ਚੀਨ ਨੇ ਕਰੋਨਾ ਦਾ ਚੱਕਰਵਿਊਹ ਕਿਵੇਂ ਤੋੜਿਆ - ਡਾ. ਪਿਆਰਾ ਲਾਲ ਗਰਗ
ਚੀਨ ਵਿਚ ਕਰੋਨਾ ਥੰਮ੍ਹ ਗਿਆ ਹੈ। ਇਸ ਮਾਮਲੇ ਵਿਚ ਜਿਹੜਾ ਚੀਨ ਸੰਸਾਰ ਦੇ ਪਹਿਲੇ ਨੰਬਰ 'ਤੇ ਸੀ, ਹੁਣ 10ਵੇਂ 'ਤੇ ਆ ਗਿਆ ਹੈ। ਦੱਖਣੀ ਕੋਰੀਆ ਜੋ ਦੂਜੇ ਨੰਬਰ 'ਤੇ ਸੀ, ਸਹੀ ਪੇਸ਼ਬੰਦੀਆਂ ਨਾਲ 35ਵੇਂ ਨੰਬਰ 'ਤੇ ਪਹੁੰਚ ਗਿਆ। ਇਸ ਦੇ ਉਲਟ ਅਮਰੀਕਾ ਵਰਗੇ ਸ਼ਕਤੀਸ਼ਾਲੀ ਮੁਲਕ 'ਚ ਸੰਸਾਰ ਦੇ ਕਰੀਬ ਇੱਕ ਤਿਹਾਈ ਕੇਸ ਹਨ, ਕੁੱਲ ਮੌਤਾਂ ਦਾ ਚੌਥਾ ਹਿੱਸਾ ਮੌਤਾਂ ਹੋਈਆਂ ਹਨ। ਇਸ ਵਰਤਾਰੇ ਨੂੰ ਸਮਝਣ ਅਤੇ ਕਰੋਨਾ ਦਾ ਫੈਲਾਓ ਰੋਕਣ ਲਈ ਲੋੜੀਂਦੇ ਕਦਮਾਂ ਦੀ ਜਾਣਕਾਰੀ ਵਾਸਤੇ ਜ਼ਰੂਰੀ ਹੈ ਕਿ ਚੀਨ ਦੇ ਮਾਮਲੇ ਦਾ ਅਧਿਐਨ ਕੀਤਾ ਜਾਵੇ। ਇਹ ਇਸ ਲਈ ਵੀ ਸੇਧ ਦੇਣ ਵਾਲਾ ਹੋਵੇਗਾ ਕਿਉਂਕਿ ਨਵਾਂ ਕਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ਵਿਚ ਫੈਲਿਆ ਤੇ ਇਸ ਨੇ ਉੱਥੇ ਤੇਜ਼ੀ ਨਾਲ ਪੈਰ ਪਸਾਰੇ। ਉਸ ਵਕਤ ਤੱਕ ਇਸ ਵਾਇਰਸ ਬਾਬਤ ਨਾ ਤਾਂ ਡਾਕਟਰੀ ਵਿਗਿਆਨ ਕੋਲ ਕੋਈ ਪੁਖਤਾ ਗਿਆਨ ਸੀ, ਨਾ ਇਸ ਦੇ ਮਨੁੱਖੀ ਸਰੀਰ ਵਿਚ ਲੱਛਣਾਂ ਬਾਬਤ, ਗੰਭੀਰ ਨਮੂਨੀਏ ਬਾਬਤ ਜਾਂ ਇਸ ਦੇ ਸਰੀਰ ਉਪਰ ਕੰਮ ਕਰਨ ਦੇ ਢੰਗ ਬਾਬਤ ਜਾਂ ਸਰੀਰ ਪ੍ਰਕਿਰਿਆ ਵਿਚ ਤੋੜ-ਭੰਨ ਜਾਂ ਦਖਲ ਅੰਦਾਜ਼ੀ ਬਾਬਤ ਕੋਈ ਗਿਆਨ ਸੀ, ਨਾ ਹੀ ਇਸ ਦੀ ਕੋਈ ਟੈਸਟ ਕਿੱਟ ਬਣੀ ਸੀ। ਸੰਸਾਰ ਸਿਹਤ ਸੰਸਥਾ ਨੂੰ ਵੀ ਇਸ ਦੀ ਪੈਥੋਫਿਜ਼ਿਆਲੋਜੀ, ਭਾਵ ਮਨੁੱਖੀ ਸਰੀਰ ਕਿਰਿਆ ਵਿਚ ਰੋਕ ਪਾ ਕੇ ਰੋਗ ਪੈਦਾ ਕਰਨ ਦੀ ਪ੍ਰਕਿਰਿਆ ਦਾ ਕੋਈ ਇਲਮ ਨਹੀਂ ਸੀ। ਚੀਨ ਦੇ ਅਮਲਾਂ ਤੋਂ ਜੋ ਨੁਕਤੇ ਸਾਹਮਣੇ ਆਉਂਦੇ ਹਨ, ਉਨ੍ਹਾਂ ਵਿਚ ਮੁੱਖ ਤੱਥ ਇਹ ਹਨ :
