( ਜਨਮ ਦਿਨ ਤੇ ਵਿਸ਼ੇਸ਼ ) ਪੰਜਾਬੀ ਸਭਿਅਚਾਰਕ ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ - ਉਜਾਗਰ ਸਿੰਘ
ਮਹਿਕ ਕੇਵਲ ਫੁੱਲਾਂ ਵਿਚੋਂ ਹੀ ਨਹੀਂ ਆਉਂਦੀ, ਸਗੋਂ ਮਹਿਕ ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵੀ ਹੁੰਦੀ ਹੈ। ਸਾਹਿਤਕਾਰ, ਸੰਗੀਤਕਾਰ, ਕਲਾਕਾਰ ਅਤੇ ਅਦਾਕਾਰ ਆਪੋ ਆਪਣੀ ਕਾਬਲੀਅਤ ਅਨੁਸਾਰ ਮਹਿਕਾਂ ਖਿਲਾਰਦੇ ਰਹਿੰਦੇ ਹਨ। ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਭਿਆਚਾਰ ਦੀਆਂ ਮਹਿਕਾਂ ਖਿਲਾਰਨ ਵਾਲਾ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਸੀ, ਜਿਸਦੀ ਛਾਂ ਹੇਠ ਅਨੇਕਾਂ ਕਲਾਕਾਰਾਂ ਨੇ ਆਨੰਦ ਮਾਣਿਆਂ। ਉਸਤੋਂ ਸਭਿਆਚਾਰ ਦੀ ਗੁੜ੍ਹਤੀ ਲੈ ਕੇ ਸਭਿਆਚਾਰਕ ਸੁਗੰਧ ਦਾ ਆਪੋ ਆਪਣੇ ਢੰਗਾਂ ਨਾਲ ਫੈਲਾਅ ਕੀਤਾ। ਜਗਦੇਵ ਸਿੰਘ ਜੱਸੋਵਾਲ ਨੂੰ ਸਾਡੇ ਕੋਲੋਂ ਵਿਛੜਿਆਂ ਲਗਪਗ 6 ਸਾਲ ਹੋ ਗਏ ਹਨ। ਪ੍ਰੰਤੂ ਉਸਦੀਆਂ ਸੁਗੰਧੀਆਂ ਅਜੇ ਤੱਕ ਵੀ ਪੰਜਾਬ ਦੀ ਫਿਜਾ ਵਿਚੋਂ ਆ ਰਹੀਆਂ ਹਨ। ਦਿਮਾਗ ਦੇ ਕਮਪਿਊਟਰ ਵਿਚ ਅਜੇ ਵੀ ਉਹ ਮੇਰੇ ਨਾਲ ਹੀ ਤੁਰਦੇ ਫਿਰਦੇ ਮਹਿਸੂਸ ਹੁੰਦੇ ਹਨ। ਜਦੋਂ ਵੀ ਕਦੇ ਲੁਧਿਆਣਾ ਜਾਣ ਦਾ ਮੌਕਾ ਮਿਲਦਾ ਹੈ ਜਾਂ ਲੁਧਿਆਣਾ ਵਿਚੋਂ ਲੰਘਣ ਲਗਦੇ ਹਾਂ ਤਾਂ ਮਨ ਦੇ ਚਿਤਰਪਟ ਤੇ ਜੱਸੋਵਾਲ ਦੀ ਤਸਵੀਰ ਆ ਕੇ ਬਹਿ ਜਾਂਦੀ ਹੈ। ਮਿੰਟਾਂ ਸਕਿੰਟਾਂ ਵਿਚ ਮਨ ਉਨ੍ਹਾਂ ਦੇ ਗੁਰਦੇਵ ਨਗਰ ਵਾਲੇ ਆਲ੍ਹਣੇ ਵਿਚ ਪਹੁੰਚ ਜਾਂਦਾ ਹੈ, ਜਿਥੇ ਉਹ ਮਹਿਫਲਾਂ ਲਗਾਉਂਦਾ ਰਹਿੰਦਾ ਸੀ। ਵਿਰਾਸਤ ਭਵਨ ਗੁਰਭਜਨ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਪੰਜਾਬੀ ਸਭਿਆਚਾਰ ਦੀਆਂ ਮਹਿਕਾਂ ਖਿਲਾਰਦਾ ਹੋਇਆ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਤਰੋਤਾਜ਼ਾ ਰੱਖ ਰਿਹਾ ਹੈ। ਮੇਰਾ ਪਿੰਡ ਦੋਰਾਹਾ ਤੇ ਪਾਇਲ ਦੇ ਦਰਮਿਆਨ ਜਸਵਿੰਦਰ ਸਿੰਘ ਭੱਲੇ ਦੀ ਜਨਮ ਭੂਮੀ ਵਾਲਾ ਕੱਦੋਂ ਹੈ। ਮਹੀਨੇ ਵਿਚ ਇਕ ਵਾਰ ਜਦੋਂ ਕੱਦੋਂ ਜਾਈਦਾ ਹੈ ਤਾਂ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਮੁੜ ਤਾਜ਼ਾ ਹੋ ਜਾਂਦੀ ਹੈ ਕਿਉਂਕਿ ਜਦੋਂ ਵੀ ਉਸਨੇ ਮਿਲਣਾ ਤੇ ਕਹਿਣਾ ''ਕੱਦੋਂ ਤੋਂ ਲੁਧਿਆਣਾ ਗਿਣਤੀਆਂ ਮਿਣਤੀਆਂ ਵਿਚ ਤਾਂ ਵੱਖਰਾ ਹੈ ਪ੍ਰੰਤੂ ਦਿਲਾਂ ਦੀ ਸਾਂਝ ਲਜਜ਼ਦੀਕ ਰੱਖਦੀ ਹੈ। ਤੁਸੀਂ ਕੱਦੋਂ ਵਾਲੇ ਨਿਰਮੋਹੇ ਨਾ ਬਣੋ ਕਿਉਂਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਜਸਵਿੰਦਰ ਸਿੰਘ ਭੱਲੇ ਕਰਕੇ ਮੇਰਾ ਪਿੰਡ ਕੱਦੋਂ ਨਾਲ ਮੋਹ ਪਿਆ ਹੋਇਆ ਹੈ। ਭਾਵੇਂ ਪੜ੍ਹਾਈ ਕਰਕੇ ਜਸਵਿੰਦਰ ਭੱਲੇ ਦਾ ਪਿਤਾ ਦੋਰਾਹੇ ਆ ਕੇ ਵਸ ਗਿਆ ਸੀ। ਮੈਨੂੰ ਕੱਦੋਂ ਵਾਲਿਆਂ ਵਿਚੋਂ ਭੱਲੇ ਦੀ ਲਿਸ਼ਕੋਰ ਪੈਂਦੀ ਹੈ।'' ਜਗਦੇਵ ਸਿੰਘ ਜੱਸੋਵਾਲ ਜਿਸਨੂੰ ਵੀ ਮਿਲਿਆ ਉਸਨੇ ਉਸਨੂੰ ਆਪਣਾ ਬਣਾ ਲਿਆ। ਉਸਦੀ ਅਪਣਤ ਕਰਕੇ ਹੀ ਹਰ ਕੋਈ ਉਸਨੂੰ ਆਪਣਾ ਮੰਨਦਾ ਹੈ। ਉਹ ਫਕਰ ਵਿਅਕਤੀ ਸੀ। ਘਰ ਫੂਕ ਤਮਾਸ਼ਾ ਵੇਖਦਾ ਰਿਹਾ। ਕਿਸੇ ਵੀ ਸਭਿਆਚਾਰਕ ਸਮਾਗਮ ਵਿਚ ਜਾਣ ਦਾ ਮੌਕਾ ਮਿਲੇ ਤਾਂ ਉਥੇ ਵੀ ਉਸਦੇ ਠਹਾਕੇ ਪੈਂਦੇ ਮਹਿਸੂਸ ਹੁੰਦੇ ਹਨ। ਸ੍ਰ.