ਜ਼ਿੰਦਗੀ ਲਈ ਸੰਤਾਪ ਨਾ ਬਣ ਜਾਵੇ ਕੋਰੋਨਾ ਦਾ ਖੌਫ਼ - ਗੁਰਚਰਨ ਸਿੰਘ ਨੂਰਪੁਰ
ਇਸ ਲਿਖਤ ਦਾ ਮਕਸਦ ਤੁਹਾਨੂੰ ਕੋਰੋਨਾ ਦੇ ਖੌਫ਼ ਤੋਂ ਮੁਕਤ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਇਕ ਖ਼ਤਰਨਾਕ ਵਾਇਰਸ ਹੈ ਪਰ ਕੋਰੋਨਾ ਦੇ ਭੈਅ ਕਾਰਨ ਜਿਵੇਂ ਸਾਡਾ ਸਮਾਜ ਭੈਅ ਗ੍ਰਸਤ ਹੋ ਰਿਹਾ ਹੈ, ਇਹ ਕੋਰੋਨਾ ਤੋਂ ਵੀ ਵੱਧ ਖ਼ਤਰਨਾਕ ਹੈ। ਹਰ ਮਨੁੱਖ ਦੀ ਦੋ ਤਰ੍ਹਾਂ ਦੀ ਸਿਹਤ ਹੈ, ਸਰੀਰਕ ਸਿਹਤ ਅਤੇ ਮਾਨਸਿਕ ਸਿਹਤ । ਜੇਕਰ ਉਹਦੀ ਸਰੀਰਕ ਸਿਹਤ ਕਿਸੇ ਵਿਸ਼ਾਣੂ ਤੋਂ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਸਰੀਰ ਦੇ ਨਾਲ-ਨਾਲ ਉਹਦੇ ਮਨ 'ਤੇ ਵੀ ਪੈਂਦਾ ਹੈ। ਕੋਰੋਨਾ ਵਾਇਰਸ ਦਾ ਸਹਿਮ ਜਿਵੇਂ ਵਿਆਪਕ ਫੈਲ ਰਿਹਾ ਹੈ, ਇਸ ਨਾਲ ਹੋ ਸਕਦਾ ਹੈ ਵੱਡੀ ਗਿਣਤੀ 'ਚ ਲੋਕ ਮਾਨਸਿਕ ਵਿਕਾਰਾਂ ਦੇ ਸ਼ਿਕਾਰ ਹੋ ਜਾਣ । ਇਹ ਇਕ ਵੱਡੀ ਚੁਣੌਤੀ ਹੋਵੇਗੀ। ਵਿਸ਼ਵ ਸਿਹਤ ਸੰਸਥਾ ਨੇ ਸਪੱਸ਼ਟ ਕਿਹਾ ਹੈ ਕਿ ਲੋਕਾਂ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਿਆ ਜਾਵੇ ਭਾਵ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਕੜੇ ਕਰਨ ਲਈ ਯਤਨ ਕੀਤੇ ਜਾਣ । ਮਾਨਵਜਾਤੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਸੂਖਮ ਵਾਇਰਸ ਨੇ ਚਲਦੀ ਦੁਨੀਆ ਨੂੰ ਰੋਕ ਦਿੱਤਾ ਹੈ । ਦੁਨੀਆ ਭਰ ਵਿਚ ਰੱਬ ਨੂੰ ਮੰਨਣ ਵਾਲੇ ਇਹ ਦਾਅਵਾ ਕਰ ਰਹੇ ਹਨ ਕਿ ਹੁਣ ਵਿਗਿਆਨ ਕਿੱਥੇ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਨੇ ਵਿਗਿਆਨ ਨੂੰ ਫੇਲ੍ਹ ਕਰ ਦਿੱਤਾ ਹੈ। ਦੂਜੇ ਪਾਸੇ ਰੱਬ ਨੂੰ ਨਾ ਮੰਨਣ ਵਾਲੇ ਇਹ ਪੁੱਛਦੇ ਹਨ ਕਿ ਬਿਮਾਰੀ ਆਈ ਹੈ ਤਾਂ ਧਰਮ ਅਸਥਾਨਾਂ 'ਚੋਂ ਭੀੜਾਂ ਕਿਉਂ ਅਲੋਪ ਹੋ ਗਈਆਂ ਹਨ? ਉਨ੍ਹਾਂ ਨੇ ਰੱਬ 'ਤੇ ਭਰੋਸਾ ਕਿਉਂ ਛੱਡ ਦਿੱਤਾ ਹੈ? ਬਿਨਾਂ ਸ਼ੱਕ 21ਵੀਂ ਸਦੀ ਦੀ ਇਹ ਇਕ ਵੱਡੀ ਘਟਨਾ ਹੈ। ਵਿਗਿਆਨ ਆਪਣੇ ਢੰਗ ਨਾਲ ਕੰਮ ਕਰ ਰਿਹਾ ਹੈ। ਪਰ ਦੁਨੀਆ ਭਰ ਵਿਚ ਕਰਾਮਾਤੀ ਸ਼ਕਤੀਆਂ ਦਾ ਦਾਅਵਾ ਕਰਨ ਵਾਲੇ, ਕਿਸੇ ਬ੍ਰਹਮਗਿਆਨੀ, ਸਾਧ ਸੰਤ, ਸਿੱਧ, ਸੁਆਮੀ, ਔਲੀਏ, ਪੰਡਿਤ ਤੇ ਜੋਤਸ਼ੀ ਨੇ ਇਸ ਦੀ ਭਵਿੱਖਬਾਣੀ ਕਿਉਂ ਨਾ ਕੀਤੀ? ਕੁਝ ਵੀ ਹੋਵੇ, ਦੁਨੀਆ ਵਿਚ ਮਹਾਂਮਾਰੀ ਦੇ ਰੂਪ ਵਿਚ ਫੈਲੀ ਇਸ ਬਿਮਾਰੀ ਦੀ ਕਾਟ ਲੱਭਣ ਲਈ ਵਿਗਿਆਨ ਨੂੰ ਭੰਡਣ ਵਾਲੇ ਅਤੇ ਵਿਗਿਆਨਕ ਸੋਚ ਰੱਖਣ ਵਾਲੇ, ਦੋਵਾਂ ਤਰ੍ਹਾਂ ਦੇ ਲੋਕਾਂ ਦੀ ਟੇਕ ਵਿਗਿਆਨ 'ਤੇ ਹੀ ਹੈ ।
ਕੋਰੋਨਾ ਵਾਇਰਸ ਨਾਲ ਮਨੁੱਖ ਵਲੋਂ ਲੜੀ ਜਾ ਰਹੀ ਲੜਾਈ ਵਿਚ ਮਨੁੱਖ ਦੀ ਜਿੱਤ ਨਿਸਚਿਤ ਹੈ । ਆਸਵੰਦ ਰਹੋ, ਸੁਚੇਤ ਰਹੋ, ਮਾਹਿਰਾਂ ਦੀਆਂ ਦੱਸੀਆਂ ਗੱਲਾਂ 'ਤੇ ਗ਼ੌਰ ਕਰੋ, ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਸੁਚੇਤ ਹੋਵੋ, ਜਲਦੀ ਹੀ ਮਨੁੱਖ ਜਾਤੀ ਇਸ ਮਹਾਂਮਾਰੀ ਤੋਂ ਨਿਜ਼ਾਤ ਪਾ ਲਵੇਗੀ । ਵੱਖ-ਵੱਖ ਤਰ੍ਹਾਂ ਦੇ ਵਾਇਰਸਾਂ ਤੋਂ ਮਨੁੱਖ ਜਾਤੀ ਪਹਿਲਾਂ ਵੀ ਪ੍ਰਭਾਵਿਤ ਹੁੰਦੀ ਰਹੀ ਹੈ । ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਤੋਂ ਕਿਤੇ ਵੱਧ ਭਿਆਨਕ ਮਹਾਂਮਾਰੀਆਂ ਦਾ ਸਾਹਮਣਾ ਮਨੁੱਖੀ ਜਾਤੀ ਨੂੰ ਪਹਿਲਾਂ ਵੀ ਕਰਨਾ ਪਿਆ, ਜਿਨ੍ਹਾਂ ਨਾਲ ਮਨੁੱਖ ਮੂੰਹ ਭਾਰ ਡਿਗਿਆ । ਸਮੇਂ ਨੇ ਕਰਵਟ ਲਈ ਮਨੁੱਖ ਉੱਠ ਕੇ ਬੈਠਿਆ, ਖੜ੍ਹਾ ਹੋਇਆ ਤੇ ਫਿਰ ਤੁਰ ਪਿਆ । ਟੀ.ਬੀ. ਚਿਕਨ ਪਾਕਸ, ਮਲੇਰੀਆ, ਜ਼ੀਕਾ, ਈਬੋਲਾ, ਸਵਾਇਨ ਫਲੂ, ਇੰਨਫਲੂਇੰਜ਼ਾ, ਕੈਂਸਰ, ਹੈਪੇਟਾਈਟਸ ਜਿਹੀਆਂ ਬਿਮਾਰੀਆਂ ਨਾਲ ਵੀ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਮਰਦੇ ਹਨ । ਇਲਾਜਯੋਗ ਬਿਮਾਰੀ ਮਲੇਰੀਆ ਨਾਲ ਦੁਨੀਆ ਭਰ ਵਿਚ ਹਰ ਸਾਲ ਕਰੀਬ 22 ਕਰੋੜ, 80 ਲੱਖ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਇਹਨਾਂ ਚੋਂ 4050000 ਲੋਕਾਂ ਦੀ ਹਰ ਸਾਲ ਮੌਤ ਹੁੰਦੀ ਹੈ । ਟੀ.