ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

8 June 2020

ਭਾਰਤ ਦੇ ਇਤਰਾਜ਼ ਦੇ ਬਾਵਜੂਦ ਚੀਨ ਮਕਬੂਜ਼ਾ ਕਸ਼ਮੀਰ 'ਚ ਬਿਜਲੀ ਪ੍ਰਾਜੈਕਟ ਲਗਾਏਗਾ- ਇਕ ਖ਼ਬਰ
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ।

ਅੰਮ੍ਰਿਤਸਰ ਲਈ ਨਵੇਂ 'ਐਕਸਪ੍ਰੈਸ ਵੇਅ' ਦਾ ਐਲਾਨ- ਇਕ ਖ਼ਬਰ
ਚੰਨ ਚੰਨਾਂ ਦੇ ਮਾਮਲੇ, ਖਵਰੇ ਚੜ੍ਹਨ ਕਿ ਨਾ ਹੀ ਚੜ੍ਹਨ।

ਸਿੱਧੂ ਮੂਸੇ ਵਾਲ਼ੇ ਨੂੰ ਕਾਨੂੰਨ ਦਾ ਕੋਈ ਡਰ ਨਹੀਂ-ਇਕ ਖ਼ਬਰ
ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ।

ਪੰਜਾਬ ਦੇਸ਼ ਦੇ ਦੂਜੇ ਸੂਬਿਆਂ ਲਈ ਬਣੇਗਾ ਚਾਨਣ ਮੁਨਾਰਾ- ਮਨਪ੍ਰੀਤ ਸਿੰਘ ਬਾਦਲ
ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ।

ਬਾਦਲ ਦਲ 'ਚ ਵਾਪਸ ਜਾਣ ਦੀਆਂ ਅਫ਼ਵਾਹਾਂ ਦਾ ਜਥੇਦਾਰ ਬ੍ਰਹਮਪੁਰਾ ਵਲੋਂ ਖੰਡਨ- ਇਕ ਖ਼ਬਰ
ਐਵੇਂ ਹੀ ਰੌਲ਼ਾ ਪੈ ਗਿਆ, ਐਵੇਂ ਹੀ ਰੌਲ਼ਾ ਪੈ ਗਿਆ।

ਰਾਜਸਥਾਨ ਪੁਲਿਸ ਨੇ ਜਾਰਜ ਫਲਾਇਡ ਵਾਂਗ ਹੀ ਇਕ ਨੌਜਵਾਨ ਦੀ ਧੌਣ 'ਤੇ ਰੱਖਿਆ ਗੋਡਾ- ਇਕ ਖ਼ਬਰ
ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦੈ।

ਸਿੱਖ ਨੌਜਵਾਨਾਂ ਦੀ ਫੜੋ-ਫੜਾਈ 'ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਧਾਰੀ ਚੁੱਪ- ਇਕ ਖ਼ਬਰ
ਹਿਜ਼ ਮਾਸਟਰਜ਼ ਵਾਇਸ। 

ਮਨਪ੍ਰੀਤ ਬਾਦਲ ਨੇ ਕੇਂਦਰ ਸਰਕਾਰ ਦੇ ਪੈਕੇਜ ਦੀ ਪੋਲ ਖੋਲ੍ਹੀ-ਇਕ ਖ਼ਬਰ
ਨਾਲ਼ੇ ਬਾਬਾ ਲੱਸੀ ਪੀ ਗਿਆ, ਨਾਲ਼ੇ ਦੇ ਗਿਆ ਦੁਆਨੀ ਖੋਟੀ।

ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਨਾਲ ਹੋ ਰਹੇ ਹਨ ਵੱਡੇ ਘੁਟਾਲੇ-ਯੂਥ ਅਕਾਲੀ ਦਲ
ਬਈ ਸਿਆਣੇ ਕਹਿੰਦੇ ਹੁੰਦੇ ਆ ਕਿ 'ਕੱਲਾ ਇਕ ਤੇ ਦੋ ਗਿਆਰਾਂ'

