ਕਹਾਣੀ : ਜ਼ਜ਼ੀਰੇ - ਲਾਲ ਸਿੰਘ

(1)

“ ....ਲਓ ਜੀ , ਬਾਬੂ ਜੀਈ , ਆਹ ਪਿਆ ਈ ਫ਼ਰਕ । ਹੈਅ ਨਾ ਇਕ ਪਾਸੇ ਚਾਨਣ, ਇਕ ਪਾਸੇ ਨ੍ਹੇਰ ! ਜਦ ਦੀ ਆਹ ਸੜਕ ਬਣੀ ਆ ਵਿਚਕਾਰਲੀ , ਇਹ ਫ਼ਰਕ ਸਗੋਂ ਉੱਭਰ ਕੇ ਦੀਹਦਾ । ਦਿਸੇ ਵੀ ਕਿਉਂ ਨਾ ਬਾਊ ਜੀਈ ! ਇਕ ਵੱਖੀ ਖੁਲ੍ਹੀਆਂ-ਮੌਕਲੀਆਂ ਸ਼ਾਨਦਾਰ ਕੋਠੀਆਂ । ਉੱਪਰ –ਹੇਠਾਂ ਨੂੰ ਲੱਟਕਦੇ ਰੰਗ-ਬਰੰਗੇ ਜੰਗਲੇ । ਬਾਲ-ਕੋਨੀਆਂ , ਪਾਣੀ –ਟੈਂਕੀਆਂ ,ਕੋਈ ਖੂਹ ਵਰਗੀ ਗੋਲ, ਕੋਈ ਚਬੱਚੇ ਵਰਗੀ ਚੌਰਸ । ਜਿਨ੍ਹਾਂ ‘ਚ ਭਰਿਆ-ਤੂਸਿਆ ਪਾਣੀ ਰਸੋਈ ਕਮਰਿਆਂ ਤੱਕ ਵੀ ਪਹੁੰਚਦਾ , ਗੁਸਲ-ਕਮਰਿਆਂ ਤੱਕ ਵੀ । ਕੂਲਰਾਂ-ਕਿਆਰੀਆਂ ਤੱਕ ਵੀ ਅੱਪੜਣਾ, ਵਾਸ਼-ਬੇਸਨਾਂ ਤੱਕ ਵੀ । ਏਹ ਸਾਰਾ ਕੁਛ ਏਨਾਂ ‘ਚ ਹੈਗਾ । ਹੋਵੇ ਵੀ ਕਿਉਂ ਨਾ ਬਾਊ ਜੀਈ , ਏਨਾਂ ਘਰਾ ‘ਚ ਰਹਿੰਦੀ ਕੁੱਲ ਵਟਾ ਕੁੱਲ ਜੈਨਟਰੀ ਸੋਝੀਵਾਨ ਐ ,ਹੁਸ਼ਿਆਰ ਐ , ਚੁਸਤ ਐ ਤੇ ਚਲਾਕ ਵੀ । ਆਲੇ-ਦੁਆਲੇ ਦੀ ਪੂਰੀ ਨਈਂ ਤਾਂ ਕਾਫੀ ਸਾਰੀ ਖ਼ਬਰ-ਸੁਰਤ ਹੈਗੀ ਆ ਸੱਭ ਨੂੰ । ਉਂ ਬਾਉ ਜੀਈ ਆਲੇ-ਦੁਆਲੇ ਦੀ ਖ਼ਬਰ-ਸਾਰ ਰੱਖ ਵੀ ਤਾਈਓਂ ਹੁੰਦੀ ਆ , ਜੇ ਹੱਥ ਸੌਖਾ ਹੋਵੇ । ਜ਼ੇਬ ਬਓਤੀ ਭਾਰੀ ਨਾ ਵੀ ਸੈਈ,ਤਰ ਜ਼ਰੂਰ ਹੋਵੇ । ਆਉਂਦੇ ਭਲਕ ਦੀ ਰੋਟੀ-ਟੁੱਕ ਦਾ ਝੋਰਾ ਨਾ ਹੋਵੇ । ਨਈਂ ਤਾਂ ....ਨਈਂ ਤਾਂ ਆਹ ਵੀ ਏਨ੍ਹਾਂ ਦੇ ਭੈਣ-ਭਾਈ, ਤਾਏ –ਚਾਚੇ , ਪਿਤਾ-ਪੁਰਖੋ ਈ ਆ ! ਆਹ ਐਸ ਬੰਨੇ ਆਲੇ ! ਹੈਅ ਕੋਈ ਸੁਰਤ-ਸਾਰ ਏਨ੍ਹਾਂ ਨੂੰ ! ਨਾ ਆਪਣੇ ਆਪ ਦੀ ,ਨਾ ਦੀਨ-ਦੁਨੀਆਂ ਦੀ ।.....ਹੋਵੇ ਵੀ ਕਿੱਦਾਂ ਬਾਊ ਜੀਈ , ਏਨਾਂ ਨੂੰ ਤਾਂ ਰੋਜ਼ੀ-ਰੋਟੀ ਦਾ ਝੋਰਾ ਈ ਸਾਹ ਨਈਂ ਲੈਣ ਦਿੰਦਾ ,ਰਾਤ-ਪੁਰ ਦਿਨੇ ।ਹਰ-ਰੋਜ਼ ਏਹ ਚੜ੍ਹਦੇ ਦਿਨ ਦਾ ਫਿਕਰ ਲੇ ਕੇ ਜਾਗਦੇ ਆ ਤੇ ਰਾਤ ਸਮੇਂ ਬੀਤੇ ਦਿਨ ਦਾ ਮਾਤਮ ਕਰਦੇ ਸਾਉਂਦੇ ਆ । ਏਨਾਂ ਦਾ ਤਾਂ ਡੰਗ-ਬੁੱਤਾ ਵੀ ਐਮੇਂ ਕਿਮੇਂ ਦਾ ਈ ਸਰਦਾ । ..... ਕੋਈ ਡੱਗੀ-ਛਾਬੜੀ ਲਾ ਕੇ ਵਰਤ ਕਟੀ ਕਰਦਾ, ਕੋਈ ਰੇੜ੍ਹੀ-ਰਿਕਸ਼ਾ ਵਾਹ ਕੇ। ਕਿਸੇ ਦਾ ਸਿਗਟਾਂ-ਬੀੜੀਆ ਦੀ ਖੋਖਾ , ਕਿਸੇ ਦਾ ਚਾਹ-ਪਾਣੀ ਦਾ । ਕੋਈ ਰਾਜਗੀਰੀ ਸਿੱਖ ਦੇ ਮਿਸਤਰੀਪੁਣਾ ਕਰਦਾ, ਕੋਈ ਡਰੈਵਰੀ ਸਿੱਖ ਕੇ ਡਰੈਵਰ-ਪੁਣਾ । ਉਸ ਵੀ ਕੋਈ ਵਿਰਲਾ ਈ । ਬਾਕੀ ਸੱਭ ਦਿਹਾੜੀ-ਦੱਪਾ ਰਕਦੇ ਆ ਜਾਂ ਕੁਲੀ-ਗੀਰੀ । .....ਕਮਾਈ-ਕਮੂਈ ਤਾਂ ਜੇੜੀ ਏਨਾਂ ਨੂੰ ਹੈਗੀ , ਦੀਹਦੀ ਈ ਸੱਭ ਨੂੰ । ਊਂ ਏਹ ਭਲੇਮਾਣਸ ਦੇਖਣ ਆਲੇ ਹੁੰਦੇ ਆ , ਤਕਾਲਾਂ ਜੇਈਆਂ ਨੂੰ ਬੜ੍ਹਕਾਂ ਮਾਰਦੇ । ਜੇਬ ‘ਚ ਕੋਈ ਧੇਲਾ ਬਚੇ ਨਾ ਬਚੇ , ਪੀਤੀ ਜ਼ਰੂਰ ਹੁੰਦੀ ਆ ਹਰ ਇਕ ਨੇ ।ਫੇਰ ਅੰਦਰ ਗਈ ਪਰਚੀ ਨਈਂ ਓਨਾ ਚਿਰ , ਜਿੰਨਾਂ ਚਿਰ  ਡਾਂਗ ਸੋਟਾ ਨ ਹੋ ਲੈਣ , ਰਾਹ-ਖੜਿੜੇ ‘ਚ ਈ ਕਿਸੇ ਨਾਲ , ਜਾਂ ਆਪੋ ਵਿਚ ਦੀ । ਚਾਰੇ ਸਿਰੇ ਜੇ ਹੋਰ ਕੋਈ ਜੁਗਾੜ ਨਾ ਈ ਬਣੇ , ਤਾਂ ਘਰ ਦੇ ਬਾਲ-ਬੱਚੇ ,ਬੁੱਢੇ-ਬੁੱਢੀਆਂ ‘ਚੋਂ ਕਿਸੇ ਨਾ ਕਿਸੇ ਦੀ ਸ਼ਾਮਤ ਆਈ ਹੁੰਦੀ ਆ । .....ਪਤਾ ਨਈਂ ਕੀਈ ਫਿਟਕ ਪੈ ਗਈ ਆ ਬਾਊ ਜੀਈ ਉੱਪਰਲਿਆਂ ਦੀ ਰੀਸੇ , ਸੌਂਹ ਖਾਣ ਨੂੰ ਇਕ ਵੀ ਬੰਦਾ ਕੰਮ ਆ ਨਈਂ ਲੱਭਦਾ, ਸੁਆਦ ਦੀ ਗੱਲ ਕਰਨ ਨੂੰ ! ਜੇ ਕਿਸੇ ਨਾ ਧੱਕ-ਬਲੱਕਾ ਕਰੋ ਈ ਕਰੋ , ਤਾਂ ਅਗਲਾ ਉੱਖੜੀ-ਕੁਹਾੜੀ ਆਂਗ ਉੱਲਰ  ਕੇ ਪੈਂਦਾ ਅੱਗੋਂ- ਜਾਹ ਓਏ ਜਾਹ , ਵੱਡਿਆ ਲੀਡਰਾ ! ਤੈਤੋ ਮੰਗ ਕੇ ਪੀਤੀ ਆ ? ਪੱਲਾ ਖ਼ਰਚਿਆ ਪੱਲਾ ! .....ਤੂੰ ਕੀ ਲੈਣਾ , ਫੁਣਕਣਾਂ ! .....ਦੱਸੋ ਫੇਏ ਕੀ ਕਰੇ ਬੰਦਾ , ਐਹੋ ਜੇਹੇ ਨੂੰ ! ਚਲੋ ਏਹ ਗੱਲ ਤਾਂ ਹੋਈ ਸੋ ਹੋਈ , ਇਕ ਗੱਲ ਹੋਰ ਵੀ ਆ ਬਾਊ ਜੀ , ਜ਼ਰੂਰੀ ਤੇ ਵਿਚਰਨਯੋਗ । -ਆਪਣਾ ਜੱਦੀ-ਪੁਸ਼ਤੀ ਕਾਰ-ਕਿੱਤਾ ਏਹ ਸਾਰੋਈ ਛੱਡ ਗਏ , ਐਥੋ ਆ ਕੇ । ਸਿਵਾ ਕਾਰੂੰ ਹੋਣਾਂ ਦੇ ਟੱਬਰ ਦੇਏ ।.....ਓਹੀ ਜਿਨ੍ਹਾਂ ਦੀ ਜੋੜੇ-ਜੁੱਤੀਆਂ ਦੀ ਦੁਕਾਨ ਆ ਵੱਡੀ ਸਾਰੀ । ਅੱਡਾ ਲੰਘ ਕੇ, ਬੈਂਕ ਆਲੇ ਪਾਸੇ ਨੂੰ , ਖੂਹੀ ਆਲੇ ਮੋੜ ਤੇ । .....ਹੁੰਦੇ ਆ ਨਾ ਤਿਨ ਜਣੇ ਇਕੋ ਥਾਂ ਬੈਠੇ । ਉਹ ਭਰਾ ਈ ਤਿੰਨੋਂ । ਬੁੜਾ ਵੀ ਹੈਗਾ ਅਜੇ ਉਨ੍ਹਾਂ ਦਾ, ਦੁਨੀਆਂ । ਉਨ੍ਹੇ ਮਾਈ ਦੇ ਲਾਲ ਨੇ ਵੀ ਰੰਬੀ –ਪੱਥਰੀ ਅਜੇ ਤੱਕ ਨਈਂ ਛੱਡੀ । ਅਜੇ ਸਭਿਆਰ ਨੂੰ ਅੱਧਾ ਉਹ ਐਸ ਬੰਨ੍ਹੇ ਆਂ, ਅੱਧਾ ਅਗਲੇ ਬੰਨੇ । ਨਾਂਹ ਉਦ੍ਹੀਆਂ ਅੱਖਾਂ ਕੰਮ ਕਰਦੀਆਂ , ਨਾ ਹੱਡ ਗੋਡੇ । ਅੰਗ-ਪੈਰ ਸਾਰੇ ਈ ਜੁੜੇ ਪਏ ਆਂ , ਬੈਠ ਬੈਠ ਕੇ । ਪਰ, ਓਸ ਪਿਉ ਦੇ ਪੁੱਤ ਨੇ, ਫੇਰ ਵੀ ਕਦੀ ਅੱਡਾ ਸੁੰਨਾ ਨਈਂ ਛੱਡਿਆ ! ਉਹ ਆਂਹਦਾ ਹੁੰਦਾ –“ਜੇਸ ਰੰਬੀ-ਪੱਥਰ ਨੇ ਆਹ ਪਿੰਡ ਵਸਦਾ ਕੀਤਾ , ਆਹ ਸਾਰਾ ਕੁਨਬਾ ਐਸ ਥਾਂ ਲਿਆਂਦਾ , ਹੱਡਾ-ਰੋੜੀਆਂ ‘ਚ ਕੱਢ ਕੇ, ਉਹ ਏਨੂੰ ਛੱਡ ਜਾਣ, ਸੋ ਵਾਰੀ ਛੱਡ ਜਾਣ ! ਮੈਂ ਤਾਂ ਨਈਂ ਛੱਡਦਾ ਜੀਂਏ ਜੀਅ........।” ਉਹ ਬੜਾ ਠੋਕ-ਵਜਾ ਕੇ ਕਹਿੰਦਾ ਹੁੰਦਾ ਬਾਊ ਜੀਈ – “ਸ਼ੈਰ੍ਹੀ ਥਾਈਂ ਅੱਪੜ ਕੇ ਤਾਂ ਸਾਡੀ ਜਾਤ ਦੋ ਡੰਡੇ ਉੱਚੀ ਹੋ ਗਈ , ਉੱਚੀ !..... ਹੁਣ ਅਸੀ ਨਾ ਮਰੇ ਡੰਗਰ ਚੁੱਕੀਏ , ਨਾ ਗਲੀਆਂ-ਨਾਲੀਆਂ ਸਾਫ਼ ਕਰੀਏ । ” ਸਾਨੂੰ ਤਾਂ ਪਾਤਅ ਈ ਨਈਂ ਲੱਗਾ ਐਨਾ ਚਿਰ – ਏ । ਕੰਮ ਸਾਡਾ ਨਸੀਂ , ਸਾਥੋਂ ਹੇਠਲੀਆਂ ਜਾਤਾਂ ਦਾ ਆ – ਚੂੜਿਆ, ਚੱਪੜਿਆਂ ਦਾ  । ਥਬੇਰਾ ਚਿਰ ਕਰ ਲਿਆ ਅਨਭੋਲਪੁਣੇ ‘ਚ । ....ਹੁਣ ਕਿਉਂ ਕਰੀਏ ..? ਤੇ ਜੜ੍ਹਾ ਕੰਮ ਸਾਰਾ , ਉਹ ਅਸੀਂ ਛੱਡੀਏ ਕਿਉਂ ? ਗੁਰੂ ਮ੍ਹਾਂਰਾਜ ਨੇ ਸਾਰੀ ਉਮਰ ਕੀਤਾ , ਰਵਿਦਾਸ ਮ੍ਹਾਰਾਂਜ਼ ਨੇ ।“....ਲੋਕ ਤਾਂ ਬਾਊ ਜੀ ,ਏਹ ਵੀ ਕਹਿੰਦੇ ਸੁਣੀਦੇ ਆ, ਪਈ  ਉਨੂੰ ਜੇੜ੍ਹੀ ਪੌਣ ਆਉਦੀ ਆ ਨਾ ਵੀਰਵਾਰ ਦੇ ਵੀਰਵਾਰ – ਉਹ ਵੀ ਰਵਿਦਾਸ ਮ੍ਹਾਂਰਾਜ ਦੀਓ ਆ .....। ਉਂਝ ਆਪਣੇ ਮੂੰਹੋਂ ਤਾਂ ਉਹਨੇ ਦੱਸੀ ਕਦੇ ਨਈਂ ।ਪਰ , ਵੀਰਵਾਰ ਦੇ ਵੀਰਵਾਰ ਜਦ ਚੌਂਕੀ ਲਗਦ ਆ ਉਦ੍ਹੀ ਤਾਂ ਰਵਿਦਾਸ ਮਾਹਰਾਜ ਦੀਆਂ ਫੋਟੋਆਂ ਉਦੇ ਅੱਗੇ-ਪਿੱਛੇ ਵੀ ਹੁੰਦੀਆਂ , ਸੱਜੇ-ਖੁੱਦੇ ਵੀ । ਉਂ ਬਾਉ ਜੀਈ ਉਨ੍ਹੀ ਦਿਨੀਂ ਦੇਖਣ ਆਲਾ ਹੁੰਦਾ  ਉਦ੍ਹਾ ਜਲ-ਜਲੋ ।......ਕਿਤੇ ਬੁੜ੍ਹਾ ਮਘ੍ਹਦਾ । ਕਿਤੇ ਫੂੰਕਾਰੇ ਮਾਰਦਾ !! ਕਿਤੇ ਗੱਜਦਾ ਬੁੜ੍ਹਕਦਾ !!!ਪਤਆ ਨਈ ਤਾਂ ਬਾਊ ਜੀ ਲਾਗੜ ਹੋ ਗਈਆਂ ਉਹ ,  ਜਾਂ ਹੋਰ ਕੋਈ ਗੱਲ ਆ ਵਿਚੋਂ । ....ਉਹ ਮਾਈ ਅੱਤੋ ਆ ਨਾ ਅੱਤੇ , ਨੀਮੀਂ ਗਲੀ ਆਲੀ , ੳਹੀ ਜੇਦ੍ਹਾ ਵੱਡਾ ਮੁੰਡਾ ਐਮ.ਸੀ. ਆ ਐਸ ਵਾਰਡ ਦਾ, ਉਹਦੇ ਤਾਂ ਧਰਮ ਨ ਡਰ-ਭਓ ਕਿਧਰੇ ਲਾਗਿਓ ਨਈਂ ਲੰਘਦਾ । ਡੋਲੀ ਖੇਲ੍ਹਦੀਆਂ ਤੀਮੀਆਂ ਨੂੰ ਐਉਂ ਜੁੜ ਲੈਂਦੀ ਆ ਝਾਟਿਓਂ ਫੜ ਕੇ, ਜਿਉਂ ਬੱਕਰੀ ਕਾਬੂ ਕਰੀਬੀ ਆ ,ਸਿੰਗਾਂ ਨੁੰ ਖੂੰਡ-ਗਲਾਮਾਂ ਦੇ ਕੇ । ਬਾਕੀ ਦਿਨਾਂ ‘ਚ ਉਹ ਖ਼ਟਾਰਾ ਜਿਆ ਕਿਧਰੇ ਕੰਨ ‘ਚ ਪਾਇਆ ਨਈਂ ਰੜਕਡਾ , ਪਰ ਵੀਰਵਾਰੀਂ ਉਦ੍ਹੀ ਕਿਤੇ ਅੱਡੀਂ ਭੁੰਜੇ ਨਈਂ ਲਗਦੀ । ....ਸਵੇਰੇ ਸੁੱਚੇ ਮੂੰਹ ਉਸ ਸਾਰਾ ਪਿੰਡ ਗਾਹ ਮਾਰੂ , ਘਰ ਘਰ ਜਾ ਕੇ ਹੋਕਾ ਦਿਊ – “ ਅੱਜ ਬਾਬੇ ਦੁਨੀਆ ਦਾਸ ਦੀ ਚੌਂਕੀ ਆ ਚੌਂਕੀ ....ਟੈਮ ਨਾ ਗੋਹਾ-ਕੂੜਾ ਕਰਕੇ  ਪੁਜਿਓ ਕੁੜੈ , ਬਾਬੇ ਦੀ ਕੁਟੀਆ । ਜੋੜੀ ਪਹਿਲਾਂ ਉੱਪੜੂ , ਉਦ੍ਹਾ ਨੰਬਰ ਪਹਿਲਾਂ  ਲੱਗੂ ....ਫੇਅਰ ਨਾ ਉਲ੍ਹਾਮਾਂ ਦੇਇਓ ਬੇਬੇ ਨੂੰ- ਮੈਂ ਰਹਿ ਗਈ , ਮੈਂ ਪੱਛੜ ਗਈ , ਹਾਂਆਂ ....।

