ਕਹਾਣੀ : ਸਾਇਰਨ - ਯਾਦਵਿੰਦਰ ਸਿੱਧੂ

ਜਦੋ ਦਾ ਮੈ ਸੁਰਤ ਸੰਭਲਿਆਂ ਉਦੋਂ ਦਾ ਦੇਖਦਾ ਹਾਂ ਆਪਣੇ ਸਾਹਮਣੇ ਘਰ ਦੇ ਐਨ ਸਾਹਮਣੇ ਗੁਰਦਵਾਰਾ। ਮਾਤਾ ਜੀ ਕੁੱਕੜ ਦੀ ਪਹਿਲੀ ਬਾਂਗ ਨਾਲ ਉੱਠਦੀ। ਇਸ਼ਨਾਨ ਕਰਦੀ ਤੇ ਮੂੰਹ ਵਿੱਚ ਪਾਠ ਕਰਦੀ ਕਰਦੀ ਗੁਰਦਵਾਰੇ ਨੂੰ ਮੱਥਾ ਟੇਕਣ ਤੁਰ ਜਾਂਦੀ । ਮੈਂ ਵੀ ਮਾਂ ਨਾਲ ਗੁਰਦਵਾਰੇ ਭੱਜਾ ਜਾਂਦਾ ਸ਼ਾਇਦ ਪਤਾਸਿਆਂ ਅਤੇ ਕੜਾਹ ਪ੍ਰਸ਼ਾਦ ਦਾ ਲਾਲਚ ਹੁੰਦਾ ਸੀ। ਅਸੀਂ ਪੁੰਨਿਆਂ ਮੱਸਿਆ ਕਈ ਜਣੇਂ ਇਕੱਠੇ ਹੋ ਜਾਂਦੇ। ਭਾਈ ਜੀ ਜਿਸਦੀ ਦਾਹੜੀ ਚਿੱਟੀ ਤੇ ਗਲ ਲੰਮਾ ਚੋਲਾ ਪਾਇਆ ਹੁੰਦਾ ਸਾਨੂੰ ਪ੍ਰਸ਼ਾਦ ਦੇ ਜਾਂਦਾ। ਜੇ ਅਸੀਂ ਪ੍ਰਸ਼ਾਦ ਦੁਬਾਰਾ ਲੈਣ ਲਈ ਬੁੱਕ ਕਰਦੇ ਤਾਂ ਉਹ ਝੱਟ ਪਛਾਣ ਜਾਂਦਾ ਸਾਡੇ ਥਿੰਦੇ ਹੱਥਾਂ ਨੂੰ।
ਅਸੀਂ ਕੰਧਾਂ ਨਾਲ ਹੱਥ ਰਗੜ ਰਗੜ ਥੰਧਿਆਈ ਖਤਮ ਕਰਦੇ। ਪਰ ਉਹ ਫਿਰ ਵੀ ਪਛਾਣ ਜਾਂਦਾ। ਸਾਨੂੰ ਇੰਝ ਜਾਪਦਾ ਜਿਵੇਂ ਬਾਬੇ 'ਚ ਕੋਈ ਕਰਾਮਾਤੀ ਸ਼ਕਤੀ ਹੋਵੇ। ਸਾਡੀ ਨਿਆਣੀ ਮੱਤ ਹੈਰਾਨ ਹੁੰਦੀ ਕਿ ਉਹ ਕਿਵੇਂ ਪਛਾਣ ਜਾਂਦਾ ਐ ਸਾਡੇ ਮਿੱਟੀ ਨਾਲ ਅੱਟੇ ਹੱਥਾਂ ਨੂੰ।
ਇਹ ਗੁਰਦਵਾਰਾ ਸ਼ਹਿਰ ਦੇ ਐਨ ਵਿਚਕਾਰ ਦੋ ਸੜਕਾਂ ਦੇ ਖੂੰਜੇ ਵਿੱਚ ਹੈ। ਇਸ ਗੁਰਦਵਾਰੇ ਬਾਰੇ ਡੈਡੀ ਸਾਨੂੰ ਗੱਲਾਂ ਸੁਣਾਉਂਦੇ ਹੁੰਦੇ ਸਨ :-
'ਬੇਟਾ ਇਹ ਗੁਰਦੁਵਾਰਾ ਇਤਿਹਾਸਕ ਐ। ਇਥੇ ਦਸਵੇਂ ਗੁਰੂ ਸਾਹਿਬਾਨ ਨੇ ਚਰਨ ਪਾਏ ਸਨ। ...........1947 ਦੀ ਵੰਡ ਵੇਲੇ ਇਥੇ ਹਜ਼ਾਰਾਂ ਸ਼ਰਨਾਰਥੀ ਆ ਕੇ ਰਹੇ ਸਨ। ............ਅਸੀਂ ਉਹਨਾਂ ਦੇ ਖਾਣ ਲਈ ਘਰਾਂ ਚੋਂ ਡਾਲੀ ਇਕੱਠੀ ਕਰਨ ਜਾਂਦੇ ਹੁੰਦੇ ਸਾਂ।
ਡੈਡੀ ਦੀਆਂ ਇਹ ਗੱਲਾਂ ਮੈਨੂੰ ਜਿੰਦਗੀ ਦੇ ਵੀਹ ਵਰ੍ਹੇ ਸੁਪਨਾ ਹੀ ਜਾਪਦੀਆਂ ਰਹੀਆਂ। ਅੱਜ ਇਹ ਸੁਪਨੇ ਸੱਚ ਜਾਪਦੇ ਨੇ ਜਦੋਂ ਮੈਂ ਘਰਾਂ 'ਚੋਂ ਆਪਨੇ ਸਾਥੀਆਂ ਨਾਲ ਜਾ ਕੇ ਪੰਜਾਬੋ ਬਾਹਰ, ਹੋਰ ਥਾਵਾਂ ਤੋਂ ਉਜੜ ਕੇ ਆਏ ਪਰਿਵਾਰਾਂ ਲਈ ਸਹਾਇਤਾ ਇਕੱਠੀ ਕਰਦਾ ਹਾਂ। ਡੈਡੀ ਵਾਂਗ ਮੈਂ ਵੀ ਜਾਂਦਾ ਹਾਂ ਘਰ-ਘਰ। ਸੁਪਨਿਆਂ ਨੂੰ ਅੱਖੀਂ ਦੇਖ ਰਿਹਾ ਹਾਂ। ਵੀਹ ਵਰ੍ਹਿਆਂ ਦਾ ਸਫ਼ਰ ਯਾਦ ਐ। ਨਾ ਭੁੱਲਣ ਵਾਲੇ ਪਲ ਨੇ ਇਹਨਾਂ ਵੀਹ ਵਰ੍ਹਿਆਂ ਵਿੱਚ।
ਗੁਰਦਵਾਰੇ ਦੇ ਇੱਕ ਖੂੰਜੇ ਅੱਠ ਕੁ ਫੁੱਟ ਥਾਂ ਖਾਲੀ ਹੁੰਦੀ ਸੀ। ਉਥੇ ਇੱਕ ਨਿੱਕਾ ਜਿਹਾ ਪਿੱਪਲ ਹੁੰਦਾ। ਪਿੱਪਲ ਦੇ ਹੇਠਾਂ ਇੱਕ ਲੱਕੜ ਦਾ ਮੋਛਾ। ਮੋਛੇ ਨੂੰ ਤਰਾਸ਼ਕੇ ਉਸ ਵਿਚੋਂ ਨਕਸ਼ ਉਘਾੜੇ ਗਏ ਸਨ ਕਿਸੇ ਦੇਵਤੇ ਦੇ। ਹੌਲੀ ਹੌਲੀ ਇਹ ਨਕਸ਼ ਸੰਧੂਰ, ਤੇਲ ਖੰਮਣੀਆਂ ਤੇ ਪ੍ਰਸ਼ਾਦ ਨਾਲ ਮਿਟ ਗਏ ਸਨ।
ਸਵੇਰੇ ਸਵੇਰੇ ਪੱਗਾਂ ਵਾਲੇ ਗੁਰਦਵਾਰੇ 'ਚ ਵੜ੍ਹਦੇ ਜਾਂਦੇ ਤੇ ਸਿਰਾਂ ਤੋਂ ਨੰਗੇ ਇਸ ਪਿੱਪਲ ਹੇਠਾਂ।ਔਰਤਾਂ ਦਾ ਪਤਾ ਨਾ ਲੱਗਦਾ। ਸਾਰੀਆਂ ਦੇ ਵਾਲ ਪਿੱਛੇ ਕਰਕੇ ਬੰਨੇ ਹੁੰਦੇ। ਮੈਂ ਪਹਿਲੀ 'ਚ ਪੜ੍ਹਦਾ ਸਾਂ ਜਦੋਂ ਡੈਡੀ ਨੂੰ ਪੁੱਛਿਆ ਸੀ - 'ਡੈਡੀ ਇਹ ਲੋਕ ਗੁਰਦਵਾਰੇ ਨਹੀਂ ਜਾਂਦੇ?' 'ਬੇਟਾ ਇਹ ਹਿੰਦੂ ਨੇ। ਇਹ ਰਾਮ, ਕ੍ਰਿਸ਼ਨ, ਸ਼ਿਵਜੀ, ਹਨੂੰਮਾਨ ਦੀ ਪੂਜਾ ਕਰਦੇ ਨੇ।' ਡੈਡੀ ਦੀ ਉੱਤਰ ਸੀ।
ਡੈਡੀ ਦੇ ਉੱਤਰ ਦੀ ਮੈਨੂੰ ਕੋਈ ਸਮਝ ਨਹੀਂ ਆਈ ਸੀ।
ਸਾਡੇ ਗੁਆਂਢ 'ਚ ਨਰੇਸ਼ ਹੁਰਾਂ ਦਾ ਘਰ ਸੀ। ਨਰੇਸ਼ ਨਾਲ ਮੇਰੀ ਪੱਕੀ ਆੜੀ ਹੁੰਦੀ। ਸਾਡਾ ਜਿਥੇ ਜੀਅ ਕਰਦਾ ਉਥੇ ਹੀ ਸੌਂ ਜਾਂਦੇ । ਚਾਹੇ ਉਹ ਘਰ ਸਾਡਾ ਹੁੰਦਾ ਜਾਂ ਨਰੇਸ਼ ਹੋਰਾਂ ਦਾ। ਰੋਟੀ ਵੀ ਅਸੀਂ ਇਕੱਠੇ ਹੀ ਖਾ ਲੈਂਦੇ। ਪਿੰਡੋ਼ ਦਾਦਾ ਜੀ ਹੋਰੀ ਘਰ ਦਾ ਦੇਸੀ ਘਿਉ ਕਣਕ ਤੇ ਸਰੋਂ ਦੀ ਘਾਣੀ ਕੱਢਵਾ ਕੇ ਤੇਲ ਦੀ ਪੀਪੀ ਜਰੂਰ ਭੇਜਦੇ। ਤੇਲ ਘਰ ਦਾ ਹੋਣ ਕਰਕੇ ਅਸੀਂ ਨਰੇਸ਼ ਹੋਰਾਂ ਨੂੰ ਦੇ ਬੋਤਲਾਂ ਭਰ ਦਿੰਦੇ। ਉਹ ਉਸ ਲੱਕੜ ਦੀ ਮੂਰਤੀ ਕੋਲ ਪਿੱਪਲ ਹੇਠਾਂ ਕਈ ਮਹੀਨੇ ਉਸ ਤੇਲ ਨਾਲ ਹੀ ਦੀਵਾ ਬਾਲਕੇ ਆਉਂਦੇ ਰਹਿੰਦੇ।
ਜਿਉਂ ਜਿਉਂ ਮੈਂ ਕੱਦ ਤੇ ਉਮਰ 'ਚ ਵੱਡਾ ਹੁੰਦਾ ਗਿਆ ਮੈਨੂੰ ਉਸ ਲੱਕੜ ਦੀ ਮੂਰਤੀ ਕੋਲੋਂ ਕਚਿਆਣ ਜਿਹੀ ਆਉਣ ਲਗ ਪਈ। ਸਾਰਾ ਦਿਨ ਉਥੇ ਪੂਜਾ ਪਾਠ ਹੁੰਦਾ ਰਹਿੰਦਾ ਪਰ ਰਾਤ ਨੂੰ ਮੰਡੀ ਦੇ ਸਾਰੇ ਕੁੱਤੇ ਉਥੇ ਇਕੱਠੇ ਹੋ ਜਾਂਦੇ। ਮੈਂ ਕਈ ਵਾਰ ਨਰੇਸ਼ ਨੂੰ ਕਹਿੰਦਾ - 'ਉਇ, ਦੇਵਤੇ ਅੱਗੇ ਸਾਰਾ ਦਿਨ ਮੱਥੇ ਰਗੜਦੇ ਓ, ਰਾਤ ਨੂੰ ਵੀ ਇਹਦੀ ਰਾਖੀ ਕਰ ਲਿਆ ਕਰੋ। ........ਕੁੱਤੇ ਚੱਟਦੇ ਫਿਰਦੇ ਐ।'
'ਰਾਖੀ ਕਰਨ ਦਾ ਯਾਰ ਅਸੀਂ ਠੇਕਾ ਲਿਐ। ਅਸੀਂ ਕੀ ਲੈਣੇਂ। ਆਪੇ ਕਰ ਲੈਣਗੇ ਰਾਖੀ' ਨਰੇਸ਼ ਖਿੱਝਕੇ ਬੋਲਦਾ।
ਪਰ ਅੱਜ ਸ਼ਾਇਦ ਵੀਹ ਵਰ੍ਹਿਆਂ ਬਾਅਦ ਨਰੇਸ਼ ਨੂੰ ਮੇਰੀਆਂ ਬਚਪਨ ਦੀਆਂ ਕਹੀਆਂ ਗੱਲਾਂ ਯਾਦ ਆ ਗਈਆਂ ਸਨ। ਲੋਕਾਂ ਨੂੰ ਇਸ ਮੂਰਤੀ ਦੀ ਰਾਖੀ ਦਾ ਫ਼ਿਕਰ ਹੋ ਗਿਆ ਸੀ। ਰਖਵਾਲਿਆਂ ਵਿੱਚ ਨਰੇਸ਼ ਸਭ ਤੋਂ ਅੱਗੇ ਸੀ। ਉਹ ਰੋਜ਼ਾਨਾ ਮੀਟਿੰਗਾਂ ਕਰਦਾ। ਭਾਸ਼ਨ ਕਰਦਾ। ਉਹ ਚਰਚਾ ਦਾ ਕੇਂਦਰ ਬਣਦਾ ਜਾ ਰਿਹਾ ਸੀ। ਲੋਕਾਂ ਉਸਨੂੰ ਰਖਵਾਲਾ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਸੀ। ਮੀਟਿੰਗਾਂ ਵਿੱਚ ਲੋਕਾਂ ਦੀ ਗਿਣਤੀ ਵਧਦੀ ਹੀ ਜਾਂਦੀ। ਪਿੱਪਲ ਉੱਪਰ ਲਟਕਾਇਆ ਵੱਡਾ ਪਿੱਤਲ ਦਾ ਟੱਲ ਖੜਕਦਾ। ਉਸਦੀ ਟੁਣਕਾਰ ਨਾਲ ਸਾਰਾ ਸ਼ਹਿਰ ਗੂੰਜ ਉੱਠਦਾ । ਜਦੋਂ ਵੀ ਟੱਲ ਦੀ ਟੁਣਕਾਰ ਤੇ ਗੁਰਦਵਾਰੇ 'ਚ ਵੱਜਦੇ ਘੜਿਆਲ ਦੀ ਅਵਾਜ਼ ਸ਼ਹਿਰ ਦੀ ਫ਼ਿਜਾ ਵਿੱਚ ਮੰਡਰਾਉਂਦੀ ਲੋਕ ਉਧਰ ਭੱਜੇ ਆਉਂਦੇ। ਇਹ ਅਵਾਜ਼ਾਂ ਸ਼ਹਿਰੀਆਂ ਲਈ ਖ਼ਤਰੇ ਦਾ ਸਾਇਰਨ ਬਣ ਗਈਆਂ ਸਨ। ਇਹ ਅਵਾਜ਼ਾਂ ਸ਼ਹਿਰੀਆਂ ਨੂੰ ਖ਼ਤਰੇ ਦਾ ਮੁਕਾਬਲਾ ਕਰਨ ਲਈ ਵੰਗਾਰਦੀਆਂ।
