ਨਾਇਕ ਵਿਹੂਣੇ ਲੋਕ - ਬੁੱਧ ਸਿੰਘ ਨੀਲੋਂ

ਨਾਇਕ ਵਿਹੂਣੇ ਲੋਕ
ਕੋਈ ਨ ਰੋਕ ਤੇ ਟੋਕ
ਬਹੁਤ ਵਧੇ ਨੇ ਬੋਕ
ਅਬ ਤੂ ਵੀ ਤਾਲੀ ਠੋਕ?

ਘਰਾਂ ਦੇ ਵਿਚ ਬੈਠੇ ਲੋਕ ਨਾ-ਮੁਰਾਦ ਬੀਮਾਰੀਆਂ ਤੋਂ ਦੁਖੀ ਹਨ, ਸਰਕਾਰੀ ਹਸਪਤਾਲਾਂ ਦੇ ਵਿਚ ਡਾਕਟਰ ਨਹੀਂ, ਦਵਾਈਆਂ ਨਹੀਂ, ਸਕੂਲਾਂ ਦੇ ਵਿਚ ਅਧਿਆਪਕ ਨਹੀਂ, ਨੌਜਵਾਨਾਂ ਦੇ ਕੋਲ ਕੋਈ ਰੁਜਗਾਰ ਨਹੀਂ, ਕਿਸਾਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ, ਮਜ਼ਦੂਰ ਦੇ ਕੋਲ ਕੋਈ ਰੁਜਗਾਰ ਨਹੀਂ, ਧੀਆਂ ਸ਼ਗਨ ਦੀ ਉਡੀਕ 'ਚ, ਬਜ਼ੁਰਗ ਬੁਢਾਪਾ ਪੈਨਸ਼ਨ ਦੀ ਉਡੀਕ 'ਚ ਬੈਠੇ ਹਨ, ਜਵਾਨੀ ਬੇਰੁਜ਼ਗਾਰੀ ਦੀ ਭੰਨੀ ਨਸ਼ਿਆਂ ਦੀ ਦਲਦਲ 'ਚ ਫਸ ਕਿ ਮਰਨ ਕਿਨਾਰੇ ਖੜੀ ਹੈ। ਥਾਣਿਆਂ ਤੇ ਸਰਕਾਰੀ ਦਫ਼ਤਰਾਂ ਦੇ ਵਿਚ ਲੋਕਾਂ ਦੀ ਕੋਈ ਸਾਰ ਨਹੀ ਲੈ ਰਿਹਾ।
      ਸਮਾਜ ਦੇ ਵਿਚ ਲੋਕਾਂ ਦੇ ਪੈਰਾਂ ਦੇ ਥੱਲੇ ਅੱਗ ਬਲਦੀ ਹੈ। ਉਹ ਹਰ ਤਾਂ ਦੇ ਅੰਗਿਆਰਾਂ ਦੇ ਉਪਰ ਤੁਰਨ ਦੇ ਲਈ ਉਤਾਵਲੇ ਹੋ ਰਹੇ। ਉਹਨਾਂ ਦੇ ਸਾਹਮਣੇ ਦੁਸ਼ਵਾਰੀਆਂ ਤੋਂ ਬਿਨਾਂ ਕੋਈ ਰਸਤਾ ਨਹੀਂ।
        ਸਿਆਸੀ ਲੋਕ ਹੀ ਨਹੀਂ, ਸਮਾਜ ਦੇ ਵਿੱਚ ਹੋਰ ਵੀ 'ਸਮਾਜ-ਸੇਵੀ' ਸੰਸਥਾਵਾਂ ਹਨ ਜਿਹੜੀਆਂ ਆਪਣੀ ਡਫਲੀ ਵਜਾ ਰਹੀਆਂ ਹਨ, ਧਰਮ ਦੇ ਨਾਲ ਜੁੜੇ ਸੰਤ, ਸਾਧ ਤੇ ਹੋਰ ਸਵਰਗ ਤੇ ਨਰਕ ਦੀਆਂ ਗੱਲਾਂ ਕਰਦੇ ਹਨ, ਸਾਹਿਤ ਤੇ ਸੱਭਿਆਚਾਰ ਦੇ ਖੇਤਰ ਦੇ ਲੋਕ ਆਪਣਾ ਰਾਗ ਅਲਾਪ ਰਹੇ ਹਨ।
       ਸਿਆਸੀ ਪਾਰਟੀਆਂ ਹਰ ਪੰਜ ਸਾਲ ਬਾਅਦ ਲੋਕਾਂ 'ਤੇ ਰਾਜ ਕਰ ਰਹੀਆਂ, ਉਹ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜ਼ੌਰੀਆਂ ਭਰ ਰਹੇ ਹਨ। ਆਮ ਵਰਗ ਹਰ ਪਾਸ ਤੋਂ ਹਨੇਰ ਦੇ ਵੱਲ ਵਧ ਰਿਹਾ ਹੈ। ਸਿਹਤ, ਸਿਖਿਆ ਤੇ ਰੁਜ਼ਗਾਰ ਵਿਹੂਣਾ ਹੋਇਆ ਅਵਾਮ ਅੱਜ ਅੱਕ ਪਲਾਹੀਂ ਹੱਥ ਮਾਰ ਰਿਹਾ ਹੈ।
       ਉਸ ਦੀ ਬਾਂਹ ਫੜਨ ਵਾਲਾ ਕੋਈ ਨਹੀਂ। ਹਤਾਸ਼ ਹੋਏ ਲੋਕ ਕਦੇ ਡੇਰਿਆਂ ਵੱਲ ਦੌੜਦੇ ਹਨ, ਕਦੇ ਸਿਆਸੀ ਪਾਰਟੀਆਂ ਦੇ ਜਲਸਿਆਂ ਵੱਲ ਭੱਜਦੇ ਹਨ, ਕਦੇ ਉਹਨਾਂ ਨੂੰ ਇਹ ਲਗਦਾ ਹੈ ਕਿ ਕੋਈ ਹੋਰ ਉਹਨਾਂ ਦੀ ਡੁਬਦੀ ਬੇੜੀ ਬੰਨੇ ਲਾ ਦੇਵੇਗਾ।
      ਸਮਾਜ ਦੇ ਹਰ ਖੇਤਰ ਵਿਚ ਚੌਧਰੀਅ ਦੀ ਤਾਂ ਭਰਮਾਰ ਹੈ ਪਰ ਕੋਈ ਨਾਇਕ ਬਣਿਆ ਨਜ਼ਰ ਨਹੀਂ ਆ ਰਿਹਾ। ਜਿਹਨਾਂ ਸੰਸਥਾਵਾਂ ਨੇ ਨਾਇਕ ਤਿਆਰ ਕਰਨੇ ਸਨ ਉਹ ਸਭ ਦੀਆਂ ਸਭ ਖੁਦ ਨਾਇਕ ਵਿਹੂਣੀਆਂ ਹੋ ਗਈਆਂ, ਇਸੇ ਕਰਕੇ ਉਹਨਾਂ ਥਾਵਾਂ ਦੇ ਉਪਰ ਸਭ ਨੂੰ ਆਪੋ-ਧਾਪੀ ਪਈ ਹੋਈ ਹੈ।
        ਸਿਆਸੀ ਆਗੂਆਂ ਨੇ ਆਮ ਲੋਕਾਂ ਨੂੰ 'ਵੋਟਰ ' ਬਣਾ ਦਿੱਤਾ, ਉਹ ਹਰ ਪੰਜ ਸਾਲ ਪਾਰਟੀਆਂ ਬਦਲ ਬਦਲ ਕੇ ਰਾਜ ਕਰ ਰਹੀਆਂ ਹਨ। ਵਿਕਾਸ ਦੇ ਨਾਂ 'ਤੇ ਲੋਕਾਂ ਦੇ ਦਿੱਤੇ ਟੈਕਸ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਹਨ।
        ਉਪਰ ਤੋਂ ਥੱਲੇ ਤੱਕ ਰਿਸ਼ਵਤ ਦਾ ਬੋਲ ਬਾਲਾ ਹੈ। ਭ੍ਰਿਸ਼ਟਾਚਾਰ ਦੀ ਦਲਦਲ 'ਚ ਲੋਕ ਡੁਬ ਰਹੇ ਹਨ। ਬੀਮਾਰੀਆਂ ਦੇ ਨਾਲ ਮਰ ਰਹੇ ਹਨ ਲੋਕ, ਨਸ਼ਿਆਂ ਦੀ ਲਤ ਦੇ ਨਾਲ ਜਵਾਨੀ ਏਡਜ਼ ਦੀ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਨੌਜਵਾਨਾਂ ਦੇ ਵਿੱਚੋਂ ਮਰਦਾਨਾ ਤਾਕਤ ਘੱਟ ਰਹੀ ਹੈ ਹਾਲਤ ਦਿਨੋਂ ਦਿਨ ਗੰਭੀਰ ਹੋ ਰਹੇ ਹਨ। ਬੇਵੀ ਟਿਊਬ ਹਸਪਤਾਲ ਖੁਲ ਰਹੇ ਹਨ।
