ਕਿਸ ਦਾ ਸਮਾਂ ਹੈ ਇਹ ? - ਸਵਰਾਜਬੀਰ
ਸਮਾਂ ਕੀ ਹੈ? ਇਸ ਸਵਾਲ ਬਾਰੇ ਬਹੁਤ ਤਰਕ-ਵਿਤਰਕ ਹੋਇਆ ਹੈ। ਇਹ ਤਰਕ ਕਿ ਕਿਰਤੀਆਂ ਦੇ ਸਮੇਂ ਦੀ ਨੌਈਅਤ ਅਮੀਰਾਂ ਤੇ ਹਾਕਮਾਂ ਦੇ ਸਮੇਂ ਤੋਂ ਵੱਖਰੀ ਹੁੰਦੀ ਹੈ, ਵੱਡੀ ਬਹਿਸ ਦਾ ਵਿਸ਼ਾ ਰਿਹਾ ਹੈ। ਹਾਕਮ ਜਮਾਤਾਂ ਹਮੇਸ਼ਾ ਕਿਰਤੀਆਂ ਦੇ ਸਮੇਂ ਨੂੰ ਆਪਣੇ ਵੱਸ ਵਿਚ ਰੱਖਣਾ ਚਾਹੁੰਦੀਆਂ ਰਹੀਆਂ ਹਨ।
ਸਨਅਤੀ ਇਨਕਲਾਬ ਦੌਰਾਨ ਇੰਗਲੈਂਡ ਤੇ ਹੋਰ ਮੁਲਕਾਂ ਵਿਚ ਮਜ਼ਦੂਰਾਂ ਨੂੰ ਰੋਜ਼ਾਨਾ 12 ਤੋਂ 16 ਘੰਟੇ ਤਕ ਕੰਮ ਕਰਨਾ ਪੈਂਦਾ ਸੀ। ਕਈ ਕਾਰਖ਼ਾਨਿਆਂ ਵਿਚ ਹਫ਼ਤਾਵਾਰੀ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ। ਬਾਲ ਮਜ਼ਦੂਰੀ ਵੀ ਆਮ ਸੀ। ਇੰਗਲੈਂਡ ਵਿਚ ਕਿਰਤੀਆਂ ਦੀਆਂ ਜਥੇਬੰਦੀਆਂ ਤੇ ਸਮਾਜ ਸੁਧਾਰਕਾਂ ਦੇ ਆਵਾਜ਼ ਉਠਾਉਣ ਨਾਲ 19ਵੀਂ ਸਦੀ ਦੇ ਦੂਸਰੇ ਦਹਾਕੇ ਵਿਚ ਬੱਚਿਆਂ ਤੋਂ ਪ੍ਰਤੀ ਦਿਨ ਕੰਮ ਕਰਵਾਉਣ ਦੀ ਸੀਮਾ 12 ਘੰਟੇ ਨਿਸ਼ਚਿਤ ਕੀਤੀ ਗਈ। ਇੰਗਲੈਂਡ ਦੇ 1833 ਦੇ ਫੈਕਟਰੀ ਐਕਟ ਨੇ 9 ਸਾਲਾਂ ਦੇ ਬਾਲਾਂ ਤੋਂ ਮਜ਼ਦੂਰੀ ਕਰਾਉਣ ਦੀ ਮਨਾਹੀ ਕੀਤੀ, 10-13 ਸਾਲਾਂ ਦੇ ਬੱਚਿਆਂ ਲਈ 6 ਘੰਟੇ ਰੋਜ਼ਾਨਾ ਅਤੇ 14-18 ਸਾਲਾਂ ਦੇ ਬੱਚਿਆਂ ਲਈ 64 ਘੰਟੇ ਫ਼ੀ ਹਫ਼ਤਾ ਦੀ ਸੀਮਾ ਨਿਸ਼ਚਿਤ ਕੀਤੀ। ਸਮਾਜਵਾਦੀ ਚਿੰਤਕ ਰੋਬਰਟ ਓਵਨ ਨੇ 1810 ਵਿਚ ਪਹਿਲਾਂ ਦਸ ਘੰਟੇ ਪ੍ਰਤੀ ਦਿਨ ਮਜ਼ਦੂਰੀ ਕਰਵਾਉਣ ਦੀ ਮੰਗ ਉਠਾਈ ਅਤੇ 1817 ਵਿਚ 'ਅੱਠ ਘੰਟੇ ਕੰਮ, ਅੱਠ ਘੰਟੇ ਵਿਹਲ, ਅੱਠ ਘੰਟੇ ਆਰਾਮ' ਦਾ ਨਾਅਰਾ ਬੁਲੰਦ ਕੀਤਾ। ਫਰਾਂਸ ਦੇ 1848 ਫਰਵਰੀ ਦੇ ਇਨਕਲਾਬ ਮਗਰੋਂ ਮਜ਼ਦੂਰਾਂ ਦੇ ਪ੍ਰਤੀ ਦਿਨ ਕੰਮ ਕਰਨ ਦੀ ਸੀਮਾ 12 ਘੰਟੇ ਨਿਸ਼ਚਿਤ ਕੀਤੀ ਗਈ।
ਕਿਰਤੀਆਂ ਦੇ ਕੰਮ ਕਰਨ ਦੇ ਸਮੇਂ ਬਾਰੇ ਕਾਰਲ ਮਾਰਕਸ ਨੇ ਲਿਖਿਆ ਸੀ ਕਿ ਆਪਣੇ ਲਾਲਚ ਕਾਰਨ ਸਰਮਾਇਆ/ ਸਰਮਾਏਦਾਰ ਕਿਰਤੀ ਦੇ ਕੰਮ ਕਰਨ ਦੇ ਘੰਟੇ ਵਧਾਉਂਦਿਆਂ ਨੈਤਿਕ ਅਸੂਲਾਂ ਦਾ ਉਲੰਘਣ ਹੀ ਨਹੀਂ ਕਰਦਾ ਸਗੋਂ ਉਹ ਕਿਰਤੀ ਨੂੰ ਉਸ ਦੀਆਂ ਸਰੀਰਿਕ ਜ਼ਰੂਰਤਾਂ ਤੋਂ ਵੀ ਬੇਦਖ਼ਲ ਕਰ ਦਿੰਦਾ ਹੈ, ਉਹ ਕਿਰਤੀ ਦੇ ਸਰੀਰ ਦੇ ਵਧਣ-ਫੁੱਲਣ ਤੇ ਆਪਣੇ ਆਪ ਨੂੰ ਸਿਹਤਮੰਦ ਰੱਖਣ ਵਾਲਾ ਸਮਾਂ ਚੁਰਾ ਲੈਂਦਾ ਹੈ, ਉਹ ਸਮਾਂ ਵੀ, ਜਿਹੜਾ ਸਰੀਰ ਨੂੰ ਧੁੱਪ ਤੇ ਹਵਾ ਪ੍ਰਾਪਤ ਕਰਨ ਲਈ ਚਾਹੀਦਾ ਹੈ ਉਹ ਕਿਰਤੀ ਨੂੰ ਭੋਜਨ ਕਰਨ ਦਾ ਸਮਾਂ ਓਦਾਂ ਦਿੰਦਾ ਹੈ ਜਿਵੇਂ ਕਿਸੇ ਭੱਠੀ ਵਿਚ ਕੋਲਾ ਪਾਉਣਾ ਹੋਵੇ, ਕਿਰਤੀ ਦੇ ਚੰਗੀ ਤਰ੍ਹਾਂ ਸੌਣ ਤੇ ਸਰੀਰਿਕ ਤਾਕਤ ਨੂੰ ਮੁੜ ਸਜੀਵ ਕਰਨ ਦਾ ਸਮਾਂ ਵੀ ਚੁਰਾ ਲਿਆ ਜਾਂਦਾ ਹੈ। 1866 ਵਿਚ ਇੰਟਰਨੈਸ਼ਨਲ ਵਰਕਿੰਗ ਮੈੱਨਜ਼ ਐਸੋਸੀਏਸ਼ਨ (ਫਸਟ ਇੰਟਰਨੈਸ਼ਨਲ) ਅਤੇ 1889 ਵਿਚ ਦੂਸਰੀ ਇੰਟਰਨੈਸ਼ਨਲ ਨੇ ਅੱਠ ਘੰਟੇ ਕੰਮ ਕਰਨ ਦੀ ਮੰਗ ਉਠਾਈ।
