀਆਂ-ਘੋੜਿਆਂ ਨਾਲ ਭਰੀ ਪਈ ਸੀ । ਥਾਂ ਥਾਂ ਤਪੀਆਂ ਧੂਣੀਆਂ ਦੀ ਠੰਢੀ-ਗਰਮ ਭਬੂਤੀ ਨੰਗੇ ਪਿੰਡਿਆ ਉਂਤੇ ਧੂੜੀ ਜਾ ਰਹੀ ਸੀ ।ਸੁੱਖਾ ਰਗੜਦੇ ਘੋਟਣਿਆਂ ਨਾਲ ਬੁੱਝੇ ਘੁੰਗਰੂਆਂ ਦੀ ਛਣਕਾਰ ਡੇਰਿਓਂ ਬਾਹਰ ਦੂਰ ਤੱਕ ਖਿਲਰੀ ਪਈ ਸੀ । ਅਤਿ ਆਧੁਨਿਕ ਬੰਦੂਕਾਂ ਸਟੇਨਾਂ, ਚਿੱਟੇ-ਭਗਵੇ ਚੋਲਿਆਂ ਦੇ ਮੋਢਿਆਂ ਨਾਲ ਲਟਕ ਰਹੀਆਂ ਸਨ ਅਤੇ ਚੀਕਦੇ ਚਿੰਗਾੜਦੇ ਹਾਥੀ-ਘੋੜੇ ਤਾਏ ਦੇ ਸੰਗਤਰਿਆਂ ਦੀਆਂ ਕਈ ਪਾਲਾਂ ਮਰੁੰਡ ਕਰ ਚੁੱਕੇ ਸਨ ।
-ਓਏ ਨਾਥੋ , ਬਗਲੇ –ਭਗਤੋ –ਮੱਕਾਰੋ-ਦਗੇਬਾਜ਼ੋ , ਨਿਕਲੋ ਬਾਹਰ ...ਤੁਆਡੀ ਮਾਂ ਨੂੰ ਤੁਹਾਡੀ....ਨੂੰ, ਤਾਏ ਦਾ ਰੋਹ ਕਸਵੇਂ ਲਲਕਾਰੇ ਮਾਰਦਾ ਸਾਰੇ ਡੇਰੇ ਅੰਦਰ ਖਿੱਲਰ ਗਿਆ ।
-ਖਬਰਦਾਰ ਜੋ ਡੇਰੇ ਮਾਂ ਪੈਰ ਡਾਲਾ ਤੋ ....ਨਈਂ ਗੋਲੀ ਮਾਰ ਮਾਰ ਭੂਨ ਡਾਲੇਗਾ – ਸੁੱਖਾ ਪੀਤੀ ਝੂਮਦੇ ਨਾਥਾਂ ਦੇ ਅਣਪਛਾਤੇ ਮੁਖੀ ਨੇ ਮੰਦਰ ਸਾਹਮਣੇ ਖੜੋ ਕੇ ਤਾਏ ਦੀ ਭਬਕ ਤੋਂ ਚੜ੍ਹਵਾਂ ਉੱਤਰ ਭੇਜਿਆ ।
ਫੌਜੀ ਅਣਖ ਬਾਹਾਂ ਟੁੰਗਦੀ ਡੇਰੇ ਅੰਦਰ ਜਾ ਵੜੀ , ਪਰ ਅਗਲੇ ਹੀ ਛਿਣ ਟੀਂ....