ਬੀ. ਨਾਲ ਹਰ ਸਾਲ 1 ਕਰੋੜ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਇਨ੍ਹਾਂ 'ਚੋਂ 15 ਲੱਖ ਲੋਕਾਂ ਦੀ ਮੌਤ ਹੁੰਦੀ ਹੈ । ਇਸ ਦਾ ਭਾਵ ਹੈ 1400 ਦੇ ਕਰੀਬ ਮੌਤਾਂ ਹਰ ਰੋਜ਼ ਟੀ.ਬੀ. ਨਾਲ ਹੁੰਦੀਆਂ ਹਨ । ਐਚ ਆਈ ਵੀ ਨਾਲ 3 ਕਰੋੜ, 79 ਲੱਖ ਲੋਕ ਹਰ ਸਾਲ ਪ੍ਰਭਾਵਿਤ ਹੁੰਦੇ ਹਨ ਇਨ੍ਹਾਂ 'ਚੋਂ 77 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ । ਇਸੇ ਤਰ੍ਹਾਂ ਹੈਪੇਟਾਈਟਸ ਬੀ ਅਤੇ ਸੀ ਨਾਲ 32 ਕਰੋੜ, 80 ਲੱਖ ਲੋਕ ਪ੍ਰਭਾਵਿਤ ਹੁੰਦੇ ਹਨ ਇਨ੍ਹਾਂ 'ਚੋਂ 1 ਕਰੋੜ, 40 ਲੱਖ ਲੋਕਾਂ ਦੀ ਹਰ ਸਾਲ ਮੌਤ ਹੁੰਦੀ ਹੈ । ਕੈਂਸਰ ਦੀ ਬਿਮਾਰੀ ਨਾਲ ਹਰ ਸਾਲ 96 ਲੱਖ ਲੋਕਾਂ ਦੀ ਮੌਤ ਹੁੰਦੀ ਹੈ । ਵੱਖ-ਵੱਖ ਤਰ੍ਹਾਂ ਦੇ ਵਾਇਰਸਾਂ ਨਾਲ ਦੁਨੀਆ ਭਰ ਵਿਚ ਹਰ ਸਾਲ 2 ਲੱਖ ਤੋਂ 2.5 ਲੱਖ ਦੇ ਕਰੀਬ ਲੋਕਾਂ ਦੀ ਮੌਤ ਹਰ ਸਾਲ ਹੁੰਦੀ ਹੈ । ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਹਰ ਦਿਨ ਵੱਖ-ਵੱਖ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਹੀ ਲੱਖਾਂ ਵਿਚ ਹੈ ਤਾਂ ਇਹ ਤਾਲਾਬੰਦੀ/ਕਰਫ਼ਿਊ ਕਿਉਂ? ਇਸ ਦਾ ਜਵਾਬ ਇਹ ਹੈ ਕਿ ਕੋਰੋਨਾ ਪਰਿਵਾਰ ਦਾ ਕੋਵਿਡ ਨੋਵਲ ਕੋਰੋਨਾ ਵਾਇਰਸ ਦੂਜੀਆਂ ਬਿਮਾਰੀਆਂ ਦੇ ਮੁਕਾਬਲੇ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ । ਕਿਸੇ ਬਿਮਾਰੀ ਦਾ ਹੋਣਾ ਅਤੇ 'ਬਿਮਾਰੀ ਦਾ ਡਰ' ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ । ਬਿਮਾਰੀ ਦੇ ਡਰ ਨਾਲ ਵੱਡੀ ਪੱਧਰ 'ਤੇ ਲੋਕਾਂ ਦੇ ਭੈਅ ਗ੍ਰਸਤ ਹੋ ਜਾਣ ਨਾਲ ਲੋਕਾਂ ਦੇ ਮਾਨਸਿਕ ਤੌਰ 'ਤੇ ਬਿਮਾਰ ਹੋਣ ਦਾ ਖਦਸ਼ਾ ਪੈਦਾ ਹੋ ਜਾਂਦਾ ਹੈ । ਕੋਰੋਨਾ ਵਾਇਰਸ ਦੇ ਡਰ ਦੇ ਪ੍ਰਭਾਵ ਅਧੀਨ ਮੰਦਰਾਂ, ਗੁਰਦਵਾਰਿਆਂ, ਮਸਜਿਦਾਂ 'ਚੋਂ ਭੀੜ ਨਦਾਰਦ ਹੋ ਗਈ ਹੈ । ਧੁਰ ਅੰਦਰੋਂ ਮਨੁੱਖ ਇਹ ਜਾਣਦਾ ਹੈ ਕਿ ਜੇਕਰ ਉਹ ਕਿਸੇ ਬਿਮਾਰੀ ਦੀ ਲਪੇਟ ਵਿਚ ਆ ਗਿਆ ਤਾਂ ਕਿਸੇ ਗੈਬੀ ਸ਼ਕਤੀ ਨੇ ਉਸ ਦੀ ਬਾਂਹ ਨਹੀਂ ਫੜਨੀ । ਇਸ ਲਈ ਉਸ ਦੀ ਸਰੀਰਕ ਸ਼ਕਤੀ, ਪ੍ਰਹੇਜ਼ ਅਤੇ ਇਲਾਜ ਨੇ ਹੀ ਉਸ ਦੇ ਕੰਮ ਆਉਣਾ ਹੈ । ਇਸ ਤਰ੍ਹਾਂ ਰੱਬ ਦਾ ਕਵਚ ਆਮ ਬੰਦੇ ਨੇ ਫਿਲਹਾਲ ਉਤਾਰ ਦਿੱਤਾ ਹੈ । ਅਖੌਤੀ ਸਾਧਾਂ ਸੰਤਾਂ ਦੇ ਜਿਹੜੇ ਦਰਬਾਰਾਂ ਵਿਚ ਪ੍ਰਭੂ ਆਪ ਆ ਕੇ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਸਨ ਕੋਰੋਨਾ ਦੇ ਭੈਅ ਕਾਰਨ ਉਹ ਦਰਬਾਰ ਭਾਂਅ ਭਾਂਅ ਕਰਨ ਲੱਗ ਪਏ ਹਨ ।
ਬਿਮਾਰੀ ਦੇ ਡਰ ਅਤੇ ਭੈਅ ਦੇ ਆਲਮ ਵਿਚ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ । ਸੋਸ਼ਲ ਮੀਡੀਆ ਅਤੇ ਟੀ.ਵੀ. ਚੈਨਲਾਂ 'ਤੇ ਚਲ ਰਹੀਆਂ ਕੋਰੋਨਾ ਸਬੰਧੀ ਖ਼ਬਰਾਂ ਨਾਲ ਸਹਿਮ ਦਾ ਸਾਇਆ ਹੋਰ ਸੰਘਣਾ ਹੁੰਦਾ ਹੈ । ਪੂਰੇ ਦੇਸ਼ ਵਿਚ ਤਾਲਾਬੰਦੀ ਕੀਤੇ ਜਾਣਾ ਜ਼ਰੂਰੀ ਹੋ ਗਿਆ ਸੀ ਪਰ ਜਿਸ ਢੰਗ ਨਾਲ ਇਸ ਨੂੰ ਲਾਗੂ ਕੀਤਾ ਗਿਆ, ਇਸ ਨੇ ਡਰ ਭੈਅ ਦੇ ਮਾਹੌਲ ਵਿਚ ਹੋਰ ਵਾਧਾ ਕੀਤਾ ਹੈ । ਸਾਲਾਂ ਤੋਂ ਵੱਡੇ ਸ਼ਹਿਰਾਂ, ਮਹਾਂਨਗਰਾਂ ਵਿਚ ਕੰਮ ਕਰਦੇ ਮਜ਼ਦੂਰ, ਕਾਰੀਗਰ ਅਤੇ ਰੇਹੜੀਆਂ ਫੜ੍ਹੀਆਂ ਲਾਉਣ ਵਾਲੇ ਲੱਖਾਂ ਲੋਕਾਂ ਦਾ ਸੈਲਾਬ ਦੂਰ-ਦੁਰਾਡੇ ਆਪਣੇ ਪਿੰਡਾਂ ਵੱਲ ਨੂੰ ਹੋ ਤੁਰਿਆ । ਜਿੱਥੇ ਤਾਲਾਬੰਦੀ ਕਰਕੇ ਲੋਕਾਂ ਨੂੰ ਇਕ-ਦੂਜੇ ਤੋਂ ਦੂਰ ਕੀਤਾ ਜਾਣਾ ਜ਼ਰੂਰੀ ਹੋ ਗਿਆ ਸੀ । ਉੱਥੇ ਤਾਲਾਬੰਦੀ ਦੇ ਐਲਾਨ ਨਾਲ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਸੜਕਾਂ 'ਤੇ ਹਜ਼ਾਰਾਂ ਲੋਕਾਂ ਦੇ ਇਕੱਠ ਹੋਣੇ ਸ਼ੁਰੂ ਹੋ ਗਏ । ਇਨ੍ਹਾਂ ਭੀੜਾਂ ਵਿਚ ਜੇਕਰ ਕੁਝ ਕੁ ਕੋਰੋਨਾ ਦੇ ਮਰੀਜ਼ ਹੋਣ ਤਾਂ ਇਹ ਸਥਿਤੀ ਦੇਸ਼ ਲਈ ਬੇਹੱਦ ਭਿਆਨਕ ਬਣ ਸਕਦੀ ਹੈ । ਇਹ ਇਕ ਤਰ੍ਹਾਂ ਨਾਲ ਆਪਣੇ ਪੈਰਾਂ 'ਤੇ ਆਪਣੇ ਹੱਥੀਂ ਕੁਹਾੜਾ ਮਾਰਨ ਵਾਂਗ ਸੀ । ਚਾਹੀਦਾ ਤਾਂ ਇਹ ਸੀ ਤਾਲਾਬੰਦੀ ਲਈ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਲਈ ਲਈਆਂ ਜਾਂਦੀਆਂ । ਪਰ ਲੋਕਾਂ ਨੂੰ ਬਿਨਾਂ ਸੋਚੇ ਵਿਚਾਰੇ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ । ਬਰੇਲੀ ਵਰਗੇ ਸ਼ਹਿਰਾਂ ਵਿਚ ਲੋਕਾਂ ਦੇ ਸਮੂਹ 'ਤੇ ਦਵਾਈ ਦਾ ਛਿੜਕਾਅ ਕਰਕੇ ਘਰੀਂ ਜਾ ਰਹੇ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ । ਇਹ ਬੇਹੱਦ ਨਿੰਦਣਯੋਗ ਹੈ । ਅਜਿਹੀਆਂ ਵੀਡੀਓ ਵੀ ਵਾਇਰਲ ਹੋਈਆਂ ਜਿਨ੍ਹਾਂ ਵਿਚ ਕੁਝ ਲੋਕ ਟੋਲੀਆਂ ਬਣਾ ਕੇ ਸੈਂਕੜੇ ਮੀਲ ਦਾ ਸਫ਼ਰ ਭੁੱਖੇ ਭਾਣੇ ਕਰ ਰਹੇ ਹਨ । ਇਨ੍ਹਾਂ ਨਾਲ ਇਨ੍ਹਾਂ ਦੇ ਭੁੱਖੇ ਪਿਆਸੇ ਮਾਸੂਮ ਬੱਚੇ ਵੀ ਸਨ । ਪੁਲਿਸ ਵਲੋਂ ਜਦੋਂ ਕੁਝ ਥਾਵੀਂ ਇਨ੍ਹਾਂ ਨੂੰ ਦੂਰ-ਦੂਰ ਕਰਨ ਲਈ ਕਾਰਵਾਈ ਕੀਤੀ ਗਈ ਤਾਂ ਪੈਦਲ ਚਲ ਰਹੇ ਇਹ ਲੋਕ, ਜਾਨ ਬਚਾਉਣ ਲਈ ਬੱਚਿਆਂ ਨੂੰ ਲੈ ਕੇ ਖੇਤਾਂ ਜੰਗਲਾਂ ਵੱਲ ਦੌੜਦੇ ਵੇਖੇ ਗਏ । ਭੁੱਖਾਂ ਦੁੱਖਾਂ ਨਾਲ ਘੁਲਦੇ ਇਨ੍ਹਾਂ ਲੋਕਾਂ 'ਚੋਂ ਕੁਝ ਦੀ ਮੌਤ ਵੀ ਹੋ ਗਈ । ਜੇਕਰ ਤਾਲਾਬੰਦੀ ਸੋਚ ਵਿਚਾਰ ਕੇ ਕੀਤੀ ਜਾਂਦੀ ਤਾਂ ਅਜਿਹੀਆਂ ਖੱਜਲ-ਖੁਆਰੀਆਂ ਤੋਂ ਬਚਿਆ ਜਾ ਸਕਦਾ ਸੀ । ਦੇਸ਼ ਦੀ ਸਰਬਉੱਚ ਅਦਾਲਤ ਨੇ ਦੇਸ਼ ਵਿਚ ਕੀਤੀ ਤਾਲਾਬੰਦੀ ਕਾਰਨ ਪੈਦਾ ਹੋਈਆਂ ਸਥਿਤੀ ਬਾਰੇ ਕਿਹਾ ਕਿ ਦੇਸ਼ ਭਰ ਵਿਚ ਕਾਮਿਆਂ ਮਜ਼ਦੂਰਾਂ ਵਿਚ ਪੈਦਾ ਹੋਈ ਦਹਿਸ਼ਤ ਅਤੇ ਭੈਅ ਦੀ ਸਥਿਤੀ ਕੋਰੋਨਾ ਦੀ ਬਿਮਾਰੀ ਤੋਂ ਵੀ ਗੰਭੀਰ ਹੈ ।
ਇਹ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਬਾਅਦ ਦੀ ਦੁਨੀਆ ਹੁਣ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਇਸ ਨਾਲ ਦਵਾਈ ਕੰਪਨੀਆਂ ਦੀਆਂ ਤਰਜੀਹਾਂ ਬਦਲ ਜਾਣਗੀਆਂ। ਵੱਖ-ਵੱਖ ਦੇਸ਼ਾਂ ਦੇ ਲੋਕ ਜਿੱਥੇ ਡਾਕਟਰੀ ਵਿਗਿਆਨ ਨੂੰ ਵੱਧ ਮਹੱਤਵ ਦੇਣ ਲੱਗਣਗੇ ਉੱਥੇ ਇਹ ਵੀ ਹੋ ਸਕਦਾ ਹੈ ਬੰਬਾਂ ਬੰਦੂਕਾਂ ਮਿਜ਼ਾਈਲਾਂ ਨਾਲ ਲੜਨ ਵਾਲੀਆਂ ਫ਼ੌਜਾਂ ਦੇ ਨਾਲ ਲੈਬਾਰਟਰੀਆਂ ਵਿਚ ਵੀ ਅਜਿਹੀਆਂ ਵਾਇਰਸ ਫੌਜਾਂ ਤਿਆਰ ਕੀਤੀਆਂ ਜਾਣ। ਹੋ ਸਕਦਾ ਹੈ ਦੇਸ਼ਾਂ ਵਿਚ ਲੜਾਈ ਦਾ ਰਵਾਇਤੀ ਢੰਗ ਦੂਜੇ ਸਥਾਨ 'ਤੇ ਚਲਾ ਜਾਵੇ ਅਤੇ ਕਿਸੇ ਦੇਸ਼ ਲਈ ਬਣਦੀ ਅਜਿਹੀ ਭਿਆਨਕ ਸਥਿਤੀ ਨਾਲ ਨਿਪਟਣ ਲਈ ਡਾਕਟਰੀ ਟੀਮਾਂ ਨੂੰ ਫ਼ੌਜ ਦੇ ਰੂਪ ਵਿਚ ਵੇਖਿਆ ਜਾਣ ਲੱਗੇ। ਕੋਰੋਨਾ ਵਾਇਰਸ ਦੁਨੀਆ ਦੀ ਆਰਥਿਕਤਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰੇਗਾ। ਭਵਿੱਖ ਵਿਚ ਗਿਆਨ ਵਿਗਿਆਨ, ਬੀਮਾ ਪਾਲਸੀਆਂ, ਖਾਣ ਪੀਣ ਦੀਆਂ ਵਸਤਾਂ, ਡਾਕਟਰੀ ਸਿੱਖਿਆ, ਪਰਵਾਸ ਆਦਿ ਤਰਜੀਹਾਂ ਬਦਲ ਜਾਣਗੀਆਂ। ਕੋਰੋਨਾ ਵਾਇਰਸ ਨਾਲ ਵਿਆਹ ਸ਼ਾਦੀਆਂ, ਸਮਾਜਿਕ ਸਮਾਗਮਾਂ, ਮੇਲੇ ਅਤੇ ਧਰਮ ਅਸਥਾਨਾਂ ਵਿਚ ਜੁੜਦੀਆਂ ਭੀੜਾਂ ਸਬੰਧੀ ਮਨੁੱਖ ਦੇ ਨਜ਼ਰੀਏ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਉਣਗੀਆਂ? ਇਹ ਸਭ ਕੁਝ ਭਵਿੱਖ ਦੀ ਬੁੱਕਲ ਵਿਚ ਹੈ। ਇਸ ਬਿਮਾਰੀ ਨੇ ਇਕ ਦੇਸ਼ ਤੋਂ ਦੂਜੇ ਦੇਸ਼ ਤੱਕ ਯਾਤਰੀਆਂ ਰਾਹੀਂ ਸਫ਼ਰ ਕੀਤਾ, ਇਸ ਲਈ ਅੰਤਰਰਾਸ਼ਟਰੀ ਪਰਵਾਸ ਨੂੰ ਇਹ ਬਿਮਾਰੀ ਆਪਣੇ ਢੰਗ ਨਾਲ ਪ੍ਰਭਾਵਿਤ ਕਰੇਗੀ । ਮਾਸਕ, ਸੈਨੇਟਾਈਜ਼ਰ, ਜ਼ਰਮ ਮਾਰਨ ਵਾਲੀਆਂ ਸਪਰੇਆਂ, ਦਸਤਾਨੇ, ਟੈਸਟ ਕਾਰਡ, ਪੀ ਪੀ.