ਹਰ ਕੰਮ ਕਰਵਾਉਣ ਲਈ ਸਿਆਸਤਦਾਨਾਂ ਦੀ ਸ਼ਿਫਾਰਸ਼ ਦੀ ਲੋੜ ਕਿਉ? - ਅੰਗਰੇਜ ਸਿੰਘ ਹੁੰਦਲ

ਸਿਆਸੀ ਲੋਕਾਂ ਦੀ ਸ਼ਿਫਾਰਸ਼ ਕਰਵਾਉਂਣੀ ਕਿਉਂ ਬਣ ਚੁੱਕੀ ਹੈ ਜ਼ਰੂਰੀ?

ਸੂਬੇ ਦੇ ਵੋਟਰਾਂ ਦੁਆਰਾ ਚੁਣੇ ਜਾਂਦੇ ਵਿਧਾਨ ਸਭਾ ਅਤੇ ਲੋਕ ਸਭਾ ਮੈਂਬਰਾਂ ਦਾ ਮੁੱਖ ਕੰਮ ਜਿੱਤਣ ਤੋਂ ਬਾਅਦ ਆਪਣੇ ਹਲਕੇ ਵਿਚ ਵਿਕਾਸ ਕਰਵਾਉਣਾ ਹੁੰਦਾ ਹੈ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾ ਨੂੰ ਸਰਕਾਰ ਸਾਹਮਣੇ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਹੱਲ ਹੋ ਸਕਦੇ ।
ਪਰ ਰਾਜ ਦੇ ਲੋਕ ਚੁਣੇ ਹੋਏ ਲੀਡਰਾਂ ਕੋਲੋ ਵਿਕਾਸ ਘੱਟ ਕਰਵਉਂਦੇ ਹਨ ਤੇ ਨਿੱਜੀ ਕੰਮ ਜ਼ਿਆਦਾ ਕਰਵਾਉਣ ਵੱਲ ਧਿਆਨ ਦਿੰਦੇ ਹਨ । ਜਿਵੇ ਪਿੰਡਾਂ ਵਿਚ ਦੂਜੀ ਪਾਰਟੀ ਨਾਲ ਸੰਬਧਿਤ ਲੋਕਾਂ ਦੇ ਘਰਾ ਲਾਗੇ ਵਿਕਾਸ ਦੇ ਕੰਮ ਨਾ ਕਰਨ ਦੇਣੇ ਜਾ ਲੜਾਈ ਝਗੜੇ ਵਿਚ ਸਿਆਸੀ ਦਖਲ ਅੰਦਾਜ਼ੀ ਕਰਕੇ ਵਿਰੋਧੀਆਂ ਦੇ ਪਰਚੇ ਕਰਵਾਉਣੇ ਆਦਿ ਸ਼ਾਮਿਲ ਹਨ ।  ਛੋਟੀ ਤੋਂ ਛੋਟੀ ਗੱਲ ਵਿਚ ਸਿਆਸੀ ਦਖਲ ਅੰਦਾਜ਼ੀ ਹੋ ਰਹੀ ਹੈ ਅਤੇ ਸਰਕਾਰੀ ਦਫਤਰ ਵਿਚ ਸਿਆਸੀ ਸ਼ਿਫਾਰਸ਼ ਨਾਲ ਜਾ ਪੈਸੇ ਨਾਲ ਕੰਮ ਹੋ ਰਹੇ ਹਨ । ਲੋਕਾਂ ਦੀ ਮਾਨਸਿਕਤਾ ਵਿਚ ਇਹ ਗੱਲ ਬੁਰੀ ਤਰ੍ਹਾਂ ਧੱਸ ਚੁੱਕੀ ਹੈ ਕਿ ਜੇਕਰ ਸਿਆਸੀ ਦਬਾਅ ਨਾ ਬਣਾਇਆ ਤਾਂ ਕੋਈ ਵੀ ਕੰਮ ਨਹੀਂ ਹੋਣਾ ਉਹ ਏਸੇ ਕਰਕੇ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਮਿਲਣ ਤੋਂ ਪਹਿਲਾਂ ਸਿਆਸੀ ਲੋਕਾਂ ਦੇ ਦਰਬਾਰ ਵਿਚ ਜਾ ਕੇ ਫੋਨ ਕਰਵਾਉਣਾ ਲਾਜ਼ਮੀ ਸਮਝਦੇ ਹਨ । ਜਦੋਂ ਕਿ ਸਰਕਾਰ ਜਿਹੜੀ ਮਰਜ਼ੀ ਚੁਣੀ ਹੋਵੇ ਉਸ ਪਹਿਲਾਂ ਫਰਜ਼ ਬਣਦਾ ਹੈ ਕਿ ਰਾਜ ਦੇ ਨਾਗਰਿਕਾ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਦੇ ਸਹੂਲਤਾਂ ਮਿਲਣ ਜਦੋਂ ਕਿ ਹੋ ਇਸ ਦੇ ਉਲਟ ਰਿਹਾ ਹੈ । ਹੁਣ ਜਿਸਦੀ ਸਰਕਾਰ ਉਸੇ ਪਾਰਟੀ ਦੇ ਥਾਣੇ ਅਤੇ ਹੋਰ ਸਾਰੇ ਸਰਕਾਰੀ ਦਫਤਰ ਹਨ । ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਜੇਕਰ ਥਾਣੇ ਜਾਣਾ ਹੋਵੇ ਤਾਂ ਪਹਿਲਾਂ ਪੈਸੇ ਜਾ ਮੌਜੂਦਾ ਸਿਆਸੀ ਲੀਡਰ ਦੇ ਫੋਨ ਕਰਵਾਉਣ ਦਾ ਪ੍ਰਬੰਧ ਜ਼ਰੂਰੀ ਹੈ । ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦਾ ਵਿਵਹਾਰ ਏਦਾ ਦਾ ਹੋ ਚੁੱਕਾ ਹੈ ਕਿ ਪੈਸੇ ਜਾ ਸ਼ਿਫਾਰਸ਼ ਤੋਂ ਬਗੈਰ ਕੰਮ ਕਰਨਾ ਠੀਕ ਨਹੀਂ ਸਮਝਦੇ ।
ਇਹਨਾਂ ਸਿਆਸੀ ਨੇਤਵਾਂ ਦੀ ਇੱਕ ਗੱਲ ਹੋਰ ਬੜੀ ਦਿਲਚਪਸ ਦੇਖਣ ਵਾਲੀ ਮਿਲਦੀ ਹੈ ਕਿ ਜਦੋਂ ਲੋਕ ਆਪਣੇ ਘਰਾਂ ਵਿਚ ਇਹਨਾਂ ਨੂੰ ਆਪਣੀ ਫੋਕੀ ਸ਼ਾਨ ਬਣਾਉਣ ਖਾਤਰ ਘਰ ਬੁਲਾਉਂਦੇ ਹਨ ਤਾਂ ਇਹਨਾਂ ਦੀ ਸੇਵਾ ਕਰਨ ਵਿਚ ਕੋਈ ਕਮੀ ਨਹੀਂ ਰਹਿਣ ਦਿੰਦੇ । ਪਰ ਜਦੋਂ ਲੋਕ ਇਹਨਾਂ ਲੀਡਰਾਂ ਦੇ ਘਰ ਆਪਣੇ ਕੰਮ ਕਰਵਉਣ ਜਾਂਦੇ ਹਨ ਤਾਂ ਗੇਟਾ ਮੁਹਰੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ।ਇਹ ਨੇਤਾ ਨਾ ਪਾਣੀ, ਨਾ ਚਾਹ ਨਹੀਂ ਪੁੱਛਦੇ ਸਗੋਂ ਘੰਟਿਆਂ ਬੱਧੀ ਇੰਤਜ਼ਾਰ ਕਰਵਾਉਂਦੇ ਹਨ । ਜਦ ਕਿ  ਇਹ ਲੋਕਾਂ ਦੀਆਂ ਵੋਟਾਂ ਦੁਆਰਾ ਚੁਣੇ ਹੁੰਦੇ ਹਨ ਲੋਕਾਂ ਦੀ ਲੋੜ ਇਹਨਾਂ ਨੂੰ ਜ਼ਿਆਦਾ ਹੁੰਦੀ ਹੈ । ਪਰ ਲੋਕਾਂ ਨੇ ਇਹਨਾਂ ਲੀਡਰਾਂ ਦਾ ਦਿਮਾਗੀ ਸੰਤੁਲਨ ਵਿਗਾੜ ਦਿੱਤਾ ਹੈ ।
ਇਹਨਾਂ ਸਿਆਸੀ ਲੀਡਰਾਂ ਨੇ ਆਪਣੇ ਅੱਗੇ ਇੱਕ ਨਹੀਂ ਕਈ ਪੀ.ਏ. ਰੱਖੇ ਹੋਏ ਹਨ ਜੋ ਲੋਕਾਂ ਦੇ ਕੰਮ ਕਰਵਾਉਣ ਸਬੰਧੀ ਅਧਿਕਾਰੀਆਂ ਕਰਮਚਾਰੀਆਂ ਨੂੰ ਫੋਨ ਕਰਦੇ ਹਨ ਅਤੇ ਇਹ ਪੀ.ਏ. ਵੀ ਆਪਣੇ ਆਪ ਨੂੰ ਮੰਤਰੀ ਤੋਂ ਘੱਟ ਨਹੀਂ ਸਮਝਦੇ ਪੂਰਾ ਟੌਹਰ ਜਮਾ ਕੇ ਰੱਖਦੇ ਹਨ ।  ਵੱਡੇ ਸਿਆਸੀ ਨੇਤਾ ਲੋਕਾ ਦੇ ਫੋਨ ਚੁੱਕਣਾ ਸੁਣਨਾ ਮੁਨਾਸਿਬ ਨਹੀਂ ਸਮਝਦੇ ਅਤੇ ਇਨ੍ਹਾਂ ਦੇ ਪੀ.ਏ. ਵੀ ਲੋਕਾਂ ਦੇ ਜਲਦੀ ਫੋਨ ਨਹੀਂ ਚੁੱਕਦੇ ।