ਈਂ ਕਰਦੀ ਗੋਲੀ ਤਾਏ ਦੀ ਛਾਤੀ ਦੇ ਐਨ-ਵਿਚਕਾਰ ਆ ਖੁੱਭੀ । ਉਸ ਨੂੰ ਥਾਏਂ ਡਿਗਿਆ ਦੇਖ, ਉਸ ਨਾਲ ਗਈ ਪਿੰਡ ਦੀ ਸਾਰੀ ਵਹੀਰ ਹਫੜੋ-ਦਫੜੀ ਅੰਦਰ ਪਿਛਾਂਹ ਦੌੜਦੀ ਹਾਲੀਂ ਗੁਰਦਵਾਰੇ ਵਾਲੀ ਫਿਰਨੀ ਤੱਕ ਵੀ ਨਹੀਂ ਸੀ ਪਹੁੰਚੀ ਕਿ ਸਾਹਮਣਿਓ ਆਈ ਸਰਕਾਰ ਆਵਾਜ਼ ਨੇ ਸਭ ਨੂੰ ਹੱਥ ਖੜੇ ਕਰ ਕੇ ਆਤਮ ਸਮਰਪਣ ਕਰਨ ਲਈ ਹੁਕਮ ਚਾੜ੍ਹ ਦਿੱਤਾ । ਉਦਾਸੀਆਂ ਦੇ ਡੇਰੇ ਦਾ ਬਚਾਅ ਕਰਨ ਗਏ ਨਿਹੱਥੇ ਡੇਰੇ ਨੂੰ ਅੱਗ ਲਾਉਣ ਦੇ ਦੋਸ਼ ਹੇਠ ਹੱਥ-ਕੜੀਆਂ ਜ਼ੰਜ਼ੀਰਾਂ ਅੰਦਰ ਜਕੜੇ ਗਏ ।
ਭੁੱਖੇ-ਤਿਹਾਏ ‘ਬੰਦੀਆਂ ’ ਨੂੰ ਖਾਲੀ ਟਰੱਕਾਂ ਅੰਦਰ ਤਾੜ ਕੇ , ਵਾਪਸ ਪਰਤਣ ਲੱਗੀ ਪ੍ਰਬੰਧਕੀ ਆਵਾਜ਼ ਇਕ ਵਾਰ ਫਿਰ ਪੂਰੇ ਜਲੌ ਨਾਲ ਗੂੰਜੀ – ਕਲ੍ਹ ਸਵੇਰ ਤੱਕ ਪਿੰਡ ਦਾ ਕੋਈ ਜੀਅ ਘਰੋਂ ਬਾਹਰ ਨਾ ਨਿਕਲੇ , ਨਹੀਂ ਕਰਫਿਊ ਕਾਨੂੰਨ ਦੀ ਉਲੰਘਣਾ ਤਹਿਤ ਦੇਖਦਿਆਂ ਸਾਰ ਗੋਲੀ ਮਾਰ ਦਿੱਤੀ ਜਾਵੇਗੀ ।
ਬਚਦੀ ਸਰਕਾਰੀ ਗਾਰਦ ਦੂਜੇ ਦਿਨ ਸਵੇਰ ਤੱਕ ਪਿੰਡ ਦੀਆਂ ਗਲ੍ਹੀਆਂ ਫਿਰਨੀਆਂ ਦਰੜਦੀ ਰਹੀ । ਪੂੰਜਿਆਂ-ਖੁਰਲੀਆਂ ਤੇ ਬੱਧੇ ਭੁੱਖੇ-ਤਿਹਾਏ ਡੰਗਰ , ਪਾਣੀ –ਪੱਠੇ ਨੁੰ ਤਰਸਦੇ ਅੜੰਭਦੇ ਰਹੇ । ਭਿੜੇ-ਦਰਾਂ ਦੇ ਕੱਚੇ ਵਿਹੜੇ ਨਿਆਣਿਆਂ-ਸਿਆਣਿਆਂ ਦੇ ਮਲ-ਮੂਤਰ ਨਾਲ ਸੜ੍ਹਾਂਦ ਮਾਰਨ ਲੱਗੇ । ਸਹਿਮੀਆਂ ਛੱਤਾਂ ਦੇ ਸਿਰਾਂ ਉੱਪਰ ਚੰਗਾੜਦੇ ਭੈਅ ਨੇ ਰਾਤ ਭਰ ਚਿੜੀ ਵੀ ਨਈਂ ਸੀ ਫੜਕਣ ਦਿੱਤੀ ।