'ਚੀਨ ਨੇ ਇਸ ਵਬਾ ਨੂੰ ਰੋਕਣ ਵਾਸਤੇ ਵਬਾ ਵਿਗਿਆਨ ਦੇ ਵਿਗਿਆਨਕ ਨਿਯਮਾਂ ਅਨੁਸਾਰ ਕਦਮ ਉਠਾਏ, ਨਾ ਕਿ ਕਿਸੇ ਭ੍ਰਾਂਤੀ ਜਾਂ ਪੂਰਵ ਗ੍ਰਹਿ ਦੇ ਆਧਾਰ 'ਤੇ।
'ਚੀਨ ਨੇ ਦੂਜਾ ਕਦਮ ਉਠਾਇਆ, ਇਸ ਕੰਮ ਵਾਸਤੇ ਜਨਤਾ ਨੂੰ ਸਰਗਰਮ ਕਰ ਕੇ ਉਨ੍ਹਾਂ ਦੀ ਸ਼ਮੂਲੀਅਤ।
'ਅਗਲਾ ਕਦਮ ਹੈ ਮੈਡੀਕਲ ਸਾਜ਼ੋ-ਸਮਾਨ ਦਾ ਤੇਜੀ ਨਾਲ ਪ੍ਰਬੰਧ, ਉਤਪਾਦਨ ਤੇ ਵਿਤਰਨ।
'ਲੋੜੀਂਦੇ ਨੀਤੀਗਤ, ਵਿਤੀ, ਤਕਨੀਕੀ ਤੇ ਪ੍ਰਬੰਧਕੀ ਫੈਸਲੇ ਵਕਤ ਸਿਰ ਜੰਗੀ ਪੱਧਰ ਤੇ ਕਰਨਾ।
ਚੀਨ ਨੇ ਕਰੋਨਾ ਦੇ ਕੰਟਰੋਲ ਵਾਸਤੇ ਸਿਆਸੀ, ਪ੍ਰਸ਼ਾਸਕੀ ਤੇ ਕਿੱਤਾਮੁਖੀ ਕਦਮ ਸਹੀ ਸਮੇਂ ਤੇ ਸਹੀ ਤਰ੍ਹਾਂ ਚੁਕੇ ਜਿਨ੍ਹਾਂ ਦੀ ਬਦੌਲਤ ਕਰੋਨਾ ਵੂਹਾਨ ਤੋਂ ਬਾਹਰ ਫੈਲਣ ਤੋਂ ਰੁਕ ਗਿਆ।
ਬਿਮਾਰੀ ਦੇ ਪਹਿਲੇ 50 ਦਿਨਾਂ ਵਿਚ ਚੁੱਕੇ ਗਏ ਕਦਮਾਂ ਦੀ ਪੜਤਾਲ ਦਰਸਾਉਂਦੀ ਹੈ ਕਿ ਜੇ ਇਹ ਪੇਸ਼ਬੰਦੀਆਂ ਫੁਰਤੀ, ਸਟੀਕ ਤਰੀਕੇ ਨਾਲ ਅਤੇ ਵਬਾ ਵਿਗਿਆਨ ਦੇ ਨਿਯਮਾਂ ਤੇ ਮਾਪਦੰਡਾਂ ਅਨੁਸਾਰ ਨਾ ਕੀਤੀਆਂ ਜਾਂਦੀਆਂ ਤਾਂ ਵੂਹਾਨ ਤੋਂ ਬਾਹਰ ਕਰੋਨਾ ਦੇ ਸਾਢੇ ਸੱਤ ਲੱਖ ਮਰੀਜ਼ ਹੋ ਜਾਣੇ ਸਨ। ਜਨਵਰੀ ਦੇ ਸ਼ੁਰੂ ਵਿਚ ਜਦ ਅਗਿਆਤ ਵਾਇਰਲ ਨਮੂਨੀਏ ਦੇ ਮਾਮਲੇ ਆਉਣੇ ਸ਼ੁਰੂ ਹੋਏ ਤਾਂ ਕੌਮੀ ਸਿਹਤ ਕਮਿਸ਼ਨ ਅਤੇ ਬਿਮਾਰੀ ਕੰਟਰੋਲ ਕੇਂਦਰ ਨੇ ਇਸ ਦੀ ਜਾਂਚ, ਇਲਾਜ ਅਤੇ ਲੈਬਾਰਟਰੀ ਟੈਸਟਾਂ ਬਾਬਤ ਕਾਰਜ ਵਿਧੀ ਨੀਤੀ ਤੈਅ ਕਰ ਦਿੱਤੀ। ਇਲਾਜ ਵਾਸਤੇ ਹਦਾਇਤਾਂ ਦਾ ਕਿਤਾਬਚਾ ਤਿਆਰ ਕਰ ਕੇ ਚਾਰ ਜਨਵਰੀ ਨੂੰ ਵੂਹਾਨ ਵਿਚਲੀਆਂ ਸਾਰੀਆਂ ਮੈਡੀਕਲ ਸੰਸਥਾਵਾਂ ਨੂੰ ਭੇਜ ਦਿੱਤਾ ਗਿਆ। 