ਜਗਦੇਵ ਸਿੰਘ ਜੱਸੋਵਾਲ ਪੰਜਾਬੀ ਸਭਿਆਚਾਰ ਦੇ ਅਮਬੈਸਡਰ ਅਤੇ ਮਹਿਕਾਂ ਵਣਜਾਰੇ ਸਨ। ਉਹ ਕਲਾਕਾਰਾਂ ਦੇ ਮੁੱਦਈ ਅਤੇ ਪੰਜਾਬੀ ਕਦਰਾਂ ਕੀਮਤਾਂ ਦੇ ਪਹਿਰੇਦਾਰ ਸਨ, ਜਿਨ੍ਹਾ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਦੇ ਲੇਖੇ ਲਾ ਦਿੱਤੀ। ਉਭਰਦੇ ਕਲਾਕਾਰਾਂ ਨੂੰ ਉਨ੍ਹਾਂ ਵਲੋਂ ਦਿੱਤੀ ਰਹਿਨੁਮਾਈ, ਸਰਪ੍ਰਸਤੀ ਅਤੇ ਥਾਪੀ ਕਲਾਕਾਰਾਂ ਦੀ ਰੋਜ਼ੀ ਰੋਟੀ ਵਿਚ ਸਹਾਈ ਹੋਈ। ਉਹ ਕਲਾਕਾਰ ਅੱਜ ਵੀ ਜਗਦੇਵ ਸਿੰਘ ਜੱਸੋਵਾਲ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਅੱਜ ਦੇ ਕੁਝ ਚੋਟੀ ਦੇ ਕਲਾਕਾਰ ਭਾਵੇਂ ਮੰਨਣ ਚਾਹੇ ਨਾ ਪ੍ਰੰਤੂ ਉਨ੍ਹਾਂ ਨੂੰ ਸਿਖ਼ਰਾਂ ਤੇ ਪਹੁੰਚਣ ਦਾ ਮੌਕਾ ਦੇਣ ਵਿਚ ਜਗਦੇਵ ਸਿੰਘ ਜੱਸੋਵਾਲ ਦਾ ਮਹੱਤਵਪੂਰਨ ਯੋਗਦਾਨ ਹੈ। ਸਿਆਸਤ ਅਤੇ ਸਭਿਆਚਾਰ ਦਾ ਸੁਮੇਲ ਵੀ ਅਨੋਖੀ ਗੱਲ ਹੈ ਤੇ ਫਿਰ ਸਿਆਸਤ ਨੂੰ ਛੱਡ ਕੇ ਨਿਰਾ ਸਭਿਆਚਾਰ ਨੂੰ ਸਮਰਪਤ ਹੋਣਾ ਵੀ ਵਿਲੱਖਣ ਗੁਣ ਹੀ ਹੈ। ਛੇਤੀ ਕੀਤਿਆਂ ਸਿਆਸਤ ਦਾ ਚਸਕਾ ਇਨਸਾਨ ਨੂੰ ਸਿਆਸਤ ਤੋਂ ਕਿਨਾਰਾ ਕਰਨ ਨਹੀਂ ਦਿੰਦਾ ਪ੍ਰੰਤੂ ਇਹ ਜੱਸੋਵਾਲ ਹੀ ਸੀ ਜਿਹੜਾ ਸਿਆਸਤ ਦੇ ਚੁੰਗਲ ਵਿਚੋਂ ਬਾਹਰ ਆ ਕੇ ਸਭਿਆਚਾਰ ਦੀਆਂ ਮਹਿਕਾਂ ਖਿਲਾਰਨ ਲੱਗ ਗਿਆ। ਉਨ੍ਹਾਂ ਦਾ ਗੁਰਦੇਵ ਨਗਰ ਵਾਲਾ ਘਰ ਕਲਾਕਾਰਾਂ ਲਈ ਮੱਕਾ ਸੀ। ਜੇਕਰ ਉਸਨੂੰ ਕਲਾਕਾਰਾਂ ਦਾ ਬਾਦਸ਼ਾਹ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ। ਉਨ੍ਹਾਂ ਦੇ ਜਾਣ ਨਾਲ ਸਭਿਆਚਾਰਕ ਸੱਥਾਂ, ਅਖਾੜੇ, ਮੇਲੇ-ਮੁਸ਼ਾਇਰੇ, ਕਵੀਸ਼ਰੀਆਂ, ਨਕਲਾਂ, ਢਾਡੀ ਤੇ ਕਵੀ ਦਰਬਾਰ ਅਤੇ ਮਜ੍ਹਮੇ ਸੁੰਨੇ ਹੋ ਗਏ ਹਨ। ਜਗਦੇਵ ਸਿੰਘ ਜੱਸੋਵਾਲ ਦਾ ਜਨਮ 30 ਅਪ੍ਰੈਲ 1935 ਨੂੰ ਸ੍ਰ ਕਰਤਾਰ ਸਿੰਘ ਗਰੇਵਾਲ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਲੁਧਿਆਣਾ ਜਿਲ੍ਹੇ ਦੇ ਪਿੰਡ ਜੱਸੋਵਾਲ ਸੂਦਾਂ ਵਿਖੇ ਹੋਇਆ। ਆਪ ਦੇ ਪਿਤਾ ਸੁਤੰਤਰਤਾ ਸੰਗਰਾਮੀ ਸ੍ਰ ਕਰਤਾਰ ਸਿੰਘ 15 ਸਾਲ ਜਿਲ੍ਹਾ ਬੋਰਡ ਦੇ ਪ੍ਰਧਾਨ ਰਹੇ ਸਨ। ਆਪਨੇ ਬੀ.ਟੀ.ਦੀ ਟ੍ਰੇਨਿੰਗ ਮਾਲਵਾ ਟ੍ਰੇਨਿੰਗ ਕਾਲਜ ਲੁਧਿਆਣਾ, ਬੀ.ਏ.ਆਰੀਆ ਕਾਲਜ ਲੁਧਿਆਣਾ, ਐਮ.ਏ.ਦੀ ਡਿਗਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਆਪਨੇ ਲਾਅ ਦੀ ਡਿਗਰੀ ਅਲੀਗੜ੍ਹ ਯੂਨੀਵਰਸਿਟੀ ਤੋਂ ਗੋਲਡ ਮੈਡਲ ਨਾਲ ਪ੍ਰਾਪਤ ਕੀਤੀ। ਆਪ ਦਾ ਵਿਆਹ ਵੀ ਛੋਟੀ ਉਮਰ ਵਿਚ ਹੀ ਹੋ ਗਿਆ ਸੀ ਪ੍ਰੰਤੂ ਮੁਕਲਾਵਾ ਨਹੀਂ ਲਿਆਂਦਾ ਸੀ। ਉਹਨਾ ਦਿਨਾ ਵਿਚ ਵਿਆਹ ਕਿਉਂਕਿ ਛੋਟੀ ਉਮਰ ਵਿਚ ਹੋ ਜਾਂਦੇ ਸਨ ਤੇ ਮੁਕਲਾਵੇ ਕਾਫੀ ਦੇਰ ਬਾਅਦ ਬੱਚਿਆਂ ਦੇ ਜਵਾਨ ਹੋ ਜਾਣ ਤੋਂ ਬਾਅਦ ਵਿਚ ਲਿਆਂਦੇ ਜਾਂਦੇ ਸਨ। ਆਪ ਦਾ ਵਿਆਹ ਬੀਬੀ ਸੁਰਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਦੋ ਲੜਕੇ ਸੁਖਜਿੰਦਰ ਸਿੰਘ ਗਰੇਵਾਲ ਅਤੇ ਜਸਵਿੰਦਰ ਸਿੰਘ ਗਰੇਵਾਲ ਹਨ। ਆਪ ਨੇ ਸ਼ੁਰੂ ਤੋਂ ਹੀ ਸਿਆਸਤ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ ,ਅਰਥਾਤ ਸਿਆਸਤ ਦੀ ਗੁੜ੍ਹਤੀ ਆਪਨੂੰ ਆਪਣੇ ਘਰੋਂ ਪਿਤਾ ਤੋਂ ਹੀ ਮਿਲੀ ਸੀ। ਆਪ ਹਮੇਸ਼ਾ ਨਿਵੇਕਲੇ ਕੰਮ ਹੀ ਕਰਦੇ ਰਹੇ, ਜਦੋਂ ਆਪਦਾ ਮੁਕਲਾਵਾ ਲੈਣ ਦਾ ਦਿਨ ਨਿਸਚਤ ਹੋ ਗਿਆ ਤਾਂ ਆਪ ਪੰਜਾਬੀ ਸੂਬੇ ਦੇ ਮੋਰਚੇ ਵਿਚ ਚਲੇ ਗਏ। ਘਰ ਵਾਲੇ ਪ੍ਰੇਸ਼ਾਨ ਹੋਏ ਆਪਨੂੰ ਉਡੀਕਦੇ ਰਹੇ। ਅਸਲ ਵਿਚ ਆਪਦੀ ਸਿਆਸਤ ਵਿਚ ਇਹ ਪਹਿਲੀ ਸਰਗਰਮੀ ਸੀ, ਭਾਵੇਂ ਬਚਪਨ ਤੋਂ ਹੀ ਦਿਲਚਸਪੀ ਲੈਂਦੇ ਰਹੇ ਸਨ ਪ੍ਰੰਤੂ ਸਰਗਰਮ ਤੌਰ ਤੇ ਇਹ ਆਪਦਾ ਪਹਿਲਾ ਹੀ ਕਦਮ ਸੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਹਿੱਸਾ ਲੈਣ ਕਰਕੇ ਆਪਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ ਸੀ। ਆਪਦੀ ਸਿਆਸੀ ਰੁਚੀ ਨੂੰ ਵੇਖ ਕੇ ਆਪਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਤੇ 5 ਸਾਲ ਆਪ ਪਿੰਡ ਦੇ ਸਰਪੰਚ ਰਹੇ। ਆਪ ਮੁਖ ਤੌਰ ਤੇ ਅਕਾਲੀ ਸਿਆਸਤ ਵਿਚ ਸਰਗਰਮ ਹੋ ਗਏ। 1967 ਵਿਚ ਜਦੋਂ ਜਸਟਿਸ ਗੁਰਨਾਮ ਸਿੰਘ ਪੰਜਾਬ ਦੇ ਮੁਖ ਮੰਤਰੀ ਬਣੇ ਤਾਂ ਉਹਨਾ ਆਪਨੂੰ ਆਪਣਾ ਰਾਜਸੀ ਸਲਾਹਕਾਰ ਬਣਾ ਲਿਆ। ਅਕਾਲੀਆਂ ਦੀ ਸਿਆਸਤ ਜਸਟਿਸ ਗੁਰਨਾਮ ਸਿੰਘ ਅਤੇ ਆਪ ਨੂੰ ਪੜ੍ਹਿਆ ਲਿਖੇ ਹੋਣ ਕਰਕੇ ਬਹੁਤੀ ਰਾਸ ਨਾ ਆਈ। ਜਸਟਿਸ ਗੁਰਨਾਮ ਸਿੰਘ ਵੀ ਅਕਾਲੀਆਂ ਵਿਚ ਬਹੁਤਾ ਸਮਾਂ ਕੱਟ ਨਾ ਸਕੇ। ਆਪ ਸ੍ਰ ਪਰਕਾਸ਼ ਸਿੰਘ ਬਾਦਲ ਦੇ ਵਿਰੁਧ ਵੀ ਚੋਣ ਲੜੇ ਸਨ। 1980 ਵਿਚ ਆਪ ਕਾਂਗਰਸ ਪਾਰਟੀ ਦੇ ਟਿਕਟ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਅਤੇ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਡੇਅਰੀ ਵਿਕਾਸ ਬੋਰਡ ਪੰਜਾਬ ਅਤੇ ਜੰਗਲਾਤ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ। ਜਦੋਂ ਸ੍ਰੀਮਤੀ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਦੇ ਖਿਲਾਫ ਕਾਂਗਰਸ ਨੇ ਮੋਰਚਾ ਲਗਾਇਆ ਤਾਂ ਵੀ ਆਪਨੂੰ ਤਿੰਨ ਮਹੀਨੇ ਜੇਲ੍ਹ ਵਿਚ ਗੁਜਾਰਨੇ ਪਏ। ਆਪ 1983 ਤੋਂ 86 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਵੀ ਰਹੇ। ਜਦੋਂ ਪੰਜਾਬ ਵਿਚ ਨਵੇਂ ਜਿਲ੍ਹੇ ਬਣਾਉਣ ਲਈ ਪੁਨਰਗਠਨ ਕਮੇਟੀ ਬਣਾਈ ਗਈ ਤਾਂ ਆਪਨੂੰ ਉਸਦਾ ਮੈਂਬਰ ਬਣਾਇਆ ਗਿਆ। ਸ੍ਰ ਜਗਦੇਵ ਸਿੰਘ ਜੱਸੋਵਾਲ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਦੇ ਵੀ 5 ਸਾਲ ਪ੍ਰਧਾਨ ਰਹੇ ਹਨ। ਆਪ ਯੂਥ ਡਿਵੈਲਪਮੈਂਟ ਬੋਰਡ ਦੇ ਵੀ ਸਲਾਹਕਾਰ ਸਨ। ਅਸਲ ਵਿੱਚ ਆਪਨੂੰ ਸਿਆਸਤ ਅਤੇ ਸਭਿਆਚਾਰ ਦਾ ਸੁਮੇਲ ਕਿਹਾ ਜਾ ਸਕਦਾ ਹੈ। ਪੰਜਾਬੀ ਦੇ ਪ੍ਰਸਿਧ ਸ਼ਾਇਰ ਪ੍ਰੋ ਮੋਹਨ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਆਪਨੇ ਲੁਧਿਆਣਾ ਵਿਖੇ ਪ੍ਰੋ ਮੋਹਨ ਸਿੰਘ ਮੇਲਾ ਕਰਾਉਣ ਦਾ ਕੰਮ 1978 ਵਿਚ ਸ਼ੁਰੂ ਕੀਤਾ ਜੋ ਲਗ਼ਤਾਰ ਜਾਰੀ ਹੈ। ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵੀ ਆਪ 36 ਸਾਲ ਅੰਤਮ ਸਮੇਂ ਤੱਕ ਪ੍ਰਧਾਨ ਸਨ। ਉਨ੍ਹਾਂ ਪ੍ਰੋ.ਮੋਹਨ ਸਿੰਘ ਦਾ ਬੁਤ ਆਰਤੀ ਚੌਕ ਲੁਧਿਆਣਾ ਵਿਚ ਲਗਵਾਇਆ ਅਤੇ ਪਿੰਡ ਦਾਦ ਵਿਚ ਵਿਰਾਸਤ ਭਵਨ ਦੀ ਉਸਾਰੀ ਕਰਵਾਈ। ਇਸ ਤੋਂ ਇਲਾਵਾ ਆਪ ਬਹੁਤ ਸਾਰੀਆਂ ਸਾਹਿਤਕ ਤੇ ਸੰਗੀਤਕ ਸੰਸਥਾਵਾਂ ਦੇ ਪੈਟਰਨ, ਸਲਾਹਕਾਰ ਅਤੇ ਪ੍ਰਧਾਨ ਸਨ। ਆਪ ਪੰਜਾਬ ਆਰਟਸ ਕੌਂਸਲ ਦੇ ਮੈਂਬਰ ਅਤੇ ਪੰਜਾਬੀ ਕਲਾ ਮੰਚ ਦੇ ਵੀ ਪ੍ਰਧਾਨ ਰਹੇ ਹਨ। ਆਪ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਚਹੇਤੇ ਰਹੇ ਹਨ ਪ੍ਰੰਤੂ ਕਿਸੇ ਵੀ ਲੀਡਰ ਨੇ ਆਪਦੇ ਸਿਆਸੀ ਤੌਰ ਤੇ ਕੁਝ ਪੱਲੇ ਨਹੀਂ ਪਾਇਆ। ਆਪ ਮਾਸਟਰ ਤਾਰਾ ਸਿੰਘ, ਜਸਟਿਸ ਗੁਰਨਾਮ ਸਿੰਘ, ਗਿਆਨੀ ਜ਼ੈਲ ਸਿੰਘ ਅਤੇ ਸ੍ਰ ਬੇਅੰਤ ਸਿੰਘ ਦੇ ਵੀ ਨਜਦੀਕੀ ਰਹੇ ਹਨ। ਮੋਹਨ ਸਿੰਘ ਮੇਲੇ ਦੇ ਰਾਹੀਂ ਆਪਨੇ ਬਹੁਤ ਸਾਰੇ ਉਭਰਦੇ ਕਲਾਕਾਰਾਂ ਨੂੰ ਪ੍ਰਾਜੈਕਟ ਕਰਕੇ ਪੂਰੀ ਸਰਪਰਸਤੀ ਦਿੱਤੀ । ਆਪਨੂੰ ਪੰਜਾਬੀ ਸਭਿਆਚਾਰ ਦਾ ਦੂਤ ਅਤੇ ਬਾਬਾ ਬੋਹੜ ਕਿਹਾ ਜਾਂਦਾ ਹੈ। ਸਿਆਸਤ ਸ੍ਰ.ਜੱਸੋਵਾਲ ਨੂੰ ਰਾਸ ਨਾ ਆਈ, ਇਸ ਕਰਕੇ ਹੀ ਆਪਨੇ ਪੰਜਾਬੀ ਸਭਿਆਚਾਰ ਦੀ ਰਾਖੀ ਕਰਨ ਦਾ ਮਨ ਬਣਾਇਆ ਸੀ। ਉਹ ਹਮੇਸ਼ਾ ਸੰਗੀਤ ਦਾ ਆਨੰਦ ਮਾਣਦੇ ਰਹਿੰਦੇ ਸਨ। ਸਿਆਸਤ ਵਿਚ ਹੁੰਦੇ ਹੋਏ ਵੀ ਆਪਣੀ ਕਾਰ ਵਿਚ ਉਹ ਸੰਗੀਤ ਦੀਆਂ ਧੁਨਾ ਦਾ ਆਨੰਦ ਮਾਣਦੇ ਰਹਿੰਦੇ ਸਨ। ਇੱਕ ਵਾਰ ਉਨ੍ਹਾਂ ਪੰਜਾਬ ਦੇ ਇਕ ਮੁੱਖ ਮੰਤਰੀ ਨੂੰ ਆਪਣੀ ਕਾਰ ਵਿਚ ਬਿਠਾ ਲਿਆ ਜਦੋਂ ਡਰਾਇਵਰ ਨੇ ਕਾਰ ਸਟਾਰਟ ਕੀਤੀ ਤਾਂ ਸੰਗੀਤ ਦੀਆਂ ਧੁਨਾਂ ਨੇ ਵੱਜਣਾ ਸ਼ੁਰੂ ਕਰ ਦਿੱਤਾ। ਜੱਸੋਵਾਲ ਨੇ ਡਰਾਇਵਰ ਨੂੰ ਕੈਸਟ ਤੁਰੰਤ ਬੰਦ ਕਰਨ ਲਈ ਕਿਹਾ ਉਨ੍ਹਾਂ ਨੂੰ ਡਰ ਸੀ ਕਿ ਮੁੱਖ ਮੰਤਰੀ ਨਾਰਾਜ ਹੋ ਜਾਣਗੇ ਪ੍ਰੰਤੂ ਮੁੱਖ ਮੰਤਰੀ ਨੇ ਉਨ੍ਹਾਂ ਦੇ ਸੰਗੀਤ ਪ੍ਰੇਮੀ ਹੋਣ ਦੀ ਤਾਰੀਫ ਕੀਤੀ।