ਅਗਲੇ ਦਿਨ ਦੀ ਤੜਕਸਾਰ ਤੱਕ ਭਾਵੇਂ ਗਰਮੀਂ ਰੁੱਤ ਦੇ ਹੁੱਸੜ ਨੇ ਬੰਦ ਹੋਏ ਬਾਰਾਂ ਨੂੰ ਬੇਬਸੀ ਵਰਗੀ ਤਲ਼ਖੀ ਲਾਈ ਰੱਖੀ ਸੀ , ਪਰ ਮੂੰਹ ਝਾਖਰੇ , ਰੁਮਕੀ , ਪੰਛੀਆਂ ਦੀ ਚਹਿ-ਚਹਾਹਟ ਨੇ ਕਾਨੂੰਨੀ ਹੁਕਮਾਂ ਦੀ ਉਲੰਘਣਾਂ ਕਰ ਕੇ ਖੁਲ੍ਹੀ ਫਿਜ਼ਾ ਅੰਦਰ ਪ੍ਰਵਾਜ਼ ਕਰਨ ਦੀ ਪਹਿਲ ਕਰ ਦਿੱਤੀ । ਕੱਚੇ ਦੁੱਧ ਵਰਗੇ ਫਿੱਕੇ ਚਾਨਣ ਦੇ ਛਿੱਟਿਆਂ ਨਾਲ , ਬੇਸੁੱਧ ਪਈਆਂ ਗਲੀਆਂ ਹਲਕੀਆਂ-ਹਲਕੀਆਂ ਅੱਖਾਂ ਪੱਟਣ ਲੱਗੀਆਂ । ਲੋਅ ਲੱਗਣ ਤੱਕ , ਤਿੱਖੀ ਚਾਲੇ ਤੁਰਦੀ ਪੁਰੇ ਦੀ ਹਵਾ ਨੇ ਸਾਰਾ ਆਕਾਸ਼ ਤਿੱਤਰਖੰਭੀ ਬੱਦਲਵਾਈ ਨਾਲ ਕੱਜ ਲਿਆ । ਸੂਰਜ ਚੜ੍ਹਦਿਆਂ ਕਰਦਿਆਂ , ਗੁਰਦਵਾਰੇ ਸਾਹਮਣੇ ਚੌਂਕ ਵਿੱਚ ਖੜੀ ਸਰਕਾਰੀ ਗੱਡੀ ਤਾਂ ਦਫਾ ਚੁਤਾਲੀ ਦਾ ਐਲਾਨ ਕਰ ਦੇ ਧੂੜ ਉਭਾਰਦੀ ਜਰਨੈਲੀ ਸੜਕ ਵੱਲ ਨੂੰ ਸਰਕ ਗਈ , ਪਰ ਸੁੰਨ-ਮਸਾਨ ਹੋਏ ਪਿੰਡ ਦੇ ਅੱਧਿਓਂ ਵੱਲ ਖਾਲੀ ਵਿਹੜਿਆਂ ਅੰਦਰ ਲੰਘ ਚੁੱਕੇ ਦੇਓ ਦੇ ਡਰ ਦਾ ਸਹਿਮ ਸ਼ਾਹ-ਵੇਲੇ ਤੱਕ ਕਿਰਦਾ ਰਿਹਾ ।
ਉਸ ਜ਼ਖ਼ਮੀ ਦਿਨ ਦੇ ਉਦਾਸ ਸੂਰਜ ਦੇ ਥੜੇ ਉਪਰਲੇ ਪਿੱਪਲ ਦੀਆਂ ਵਿਰਲਾਂ ਰਾਹੀਂ ਨੀਝ ਲਾ ਕੇ ਕਿੰਨਾਂ ਚਿਰ ਤੱਕ , ਤਾਏ ਦੀ ਭਾਲ ਵਿਚ ਆਪਣੀ ਕਮਜ਼ੋਰ ਨਿਗਾਹ ਗੱਡੀ ਰੱਖੀ , ਪਰ ਉਸ ਦੀ ਸਾਰੀ ਝਾਕ ਸਰਾਸਰ ਵਿਅਰਥ ਗਈ । ਤਰਲੋ-ਮੱਛੀ ਹੋਇਆ ਉਹ ਥੜ੍ਹੇ ਨੂੰ ਛੱਕ ਕੇ ਕਿੰਨਾ ਸਾਰਾ ਪੈੱਡਾ ਹੋਰ ਅਗਾਂਹ ਨਿਕਲ ਆਇਆ ਅਤੇ ਸਾਰਾ ਪਿੰਡ ਛਾਣ ਮਾਰਿਆ , ਪਰ ਤਾਏ ਦ ਲਾਸ਼ ਵੀ ਉਸ ਨੂੰ ਕਿੱਧਰੇ ਨਾ ਲੱਭੀ । ਪਿੰਡ ਦੀ ਲਹਿੰਦੀ ਬਾਹੀ ਖੜੋ ਕੇ ਉਸ ਨੇ ਬੜੇ ਧਿਆਨ ਨਾਲ ਦੇਖਿਆ – ਸੰਤ ਜੀਤ ਸੂੰਹ ਕਨੇਡੀਅਨ ਵੀ ‘ਗਾਇਬ ’ ਸੀ ।
ਬੇਚੈਨ ਹੋਇਆ ਤੁਰਿਆ , ਉਹ ਭੀਖੂ ਸਾਈਂ ਦੀ ਕੁਟੀਆ ਉੱਪਰ ਪਹੁੰਚ ਗਿਆ ਤੇ ਨਿੱਕੀ ਜਿਹੀ ਇਕ ਬਦਲੀ ਉਹਲੇ ਜਾ ਖੜਾ ਹੋਇਆ । ਘੜੀ-ਪਰ ਸਾਹ ਲੈਣ ਪਿਛੋਂ ਇਕ ਵਾਰ ਫਿਰ ਉਸ ਨੇ ਪਿੰਡ ਦੀ ਜੂਹ ਅੰਦਰ ਵਸਦੇ ਦੋਨਾਂ ਡੇਰਿਆਂ ਦੇ ਆਕਾਸ਼ ਉੱਤੋ ਤੁਰਦੀ-ਤਰਦੀ ਨਿਗਾਹ ਖਿਲਾਰ ਦਿੱਤੀ । ਉਸ ਦੀਆਂ ਹਿਰਖੀਆਂ ਅੱਖਾਂ ‘ਚੋਂ ਝਰਦੀ ਸੰਧੂਰੀ ਲਾਲੀ ਨੇ ਬੜੇ ਧਿਆਨ ਨਾਲ ਜਾਚਿਆ ਕਿ ਅਜੇ ਦੋਨੋਂ ਡੇਰੇ ਲਗਾਤਾਰ ਇਕ ਦੂਜੇ ਵੱਲ ਖੂਨ-ਪੀਣੀਆਂ ਨਜ਼ਰਾਂ ਨਾਲ ਦੇਖ ਰਹੇ ਸਨ । ਉਸ ਨੇ ਵਾਰੀ-ਵਾਰੀ ਦੋਨਾਂ ਵਲ੍ਹ ਮੂੰਹ ਘੁਮਾ ਕੇ ਆਪਣੀਆਂ ਤੇਜ਼-ਦਮਕੀਲੀਆਂ ਕਿਰਨਾਂ ਧੂਏਂ ਨਾਲ ਕਾਲੇ –ਸਿਆਹ ਹੋਏ ਡੇਰਿਆਂ ਤੇ ਸੁੱਟੀਆਂ , ਪਰ ਕਿਸੇ ਵਲੋਂ ਵੀ ਹਸਮੁੱਖ ਹੁੰਗਾਰਾ ਨਾ ਮਿਲਣ ਤੇ , ਉਹ ਦੋਨਾਂ ਦੇ ਆਕਾਸ਼ ਤੇ ਬਰਾਬਰ ਦਾ ਕਾਲਾ ਪੋਚਾ ਮਾਰ ਕੇ ਅਗਾਂਹ ਨਿਕਲ ਗਿਆ ।
