ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜਿਸ ਕਦਰ ਹੈ ਦਿੱਲਾਂ ਚੋਂ ਹੁਣ ਪਿਆਰ ਖਤਮ ਹੋ ਰਿਹਾ।
ਉਸ ਤਰ੍ਹਾਂ ਹੀ ਲੋਕਾਂ ਦਾ ਹੁਣ ਮਿਆਰ ਖਤਮ ਹੋ ਰਿਹਾ
ਵਧੇ ਜੰਗਲ ਦੀ ਅੱਗ ਤਰ੍ਹਾਂ ਰੁਕੂ ਦੱਸੋ ਕਿਸ ਤਰਾਂ,
ਰਿਸ਼ਤਿਆਂ ਚੋਂ ਜੋ ਅਪਣੱਤ ਸਤਿਕਾਰ ਖਤਮ ਹੋ ਰਿਹਾ।
ਭਰਾ ਦੇ ਨਾਲ ਭਰਾ ਨਾ ਬੈਠਣ ਵਿਹੜਿਆਂ ਚ ਜੁੜ ਕੇ,
ਇਕ ਜਗਾ ਤੇ ਬਹਿ ਕੇ ਕਰਨਾ ਵਿਚਾਰ ਖਤਮ ਹੋ ਰਿਹਾ।
ਜਿਸ ਗਤੀ ਦੇ ਨਾਲ ਬਦਲਦੀ ਜਮਾਨੇ ਦੀ ਸੋਚ ਹੈ,
ਉਸ ਤਰ੍ਹਾਂ ਵੇਖ ਬਜੁਰਗਾਂ ਦਾ ਵਕਾਰ ਖਤਮ ਹੋ ਰਿਹਾ।
ਕਹਿੰਦੇ ਨੇ ਵਿਗਿਆਨ ਬਹੁਤ ਕਰ ਤਰੱਕੀ ਹੈ ਲਈ,
ਇਸੇ ਕਰਕੇ ਕਾਮੇ ਦਾ ਕੰਮਕਾਰ ਖਤਮ ਹੋ ਰਿਹਾ।
ਅਸੀਂ ਮੋੜ ਜਦ ਲਿਆ ਇਤਹਾਸ ਵੱਲੋਂ ਮੁਖ ਆਪਣਾ,
ਇਸੇ ਕਰਕੇ ਸੱਚਾ ਸੁੱਚਾ ਪ੍ਰਚਾਰ ਖਤਮ ਹੋ ਰਿਹਾ।
ਕਦਰ ਕਰਨੀ ਵਿਸਰ ਗਏ ਵੱਡਿਆਂ ਦੀ ਸਿੱਧੂ ਅਸੀਂ,
ਜਿਸ ਲਈ ਹੈ ਬਹੁ ਗਿਣਤੀ ਦਾ ਵਿਹਾਰ ਖਤਮ ਹੋ ਰਿਹਾ।