ਲਓ ਬਾਊ ਜੀ ,ਤੁਸੀ ਝੂਠ ਮੰਨੋ ਜਾਂ ਸੱਚ , ਮੈਂ ਜਦ ਦਾ ਏਥੋ ਆਇਆਂ ਨਾ ਪਿੰਡੋ , ਮੇਰੇ ਤਾਂ ਕਪਾਟ ਈ ਖੁੱਲ ਗਏ ਆ, ਸੱਚ-ਝੂਠ ਨਿੱਤਰਦਾ ਦੇਖਦੇ ।.....ਉਹੀ ਮਾਈ ਅੱਤੋ , ਭਰੀ ਚੌਂਕੀ ‘ਚ ਵੀਰਵਾਰ ਦੇ ਵੀਰਵਾਰ ਜੇਹਦੀ ਪੁੱਛ ਸੱਭ ਤੋਂ ਪਹਿਲਾਂ ਕੱਢਦੀ ਆ, ਆਉਂਦੀ ਛਿਮਾਹੀ-ਤਿਮਾਹੀ ‘ਚ ਉਹਦੇ ਵਾਰੇ-ਨਿਆਰੇ ਹੋਈ ਤੁਰੇ ਜਾਂਦੇ ਆ – ਕਿਸੇ ਦਾ ਵਿਆਹ-ਸ਼ਾਦੀ ਕਿਸੇ ਨੂੰ ਨੌਕਰੀ-ਤਰੱਕੀ , ਕਿਸੇ ਦੇ ਪੁੱਤ-ਪੋਤਰਾ , ਕਿਸੇ ਨੂੰ ਨਫਾ –ਫੈਦਾ । ਸਾਲ ਖੰਡ ‘ਚ ਅਗਲਾ ਕਿਤੇ ਦਾ ਕਿਤੇ ਜਾ ਨਿਕਲਦਾ । ਨਾਲ ਈ ਸੜਕੋਂ ਪਾਰਲੀ ਬਸਤੀ ‘ਚ ਕੋਠੀ ਪੈ ਜਾਂਦੀ ਆ । .....ਦੀਸ਼ਾ ਆ , ਸੇਮਾਂ ਆਂ , ਲੋਚਨ ਆ , ਰਾਜੂ ਆ , ਭੱਗਾ, ਦੇਬੂ , ਅੰਬੂ , ਖੁਸ਼ੀਆ – ਕੀ ਹੁੰਦੇ ਸੀ ਪਹਿਲਾਂ , ਨਲੀ-ਚੋਚੋ ਜੇਏ ! ਪਏ ਹਰਲ-ਹਰਲ ਕਰਦੇ ਸੀ ਐਸੇ ਪਿੰਡ ਦੇ ਧੂੜ-ਘੱਟੇ ‘ਚ  । ਹੁਣ ਦੇਖ ਲਓ ਕਿੱਡੀ ਟੋਰ ‘ਚ ਘੁੰਮਦੇ ਆ ਸਾਰੇ ਈ । ....ਕੋਈ ਮਾਸਟਰੀ-ਹੈਡਮਾਸਟਰੀ ਕਰਦਾ , ਕੋਈ ਬੈਂਕ ਕਲਰਕੀ-ਅਫ਼ਸਰੀ । ਕੋਈ ਕਿਸੇ ਖ਼ਰੇ ਮਹਿਕਮੇ ‘ਚ ਡਟਿਆ ਪਿਆ , ਕੋਈ ਕਿਸੇ ਖ਼ਰੀ ਸੀਟ ਤੇ । ਅੱਗੋਂ ਘਰਾਂ ਵਾਲੀਆਂ ਵੀ ਉਹੋ ਜੇਈਆਂ ਕੁੱਟ ਲਈਆਂ , ਨੌਕਰੀ ਪੇਸ਼ਾਂ । ਉਹ ਕੱਮੀ-ਕਾਰੀਂ ਜਾਣ , ਨਾ ਜਾਣ , ਤਲਬਾਂ ਤਰਨੀਆਂ ਈ ਤਰਨੀਆਂ ਦੋਨਾਂ ਪਾਸਿਓਂ । ਹੁਣ ਨਾ ਉਨ੍ਹਾਂ ਨੂੰ ਦਿਹਾੜੀ-ਦੱਪੇ ਦਾ ਫਿਕਰ ਆ , ਨਾ ਸਵਾਰੀ –ਗ੍ਰਾਹਕ ਦਾਅ। ਜਿੱਦਾਂ ਦਾ ਏਨ੍ਹਾਂ ਦੇ ਭੈਣਾਂ-ਭਰਾਮਾਂ ਨੂੰ ਆਂ, ਐਧਰਲਿਆ ਨੂੰ ! ...ਉਨ੍ਹਾਂ ਦਾ ਮੇਲ-ਮਿਲਾਪ ਵੀ ਬਾਊ ਜੀ , ਹੁਣ ਅਪਣੇ ਪਿਤਾ-ਪੁਰਖਿਆਂ ਨਾਲ ਓਪਨ ਨਈਂ ਰਿਹਾ । ਓਪਨ ਤੋਂ ਮੇਰਾ ਮਤਲਬ ਕਿ ,ਮਾਂ-ਪਿਓ , ਤਾਏ-ਚਾਚੇ , ਭੈਣ-ਭਰਾ ਨੂੰ ਮਿਲਣ –ਗਿਲਣ ਲਈ ਰਾਤ ਦੀ ਉਡੀਕ ਕਰਨੀ ਪੈਂਦੀ ਏਨ੍ਹਾਂ ਨੂੰ । ਪਤਾ ਕਿਉਂ ? ਉਹ ਇਸ ਲਈ ਕਿ ਲੌਢੇ ਵੇਲੇ ਤੱਕ ਤਾਂ ਏਹ ਲੋਕੀਂ ਊਈਂ ਘਰੀਂ ਨਹੀਂ ਹੁੰਦੇ । ਕੋਈ ਸਕੂਲੀਂ ਗਿਆ ਹੁੰਦਾ, ਕੋਈ ਕਫ਼ਤਰੋਂ । ਪਰ, ਖੜੇ ਦਿਨ ਵੀ ਇਹ ਅਪਣੇ ਜੰਦੀ-ਪੁਸ਼ਤੀ ਘਰਾਂ ਵੱਲ ਮੂਹ ਨਈਂ ਕਰਦੇ । ਓਸਲੇ ਪਤਾ ਕਿੱਥੇ ਹੁੰਦੇ ਆ ਏਹ ? ਮੈਂ ਦੱਸਦਾਂ ਬਾਊ ਜੀਈ , ਕਿੱਥ ਹੁੰਦੇ ਆ ਓਸਲੇ । ਇਹ ਜਾਂ ਤਾ ਬੂਹੇ-ਕੁੰਡੇ ਲਾ ਕੇ ਅੰਦਰੀਂ ਡਿੳਗੇ ਹੁੰਦੇ ਆ ਸੋਫਿਆਂ-ਗੱਦਿਆ ਤੇ ਫੜੀਆਂ-ਫਿਲਮਾਂ ਦੇਖਦੇ ਜਾਂ ਕਿਧਰੇ ਅਪਣੇ ਸਵਰਨ ਜਾਤੀ ਸੀਨੀਅਰ-ਯੂਨੀਅਰ ਸਟਾਫ਼ ਮੈਂਬਰਾਂ ਨਾ ਗੱਪ-ਛੱਪ ਮਾਰਦੇ ਹੁੰਦੇ ਆ , ਉਨ੍ਹਾਂ ਦੇ ਘਰੀ-ਬੰਗਾਲੀਂ । ਨਾਲ ਹੁੰਦੀਆਂ ਏਨਾਂ ਦੀਆਂ ਤੀਮੀਆਂ-ਰਾਣੀਆਂ, ਪਟਰਾਣੀਆਂ । ਨਾਲ ਹੁੰਦਾ ਆ ਬਾਲ-ਬੱਚਾ , ਗੁੰਡੇ-ਗੁੱਡੀਆਂ ਵਰਗਾ , ਚਾਬੀਦਾਰ ਖਡੌਣਿਆਂ ਵਰਗਾ । ਇਹ ਬਾਲ-ਬੱਚਾ, ਧਰਮਪੁਰੀ ਬੱਚਾ-ਪਾਰਟੀ ਨਾਲ ਊਈਂ ਨਈਂ ਰਚਦਾ-ਮਿਚਦਾ । ਰਚੇ ਮਿਚੇ ਵੀ ਕਿੱਦਾਂ ਬਾਊ ਜੀਈ – ਇਕ ਪਾਸੇ ਫੈਸ਼ਨਦਾਰ ਜੀਨਾਂ-ਫਰਾਕਾਂ , ਦੂਜੇ ਪਾਸੇ ਟੁੱਟੇ-ਖੁੱਸੇ ਝੱਗੇ –ਪਜਾਮੇਂ । ਉਹ ਵੀ ਕਿਸੇ ਕਿਸੇ ਕੋਲ । ਬਾਕੀ ਦੀ ਸੱਭ ਨੰਗ-ਥੜੰਗ,ਮੈਲ੍ਹ-ਮਿੱਟੀ ‘ਚ ਲੱਥ-ਪੱਥ । ਹੈਅ ਕੋਈ ਮੇਲ ਦੋਨਾਂ ਪਾਸਿਆਂ ‘ਚ ? ਨਈਂ ਹੈ ਨਾ ? ਏਹੀ ਹਾਲ ਏਨਾਂ ਦੇ ਨਾਮਾਂ-ਥਾਮਾਂ  ਦਾਆ । ਉਹ ਦੀਸ਼ਾ ਆ ਨਾ ਦੀਸ਼ਾ , ਵਿੰਗੜ ਜਿਹਾ – ਅੱਤੋ ਮਾਂਈ ਦਾ ਵਿਚਕਾਰਲਾ ਮੁੰਡਾ, ਉਹਦਾ ਓਧਰਲਾ ਨਾ ਪੜਾਅ ਕੀ ਆ ? ਉਹਦਾ ਨਾਂ ਆ – ਡੀ.ਐਲ.ਭੱਟੀ । ਏਹੋ ਹਾਲ ਦੁਨੀਏ ਦੇ ਸੇਮੋਂ ਦਾ । ਉਹਦਾ ਨਾਂ ਆ – ਐਸ.ਐਲ.ਭਾਰਦਵਾਜ । ਏਦਾਂ ਦੀ ਲੋਚਨ ਆਂ – ਐਲ.ਕੇ.ਬਖਸ਼ੀ । ਏਦਾਂ ਈ ਰਾਜੂ ਆ – ਆਰ.ਕੇ. ਲੱਧੜ । ਰਿਹਾ ਕੋਈ ਫ਼ਰਕ ਤੁਆਡੇ ਨਾਲੋਂ , ਤੁਆਡੇ ਬਾਲ-ਬੱਚੇ ਨਾਲੋਂ ? ਨਈਂ ਰਿਹਾ ਨਾ । ਲਓ ਆਹੀ ਗੱਲ ਆ ਜੇੜ੍ਹੀ ਵੇਹੜੇ ਨੂੰ ਵੇਹੜੇ  ਨਾਲੋਂ ਕੋਹਾਂ ਦੂਰ ਕਰੀ ਬੈਠੀ ਆ । ਮੈਨੂੰ ਤਾਂ ਐ ਲਗਦਾ ਬਾਊ ਜੀਈ ਓਸ ਵੇਹੜੇ ਦਾ ਐਸ ਵੇਹੜੇ ਨਾ ਲੱਗ ਲਗਾਓ ਰਹਿਣਾ ਈ ਕੋਈ ਨਈਂ ਐਸ ਸਾਬ੍ਹ ਨਾ । ਅੱਵਲ ਤਾਂ ਉਹ ਅਪਣੇ ਪਿਤਾ-ਪੁਰਪਿਆਂ , ਤਾਇਆਂ-ਚਾਚਿਆਂ , ਭੈਣਾਂ-ਭਰਾਮਾਂ ਨੂੰ ਅਪਣੇ ਦਰੀਂ-ਘਰੀਂ ਖੁਲ੍ਹੇ-ਆਮ ਸੱਦਦੇ ਈ ਨਹੀਂ ,ਜੇ ਕਿਤੇ ਅਣਸਰਦੇ ਨੂੰ , ਕਿਸੇ ਕਾਰ-ਵਿਹਾਰ ਤੇ ਕਰਨਾ ਈ ਪਏ ਕੋਈ ਹੇਠਾ-ਉੱਤਾ ਤਾਂ ਏਨਾਂ ਦੇ ਪਿਤਾ-ਪੁਰਖਿਆਂ ਦੀ ਹਾਲਤ ਲਾਗੀਆਂ ਨਾਲੋਂ ਵੀ ਮਾੜੀ ਹੁੰਦੀ ਆ । ਕੋਈ ਵਿਚਾਰਾ ਭਾਂਡਾ-ਠੀਕਰ ਸਾਂਭਦਾ ਹੁੰਦਾ , ਕੋੲ. ਮੰਜੇ-ਬਿਸਤਰੇ । ਕੋਈ ਕਿਸੇ ਕੋਠੇ-ਬਨੇਰੇ ਬੜ੍ਹਿਆ ਬੈਠਾ ਵਕਤ ਕੱਟੀ ਕਰ ਰਿਹਾ ਹੁੰਦਾ , ਕੋਹੀ ਕਿਸੇ ਖੂੰਜੇ ਘੁਰਨੇ।  ਤੇ ਏਹ ਅਪਣੀ ਪੱਧਰ, ਅਪਣੀ ਕਿਸਮ ਦੇ ਆਇਆ-ਗਿਆਂ ਨਾਂ ਬੈਠਕਾਂ-ਬਰਾਂਡਿਆਂ ‘ਚ ਵੱਖਰੇ-ਵੱਖਰੇ ਜ਼ੀਜ਼ੀਰੇ ਬਣਾਈ ਗੱਲਾਂ-ਗੜੱਪਾਂ ‘ਚ ਮਘ੍ਹਨ ਹੁੰਦੇ ਆ ....। ਹੈ ਕਿ ਨਈਂ ਅਚੰਭੇ ਆਲੀ ਗੱਲ – ਸ਼ਾਨਦਾਰ ਭਾਰਤ ਦਾ ‘ਸ਼ਾਨਦਾਰ’ ਅਜੂਬਾ.....! ‘