7 ਜਨਵਰੀ ਤੱਕ ਨਵਾਂ ਕਰੋਨਾ ਵਾਇਰਸ ਵੰਨਗੀ ਵੱਖ ਕਰ ਲਈ ਗਈ ਤੇ 10 ਜਨਵਰੀ ਤੱਕ ਵੂਹਾਨ ਦੀ ਵਾਇਰਸ ਵਿਗਿਆਨ ਪ੍ਰਯੋਗਸ਼ਾਲਾ ਨੇ ਟੈਸਟਿੰਗ ਕਿੱਟ ਬਣਾ ਲਈ। 13 ਜਨਵਰੀ ਤੱਕ ਵਾਇਰਸ ਦੇ ਸੁਭਾਅ ਬਾਬਤ ਹੋਰ ਜਾਣਕਾਰੀ ਇਕੱਤਰ ਹੋ ਗਈ ਅਤੇ ਵੂਹਾਨ ਦੇ ਅਧਿਕਾਰੀਆਂ ਨੂੰ ਬੰਦਰਗਾਹਾਂ ਤੇ ਸਟੇਸ਼ਨਾਂ ਉਪਰ ਤਾਪਮਾਨ ਚੈੱਕ ਕਰਨ ਤੇ ਭੀੜ ਘਟਾਉਣ ਦੇ ਹੁਕਮ ਹੋ ਗਏ।
ਅਗਲੇ ਹੀ ਦਿਨ ਵੀਡੀਓ ਕਾਨਫਰੰਸ ਰਾਹੀਂ ਸਾਰੇ ਦੇਸ਼ ਨੂੰ ਨਵੇਂ ਕਰੋਨਾ ਵਾਇਰਸ ਦੀ ਭਿਆਨਕਤਾ ਬਾਬਤ ਜਨ ਸਿਹਤ ਐਂਮਰਜੈਂਸੀ ਦੀਆਂ ਤਿਆਰੀਆਂ ਕਰਨ ਵਾਸਤੇ ਕਹਿ ਦਿੱਤਾ ਗਿਆ। ਕੌਮੀ ਸਿਹਤ ਕੇਂਦਰ ਨੇ 17 ਜਨਵਰੀ ਨੂੰ ਵੱਖ ਵੱਖ ਸੂਬਿਆਂ ਵਿਚ ਸਿਖਲਾਈ ਵਾਸਤੇ ਅਧਿਕਾਰੀ ਭੇਜ ਦਿੱਤੇ ਅਤੇ 19 ਜਨਵਰੀ ਨੂੰ ਟੈਸਟ ਕਿੱਟਾਂ ਵਾਸਤੇ ਨਿਉਕਲਿਕ ਤੇਜ਼ਾਬ ਰਸਾਇਣ ਪੁੱਜਦੇ ਕਰ ਦਿੱਤੇ। 15 ਤੋਂ 17 ਜਨਵਰੀ ਦਰਮਿਆਨ ਵਾਇਰਸ ਦੇ ਫੈਲਣ ਅਤੇ ਇਸ ਦਾ ਫੈਲਾਓ ਰੋਕਣ ਦੇ ਤੌਰ ਤਰੀਕਿਆਂ ਬਾਬਤ ਸਮਝ ਆਉਣ ਲੱਗ ਪਈ। ਮਾਰਚ ਦੇ ਪਹਿਲੇ ਹਫਤੇ ਵਾਇਰਸ, ਇਸ ਨਾਲ ਨਜਿਠਣ, ਇਲਾਜ ਦੀਆਂ ਨਵੀਆਂ ਵਿਧੀਆਂ, ਰਾਬੀਵਰਿਨ ਨੂੰ ਚੀਨੀ ਮੈਡੀਸਨ ਨਾਲ ਮਿਲਾ ਕੇ ਇਲਾਜ ਵਾਸਤੇ ਵਰਤਣਾ ਸ਼ੂਰੂ ਕਰ ਦਿੱਤਾ ਗਿਆ। ਨਵੇਂ ਗਿਆਨ ਦੇ ਆਧਾਰ ਤੇ ਨਵੀਆਂ ਸੇਧਾਂ ਦੇ 7 ਐਡੀਸ਼ਨ ਜਾਰੀ ਕੀਤੇ ਗਏ। 22 ਜਨਵਰੀ ਤੱਕ ਸਪੱਸ਼ਟ ਹੋ ਗਿਆ ਕਿ ਵਾਇਰਸ ਨੂੰ ਵੂਹਾਨ ਤੋਂ ਬਾਹਰ ਫੈਲਣ ਤੋਂ ਰੋਕਣਾ ਜ਼ਰੂਰੀ ਹੈ। ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ ਅਤੇ 25 ਜਨਵਰੀ ਤੱਕ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਟ ਬਿਊਰੋ ਨੇ ਮੀਟਿੰਗ ਕਰ ਕੇ ਦੋ ਲੀਡਰਾਂ ਦੀ ਕਮੇਟੀ ਬਣਾਈ ਜਿਸ ਦਾ ਕੰਮ ਪੈਸੇ ਦੀ ਪ੍ਰਵਾਹ ਛੱਡ ਕੇ, ਲੋਕਾਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ, ਸਰਵਉਤਮ ਵਿਗਿਆਨਕ ਸੋਚ ਅਨੁਸਾਰ ਵਾਇਰਸ ਨੂੰ ਰੋਕਣ ਵਾਸਤੇ ਹਰ ਸਰੋਤ ਦੀ ਖੁੱਲ੍ਹ ਕੇ ਵਰਤੋਂ ਦਾ ਫੈਸਲਾ ਕੀਤਾ ਗਿਆ। 27 ਜਨਵਰੀ ਨੂੰ ਕੇਂਦਰੀ ਕਮੇਟੀ ਦਾ ਮੈਂਬਰ ਵੂਹਾਨ ਵਿਚ ਵਫਦ ਲੈ ਕੇ ਗਿਆ ਤਾਂ ਕਿ ਵਾਇਰਸ ਉਪਰ ਕੰਟਰੋਲ ਵਾਸਤੇ ਪੂਰੀ ਤਾਕਤ ਝੋਕੀ ਜਾ ਸਕੇ।
ਕਮਿਊਨਿਸਟ ਪਾਰਟੀ ਅਤੇ ਸਰਕਾਰ ਨੇ ਚਾਰ ਨੁਕਾਤੀ ਪ੍ਰੋਗਰਾਮ ਲਾਗੂ ਕੀਤਾ :
1) ਹੁਬਈ ਰਾਜ ਤੇ ਵੂਹਾਨ ਸ਼ਹਿਰ ਨੂੰ ਲੌਕਡਾਊਨ ਕਰ ਕੇ ਹੀ ਨਹੀਂ ਸਗੋਂ ਰਾਜ ਦੇ ਅੰਦਰ ਵੀ ਆਉਣ ਜਾਣ ਰੋਕ ਕੇ ਵਾਇਰਸ ਨੂੰ ਕੰਟਰੋਲ ਹੇਠ ਲਿਆਉਣ ਅਤੇ ਮਹਾਮਾਰੀ ਨੂੰ ਰੋਕਣ ਦੀ ਸੋਚ ਤਹਿਤ ਲਾਗ ਦੇ ਸਰੋਤ ਤੇ ਫੈਲਣ ਦੇ ਜ਼ਰੀਏ ਦੀ ਨਿਸ਼ਾਨਦੇਹੀ ਕਰਨਾ।
2) ਮੈਡੀਕਲ ਕਾਮਿਆਂ ਵਾਸਤੇ ਸਮੇਤ ਸੁਰੱਖਿਆ ਕਵਚ ਦੇ ਸਰੋਤ ਵਰਤਣਾ, ਮਰੀਜ਼ਾਂ ਵਾਸਤੇ ਹਸਪਤਾਲ ਬਿਸਤਰਿਆਂ ਦਾ ਪ੍ਰਬੰਧ, ਮਰੀਜ਼ਾਂ ਦੇ ਇਲਾਜ ਵਾਸਤੇ ਸਾਜ਼ੋ-ਸਮਾਨ ਤੇ ਦਵਾਈਆਂ ਦਾ ਪ੍ਰਬੰਧ। ਟੈਸਟ ਕਿੱਟਾਂ, ਆਰਜ਼ੀ ਇਲਾਜ ਕੇਂਦਰ ਤੇ ਦੋ ਵੱਡੇ ਹਸਪਤਾਲ ਤਿਆਰ ਕਰਨੇ।
3) ਲੌਕਡਾਊਨ ਦੌਰਾਨ ਰਾਜ ਦੇ ਬਾਸ਼ਿੰਦਿਆਂ ਨੂੰ ਭੋਜਨ ਤੇ ਈਂਧਨ ਦੀ ਪਹੁੰਚ ਯਕੀਨੀ ਬਣਾਉਣਾ।
4) ਵਿਗਿਆਨ ਅਤੇ ਤੱਥਾਂ ਆਧਾਰਤ, ਨਾ ਕਿ ਅਫਵਾਹਾਂ ਤੇ ਉਸਰੀ ਸੂਚਨਾ ਲੋਕਾਂ ਵਿਚ ਨਸ਼ਰ ਕਰਨੀ।
ਚੀਨ ਦੇ ਰਾਸ਼ਟਰਪਤੀ ਨੇ 23 ਫਰਵਰੀ ਨੂੰ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਕਟ ਸਾਡੇ ਇਮਤਿਹਾਨ ਦੀ ਘੜੀ ਹੈ, ਇਸ ਵੇਲੇ ਅਸੀਂ ਮਹਾਮਾਰੀ ਦਾ ਮੁਕਾਬਲਾ ਕਰਦੇ ਹੋਏ ਲੋਕਾਂ ਨੂੰ ਪਹਿਲ ਦੇਵਾਂਗੇ ਅਤੇ ਇਹ ਵੀ ਯਕੀਨੀ ਬਣਾਵਾਂਗੇ ਕਿ ਸਾਡੇ ਦੀਰਘਕਾਲੀਨ ਆਰਥਿਕ ਏਜੰਡੇ ਨੂੰ ਨੁਕਸਾਨ ਨਾ ਪਹੁੰਚੇ।
ਲੋਕਾਂ ਨੇ ਆਪੋ-ਆਪਣੇ ਗਲੀ-ਗੁਆਂਢ ਵਿਚ ਆਪਸੀ ਸੁਰੱਖਿਆ ਤੇ ਸਹਾਇਤਾ ਕਮੇਟੀਆਂ ਬਣਾਈਆਂ। ਵੂਹਾਨ ਦੇ ਲੌਕਡਾਊਨ ਦੌਰਾਨ ਇਨ੍ਹਾਂ ਕਮੇਟੀਆਂ ਦੇ ਮੈਂਬਰ ਹੀ ਤਾਪਮਾਨ ਚੈੱਕ ਕਰਨ, ਭੋਜਨ ਤੇ ਦਵਾਈਆਂ ਆਦਿ ਮੈਡੀਕਲ ਸਮਾਨ ਘਰ ਘਰ ਪਹੁੰਚਾਉਣ ਵਾਸਤੇ ਦਿਹਲੀ ਦਿਹਲੀ ਜਾਂਦੇ। ਬਾਕੀ ਥਾਵਾਂ ਤੇ ਇਨ੍ਹਾਂ ਕਮੇਟੀਆਂ ਨੇ ਗਲੀਆਂ ਦੇ ਪ੍ਰਵੇਸ਼ ਤੇ ਕੈਂਪ ਲਾ ਕੇ ਤਾਪਮਾਨ ਚੈੱਕ ਕਰਨਾ, ਅੰਦਰ ਜਾਣ ਤੇ ਬਾਹਰ ਆਉਣ ਵਾਲਿਆਂ ਦਾ ਰਿਕਾਰਡ ਰੱਖਣਾ ਸ਼ੁਰੂ ਕਰਕੇ ਵਿਕੇਂਦਰੀਕ੍ਰਿਤ ਜਨ ਸਿਹਤ ਦਾ ਬਹੁਤ ਹੀ ਅਚਰਜ ਨਮੂਨਾ ਪੇਸ਼ ਕੀਤਾ। ਇਹ ਡਰੇ ਨਹੀਂ। 9 ਮਾਰਚ ਤੱਕ ਇਨ੍ਹਾਂ ਕਮੇਟੀਆਂ ਦੇ 53 ਲੋਕ ਮਾਰੇ ਗਏ ਜਿਨ੍ਹਾਂ ਵਿਚੋਂ 49 ਕਮਿਊਨਿਸਟ ਪਾਰਟੀ ਦੇ ਮੈਂਬਰ ਸਨ।