       ਪੰਜਾਬ ਦੀਆਂ ਕੁੜੀਆਂ ਤੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਵਾਨੀ, ਬੌਧਿਕ ਸ਼ਕਤੀ ਤੇ ਸਰਮਾਇਆ ਵਿਦੇਸ਼ ਵੱਲ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਦੌੜ ਰਹੇ ਹਨ।
       ਉਦਯੋਗਿਕ ਇਕਾਈਆਂ ਬੰਦ ਹੋ ਰਹੀਆਂ, ਜਿਹਨਾਂ ਦੇ ਕੋਲ ਰੁਜ਼ਗਾਰ ਸੀ, ਉਹ ਵੀ ਬੇਰੁਜ਼ਗਾਰ ਹੋ ਰਹੇ ਹਨ। ਹਰ ਤਰਾਂ ਦਾ ਮਾਫੀਆ ਰੂੜੀ ਵਾਂਗ ਵੱਧ ਰਿਹਾ ਹੈਂ, ਹਰ ਥਾਂ 'ਤੇ ਮਾਫੀਆ ਦਾ ਕਬਜ਼ਾ ਹੈ। ਹਰ ਥਾਂ 'ਤੇ ਆਮ ਲੋਕਾਂ ਨੂੰ ਲੁੱਟਣ ਦੇ ਲਈ ਪੁਲਸ ਵਾਲੇ ਸਿਆਸਤਦਾਨ ਖੜੇ ਹਨ। ਜਿਹਨਾਂ ਪੁਲਸ ਵਾਲਿਆਂ ਤੇ ਸਿਆਸਤਦਾਨਾ ਨੇ ਆਮ ਲੋਕਾਂ ਦੀ ਰਾਖੀ ਕਰਨੀ ਸੀ ਉਹ ਆਪ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
       ਲਿਖਣ ਤੇ ਬੋਲਣ ਦੀ ਆਜ਼ਾਦੀ 'ਤੇ ਸੰਵਿਧਾਨ ਦਾ ਨੱਕ ਮੋਰੜਿਆ ਜਾ ਰਿਹਾ ਹੈ।
      ਲੋਕਾਂ ਦੇ ਮਸਲਿਆਂ ਦੇ ਨਾਲੋਂ ਕੁਰਸੀ ਦੀ ਲੜਾਈ ਲਈ ਸਿਆਸੀ ਪਾਰਟੀਆਂ ਨੂੰ ਵੱਧ ਫਿਕਰ ਹੈ। ਇਸੇ ਕਰਕੇ ਇਹ ਸਿਆਸੀ ਚੌਧਰੀ ਇੱਕ ਦੂਜੇ ਦੇ ਖਿਲਾਫ ਰੈਲੀਆਂ ਕਰਦੇ ਹਨ। ਜਿਹਨਾਂ ਦੀ ਜ਼ਮੀਰ ਮਰ ਗਈ ਹੈ ਉਹ ਦਿਹਾੜੀ ਦੀ ਖਾਤਰ ਵਿਕ ਰਹੇ ਹਨ।
      ਲੋਕਾਂ ਨੂੰ ਕਿਰਤਹੀਣ ਕਰ ਕੇ ਉਹਨਾਂ ਨੂੰ 'ਮੁਫਤ' ਦੀ ਚਾਟ 'ਤੇ ਲਾ ਦਿੱਤਾ। ਇਸੇ ਕਰਕੇ ਉਹਨਾਂ ਨੂੰ ਹਰ ਵੋਟਾਂ ਦੇ ਵੇਲੇ ਸਿਆਸੀ ਆਗੂਆਂ ਦੇ ਵਲੋਂ ਵੰਡੀ ਜਾ ਰਹੀ ਮੁਫਤ ਦੀ ਸ਼ਰਾਬ ਤੇ ਨਕਦ ਮਾਇਆ ਦੀ ਉਡੀਕ ਕਰਨ ਵਾਲੇ ਬਣਾ ਦਿੱਤਾ।