ਨੀਵੀਂ ਪਾਈ ਤੁਰਿਆ ਸੂਤਰਧਾਰ , ਲਗਾਤਾਰ ਬੋਲੀ ਗਿਆ.....ਬੋਲੀ ਗਿਆ । ਤੁਰਦਾ-ਬੋਲਦਾ , ਉਹ ਅਗਲੇ ਚੌਂਕ ਤੱਕ ਅੱਪੜ ਗਿਆ.....ਗੋਲ ਥੜੀ ਵਾਲੇ ਵੱਡੇ ਚੌਂਕ ‘ਚ । ਜਿਹੜਾ ਨਵੀਂ ਬਸਤੀ ਦੇ ਨਕਸ਼ੇ ਲਈ ਅੰਬੇਦਕਰ ਚੌੱਕ ਸੀ ਤੇ ਪੁਰਾਣੇ ਧਰਮਪੁਰ ਲਹ. , ਗਾਂਧੀ ਚੌਂਕ ।

“....ਲਓ ਆਹ ਵੀ ਦੇਖ ਲਓ .....ਆਹ ਥੜੀ ਖ਼ਬਨੀ ਕਿੰਨੀ ਵਾਰ ਬਣੀ ਆਂ, ਕਿੰਨੀ ਵਾਰ ਢਿੱਠੀ ! ਹੈਅ ਹੋਈ ਸਾਬ੍ਹ ? ...ਹੁਣ ਤਾਂ ਏਸ ਥਾਂ ਹੋਏ ਉਦਘਾਟਨੀ ਜਸਲਿਆਂ ਦੀ ਗਿਣਤੀ ਵੀ ਚੇਤੇ ਨਈਂ । ....ਮੈਨੂੰ ਤਾਂ ਐਂ ਲਗਦਾ ਬਾਊ ਜੀਈ , ਏਥੇ ਹੋਰ ਕਿਸੇ ਨੇਤਾ ਦੀ ਪੁੜੀ ਨਈਂ ਖੁਲ੍ਹਣੀ । ਉਹ ਸਾਰੇ ਈ ਖੱਟੇ-ਬਾਸੇ ਹੋ ਗਏ ਆ,ਘਸ-ਪਿੱਟ ਕੇ । ...ਮੈਨੂੰ ਤਾਂ ਪੱਕਾ ਯਕੀਨ ਆਂ ਬਾਊ ਜੀ ,ਏਥੇ ਜਦ ਵੀ ਲੱਗੂ ਤੁਹਾਡਾ ਈ ਬੁੱਤ ਲੱਗੂ ਜਾਂ.....ਜਾਂ ਫਿਰ ਮੇ...ਮੇ....ਮੇ.....ਰਾ । ”

....ਉਸ ਨੂੰ ਲੱਗਾ ਕਿ ....ਕਿ ਉਸ ਦੇ ਨਾਲ ਨਾਲ ਤੁਰਦੇ ਆਏ ਬਾਊ ਜੀ , ਬੜਾ ਜ਼ੋਰਦਾਰ ਠਹਾਕਾ ਮਾਰਕੇ ਹੱਸੇ ਹਨ ,ਪੂਰਾ ਖਿੜ-ਖੜਾ ਕੇ ।

ਝੱਟ ਉਸ ਨੇ ਠਠੰਬਰ ਕੇ ਬਾਊ ਜੀ ਵਲੋਂ ਉੱਠੇ ਹਾਸੇ ਵੱਲਾ ਨਿਗਾਹ ਘੁਮਾਈ ਤਾਂ ਹੋਰ ਵੀ ਬੌਂਦਲ ਗਿਆ – ਨਾ ਉੱਥੇ ਬਾਊ ਜੀ ,ਨਾ ਬਾਊ ਜੀ ਦਾ ਜਿੰਨ-ਭੂਤ । ਜਗਦੀ-ਬੁਝਦੀ ਮਰਕਰੀ  ਬੱਤੀ ਵਾਲੇ  ਉੱਚੇ ਖੰਭੇ ਲਗੇ ਤਾ ਉਹ ਕੱਲਾ ਈ ਖੜਾ ਸੀ ਇਕਦੰਮ ਇਕੱਲਾ ।

ਪਲ ਦੀ ਪਲ , ਜਿਵੇਂ ਉਸਦੀ ਸਾਰੀ ਸੁਰਤੀ ਕਿਧਰੇ ਗੁੰਮ-ਗੁਆਚ ਗਈ ਹੋਵੇ .....।

ਉਸ ਨੂੰ ਰਤਾ-ਮਾਸਾ ਸਮਝ ਨਾ ਲੱਗੀ ਕਿ ਉਸ ਦੇ ਨਾਲ ਨਾਲ ਤੁਰਦੇ ਆਏ ਬਾਊ ਜੀ , ਬਾਊ ਜੀ ਸਨ ਕਿ ਛਲਾਵਾ !!

ਉਨ੍ਹੀਂ ਪੈਰੀਂ ਮੁੜਿਆ , ਉਹ ਅਪਣੇ ਕਮਰੇ ਦੀ ਟਿਕਵੀਂ ਮੱਧਮ ਰੌਸ਼ਨੀ ਦੀ ਜਾਣੀ-ਪਛਾਣੀ ਜੂਹ ਅੰਦਰ ਆ ਡਿਗਿਆ – ਨਾ ਖੁਸ਼ ,ਨਾ ਪ੍ਰਸੰਨ , ਨਾ ਉਦਾਸ , ਨਾ ਮਾਯੂਸ .....।

X                      X                      X                      X

“....ਵੇ ਕਰਮਿਆਂ ....ਵੇ ਕਰਮਿਆਂ ਵੇਏ ....ਦੇ , ਵੇ ਮਰੀ ਪੈਣਿਆਂ ਅੰਦਰ ‘ਕੀ ਕਰਦਆ ਐਸਲੇ ਤਾਈਂ ...?” ਬੁੱਢੀ ਮਾਈ ਅੱਤੋ ਸਵੇਰ ਸਾਰ ਕਰਮੇਂ ਦੇ ਘਰ ਮੂਹਰੇ ਆ ਧਮਕੀ ।ਉੱਪਰੋ-ਥਲੀ ਤਿੰਨ-ਚਾਰ ਆਵਾਜ਼ਾਂ ਮਾਰਦਿਆਂ , ਉਸਨੇ ਗਲੀ ਵੱਲ ਨੂੰ ਖੁਲ੍ਹਦੇ ‘ਬੈਠਕ ਦੇ ਦਰਵਾਜ਼ੇ ਦੇ ਹੱਥਲੀ ਸੋਟੀ ਜ਼ੋਰ ਦੀ ਮਾਰ  ਖੜਕਾਈ ।

ਸੁੱਤ-ਉਣੀਂਦਰੇ ਕਰਮੇਂ ਨੇ ਝੱਟ ਉੱਠ ਕੇ ਦਰਵਾਜੈ ਦੀ ਕੁੰਡੀ ਲਾਹੀ – “ਆ ਜਾ  ਮਾਸੀ , ਲੰਘ ਆ ਅੰਦਰ ....।”

“ਵੇ ਹੂੰ ਹਜੇ ਸੁੱਤਾ ਦੀ ਪਿਆਂ ...ਗਰਕ ਜਾਣਿਆਂ ਤੇਰੀ ਹਜੇ  ਜਾਗ ਈ ‘ਨਈਂ ਖੁੱਲੀ ! ਉਹ ਤੇਰੇ ਕੁਲਗਦੇ ਕਸਤੂਰੀ ਹੋਣੀ ਗੇੜਾ ਵੀ ਮਾਰ ਗਏ ਆ ਘਰੋ-ਘਰੀ । ...ਅੱਜ ਤਾਂ ਖ਼ਸਮਾਂ ਖਾਣੇ ਰੰਨਾ ਵੀ ਨਾਲ ਈ ਖਿੱਚੀ ਫਿਰਦੇ ਸੀ,ਬਣਾ-ਸੁਆਰ ਕੇਏ ....।”

’ਚਲ ਚੰਗਾ ਹੋਇਆ ਏਸੇ ਬਹਾਨੇ ਸ਼ਾਹਣੀਆਂ ਪਿੰਡ ਦੇਖ ਗਈਆਂ ਸਾਡਾ....” ਅੱਖਾਂ ਮਲ਼ਦਾ ਕਰਮਾ ਅੱਤੋ ਮਾਈ ਲਈ ਕੁਰਸੀ ਖਿੱਚ ਕੇ ਆਪ ਫਿਰ ਮੰਜੀ ਤੇ ਬੈਠ ਗਿਆ – “ਤੂੰ...ਤੂੰ ਦੱਸ ਕਿੱਦਾਂ ਚਰਨ ਪਾਏ ਆ ਸਵੇਰੇ ਸਵੇਰੇ ....?”

“ਵੇ ਟੁੱਟ ਪੈਣਿਆਂ , ਤੈਨੂੰ ਨਈਂ ਪੜਾਅ ਵੇ ਮੇਂ ਕਿੱਦਾਂ ਆਈ ਆਂ......। ਵੇ ਉੱਪਰੋਂ ਦਿਨ ਕੇਹੜੇ ਰਹਿ ਗਏ ਆ ਵਿਚਾਲੇ – ਇਕ ਅੱਜ ਦਾ, ਇਕ  ਇਸ ਤੋਂ ਅਗਲਾ ਵੀਰਵਾਰ , ਆਹੀ ਆ ਬੱਸ ।...... ਤੂੰ ਮੇਰਾ ਪੁੱਤ ਉੱਠ ਤੇ ਹੱਥ-ਮੂੰਹ ਧੋ ਕੇ ਤਿਆਰ ਹੋ । ਜਗੀਰ ਨੂੰ ਨਾਲ ਲੈਅ ਤੇ ਜਾਹਾ ਉਨ੍ਹਾ ਅਲ । ਘਰੇ ਈ ਹੋਣੇ ਆ ਸਾਰੇ ।.....ਜਗੀਰ ਕੈਂਦਾ ਸੀ ਛੁੱਟੀ ਆ ਅੱਜ ਦੀਈ ..ਭਲਾ ਕਾਹਦੀ ਛੁੱਟੀ ਆ....? ”

“ਗਾਂਧੀ ਜੈਨਤੀ ਦੀ , ਦੋ ਅਕਤੂਬਰ ਆ ਅੱਜ। ਤੈਨੂੰ .....ਤੈਨੂੰ ਨਈਂ ਇਲਮ । ਐਨਾ ਚਿਰ ਹੋ ਗਿਆ , ਤੈਨੂੰ ਚੱਲੀ ਨੂੰ ਉਨ੍ਹਾਂ ਨਾਲ ,ਬਾਪੂ ਹੁਣਾਂ ਨਾਲ , ਬਾਊ ਹੁਣਾਂ ਨਾਲ ......।”

“ਦੁਰ-ਫਿੱਟੇ ਮੂੰਹ ਤੇਰਾ ਮਾ-ਮਛਕਰੇ ਦਾਆ । ਵੇ ਇਕ ਤਾਂ ਮੇਰੀ ਜ਼ਿੰਦਗੀ ਬੀਤ ਗਈ ,ਹੱਡ –ਗੋਡੇ ਤੜਾਉਂਦੀ ਦੀ , ਤੁਆਡੀ ਖਾਤਰ , ਉੱਪਰੋਂ ਤੂੰ ਖ਼ਸਮਾਂ-ਖਾਣਿਆਂ ਮੱਛਕਰੀਆਂ ਕਰਦਆਂ ....!”

“ਏਹ ਮੱਛਕਰੀਆਂ ਥੋੜੀ ਆ ਮਾਸੀ ! ਮੈਂ ਤਾਂ ਆਹੀ ਕਹਿਨਾ ਕਹਿਨਾ ਪਈ ਐਨੇ ਹੱਡ-ਗੋਡੇ ਰਗੜਾ ਕੇ ਬਣਿਆ-ਸੌਰਿਆ ਕੀ ? ਹੱਥ-ਪੱਲੇ ਕੀ ਪਿਆ  ਸਾਡੇ ਲੋਕਾਂ ਦੇਦੇ...? “

“ ਕਿਉਂ ਵੇ , ਪਿਆ....ਕਿਉਂ ਨਈਂ ? ਮੇਰੇ ਸਾਹਬ ਨਾ ਤਾਂ ਬੜਾ ਫਰਕ ਪਿਆ ਅੱਗੇ ਨਾਲੋਂ ।.....ਕੀ ਹਾਲ ਸੀ ਸਾਡੇ ਲੋਕਾਂ ਦਾ , ਪਿੰਡੀ ਥਾਈਂ ! ਆਹੀ ਨਾ- ਮੋਏ ਡੰਗਰ ਚੁੱਕਣੇ , ਜੀਂਦੇ ਸਾਂਭਣੇ । ਗੋਹਾ-ਕੂੜਾ, ਪੱਠਾ-ਦੱਥਾ, ਲਾਵੀ-ਝੋਕੀ , ਸਵੇਰ ਤੋਂ ਲੈਕੇ ਤਕਾਲਾਂ ਤੱਕ । ਵਗਾਰਾਂ ਵਾਧੂ ਦੀਆਂ । ਨਿੱਕੇ ਤੋਂ ਲੈ ਕੇ ਵੱਡੇ ਤੱਕ, ਸਾਰਾ ਸਾਰਾ ਟੱਬਰ ਜੱਟਾਂ-ਜੀਮੀਂਦਾਰਾਂ ਘਰੀਂ-ਖੇਤੀਂ । ....ਜਦ ਲਾਵੀ-ਸੇਪੀ , ਮੇਹਨਤ-ਮਜ਼ੂਰੀ ਦੀ ਵਾਰੀ ਆਉਂਦੀ ਤਾਂ ਠੁਣ-ਠੁਣ ਗੁਪਾਲ ! ਦਸ-ਦਸ ਗੇੜੇਮਾਰ ਕੇ ,ਅੱਧ-ਪਚੱਧੀ ।ਕਦੀ ਉਹ ਵੀ ਨਾ । ....ਸੀਈ ਕੋਈ ਜੂਨ ਸਾਡੇ ਲੋਕਾਂ ਦੀ ।.....ਏਥੇ ਹੋਰ ਨਈਂ ਤਾਂ ਅਪਣੇ ਸਿਰ ਖੁਦ ਤਾਂ ਹੈਗੇ ਆ ਸਾਰੇ । ਦਿਹਾੜੀ-ਦੱਪਾ,ਹੱਟੀ-ਭੱਠੀ , ਰੇੜੀ-ਰਿਕਸ਼ਾ, ਮੋਟਰ-ਗੱਡੀ , ਸੱਭੋ ਈ ਸੁਖ ਨਾਂ ਅਪਣੇ ਕਾਰ-ਕਿੱਤੇ ਲੱਗਿਓ ਆ ।.....ਹੁਣ ਵੀ ਨਈਂ ਸਬਰ ਤਾਂ ਪੈਣ ਢੱਠੇ ਖੂਹ  ‘ਚ ਮੇਰੀ ਅਲੋਂ .....।“

“ ਲੈ ਹਾਅ ਕਿੱਡੀ ਕੁ ਵੱਡੀ ਸੁਦਾਗਰੀ ਬਣਦੀ ਆ ! ਲੈ ਦੇ ਕੇ ਦੋ-ਚਾਰ ਦੁਕਾਨਾਂ ,ਪੰਜ-ਦਸ , ਖੋਖੇ-ਕੋਈ ਚਾਹ-ਲੱਸੀ ਦਾ , ਕੋਈ ਲੀੜਾ-ਕੱਪੜਾ , ਚੱਪਲਾਂ –ਜੁੱਤੀਆਂ ਸੀਣ-ਪਰੋਣ , ਗੰਢਣ-ਤੁੱਪਣ ਦਾ । ਆਹੀ ਨਾਂ – ਆਏ ਗਏ ਹਰ ਕਿਸੇ ਦੀ ਜੂਠ ਧੋਵੇ , ਜੁੱਤੀਆਂ ਝਾੜੋ ! ਜਿਹੇ ਪਹਿਲਾਂ ਸੀ ਕੰਮੀ-ਕਮੀਣ , ਉਹੋ ਜਿਹੇ  ਹੁਣੇ । ਹੈਅ ਕੋਈ ਇੱਜ਼ਤਦਾਰ ਕਾਰ-ਕਿੱਤਾ ਸਾਡੇ ਕਿਸੇ ਵੀ ਬੰਦੇ  ਕੋਅਲ.....?”

“ਫ਼ਰਕ ਤਾ ਪਿਆ ਈ ਪਿਆ ਫੇਰ ਵੀ ਕੁਸ਼ । ਕਿੱਥੇ ਪਿੰਡੀਂ ਥਾਈਂ ,ਅਸੀਂ ਲੋਕੀ ਭਾਂਡੇ ਵੀ ਅਪਣੇ ਈ ਖੜਦੇ ਸੀ ਰੋਟੀ-ਟੁੱਕਰ ਲਈ , ਕਿੱਥੇ ਹੁਣ, ਆਇਆ ਗਿਆ ਵੱਡਾ-ਛੋਟਾ ਸਾਡੇ ਹੱਥ ਦੀ ਬਣੀ ਚਾਹ-ਲੱਸੀ ਪੀਂਦਾ । ਦੱਸ ਪੀਂਦਾ ਕਿ ਨਈਂ ! .... ਵੇ ਨਖਸਮੀਂ ਦਿਆ ਏਹ ਬਾਊ ਜੀ ਹੋਣਾਂ ਕਰਕੇ ਹੋਇਆ ਸਾਰਾ ਕੁਸ਼, ਬਾਪੂ ਜੀ ਹੋਣਾਂ ਕਰਕੇ ਈ ਹਟੀ ਆ ਛੂਤ-ਛਾਤ ।...ਪਹਿਲਾਂ ਕਦੇ ਲਾਲੇ-ਬਾਣੀਏ ਸਾਡੇ ਘਰੀਂ-ਦਰੀਂ ਗੇੜੇ ਮਾਰਦੇ ਸੀ ਐਂ .....!”