ਮੇਰੀ ਆਖ਼ਰੀ ਮੁਲਾਕਾਤ ਜਗਦੇਵ ਸਿੰਘ ਜੱਸੋਵਾਲ ਨਾਲ ਮਈ 2014 ਵਿਚ ਲੁਧਿਆਣਾ ਵਿਖੇ ਹੋਈ। ਮੈਂ ਲੋਕ ਸਭਾ ਦੀ ਚੋਣ ਵਿਚ ਉਥੇ ਗਿਆ ਹੋਇਆ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਉਨ੍ਹਾਂ ਦੇ ਗੁਆਂਢ ਵਿਚ ਹੀ ਮੁੱਖ ਚੋਣ ਦਫਤਰ ਵਿਚ ਬੈਠਦਾ ਹਾਂ ਤਾਂ ਉਹ ਮੈਨੂੰ ਆਪਣੇ ਘਰ ਰਹਿਣ ਲੈਣ ਆਏ ਸਨ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਤੁਹਾਡੇ ਮਰਹੂਮ ਦੋਸਤ ਦੇ ਘਰ ਰਹਿ ਰਿਹਾ ਹਾਂ ਤਾਂ ਉਨ੍ਹਾਂ ਕਿਹਾ ਫਿਰ ਤਾਂ ਇਕ ਕਿਸਮ ਨਾਲ ਮੇਰੇ ਘਰ ਹੀ ਰਹਿ ਰਹੇ ਹੋ। ਮੇਰੇ ਮਨ ਵਿਚ ਇਹ ਹੰਦੇਸ਼ਾ ਰਿਹਾ ਕਿ ਮੈਂ ਉਨ੍ਹਾਂ ਦੀ ਇਛਾ ਪੂਰੀ ਨਹੀਂ ਕਰ ਸਕਿਆ ਅਤੇ ਉਨ੍ਹਾਂ ਨਾਲ ਲੰਮਾ ਸਮਾਂ ਮਿਲ ਬੈਠਣ ਦਾ ਮੌਕਾ ਗੁਆਉਣ ਵਾਲਾ ਬਦਕਿਸਮਤ ਇਨਸਾਨ ਹਾਂ। ਇਸ ਵਾਰ ਮਈ 2019 ਦੀ ਲੋਕ ਸਭਾ ਚੋਣ ਸਮੇਂ ਉਨ੍ਹਾਂ ਦੀ ਵਿਰਾਸਤ ਅਮਰਿੰਦਰ ਸਿੰਘ ਜੱਸੋਵਾਲ ਦੇ ਕਹਿਣ ਉਪਰ ਉਨ੍ਹਾਂ ਦੇ ਆਲ੍ਹਣੇ ਵਿਚ ਮੀਡੀਆ ਦਾ ਦਫ਼ਤਰ ਬਣਾਕੇ ਆਪਣੀ ਗ਼ਲਤੀ ਸੁਧਾਰਨ ਦੀ ਕੋਸ਼ਿਸ ਕੀਤੀ, ਜਿਥੇ ਦਰਸ਼ਨ ਸਿੰਘ ਸ਼ੰਕਰ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲੁਧਿਆਣਾ ਮੀਡੀਆ ਇਨਚਾਰਜ ਬੈਠਦੇ ਸਨ। 24 ਨਵੰਬਰ 2014 ਨੂੰ ਜਗਦੇਵ ਸਿੰਘ ਜੱਸੋਵਾਲ ਨੂੰ ਦਯਾ ਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਮੌਤ 22 ਦਸੰਬਰ ਨੂੰ ਸਵੇਰੇ 9.00 ਵਜੇ ਹੋ ਗਈ ਸੀ। ਉਹ ਭਾਵੇਂ ਜਿਸਮਾਨੀ ਤੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪ੍ਰੰਤੂ ਅਨੇਕਾਂ ਕਲਾ ਪ੍ਰੇਮੀਆਂ ਦੇ ਦਿਲਾਂ ਵਿਚ ਉਨ੍ਹਾਂ ਦਾ ਵਾਸਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
ਮੋਬਾਈਲ-94178 13072