ਇੱਕ ਦਿਨ ਨਰੇਸ਼ ਨੇ ਆਪਣੇ ਭਾਸ਼ਣ ਵਿਚ ਕਿਹਾ 'ਭਾਈਉ' ਹਮਕੋ ਚਾਹੀਏ ਇਸ ਪਿੱਪਲ ਕੋ ਕਾਟਕਰ ਯਹਾਂ ਮੰਦਰ ਬਨਾਏਂ।'
ਨਰੇਸ਼ ਨੇ ਇਹ ਸ਼ਬਦ ਕਹੇ ਹੀ ਸਨ ਕਿ ਸਾਰਾ ਅਕਾਸ਼ ਹਨੂੰਮਾਨ ਕੀ ਜੈ, ਨਰੇਸ਼ ਜੀ ਜਿੰਦਾਬਾਦ ਦੇ ਨਾਹਰਿਆਂ ਨਾਲ ਗੂੰਜ ਉਠਿਆ। ਅਗਲੇ ਦਿਨ ਹੀ ਪਿੱਪਲ ਨੂੰ ਵਿਚਕਾਰੋ ਕੱਟ ਦਿੱਤਾ ਗਿਆ। ਉਸਦਾ ਮੁੱਢ ਰੱਖ ਲਿਆ ਗਿਆ। ਮੰਦਰ ਦੀ ਉਸਾਰੀ ਲਈ ਨੀੱਹ ਪੁੱਟੀ ਗਈ। ਨੀਂਹ ਦੀ ਪਹਿਲੀ ਇਟ ਨਰੇਸ਼ ਨੇ ਆਪਣੇ ਹੱਥਾਂ ਨਾਲ ਰੱਖੀ ਹੀ ਸੀ ਕਿ ਨਾਲ ਲੱਗਦੇ ਗੁਰਦਵਾਰੇ ਵਿੱਚੋਂ ਸੈਕੜੇ ਬੰਦੇ ਭਗਤ ਸਿੰਘ ਦੇ ਪਿੱਛੇ ਪਿੱਛੇ ਰੌਲਾ ਪਾਉਂਦੇ ਉਥੇ ਆਣ ਖੜ੍ਹੇ ਸਨ।
ਭਗਤ ਸਿੰਘ ਸਾਡਾ ਯਾਰ। ਜਿਹੜਾ ਸਾਡੇ ਬੋਲਾਂ ਲਈ ਭਗਤੂ ਸੀ। ਮਾਸਟਰ ਉਹਨੂੰ ਲੋਲ੍ਹਾ ਕਹਿੰਦੇ। ਸੁਸਤੀ ਦਾ ਮਾਰਿਆ।ਪੜ੍ਹਾਈ 'ਚ ਖੇਡਾਂ 'ਚ ਸਭ ਤੋਂ ਫਾਡੀ। ਅਸੀਂ ਖੜ੍ਹੇ ਨੂੰ ਚੂੰਢੀਆਂ ਵੱਢਦੇ ਉਹਨੂੰ ਪਤਾ ਨਾ ਲੱਗਦਾ। ਪਰ ਅੱਜ ਉਹੀ ਭਗਤੂ ਸ਼ਹਿਰ ਦੇ ਇੱਕ ਤਬਕੇ ਦਾ ਪਥ-ਪ੍ਰਦਰਸ਼ਕ ਬਣਿਆ ਖੜ੍ਹਿਆ ਸੀ। ਉਸਦੇ ਬੋਲ ਹਜ਼ਾਰਾਂ ਲੋਕਾਂ ਦੇ ਬੋਲ ਸਨ। ਉਸਦਾ ਫੈਸਲਾ ਸਾਰੇ ਤਬਕੇ ਦਾ ਫੈਸਲਾ ਸੀ।
'ਇਹ ਥਾਂ ਗੁਰਦਵਾਰੇ ਦੀ ਐ। ਇਥੇ ਮੰਦਰ ਲਈ ਇੱਕ ਇੰਚ ਥਾਂ ਵੀ ਨਹੀਂ ਦੇਵਾਂਗੇ।' ਭਗਤੂ ਬਚਪਨ ਦੇ ਯਾਰ ਨਰੇਸ਼ ਨੂੰ ਕਹਿ ਰਿਹਾ ਸੀ। ਨਰੇਸ਼ ਅਤੇ ਭਗਤੂ ਜਿਹਨਾਂ ਦੀ ਯਾਰੀ ਸਾਰਿਆਂ ਨਾਲੋਂ ਵੱਧ ਪੱਕੀ ਸੀ। ਤੀਸਰਾ ਮੈਂ ਉਹਨਾਂ ਦਾ ਸਾਥੀ ਸਾਂ। ਸਾਡੀ ਤਿੱਕੜੀ ਚੜ੍ਹਦੀ ਜਵਾਨੀ ਤੱਕ ਮਸ਼ਹੂਰ ਰਹੀ।
'ਇਸ ਥਾਂ ਤੇ ਮੰਦਰ ਹੀ ਬਣੇਗਾ। ਸਦੀਆਂ ਪੁਰਾਣੀ ਮੂਰਤੀ ਹੈ ਇਥੇ। ਇਹ ਥਾਂ ਸਾਡੀ......।' ਨਰੇਸ਼ ਜੋਸ਼ ਨਾਲ ਬੋਲਿਆ।
