ਭਾਂਰਤੀ ਮੀਡੀਏ ਵੱਲੋਂ ਦੇਸ਼ ਦੀ ਫਿਜਾ ਅੰਦਰ ਘੋਲੀ ਜਾ ਰਹੀ ਫਿਰਕੂ ਜਹਿਰ ਦੇ ਨਤੀਜੇ ਕਰੋਨਾ ਵਾਇਰਸ ਦੇ ਖਤਰਿਆਂ ਤੋ ਵੱਧ ਘਾਤਕ
ਮਾਮਲਾ ਹਜੂਰ ਸਾਹਿਬ ਤੋ ਆਏ ਸਿੱਖ ਸ਼ਰਧਾਲੂਆਂ ਦਾ
ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਸੰਦਰਭ ਵਿੱਚ ਮੀਡੀਏ ਅਤੇ ਸ਼ੋਸ਼ਲ ਮੀਡੀਏ ਦੀ ਭੂਮਿਕਾ ਕੋਈ ਬਹੁਤ ਸੁਹਿਰਦਤਾ ਵਾਲੀ ਨਹੀ ਮੰਨੀ ਜਾ ਸਕਦੀ।ਇਸ ਸਮੇ ਦੌਰਾਨ ਦੇਖਿਆ ਗਿਆ ਹੈ ਕਿ ਮੀਡੀਏ ਦਾ ਵੱਡਾ ਹਿੱਸਾ ਕਰੋਨਾ ਮਹਾਂਮਾਰੀ ਲਈ ਕੁੱਝ ਇੱਕ ਖਾਸ ਫਿਰਕਿਆਂ ਨੂੰ ਨਿਸਾਨਾ ਬਣਾਉਂਦਾ ਆ ਰਿਹਾ ਹੈ।ਪਿਛਲੇ ਦਿਨਾਂ ਤੋ ਜਿਹੜੇ ਸ਼ਰਧਾਲੂ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ ਤੋ ਵਾਪਸ ਪਰਤੇ ਹਨ,ਜਿਸਤਰਾਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ,ਅਤੇ ਉਹਨਾਂ ਨਾਲ ਅਜਿਹਾ ਵਰਤਾਉ ਕੀਤਾ ਜਾ ਰਿਹਾ ਹੈ,ਜਿਵੇਂ ਉਹ ਸ਼ਰਧਾਲੂ ਨਾ ਹੋ ਕੇ ਅਤਵਾਦੀ ਹੋਣ,ਜਿਹੜੇ ਹਜੂਰ ਸਾਹਿਬ ਤੋ ਜਾਣਬੁੱਝ ਕੇ ਬਿਮਾਰੀ ਫੈਲਾਉਣ ਦੇ ਇਰਾਦੇ ਨਾਲ ਕਰੋਨਾ ਵਾਇਰਸ ਲੈ ਕੇ ਆਏ ਹੋਣ।ਸੋ ਅਜਿਹੇ ਮੌਕੇ ਮੀਡੀਏ ਦੀ ਭੂਮਿਕਾ ਸਾਰਥਿਕ ਹੋਣੀ ਚਾਹੀਦੀ ਹੈ,ਪ੍ਰੰਤੂ ਇੱਥੋ ਦਾ ਮੀਡੀਆ ਅਤੇ ਸ਼ੋਸ਼ਲ ਮੀਡੀਏ ਤੇ ਸਰਗਰਮ ਘੱਟ ਗਿਣਤੀ ਵਿਰੋਧੀ ਲਾਬੀ ਵੱਲੋਂ ਸਾਰੀ ਤਾਕਤ ਹਜੂਰ ਸਾਹਿਬ ਤੋ ਵਾਪਸ ਲਿਆਂਦੇ ਗਏ ਯਾਤਰੀਆਂ ਨੂੰ ਬਦਨਾਮ ਕਰਨ ਤੇ ਖਰਚ ਕੀਤੀ ਜਾ ਰਹੀ ਹੈ,ਜਦੋ ਕਿ ਕਰੋਨਾ ਪੌਜੇਟਿਵ ਪਾਏ ਗਏ ਯਾਤਰੀਆਂ ਦੀ ਅਸਲ ਸਚਾਈ ਸਬੰਧੀ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਨੇ ਸ਼ੋਸ਼ਲ ਮੀਡੀਏ ਤੇ ਵੀਡੀਓ ਸਾਂਝੀ ਕਰਕੇ ਵਿਸਥਾਰ ਨਾਲ ਦੱਸਿਆ ਹੈ ਕਿ ਨੰਦੇੜ ਸਹਿਰ ਵਿੱਚ ਇੱਕ ਵੀ ਕੇਸ ਕਰੋਨਾ ਦਾ ਨਹੀ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ,ਵੀਡੀਓ ਵਿੱਚ ਮੀਡੀਏ ਵੱਲੋਂ ਹਜੂਰ ਸਾਹਿਬ ਤੋ ਵਾਪਸ ਪਰਤੇ ਸ਼ਰਧਾਲੂਆਂ ਨੂੰ ਕਰੋਨਾ ਪੌਜੇਟਿਵ ਹੋਣ ਦੇ ਕੀਤੇ ਜਾ ਰਹੇ ਪ੍ਰਚਾਰ ਤੇ ਹੈਰਾਨੀ ਪਰਗਟ ਕਰਦਿਆਂ ਉਹਨਾਂ ਸਪੱਸਟ ਕੀਤਾ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਹਨਾਂ ਸੰਗਤਾਂ ਦੇ ਤਿੰਨ ਤਿੰਨ ਵਾਰੀ ਕਰੋਨਾ ਸਬੰਧੀ ਮੁਢਲੇ ਟੈਸਟ ਕੀਤੇ ਜਾ ਚੁੱਕੇ ਹਨ,ਪਰ ਕਿਸੇ ਵੀ ਵਿਅਕਤੀ ਵਿੱਚ ਅਜਿਹੇ ਲੱਛਣ ਨਹੀ ਪਾਏ ਗਏ,ਫਿਰ ਪੰਜਾਬ ਪਹੁੰਚਦਿਆਂ ਹੀ ਉਹ ਕਰੋਨਾ ਤੋ ਪੀੜਤ ਕਿਵੇਂ ਹੋ ਗਏ।ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸਿੱਖ ਸ਼ਰਧਾਲੂਆਂ ਨੂੰ ਜਾਣਬੁੱਝ ਕੇ ਨਿਸਾਨਾ ਬਣਾਏ ਜਾਣ ਤੇ ਸਾਜਿਸ਼ ਦਾ ਸੰਦੇਹ ਪਰਗਟ ਕੀਤਾ ਜਾ ਚੁੱਕਾ ਹੈ,ਉਧਰ ਹਜੂਰ ਸਾਹਿਬ ਤੋ ਵਾਪਸ ਪਰਤੇ ਸ਼ਰਧਾਲੂਆਂ ਨੇ ਸ਼ੋਸ਼ਲ ਮੀਡੀਏ ਤੇ ਵੱਖ ਵੱਖ ਨਿਊਜ ਚੈਨਲਾਂ ਵੱਲੋਂ ਸ਼ਰਧਾਲੂਆਂ ਨੂੰ ਕਰੋਨਾ ਪੌਜੇਟਿਵ ਪਰਚਾਰੇ ਜਾਣ ਤੇ ਇਤਰਾਜ ਪਰਗਟ ਕਰਦਿਆਂ ਕਿਹਾ ਕਿ ਸਾਡੀ ਜਾਂਚ ਕੀਤੇ ਜਾਣ ਤੋ ਪਹਿਲਾਂ ਹੀ ਮੀਡੀਏ ਵੱਲੋਂ ਸਾਨੂੰ ਕਰੋਨਾ ਪੌਜੇਟਿਵ ਹੋਣ ਦੇ ਸਰਟੀਫਿਕੇਟ ਅਕਸਰ ਕੀਹਦੇ ਕਹਿਣ ਤੇ ਦਿੱਤੇ ਜਾ ਰਹੇ ਹਨ। ਕੋਈ ਸਮਾ ਹੁੰਦਾ ਸੀ ਜਦੋਂ ਲੋਕ ਭਾਰਤੀ ਮੀਡੀਏ ਦੀ ਭਰੋਸ਼ੇਯੋਗਤਾ ਚ ਯਕੀਨ ਰੱਖਦੇ ਸਨ। ਟੈਲੀਵਿਜਨ ਦਾ ਬਟਨ ਦਬਾਉਣ ਉਪਰੰਤ ਖਬਰਾਂ ਵਾਲੇ ਚੈਨਲ ਲੱਭਣ ਲੱਗ ਪੈਂਦੇ ਸਨ, ਤਾਂ ਕਿ ਦੇਸ਼ ਦੁਨੀਆਂ ਦੀ ਜਾਣਕਾਰੀ ਮਿਲ ਸਕੇ। ਹਰ ਪਾਸੇ ਦੀ ਸਹੀ ਜਾਣਕਾਰੀ,ਉਹ ਭਾਵੇਂ ਸਰਕਾਰ ਦੀਆਂ ਨਾਕਾਮੀਆਂ ਦੀ ਗੱਲ ਹੋਵੇ,ਦੇਸ਼ ਦੇ ਵੱਡੇ ਕਾਰੋਬਾਰੀਆਂ ਵੱਲੋਂ ਟੈਕਸ ਚੋਰੀ ਦੇ ਰੂਪ ਚ ਦੇਸ਼ ਦੀ ਆਰਥਿਕਤਾ ਦੀ ਕੀਤੀ ਜਾਂਦੀ ਲੁੱਟ ਦੀ ਗੱਲ ਹੋਵੇ, ਕਾਰਖਾਨੇਦਾਰਾਂ ਵੱਲੋਂ ਅਪਣੇ ਮੁਲਾਜਮਾਂ ਦੇ ਕੀਤੇ ਜਾਂਦੇ ਸ਼ੋਸ਼ਣ ਦੀ ਗੱਲ ਹੋਵੇ,ਜਾਂ ਫਿਰ ਸਿਆਸੀ ਪੁਸਤਪਨਾਹੀ ਨਾਲ ਪਲ ਰਹੇ ਡੇਰਾਵਾਦ ਦੀ ਗੱਲ ਹੋਵੇ,ਭਾਵ ਹਰ ਤਰਾਂ ਦੀ ਜਾਣਕਾਰੀ ਟੈਲੀਵਿਜਨ ਚੈਨਲਾਂ ਤੇ ਨਸਰ ਹੋ ਜਾਇਆ ਕਰਦੀ ਸੀ। ਮੀਡੀਏ ਦੀ ਭਰੋਸ਼ੇਯੋਗਤਾ ਖਤਮ ਕਰਨ ਅਤੇ ਅਪਣੇ ਹਿਤਾਂ ਲਈ ਇਸਤੇਮਾਲ ਕਰਨ ਖਾਤਰ ਦੇਸ਼ ਦੀ ਸ਼ਰਮਾਏਦਾਰ ਜਮਾਤ ਨੇ ਟੈਲੀਵਿਜਨ ਨੈਟਵਰਕ ਤੇ ਕਬਜਾ ਜਮਾ ਲਿਆ। ਰਾਸ਼ਟਰੀ ਟੀ ਵੀ ਚੈਨਲ ਜਾਂ ਤਾਂ ਦੇਸ਼ ਦੇ ਸਰਮਾਏਦਾਰ ਨੇ ਸਰਕਾਰ ਦੀ ਮਿਲੀਭੁਗਤ ਨਾਲ ਖਰੀਦ ਲਏ ਜਾਂ ਫਿਰ ਜਿਹੜੇ ਖਰੀਦੇ ਨਹੀ ਜਾ ਸਕੇ ਉਹਨਾਂ ਨੂੰ ਹਕੂਮਤੀ ਜਬਰ ਨਾਲ ਬੰਦ ਕਰਵਾ ਦਿੱਤਾ ਗਿਆ, ਲਿਹਾਜਾ ਲੋਕ ਪੱਖੀ ਮੀਡੀਏ ਦੇ ਯੁੱਗ ਦਾ ਅੰਤ ਹੋ ਗਿਆ। ਜਿਸ ਤਰਾਂ ਭਾਰਤੀ ਮੀਡੀਆ ਮੌਜੂਦਾ ਸਮੇਂ ਵਿੱਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ, ਉਹ ਸਮੁੱਚੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਬਲਕਿ ਦੇਸ਼ ਨੂੰ ਜਾਤਾਂ, ਨਸਲਾਂ, ਧਰਮਾਂ, ਮਜਹਬਾਂ ਵਿੱਚ ਵੰਡਣ ਵਾਲੀ ਜਮਾਤ ਦੀ ਸੋਚ ਨੂੰ ਹਵਾ ਦੇ ਕੇ ਦੇਸ਼ ਨੂੰ ਤੋੜਨ ਵਾਲੇ ਪਾਸੇ ਵੱਧ ਰਿਹਾ ਹੈ। ਜਿਸ ਤਰਾਂ ਬੀਤੇ 5-7 ਸਾਲਾਂ ਤੋਂ ਦੇਸ਼ ਦੇ ਹਾਲਾਤ ਬਣੇ ਹੋਏ ਹਨ, ਉਹਦੇ ਵਿੱਚ ਨਫਰਤ ਦੀ ਚਿੰਗਾਰੀ ਨੂੰ ਭਾਂਬੜ ਬਨਾਉਣ ਵਿੱਚ ਭਾਰਤੀ ਬਿਜਲਈ ਮੀਡੀਏ ਦੀ ਸਭ ਤੋਂ ਵੱਡੀ ਭੂਮਿਕਾ ਰਹੀ ਹੈ। ਲਿਹਾਜਾ ਦੇਸ਼ ਅੰਦਰ ਨਸਲੀ ਬਿਤਕਰੇਵਾਜੀ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਬਹੁਤ ਸਾਰੇ ਸੂਬੇ ਅਜਿਹੇ ਹਨ, ਜਿਥੇ ਧਰਮ ਦੇ ਨਾਮ ਤੇ, ਜਾਤਾਂ ਦੇ ਨਾਮ ਤੇ ਲੜਾਈਆਂ ਹੁੰਦੀਆਂ ਹਨ, ਦੰਗੇ ਹੁੰਦੇ ਹਨ। ਜਿਸ ਨੂੰ ਭਾਰਤੀ ਮੀਡੀਆ ਅੱਗ ਤੇ ਫੂਸ ਪਾਉਣ ਵਾਲੀ ਭੂਮਿਕਾ ਅਦਾ ਕਰਦਾ ਹੋਇਆ ਇਸ ਤਰਾਂ ਪੇਸ਼ ਕਰਦਾ ਹੈ, ਜਿਸ ਤੇ ਸੁਨਣ ਵਾਲੇ ਤੇ ਦੇਖਣ ਵਾਲੇ ਲੋਕਾਂ ਦੇ ਮਨਾਂ ਵਿੱਚ ਕਿਸੇ ਵਿਸ਼ੇਸ਼ ਫਿਰਕੇ ਜਾਂ ਜਾਤ ਪ੍ਰਤੀ ਨਫਰਤ ਪੈਂਦਾ ਹੋਣੀ ਸੁਭਾਵਿਕ ਹੁੰਦੀ ਹੈ। ਅਖੀਰ ਲੋਕ ਮਨਾਂ ਅੰਦਰ ਪੈਦਾ ਹੈਈ ਇਹ ਨਫਰਤ ਆਪਸੀ ਭਾਈਚਾਰਕ ਸਾਂਝਾਂ ਦੀ ਕਤਿਲ ਹੋ ਨਿਬੜਦੀ ਹੈ। ਸੋ ਇਸਤਰਾਂ ਦੀ ਫੁੱਟ ਪਾਊ ਭੂਮਿਕਾ ਅਦਾ ਕਰਦਾ ਭਾਰਤੀ ਮੀਡੀਆ ਇਕ ਖਾਸ ਜਮਾਤ ਦੇ ਫਿਰਕੂ ਏਜੰਡੇ ਤੇ ਕੰਮ ਕਰਦਾ ਪਰਤੀਤ ਹੁੰਦਾ ਹੈ। ਜਿਸ ਤਰਾਂ ਦੇਸ਼ ਦੇ ਹਾਲਾਤ ਬਣਾਏ ਜਾ ਰਹੇ ਹਨ,ਉਹ ਦਾ ਸਪਸ਼ਟ ਰੂਪ ਚ ਇਹ ਅਰਥ ਹੈ ਕਿ ਆਉਣ ਵਾਲੇ ਸਮੇ ਚ ਦਲਿਤਾਂ ਅਤੇ ਘੱਟ ਗਿਣਤੀ ਲੋਕਾਂ ਦੇ ਹੱਕ ਹਕੂਕਾਂ ਦਾ ਹੋਰ ਬੇਰਹਿਮੀ ਨਾਲ ਘਾਣ ਹੋਵੇਗਾ,ਉਦੋਂ ਭਗਵੇਂ ਬ੍ਰਿਗੇਡ ਦੇ ਮੀਡੀਆ ਵਿੰਗ ਵਜੋਂ ਵਿਚਰ ਰਹੇ ਭਾਰਤੀ ਮੀਡੀਏ ਦੀ ਭੂਮਿਕਾ ਜਮਹੂਰੀਅਤ ਤੇ ਇਨਸਾਫ ਪਸੰਦ ਲੋਕਾਂ ਦੀ ਨਜਰ ਵਿੱਚ ਲੋਕ ਵਿਰੋਧੀ ਅਤੇ ਫਿਰਕੂ ਸਰਮਾਏਦਾਰੀ ਜਮਾਤ ਪੱਖੀ ਹੋਵੇਗੀ। ਜੇਕਰ ਭਾਰਤੀ ਮੀਡੀਆ ਆਪਣੀ ਬਣਦੀ ਜੁੰਮੇਵਾਰੀ ਨੂੰ ਇਮਾਨਦਾਰੀ ਨਾਲ ਜਾਤਾਂ, ਨਸਲਾਂ, ਧਰਮਾਂ ਤੋਂ ਉੱਪਰ ਉਠ ਕੇ ਨਿਭਾਉਣ ਲਈ ਪਾਬੰਦ ਹੁੰਦਾ ਤਾਂ ਜੋ ਦੇਸ਼ ਦੇ ਹਾਲਾਤ ਹੁਣ ਬਣ ਚੁੱਕੇ ਹੋਏ ਹਨ, ਸ਼ਾਇਦ ਉਹ ਨਾ ਬਣਦੇ। ਇਹ ਬੇਹੱਦ ਹੀ ਸ਼ਰਮਨਾਕ ਵਰਤਾਰਾ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਭਾਰਤ ਅੰਦਰ ਮੀਡੀਆ ਅਪਣੀਆਂ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਸਿੱਧੇ ਰੂਪ ਚ ਇੱਕ ਧਿਰ ਦੇ ਬੁਲਾਰੇ ਦੇ ਰੂਪ ਚ ਵਿਚਰਦਾ ਆ ਰਿਹਾ ਹੈ। ਬੇਸ਼ੱਕ ਸਾਰਾ ਸੰਸਾਰ ਹੀ ਪੈਸੇ ਦੀ ਦੌੜ ਚ ਇੱਕ ਦੂਸਰੇ ਤੋਂ ਅਗੇ ਨਿਕਲਣ ਲਈ ਯਤਨਸ਼ੀਲ ਹੈ, ਪ੍ਰੰਤੂ ਜਿਸ ਤਰਾਂ ਭਾਰਤੀ ਮੀਡੀਏ ਨੇ ਆਪਣੇ ਉੱਚੇ ਸੁੱਚੇ ਅਦਰਸ਼ਾਂ ਨੂੰ ਪਦਾਰਥ ਅਤੇ ਸੁਆਰਥ ਪਿੱਛੇ ਤਿਆਗ ਦਿੱਤਾ ਹੈ, ਅਜਿਹੀ ਮਿਸ਼ਾਲ ਦੁਨੀਆਂ ਦੇ ਹੋਰ ਕਿਸੇ ਖਿਤੇ ਵਿੱਚ ਨਹੀਂ ਮਿਲਦੀ। ਰਾਸ਼ਟਰੀ ਟੈਲੀਵਿਜਨ ਚੈਨਲਾਂ ਦੇ ਪੱਤਰਕਾਰ, ਐਂਕਰ ਜਦੋਂ ਕਿਸੇ ਵਿਰੋਧੀ ਵਿਚਾਰਾਂ ਵਾਲੇ ਵਿਅਕਤੀ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਤਾਂ ਇੰਜ ਜਾਪਦਾ ਹੈ ਕਿ ਕੋਈ ਪੱਤਰਕਾਰ ਨਹੀਂ, ਬਲਕਿ ਕੋਈ ਕਿਸੇ ਖਾਸ ਧਿਰ ਦਾ ਨੁਮਾਇੰਦਾ ਪੱਤਰਕਾਰੀ ਦੇ ਡਰ ਅਤੇ ਰੋਹਬ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਚਿੱਤ ਕਰਨਾ ਚਾਹੁੰਦਾ ਹੈ, ਅਜਿਹਾ ਵਰਤਾਰਾ ਭਾਰਤੀ ਟੀ ਵੀ ਚੈਨਲਾਂ ਤੇ ਆਮ ਦੇਖਣ ਸੁਨਣ ਨੂੰ ਮਿਲਦਾ ਹੈ। ਹਰ ਗੱਲ,ਹਰ ਮੁੱਦੇ ਤੇ ਨਸਲੀ ਵਿਤਕਰੇ ਭਰੀ ਪੱਤਰਕਾਰੀ ਨਾਲ ਕਿਸੇ ਇੱਕ ਫਿਰਕੇ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਹੈ, ਫਿਰ ਉਸ ਮੁੱਦੇ ਤੇ ਡਿਬੇਟ ਕਰਵਾਈ ਜਾਂਦੀ ਹੈ, ਡਿਬੇਟ ਵਿੱਚ ਇੱਕ ਨੁਮਾਇੰਦਾ ਉਸ ਪੀੜਤ ਧਿਰ ਦਾ ਸ਼ਾਮਲ ਕੀਤਾ ਜਾਂਦਾ ਹੈ, ਜਿਹੜੀ ਭਾਰਤੀ ਤੰਤਰ ਦੇ ਨਿਸ਼ਾਨੇ ਤੇ ਹੈ ਤੇ ਬਾਕੀ ਦੇ ਤਿੰਨ ਜਾਂ ਚਾਰ ਵਿਅਕਤੀ ਹੋਰ ਅਜਿਹੇ ਲੱਭ ਕੇ ਚੈਨਲ ਤੇ ਬਿਠਾਏ ਜਾਂਦੇ ਹਨ, ਜਿਹੜੇ ਪੀੜਤ ਵਿਅਕਤੀ ਨੂੰ ਬੋਲਣ ਤੱਕ ਨਹੀਂ ਦਿੰਦੇ, ਜੇਕਰ ਕਿਤੇ ਗਲਤੀ ਨਾਲ ਉਪਰੋਕਤ ਵਿਅਕਤੀ ਉਹਨਾਂ ਦੇ ਪੱਖਪਾਤੀ ਵਰਤਾਰੇ ਦੀ ਨਿਖੇਧੀ ਕਰਨ ਦੀ ਭੁੱਲ ਕਰ ਬੈਠਦਾ ਹੈ ਜਾਂ ਉਸ ਨਫਰਤੀ ਭੀੜ ਦੇ ਰੌਲੇ ਰੱਪੇ ਚੋ ਕੁਝ ਉੱਚੀ ਅਵਾਜ ਵਿੱਚ ਬੋਲਕੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਬੰਧਤ ਟੀ ਵੀ ਚੈਨਲ ਦਾ ਪੱਤਰਕਾਰ ਐਨੀ ਨਫਰਤ ਅਤੇ ਗੁੱਸੇ ਭਰੇ ਅੰਦਾਜ ਵਿੱਚ ਚੁੱਪ ਰਹਿਣ ਦੀ ਚਿਤਾਵਨੀ ਦਿੰਦਾ ਹੈ, ਜਿਸ ਤੇ ਟੀ.ਵੀ ਦੇਖਣ ਵਾਲੇ ਦਰਸ਼ਕ ਵੀ ਭੈਅ ਭੀਤ ਹੋ ਜਾਂਦੇ ਹਨ। ਇਹ ਵਰਤਾਰਾ ਅੱਜ ਕੱਲ ਟੀ.ਵੀ ਚੈਨਲਾਂ ਤੇ ਆਮ ਸੁਭਾਵਿਕ ਹੀ ਦੇਖਣ ਨੂੰ ਮਿਲਦਾ ਹੈ। ਭਾਰਤੀ ਮੀਡੀਆ ਇਸ ਕਦਰ ਆਪਣੇ ਅਸੂਲਾਂ ਤੋਂ ਹੇਠਾਂ ਆ ਗਿਆ ਹੈ ਕਿ ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੂੰ ਵੀ ਇੱਕ ਵਿਸ਼ੇਸ਼ ਫਿਰਕੇ ਸਿਰ ਮੜਨ ਲਈ ਦਿਨ ਰਾਤ ਪੱਬਾਂ ਭਾਰ ਹੋਇਆ ਰਹਿੰਦਾ ਹੈ। ਦਿਲੀ ਦੀ ਘਟਨਾ ਕਿਸੇ ਤੋਂ ਭੁੱਲੀ ਨਹੀਂ ਜਿਥੇ ਮੁਸਲਮ ਭਾਈਚਾਰੇ ਦੀ ਇੱਕ ਜਮਾਤ ਵੱਲੋਂ ਇਸ ਬਿਮਾਰੀ ਫੈਲਣ ਦੇ ਸ਼ੁਰੂਆਤੀ ਦਿਨਾਂ ਵਿੱਚ ਅਪਣਾ ਇੱਕ ਸਲਾਨਾ ਸਮਾਗਮ ਕੀਤਾ ਸੀ,ਜਿਸ ਵਿੱਚ ਸ਼ਾਮਿਲ ਹੋਣ ਵਾਲੇ ਬਹੁਤ ਸਾਰੇ ਲੋਕ ਇਤਫਾਕ ਨਾਲ ਕਰੋਨਾ ਦੇ ਲੌਕ ਡਾਉਨ ਚ ਫਸ ਗਏ ਸਨ।ਭਾਰਤੀ ਮੀਡੀਏ ਨੇ ਉਸ ਜਮਾਤ ਨੂੰ ਨਿਸ਼ਾਨਾ ਬਣਾ ਕੇ ਜਿਸ ਤਰਾਂ ਮੁਸਲਿਮ ਭਾਈਚਾਰੇ ਨੂੰ ਬਦਨਾਮ ਕੀਤਾ, ਉਹ ਸਭ ਦੇ ਸਾਹਮਣੇ ਹੈ, ਜਦੋਂ ਕਿ ਅਸਲੀਅਤ ਮੀਡੀਏ ਦੀਆਂ ਰਿਪੋਰਟਾਂ ਤੇ ਬਿਲਕੁਲ ਹੀ ਵੱਖਰੀ ਰਹੀ ਹੈ। ਏਸੇ ਤਰਾਂ ਵਿਦੇਸ਼ਾਂ ਤੋ ਪੰਜਾਬ ਚ ਆਏ ਵਿਦੇਸ਼ੀ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਇਆ ਗਿਆ, ਸਿੱਖਾਂ ਦੇ ਤਿਉਹਾਰ ਹੋਲੇ ਮੁਹੱਲੇ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ,ਇਹ ਸਮਝ ਤੋ ਬਾਹਰ ਹੈ ਕਿ ਅਕਸਰ ਅਜਿਹੀ ਸੋਚ ਨੂੰ ਕਿਉਂ ਤੂਲ ਦਿੱਤਾ ਜਾ ਰਿਹਾ ਹੈ,ਜਿਹੜੀ ਇਸ ਕੁਦਰਤ ਦੀ ਮਾਰ ਸਮੇ ਵੀ ਲੋਕਾਂ ਵਿੱਚ ਦਹਿਸਤ ਦਾ ਮਹੌਲ ਸਿਰਜ ਕੇ ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਯਤਨਸ਼ੀਲ ਹੈ,ਜਦੋਂ ਕਿ ਅਜਿਹੀ ਕੁਦਰਤੀ ਕਰੋਪੀ ਤੋਂ ਮਨੁੱਖ ਨੂੰ ਸਬਕ ਸਿੱਖਣ ਦੀ ਜਰੂਰਤ ਹੈ,ਪਰ ਅਫਸੋਸ ਕਿ ਨਫਰਤੀ ਸਿਆਸਤ ਅਤੇ ਸ਼ਰਮਾਏਦਾਰੀ ਗੱਠਜੋੜ ਦੇ ਹੱਥਾਂ ਦੀ ਕਠਪੁਤਲੀ ਬਣੇ ਭਾਰਤੀ ਮੀਡੀਏ ਵੱਲੋਂ ਦੇਸ਼ ਦੀ ਸਾਂਤ ਫਿਜਾ ਅੰਦਰ ਅਜਿਹੀ ਫਿਰਕੂ ਜਹਿਰ ਘੋਲੀ ਜਾ ਰਹੀ ਹੈ,ਜਿਸ ਦੇ ਨਤੀਜੇ ਕਰੋਨਾ ਵਾਇਰਸ ਦੇ ਖਤਰਿਆਂ ਤੋ ਵੱਧ ਘਾਤਕ ਸਿੱਧ ਹੋ ਸਕਦੇ ਹਨ।
ਬਘੇਲ ਸਿੰਘ ਧਾਲੀਵਾਲ
99142-58142