“ਮੈਂ ਤਾਈੳ ਤਾਂ ਕਹਿਨਾ  - ਤੂੰ ਓਸੇਈ ਬਾਪੂ ਜੀ ਦੀ ਜਨਮ ਤਰੀਕ ਵੀ ਭੁੱਲ ਗਈ , ਜਿਨ੍ਹੇ....।“ ਕਰਮੇ ਦੀ ਸ਼ਰਾਰਤ ਵਰਗੀ ਟਕੋਰ ਸੁਣ ਕੇ ਰਤਾ ਕੁ ਸ਼ਾਂਤ ਦਿਸਦੀ ਅੱਤੇ ਮਾਈ ਫਿਰ ਤਲਖ਼ ਹੋ ਉੱਠੀ –“ਵੇ ਉੱਠੇਂਗਾ ਵੀ ਕਿ ਹੈਥੇਈ ਬੈਠੇ ਦੀ ਲੁਤਰ-ਲੁਤਰ ਕਰੀ ਜਾਊ ਤੇਰੀ ਸੜ੍ਹ ਜਾਣੇ ਦੀ ਲੁਤਰੋ ! ਓੱਠ ਕੇ ਮੂੰਹ-ਹੱਥ ਧੋਹ ਤੇ ਜਾਹਾ ਉਹਨਾਂ ਥੇਹ-ਪੈਣਿਆਂ ਅਲ । ਜਗੀਰ ਡੀਕਦਾ ਹੋਣਾ ਤੈਨੂੰ ....। ਉੱਠ ਜਾਹਾ , ਓਥੇ ਈ ਪੀ ਲੀਂ ਜਾ ਕੇ ਚਾਹ ਦਾ ਘੱਟ....।“

ਕਰਮਾਂ ਅਜੇ ਵੀ ਅਧੋਰਾਣਾ ਜਿਹਾ ਬੈਠਾ , ਅੱਧਾ ਕੁ ਮਘ੍ਹਦੇ-ਸੁਲ੍ਹਘਦੇ ਵਰਤਮਾਨ ਨਾਲ ਜੁੜਿਆ ਪਿਆ ਸੀ , ਅੱਧਾ ਕੁ ਠੰਡੇ-ਮੱਠੇ ਅਤੀਤ ਨਾਲ-ਉਸ ਦੇ ਤਾਂ ਅਛੂਤ ਗਿਣੇ ਜਾਂਦੇ ਲੋਕਾਂ ਲਈ , ਮਸਾਂ ਹੱਥ ਲੱਗੀ ਵੱਡੀ ਪੜ੍ਹਾਈ ਦੀ ਅੱਧ-ਵਿਚਕਾਰ ਈ ਛੱਡ ਦਿੱਤੀ ਸੀ । ਚੰਗੇ-ਚੰਗੇ ਘਰਾਂ ਤੋਂ ਆਉਂਦੇ ਕਈ ਸਾਰੇ ਰਿਸ਼ਤੇ ਵੀ ਖਾਲੀ ਹੱਥ ਮੋੜ ਛੱਡੇ ਸਨ। .....ਅਪਣੇ ਲੋਕਾਂ ਦੀ ਹੋਣੀ ਨੂੰ ਧਿਆਨ ਨਾਲ ਵਾਚਦਾ , ਪਹਿਲਾਂ ਉਹ ਬਾਪੂ ਜੀ ਦੀ ਵਿਚਾਰਧਾਰਾ ਵਲ੍ਹ ਖਿਚਿਆ ਗਿਆ, ਫਿਰ ਅਪਣੇ ਈ ਸ਼ਹਿਰ ਦੇ, ਬਾਪੂ ਜੀ ਦੇ ਸੱਭ ਤੋਂ ਵੱਧ ਕਦਰਦਾਨ , ਬਾਊ ਜੀ ਵਲ੍ਹ । ਉਹਦੀ ਨਿਗਾਹ ‘ਚ ਬਾਊ ਜੀ ਇਨਸਾਨ ਨਹੀਂ ਦੇਵਤਾ ਸਾਨ ਦੇਵਤਾ । ਸਾਖ਼ਸ਼ਾਤ ਗਾਂਧੀ ਜੀ ਦਾ ਸਰੂਪ, ਤੱਪ-ਤਿਆਗ ਦੀ ਮੂਰਤੀ । ਕਿਲ੍ਹੇ ਜ਼ਿੱਡੀ ਕੋਠੀ ‘ਚ ਰਹਿੰਦਿਆਂ ਵੀ ਸਾਦ-ਮੁਰਾਦਾ ਜੀਵਨ । ਸਾਦ-ਮੁਰਾਦੇ ਕੱਪੜੇ । ਮੂੰਹ ‘ਚ ਮਿਸਰੀ ਵਰਗੀ ਮਿਠਾਸ । ਦੂਜੇ ਨਈਂ ਤਾਂ ਚੌਥੇ, ਉਹ ਧਰਮਪੁਰ ਜ਼ਰੂਰ ਗੇੜਾ ਮਾਰਦੇ । ਜਗੀਰ ਹੋਰਾਂ ਵਲੋਂ ਉੱਠ , ਕਰਮੇਂ ਦੀ ਬੈਠਕੇ ਕਿੰਨਾ-ਕਿੰਨਾਂ ਚਿਰ ਬੈਠੇ ਰਹਿੰਦੇ । ਅਛੂਤ ਕਲਿਆਣ ਯੋਜ਼ਨਾਵਾਂ ਦੀ ਜਾਣਕਾਰੀ ਦਿੰਦੇ ਰਹਿੰਦੇ -  ‘ਪੂਜਾ ਲਈ ਮੰਦਰ , ਪੜ੍ਹਾਈ ਲਈ ਸਕੂਲ ,ਰਹਿਣ ਲਈ ਬਸਤੀਆਂ , ਪੰਚਾਇਤਾਂ-ਕਮੇਟੀਆਂ ਤੋਂ ਲੈ ਕੇ ਅਸੈਂਬਲੀਆਂ –ਸਭਾਵਾਂ ਤੱਕ ਰਾਖ਼ਵੀਆਂ ਸੀਟਾ....। ’

ਕੁਲ ਵੇਰਵਾ ਸੁਣਦਾ , ਬਾਗੋ-ਬਾਗ ਹੋਇਆ ਕਰਮਾਂ ਕਦੀ ਬਾਊ ਜੀ ਦੇ ਗੋਡੀਂ ਹੱਥ ਲਾਉਂਦਾ  ਕਦੀ ਪੈਂਰੀ ।

“ ਨਾ ਬਈ ਨਾ ਕਰਮਿਆਂ , ਹੁਣ ਨਾ ਐਂ ਕਰ । ਅੱਗੇ ਈ ਥੜਾ ਕਸ਼ਟ ਭੋਗਿਆ ਤੁਸਾਂ !...ਤਿਹਾਸ ਭਰਿਆ ਪਿਆ । ਪੜ੍ਹਿਆ ਈ ਆ ਤੂੰ ਸਾਰਾ ! ਸੀਈ ਕੋਈ ਹਾਲ ਤੁਆਡੇ ਲੋਕਾਂ...ਨਈਂ ਸੀ ਨਾ । ਹੁਣ ਦੇਖ ਲਾਆ , ਕਿੰਨਾਂ ਕੁਸ਼ ਆ ।....ਹੈਅ  ਕੋਈ ਕਮੀਂ-ਪੇਸ਼ੀ , ਕਿਸੇ ਵੀ ਗਲੋਂ ....! ਜੇ ਕੋਈ ਹੋਈ ਵੀ ਮਾੜੀ-ਪਤਲੀ ਉਹ ਵੀ ਦੂਰ ਹੋਈ ਲੈਅ ਅੱਜ-ਭਲਕ । ...ਤੈਨੁੰ ਪਤਆ , ਤੇਰੇ ਪਿੰਡ ਦਾ ਨਾਂ ਧਰਮਪੁਰ ਨਈਂ , ਗਾਂਧੀ ਨਗਰ ਆ , ਗਾਂਧੀ ਨਗਰ ਮੇਰੇ ਕਾਗਜ਼ਾਂ ‘ਚ ....।“

ਬਾਊ ਜੀ ਦਾ ਬਚਨ-ਬਿਲਾਸ ਸੁਣਦੇ ਕਰਮੇਂ ਨੂੰ , ਸੱਚ-ਮੁਚ ਪਹਿਲਿਆਂ ਵੇਲਿਆਂ ਨਾਲ ਮੇਚ-ਖਾਂਦੀ ਕੋਈ ਵੀ ਕਮੀਂ ਪੇਸ਼ੀ , ਉਸਨੂੰ ਧਰਮਪੁਰ ਬਨਾਮ ਮਹੱਲੇ ‘ਚੋਂ ਨਾ ਲਭਦੀ – “ਆਹੀ ਕੁਸ਼ ਹੁੰਦਆ ਬੰਦੇ ਕੋਅਲ , ਹੋਰ ਕੀ ਹੁੰਦਆ ? – ਅਪਣਾ ਘਰ-ਘਾਟ , ਅਪਣਾ ਕੰਮ-ਕਾਰ । ਮਰਜ਼ੀ ਨਾਲ ਖਾਓ-ਹੰਢਾਓ , ਮਰਜ਼ੀ ਨਾਲ ਪਹਿਨੋਂ-ਪਾਓ । ਕਿਸੇ ਦੀ ਹਿੜਕ ਨਈਂ ਕਿਸੇ ਦੀ ਝਿੜਕ ਮਰਜ਼ੀ ਨਾਲ ਖਾਓ-ਹੰਢਾਓ , ਮਰਜ਼ੀ ਨਾਲ ਪਹਿਨੋਂ-ਪਾਓ । ਕਿਸੇ ਦੀ ਹਿੜਕ ਨਈਂ ਕਿਸੇ ਦੀ ਝਿੜਕ ਨਈਂ । ਪਹਿਲੀਆਂ ‘ਚ ਕਿੱਥੇ ਹੁੰਦਾ ਸੀ ਐਓਂ ! ਨਾ ਬੈਠਣ-ਉੱਠਣ ਨੂੰ ਕੋਈ ਥਾਂ ਹੁੰਦੀ ਸੀ , ਨਾ ਟਿਕਾਣਾ । ਹਰ ਵੇਲੇ ਦੀ ਗੁਲਾਮੀ । ਪੰਡਤਾਂ-ਪਰੋਤਾਂ ਦੀ ਵੱਖਰੀ , ਜੱਟਾਂ-ਜੀਮੀਂਦਾਰਾ ਦੀ ਵੱਖਰੀ । ਤੇ ਹੁਣ....ਹੁਣ ਦੇਅ ਲਾਅ – ਸਾਡੇ ਈ ਪਰਛਾਮਿਆਂ ਤੋਂ ਭਿੱਟ ਹੋਣ ਵਾਲੇ ਪੰਡਿਤ-ਪ੍ਰੋਹਤ , ਹੁਣ ਸਾਡੇ ਘਰੀਂ-ਬੈਠਕੀਂ ਚਾਹ-ਪਾਣੀ ਪੀਂਦੇ-ਛਕਦੇ ਆ । .....ਏਨੂੰ ਕਹਿੰਦੇ ਆ ਤਰੱਕੀ, ਸੱਚ-ਮੁੱਚ ਦਾ ਇਨਕਲਾਬ....,”ਅਪਣੇ ਆਪ ਨਾਲ ਗੱਲੀਂ ਪਿਆ ਕਰਮਾਂ , ਪਰ ਜਦ-ਕਦੀ ਉਹ ਹੋਰ ਡੂੰਘਾ ਉੱਤਰ ਕੇ ਅਪਣੇ ਲੋਕਾਂ ਨੂੰ ਹੋਰ ਨੀਝ ਨਾਲ ਦੇਖਦਾ ਤਾਂ ਧਰਮਪੁਰ-ਮਹੁੱਲੇ ਦੀ ਉਨਤੀ-ਤਰੱਕੀ , ਉਸ ਨੂੰ ਬਾਕੀ ਸ਼ਹਿਰ ਦੀ ਉਨਤੀ-ਤਰੱਕੀ ਦੇ ਪਾਸਕੂ ਵੀ ਨਜ਼ਰੀ ਨਾ ਪੈਂਦੀ । .....’ ਇਕ ਪਾਸੇ ਉਹੀ ਨਿੱਕੇ-ਨਿੱਕੇ, ਦੋ ਦੋ ਖਾਨਿਆਂ ਦੇ ਢਾਰਿਆਂ ਵਰਗੇ ਘਰ ।ਤੰਗ-ਤੰਗ ਵਿਹੜੇ । ਅੰਦਰੇ ਈ ਪਸ਼ੂ-ਡੰਗਰ , ਅੰਦਰੇ ਈ ਘਾ-ਪੱਠਾ । ਛੋਟੀਆਂ-ਛੋਟੀਆਂ ਵਿੰਗ-ਤੜਿੰਗੀਆਂ ਗਲ੍ਹੀਆਂ । ਸਾਡੇ ਪਿੰਡ ‘ਚ ਚਾਰ-ਪੰਜ ਟੁਟੀਆਂ । ਕਿਸੇ ਕਿਸੇ ਮੋੜ ਤੇ ਬੱਤੀ , ਉਹ ਵੀ ਮੱਧਮ ਜਿਹੀ । ਤੇ ....ਤੇ ਦੂਜੇ ਪਾਸੇ ! ਗਾਧੀਂ-ਚੌਂਕ  ਤੋਂ ਅਗਲੇ ਬੰਨ੍ਹੇ-ਰਾਜ-ਮਹਿਲਾਂ ਵਰਗੇ ਘਰ-ਕੋਠੀਆਂ , ਚੌੜੀਆਂ-ਵੱਡੀਆਂ ਸੜਕਾਂ, ਵਾਟਰ-ਸਪਲਾਈ , ਸੀਵਰੇਜ਼, ਲਾਈਟਾਂ, ਫਲੱਡ-ਲਾਇਟਾਂ....।“

“...ਵੇ ਤੂੰ ਕੇੜ੍ਹੇ ਖੂਹ ‘ਚ ਲਹਿ ਗਿਆ ਵੇ ....ਮੈਂ ਤੈਨੂੰ ਕੈਨ੍ਹੀਂ ਆ ਉੱਠ । ਜਾਹਾ ਉਨ੍ਹਾਂ ਅੱਲ ਨੂੰ । ਮੈਂ ਆਉਂਨੀ ਰਤਾ ਅਟਕ ਕੇ । ਜੱਦਾ ਆਮਾਂ ਪਿੰਡ । ਵੀਰਵਾਰ ਆ ਅੱਜ , ਚੌਕੀ ਆ ਨਾ ਭਾਈ ਹੋਣਾ ਦੀਈ ....।“ ਮਾਸੀ ਦੀ ਝਿੜਕ ਸੁਣ ਕੇ ਕਰਮਾਂ ਜਿਵੇਂ ਕਿਸੇ ਹਨੇਰੀ ਗੁਫਾ ‘ਚੋਂ ਬਾਹਰ ਆਇਆ ਹੋਵੇ – “ਹੈਅ  ...ਕੀਈ...ਅੱਛਾ ਅੱਛਾ ...ਲੈ ਹੁਣੇ ਜਾਂਦਾਆਂ ....। ”

ਅਣ ਮੰਨੇ ਜਿਹੇ ਮਨ ਨਾਲ ਕਰਮਾਂ ਮੰਜੇ ਤੋਂ ਉੱਠਿਆ ।  ਖੇਸੀ , ਦਰੀ ਤਹਿ ਕਰਕੇ ਪਿਛਲੇ ਅੰਦਰ ਪਈ ਪੇਟੀ ਤੇ ਜਾ ਇਕਾਈ । ਮੂੰਹ ਹੱਥ ਧੋਹ ਉਹ ਛੱਤੜੇ ਹੇਠ ਬੈਠੀ ਮਾਂ ਕੋਲ੍ਹੋਂ ਚਾਹ ਦਾ ਗਲਾਸ ਫ਼ੜਨ ਲੱਗਾ ਤਾਂ ਚੰਦੀ ਅੰਗੋਂ ਕਰਮੇ ਨੂੰ ਖਿਝ ਕੇ ਪੈ ਗਈ – “ਊਅ ...ਊਅ ...ਆ ...ਆਂ....ਆਂ.....ਅੰਞ....ਊਅਞ...ਆਂ.....ਊਆਂ......ਊਅ.......ਊਅ......।” ਗੂੰਗੀ ਮਾਈ ਚੰਦੀ ਦਾ  ਵਿਹਲਾ ‘ਰਹਿਆ-ਭਰੀਆ ’ ਨਹੀਂ ਸੀ ਕੀਤਾ । ਕਈਆਂ ਘਰਾਂ ਤੇ ਸਾਕ ਉਹਨੇ ਅਪਣੇ ਕੰਮ ‘ਚ ਵਿਗਨ ਪੈਣ ਡਰੋਂ ਊਈਂ ਮੋੜ ਛੱਡੇ ਸਨ । ਦੂਜੇ , ਉਸ ਨਾਲੋਂ ਕਿਤੇ ਨਫਿੱਟ ਮੁੰਡੇ-ਕੁੜੀਆਂ ਵੀ ਹੁਣ ਤੱਕ ਕਿਸੇ ਕਾਰ-ਕਿੱਤੇ ਲੱਗ ਕੇ ਕਿਧਰੇ ਦੇ ਕਿਧਰੇ ਪਹੁੰਚ ਗਏ ਸਨ । ਕੋਈ ਧਰਮਪੁਰ ਛੱਡ ਕੇ ਕਿਸੇ ਵੱਡੇ ਸ਼ਹਿਰ ਜਾ ਟਿਕਿਆ ਸੀ , ਕਿਸੇ ਨੇ ਨਵੀਂ ਸੜਕੋਂ ਪਾਰ ਖੁਲ੍ਹੀ-ਮੋਕਲੀ ਕੋਠੀ ਬਣਾ ਕੇ ਟੱਬਰ ਦਾ ਮੂੰਹ-ਮੱਥਾ ਸੁਆਰ ਲਿਆ । ....ਏਧਰ ਕਰਮੇਂ ਨੇ ਕਦੀ, ਨਾ ਅਪਣੀ ਬੁੱਢੀ ਅੱਮਾਂ ਵਲ੍ਹ ਧਿਆਨ ਦਿੱਤਾ , ਨਾ ਘਰ-ਘਾਟ ਵਲ੍ਹ ।ਬਹੁਤਾ ਈ ਕਹਿਣ-ਸੁਨਣ ਤੇ ਉਸਨੇ ਗਲ੍ਹੀ ਨਾਲ ਲਗਦਾ ਖਾਲੀ ਪਿਆ ਢਾਰਾ, ਢਾਹ ਕੇ ਇਕ ਨਿੱਕੀ ਜਿਹੀ ਬੈਠਕ ਬਣਾਈ ਈ ਬਣਾਈ , ਤਾਂ ਉਹ ਵੀ ਸਾਰਾ ਸਾਰਾ ਦਿਨ ਰੰਗ-ਬਰੰਗਾ ਆਇਆ –ਗਿਆ ਮੱਲੀ ਰੱਖਦਾ , ਜਿਸ ਨੂੰ ਚੰਦੀ ਨਾ ਜਾਣਦੀ ਸੀ ਨਾ ਬੁੱਝਦੀ । ਪਰ , ਸੱਭ ਤੋਂ ਵੱਧ ਗੁੱਸਾ ਚੰਦੀ ਨੂੰ ਓਦੋਂ ਆਉਂਦਾ , ਜਦ ਪੈਰ ਘਸੀਟਦੀ ਅੱਤੋ ਦੂਜੇ-ਚੌਥੇ ਕਰਮੇ ਦੇ ਸਰ੍ਹਾਣੈ ਆ ਬੈਠਦੀ । ਉਹ ਕਰਮੇਂ ਨੁੰ ਕਦੀ ਕਿਧਰੇ ਤੋਰੀ ਰੱਖਦੀ ਕਦੀ ਕਿਧਰੇ । ਕਰਮਾਂ ਅੱਗੋਂ ਰਤਾ ਭਰ ਵੀ ਉਜਰ ਨਾ ਕਰਦਾ । ਗੂੰਗੀ-ਬੋਲ੍ਹੀ ਚੰਦੀ ਨੂੰ ਅੱਤੋ ਵਲ੍ਹ ਦੇਖਦਿਆਂ ਸਾਰ ਤਾਅ ਚੜ੍ਹ ਜਾਂਦਾ – ‘ਲੈ ਆ ਗਈ ਫਫੇਕੁੱਟਣੀ , ਚਾਰ ਜਮਾਨੇ ਦੀ ਛੁੱਟੜ । ਹੁਣ ਮੇਰੇ ਪੁੱਤ ਨੂੰ ਕਿਤੇ ਨਾ ਕਿਤੇ ਭੇਜੂ, ਦੂਰ ਨੇੜੇ । ਏਸ ਰਾਂਡ ਨੇ ਅਪਣਾ ਪੁੱਤ ਚੌਧਰੀ ਬਣਾ ਕੇ ਗੋਡੇ ਮੁੱਢ ਬਠਾ ਲਿਆ, ਮੇਰੇ ਪੁੱਤ ਦਾ ਛੱਡਿਆ ਕੱਖ ਨਈਂ .....ਮੇਰਾ ਤਾਂ ਘਰ-ਘਾਟ ਉਜਾੜ ਤਾਆ, ਕੁਲੱਛਣੀ ਨੇ .....।

ਚਾਹ ਪੀਂਦੇ ਕਰਮੇਂ ਨੇਥੋੜ੍ਹਾ ਕੁ ਬੋਲ ਕੇ ਤੇ ਬਾਕੀ ਸਾਰਾ ਇਸ਼ਾਰੇ ਕਰਕੇ , ਅੱਤੋ ਦੇ ਆਉਣ ਦਾ ਕਾਰਨ ਦੱਸਿਆ ਤਾਂ ਚੰਦੀ ਸਗੋਂ ਬੇਹਾਲ ਹੋ ਉੱਠੀ – “ਊਅ....ਆਊਂ....ਊਅਈ ...ਊਅਞ...ਆਂ...ਆਂ...ਆ ....ਆਊਂ....ਆਊਂ....ਈ....ਈ.....ਈ....ਈ....,”, ਬਾਹਾਂ –ਉਲਾਰਦੀ, ਤੜਪਦੀ-ਘੁਰਕਦੀ ਉਹ ਚੌਂਕੇ ‘ਚੋਂ ਉੱਠ ਕੇ ਸਿੱਧੀ ਬੈਠਕ ਅੰਦਰ ਆ ਧੱਮਕੀ ।

ਉਸਦਾ ‘ਊਟ-ਪਟਾਂਗ ’ ਸੁਣਦੀ ਅੱਤੋ ਨੂੰ ਜਿਵੇਂ ਗੁੱਸੇ ਦਾ ਭਉਣ ਚੜ੍ਹ ਗਿਆ ਹੋਵੇ ।ਇਕ ਵਾਰ ਤਾਂ ਉਸਦਾ ਜੀਅ ਕੀਤਾ ਗਿਆ ਕਿ ਹੱਥ ਫੜੀ ਸੋਟੀ ਵਗਾਹ ਕੇ ਉਹਦੇ ਸਿਰ ‘ਚ ਮਾਰੇ ਤੇ ਕੌੜਾ ਕੁਸੈਲਾ ਸਾਰਾ ਲਹੂ ਉਦ੍ਹੇ ਨੱਕ-ਮੂੰਹ ਥਾਣੀ ਕੱਢ ਕੇ ਪੁੱਛੇ – ‘ਕਿਉਂ ਆਈ ਸੁਰਤ ? ਭੁੱਖੀਏ ਚੁੜੇਲੇ ! ਇਕ ਵਾਰ ਨਈਂ ਤੈਨੂੰ ਸੌ ਵਾਰ ਸਮਝਾਇਆ ਪਈ ਜੌੜਾ ਕੰਮ ਕਰਮੇਂ ਨੇ ਈ ਕਰਨਾ ....ਤੂੰ ਐਮੇਂ ਵਿਚਾਲੇ ਟੰਗਾਂ ਖੜੀਆ ਕਰੀ ਰੱਖਦੀ ਆਂ । ਮਾਰਾਂ ਤੇਰੇ ਸਿਰ ‘ਚ ਡਾਂਗ,ਫੇਂਹ ਕੇ ਰੱਖ ਦਿਆਂ ਤੇਰੀ ਖੋਪਰੀ, ਕੰਜਰ ਦੀ ਮਾਰ ਦੀਈ ....।“

ਪਰ ,ਝੱਟ ਉਸ ਨੂੰ ਚੇਤੇ ਆ ਗਿਆ – ‘ ਅੱਜ ਤਾਂ ਵੀਰਵਾਰ ਆ, ਭਾਈ ਜੀ ਦੀ ਚੌਂਕੀ ਵਾਲ ਦਿਨ । ਨਾਲੋਂ ਘਰੋਂ ਤਾਂ ਉਹ ਕਿਸੇ ਹੋਰ ਕੰਮ ਨਿਕਲੀ  ਆ , ਸਗਨਾਂ ਵਰਗੇ ਜਰੂਰੀ ਤੇ ਸ਼ੁੱਭ ਕੰਮ......!

ਪੂਰਾ ਤਾਣ ਲਾ ਕੇ ਉਸਨੇ ਅੰਦਰੋਂ ਉੱਠਿਆ ਵਾ-ਵਰੋਲਾ ਅੰਦਰੇ-ਅੰਦਰ ਸਮੇਟ ਲਿਆ । ਗੁੱਸੇ-ਰਾਜ਼ੀ ਹੋਣ ਦੀ ਬਜਾਏ , ਉਹ ਡੰਗੋਰੀ ਟੇਕਦੀ ਚੰਦੀ ਦੇ ਐਨ ਲਾਗੇ ਹੋ ਖੜੋਈ , ਹੱਸਦੀ-ਮੁਸਕਰਾਉਂਦੀ – “ਐਮੇਂ ਨਾ ਪਿੱਟੀ ਜਾਇਆ ਕਰ ਜੱਲ੍ਹੀਏ ...। ਸ਼ੁਕਰ ਨਈਂ ਕਰਦੀ ਤੂੰ , ਮੁੰਡਾ ਤੇਰਾ ਐਸ ਪਾਸੇ ਲੱਗਾ ਆ .....। ਬਾਕੀ ਗੁਦ੍ਹੀੜ ਵੀ ਏਥੇ ਹੀ ਹਰਲ-ਹਰਲ ਤੁਰੀ ਫਿਰਦੀ ਆ । ....ਹੈਅ ਕਿਸੇ ਨੂੰ ਨਿੱਕੇ-ਨਿਆਣਿਆਂ ਦੀਆਂ ਨਲ੍ਹੀਆਂ ਪੂੰਝਣੋਂ ਵੈਹਲ....?”    ਅਪਣਾ ਝੁਰੜੀਆਂ ਭਰਿਆ ਹੱਥ ਚੰਦੀ ਦੇ ਮੋਢੇ ਦੇ ਧਰ ਕੇ ਅੱਤੋ ਨੇ ਉਸ ਨੂੰ ਹਲਕੀ ਜਿਹੀ ਝਿੜਕ ਮਾਰੀ ।

ਵਿਲਕਦੀ-ਵਿਲਕਦੀ ਚੰਦੀ ਨੂੰ ਉਸਨੇ ਆਖੇ-ਬੋਲੇ ਦੀ ਤਾਂ ਰਤਾ-ਮਾਸਾ ਵੀ ਸਮਝ ਨਾ ਪਈ , ਪਰ ਉਸਦੇ ਮੋਢੇ ਤੇ ਰੱਖ ਹੋਇਆ ਅੱਤੋ ਦਾ ਹਮਸਾਇਆਂ ਵਰਗਾ ਪੰਜਾ , ਜਿਵੇਂ ਜਾਦੂ ਦਾ ਅਸਰ ਕਰ ਗਿਆ । ਉਸਦਾ ਅੱਧ-ਅਸਮਾਨੇ ਚੜ੍ਹਿਆ ਤਾਅ, ਝੱਟ ਕਿਧਰੇ ਪਾਤਾਲ ਵਿਚ ਉਂਤਰ ਗਿਆ । ਮਨੂਰ-ਪੱਥਰ ਵਾਂਗ ਸੁੰਨ-ਵੱਟਾ ਹੋਈ , ਉਹ ਘੜੀ ਪਲ ਲਈ , ਉਵੇਂ ਦੀ ਉਂਵੇਂ ਖੜੋਤੀ ਰਹੀ ।..... ਫਿਰ ਪਤਾ ਨਈਂ ਉਸਦੇ ਅਮੋੜ ਮਨ ਅੰਦਰਲੇ ਵਹਾ ਨੂੰ ਕਿਹੋ ਜਿਹੀ ਝਣਝੁਣੀ ਆਈ , ਕਿ ਉਸਦਾ ਦੱਬਿਆ-ਘੁੱਟਿਆ ਅੰਦਰ ਇਕੋ ਵਾਰਗੀ ਫੁੱਟ ਨਿਕਲਿਆ । ਭੁੱਬਾ ਮਰਦੀ ਰੋਂਦੀ , ਉਹ ਕਰਮੇਂ ਦੀ ਮੰਜੀ ਤੇ ਡਿਗਣ ਵਾਂਗ ਬੈਠ ਗਈ । ਰੋਂਦੀ ਡੁਸਕਦੀ , ਹਟੋਕਰੇ ਭਰਦੀ ਨੇ ਉਸਨੇ ਸਰ੍ਹਾਣੇ ਪਿਆ ਲੋਗੜੂ  ਸਰਾਣਾ ਝਬੂਟੀ ਮਾਰਕੇ ਮੋਢੇ ਲਾ ਲਿਆ । ਆਪਣਾ ਝਾੜ-ਬੁਝੇ ਵਰਗਾ ਨੰਗਾ ਸਿਰ ਇਸ ਉੱਤੇ ਟਿਕਾ, ਉਹ ਇਸ ਨੂੰ ਪੋਲਾ-ਪੋਲਾ ਥਾਪੜਨ ਲੱਗ ਪਈ । ਨਾਲ ਨਾਲ ਹਟਕੋਰੇ ,ਨਾਲ ਨਾਲ ਸਿਸਕੀਆਂ ਨਾਲ ਨਾਲ ਮੋਢੇ ਲੱਗੇ ਸਰ੍ਹਾਣੇ ਨੂੰ ਲੋਰੀ ਦੇਣ ਵਰਗੀਆਂ ਹੇਕਾਂ – “ਆਂ....ਆਂ...ਆਂ...., ਆਂ.....ਆਂ...., ਅੰ....ਆਂ...., ਆਂ...ਆਂ.....ਆ....। ”

ਵਾਰੀ ਵਾਰੀ ਦੋਨਾਂ ਹੱਥਾਂ ਨਾਲ ਸਰ੍ਹਾਣਾਂ ਥਾਪੜਦੀ ਚੰਦੀ ਦੇ ਪਰਲ-ਪਰਲ ਵਗਦੇ ਹੰਝੂ ,ਉਸਦੀਆਂ ਅੱਖਾਂ ਦੇ ਟੋਇਆਂ ‘ਚੋਂ ਨਿਕਲਦੇ ੳਸਦੀਆਂ ਖਾਖਾਂ ਦੇ ਟੋਇਆਂ ਵਲ੍ਹ ਨੂੰ ਤਿਲਕਦੇ ਰਹੇ ।

ਪਿਛਲੇ ਅੰਦਰੋਂ ਕੁੜਤਾ-ਪਜਾਮਾਂ ਬਦਲ ਕੇ ਉਸਦੀ ਪਿਛਵਾੜੀ ਆ ਖੜਾ ਹੋਇਆ  ਕਰਮਾਂ ਵੀ ਜਿਵੇਂ ਅਪਣੀ ਮਾਂ ਦੀ ਉਜਾੜ ਗੋਦੀ ‘ਚ ਸਾਰੇ ਦਾ ਸਾਰਾ ਘਿਰ ਗਿਆ ਹੋਵੇ।ਉਸਦੀ ਬਾਹਰ ਵਲ੍ਹ ਨੂੰ ਵਧਣ ਲੱਗੀ ਪੈੜਚਾਲ ਆਪਣੀ ਹੀ ਬੈਠਕ ਦੀ ਸਰਦਲ ਨਾਲ ਟੱਕਰਾ ਕੇ ਘੜ੍ਹੀ-ਪਲ੍ਹ ਲਈ ਉਸੇ ਥਾਂ ਅਟਕ ਗਈ । ਪਰ ....ਅਗਲੇ ਹੀ ਛਿੰਨ , ਅੱਤੋ ਮਾਈ  ਦੀ ਹੱਠ-ਧਰਮੀ ਵਰਗਾ ਜਾਗੀਰ ਦਾ ਸੁਨੇਹਾ ਉਸਦੇ ਡਿਗਦੇ –ਡੋਲਦੇ ਮਨ ਨੂੰ ਮੁੜ ਠੁੱਮਣਾ ਦੇ ਕੇ ਖੜਾ ਕਰ ਗਿਆ ।

ਉਦਾਸ ਚਿੱਤ ਹੋਇਆ , ਉਹ ਡਿਕੋਡੋਲੇ ਖਾਂਦਾ, ਅੱਤੋ ਮਾਈ ਦੇ ਘਰ ਵਲ੍ਹ ਨੂੰ ਨਿਕਲ ਤੁਰਿਆ ਤੇ ਬੁੱਢੀ-ਠੇਰੀ ਅੱਤੋ ,ਧੜੱਪ-ਧੜੱਪ ਪੈਰੀ ਮਾਰਦੀ , ਧਰਮਪੁਰ ਪਿੰਡ ਦੇ ਤੰਗ-ਤੰਗ ਘਰਾਂ ਢਾਰਿਆਂ ਵਲ੍ਹ ਨੂੰ.....।

 

 

(2)

ਵਾਹ...ਵਾਅਦਾ...ਵਾਅਦਾ...ਵਾਅਦ...ਵਾਅ....! ਸਾਈ ਜੀ ਨਈਂ ਰੀਸਾਂ । ਤੁਸੀ ਤਾਂ ਕਮਾਲਾਂ ਈ ਕਰ ਛੱਡੀਆਂ , ਮੈਂ ਕੈਨ੍ਹਾਂ ਹੇਠਲੀ ਉੱਪਰ ਕਰ ਛੱਡੀ ਆ ਤੁਸੀਂ ਤਾਂ । ਸਾਨੂੰ ਨਈਂ ਸੀ ਉਮੀਦ, ਇਤਿਹਾਸ ਦਾ ਪਹੀਆ ਐਧਰ ਨੂੰ ਘੁੰਮੂੰ ਐਨੀ ਛੇਤੀ ਐਨੀ ਤੇਜ਼ ਗਤੀ ਨਾਲ। ਅੱਗੇ ਵੀ ਤਾਂ ਹੋ ਈ ਗਿਆ ਸੀ ਐਨਾ ਚਿਰ  ਚੌਂਕ ਬਣੇ ਨੁੰ ।ਪਹਿਲਾਂ ਨਈਂ ਲੱਗਾ ਕੋਈ ਵੀ ਬੁੱਤ ਕਿਸੇ ਵੀ ਨੇਤਾ ਦਾਆ-ਨਾ ਗਾਂਧੀ ਜੀ ਦਾ ,ਨਾ ਡਾਕਟਰ ਹੋਣਾ ਦਾ । ਤੇ , ਹੁਣ , ਹੁਣ ਦੇਖ ਲਓ । ਕਿੱਦਾਂ ਫਿੱਟ ਹੋਏ ਆ , ਇਕ ਥਾਂ ! ਕਿੰਨੇ ਵਧੀਆ ਲਗਦੇ ਆ , ਇਕ ਦੂਜੇ ਵਲ੍ਹ ਦੇਖਦੇ । .....ਏਨੂੰ ਕਹਿੰਦੇ ਅਸਲ ਬਰਾਬਰੀ । ਛੂਤ-ਛਾਤ ਦਾ ਮੁੱਢੋ-ਸੁੱਢੋ ਖਾਤਮਾ – ਸਵਰਨ-ਜਾਤੀ ਬੁੱਤ, ਨੀਚ –ਜਾਤੀ ਬੁੱਤ ਦੇ ਐਨ ਬਗ਼ਲਗੀਰ ! ਵਾਅਦਾ...ਵਾਅਦਾ....ਵਾਅਦਾ.....।