       ਹੁਣ ਪੰਜਾਬ ਦੇ ਲੋਕ ਜਿਹੜੇ ਨਾਇਕ ਵਿਹੂਣੇ ਹੋਏ ਹਨ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਕਿਸੇ ਵੀ ਖੇਤਰ ਦੇ ਨਜ਼ਰ ਨਹੀਂ ਆ ਰਿਹਾ। ਜਿਹੜੇ ਆਪਣੇ ਆਪ ਨੂੰ 'ਨਾਇਕ ' ਹੋਣ ਦਾ ਆਪੇ ਹੀ ਖਿਤਾਬ ਲਈ ਬੈਠੇ ਹਨ ਉਹ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਹਨ। ਸਿਆਸੀ ਤੇ ਧਰਮ ਦੇ ਆਗੂ ਆਮ ਲੋਕਾਂ ਦੀ ਭੀੜ ਕੱਠੀ ਤਾਂ ਕਰਦੇ ਹਨ। ਪਰ ਉਸ ਨੂੰ ਕੋਈ ਰਸਤਾ ਨਹੀਂ ਦੱਸ ਰਿਹਾ।
      ਹੁਣ ਸਾਨੂੰ ਰਸੂਲ ਹਮਜ਼ਾਤੋਵ ਦੀਆਂ ਗੱਲਾਂ ਚੇਤੇ ਆਉਦੀਆਂ ਹਨ ਜਿਹੜਾ ਆਖਦਾ ਹੈ ਕਿ 'ਸਾਨੂੰ ਆਪਣੇ ਰਸਤੇ ਆਪ ਚੁਨਣੇ ਚਾਹੀਦੇ ਹਨ।' ਪਰ ਅਸੀਂ ਬਣੇ ਬਣਾਏ ਰਸਤਿਆਂ ਦੇ ਉਪਰ ਤੁਰਨ ਦੇ ਆਦੀ ਹੋ ਗਏ ਹਾਂ। ਅਸੀਂ ਕਦੋਂ ਤੱਕ ਆਪਣੇ 'ਫਰਜ਼ਾਂ ਦੇ ਵੱਲ ਪਿੱਠ ਕਰੀ ਰੱਖਾਂਗੇ?
       ਜਦੋਂ ਤੱਕ ਅਸੀਂ ਸ਼ਬਦ-ਗੁਰੂ ਦੇ ਲੜ ਨਹੀਂ ਲੱਗਦੇ ਅਸੀਂ ਨਾਇਕ ਵਿਹੂਣੇ ਹੀ ਰਹਾਂਗੇ। ਸ਼ਬਦ ਨੇ ਸਾਨੂੰ ਚੇਤਨਾ ਦੇਣੀ ਹੈ ਪਰ ਅਸੀਂ ਕਿਤਾਬ ਦੇ ਨਾਲੋਂ ਟੁੱਟ ਕੇ ਡੇਰਿਆਂ ਦੇ ਰਸਤੇ ਤੁਰ ਪਏ ਹਾਂ ।
    ਕਦੋਂ ਪਰਤਾਂਗੇ ਆਪਾਂ ? ਕਦੋਂ ਜਿਉਂਦੇ ਹੋਣ ਦਾ ਸਾਨੂੰ ਹੋਵੇਗਾ ਅਹਿਸਾਸ?.
    ਮਰ ਚੁੱਕਿਆ ਅੰਦਰਲਾ ਮਨੁੱਖ ਕਦੋਂ ਜਾਗੇਗਾ?

    ਪਰ ਹੁਣ ਸਾਨੂੰ ਖੁਦ ਨਾਇਕ ਬਨਣਾ ਪਵੇਗਾ.
    ਗਰਜਾਂ ਦੇ ਨਾਲੋਂ ਫਰਜ਼ਾਂ ਦੀ ਜੰਗ ਲੜ੍ਹਾਈ ਕਰਨ ਵਾਸਤੇ ਤੁਰਨਾ ਪਵੇਗਾ.
    ਹੁਣ ਕਿਸੇ ਸ਼ਹੀਦ ਭਗਤ ਸਿੰਘ ਨੇ ਨਹੀਂ ਆਉਣਾ
    ਹੁਣ ਸਾਨੂੰ ਖੁਦ ਭਗਤ ਸਿੰਘ ਬਨਣਾ ਪੈਣਾ ਹੈ।

ਜਾਗੋ ਲੋਕੋ ਜਾਗੋ...
ਬਈ ਹੁਣ ਜਾਗੋ ਆਈ ਆ.