ਚੀਨ ਵਿਚ ਕਮਿਊਨਿਸਟ ਪਾਰਟੀ ਦੇ 9 ਕਰੋੜ ਮੈਂਬਰ ਤੇ 46 ਲੱਖ ਪਾਰਟੀ ਜਥੇਬੰਦੀਆਂ ਨੇ ਸਾਰੇ ਮੁਲਕ ਦੇ 6,50,000 ਪਿੰਡਾਂ ਤੇ ਸ਼ਹਿਰਾਂ ਵਿਚ ਵਿਕੇਂਦਰੀਕ੍ਰਿਤ ਜਨ ਸਿਹਤ ਦਾ ਮਾਡਲ ਸਿਰਜਿਆ। ਮੈਡੀਕਲ ਕਾਮੇ ਜੋ ਪਾਰਟੀ ਮੈਂਬਰ ਸਨ, ਵੂਹਾਨ ਗਏ। ਤਿਆਨਜ਼ਿੰਕੀਓ ਪਿੰਡ 'ਚ 26 ਲਾਊਡ ਸਪੀਕਰ ਲਾ ਕੇ ਇੱਕੋ ਮੈਂਬਰ ਨੇ ਲੋਕਾਂ ਨੂੰ ਨਵੇਂ ਸਾਲ ਦੇ ਦਿਨ ਇੱਕ ਦੂਜੇ ਦੇ ਘਰ ਨਾ ਜਾਣ ਦੀ ਅਪੀਲ ਕੀਤੀ। ਚੇਂਦਗੂ ਸ਼ਹਿਰ 'ਚ 4,40,000 ਲੋਕਾਂ ਨੇ ਟੀਮਾਂ ਬਣਾ ਕੇ ਵਾਇਰਸ ਦਾ ਫੈਲਾਓ ਰੋਕਣ ਵਾਸਤੇ ਸਿਹਤ ਨਿਯਮ ਦੱਸੇ, ਤਾਪਮਾਨ ਮਿਣਿਆ, ਭੋਜਨ ਤੇ ਦਵਾਈਆਂ ਲੋਕਾਂ ਦੇ ਘਰੀਂ ਪਹੁੰਚਾਈਆਂ, ਲੋਕਾਂ ਦੇ ਮਨੋਰੰਜਨ ਦੇ ਤੌਰ-ਤਰੀਕੇ ਵਿਕਸਿਤ ਕੀਤੇ। ਕਮਿਊਨਿਸਟ ਪਾਰਟੀ ਨੇ ਲੋਕਾਂ ਨਾਲ ਮਿਲ ਕੇ ਸਵੈ-ਪ੍ਰਬੰਧਕੀ ਟੋਲੀਆਂ ਬਣਾਈਆਂ। ਪੇਈਚਿੰਗ 'ਚ ਵਾਇਰਸ ਦੀ ਚਾਲ ਪਕੜਨ ਵਾਲੀ ਐਪ ਬਣਾਈ।
ਲੀ ਲਾਨਜੁਆਨ ਪਹਿਲੀ ਡਾਕਟਰ ਸੀ ਜੋ ਵੂਹਾਨ ਪਹੁੰਚੀ। ਉਸ ਵਕਤ ਟੈਸਟ ਅਤੇ ਦਵਾਈਆਂ ਦੀ ਹਾਲਤ ਬਹੁਤ ਨਾਜ਼ੁਕ ਸੀ ਪਰ ਕੁਝ ਦਿਨਾਂ ਵਿਚ ਹੀ ਸ਼ਹਿਰ ਵਿਚ 40,000 ਮੈਡੀਕਲ ਕਾਮੇ ਪਹੁੰਚ ਗਏ। ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਦਾ ਆਰਜ਼ੀ ਇਲਾਜ ਕੇਂਦਰਾਂ ਅਤੇ ਗੰਭੀਰ ਮਰੀਜ਼ਾਂ ਦਾ ਹਸਪਤਾਲਾਂ ਵਿਚ ਇਲਾਜ ਕੀਤਾ ਗਿਆ। ਸੁਰੱਖਿਆ ਕਵਚ, ਟੈਸਟ ਕਿੱਟ, ਵੈਂਟੀਲੇਟਰ ਤੇ ਹੋਰ ਸਾਜ਼ੋ-ਸਾਮਾਨ ਤੁਰੰਤ ਪਹੁੰਚ ਗਿਆ। 9 ਫਰਵਰੀ ਤੱਕ ਸਿਹਤ ਅਧਿਕਾਰੀਆਂ ਨੇ ਵੂਹਾਨ ਸ਼ਹਿਰ ਦੇ 42 ਲੱਖ ਪਰਿਵਾਰਾਂ ਦੇ ਇੱਕ ਕਰੋੜ ਪੰਜ ਲੱਖ ਨੱਬੇ ਹਜ਼ਾਰ ਜੀਆਂ, ਭਾਵ 99% ਆਬਾਦੀ ਦਾ ਸਰਵੇਖਣ ਕਰ ਲਿਆ ਸੀ।