ਕੁਮੇਲ ਦੀ ਬੁੱਕਲ ‘ਚ ਲੁੱਕਣ ਤੋਂ ਪਹਿਲਾਂ , ਉਸ ਦੀ ਅੰਦਰਲਾ , ਪਿੰਡ ਦੀ ਗੁਆਚੀ ਹੋਂਦ ਨੂੰ ਭਾਲਦਾ , ਇਕ ਵਾਰ ਫਿਰ ਪਿਛਾਂਹ ਰਹਿ ਗਈ ਪਿੰਡ ਦੀ ਵਰਾਨਗੀ ਵਲ੍ਹ ਝਾਕਿਆ । ਪਰ , ਇਸ ਵਾਰ ਉਸ ਦੇ ਤੌਖਲੇ ਉੱਪਰ , ਜਿਵੇਂ ਕਿਸੇ ਨੇ ਠੰਡੀ ਫੁਹਾਰ ਦੇ ਛਿੱਟੇ ਮਾਰ ਦਿੱਤੇ ਹੋਣ – ਬੰਤਾਂ ਸੂੰਹ ਕਾਮਰੇਡ , ਲੰਘੜਾਉਂਦਾ ਤੁਰਿਆ , ਉਦਾਸ-ਉਦਾਸ ਗਲ੍ਹੀਆਂ ਅੰਦਰੋਂ ਦੀ ਲੰਘ ਰਿਹਾ ਸੀ । ‘ਉੱਠੋ-ਜਾਗੋ ’ ਦਾ ਹੋਕਰਾ ਦਿੰਦਾ , ਉਹ ਅਬਲਾ-ਇਸਤਰੀਆਂ , ਅੰਝਾਣੇ ਬਾਲਾਂ ਦੀਆਂ ਸਿਸਕੀਆਂ ਆਪਣੇ ਖੁਲ੍ਹੇ ਕੁੜਤੇ ਦੀ ਝੋਲੀ ਅੰਦਰ ਸਮੇਟ ਰਿਹਾ ਸੀ । ਜੋਤ ਰਹਿਤ ਬਿਰਧ ਅੱਖਾਂ ਉਸ ਦੀ ਦਸਤੱਕ ਸੁਣ ਕੇ ਡੰਗੋਰੀ ਟੇਕਰੀਆਂ ਬਾਹਰ ਵਲ੍ਹ ਨੂੰ ਆਹੁਲਣ ਲੱਗ ਪਈਆਂ ਸਨ ਅਤੇ ਭੀਖੂ ਸਾਈਂ ਦੀ ਕੁਟੀਆ ਅੰਦਰ ਪੂਰੇ ਗਏ ਸੰਧਿਆ ਦੇ ਸੰਖ ਦੀ ਆਵਾਜ਼ , ਕਾਮਰੇਡ ਦੇ ਮੱਥੇ ਤੇ ਆਇਆਂ ਪਸੀਨੇ ਦੀਆਂ ਬੂੰਦਾਂ ਪੂੰਝਣ ਲਈ, ਹਲਕੀ ਹਲਕੀ ਰੁਮਕਦੀ ਪੂਰੇ ਦੀ ਹਵਾ ਨਾਲ ਇਕ ਮਿੱਕ ਹੁੰਦੀ ਜਾ ਰਹੀ ਸੀ ।
---------------------
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
Mobile No : 094655-74866