ਸ਼ਬਦ ਗੁਰੂ ਦੀ ਜੋਤ ਜਗਾ ਲੈ ਬਈ..ਜਾਗੋ ਆਈ ਆ...

ਬਿਨਾਂ ਕਿਤਾਬਾਂ ਅਕਲ ਨਾ ਆਉਂਦੀ
ਹਰ ਕਿਤਾਬ ਕੁੱਝ ਨਵਾਂ ਸਿਖਾਉਦੀ
ਇਸ ਨੂੰ ਦੋਸਤ ਬਣਾ ਲੈ ਬਈ..
ਹੁਣ ਜਾਗੋ..
ਹੁਣ ਕਿਤਾਬਾਂ ਨੂੰ ਨਾਇਕ ਬਣਾ ਲੈ ਬਈ....।

      ਬਿਨਾਂ ਗਿਆਨ ਦੇ ਸੂਝ ਨਹੀਂ ਆਉਣੀ, ਕਿਤਾਬਾਂ ਕਿਹੜੀਆਂ ਪੜ੍ਹਣੀਆਂ ? ਇਹ ਵੀ ਬਹੁਤ ਮੁਸ਼ਕਲ ਹੈ। ਚੋਣ ਕਰਨੀ ਔਖੀ ਹੈ ਕਿਉਂਕਿ ਕਿਤਾਬਾਂ ਦੇ ਢੇਰ ਵਿਚੋਂ ਚੰਗੀਆਂ ਕਿਤਾਬਾਂ ਭਾਲਣੀਆਂ ਔਖੀਆਂ ਹਨ। ਪੰਜਾਬੀ ਸਾਹਿਤ ਦੀ ਹਾਲਤ ਤਾਂ ਕਬਾੜੀਏ ਦੀ ਦੁਕਾਨ ਵਰੀ ਬਣ ਗਈ ਹੈ। ਪੈਸੇ ਦੇ ਨਾਲ ਛਪੀਆਂ ਕਿਤਾਬਾਂ ਦਾ ਢੇਰ ਵੱਧ ਰਿਹਾ ਹੈ। ਵਧੀਆ ਤੇ ਪੜ੍ਹਨ ਯੋਗ ਕਿਤਾਬਾਂ ਘੱਟ ਰਹੀਆਂ ਹਨ। ਸਾਡਾ ਗੁਰਮਤਿ, ਸੂਫੀ, ਵਾਰਾਂ, ਕੁੱਝ ਆਧੁਨਿਕ ਸਾਹਿਤ ਪੜ੍ਹਨ ਯੋਗ ਹੈ।
      ਪਰ ਨਾਇਕਾਂ ਦੀ ਘਾਟ ਕਾਰਨ ਲੁੱਟਣ ਵਾਲਿਆਂ ਦੀ ਚੜ੍ਹਤ ਹੈ। ਡਾਕੂ, ਚੋਰ , ਮਾਫੀਆ, ਸਰਗਰਮ ਹੈ। ਭੇਸ ਬਦਲ ਕੇ ਪੱਗ ਬਦਲ ਕੇ ਝੰਡੇ ਬਦਲ ਕੇ ਉਹੀ ਆ ਰਹੇ ਹਨ। ਜੁਮਲੇਬਾਜ, ਪਹਾੜੀਏ ਝੂਠੀਆਂ ਸਹੁੰ ਤੇ ਕਸਮਾਂ ਖਾਣ ਵਾਲੇ। ਇਕ ਦੂਜੇ ਦੇ ਚਾਚੇ ਭਤੀਜੇ ਤੇ ਜੀਜੇ ਸਾਲੇ।
      ਬਿਨਾ ਨਾਇਕਾ ਦੇ ਹੁਣ ਏਹੀ ਕੁੱਝ ਹੋਵੇਗਾ, ਬੰਦਾ ਘਰ ਬਹਿ ਕੇ ਰੋਵੇਗਾ, ਹਨੇਰਾ ਢੋਵੇਗਾ।
ਆਪਣੇ ਅੰਦਰਲੇ ਬੰਦੇ ਨੂੰ ਜਗਾਵੋ, ਉਡਦੇ ਬਾਜ਼ਾਂ ਤੇ ਗਿਰਝਾਂ ਨੂੰ ਹੱਥ ਪਾਵੋ। ਆਪੋ ਆਪਣੇ ਇਲਾਕੇ ਦੇ ਨਾਇਕ ਬਣ ਜਾਵੋ।

ਸੰਪਰਕ : 94643 70823