ਮੈਂ ਕਿਸੇ ਪਾਰਟੀ ਨਾਲ ਸਬੰਧਿਤ ਨਹੀਂ ਏਥੇ ਇੱਕ ਲੀਡਰ ਦਾ ਜ਼ਿਕਰ ਬਿਨਾ ਨਾਮ ਲਏ ਕਰ ਰਿਹਾ ਹਾਂ ਕਿ ਉਸਦੀ ਕੋਠੀ ਕੋਈ ਵੀ ਵਰਕਰ ਕੰਮ ਲਈ ਜਾਂਦਾ ਹੈ ਤਾਂ ਪਹਿਲਾਂ ਪਾਣੀ, ਚਾਹ ਨਾਲ ਵੇਸਣ ਮੱਠੀਆ ਦਿੱਤੀਆ ਜਾਂਦੀਆਂ ਹਨ । ਪਰ ਉਕਤ ਸਿਆਸੀ ਲੀਡਰ ਨੇ  ਕਈ ਪੀ.ਏ. ਰੱਖੇ ਹੋਏ ਹਨ ਜੋ ਲੋਕਾਂ ਨੂੰ ਘੱਟ ਮਿਲਣਾ ਪਸੰਦ ਕਰਦੇ ਹਨ ਤੇ ਕੰਮ ਕਰਵਾਉਣ ਵਾਲੇ ਲੋਕਾਂ ਦੀਆਂ ਇਹਨਾਂ ਪਿੱਛੇ ਲਾਈਨਾਂ ਲੱਗੀਆਂ ਰਹਿੰਦੀਆਂ ਹਨ ।
ਸਭ ਸਿਆਸੀ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਰਕਰ ਦੀ ਵੋਟ ਬਹੁਤ ਜ਼ਿਆਦਾ ਕੀਮਤੀ ਹੈ ਜਿਸ ਦਾ ਕੋਈ ਮੁੱਲ ਨਹੀਂ ਉਹ ਉਸ ਅਧਿਕਾਰ ਹੈ ਜਿਹੜਾ ਉਮੀਦਵਾਰ ਉਸ ਨੁੰ ਪਸੰਦ ਹੈ ਵੋਟ ਪਾ ਸਕਦਾ ਹੈ । ਸਿਆਸੀ ਨੇਤਾਵਾਂ ਨੂੰ ਜਿੱਤ ਹਾਸਲ ਕਰਕੇ ਕੁਰਸੀ ਦੇ ਨਸ਼ੇ ਵਿਚ ਵਰਕਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਸਗੋਂ ਹੋਰ ਨੇੜਤਾ ਵਧਾਉਣੀ ਚਾਹੀਦੀ ਹੈ ਅਤੇ ਵੋਟਰਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੀ ਪਸੰਦ ਦੇ ਨੇਤਾਵਾਂ ਨੂੰ ਅੱਗੇ ਲਿਆਉਣ ਤਾਂ ਜੋ ਦੇਸ਼ ਅਤੇ ਸੂਬੇ ਦਾ ਵਿਕਾਸ ਹੋ ਸਕੇ । ਲੋਕਾਂ ਨੂੰ ਰਾਜਨੀਤੀ ਤਹਿਤ ਝੂਠੇ ਪਰਚੇ ਕਰਵਾਉਣੇ ਜਾ ਹੋਰ ਨਿੱਜੀ ਦੁਸ਼ਮਣੀਆਂ ਕੱਢੀਆਂ ਜ਼ਾਇਜ਼ ਨਹੀਂ ਹਨ ਸਗੋਂ ਮਿਲ ਬੈਠ ਕੇ ਸਰਬਪੱਖੀ ਵਿਕਾਸ ਕਰਵਾਉਣ ਵੱਲ ਤਰਜੀਹ ਦੇਣੀ ਚਾਹੀਦੀ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਰਵਾਉਣ ਦੀ ਲੋੜ ਹੈ ਸਰਕਾਰ ਜਿਹੜੀ ਮਰਜੀ ਪਾਰਟੀ ਦੀ ਭਾਵੇ ਕਿਉ ਨਾ ਹੋਵੇ । ਸਰਕਾਰ ਨੂੰ ਵੀ ਚਾਹੀਦਾ ਕਿ ਦਫਤਰਾਂ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕਰਨੀ ਚਾਹੀਦੀ ਹੈ ਕਿ ਬਗੈਰ ਸ਼ਿਫਾਰਸ਼ ਅਤੇ ਪੈਸੇ ਦੇ ਲੋਕਾਂ ਦੇ ਕੰਮ ਸਮੇਂ ਸਿਰ ਕੀਤੇ ਜਾਣ ।

ਅੰਗਰੇਜ ਸਿੰਘ ਹੁੰਦਲ
9876785672