'ਇਹ ਮੰਦਰ ਸਾਡੀਆਂ ਲਾਸ਼ਾਂ ਤੇ ਬਣੇਗਾ।' ਭਗਤੂ ਬੋਲਿਆ।
ਇਹ ਜਰੂਰ ਬਣੇਗਾ ਚਾਹੇ ਤੁਹਾਡੀਆਂ ਲਾਸ਼ਾਂ ਤੇ ਹੀ ਬਣਾਉਣਾ ਪਏ।....... ਮਿਸਤਰੀ ਸਾਹਿਬ ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਨਰੇਸ਼ ਭਗਤੂ ਨਾਲ ਗੱਲ ਕਰਦਾ ਕਰਦਾ ਮਿਸਤਰੀ ਨੂੰ ਮੁਖਾਤਿਬ ਹੋਇਆ ਜੋ ਕੰਮ ਬੰਦ ਕਰਕੇ ਖੜ੍ਹਾ ਸੀ।
ਮਿਸਤਰੀ ਨੇ ਇੱਟ ਰੱਖੀ ਹੀ ਸੀ ਕਿ ਭਗਤੂ ਬਿਜਲੀ ਦੇ ਲਿਸ਼ਕਾਰੇ ਵਾਂਗ ਅੱਗੇ ਵਧਿਆ। ਮਿਸਤਰੀ ਨੂੰ ਧੱਕਾ ਮਾਰਕੇ ਪਿੱਛੇ ਸੁੱਟ ਦਿੱਤਾ। ਨਰੇਸ਼ ਤੇ ਭਗਤੂ ਗੁੱਥਮ-ਗੁੱਥਾ ਹੋ ਗਏ। ਭਗਤੂ ਦੇ ਸਾਥੀਆਂ ਨੇ ਮੰਦਰ ਦੀ ਉਸਾਰੀ ਲਈ ਸੇਵਾ ਕਰ ਰਹੇ ਲੋਕਾਂ ਤੇ ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ। ਚਾਲ੍ਹੀ ਕੁ ਬੰਦੇ ਫੱਟੜ ਹੋ ਗਏ। ਪੁਲੀਸ ਆਈ। ਨਰੇਸ਼ ਤੇ ਭਗਤੂ ਨੂੰ ਫੜ੍ਹਕੇ ਲੈ ਗਈ। ਘੰਟੇ ਕੁ ਵਿੱਚ ਹੀ ਹਜ਼ਾਰਾਂ ਲੋਕ ਥਾਣੇ ਮੂਹਰੇ ਜਾ ਪਹੁੰਚੇ। ਅੱਧੇ ਕੁ ਨਰੇਸ਼ ਦੀ ਰਿਹਾਈ ਮੰਗ ਰਹੇ ਸਨ। ਦੂਸਰੇ ਪਾਸੇ ਖੜੇ ਅੱਧੇ ਕੁ ਭਗਤੂ ਨੂੰ ਛੱਡਣ ਦੀ ਮੰਗ ਦੁਹਰਾ ਰਹੇ ਸਨ। ਆਖਰ ਸ਼ਾਮੀ ਪੁਲੀਸ ਨੇ ਲੋਕਾਂ ਦਾ ਜੋਸ਼ ਦੇਖਦੇ ਹੋਏ ਦੋਵੇਂ ਨੇਤਾ ਛੱਡ ਦਿੱਤੇ। ਦੋਵੇ ਟੋਲੇ ਆਪਣੇ ਆਪਣੇ ਨੇਤਾ ਨੂੰ ਜਲੂਸ ਦੀ ਸ਼ਕਲ 'ਚ ਲੈ ਤੁਰੇ ਸਨ। ਲੋਕਾਂ 'ਚ ਜੋਸ਼ ਠਾਠਾਂ ਮਾਰ ਰਿਹਾ ਸੀ। ਰੋਜ਼ਾਨਾ ਦੋਵੇਂ ਧਿਰਾਂ ਦੀਆਂ ਮੀਟਿੰਗਾਂ ਹੁੰਦੀਆਂ। ਮੇਰਾ ਯਾਰ ਨਰੇਸ਼ ਮੇਰੇ ਨਾਲ ਅੱਖ ਨਾ ਮਿਲਾਉਂਦਾ।
ਦੋ ਕੁ ਦਿਨਾਂ ਦਾ ਪਲ ਪਲ ਤਨਾਅਪੂਰਨ ਬੀਤਿਆ। ਇੱਕ ਰਾਤ ਸਾਰੇ ਸ਼ਹਿਰ 'ਚ ਹਾ-ਹਾ-ਕਾਰ ਮੱਚ ਗਈ। ਸ਼ਹਿਰ 'ਚ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ ਸੀ। ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਨਰੇਸ਼ ਆਪਣੇ ਦੋ ਹੋਰ ਯਾਰਾਂ ਨਾਲ ਬਜ਼ਾਰ ਵਿੱਚ ਭੱਜਿਆ ਜਾ ਰਿਹਾ ਸੀ। ਭਗਤੂ ਦੇ ਟੋਲੇ ਦਾ ਹਜੂਮ ਉਹਨਾਂ ਦੇ ਪਿੱਛੇ ਜੈਕਾਰੇ ਛੱਡਦਾ ਜਾ ਰਿਹਾ ਸੀ। ਸਾਰਿਆਂ ਦੇ ਹੱਥਾਂ ਵਿੱਚ ਬਰਛੇ, ਕਿਰਪਾਨਾਂ, ਤਲਵਾਰਾਂ ਸਨ। ਉਹਨਾਂ ਨਰੇਸ਼ ਨੂੰ ਸਾਥੀਆਂ ਸਮੇਤ ਬਾਜ਼ਾਰ ਦੇ ਸਿਰੇ ਤੇ ਜਾ ਦਬੋਚਿਆ ਸੀ। ਸੈਂਕੜੇ ਲੋਕ ਉਹਨਾਂ ਤੇ ਟੁੱਟ ਪਏ ਸਨ।
ਅਗਲੇ ਦਿਨ ਸਵੇਰੇ ਸ਼ਹਿਰ 'ਚ ਸੁੰਨ-ਮਸਾਨ ਛਾਈ ਹੋਈ ਸੀ। ਲੋਕ ਹਸਪਤਾਲ ਦੇ ਦਰਵਾਜ਼ੇ ਅੱਗੇ ਇਕੱਠੇ ਹੋ ਰਹੇ ਸਨ। ਨਰੇਸ਼ ਦਮ ਦੋੜ ਗਿਆ ਸੀ। ਇਹ ਖ਼ਬਰ ਸੁਣ ਹਜੂਮ ਦੇ ਹਿਰਦਿਆਂ ਵਿੱਚ ਅੱਗ ਦੇ ਭਾਂਬੜ ਬਲ ਉੱਠੇ।
ਨਰੇਸ਼ ਦੀ ਮੌਤ ਨਾਲ ਸਾਰਾ ਇਲਾਕਾ ਜੋਸ਼ ਨਾਲ ਭਰ ਗਿਆ। ਲਾਗਲੇ ਸ਼ਹਿਰਾਂ ਤੋਂ ਨਰੇਸ਼ ਦੇ ਹਜ਼ਾਰਾਂ ਹਿਮਾਇਤੀ ਪਹੁੰਚ ਗਏ। ਸਾਰੇ ਹੱਥਾਂ 'ਚ ਤਰਸ਼ੂਲ ਫੜੀ ਨਰੇਸ਼ ਦਾ ਬਦਲਾ ਲੈਣ ਲਈ ਉਤਾਵਲੇ ਸਨ। ਭਗਤੂ ਦੇ ਸਾਥੀ ਖੁਸ਼ ਸਨ। ਉਹਨਾਂ ਦਾ ਦੁਸ਼ਮਣ ਨਰੇਸ਼ ਮਰ ਗਿਆ ਸੀ। ਪਰ ਆਪਣੇ ਸਾਥੀਆਂ ਲਈ ਸ਼ਹੀਦ ਬਣ ਗਿਆ ਸੀ। ਨਰੇਸ਼ ਦੇ ਹਿਮਾਇਤੀਆਂ ਨੇ ਉਸਦੇ ਬਲ ਰਹੇ ਸਿਵੇ ਤੇ ਖੜ੍ਹਕੇ ਪ੍ਰਣ ਕੀਤਾ ਕਿ ਉਹ ਨਰੇਸ਼ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨਗੇ।
ਨਰੇਸ਼ ਦਾ ਸਿਵਾ ਮਘ ਹੀ ਰਿਹਾ ਸੀ ਕਿ ਪਿੱਪਲ ਦੇ ਮੋਛੇ ਨਾਲ ਲਟਕਿਆ ਟਲ ਜ਼ੋਰ ਜ਼ੋਰ ਦੀ ਖੜਕਿਆ। ਟੱਲ ਦੀ ਆਵਾਜ਼ ਸੁਣ ਕੇ ਤਰਸ਼ੂਲ ਖੜ੍ਹੇ ਹੋ ਗਏ ਲੋਕ ਤਰਸ਼ੂਲਾਂ ਸੰਗ ਮੰਦਰ ਵੱਲ ਭੱਜੇ ਆਏ। ਗੁਰਦਵਾਰੇ ਵਿੱਚੋਂ ਜ਼ੋਰ ਜ਼ੋਰ ਦੀ ਸੰਖ ਅਤੇ ਘੜਿਆਲ ਵੱਜਣ ਲੱਗਾ। ਪਲਾਂ 'ਚ ਹੀ ਹਜ਼ਾਰਾਂ ਲੋਕ ਕ੍ਰਿਪਾਨਾਂ, ਬਰਛੇ ਫੜੀ ਗੁਰਦਵਾਰੇ 'ਚ ਆ ਇਕੱਠੇ ਹੋਏ ਸਨ। ਟੱਲ ਅਤੇ ਘੜਿਆਲ ਲੋਕਾਂ ਲਈ ਖਤਰੇ ਦਾ ਸਾਇਰਨ ਬਣ ਗਏ ਸਨ।
ਪਿੱਪਲ ਦੇ ਮੋਛੇ ਕੋਲ ਬੈਠਾ ਪੁਜਾਰੀ ਸਾਰਿਆਂ ਦੇ ਮੱਥੇ ਤੇ ਸੰਧੂਰ ਦਾ ਟਿੱਕਾ ਲਾ ਸਿਰਾਂ ਤੇ ਲਾਲ ਪੱਟੀਆਂ ਬੰਨੀ ਜਾਂਦਾ ਸੀ। ਗੁਰਦਵਾਰੇ 'ਚ ਭਗਤੂ ਨੇ ਸਾਰਿਆਂ ਦੇ ਸਿਰਾਂ ਤੇ ਕੇਸਰੀ ਪਟਕੇ ਸਜਾ ਦਿੱਤੇ ਸਨ।
ਬਾਹਰੋਂ ਆਏ ਕਿਸੇ ਨੇਤਾ ਨੇ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਭਗਤੂ ਹੋਰਾਂ ਦੀ ਹਿੱਕ ਤੇ ਸੱਪ ਮੇਲਣ ਲੱਗਾ। ਉਹਨਾਂ ਦੇ ਜ਼ੋਸ਼-ਦਰਿਆ ਦਾ ਵਹਿਣ ਨੀਂਹ-ਪੱਥਰ ਵੱਲ ਹੋ ਤੁਰਿਆ। ਵਹਿਣ ਨੂੰ ਵਿਸ਼ਵਾਸ਼ ਸੀ ਕਿ ਉਹ ਨੀਂਹ ਪੱਥਰ ਸਮੇਤ ਸਾਰੇ ਰਖਵਾਲਿਆਂ ਨੂੰ ਰੋੜਕੇ ਲੈ ਜਾਵੇਗਾ ਨਰੇਸ਼ ਦੇ ਹਮਾਇਤੀ ਵਹਿਣ ਰੋਕਣ ਲਈ ਪਹਾੜ ਬਣੇ ਖੜ੍ਹੇ ਸਨ। ਵਹਿਣ ਪਹਾੜ ਨਾਲ ਟਕਰਾਉਂਦਾ ਰਿਹਾ। ਪੁਲਿਸ ਆਈ।ਉਸਨੇ ਵਹਿਣ ਨੂੰ ਰੋਕਿਆ। ਭਗਤੂ ਅਤੇ ਉਸਦੇ ਕਈ ਸਾਥੀ ਸੜਕ ਤੇ ਲਹੂ ਲੁਹਾਣ ਹੋਏ ਇੰਝ ਪਏ ਸਨ ਜਿਵੇਂ ਦਰਿਆ ਦਾ ਪਾਣੀ ਵਾਪਸ ਮੁੜਦਾ ਕੰਢਿਆ ਕੋਲ ਰੇਤ ਤੇ ਘੋਗੇ ਸਿੱਪੀਆਂ ਛੱਡ ਜਾਂਦਾ ਹੈ।
ਨਰੇਸ਼ ਦੇ ਸਾਥੀ ਖੁਸ਼ ਸਨ। ਉਹਨਾਂ ਦੀ ਜਿੱਤ ਹੋਈ ਸੀ। ਉਹਨਾਂ ਬਦਲਾ ਲੈ ਲਿਆ ਸੀ। ਖੂਨ ਦਾ ਬਦਲਾ ਖੂਨ। ਭਗਤੂ ਆਪਣੇ ਹਮਾਇਤੀਆਂ ਦਾ ਸ਼ਹੀਦ ਬਣ ਗਿਆ ਸੀ ਪਰ ਨਰੇਸ਼ ਦੇ ਸਾਥੀਆਂ ਲਈ ਉਹ ਮਰ ਗਿਆ ਸੀ। ਭਗਤੂ ਦੀ ਮੌਤ ਨਾਲ ਉਸਦੇ ਸਾਥੀਆਂ ਅੰਦਰ ਭਾਂਬੜ ਬਲ ਉੱਠੇ। ਉਹਨਾਂ ਦੇ ਚਿਹਰਿਆਂ 'ਚੋਂ ਨਿਕਲਦੀਆਂ ਅੱਗ ਦੀਆਂ ਲਾਟਾਂ ਨੇ ਮੰਦਰ ਦੀ ਉਸਾਰੀ ਰੁਕਵਾ ਦਿੱਤੀ। ਉਹ ਵੀ ਆਪਣੇ ਪ੍ਰਣ ਤੇ ਅੜੇ ਹੋਏ ਸਨ। ਸ਼ਹਿਰ 'ਚ ਤਨਾਅ ਜਾਰੀ ਸੀ। ਜਦੋਂ ਮੰਦਰ ਦੀ ਉਸਾਰੀ ਸ਼ੁਰੂ ਹੁੰਦੀ ਉਦੋਂ ਹੀ ਅੱਗ ਤੇ ਹਥਿਆਰਾਂ ਦੀ ਫਿਰਕੂ ਖੇਡ ਖੇਡੀ ਜਾਂਦੀ। ਹੌਲੀ ਹੌਲੀ ਖੇਡ 'ਚ ਸੈਂਕੜੇ ਚਿਹਰੇ ਅਲੋਪ ਹੋ ਗਏ ਸਨ। ਆਖਰ ਖੇਡ ਬਰਾਬਰ ਰਹਿੰਦੀ।