ਮੈਡੀਕਲ ਟੀਮਾਂ ਵਾਸਤੇ ਸੁਰੱਖਿਆ ਕਵਚਾਂ ਦੇ ਉਤਪਾਦਨ ਵਿਚ ਬੇਥਾਹ ਵਾਧਾ ਕੀਤਾ ਗਿਆ। ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਮੈਡੀਕਲ ਸਾਜ਼ੋ-ਸਮਾਨ ਦੀ ਥੁੜ੍ਹ ਨਾ ਰਹੇ। ਚੀਨ ਦੀ ਮੁੱਖ ਵਾਇਰਸ ਵਿਗਿਆਨੀ ਚੇਨ ਵਾਈ ਜੋ ਸੀਰੀਆ ਚਲੀ ਗਈ ਸੀ, ਆਪਣੀ ਟੀਮ ਸਮੇਤ ਵੂਹਾਨ ਪਹੁੰਚ ਗਈ। ਉਸ ਨੇ 30 ਜਨਵਰੀ ਤੱਕ ਹੀ ਚੱਕਵੀਂ ਟੈਸਟਿੰਗ ਲੈਬ ਬਣਾ ਲਈ ਤੇ ਮਾਰਚ 16 ਤੱਕ ਉਨ੍ਹਾਂ ਨੇ ਨੋਵਲ ਕਰੋਨਾਵਾਇਰਸ ਦਾ ਟੀਕਾ ਤਿਆਰ ਕਰ ਲਿਆ ਅਤੇ ਮਨੁੱਖੀ ਸਰੀਰ ਤੇ ਤਜਰਬੇ ਵਾਸਤੇ ਪਹਿਲਾ ਟੀਕਾ ਖ਼ੁਦ ਨੂੰ ਲਗਾ ਕੇ ਦੇਖਿਆ। ਛੇ ਕਰੋੜ ਆਬਾਦੀ ਵਾਲੇ ਸੂਬੇ ਅਤੇ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਬੰਦ ਕਰਨਾ ਸੌਖਾ ਨਹੀਂ ਸੀ ਪਰ ਚੀਨ ਦੀ ਸਰਕਾਰ ਨੇ ਨੀਤੀਗਤ ਫੈਸਲਾ ਕੀਤਾ ਕਿ ਆਰਥਿਕ ਹਿਤਾਂ ਨਾਲੋਂ ਲੋਕਾਂ ਦੀ ਤੰਦਰੁਸਤੀ ਤੇ ਜਨ ਕਲਿਆਣ ਜ਼ਿਆਦਾ ਜ਼ਰੂਰੀ ਹੈ, 22 ਜਨਵਰੀ ਨੂੰ ਆਗੂ ਟੋਲੀ ਬਣਾਉਣ ਤੋਂ ਪਹਿਲਾਂ ਸਰਕਾਰ ਨੇ ਸਰਕੂਲਰ ਜਾਰੀ ਕੀਤਾ ਕਿ ਕੋਵਿਡ-19 ਵਾਸਤੇ ਹਰ ਇੱਕ ਨੂੰ ਮੈਡੀਕਲ ਇਲਾਜ ਯਕੀਨੀ ਬਣਾਇਆ ਜਾਵੇਗਾ ਤੇ ਮੁਫਤ ਮਿਲੇਗਾ। ਬੀਮਾ ਫੰਡ ਬਣਾ ਕੇ ਕਿਹਾ ਕਿ ਸਾਰਾ ਖਰਚਾ ਇਸ ਫੰਡ ਵਿਚੋਂ ਕੀਤਾ ਜਾਵੇਗਾ, ਕਿਸੇ ਮਰੀਜ਼ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਲੌਕਡਾਊਨ ਦੌਰਾਨ ਭੋਜਨ ਤੇ ਈਂਧਨ ਦੀ ਬਿਨਾਂ ਨਾਗਾ ਪੂਰਤੀ ਯਕੀਨੀ ਬਣਾਈ। ਸਰਕਾਰੀ ਅਦਾਰੇ ਜਿਵੇਂ ਚੀਨ ਤੇਲ ਤੇ ਭੋਜਨ ਪਦਾਰਥ ਕੰਪਨੀ, ਚੀਨ ਆਨਾਜ ਭੰਡਾਰ ਸਮੂਹ, ਚੀਨ ਕੌਮੀ ਨਮਕ ਉਦਯੋਗ ਨੇ ਚੌਲ, ਆਟਾ, ਤੇਲ, ਮੀਟ ਤੇ ਨਮਕ ਦੀ ਪੂਰਤੀ ਵਧਾ ਦਿੱਤੀ। ਚੀਨ ਦੀਆਂ ਮੰਡੀਕਰਨ ਤੇ ਪੂਰਤੀ ਨਿਗਮਾਂ ਨੇ ਵੱਖ ਵੱਖ ਅਦਾਰਿਆਂ ਦਾ ਕਿਸਾਨਾਂ ਦੀਆਂ ਸਹਿਕਾਰੀ ਸਭਾਵਾਂ ਨਾਲ ਸਿੱਧਾ ਤਾਲਮੇਲ ਕਰਵਾ ਦਿੱਤਾ। ਚੀਨ ਦੇ ਉਦਯੋਗ ਤੇ ਖੇਤੀ ਚੈਂਬਰ ਨੇ ਪੂਰਤੀ ਕਰਨ ਅਤੇ ਕੀਮਤ ਸਥਿਰ ਰੱਖਣ ਦਾ ਅਹਿਦ ਲਿਆ। ਜਨ ਸੁਰੱਖਿਆ ਮੰਤਰਾਲੇ ਨੇ 3 ਫਰਵਰੀ ਨੂੰ ਕੀਮਤਾਂ ਚੜ੍ਹਾਉਣ ਵਾਲਿਆਂ ਅਤੇ ਜ਼ਖੀਰੇਬਾਜ਼ਾਂ ਤੇ ਦਬਾਅ ਬਣਾਉਣ ਦਾ ਫੈਸਲਾ ਕੀਤਾ ਅਤੇ 8 ਅਪਰੈਲ ਤੱਕ ਮਹਾਮਾਰੀ ਨਾਲ ਸਬੰਧਤ 3158 ਕੇਸਾਂ ਦੀ ਤਫਤੀਸ਼ ਕੀਤੀ। ਸਰਕਾਰ ਨੇ ਲਘੂ ਤੇ ਦਰਮਿਆਨੇ ਉਦਯੋਗਾਂ ਵਿਚ ਮਾਸਕ, ਗੋਗਲਜ਼, ਸੈਨੇਟਾਈਜ਼ਰ ਵਰਗੇ ਉਤਪਾਦਨ ਵਾਸਤੇ ਵਿਤੀ ਸਹਾਇਤਾ ਦਿੱਤੀ।
ਸਮੂਹਿਕ ਰੋਗ-ਰੋਧਕਤਾ ਅਜੇ ਨਾ ਹੋਣ ਕਰ ਕੇ ਇਸ ਵਾਇਰਸ ਦਾ ਦੂਜਾ ਗੇੜ ਆ ਜਾਣ ਦੀ ਸੰਭਾਵਨਾ ਅਜੇ ਮੰਨੀ ਜਾ ਰਹੀ ਹੈ। ਵੈਸੇ ਚੀਨ ਦੇ ਨਾਲ ਲੱਗਦੇ ਤਾਈਵਾਨ ਵਿਚ ਨਾ ਫੈਲਣ ਅਤੇ ਦੱਖਣੀ ਕੋਰੀਆ ਵਿਚ ਇਸ ਦੇ ਕੰਟਰੋਲ ਨਾਲ ਦੂਜੇ ਸਥਾਨ ਤੋਂ 35ਵੇਂ ਸਥਾਨ ਤੇ ਪਹੁੰਚਣ ਦਾ ਕਾਰਨ ਵੀ ਇਹੋ ਜਿਹੀ ਰੋਕਥਾਮ ਹੀ ਹੈ। ਦੂਜੇ ਬੰਨੇ, ਭਾਰਤ ਵਿਚ ਕਰੀਬ ਇੱਕ ਮਹੀਨੇ ਵਿਚ ਹੀ ਕੇਸਾਂ ਵਿਚ 24 ਗੁਣਾ ਵਾਧਾ ਅਜਿਹੇ ਕਦਮਾਂ ਦੀ ਘਾਟ ਤੇ ਉਂਗਲ ਰੱਖਦਾ ਹੈ, ਬੇਸ਼ੱਕ ਅਸੀਂ ਮੰਨੀਏ ਜਾਂ ਨਾ ਮੰਨੀਏ।
ਸੰਪਰਕ : 99145-05009