ਈ. ਕਿੱਟਾਂ ਅਤੇ ਵੈਂਟੀਲੇਟਰ ਬਣਾਉਣ ਵਾਲੀਆਂ ਕੰਪਨੀਆਂ ਮਾਲਾਮਾਲ ਹੋਣਗੀਆਂ। ਦੁਨੀਆ ਭਰ ਵਿਚ ਮਾਨਸਿਕ ਬਿਮਾਰੀਆਂ ਤੇਜ਼ੀ ਨਾਲ ਵਧ ਸਕਦੀਆਂ ਹਨ। ਮਾਨਸਿਕ ਬਿਮਾਰੀਆਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੀ ਮੰਗ ਤੇਜ਼ੀ ਨਾਲ ਵਧਣ ਲੱਗੇਗੀ। ਡਰ ਭੈਅ, ਕਾਰੋਬਾਰ ਅਤੇ ਆਰਥਿਕਤਾ ਨੂੰ ਢਾਅ ਲੱਗਣ ਕਰਕੇ ਦੁਨੀਆ ਭਰ ਵਿਚ ਆਤਮ-ਹੱਤਿਆਵਾਂ ਵਧਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ। ਇਕੱਠੇ ਬਹਿ ਕੇ ਖਾਣ ਪੀਣ, ਸਫ਼ਰ ਕਰਨ, ਹੱਥ ਮਿਲਾਉਣ ਆਦਿ ਮਨੁੱਖੀ ਆਦਤਾਂ ਨੂੰ ਇਹ ਬਿਮਾਰੀ ਕਿੰਨਾ ਕੁ ਪ੍ਰਭਾਵਿਤ ਕਰੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।
ਕੋਰੋਨਾ ਵਾਇਰਸ ਖਿਲਾਫ਼ ਲੜਾਈ ਲੜਨ ਵਾਲੇ ਦੇਸ਼ ਦੇ ਨਾਇਕ ਨਾਇਕਾਵਾਂ ਨਾਲ ਪਿਛਲੇ ਦਿਨੀਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਪੂਰੀ ਮਨੁੱਖਤਾ ਸ਼ਰਮਸਾਰ ਹੋਈ। ਇੰਦੌਰ, ਬੰਗਲੌਰ, ਬਿਹਾਰ ਵਰਗੇ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਦੀ ਪੜਤਾਲ ਕਰ ਰਹੇ ਡਾਕਟਰਾਂ 'ਤੇ ਲੋਕਾਂ ਵਲੋਂ ਹਮਲੇ ਹੋਏ। ਇਹ ਨਾ ਬਰਦਾਸ਼ਤ ਕਰਨਯੋਗ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਉਣ ਲਈ ਦੇਸ਼ ਭਰ ਦੇ ਡਾਕਟਰ ਇਸ ਸਮੇਂ ਬਹਾਦਰ ਫ਼ੌਜੀਆਂ ਦਾ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਨੂੰ ਦੇਸ਼ ਵਾਸੀਆਂ ਨੂੰ ਰਿਣੀ ਹੋਣਾ ਚਾਹੀਦਾ ਹੈ। ਇਕ ਉਹ ਵੀ ਕਾਰਪੋਰੇਟ ਡਾਕਟਰ ਹਨ ਜੋ ਇਸ ਆਫਤ ਸਮੇਂ ਆਪਣੇ ਹਸਪਤਾਲ ਬੰਦ ਕਰਕੇ ਬੈਠ ਗਏ ਹਨ। ਕੀ ਮਾਨਵਤਾ ਪ੍ਰਤੀ ਉਨ੍ਹਾਂ ਦਾ ਕੋਈ ਫਰਜ਼ ਨਹੀਂ ਬਣਦਾ?