ਟਰੰਪ ਦੀ ਬਿਆਨਬਾਜ਼ੀ ਨੇ ਬਲ਼ਦੀ ਉੱਪਰ ਤੇਲ ਪਾਇਆ- ਜੋਅ ਬਿਡੇਨ
ਨਿੱਤ ਨਵੇਂ ਪੁਆੜੇ ਪਾਉਂਦਾ ਨੀਂ, ਮਰ ਜਾਣਾ ਅਮਲੀ।

ਬੀਜ ਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਸ਼ੁਰੂ-ਇਕ ਖ਼ਬਰ
ਸੱਪ ਲੰਘੇ ਤੇ ਲਕੀਰ ਪਿੱਟਣੀ। ਬੜੀ ਪੁਰਾਣੀ ਆਦਤ ਹੈ ਇਹਨਾਂ ਦੀ।

ਦਿੱਲੀ ਦੇ ਸੀਨੀਅਰ ਅਕਾਲੀ ਨੇਤਾ ਹਰਮਨਜੀਤ ਸਿਘ ਨੇ ਅਕਾਲੀ ਦਲ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ
ਆਹ ਲੈ ਫੜ ਚੁੱਕ ਮਿੱਤਰਾ, ਸਾਡੇ ਬਾਂਕਾਂ ਮੇਚ ਨਾ ਆਈਆਂ।

ਜੈਸਿਕਾ ਲਾਲ ਕਤਲ ਕਾਂਡ 'ਚ ਦੋਸ਼ੀ ਮਨੂ ਸ਼ਰਮਾ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾਅ- ਇਕ ਖ਼ਬਰ
ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ 'ਚ ਰੱਖਣ ਦੀ 'ਸਹੂਲਤ' ਤਾਂ ਸਿਰਫ਼ ਸਿੱਖਾਂ ਨੂੰ ਹੀ ਮਿਲਦੀ ਐ।
 
ਮੰਤਰੀਆਂ ਤੇ ਵਿਧਾਇਕਾਂ ਲਈ ਲੱਖਾਂ ਦੇ ਭੱਤਿਆਂ ਦਾ ਮੀਟਰ ਚਾਲੂ-ਇਕ ਖ਼ਬਰ
ਭਰ ਲਉ ਝੋਲ਼ੀਆਂ ਮਿੱਤਰੋ ਕਿ ਲੱਡੂਆਂ ਦਾ ਮੀਂਹ ਵਰ੍ਹਦਾ।

ਨਿਕੰਮੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕਰੇਗੀ ਛੁੱਟੀ ਪੰਜਾਬ ਸਰਕਾਰ- ਇਕ ਖ਼ਬਰ
ਜੇ ਇਹ ਨਿਕੰਮੇ ਸੀ ਤਾਂ ਹੁਣ ਤਾਈਂ ਤੁਸੀਂ ਛੁਣਛੁਣੇ ਵਜਾਉਂਦੇ ਸੀ, ਸਰਕਾਰ ਜੀ।

ਜੇ ਚੀਨ ਹਾਂਗਕਾਂਗ ਦੇ ਲੋਕਾਂ ਨੂੰ ਡਰਾਏਗਾ ਤਾਂ ਬ੍ਰਿਟੇਨ ਚੁੱਪ ਕਰ ਕੇ ਨਹੀਂ ਬੈਠੇਗਾ- ਬੋਰਿਸ ਜਾਨਸਨ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।

ਸਿੱਧੂ ਮੂਸੇਵਾਲ਼ਾ ਨਾਭਾ ਪੁਲਿਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਥਾਣੇ 'ਚੋਂ ਚਲਾ ਗਿਆ- ਇਕ ਖ਼ਬਰ
ਨਹੀਂ ਭਾਈ ਇੰਜ ਨਹੀਂ, ਪੁਲਿਸ ਨੇ ਆਪਣੀਆਂ ਅੱਖਾਂ 'ਚ ਘੱਟਾ ਆਪ ਪਾਇਐ।