ਗਾਂਧੀ ਬਨਾਮ ਅੰਬੇਡਕਰ ਚੌਂਕ ‘ਚ ਬਣੇ ਦੋ ਥੜਿਆਂ ਵਿਚਕਾਰ ਖੜਾ ਸੂਤਰਧਾਰ ,ਦੋਨਾਂ ਬੁੱਤਾਂ ਵਲ੍ਹ ਦੇਖਦਾ ‘ਬਾਗੋ-ਬਾਗ ’ ਹੋਈ ਗਿਆ ।

ਦੋਹਾਂ ਬੁੱਤਾਂ ਵਲ੍ਹ ਨੂੰ ਪਿੱਠ ਕਰਕੇ , ਉਸ ਤੋਂ ਚਾਰ-ਪੰਜ ਕਦਮ ਹਟਵੇਂ ਖੜੇ ਸਾਈਂ ਜੀ ਨੇ ਜਿਵੇਂ ਉਸ ਵਲ੍ਹ ਗਹਿਰੀ ਨਿਗਾਹ ਸੁੱਟਦਿਆਂ ਖ਼ਤਰਨਾਕ ਘੂਰੀ ਵੱਟੀ ।

ਪਲ ਦੀ ਪਲ ਲਈ ਉਹ ਸਿਰ ਤੋਂ ਪੈਰਾਂ ਤੱਕ ਠੰਠਬਰ ਕੇ ਝਿੱਥਾ ਜਿਹਾ ਪੈ ਗਿਆ ।

ਝੱਟ ਹੀ ਉਸ ਦੇ ਜਾਣਬੁੱਝ ਕੇ ਕੀਤੀ ਗ਼ਲਤੀ ਨੂੰ ‘ਸੋਹੀ ’ ਦਿਸ਼ਾ ਵਲ੍ਹ ਮੋੜਦਿਆਂ ਸਾਈਂ ਜੀ ਦੀ ਉਸਤੱਤ –ਰੀਲ੍ਹ ਛੇੜ ਲਈ – “ਲਓ ਜੀ , .....ਆਹ ਤਾਂ ਕਮਾਲ ਈ ਕਰ ਵਿਖਾਈ ਆ ਤੁਸਾਂ , ਮੈਂ ਤਾਂ ਕਹਿਨਾ ਹੇਠਲੀ ਉੱਪਰ ਆ ਗਈ ਆ ਤੇ ਉੱਪਰਲੀ ਹੇਠਾਂ – ਆਹ ਓਸ ਬੰਨੇ ਆਲੀਆਂ ਕੋਠੀਆਂ ‘ਚ ਰਹਿਣ ਵਾਲੇ ਏਸੇ ਪਿੰਡ ਦੇ ਧੀਆਂ-ਪੁੱਤ ਤਾਂ ਕਦੀ ਰਾਤ ਸਮੇਂ ਵੀ ਜ਼ੱਦੀ ਪਿੰਡ ਵਲ੍ਹ ਨੂੰ ਮੂੰਹ ਨਈਂ ਸੀ ਕਰਦੇ । ਏਨਾਂ ਨੂੰ ਤਾਂ ਜਿਮੇਂ ਮੁਛਕ ਈ ਆਉਣ ਲੱਗ ਪਈ ਸੀ  ਆਪਣੇ ਪਿਤਾ-ਪੁਰਖਿਆ , ਤਾਇਆਂ-ਚਾਚਿਆਂ , ਭੈਣਾਂ-ਭਰਾਵਾਂ ਤੋਂ । ਤੇ ਹੁਣ , ਹੁਣ ਦੇਖ ਲਓ ਦਿੱਦਾ ਰਾਤ-ਪੁਰ-ਦਿਨੇ , ਦਿਨ ਪੁਰ ਰਾਤ ਜੁੜੇ ਫਿਰਦੇ ਆ , ਐਸ ਬੰਨੇ ਨਾਲ , ਬੰਨੇ ਦੇ ਘਰਾਂ ਢਾਰਿਆਂ ਨਾਲ ਮੋੜਾਂ-ਚੌਕਾਂ ਨਾਲ । ਵਾਅਦਾ....ਵਾਅਦਾ.....ਵਾਅਦ...... ।ਏਨੂੰ ਕਹਿੰਦੇ ਅਸਲੀ ਇਕਮੁਠੱਤਾ ! ਅਪਣਿਆਂ ਦਾ ਅਪਣਿਆਂ ਨਾਲ ਫਿਰ ਤੋਂ ਜੋੜ ਮੇਲ....!!”

ਪਰ , ਉਸਦਾ ਕਿਹਾ ਬੋਲਿਆ , ਸੁਣਿਆ-ਅਣਸੁਣਿਆਂ ਕਰਦਿਆਂ, ਥੋੜਾ ਕੁ ਭਾਰੀ ਦਿੱਖ ਵਾਲੇ ਸਾਈਂ ਜੀ , ਇਕ ਹਸਮੁੱਖ ਗੁਲਾਬ ਦਾ ਲਾਲ ਸੂਹਾਂ ਫੁੱਲ ਤੋੜ ਕੇ ਆਪਣੀ ਜਾਕਟ ਦੀ ਜੇਬ ਤੇ ਟੰਗਣ ਵਿਚ ਰੁੱਝੇ ਰਹੇ ।

ਅੰਬੇਡਕਰ ਬਨਾਮ ਗਾਂਧੀ ਚੌਂਕ ਤੱਕ ਰਸੀਵ ਕਰਨ ਆਈ ਦੋਨਾਂ ਬਸਤੀਆਂ ਦੀ ਕੁਲ ਭੀੜ ਚੌਂਕ-ਜੰਗਲੇ ਦੇ ਬਾਹਰ ਬਾਹਰ ਸੁਆਗਤੀ ਨਾਅਰ੍ਹੇ ਲਾਉਣ ਵਿਚ ਪੂਰਾ ਤਰ੍ਹਾਂ ਖੁੱਭੀ ਰਹੀ ।

ਸਟੇਸ਼ਨ ਤੋਂ ਵੱਡੇ ਚੌਂਕ ਤੱਕ ਆਇਆ ਸਰਕਾਰੀ , ਗੈਰ-ਸਰਕਾਰੀ ਕਾਰਾਂ, ਮੋਟਰਾਂ ਦਾ ਲੰਮਾਂ ਕਾਫ਼ਲਾ, ਸਾਈਂ ਜੀ ਨੇ ਅੱਖ ਦਾ ਇਸ਼ਾਰਾ ਕਰਕੇ ਪਿਛਾਂਹ ਨੂੰ ਮੁੜਦਾ ਕਰ ਦਿੱਤਾ ਤੇ ਆਪ ਅਪਣੇ ਲੋਕਾਂ ਨਾਲ ਬਗਲਗੀਰ ਹੁੰਦੇ ਧਰਮਪੁਰ ਬਨਾਮ ਗਾਂਧੀਨਗਰ ਵਲ੍ਹ ਜਾਣ ਦੀ ਬਜਾਏ ਨਵੀਂ ਬਸਤੀ ਬਨਾਮ ਅੰਬੇਡਕਰ ਨਗਰ ਵਲ੍ਹ ਨੂੰ ਹੋ ਤੁਰੇ । ....ਪੈਦਲ ....!

ਸਾਈਂ ਜੀ ਦੇ ਮੋਢੇ ਨਾਲ ਖਹਿ ਕੇ ਤੁਰਿਆ ਸੂਤਰਧਾਰ , ਓਪਰਾ ਓਪਰਾ ਮੁਕਸਕਾਉਂਦਾ , ਧੁਰ-ਅੰਦਰੋਂ ਕਿਸੇ ਡੂੰਘੇ ਫਿਕਰ ‘ਚ  ਡੁੱਬਾ ਰਿਹਾ ।

ਢਲਵੇਂ ਟਿਕਵੇਂ ਦਿਨ ਦੀ ਥੋੜਾ ਕੁ ਚੁੱਭਵੀਂ ਧੁੱਪ, ਉਸ ਨੂੰ ਸਾਈਂ ਜੀ ਦੇ ਚਿਹਰੇ ਨਾਲੋਂ ਕਿਧਰੇ ਵੱਧ ਅਪਣੇ ਚਿਹਰੇ ਤੇ ਚਮਕਦੀ ਜਾਪੀ । ....ਹੁਣ ਤੱਕ ਉਸ ਨੇ ਭਲੀ ਭਾਂਤ ਸਮਝ ਲਿਆ ਸੀ ਕਿ ਰਵਾਇਤੀ ਕਿਸਮ ਦੇ ਇਸ ਨਗਾਰਖਾਨੇ ‘ਚ ਵੀ ਉਸਦੀ ਬੰਸਰੀ ਮਧੁਰ ਸੁਰ ਕਿਸੇ ਵੀ ਤਰ੍ਹਾਂ ਸਾਈਂ ਦੇ ਕੰਨਾਂ ਤੱਕ ਨਹੀਂ ਅੱਪੜੇਗੀ ।

                        -------              -------              --------            --------

ਛੇਤੀ ਛੇਤੀ ਤੁਰਦੇ ਸਿਆਲੂ ਦਿਨ ਦਾ ਅੰਤਲਾ ਪਹਿਰ ਮੁੱਕਣ ਹੀ ਵਾਲਾ ਸੀ । ਸਹਿਜ ਸਹਿਜ ਡੰਗੋਰੀ ਟੇਕਦੀ ਬੁੱਢੀ ਮਾਈ ਅੱਤੋ , ਬਿਨਾਂ ਕੋਈ ‘ ਵਾਜ਼ ਮਾਰਿਆਂ, ਕਰਮੇਂ ਦੀ ਬੈਠਕ ਅੱਗੇ ਆ ਰੁਕੀ । ਬੈਠਕ ਅੰਦਰਲੇ ਮੰਜੇ ਤੇ ਨਿਰਜਿੰਦ ਜਿਹਾ ਪਿਆ ਕਰਮਾਂ ਬਾਹਰਲੀ ਬਿੜਕ ਸੁਣ ਕੇ ਉੱਠ ਖੜਾ ਹੋਇਆ । ਅੱਧਾ ਕੁ ਖੁੱਲ੍ਹਾ ਦਰਵਾਜ਼ਾ ...ਪੂਰਾ ਖੋਲ੍ਹ ਕੇ ਉਸ ਨੇ ਅੱਤੋ ਮਾਈ ਨੂੰ ਅੰਦਰ ਲੰਘ ਆਉਣ ਲਈ ਆਖਿਆ ।

ਗਲ੍ਹੀ ਵਾਲੇ ਪਾਸੇ ਦੀ ਕੰਧ ਨਾਲ ਪਈ ਕੁਰਸੀ ਤੇ ਬੈਠਦੀ ਅੱਤੋ ਠੰਡਾ ਸ਼ੀਤ ਹਓਕਾ ਭਰਦੀ ਜਿਵੇਂ ਕਿਸੇ ਡੂੰਘੇ ਖੂਹ ‘ਚ ਬੋਲੀ ਹੋਵੇ – “ਪੁੱਤ ਕਰਮਿਆਂ , ਐਤਕੀਂ ਕੀ ਹੋ ਗਿਆ ਵੇ, ਸਾਡੇ ਆਲੇ ਪਾਸੇ ਨੂੰ ....? ਕਿੱਧਰ ਚਲੀਆਂ ਗਈਆਂ ਦੋ ਜੱਕ ਜਾਣੀਆਂ .....!?”

“ਜਾਣੀਆਂ ਕਿੱਥੇ ਸੀ ਮਾਸੀ , ਐਧਰੇ ਈ ਲਾਗੇ ਚਾਗੇ ਸੜਕੋਂ ਪਾਰਲੇ ਡੱਬੇ ‘ਚ ਡਿਗਿਆਂ, ਬਿੱਕਰ ਸੂੰਹ ਆਲੇ ‘ਚ, ਐਸ ਪਾਸਿਓ ...ਨਿੱਖੜ ਕੇ .....” ਬੜੇ ਹੀ ਸਹਿਜ ਭਾਅ ਨਾਲ ਅਪਣੀ ਥਾਂ ਬੈਠਦੇ ਕਰਮੇਂ ਦਾ ਸੋਚਵਾਨ ਚਿਹਰਾ ਕਿੰਨਾਂ ਸਾਰਾ ਹੋਰ ਗੰਭੀਰ ਹੋ ਗਿਆ – “ਮੈਨੂੰ ਤਾਂ ਓਦਣੋਈ ਦੀਹਦਾ ਸੀ ਹਾਲ ਹਵਾਲ, ਓਦਣ ਜਿੱਦਣ ਸਾਈਂ ਹੁਣੀ ਆਲੀ ਸੀ ਓਧਰਲੇ ਬੰਨੇ....।“

“ਦੀਹਦਾ ਸੀਈ ਤਾਂ ਪਹਿਲਾਂ ਕਰਨਾ ਸੀ ਕੋਈ ਓੜ ਪੋੜ੍ਹ, ਓਦਣੇਈ ਕੈਣ੍ਹਾ ਸੀ ਉਨੂੰ ....ਪਈ.......।”

“ਕਿਹਾ ਤਾਂ ਸੀ ਮੈਂ ਝਕਦੇ-ਝਕਦੇ ਨੇ, ਉਨ੍ਹਾਂ ਅੱਗੋਂ ਸੁਣੀ ਇਕ ਨਈਂ । ਉਲਟਾ ਮੇਰੀ ਝਾੜ-ਝੰਭ ਕਰਤੀ ।ਕਹਿਣ ਲੱਗੇ , “ਤੂੰ...ਤੂੰ ਕਿਥੋਂ ਆ ਬੈਠਾਂ ਸਾਡੇ ‘ਚ, ਗੱਦਾਰਾ ! ਜਸੂਸੀ ਕਰਨ ਆਇਆ ਸਾਡੀ ? ਚੱਲ ਦਫਾ ਹੋ ਜਾ ਏਥੋਂ .....। ਦੱਸ ਮੈਂ ਕੀ ਕਰਦਾ ਫੇਏ ...?ਮੈਂ ਉੱਠ ਕੇ ਬਾਹਰ ਆ ਗਿਆ .....। “

“ਵੇ ਹਾਆ ਗੱਲ ਪਹਿਲਾਂ ਕਿਉਂ ਨਈਂ ਦੱਸੀ ਤੈਂ ........। ਉੱਜੜ ਜਾਣਿਆਂ ਮੈ ਉਨੂੰ ਪੁੱਛਦੀ ਟੁੱਟ ਪੈਣੇ ਨੂੰ  । ਨਾਲੇ ਪੁੱਛਦੀ ਉਦ੍ਹੇ ਚੇਲੇ-ਚਾਟਕਿਆਂ ਢੈਹ ਪੈਣਿਆਂ ਨੂੰ । .......ਹਾਏ ਹਾਏ ਵੋ ਤੁਆਡੇ ਰੱਖੇ ਜਾਣ ਵੇਏ , ਜਦ ਤੁਆਡਾ ਸਾਡਾ ਲੈਣ-ਦੇਣ ਈ ਕੋਈ ਨਈਂ, ਫੇਏ ਖੇਹ-ਖਾਣ ਆਏ –ਮਰੋ ਸੀਈ ਐਸ ਬੰਨੇ ....ਵੇ ਚਾਰ ਘਰ ਤਾਂ ਡੈਣ ਵੀ ਛੱਡ ਲੈਂਦੀ ਆ ਵੇਏ ਜ਼ੋਜ਼ਕ ਜਾਣਿਓਂ । ਪਿਛਲੀ ਵੇਰ ਵੀ ਆਹੀ ਖੇਹ ਸੀਈ ਸਿੜੀ ਪੈਣਿਓਂ ....ਮਜ਼ਾਲ ਆ ਕਿਤੇ ਇਕ ਵੀ ਮਰਿਆ ਹੋਵੇ, ਮੇਰੇ ਜਗੀਰ ਨੂੰਅ......।“

ਇਕੋ ਸਾਹ ਬੋਲਦੀ ਅੱਤੋ ਦਾ ਸਾਰਾ ਪਾਰ ਧੁਰ-ਉੱਪਰ ਚੜ੍ਹਿਆ ਦੇਖ ,ਓੜਕ ਛੋਹਾ ਬੈਠਾ ਕਰਮਾ ਇਕ ਵਾਰ ਫਿਰ ਉੱਠਿਆ । ਗਲ੍ਹੀ ਵਲ੍ਹ ਨੂੰ ਖੁਲ੍ਹਦੇ  ਦਰਵਾਜ਼ੇ ਦੇ ਦੋਨੋਂ ਭਿੱਤ ਪੂਰੇ ਭੇੜ ਕੇ ਉਸ ਨੇ ਬੈਠਕ ਦੀ ਵੱਡੀ ਬੱਤੀ ਜਗਦੀ  ਕਰ ਲਈ ।