ਕੋਰੋਨਾ ਵਾਇਰਸ ਖਿਲਾਫ਼ ਲੜ ਰਹੇ ਡਾਕਟਰ, ਸੁਹਿਰਦ ਪੁਲਿਸ ਮੁਲਾਜ਼ਮ, ਸਮਾਜ ਸੇਵੀ ਜਥੇਬੰਦੀਆਂ ਦੇ ਵਰਕਰ ਆਪਣੇ ਢੰਗ ਨਾਲ ਇਸ ਸਮੇਂ ਜੋ ਮਨੁੱਖਤਾ ਦੀ ਸੇਵਾ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ, ਨੂੰ ਸਲਾਮ ਕਰਨੀ ਬਣਦੀ ਹੈ। ਕੋਰੋਨਾ ਤੋਂ ਡਰਨ ਦੀ ਲੋੜ ਨਹੀਂ। ਮਨੁੱਖ ਵਿਚ ਅੱਗੇ ਵਧਣ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਹਨ। ਇਸ ਬਿਮਾਰੀ ਦੀ ਕਾਟ ਵੀ ਲੱਭ ਲਈ ਜਾਵੇਗੀ। ਇਨ੍ਹਾਂ ਦਿਨਾਂ ਵਿਚ ਕਿਤਾਬਾਂ ਪੜ੍ਹੋ। ਕੁਝ ਲਿਖੋ। ਲੰਮਾ ਸਮਾਂ ਖ਼ਬਰਾਂ ਨਾ ਦੇਖੋ। ਸਾਕਾਰਤਮਿਕ ਵੀਡੀਓਜ਼ ਦੇਖੋ । ਸੰਗੀਤ ਸੁਣੋ। ਉਹ ਚੀਜ਼ਾਂ ਨਾ ਖਾਓ ਜਿਨ੍ਹਾਂ ਨਾਲ ਬਿਮਾਰ ਹੋਣ ਦਾ ਖ਼ਤਰਾ ਹੈ, ਤਾਂ ਕਿ ਡਾਕਟਰ ਕੋਲ ਨਾ ਜਾਣਾ ਪਵੇ । ਮਨੁੱਖ ਵਿਚ ਅਜਿਹੀਆਂ ਆਫ਼ਤਾਂ ਨਾਲ ਲੜਨ ਦੀ ਬੇਸ਼ੁਮਾਰ ਤਾਕਤ ਹੈ। ਨਿਸਚਿਤ ਹੀ ਕੁਝ ਦਿਨਾਂ ਤੱਕ ਕੋਰੋਨਾ ਵਾਇਰਸ ਦੀ ਆਫ਼ਤ 'ਤੇ ਵੀ ਫ਼ਤਹਿ ਪਾ ਲਈ ਜਾਵੇਗੀ ਇਸ ਲਈ ਚੜ੍ਹਦੀ ਕਲਾਂ ਵਿਚ ਰਹੋ ਅਤੇ ਹੌਸਲੇ ਬੁਲੰਦ ਰੱਖੋ ।
- ਜ਼ੀਰਾ / ਫਿਰੋਜ਼ਪੁਰ ।
- ਮੋ: 9855051099