ਹਾਕੀ ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ - ਉਜਾਗਰ ਸਿੰਘ
ਹਾਕੀ ਦਾ ਧਰੂ ਤਾਰਾ ਯੁਗ ਪੁਰਸ਼ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ 95 ਸਾਲ ਦੀ ਉਮਰ ਵਿਚ ਮੋਹਾਲੀ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੂੰ ਅਲਵਿਦਾ ਕਹਿ ਗਿਆ। ਉਹ ਲਗਪਗ ਇਕ ਮਹੀਨੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ। ਬਲਬੀਰ ਸਿੰਘ ਦੇ ਜਾਣ ਨਾਲ ਸੰਸਾਰ ਵਿਚ ਭਾਰਤ ਦਾ ਵਕਾਰ ਵਧਾਉਣ ਵਾਲਾ ਧਰੂ ਤਾਰਾ ਅਸਤ ਹੋ ਗਿਆ ਹੈ। ਪੰਜਾਬઠਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਪੰਜਾਬ ਹਰ ਖੇਤਰ ਵਿਚ ਦੇਸ ਦੀ ਖੜਗਭੁਜਾ ਰਿਹਾ ਹੈ। ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਮੋਹਰੀ ਦੀ ਭੂਮਿਕਾ ਨਿਭਾਈ ਹੈ। ਖੇਡਾਂ ਖਾਸ ਤੌਰ ਤੇ ਹਾਕੀ ਦੇ ਖੇਤਰ ਵਿਚ ਪੰਜਾਬ ਨੇ ਅਨੇਕਾਂ ਅਜਿਹੇ ਖਿਡਾਰੀ ਪੈਦਾ ਕੀਤੇ ਹਨ, ਜਿਨ੍ਹਾਂ ਕਰਕੇ ਦੇਸ ਦਾ ਮਾਣ ਵਧਿਆ ਹੈ। ਇਨ੍ਹਾਂ ਖਿਡਾਰੀਆਂ ਵਿਚੋਂ ਬਲਬੀਰ ਸਿੰਘ ਸੀਨੀਅਰ ਦਾ ਨਾਮ ਹਾਕੀ ਦੀ ਖੇਡ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਸੰਸਾਰ ਦੇ ਹਾਕੀ ਦੇ ਇਤਿਹਾਸ ਵਿਚ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅਤੇ ਧਿਆਨ ਚੰਦ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਕਿਉਂਕਿ ਦੋਹਾਂ ਦੀ ਖੇਡ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ। ਭਾਰਤ ਨੂੰ ਸੋਨ ਤਮਗੇ ਦਿਵਾਉਣ ਅਤੇ ਭਾਰਤੀ ਝੰਡਾ ਸੰਸਾਰ ਦੀਆਂ ਖੇਡਾਂ ਵਿਚ ਲਹਿਰਾਉਣ ਦਾ ਮਾਣ ਦੋਹਾਂ ਖਿਡਾਰੀਆਂ ਨੇ ਬਖ਼ਸ਼ਿਆ ਹੈ। ਬਲਬੀਰ ਸਿੰਘ ਨੇ ਉਲੰਪਿਕ ਖੇਡਾਂ ਦੇ ਫਾਈਨਲ ਮੈਚਾਂ ਵਿਚ ਸਭ ਤੋਂ ਵੱਧ ਗੋਲ ਕਰਕੇ ਨਵੇਂ ਰਿਕਾਰਡ ਸਥਾਪਤ ਕੀਤੇ ਸਨ, ਜਿਹੜੇ ਅਜੇ ਤੱਕ ਵੀ ਬਰਕਰਾਰ ਹਨ। ਇਸ ਕਰਕੇ ਹੀ ਉਸਨੂੰ ਗੋਲ ਕਿੰਗ ਅਤੇ ਹਾਕੀ ਦਾ ਯੁਗ ਪੁਰਸ਼ ਕਿਹਾ ਜਾਂਦਾ ਹੈ। ਉਸਨੂੰ ਉਲੰਪਿਕ ਰਤਨ ਵੀ ਕਿਹਾ ਜਾਂਦਾ ਹੈ। ਲੰਡਨ ਵਿਚ 2012 ਵਿਚ ਜਿਹੜੀਆਂ ਉਲੰਪਿਕ ਖੇਡਾਂ ਹੋਈਆਂ ਸਨ, ਉਦੋਂ ਉਲੰਪਿਕ ਖੇਡਾਂ ਦੇ ਸਫਰ ਵਿਚੋਂ ਜਿਹੜੇ '16 ਆਈਕੌਨਿਕ ਉਲੰਪੀਅਨ' ਚੁਣੇ ਗਏ ਸਨ, ਉਨ੍ਹਾਂ ਵਿਚ ਹਿੰਦ ਮਹਾਂਦੀਪ ਵਿਚੋਂ ਇਕੱਲਾ ਬਲਬੀਰ ਸਿੰਘ ਹੀ ਚੁਣਿਆਂ ਗਿਆ ਸੀ। ਉਲੰਪਿਕ ਖੇਡਾਂ ਵਿਚ 3 ਗੋਲਡ ਮੈਡਲ, ਏਸ਼ੀਆਈ ਖੇਡਾਂ ਵਿਚੋਂ ਇੱਕ ਗੋਲਡ ਮੈਡਲ ਅਤੇ ਭਾਰਤੀ ਹਾਕੀ ਦੀਆਂ ਟੀਮਾਂ ਦਾ ਕੋਚ ਮੈਨੇਜਰ ਬਣਕੇ ਭਾਰਤ ਨੂੰ 7 ਤਮਗ਼ੇ ਜਿਤਾਉਣ ਦਾ ਮਾਣ ਬਲਬੀਰ ਸਿੰਘ ਨੂੰ ਹੀ ਜਾਂਦਾ ਹੈ। ਉਹ ਨਮਰਤਾ ਅਤੇ ਸਾਦਗੀ ਦਾ ਪ੍ਰਤੀਕ ਸੀ, ਜਿਸਨੇ ਕਦੀਂ ਵੀ ਆਪਣੀ ਕਾਬਲੀਅਤ ਦਾ ਘੁਮੰਡ ਨਹੀਂ ਕੀਤਾ ਸਗੋਂ ਜ਼ਮੀਨ ਨਾਲ ਜੁੜਿਆ ਰਿਹਾ ਹੈ। ਆਮ ਤੌਰ ਤੇ ਹਰ ਖਿਡਾਰੀ ਇਨ੍ਹਾਂ ਮਿਲੇ ਮਾਨ ਸਨਮਾਨਾ ਨੂੰ ਆਪਣੇ ਘਰਾਂ ਵਿਚ ਸਜਾਕੇ ਰੱਖਦਾ ਹੈ ਅਤੇ ਮੈਡਲ ਸ਼ੁਭ ਅਵਸਰਾਂ ਤੇ ਗਲਾਂ ਵਿਚ ਪਾ ਕੇ ਰੱਖਦੇ ਹਨ। ਬਲਬੀਰ ਸਿੰਘ ਨੂੰ ਜਿੰਨੇ ਮੈਡਲ ਅਤੇ ਮਾਣ ਸਨਮਾਨ ਜਿਹੜੇ ਮਿਲੇ ਸਨ, ਉਹ ਸਾਰੇ ਹੀ ਸਪੋਰਟਸ ਅਥਾਰਿਟੀ ਆਫ ਇੰਡੀਆ ਨੂੰ ਦੇ ਦਿੱਤੇ ਸਨ ਤਾਂ ਜੋ ਉਭਰਦੇ ਖਿਡਾਰੀ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਰਹਿਣ। ਹੈਰਾਨੀ ਅਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਸਪੋਰਟਸ ਅਥਾਰਟੀ ਨੇ ਉਹ ਅਨਮੋਲ ਨਿਸ਼ਾਨੀਆਂ ਗੁਆ ਹੀ ਦਿੱਤੀਆਂ। ਇਹ ਜੇਤੂ ਨਿਸ਼ਾਨੀਆਂ ਨੇ ਖੇਡ ਅਜਾਇਬ ਘਰ ਦੀ ਸ਼ਾਨ ਵਧਾਉਂਦਿਆਂ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਸੀ। ਬਲਬੀਰ ਸਿੰਘ ਦੀ ਸਾਦਗੀ ਵੇਖਣ ਵਾਲੀ ਸੀ ਕਿ ਉਨ੍ਹਾਂ ਸਪੋਰਟਸ ਅਥਾਰਟੀ ਨਾਲ ਬਹੁਤਾ ਗਿਲਾ ਵੀ ਨਹੀਂ ਕੀਤਾ। ਉਹ ਆਪਣੀਆਂ ਪ੍ਰਾਪਤੀਆਂ ਨੂੰ ਭਾਰਤ ਦੀਆਂ ਪ੍ਰਾਪਤੀਆਂ ਸਮਝਦਾ ਸੀ ਕਿਉਂਕਿ ਉਹ ਇਕ ਸੱਚਾ ਸੁੱਚਾ ਦੇਸ਼ ਭਗਤ ਸੀ। ਇਸੇ ਤਰ੍ਹਾਂ 1962 ਦੀ ਭਾਰਤ ਚੀਨ ਲੜਾਈ ਸਮੇਂ 3 ਉਲੰਪਿਕ ਸੋਨੇ ਦੇ ਤਮਗ਼ੇ ਪ੍ਰਧਾਨ ਮੰਤਰੀ ਰੀਲੀਫ ਫੰਡ ਲਈ ਦੇ ਦਿੱਤੇ ਸਨ। 1952 ਵਿਚ ਹੈਲਸਿੰਕੀ ਵਿਖੇ ਹੋਈਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁਧ ਬਲਬੀਰ ਸਿੰਘ ਨੇ 5 ਗੋਲ ਕੀਤੇ ਅਤੇ ਭਾਰਤ ਨੇ 6-1 ਨਾਲ ਮੈਚ ਜਿੱਤਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ । ਉਨ੍ਹਾਂ ਵੱਲੋਂ ਸਥਾਪਤ ਕੀਤਾ ਗਿਆ ਰਿਕਾਰਡ ਅਜੇ ਤੱਕ ਬਰਕਰਾਰ ਹੈ। ਇਸੇ ਤਰ੍ਹਾਂ 1948 ਵਿਚ ਹੋਈਆਂ ਉਲੰਪਿਕਸ ਵਿਚ ਅਰਜਨਟਾਈਨਾ ਵਿਰੁਧ ਭਾਰਤ ਨੇ 9 ਗੋਲ ਕੀਤੇ ਇਨ੍ਹਾਂ ਵਿਚੋਂ 6 ਅਤੇ ਇੰਗਲੈਂਡ ਵਿਰੁਧ 4 ਵਿਚੋਂ 2 ਗੋਲ ਬਲਬੀਰ ਸਿੰਘ ਨੇ ਕੀਤੇ। ਹੈਲਸਿੰਕੀ ਵਿਚ ਭਾਰਤ ਨੇ ਸਾਰੇ ਮੈਚਾਂ ਵਿਚ 13 ਗੋਲ ਕੀਤੇ, ਇਨ੍ਹਾਂ ਵਿਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ। ਆਪ ਹਮੇਸ਼ਾ ਸੈਂਟਰ ਫਾਰਵਰਡ ਦੇ ਤੌਰ ਤੇ ਖੇਡਦੇ ਸਨ। ਇਕ ਵਾਰ ਗੇਂਦ ਜਦੋਂ ਆਪ ਦੇ ਕੋਲ ਆ ਜਾਂਦੀ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਹ ਹਰ ਹਾਲਤ ਵਿਚ ਗੋਲ ਕਰਕੇ ਹੀ ਗੇਂਦ ਨੂੰ ਛੱਡੇਗਾ। ਭੰਬੀਰੀ ਦੀ ਤਰ੍ਹਾਂ ਗੇਂਦ ਨੂੰ ਲੈ ਕੇ ਗੋਲ ਵਿਚ ਪਹੁੰਚ ਜਾਂਦਾ ਸੀ। ਉਨ੍ਹਾਂ 1956 ਵਿਚ ਮੈਲਬੌਰਨ ਵਿਚ ਹੋਈਆਂ ਉਲੰਪਿਕਸ ਖੇਡਾਂ ਵਿਚ ਅਫਗਾਨਿਸਤਾਨ ਵਿਰੁਧ 5 ਗੋਲ ਕੀਤੇ। ਬਲਬੀਰ ਸਿੰਘ ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਦਾ ਡਾਇਰੈਕਟਰ ਵੀ ਰਿਹਾ। ਉਸਨੇ 2 ਪੁਸਤਕਾਂ ਗੋਲਡਨ ਹੈਟ ਟ੍ਰਿਕ ਅਤੇ ਗੋਲਡਨ ਯਾਰਡ ਸਟਿਕ ਵੀ ਲਿਖੀਆਂ। 2006 ਵਿਚ ਆਪਨੂੰ ਬੈਸਟ ਸਿੱਖ ਪਲੇਅਰ ਲਈ ਚੁਣਿਆਂ ਗਿਆ। ਇਸੇ ਤਰ੍ਹਾਂ 2015 ਵਿਚ ਆਪਨੂੰ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਆਪ 1952 ਵਿਚ ਹੈਲਸਿੰਕੀ ਉਲੰਪਿਕਸ ਵਿਚ ਭਾਰਤੀ ਟੀਮ ਦੇ ਉਪ ਕਪਤਾਨ ਵੱਜੋਂ ਸ਼ਾਮਲ ਹੋਏ ਸਨ। 