ਅਮਰੀਕਾ ਦਾ ਮਸ਼ਹੂਰ ਸਨਅਤਕਾਰ ਹੈਨਰੀ ਫੋਰਡ ਉਨ੍ਹਾਂ ਸਰਮਾਏਦਾਰਾਂ ਵਿਚੋਂ ਮੋਹਰੀ ਸੀ ਜਿਨ੍ਹਾਂ ਨੇ ਮਜ਼ਦੂਰਾਂ ਤੋਂ ਪ੍ਰਤੀ ਦਿਨ ਅੱਠ ਘੰਟੇ ਅਤੇ ਪ੍ਰਤੀ ਹਫ਼ਤਾ 40 ਘੰਟੇ ਕੰਮ ਕਰਵਾਉਣ ਦੀ ਹਮਾਇਤ ਕੀਤੀ। ਉਸ ਦਾ ਇਹ ਤਰਕ ਸਰਮਾਏਦਾਰੀ ਨੂੰ ਹੁਲਾਰਾ ਦੇਣ ਦੀ ਇਸ ਦਲੀਲ 'ਤੇ ਆਧਾਰਿਤ ਸੀ ਕਿ ਮਜ਼ਦੂਰਾਂ ਕੋਲ ਕੁਝ ਵਿਹਲ ਹੋਣੀ ਚਾਹੀਦੀ ਹੈ ਤਾਂ ਕਿ ਉਹ ਬਾਜ਼ਾਰਾਂ, ਮੰਡੀਆਂ ਤੇ ਮਾਲਜ਼ ਵਿਚ ਜਾ ਕੇ ਵਸਤਾਂ ਖਰੀਦ ਸਕਣ ਜਿਨ੍ਹਾਂ ਨਾਲ ਵਸਤਾਂ ਦੀ ਮੰਗ ਵਧੇ ਅਤੇ ਸਰਮਾਏਦਾਰੀ ਦਾ ਵਿਕਾਸ ਹੁੰਦਾ ਰਹੇ।
ਇਸ ਤਰ੍ਹਾਂ ਸਰਮਾਏਦਾਰ ਜਮਾਤ ਇਸ ਪ੍ਰਸ਼ਨ ਬਾਰੇ ਬਹੁਤ ਚੇਤਨ ਸੀ/ਹੈ ਕਿ ਜੇ ਮਜ਼ਦੂਰ ਲਹਿਰਾਂ ਦੁਆਰਾ ਸਥਾਪਿਤ ਕੀਤੀ ਨੈਤਿਕਤਾ ਅਨੁਸਾਰ ਕਿਰਤੀਆਂ ਕੋਲੋਂ ਅੱਠ ਘੰਟੇ ਤੋਂ ਜ਼ਿਆਦਾ ਸਮੇਂ ਲਈ ਕੰਮ ਨਹੀਂ ਲਿਆ ਜਾ ਸਕਦਾ ਤਾਂ ਉਹ ਬਾਕੀ ਦੇ ਸਮੇਂ ਵਿਚ ਕੀ ਕਰੇਗਾ। ਕਿਰਤੀ ਲਹਿਰਾਂ ਦੇ ਆਗੂਆਂ ਤੇ ਚਿੰਤਕਾਂ ਦੀ ਚਾਹਤ ਸੀ ਕਿ ਕਿਰਤੀ ਇਹ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾਉਣ, ਬੌਧਿਕ ਵਿਕਾਸ ਲਈ ਵਰਤਣ ਅਤੇ ਵਿਹਲ ਦਾ ਸਮਾਂ ਸਿਰਜਣਾਤਮਕ ਹੋਵੇ ਪਰ ਕਿਰਤੀ-ਵਿਰੋਧੀ ਵੀ ਜਾਣਦੇ ਸਨ/ਹਨ ਕਿ ਇਸ ਤਰ੍ਹਾਂ ਕਿਰਤੀ ਜਮਾਤ ਬੌਧਿਕ, ਸੱਭਿਆਚਾਰਕ ਤੇ ਆਤਮਿਕ ਤੌਰ 'ਤੇ ਬਹੁਤ ਸਜੱਗ, ਮਜ਼ਬੂਤ ਤੇ ਸਮਰੱਥ ਜਮਾਤ ਬਣ ਜਾਏਗੀ, ਉਹ ਆਪਣੇ ਹੱਕਾਂ ਲਈ ਲੜਾਈ ਨੂੰ ਹੋਰ ਸ਼ਕਤੀਸ਼ਾਲੀ ਬਣਾਏਗੀ, ਹੋਰ ਅਧਿਕਾਰਾਂ ਤੇ ਸਹੂਲਤਾਂ ਦੀ ਮੰਗ ਕਰੇਗੀ ਅਤੇ ਜ਼ਿਆਦਾ ਜਥੇਬੰਦ ਹੁੰਦੀ ਹੋਈ ਨਵੇਂ ਇਨਕਲਾਬਾਂ ਵੱਲ ਵਧੇਗੀ। ਇਸ ਤਰ੍ਹਾਂ ਹਾਕਮ ਜਮਾਤਾਂ ਦੇ ਸਾਹਮਣੇ ਨਵਾਂ ਸਵਾਲ ਪੈਦਾ ਹੋ ਗਿਆ ਕਿ ਲੋਕਾਈ ਨੂੰ ਅੱਗੇ ਵਧਣ ਤੋਂ ਰੋਕਦਿਆਂ ਉਸ ਨੂੰ ਕਾਬੂ ਵਿਚ ਕਿਵੇਂ ਰੱਖਿਆ ਜਾਵੇ?
ਲੋਕਾਂ ਨੂੰ ਬੌਧਿਕ, ਸੱਭਿਆਚਾਰਕ ਅਤੇ ਆਤਮਕ ਤੌਰ 'ਤੇ ਪ੍ਰਫੁੱਲਿਤ ਨਾ ਹੋਣ ਦਿੱਤੇ ਜਾਣ ਲਈ ਉਨ੍ਹਾਂ ਦੇ ਬਚੇ ਹੋਏ ਸਮੇਂ 'ਤੇ ਅਧਿਕਾਰ ਕਰਨਾ ਜ਼ਰੂਰੀ ਹੈ। ਮਸ਼ਹੂਰ ਜਰਮਨ ਚਿੰਤਕਾਂ ਥਿਓਡੋਰ ਅਡੋਰਨੋ ਅਤੇ ਮੈਕਸ ਹੋਰਖਾਈਮਰ ਅਨੁਸਾਰ ਇਸ ਲਈ ਆਧੁਨਿਕ ਸਮਾਜਾਂ ਵਿਚ ਇਕ ਖ਼ਾਸ ਕਿਸਮ ਦਾ ਵਰਤਾਰਾ, ਜਿਸ ਨੂੰ ਉਹ ਸੱਭਿਆਚਾਰਕ ਸਨਅਤ ਕਹਿੰਦੇ ਹਨ, ਹੋਂਦ ਵਿਚ ਆਇਆ, ਇਹ ਸਨਅਤ ਅਜਿਹੀਆਂ ਫ਼ਿਲਮਾਂ, ਗਾਣਿਆਂ, ਟੀਵੀ ਸੀਰੀਅਲਾਂ, ਲਿਖ਼ਤਾਂ (ਨਾਵਲਾਂ, ਨਾਟਕਾਂ, ਕਵਿਤਾਵਾਂ) ਦਾ ਨਿਰਮਾਣ ਕਰਦੀ ਹੈ ਜੋ ਲੋਕਾਂ ਦਾ ਬੌਧਿਕ ਤੇ ਸੱਭਿਆਚਾਰਕ ਵਿਕਾਸ ਕਰਨ ਦੀ ਥਾਂ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਅਵੇਸਲੇ ਕਰਦੇ ਹਨ, ਉਨ੍ਹਾਂ ਨੂੰ ਚੇਤਨ ਕਰਨ ਦੀ ਥਾਂ ਉਨ੍ਹਾਂ ਦੇ ਮਨਾਂ ਵਿਚ ਅਜਿਹੀਆਂ ਇੱਛਾਵਾਂ ਜਗਾਉਂਦੇ ਹਨ ਜਿਨ੍ਹਾਂ ਕਾਰਨ ਉਹ ਇਹ ਮਹਿਸੂਸ ਕਰਨ ਕਿ ਖ਼ੁਸ਼ੀ ਮਨੁੱਖੀ ਪ੍ਰੇਮ, ਸਾਂਝੀਵਾਲਤਾ ਜਾਂ ਆਪਸੀ ਦੁੱਖ ਵੰਡਾਉਣ ਦੀ ਥਾਂ ਵਸਤਾਂ (ਵੱਡੀਆਂ ਕਾਰਾਂ, ਵੱਡੇ ਘਰ, ਵੱਡੇ ਟੀਵੀ, ਐਸ਼ੋ-ਇਸ਼ਰਤ ਦਾ ਸਮਾਨ ਆਦਿ) ਦੀ ਪ੍ਰਾਪਤੀ ਵਿਚ ਪਈ ਹੈ। ਸੱਭਿਆਚਾਰਕ ਸਨਅਤ ਦੀ ਅਜਿਹੀ ਪੈਦਾਵਾਰ ਮਨੁੱਖਾਂ ਦੇ ਮਨਾਂ ਵਿਚ ਹਕੀਕੀ ਹਾਲਾਤ ਨੂੰ ਬਦਲਣ ਦੀ ਚੇਤਨਾ ਪੈਦਾ ਹੀ ਨਹੀਂ ਹੋਣ ਦੇਣਾ ਚਾਹੁੰਦੀ।