“ ਇਕੋ ਸਾਹ ਬੋਲਦੀ ਅੱਤੋ ਦਾ ਸਾਰਾ ਪਾਰਾ ਧੁਰ-ਉੱਪਰ ਚੜ੍ਹਿਆ ਦੇਖ , ਓੜਕ ਛੋਹਾ ਬੈਠਾ ਕਰਮਾ ਇਕ ਵਾਰ ਫਿਰ ਉੱਠਿਆ । ਗਲ੍ਹੀ  ਵਲ੍ਹ ਨੂੰ ਖੁਲ੍ਹਦੇ ਦਰਵਾਜ਼ੇ ਦੇ ਦੋਨੋਂ ਭਿੱਤ ਪੂਰੇ ਭੇੜ ਕੇ ਉਸ ਨੇ ਬੈਠਕ ਦੀ ਵੱਡੀ ਬੱਤੀ ਜਗਦੀ ਕਰ ਲਈ ।

“ਅਸਲ ਕਹਾਣੀ ਹੋਰ ਆ ਮਾਸੀ .....”, ਮੁੜ ਆਪਣੀ ਥਾਂ ਬੈਠਦੇ ਕਰਮੇਂ ਨੇ ਮਾਈ ਅੱਤੋ ਨੂੰ ਇਕ ਭੇਤ-ਭਰੀ ਡੂੰਘੀ ਗੱਲ ਦੱਸਦੀ ਚਾਹ –“...ਸਾਡੇ ਮੁਲਕ ਦੀ ਕੁੱਲ ਸਿਆਸਤ , ਉੱਪਰਲੀ ਜਾਂ ਹੇਠਲੀ , ਨਾ ਤਾਂ ਸਾਡੇ ਲੋਕਾਂ ਦੀ ਮੁੱਢਲੀ ਜਾਤ-ਬਣਤਕ ਨੂੰ ਤੋੜਨਾ-ਭਨਣਾ ਚਾਹੁੰਦੀ ਆ , ਤੇ ਨਾ ਈ ਸੱਚੀ ਗੱਲ ਆ ਅਸੀਂ ਲੋਕ ਜਾਤ-ਕੁਜਾਤ ਦੀ ਗੰਦੀ-ਮੰਦੀ ਚਾਟ-ਚੱਟਣੋਂ ਬਾਜ਼ ਆਉਨੇ ਆਂ । ਆਖਣ ਨੂੰ ਜੋ ਮਰਜ਼ੀ ਆਖੀ ਜਾਈਏ .....। ਕਦੀ ਅਸੀਂ ਗਰਾਂਟਾਂ ਵਜ਼ੀਫਿਆਂ ਦੇ ਚੂਸਣੇ ਮੂੰਹ  ‘ਚ ਪਾਈ , ਕਬੂਤਰ ਆਂਗੂੰ ਅੱਖਾਂ ਮੀਟੀ ਰੱਖਦੇ ਆਂ, ਕਦੀ ਨੌਕਰੀਆਂ –ਤਰੱਕੀਆਂ , ਰੀਜ਼ਰਵ-ਸੀਟਾਂ ਦੇ ।........ ਅਗਲੇ ਬਿੱਲੀ ਆਂਗ ਸ਼ਹਿ ਲਾਈ ਬੈਠੇ , ਜਦ ਜੀਅ ਕਰਦਾ , ਸਾਡੇ ਖੰਭ ਖਲੇਰ ਕੇ ਪਾਸੇ ਹੁੰਦੇ ......।“

ਪੂਰੇ ਧਿਆਨ ਨਾਲ ਕਰਮੇਂ ਦੀ ਗੱਲ ਦਾ ਅੱਖਰ-ਅੱਖਰ ਸੁਣਦੀ ਅੱਤੋ ਮਾਈ ਫਿਰ ਹਿਰਖੀ –“ਵੇ ਖ਼ਰੀ ਤਰ੍ਹਾਂ ਦੱਸ ਵੇ ਮਾਈ ਨੂੰ ....ਹਾਅ ਕੀ ਗਰੇਜ਼ੀਆਂ ਜੇਹੀਆਂ ਮਾਰਨ ਡੈਹ ਪਿਆ ....?” ਕੁਰਸੀ ਤੇ ਰਤਾ ਕੁ ਤਣ ਕੇ ਬੈਠਦੀ ਅੱਤੋ ਫਿਕਰ-ਮੰਦ ਦਿਸਦੇ ਕਰਮੇਂ ਦੇ ਚਿਹਰੇ ਵਲ੍ਹ ਸਿੱਧਾ ਝਾਕਣ ਲੱਗ ਪਈ ।

“ ਗਰੇਜ਼ੀਆਂ ਨਈਂ ਮਾਸੀ , ਸੱਚੀਆਂ ਗੱਲਾ ਏਹ ਸੱਚੀਆਂ ।....ਦੇਖ, ਅਸੀਂ , ਸਾਡਾ ਸਾਰਾ ਵਿਹੜਾ, ਮੁਲਕ ਭਰ ਦੇ ਲੱਖਾਂ-ਕਰੋੜਾਂ ਸਾਰੇ ਲੋਕ, ਨਾ ਤਾਂ ਕਦੀ ਦੜੇ-ਦਲਿੱਤ ਬਣ ਕੇ ਇਕ ਛਾਬੇ ਤੁੱਲੇ ਆ, ਤੇ ਨਾ ਈ ਕਦੀ ਕੰਮੀ-ਕਮੀਣ ਬਣ ਕੇ । ....ਏਹ ਤਾ ਬੱਸ ਜਨਮ ਜਾਤ ਤੋਂ ਅਛੂਤ ਈ ਚੱਲੇ ਆਉਂਦੇ – ਵੱਖ-ਵੱਖ ਜਾਤਾਂ-ਕੁਜਾਤਾਂ ‘ਚ ਵੰਡ-ਟੁੱਕ ਹੋਏ ਵੰਖਰੇ-ਵੱਖਰੇ ਅਛੂ......।“

ਕਰਮੇਂ ਦੇ ਬੋਲ ਵਿਚਕਾਰੋਂ ਟੋਕਦੀ ਅੱਤੋ ਮਾਈ ਜਿਵੇਂ  ਉਸ ਨੂੰ ਖਾਣ ਨੂੰ ਪਈ ਹੋਵੇ – “ ਵੇ ਕੀ ਹੋ ਗਿਆ ਵੇ ਤੈਨੂੰ ਨਖ਼ਸਮੀ ਦਿਆ ? ਕੀ ਅਪਲ-ਟਪਲੀਆਂ ਮਾਰਨ ਡੈਹ ਪਿਆ ਤੂੰ ਮੀਂ.....? ਆਹੀ ਕੁਸ਼ ਘਰੋਂ ਸੁਣਦੀ ਆਈ ...ਆਂ ਮੈਂ ਢਹਿ-ਪੈਣੇ ਜਗੀਰੇ ਤੋਂ । ਵੇਲੇ , ਕਿਤੇ ਡਮਾਕ ਤਾਂ ਨਈਂ ਹਿੱਲ ਗਿਆ , ਤੁਹਾਡਾ ਦੋਨਾਂ ਦਾਆ....।“

“ ਨਾ ਨਾ ....ਡੜੇ-ਡਮਾਕਾਂ ਨੂੰ ਕੁਸ਼ ਨਈਂ ਹੋਇਆ , ਨਾ ਜਗੀਰ ਦੇ ਨੂੰ ਨਾ ਮੇਰੇ ਦੇ ਨੂੰ । ਮੈਂ ਤਾਂ ਤੇਰੇ ਨਾ ਆਹੀ ਗੱਲ ਕਰਦਾਂ , ਅਪਣੇ ਪਿੰਡ ਆਲੀ । ਪਿਛਲੀ ਵੇਰਾਂ ਈਘਰਾਂ ਨੇ ਜਿੱਤੀ ਸੀ ਕਮੇਟੀ ਸੀਟ, ਕੱਠੇ-ਵੱਠੇ ਰਰਿ ਕੇ । .....ਹੁਣ ਦੇਖ ਲਾਅ ਕੀ ਬਣਿਆ ਪਿਆ , ਐਡੀ ਵੱਡੀ ਆਬਾਦੀ ਵਾਲੇ ਓਸੇ ਈ ਧਰਮਪੁਰ ਦਾਆ । ਅਧਿਓ ਵੱਧ ਘਰ ਪਰਲੇ ਬੰਨੇ ਭੁਗਤੇ ਆ ,ਬਿੱਕਰ ਸੂੰਹ ਆਲੇ ਵੰਨੇ ....।“

ਡੂੰਘਾ ਜਿਹਾ ਸਾਹ ਭਰਦੀ ਅੱਤੋ ਨੇ ਖ਼ਫਾ ਹੋਏ ਕਰਮੇਂ ਦੀ ਥਾਂ, ਜਿਵੇਂ ਅਪਣੀ ਬੇ-ਬਸੀ ਨੂੰ ਦਿਲਾਸਾ ਦਿੱਤਾ ਹੋਵੇ – “ ਚੱਲ ਕੋਈ ਨਾ ਪੁੱਤ, ਏਸ ਵਾਰ ਐਸ ਪਾਸਿਉਂ ਨਾ ਸਈ , ਓਸ ਪਾਸਿਉਂ ਸਈ , ਅਸਕਰ ਤਾਂ ਅਪਣੀਉਂ ਜਾਤ-ਬਰਾਦਰੀ ਆ ਉਹ ਵੀ ....।“

ਨਈਂ ਮਾਸੀ ਨਈਂ, ਏਹ ਭੁਲੇਖਾ ਆ ਤੈਨੂੰ । ਅਪਣੀ-ਊਪਣੀ ਜਾਤ-ਬਰਾਦਰੀ ਕੋਈ ਨਈਂ ਹੈਗੀ ਉਹ !...ਉਹ ਜੇ ਅਪਣੀ ਜਾਤ-ਬਾਰਦਰੀ ਹੁੰਦੀ , ਤਾਂ  ਐਨੀ ਘਰੀਂ ਐ ਡਾਕੇ ਨ ਮਾਰਦੀ । ਅਪਣਾ ਈ ਪਿੰਡ ਲੀਰਾਂ-ਕਚੀਰਾਂ ਨਾ ਕਰਦੀ । .....ਉਨ੍ਹਾਂ ਤਾਂ ਬੇੜਾ ਗ਼ਰਕ ਕੀਤਾ । ਖਾਹ-ਮੁਖਾਹ ਖੱਜਲ-ਖੁਆਰੀ ਕੀਤੀ ਆ ਸਾਡੀ......!”

ਹੱਥਲੀ ਸੋਟੀ ਤੇ ਠੋਡੀ ਦਾ ਭਾਰ ਟਿਕਾਈ ਬੈਠੀ ਅੱਤੋ ਕਰਮੇਂ ਦੀ ਅਲੋਕਾਰੀ ਸੁਣ ਕੇ ਤ੍ਰਬਕ ਜਿਹੀ ਗਈ – “ਹੈਂਅ....!”

“ਹਾਂ...ਹਾਂ ਆਂ ...., ਆਹ ਜਿਨ੍ਹਾਂ ਨੂੰ ਅਪਦੇ ਕਹਿਨੀ ਆਂ ਤੂੰ, ਤੈਨੂੰ ਪਤਾ ਈ ਆ ਕਿੰਨੀ ਕੁ ਦੀਦ ਕਰਦੇ ਆ , ਤੇਰੇ ਐਸ ਬੰਨੇ ਕੀ ...? ਆਖਣ ਗੋਚਰੀ ਗੱਲ ਨੂੰ ਹੋਰ ਤਰਤੀਬ ਦਿੰਦੇ ਕਰਮੇ ਨੇ ਥੋੜਾ ਕੁ ਰੁਕ ਕੇ ਹੋਰ ਠਰੱਮੇਂ ਨਾਲ ਆਖਿਆ – “ ਦੇਖ ਮਾਸੀ , ਆਹ ਕਸਤੂਰੀ ਹੁਣੀ ,ਬਾਊ ਹੁਣੀਂ ਐਮੇ ਕਿਮੇਂ ‘ਚ ਸਿੱਧ-ਪੱਧਰੇ , ਕੱਚੇ-ਪਿੱਲੇ ਖਿਡਾਰੀ ਨਈਂ , ਜਿਹੋ-ਜਿਹੇ ਦੇਖਣ ਨੂੰ ਦੀਹਦੇ ਆ ।ਏਹ ਆਗ਼ ਈ ਪੂਰੇ ਘਾਗ਼, ਮੋਮੋਠਗਣੇ ਬੰਗਲੇ-ਭਗਤ । ਏਨਾ ਸਾਡੇ ਮੁਲਕ ਦੀ ਕੁੱਲ ਧਰਤੀ ਵੱਖ-ਵੱਖ ਸੂਬਿਆਂ ‘ਚ ਨਈਂ , ਵੱਖ-ਵੱਖ ਟਾਪੂਆਂ ‘ਚ ਵੰਡ ਕੇ ਰੱਖੀਊ ਆ –ਧਰਮਾਂ-ਮਜ਼੍ਹਬਾਂ ,ਰੰਗਾਂ-ਨਸਲਾਂ, ਜਾਤਾਂ-ਗੋਤਾਂ ਦੇ ਹਜ਼ਾਰ , ਹਜ਼ਾਰ-ਹਾ ਟਾਪੂਆਂ-ਜ਼ਜ਼ੀਰਿਆਂ ‘ਚ । ....ਤੇ ਵੰਡੇ-ਵਿਖਰੇ ਲੋਕਾਂ ਦਾ ਤੈਨੂੰ ਪਤਆ ਈ ਜੋ ਹਾਲ-ਹਵਾਲ ਹੁੰਦਆ ! ਨਿੱਕੇ-ਮੋਟੇ ਗੌਂ ਨੂੰ ਇਕ ਜਣਾ ਇਕ ਦੀ ਝੋਲੀ ਡਿਗਿਆ ਹੁੰਦਾ , ਦੂਜਾ ਦੀ , ਤੀਜਾ ਦੀ ....। ਆਹੀ ਕੁਸ਼ ਅਸੀਂ ਕਰਦੇ ਰਹੇ ਆ, ਧਰਮੀਪੁਰੀਏ , ਆਹੀ ਕੁਸ਼ ਹੁਣ ਉਹ ਕਰਨ ਲੱਗਿਓ ਆ ਪਾਰਲੇ .....।“

ਕਰਮੇਂ ਦੀ ਸਾਰੀ ਪੂਰੀ ਸਮਝੇ ਬਿਨਾਂ ਹੀ ਅੱਤੋ ਮਾਈ ਦਾ ਗੁੱਸਾ , ਮੁੜ ਪਾਰਲੇ ਬੰਨੇ ਤੇ ਝੜਨਾ ਸ਼ੁਰੂ ਹੋ ਗਿਆ – “ ਹੈਤ ਤੁਆਡੇ ਰੱਖੇ ਜਾਣ ਵੇ , ਅਗਲਾ ਦਿਨ ਨਾ ਥਿਆਏ ਖੇਹ-ਪੈਣਿਆਂ ਨੂੰ .....! ਹੈਤ ਤੁਆਡੇ ਰੱਖੇ ਜਾਣੇ ਵੇ, ਅਗਲਾ ਦਿਨ ਨਾ ਥਿਆਏ ਖੇਹ-ਪੈਣਿਆਂ ਨੂੰ ....! ਵੇ ਨਖ਼ਸਮੀ ਦਿਓ , ਤੁਸੀਂ  ਕੇੜ੍ਹੀ ਬੰਨੀਉ ਥੁੜੇ-ਨੰਗੇ ਰਹਿ ਗਏ ਓ ਵੇ ਗ਼ਰਕ-ਜਾਣਿਉਂ ...., ਵੇ ਮਹਿਲਾਂ ਅਰਗੇ ਥੁਆਡੇ  ਘਰ-ਕੋਠੜੇ ਵੇ,ਮੋਰਨੀਆਂ ਅਰਗੀਆਂ ਥੁਆਡੀਆਂ ਮੇਮਾਂ , ਖੇਹ-ਪੈਣੀਆਂ ਪੈਲਾਂ ਪਾਉਂਦੀਆਂ ਸਾਹ ਨਈਂ ਲੈਂਦੀਆਂ ....। ਵੇ ਧੀਆ-ਪੁੱਤਾ ਤਾਂਆਂ ਪਛਾਣਿਆਂ ਨਈਂ ਜਾਂਦਾ , ਥੁਆਡਾ ਆ ਕਿ ਕਿਸੇ ਹੋਰਸ ਦਾਆ ...। ਵੇ ਕੰਜਰੀ ਦਿਓ ਐਡੀ-ਐਡੀ ਉੱਚੀਆਂ ਥਾਈਂ ਉੱਪੜ ਕੇ ਹੁਣ ਕੀ ਬਿੱਜ ਪੈ ਗਈ ਆ ਥੁਆਨੂੰ ਸਿੜੀ-ਪੇਣਿਆਂ ਨੂੰਅ....ਆ....।“

“ਚੱਲ ਛੱਡ ਕਰ , ਤੂੰ ਕਿਉ ਕਲਪਾਟ ਕਰਦੀ ਆਂ ? ਕਿਉਂ ਲੂਨ੍ਹੀਂ ਆਂ ਪਰਣਾ ਆਪ । ਕਸੂਰ ਕੇੜ੍ਹਾ ਉਨ੍ਹਾਂ ਕੱਲਿਆ ਦਾਆ...। ਉਨ੍ਹਾਂ ਤਾਂ ਅੱਧ-ਅਸਮਾਨੇਂ ਲਟਕਿਆਂ ਨੇ ਕਿਤੇ ਡਿੱਗਣਾ ਈ ਡਿੱਗਣਾ ਸੀ , ਤੇਰੇ ਐਸ ਬੰਨੇ ਆਲਿਆਂ ਕੇੜ੍ਹਾ ਘੱਟ ਕੜ੍ਹੀ ਘੋਲ੍ਹੀ ਆ । ਐਮੇਂ ਈ ਅੰਨੇਵਾਹ ਉੱਠ ਤੁਰੇ ਉਨ੍ਹਾਂ ਪਿਛੇ , ਜਾਤ-ਬਰਾਦਰੀ ਦੇ ਨਾਂ ਤੇ, ਬਿਨਾਂ ਸੋਚੇ –ਸਮਝੇ । ਇਕ ਨਾ ਸੁਣੀ , ਨਾ ਤੇਰੀ ਨਾ ਤੇਰੀ ਜਗੀਰ ਦੀਈ । ....ਡੰਗਰ ਕਿਸੇ ਥਾਂ ਦੇਏ .....।“

“ਹੈਸੇ ਈ ਗੱਲ ਦਾ ਤਾਂ ਹਿਰਖ ਆ ਬੱਚੜਿਆ....। ਮੈਨੂੰ ਦੇਖ ਲਾਅ ਕਿੰਨਾ ਚਿਰ ਹੋ ਗਿਆ , ਏਨ੍ਹਾਂ ਪਿਛੇ ਮਰਦੀ ਨੂੰ । ਮੇਰੇ ਤਾਂ ਖ਼ਸਮਾਂ-ਖਾਣੇ ਕਰ-ਪੈਣ ਵੀ ਹਾਰ ਗਏ , ਹੋਕਾ ਦਿੰਦੀ ਦੇਏ ।...ਦੱਸ ਛੱਡਿਆ ਕੋਈ ਵੀਰਵਾਰ ! ਏਨ੍ਹਾਂ ਗ਼ਰਕ-ਜਾਣਿਆਂ, ਇਕ ਨਈਂ ਜਾਣੀ ਮੇਰੇ ਕੀਤੇ ਦੀਈ । ਏਹ ਖੇਹ ਪੈਣੇ ਮੁੜਕੇ ਓਸੇਈ ਖੂਹ ‘ਚ ਜਾ ਡਿੱਗੇ ਆ, ਜਿਥੋਂ ਕੱਢੇ ਸੀਈ ਬਾਊ ਜੀ ਹੋਣੀ , ਭਾਈ ਜੀ ਹੋਣੀ ਰਲ-ਮਿਲ ਕੇਏ ...। ਹਾਏ ਹਾਏ ਵੇ ਤੁਆਡੇ  ਰੱਖੇ ਜਾਣ ਵੇ , ਮਰੀ ਪੈਣਿਓਂ ਵੇ ਏ..ਏ....। “

“ ਨਈਂ ਮਾਸੀ ਨਹੀਂ ,ਆਹ ਵੀ ਦੇਖ , ਕਿੱਡੀ ਗ਼ਲਤ-ਫੈਹਿਮੀ ਆ ਤੇਰੀ । ਹੁਣੇ ਤਾਂ ਦੱਸਣਾ ਹਟਿਆਂ ਤੈਨੂੰ .....;ਅੱਜ ਤੱਕ ਨਾ ਈ ਤਾ ਕਿਸੇ ਬੜੇ-ਬਾਊ ਜੀ ਦੇ ਸਾਡੇ ਲੋਕਾ ਨੂੰ ਕਿਸੇ ਖੜੇ-ਖੂਹ ‘ਚੋਂ ਬਾਹਰ ਕੱਢਿਆ , ਤੇ ਨਾ ਈ ਤੇਰੇ ਹੋਕੇ – ਚੌਂਕੀ ਨੇ ਹੁਣ ਤੱਕ ਏਨ੍ਹਾਂ ਦਾ ਕੁਸ਼ ਬਣਾਇਆ-ਸੁਆਰਿਆ ....। ਤੁਸੀਂ ਤਾਂ ਉਲਟਾ ਰਲ੍ਹ-ਮਿਲ੍ਹ ਕੇ ਬੁੱਧੀ ਭਰਿਸ਼ਟ ਕਰ ਛੱਡੀ ਏਨ੍ਹਾਂ ਦੀ ; ਮਾੜੀ –ਮੋਟੀ ਵੀ ਸੋਝੀ ਨਈਂ ਆਉਣ ਦਿੱਤੀ – ਨਾ ਦੀਨ-ਦੁਨੀਆਂ ਦੀ, ਨਾ ਅਪਣੇ –ਆਪ ਦੀ । “

ਲੰਮੀਆਂ-ਲੰਮੀਆਂ ਹੇਕਾਂ ਲਾਉਂਦੀ ਅੱਤੋ ਮਾਈ ਬਾਊ ਜੀ ਸਮੇਤ ਅਪਣਾ ਵਿਰੋਧ ਸੁਣ ਕੇ ਇਕ-ਦੰਮ ਚੌਂਕ ਪਈ-ਕਿਓਂ ਵੇ ਕਾਦ੍ਹੀ ਗਲਤ-ਫੈਮ੍ਹੀ ! ਕੀ ਨਈਂ ਕੀਤਾ ਮੈਂ ...? ਕੀ ਨਈਂ ਕੀਤਾ ਬਾਊ ਜੀ ਨੇ ....? ਹੈਂਅ....ਹੱਦ ਹੋ ਗਈ ਤੇਰੇ ਆਲੀ । ਤੂੰ ਮੀਂ ਲੱਗ ਪਿਆਂ ਬਦਖੋਈ ਕਰਨ ; ਕੁੱਛੜ ਬੈਠ ਕੇ ਦਾੜ੍ਹੀ ਪੁੱਟਣ ! ਆਹੀ ਅਕਲ ਆ ਤੈਨੁੰ ....ਹੈਂਅ...? “

ਮਾਸੀ ਦਾ ਗਾਲ੍ਹੀ-ਗਲੋਚ ਬੰਦ ਹੋਇਆ ਜਾਚ ਕੇ , ਕਰਮੇਂ ਨੇ ਰਤਾ ਕੁ ਪਾਸੇ  ਗਈ ਵਾਰਤਾ, ਮੁੜ ਲੀਹ ਸਿਰ ਕਰਦਿਆਂ ਆਖਿਆ – “ ਤੂੰ ਗੁੱਸਾ ਕਰ ਭਾਮੇਂ ਰੋਸਾ, ਏਹ ਗੱਲ ਵੀਹ ਆਨੇ ਸੱਚ ਆ ਮਾਸੀ ਕਿ ਸਾਡੇ ਦੁਆਲੇ , ਖਾਸ ਕਰ ਕੰਮੀਂ ਲੋਕਾਂ ਦੁਆਲੇ ਜਾਤ-ਜਕੜ ਨਾ ਤਾਂ ਕਿਸੇ ਭੜੂਏ ਨੇ ਟੁੱਟਣ ਦੇਣੀ ਆ, ਨਾ ਈ ਢਿੱਲੀ ਪੈਣ ਦੇਣੀ ਆਂ । ਏਦ੍ਹੇ ਆਸਰੇ ਈ ਤਾਂ ਉਪਰਲਿਆਂ ਦਾ ਫੁਲਕ-ਮੰਡਾ ਚਲਦਾ ....। ਏਹ ਤਾਂ ਜਿੰਨਾ ਚਿਰ ਅਸੀਂ , ਸਾਡੀ ਤਰਾਂ ਦੀ ਆਬਾਦੀ ਵਾਲੀ ਸਾਰੀ ਗਿਣਤੀ , ਆਪੂੰ ਕੋਈ ਹੀਲਾ-ਵਸੀਲਾ ਨਈਂ ਕਰਦੀ; ਅਪਣੇ ਅੰਦਰਲਾ ਜਾਤ-ਵੰਡ-ਹੋਜ਼ ਮੁੱਢੋਂ –ਸੁਢੋਂ ਭਸਮ ਕਰਕੇ , ਵਰਗ-ਵੰਡ-ਸੂਝ ਅੰਦਰ ਤਬਦੀਲ ਨਈਂ ਕਰਦੀ , ਓਨਾ ਚਿਰ ਅਸੀਂ ਐਉਂ ਈ ਬੁੱਧੂ ਬਣੇ ਰਹਿਣਾ, ਕਦੀ  ਬਾਊ ਜੀ ਦੇ ਪਿਛਲੱਗ ਬਣ ਕੇਕਦੀ ਸਾਈਂ ਜੀ ਦੇ ।“

ਕਰਮੇਂ ਦੀ ਤੇਜ਼-ਤਰਾਰ ਭਾਸ਼ਾ ਅੰਦਰਲਾ ਸੱਚ ਸੁਣੀ ਅੱਤੋ ਮਾਈ , ਘਲੀ-ਪਲ ਲਈ ਜਿਵੇਂ ਆਵਾਕ ਜਿਹੀ ਹੋ ਗਈ । ਚੁੱਪ-ਚਾਪ ਹੋਈ ਦਿਸਦੀ ਦਾ ਖੁਸ਼ਕ-ਭਾਰਾ ਚਿਹਰਾ ਸਹਿਜੇ-ਸਹਿਜੇ ਪਹਿਲਾਂ ਹੇਠਾਂ ਵਲ੍ਹ ਨੂੰ ਝੁਕਿਆ , ਫਿਰ ਇਕੋ ਵਾਰਗੀ ਝਟਕਾ ਜਿਹਾ ਮਾਰ ਕੇ ਉਤਾਂਹ ਨੂੰ ਚੁੱਕਿਆ ਗਿਆ । ਐਧਰ ਓਧਰ ਦੇਖੋ ਬਗੈਰ ਉਸ ਨੇ ਸਾਰੀ ਦੀ ਸਾਰੀ ਨਿਗਾਹ ਸਾਹਮਛੇ ਬੈਠੇ ਖਿਝੇ-ਖਪੇ ਕਰਮੇਂ ਤੇ ਗੱਡ ਦਿੱਤੀ ।

ਉਸ ਦੀਆਂ ਬੋਝਲ ਹੋਈਆਂ ਅੱਖਾਂ ‘ਚ ਉਭਰੇ ਲਾਲ-ਲਾਲ ਡੋਰੇ ਦੇਖ ਕੇ , ਕਰਮਾਂ ਥੋੜਾ ਕੁ ਡਰਿਆ ,ਪਰ ਮਾਸੀ ਅੱਤੋ ਦੇ ਚਿਹਰੇ ਤੇ ਪੱਸਰੀ ਬੇ-ਜ਼ਬਾਨ ਆਭਾ ਉਸ ਨੂੰ ਹੋਰ ਅੱਗੋ ਬੋਲਣ ਲਈ ਹੱਲਾ-ਸ਼ੇਰੀ ਦੇ ਗਈ – “ਦੇਖ ਮਾਸੀ , ਆਹ ਜੇੜ੍ਹਾ ਪਾਰਲੀ ਬਸਤੀ ਵਾਲਾ ਬਿੱਕਰ ਸੂੰਹ ਇਸ ਵਾਰ ਚੋਣ ਜਿੱਤ ਕੇ ਕਮੇਟੀ ਘਰ ਪਹੁੰਚਿਆ ਨਾ , ਇਹ ਕੋਈ ਐਮੇਂ-ਕਿਮੇਂ ਦੀ ਗੱਲ ਲਈਂ, ਸਿੱਧ-ਪੱਧਰੀ ਜਿਹੀ । ਏਹ-ਇਹ ਸਾਡੇ ਐਸ ਵਿਹੜੇ ਨਾਲੋਂ ਤੋੜ-ਵਿਛੋੜਾ ਕਰਕੇ , ਰਤਾ ਕੁ ਉੱਪਰ ਉੱਠੇ ਬਾਬੂ-ਸ਼ਾਬੂ ਲੋਕਾਂ ਨੇ ਜੇੜ੍ਹਾ ਨਵਾਂ ਜਾਤ-ਜ਼ਜ਼ੀਰਾ ਖੜਾ ਕੀਤਾ  ਆ ਨਾ , ਉਨੂੰ ਮਾਨਤਾ ਦਿੱਤੀ ਆ, ਬਾਊ ਹੋਣੀ ।....ਅਗਲੇ ਤਾ ਸਗੋਂ ਐਹੋ ਜਿਹੇ ਕਾਰਨਾਮੇ ਆਪੂੰ ਕਰਦੇ , ਅਪਣੇ ਬੰਦੇ ਪਾ ਕੇ , ਏਹ  ਉਨ੍ਹਾਂ ਨੂੰ ਕੀਤਾ ਕਰਾਇਆ ਲੱਭ ਗਿਆ ....।“

ਅੱਤੋ ਮਾਈ ਦੇ ਚਿਹਰੇ ਤੇ ਗੱਡ ਹੋਈ ਟਿਕਟਿਕੀ ,ਲਗਾਤਾਰ ਬੋਲੀ ਗਏ ਕਰਮੇਂ ਤੋਂ, ਅਗਲਾ ਸੱਚ ਕਹਿਣ ਤੋਂ ਪਹਿਲਾਂ ਉਸ ਥਾਂ ਟਿਕੀ ਨਾ ਰਹਿ ਸਕੀ । ਢੇਲ੍ਹਾ ਜਿਹਾ ਹੋ ਕੇ ਉਸ ਦੇ ਪੈਰਾਂ ਵਲ੍ਹ ਨੁੰ ਦੇਖਦੇ ਨੇ ਬੜੀ ਮੁਸ਼ਕਲ ਨਾਲ ਅਜੇ ਏਨਾ ਕੁ ਆਖਿਆ ਸੀ – “ ਇਸ ਵਾਰ ਜਗੀਰ ਤੋਂ ਨਈਂ ਸੀ ਜਿੱਤ ....’, ਕਿ ਗੁੱਭ-ਗੁਬਾਰ ਬਣੀ ਦਿੱਸਦੀ ਅੱਤੋ ਇਕ ਦੰਮ ਅੰਗ-ਭਬੂਕਾ ਹੋ ਉੱਠੀ ।

“ ਵੇ ਮਰੀ-ਪੈਣਿਆਂ, ਤੈਨੂੰ ਜੇ ਹੈਨਾਂ ਘੁੰਡੀਆਂ ਦਾ ਇਲਮ ਸੀਈ ਤਾਂ ਪਹਿਲਾਂ ਕਿਉਂ ਨਈਂ ਫੁੱਟਿਆ ਮੂੰਹੋਂ.....। ਵੇ ਮੈਨੂੰ ਕਿਉਂ ਤੋਰੀ ਰੱਖਿਆ ਵੇ ਦਰ-ਦਰ ਦੀ ਮੰਗਤੀ ਬਣਾਂ ਕੇ ਵੇਏ .....। ਵੋ ਦਸ  ਕੀ ਲੇਖਾ ਦੇਣਾ ਸੀ  ਮੈਂ ਥੁਆਡਾ ਸਿੜੀ ਪੈਣਿਆਂ ਦੋਨਾ ਦਾ ਵੇਏ ....। ਵੇ ਮੇਰਾ ਤਾਂ ਤੁਸੀ ਅੱਗਾ ਈ ਮਾਰ ਛੱਡਿਆ ਵੇ ਨਖ਼ਸਮੀ ਦਿਓ ...ਓ....।ਮੇਰੀ ਤਾਂ ਅੱਜ ਦੀ ਚੌਂਕੀ ਵੀ ਰਹਿ ਗਈ ਆ ਵੇ....ਵੇ  ਮੈਂ ਕਿੱਦਾਂ ਭੁੱਲ ਬਖ਼ਸਾਊਂ ਉਸ ਗਰੀਬ ਤੋਅ.....ਵੇ ਕੱਖ ਨਾ ਰਏ ਵੇ ਥੁਆਡਾ ਉੱਪਰ-ਹੇਠਾਂ ਵਾਲਿਆਂ ਸਾਰਿਆਂ ਗ਼ਰਕ-ਜਾਣਿਆਂ ਦਾ ਵੇਏ...ਏ...” ਕਰਮੇਂ-ਜਗੀਰੇ ਸਮੇਤ ਸਭ ਕਿਸੇ ਦਾ ਅੱਗਾ-ਪਿੱਛਾ ਨੌਲ੍ਹ ਦੀ ਮਾਈ ਅੱਤੋ, ਕਰਮੇਂ ਦੀ ਬੈਠਕੋਂ ਉੱਠ ਕੇ ਝੱਟ ਗਲ੍ਹੀ ਵਲ੍ਹ ਨੂੰ ਨਿਕਲ ਗਈ ।

ਉਸ ਦੀ ਡੋਲਦੀ-ਡੁਲਕਦੀ ਪਿੱਠ ਤੇ ਨਿਗਾਹ ਟਿਕਾਈ ਇਕ-ਟੱਕ ਦੇਖਦਾ, ਬਰੂਹਾਂ ‘ਚ ਖੜ੍ਹਾ ਕਰਮਾਂ, ਵਿਰਧ-ਮਾਈ ਦੀ ਹੋਣੀ ਨਾਲੋਂ ਵੱਧ, ਅਪਣੇ ਆਪ ਤੇ ਸ਼ਰਮਸ਼ਾਰ ਵੀ ਹੁੰਦਾ ਰਿਹਾ ਤੇ ਮਾਯੂਸ ਵੀ ।

--------

 

ਲਾਲ ਸਿੰਘ ਦਸੂਹਾ,

ਨੇੜੇ ਸੈਂਟ ਪਾਲ ਕਾਨਵੈਂਟ ਸਕੁਲ,

ਵਾਰਡ ਨੰਬਰ-6, ਨਿਹਾਲਪੁਰ ,

ਦਸੂਹਾ ( ਹੁਸ਼ਿਆਰਪੁਰ)

ਪੰਜਾਬ

+91-94655-74866