1956 ਦੀਆਂ ਮੈਲਬੌਰਨ ਵਿਖੇ ਹੋਈਆਂ ਉਲੰਪਿਕਸ ਵਿਚ ਭਾਰਤੀ ਟੀਮ ਦੇ ਕੈਪਟਨ ਸਨ। ਆਪ 1971 ਵਿਚ ਭਾਰਤੀ ਟੀਮ ਦੇ ਮੈਨੇਜਰ ਅਤੇ 1975 ਵਿਚ ਮੁੱਖ ਕੋਚ ਸਨ।
ਸਰਕਾਰੀ ਰਿਕਾਰਡ ਅਨੁਸਾਰ ਬਲਬੀਰ ਸਿੰਘ ਦਾ ਜਨਮ 10 ਅਕਤੂਬਰ 1924 ਨੂੰ ਉਸਦੇ ਨਾਨਕੇ ਪਿੰਡ ਹਰੀਪੁਰ ਖਾਲਸਾ ਵਿਚ ਪਿਤਾ ਦਲੀਪ ਸਿੰਘ ਅਤੇ ਮਾਤਾ ਕਰਮ ਕੌਰ ਦੀ ਕੁਖੋਂ ਹੋਇਆ। ਖੇਡਾਂ ਦੇ ਖੇਤਰ ਦੇ ਮਾਹਿਰ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਬਲਬੀਰ ਸਿੰਘ ਦੀ ਲਿਖੀ ਜੀਵਨੀ 'ਗੋਲਡਨ ਗੋਲ' ਵਿਚ ਜਨਮ ਤਾਰੀਖ 31 ਦਸੰਬਰ 1923 ਲਿਖੀ ਗਈ ਹੈ। ਉਸਦਾ ਜੱਦੀ ਪਿੰਡ ਜਲੰਧਰ ਜਿਲ੍ਹੇ ਵਿਚ ਪੁਆਦੜਾ ਹੈ। ਉਸਦੇ ਨਾਨਕੇ ਅਤੇ ਦਾਦਕੇ ਦੋਵੇਂ ਪਿੰਡ ਫਿਲੌਰ ਤਹਿਸੀਲ ਜਿਲ੍ਹਾ ਜਲੰਧਰ ਵਿਚ ਪੈਂਦੇ ਹਨ। ਉਸਦਾ ਪਿਤਾ ਦਲੀਪ ਸਿੰਘ ਸੁਤੰਤਰਤਾ ਸੰਗਰਾਮੀਆਂ ਸੀ ਅਤੇ ਦੁਸਾਂਝ ਗੋਤ ਦਾ ਸੀ ਪ੍ਰੰਤੂ ਬਲਬੀਰ ਸਿੰਘ ਨੇ ਆਪਣੇ ਨਾਮ ਨਾਲ ਦੁਸਾਂਝ ਕਦੀਂ ਵੀ ਨਹੀਂ ਲਿਖਿਆ। ਉਸਦੇ ਨਾਨਕੇ ਧਨੋਆ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਸਨ। ਉਨ੍ਹਾਂ ਦੀ ਸ਼ਾਦੀ ਸ਼੍ਰੀਮਤੀ ਸ਼ੁਸ਼ੀਲ ਕੌਰ ਨਾਲ 1946 ਵਿਚ ਹੋਈ ਸੀ, ਜਿਸਦੀ ਕੁਖੋਂ 3 ਸਪੁੱਤਰ ਕੰਵਲਬੀਰ ਸਿੰਘ, ਕਰਨਬੀਰ ਸਿੰਘ, ਗੁਰਬੀਰ ਸਿੰਘ ਅਤੇ ਇੱਕ ਧੀ ਸ਼ੁਸ਼ਬੀਰ ਕੌਰ ਨੇ ਜਨਮ ਲਿਆ। ਆਪਦੀਆਂ ਤਿੰਨੋ ਨੂੰਹਾਂ ਕਰਮਵਾਰ ਚੀਨ, ਸਿੰਘਾਪੁਰ ਅਤੇ ਯੂਕਰੇਨ ਤੋਂ ਹਨ। ਬਲਬੀਰ ਸਿੰਘ ਦੀ ਪਤਨੀ ਸ਼ੁਸ਼ੀਲ ਕੌਰ ਦਾ ਪਰਿਵਾਰ ਲਾਹੌਰ ਦੇ ਮਾਡਲ ਟਾਊਨ ਇਲਾਕੇ ਦਾ ਰਹਿਣ ਵਾਲਾ ਸੀ। ਬਲਬੀਰ ਸਿੰਘ ਦੀ ਪਤਨੀ 1983 ਵਿਚ ਸਵਰਗ ਸਿਧਾਰ ਗਏ ਸਨ। ਸਕੂਲ ਵਿਚ ਪੜ੍ਹਦਿਆਂ ਹੀ ਬਲਬੀਰ ਸਿੰਘ ਨੂੰ ਹਾਕੀ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਸੀ। ਆਪ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਦੇ ਸਨ ਤਾਂ ਹਾਕੀ ਦੇ ਕੋਚ ਹਰਬੇਲ ਸਿੰਘ ਨੇ ਆਪਨੂੰ ਹਾਕੀ ਖੇਡਦਿਆਂ ਵੇਖਿਆ ਤਾਂ ਉਨ੍ਹਾਂ ਨੂੰ ਬਲਬੀਰ ਸਿੰਘ ਵਿਚਲੀ ਪ੍ਰਤਿਭਾ ਨੇ ਕਾਇਲ ਕਰ ਦਿੱਤਾ। ਉਹ ਅੰਮ੍ਰਿਤਸਰ ਵਿਖੇ ਹਾਕੀ ਕੋਚ ਸਨ। ਹਰਬੇਲ ਸਿੰਘ ਨੇ ਬਲਬੀਰ ਸਿੰਘ ਨੂੰ 1942 ਵਿਚ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਤਬਦੀਲ ਕਰਵਾ ਲਿਆ ਅਤੇ ਆਪ ਕੋਚਿੰਗ ਦੇ ਕੇ ਤਿਆਰ ਕੀਤਾ। ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੀ ਟੀਮ ਦਾ ਕੈਪਟਨ ਬਣਾਇਆ ਗਿਆ ਅਤੇ ਆਪਦੀ ਟੀਮ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਹਾਕੀ ਮੈਚ ਲਗਾਤਾਰ 1943, 44 ਅਤੇ 45 ਜਿੱਤਿਆ। ਫਿਰ ਆਪ ਲੁਧਿਆਣਾ ਆ ਕੇ ਵਸ ਗਏ। ਆਪਨੇ ਪੰਜਾਬ ਪੁਲਿਸ ਵਿਚ ਨੌਕਰੀ ਕਰ ਲਈ ਅਤੇ 1941 ਤੋਂ 1961 ਤੱਕ ਪੰਜਾਬ ਪੁਲਿਸ ਦੀ ਹਾਕੀ ਟੀਮ ਦੇ ਕੈਪਟਨ ਰਹੇ। ਆਪਨੂੰ ਸਪੋਰਟਸ ਦੇ ਕੋਟੇ ਵਿਚੋਂ 1957 ਵਿਚ ਪਦਮ ਸ਼੍ਰੀ ਦਾ ਖਿਤਾਬ ਦਿੱਤਾ ਗਿਆ। ਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਖਿਤਾਬ ਦੇਣਾ ਚਾਹੀਦਾ ਸੀ ਪ੍ਰੰਤੂ ਭਾਰਤ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਨੂੰ ਅਣਡਿਠ ਕੀਤਾ ਹੈ ਕਿਉਂਕਿ ਕੁਝ ਹੋਰ ਅਜਿਹੇ ਖਿਡਾਰੀਆਂ ਨੂੰ ਭਾਰਤ ਰਤਨ ਦਿੱਤਾ ਗਿਆ ਹੈ, ਜਿਨ੍ਹਾਂ ਦੀ ਯੋਗਤਾ ਅਤੇ ਕਾਰਗੁਜ਼ਾਰੀ ਬਲਬੀਰ ਸਿੰਘ ਤੋਂ ਬਹੁਤ ਘੱਟ ਸੀ। ਪੰਜਾਬ ਸਰਕਾਰ ਨੇ 2014 ਵਿਚ ਬਲਬੀਰ ਸਿੰਘ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ ਸੀ ਪ੍ਰੰਤੂ ਕੇਂਦਰ ਸਰਕਾਰ ਦੇ ਕੰਨਾ 'ਤੇ ਜੂੰ ਨਹੀਂ ਸਰਕੀ। ਬਲਬੀਰ ਸਿੰਘ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਰਹੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com