ਅਸੀਂ ਆਪਣੇ ਦੇਸ਼ ਵਿਚ 1980ਵਿਆਂ ਤੋਂ ਫ਼ਿਲਮਾਂ, ਮਿਥਿਹਾਸਕ ਤੇ 'ਸਮਾਜਿਕ' ਟੀਵੀ ਸੀਰੀਅਲਾਂ, ਗਾਣਿਆਂ ਤੇ ਹੁਣ ਕੁਝ ਟੈਲੀਵਿਜ਼ਨ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾਂਦੀਆਂ ਖ਼ਬਰਾਂ ਵਿਚ ਅਜਿਹੇ ਰੁਝਾਨਾਂ ਨੂੰ ਸਿਖ਼ਰਾਂ 'ਤੇ ਜਾਂਦਾ ਵੇਖ ਸਕਦੇ ਹਾਂ। ਭਾਰਤ ਵਿਚ ਹਾਕਮ ਜਮਾਤਾਂ ਸੱਭਿਆਚਾਰਕ ਪਿੜ ਵਿਚ ਆਪਣੀ ਸਰਦਾਰੀ ਬਣਾਈ ਰੱਖਣ ਵਿਚ ਕਾਮਯਾਬ ਹੋਈਆਂ ਹਨ। ਉਨ੍ਹਾਂ ਨੇ ਇਸ ਦੇਸ਼ ਦੀ ਲੋਕਾਈ ਲਈ ਧਰਮ, ਮਿਥਿਹਾਸ, ਫ਼ਿਰਕਾਪ੍ਰਸਤੀ, ਮੂਲਵਾਦ ਤੇ ਖ਼ਪਤਕਾਰੀ ਸੱਭਿਆਚਾਰਾਂ ਦਾ ਅਜਿਹਾ ਮਿਲਗੋਭਾ ਪ੍ਰੇਸ਼ ਕੀਤਾ ਹੈ ਕਿ ਲੋਕ ਉਸ ਵਿਚ ਉਲਝ ਕੇ ਰਹਿ ਗਏ ਹਨ। ਉਹ ਅਜਿਹੇ ਤਰਕਹੀਣ ਟੀਵੀ ਸੀਰੀਅਲਾਂ, ਹਿੰਸਕ ਫ਼ਿਲਮਾਂ ਤੇ ਗੀਤਾਂ ਨੂੰ ਮਾਣਦੇ ਹਨ। ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰ ਕੇ ਉਨ੍ਹਾਂ ਨੂੰ ਜ਼ਹਿਰ ਦੇ ਆਸਰੇ ਜਿਊਣ ਦਾ ਸਵਾਦ ਪਾਇਆ ਜਾ ਰਿਹਾ ਹੈ। ਸਾਡੀਆਂ ਜ਼ਿਆਦਾ ਫ਼ਿਲਮਾਂ, ਨਾਵਲ, ਟੀਵੀ ਸੀਰੀਅਲ, ਗੀਤ, ਲਿਖ਼ਤਾਂ ਆਦਿ ਅਜਿਹੇ ਜ਼ਹਿਰੀਲੇ ਸੱਭਿਆਚਾਰ ਦੀ ਪੈਦਾਵਾਰ ਵੀ ਹਨ ਅਤੇ ਅਜਿਹੇ ਸੱਭਿਆਚਾਰ ਨੂੰ ਵਧਾਉਣ ਦਾ ਸਾਧਨ ਵੀ। ਨਤੀਜਾ ਇਹ ਹੈ ਕਿ ਲੋਕ ਆਪਣਾ ਖਾਲੀ ਸਮਾਂ ਆਪਣੇ ਬੌਧਿਕ ਵਿਕਾਸ ਲਈ ਵਰਤਣ ਦੀ ਥਾਂ ਅਜਿਹੇ ਜ਼ਹਿਰੀਲੇ ਸੱਭਿਆਚਾਰ ਦੁਆਰਾ ਪੈਦਾ ਕੀਤੀਆਂ ਫ਼ਿਲਮਾਂ, ਗਾਣਿਆਂ, ਟੀਵੀ ਸੀਰੀਅਲਾਂ ਤੇ ਲਿਖ਼ਤਾਂ ਦੀ ਗ਼ੁਲਾਮੀ ਹੰਢਾਉਣ ਵਿਚ ਗਵਾਉਂਦੇ ਹਨ। ਉਹ ਇਸ ਨੂੰ ਮਾਨਸਿਕ ਰਾਹਤ ਵਜੋਂ ਕਬੂਲ ਕਰਦੇ ਹਨ। ਹਾਲਾਤ ਬਦਲਣ ਦਾ ਖ਼ਿਆਲ ਤਾਂ ਉਨ੍ਹਾਂ ਦੇ ਮਨਾਂ ਵਿਚ ਆਉਣ ਹੀ ਨਹੀਂ ਦਿੱਤਾ ਜਾਂਦਾ ਸਗੋਂ ਉਨ੍ਹਾਂ ਦੀ ਸੋਚ ਵਿਚ ਅਵਚੇਤਨ ਤੌਰ 'ਤੇ ਇਹ ਸੂਝ ਸਮੋਈ ਜਾਂਦੀ ਹੈ ਕਿ ਕੁਝ ਵੀ ਨਹੀਂ ਬਦਲਣਾ, ਬਦਲਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ, ਸਰਕਾਰਾਂ ਹੀ ਲੋਕਾਂ ਦਾ ਭਲਾ ਕਰ ਸਕਦੀਆਂ ਹਨ ਅਤੇ ਉਨ੍ਹਾਂ ਦੇ ਹੁਕਮਾਂ ਨੂੰ ਚੁਣੌਤੀ ਨਾ ਦੇਣ ਤੇ ਸਵੀਕਾਰ ਕਰਨ ਨਾਲ ਜ਼ਿੰਦਗੀ ਚੰਗੀ ਤਰ੍ਹਾਂ ਬਿਤਾਈ ਜਾ ਸਕਦੀ ਹੈ। ਕੁਝ ਲੋਕਾਂ ਨੂੰ 'ਦੇਸ਼-ਧ੍ਰੋਹੀ', 'ਸ਼ਹਿਰੀ ਨਕਸਲੀ', 'ਟੁਕੜੇ ਟੁਕੜੇ ਗੈਂਗ' ਕਹਿ ਕੇ ਸਮੁੱਚੇ ਦੇਸ਼ ਦੇ ਦੁਸ਼ਮਣਾਂ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਖਰਾਬ ਹਾਲਾਤ ਲਈ ਉਨ੍ਹਾਂ ਅਤੇ ਵੱਡੀ ਘੱਟਗਿਣਤੀ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕਰੋਨਾਵਾਇਰਸ ਦੇ ਸੰਕਟ ਦੇ ਸਮਿਆਂ ਵਿਚ ਜਦ ਲੋਕਾਂ ਕੋਲ ਕਾਫ਼ੀ ਵਿਹਲ ਹੈ, ਉਨ੍ਹਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕਰਨ ਨੂੰ ਦੇਸ਼ ਭਗਤੀ ਦਾ ਪੈਮਾਨਾ ਬਣਾ ਲਿਆ ਗਿਆ ਹੈ।