ਰੈਫਰੀ ਵੀ ਥੱਕ ਗਏ ਸਨ ਇਸ ਖੇਡ ਤੋਂ। ਉਹਨਾਂ ਦੋਹਾਂ ਧਿਰਾਂ ਨੂੰ ਸਮਝਾਇਆ। ਮੰਦਰ ਬਣਾਉਣ ਦੀ ਇਜ਼ਾਜਤ ਦੇ ਦਿੱਤੀ ਗਈ। ਬੜਾ ਸੋਹਣਾ ਦਿਨਾਂ ਵਿੱਚ ਹੀ ਮੰਦਿਰ ਬਣ ਗਿਆ। ਚਾਰ ਮੰਜ਼ਲਾ। ਗੁਰਦਵਾਰੇ ਤੋਂ ਦੂਣਾ ਉੱਚਾ।
ਸਿਖਰਲੀ ਮੰਜ਼ਿਲ ਤੇ ਲਾਲ ਰੰਗ ਦਾ ਝੰਡਾ ਲਾਉਣ ਲੱਗਿਆਂ ਤਨਾਅ ਫਿਰ ਵਧ ਗਿਆ। ਮੰਦਰ ਵਾਲੇ ਗੁਰਦਵਾਰੇ ਵਿੱਚ ਲੱਗੇ ਨਿਸ਼ਾਨ ਸਾਹਿਬ ਤੋਂ ਉੱਚਾ ਝੰਡਾ ਲਾ ਰਹੇ ਸਨ। ਭਗਤੂ ਦੇ ਸਾਥੀਆਂ ਅਨੁਸਾਰ ਇਹ ਗੁਰੂ ਦੇ ਕੇਸਰੀ ਨਿਸ਼ਾਨ ਦੀ ਬੇ-ਅਦਬੀ ਸੀ। ਅੱਗ ਅਤੇ ਹਥਿਆਰਾਂ ਦੀ ਖੇਡ ਫਿਰ ਖੇਡੀ ਗਈ। ਆਖਰ ਖੇਡ ਬਰਾਬਰ ਰਹੀ। ਫੈਸਲਾ ਇਹ ਹੋਇਆ ਕਿ ਝੰਡੇ ਬਰਾਬਰ ਉਚਾਈ ਤੇ ਰੱਖੇ ਜਾਣ।
ਇਸ ਗੱਲ ਨੂੰ ਕਈ ਸਾਲ ਬੀਤ ਗਏ ਨੇ। ਅੱਜ ਵੀ ਮੇਰੇ ਘਰ ਦੇ ਐਨ ਸਾਹਮਣੇ ਗੁਰਦਵਾਰੇ 'ਚ ਲੱਗਾ ਕੇਸਰੀ ਨਿਸ਼ਾਨ ਸਾਹਿਬ ਤੇ ਮੰਦਰ ਉਪਰ ਲੱਗਾ ਲਾਲ ਰੰਗ ਦਾ ਝੰਡਾ ਬਰਾਬਰ ਉਚਾਈ ਤੇ ਲਹਿਰਾ ਰਹੇ ਨੇ। ਜਦੋਂ ਵੀ ਹਵਾ ਚਲਦੀ ਹੈ ਕਦੇ ਇਹ ਝੰਡੇ ਉੱਤਰ ਵੱਲ, ਕਦੇ ਦੱਖਣ ਵੱਲ, ਕਦੇ ਪੂਰਬ ਅਤੇ ਕਦੇ ਪੱਛਮ ਵੱਲ ਲਹਿਰਾ ਰਹੇ ਹੁੰਦੇ ਨੇ। ਉਦੋਂ ਮੈਨੂੰ ਇੰਝ ਲੱਗਦਾ ਐ ਜਿਵੇਂ ਕਦੇ ਨਰੇਸ਼ ਭਗਤੂ ਦਾ ਅਤੇ ਕਦੇ ਭਗਤੂ ਨਰੇਸ਼ ਦਾ ਪਿੱਛਾ ਕਰ ਰਿਹਾ ਹੋਵੇ।
            ------------------
                            #515, Street No.3 ,
                            Dashmesh Ave. , Sangrur ( Punjab)
                            E-Mail: yadwindersidhu@yahoo.com
                            Ph. : +91-98764 72400