ਇਹ ਨਹੀਂ ਕਿ ਇਸ ਜ਼ਹਿਰੀਲੇ ਸੱਭਿਆਚਾਰ ਵਿਰੁੱਧ ਆਵਾਜ਼ਾਂ ਨਹੀਂ ਉੱਠਦੀਆਂ। ਲੋਕ-ਪੱਖੀ ਚਿੰਤਕ, ਕਿਰਤੀਆਂ ਦੇ ਆਗੂ, ਸਮਾਜਿਕ ਤੇ ਜਮਹੂਰੀ ਹੱਕਾਂ ਦੇ ਖੇਤਰ ਵਿਚ ਕੰਮ ਕਰਨ ਵਾਲੇ ਕਾਰਕੁਨ, ਲੇਖਕ ਅਤੇ ਕਲਾਕਾਰ ਸੱਭਿਆਚਾਰਕ ਸਨਅਤ ਦੀ ਜ਼ਹਿਰੀਲੀ ਪੈਦਾਵਾਰ ਵਿਰੁੱਧ ਲਗਾਤਾਰ ਲੜਦੇ ਹਨ ਤੇ ਉਨ੍ਹਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ ਜਿਵੇਂ ਹੁਣੇ ਹੁਣੇ ਕੱਟੜਪੰਥੀ ਤਾਕਤਾਂ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਨਿਸ਼ਾਨਾ ਬਣਾਇਆ ਹੈ।
ਕੱਟੜਤਾ ਹਰ ਪੱਧਰ 'ਤੇ ਮੌਜੂਦ ਹੈ ਅਤੇ ਇਉਂ ਲੱਗਦਾ ਹੈ ਅਸੀਂ ਇਕ-ਦੂਸਰੇ ਦੇ ਵਿਚਾਰਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੇ। ਕੱਟੜਪੰਥੀ ਦੂਸਰਿਆਂ ਦੀ ਆਲੋਚਨਾ ਤਾਂ ਢੋਲ ਵਜਾ ਕੇ ਕਰਦੇ ਹਨ ਪਰ ਜਦ ਉਨ੍ਹਾਂ ਦੀ ਆਲੋਚਨਾ ਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਵਿਚਾਰ ਨੂੰ ਆਪਣਾ ਸੰਦ ਬਣਾ ਲਿਆ ਹੈ। ਪਿਛਲੇ ਦਿਨੀਂ ਇਕ ਸੂਬੇ ਵਿਚ ਉੱਘੇ ਪੱਤਰਕਾਰ ਰਵੀਸ਼ ਕੁਮਾਰ ਅਤੇ ਹਾਸ-ਕਲਾਕਾਰ ਸੰਜੇ ਰਾਜੌਰਾ ਵਿਰੁੱਧ ਭਾਈਚਾਰਿਆਂ ਵਿਚਕਾਰ ਨਫ਼ਰਤ ਵਧਾਉਣ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ। ਇਸ ਤਰ੍ਹਾਂ ਸੈਂਕੜੇ ਪੱਤਰਕਾਰਾਂ, ਕਲਾਕਾਰਾਂ ਅਤੇ ਚਿੰਤਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਵਿਚ ਰਾਮਚੰਦਰ ਗੁਹਾ ਜਿਹੇ ਮਸ਼ਹੂਰ ਇਤਿਹਾਸਕਾਰ ਵੀ ਸ਼ਾਮਲ ਹਨ। ਪਿਛਲੇ ਵਰ੍ਹਿਆਂ ਦੌਰਾਨ ਗੌਰੀ ਲੰਕੇਸ਼, ਗੋਵਿੰਦ ਪਨਸਾਰੇ, ਨਰੇਂਦਰ ਦਾਭੋਲਕਾਰ ਅਤੇ ਕਈ ਹੋਰ ਦਾਨਿਸ਼ਵਰਾਂ, ਪੱਤਰਕਾਰਾਂ, ਤਰਕਸ਼ੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ।
ਕੱਟੜਤਾ ਦੇ ਇਸ ਸੱਭਿਆਚਾਰ ਦੇ ਵਧਣ-ਫੁੱਲਣ ਦੇ ਦੁਖਾਂਤ ਲਈ ਜ਼ਿੰਮੇਵਾਰ ਕੌਣ ਹੈ? ਅਸੀਂ ਕੱਟੜਪੰਥੀ ਧਿਰਾਂ ਵਿਰੁੱਧ ਦੋ ਬੋਲ ਬੋਲ ਕੇ ਮੁਕਤ ਨਹੀਂ ਹੋ ਸਕਦੇ, ਅਸੀਂ, ਜਿਨ੍ਹਾਂ ਨੇ ਸੱਭਿਆਚਾਰਕ ਸਨਅਤ ਦੀ ਜ਼ਹਿਰੀਲੀ ਪੈਦਾਵਾਰ (ਫ਼ਿਲਮਾਂ, ਟੀਵੀ ਸੀਰੀਅਲਾਂ, ਗੀਤਾਂ) ਨੂੰ ਕਬੂਲ ਕੀਤਾ ਤੇ ਉਸ ਨੂੰ ਹੱਲਾਸ਼ੇਰੀ ਦਿੱਤੀ ਹੈ, ਵੀ ਸਰੀਰਿਕ ਤੇ ਸ਼ਾਬਦਿਕ ਪੱਧਰਾਂ 'ਤੇ ਹੁੰਦੀ ਉਸ ਹਿੰਸਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ ਜਿਸ ਦਾ ਸਾਹਮਣਾ ਲੋਕ-ਪੱਖੀ ਆਵਾਜ਼ ਉਠਾਉਣ ਵਾਲਿਆਂ ਨੂੰ ਕਰਨਾ ਪੈਂਦਾ ਹੈ।
ਸਹਿਣਸ਼ੀਲਤਾ ਅਤੇ ਸੰਵੇਦਨਾ ਦੇ ਨਾਲ ਨਾਲ ਆਪਣੇ ਫ਼ੁਰਸਤ ਵਾਲੇ ਸਮੇਂ ਨੂੰ ਬਚਾਉਣ ਲਈ ਸਮਾਜ ਨੂੰ ਸੁਚੇਤ ਤੌਰ 'ਤੇ ਕੱਟੜਪੰਥੀਆਂ ਵਿਰੁੱਧ ਲੰਮੀ ਲੜਾਈ ਲੜਨੀ ਪਵੇਗੀ। ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਆੜ ਵਿਚ ਅਸਹਿਮਤੀ ਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਦਬਾਉਣ ਦੇ ਰੁਝਾਨ ਵਿਰੁੱਧ ਸੰਘਰਸ਼ ਸਮੇਂ ਦੀ ਜ਼ਰੂਰਤ ਹੈ।