ਇਕਨਾ ਗਲੀ ਜੰਜੀਰੀਆ : ਸਾਕਾ ਜਾਰਜ ਫਲਾਇਡ ਤੇ ਅਸੀਂ - ਸਵਰਾਜਬੀਰ

ਅਮਰੀਕਾ ਦੇ ਮਿਨਿਆਪੋਲਿਸ ਸੂਬੇ ਵਿਚ ਮਿਨੇਸੋਟਾ ਸ਼ਹਿਰ ਵਿਚ ਪੁਲੀਸ ਹੱਥੋਂ ਸਿਆਹਫ਼ਾਮ ਨਸਲ ਦੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਚ ਸਿਆਹਫ਼ਾਮ ਲੋਕਾਂ ਦਾ ਗੁੱਸਾ ਉੱਬਲ ਰਿਹਾ ਹੈ। ਹੋ ਰਹੇ ਮੁਜ਼ਾਹਰਿਆਂ ਵਿਚ ਗੋਰੇ, ਯਹੂਦੀ, ਏਸ਼ੀਅਨ, ਚੀਨੀ ਤੇ ਹੋਰ ਨਸਲਾਂ ਦੇ ਲੋਕ ਵੀ ਸ਼ਾਮਲ ਹਨ। ਯੂਰਪ ਅਤੇ ਅਮਰੀਕਾ ਵਿਚ ਸਿਆਹਫ਼ਾਮ ਲੋਕਾਂ ਨਾਲ ਹੋਏ ਜ਼ੁਲਮ ਦੀ ਕਹਾਣੀ ਬਹੁਤ ਲੰਮੀ ਤੇ ਦਿਲ-ਕੰਬਾਊ ਹੈ। ਅਮਰੀਕਾ ਫੇਰੀਆਂ ਦੌਰਾਨ ਪੰਜਾਬੀ ਤੇ ਭਾਰਤੀ ਮਿੱਤਰਾਂ ਨੂੰ ਮਿਲਣ ਦਾ ਅਨੁਭਵ ਮੈਨੂੰ ਇਹ ਦੱਸਦਾ ਹੈ ਕਿ ਸਾਡੇ ਵਿਚੋਂ ਬਹੁਤੇ ਸਿਆਹਫ਼ਾਮ ਲੋਕਾਂ ਨੂੰ ਉਸੇ ਤਰ੍ਹਾਂ ਹੀਣੇ ਸਮਝਦੇ ਹਨ ਜਿਵੇਂ ਗੋਰੀ ਨਸਲ ਦੇ ਲੋਕ। ਹੋਰਨਾਂ ਏਸ਼ੀਅਨ ਲੋਕਾਂ ਵਾਂਗ ਪੰਜਾਬੀਆਂ ਦੇ ਮਨ ਵਿਚ ਵੀ ਗੋਰੀ ਨਸਲ ਦੇ ਲੋਕਾਂ ਤੇ ਗੋਰੇ ਰੰਗ ਦੇ ਸਰਬਉੱਤਮ ਹੋਣ ਦਾ ਤਸੱਵਰ ਹੈ। ਨਾਟਕਕਾਰ ਹੋਣ ਦੇ ਨਾਤੇ ਮੈਂ ਦੋ ਨਾਟਕਾਂ ਦੇ ਕੁਝ ਸਫ਼ਿਆਂ ਦੇ ਹਵਾਲੇ ਨਾਲ ਸਿਆਹਫ਼ਾਮ ਲੋਕਾਂ ਨਾਲ ਹੋਏ ਜ਼ੁਲਮ ਬਾਰੇ ਕੁਝ ਦੱਸਣਾ ਚਾਹਵਾਂਗਾ।
       ਪਹਿਲਾ ਨਾਟਕ ਸਿਆਹਫ਼ਾਮ ਨਾਟਕਕਾਰ ਲੋਰੇਨ ਹੈਂਸਬਰੀ (Lorraine Hansberry) ਦਾ 'The Drinking Gourd' ਹੈ। ਇਸ ਨਾਟਕ ਦੀਆਂ ਘਟਨਾਵਾਂ ਅਮਰੀਕਾ ਦੇ ਪੂਰਬੀ ਤੱਟ ਦੇ ਖੇਤਰ ਦੇ ਇਕ ਦੱਖਣੀ ਪ੍ਰਾਂਤ ਵਿਚ, ਜਿੱਥੇ ਲੱਖਾਂ ਏਕੜਾਂ ਵਿਚ ਗ਼ੁਲਾਮ ਕਿਰਤੀਆਂ ਦੀ ਮਿਹਨਤ ਨਾਲ ਕਪਾਹ ਉਗਾਈ ਜਾਂਦੀ ਹੈ, ਵਿਚ ਵਾਪਰਦੀਆਂ ਹਨ। ਨਾਟਕ ਦਾ ਇਕ ਕਿਰਦਾਰ, ਇਕ ਫ਼ੌਜੀ, ਜਿਹੜਾ ਸੂਤਰਧਾਰ ਵੀ ਹੈ, ਕਪਾਹ ਦਾ ਬੀਜ ਚੁੱਕਦਿਆਂ ਕਹਿੰਦਾ ਹੈ, ''ਵੇਖੋ, ਇਹ ਬੀਜ ਹੈ ਤੇ ਇਹ ਹੈ ਏਥੋਂ ਦੀ ਧਰਤ... (ਧਰਤ ਵੱਲ ਇਸ਼ਾਰਾ ਕਰਦਿਆਂ) ਇਸ ਵਿਚ ਤਾਕਤ ਹੈ... ਪਰ ਸਿਰਫ਼ ਉਦੋਂ ਜਦ ਇਨ੍ਹਾਂ ਦੋਹਾਂ (ਧਰਤ ਤੇ ਬੀਜ) ਵਿਚ ਤੀਸਰੀ ਤਾਕਤ ਆ ਜਾਏ... ਤੇ ਉਹ ਤਾਕਤ ਹੈ ਕਿਰਤ।... ਤੇ ਕਿਰਤੀ ਏਥੇ ਏਨੇ ਕਿ ਏਥੇ ਇਹ ਸਸਤਾ ਹੈ ਕਿ ਇਕ ਮਜ਼ਦੂਰ ਤੋਂ ਪੂਰੀ ਸਖ਼ਤੀ ਨਾਲ ਕੰਮ ਕਰਾਉ ਤੇ ਉਹਨੂੰ ਭੁੱਖਾ ਮਰ ਜਾਣ ਦਿਓ... ਤੇ ਉਹਦੀ ਥਾਂ 'ਤੇ ਨਵਾਂ ਖਰੀਦ ਲਵੋ।... ਇਹ ਲੋਕ ਗ਼ੁਲਾਮ ਨੇ। ਇਹ ਏਥੇ ਆਪਣੀ ਇੱਛਾ ਨਾਲ ਨਹੀਂ ਆਏ। ਕੁਝ ਲੋਕਾਂ, ਜਿਨ੍ਹਾਂ ਅਫ਼ਰੀਕਨ ਲੋਕਾਂ ਨੂੰ ਅਗਵਾ ਤੇ ਕੈਦ ਕਰਕੇ ਜਹਾਜ਼ਾਂ ਵਿਚ ਲੱਦ ਕੇ ਲਿਆਉਣ ਤੇ ਵੇਚਣ ਨੂੰ ਆਪਣਾ ਕਿੱਤਾ ਬਣਾ ਲਿਆ ਸੀ, ਨੇ ਇਨ੍ਹਾਂ ਦੇ ਵਡੇਰਿਆਂ ਨੂੰ ਅਫ਼ਰੀਕਾ 'ਚੋਂ ਜ਼ਬਰਦਸਤੀ ਲਿਆਂਦਾ। ਇਨ੍ਹਾਂ ਵਿਚੋਂ ਬਹੁਤੇ ਇਕ ਦੂਜੇ ਨਾਲ ਬੋਲ ਨਹੀਂ ਸਕਦੇ। ਇਹ ਵੱਖ ਵੱਖ ਦੇਸ਼ਾਂ ਤੇ ਧਰਤਾਂ ਤੋਂ ਆਏ ਨੇ। ਗ਼ੁਲਾਮ ਦਾ ਵਪਾਰ ਕਰਨ ਵਾਲੇ ਇਸ ਬਾਰੇ ਬੜਾ ਧਿਆਨ ਰੱਖਦੇ ਸਨ। ਜਦ ਕੈਦੀ ਆਪਸ ਵਿਚ ਬੋਲ ਵੀ ਨਾ ਸਕਦੇ ਹੋਣ ਤਾਂ ਵਿਦਰੋਹ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ... ਤੇ ਕੈਦੀ ਬਣਾਇਆਂ ਵਿਚੋਂ ਸਫ਼ਰ ਦੌਰਾਨ ਸਾਰੇ ਬਚੇ ਵੀ ਨਹੀਂ। ਕਈ ਸਾਹ ਘੁੱਟਣ ਨਾਲ ਮਾਰੇ ਗਏ, ਕਈ ਬਿਮਾਰੀਆਂ ਨਾਲ ਅਤੇ ਕਈਆਂ ਨੇ ਖ਼ੁਦਕੁਸ਼ੀ ਕਰ ਲਈ। ਜਿਨ੍ਹਾਂ ਨੇ ਵਿਰੋਧ ਕੀਤਾ, ਉਨਾਂ ਨੂੰ ਕਤਲ ਕਰ ਦਿੱਤਾ ਗਿਆ ... ਇਹ ਵਪਾਰ ਤਿੰਨ ਸੌ ਸਾਲ ਚੱਲਦਾ ਰਿਹਾ ... ਹੁਣ ਇੱਥੇ ਜ਼ਿਮੀਂਦਾਰ ਬੜੇ ਮਾਣ ਨਾਲ ਦੱਸਦੇ ਨੇ ਗ਼ੁਲਾਮ ਨੂੰ ਸਾਲ ਭਰ ਜਿਊਂਦਾ ਰੱਖਣ ਲਈ ਸਾਢੇ ਸੱਤ ਡਾਲਰ ਖਰਚ ਹੁੰਦੇ... ਭੁੱਲੋ ਨਾ... ਇਹ ਉੱਨੀਵੀਂ ਸਦੀ ਹੈ ... ਤੇ ਏਥੇ ਕੁਝ ਲੋਕ ਇਹ ਐਲਾਨ ਕਰ ਰਹੇ ਨੇ ਏਥੋਂ ਦਾ ਸਮਾਜ ਮਨੁੱਖੀ ਸੱਭਿਅਤਾ ਦੇ ਵਿਕਾਸ ਦੀ ਸਿਖ਼ਰ ਹੈ।''
       ਮਾਰਟਿਨ ਡੂਬਰਮਾਨ (Martin Duberman) ਯਹੂਦੀ ਮੂਲ ਦਾ ਇਤਿਹਾਸਕਾਰ ਹੈ ਜਿਸ ਨੇ ਨਾਟਕ ਵੀ ਲਿਖੇ ਹਨ। ਉਸ ਦੇ ਨਾਟਕ 'ਗੋਰਿਆਂ ਦੇ ਅਮਰੀਕਾ ਵਿਚ (In White America)' ਵਿਚ ਗ਼ੁਲਾਮਾਂ ਨੂੰ ਲਿਆ ਰਹੇ ਜਹਾਜ਼ ਦਾ ਡਾਕਟਰ ਕਹਿੰਦਾ ਹੈ, ''ਦੋ ਦੋ ਕਾਲਿਆਂ ਨੂੰ 'ਕੱਠੇ ਕਰਕੇ ਹੱਥਕੜੀ ਲਗਾਈ ਜਾਂਦੀ ਹੈ ਅਤੇ ਫਿਰ ਪੈਰਾਂ 'ਚ ਬੇੜੀਆਂ ਪਾਈਆਂ ਜਾਂਦੀਆਂ ਨੇ। ਇਨ੍ਹਾਂ ਨੂੰ ਡੈੱਕ ਦੇ ਥੱਲੇ ਘੁਰਨਿਆਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ... ਉੱਥੇ ਸਿਰਫ਼ ਏਨੀ ਜਗ੍ਹਾ ਹੁੰਦੀ ਏ ਕਿ ਬੰਦਾ ਸਿਰਫ਼ ਪਾਸਾ ਵੱਟ ਕੇ ਸੌਂ ਸਕੇ ਤੇ ਮਸੀਂ ਖੜ੍ਹਾ ਹੋ ਸਕੇ। ਤੇ ਇਨ੍ਹਾਂ ਨੂੰ ਖਾਣ ਲਈ ਘੋੜਿਆਂ ਦੇ ਖਾਣ ਵਾਲੇ ਛੋਲੇ ਉਬਾਲ ਕੇ ਦਿੱਤੇ ਜਾਂਦੇ ਨੇ... ਤੇ ਜੇ ਕੋਈ ਨੀਗਰੋ ਖਾਣ ਤੋਂ ਇਨਕਾਰ ਕਰੇ ਤਾਂ ਉਹਦੇ ਬੁੱਲ੍ਹਾਂ 'ਤੇ ਭਖਦੇ ਕੋਲੇ ਏਨੇ ਨੇੜੇ ਲਿਆਂਦੇ ਜਾਂਦੇ ਨੇ ਕਿ ਉਨ੍ਹਾਂ ਦੇ ਹੋਂਠ ਲੂਸ ਤੇ ਸੜ ਜਾਣ। ਇਕ ਕਪਤਾਨ ਨੇ ਤਾਂ ਖਾਣਾ ਖਾਣ ਤੋਂ ਇਨਕਾਰ ਕਰਨ ਵਾਲਿਆਂ 'ਤੇ ਪਿਘਲਿਆ ਹੋਇਆ ਸਿੱਕਾ ਵੀ ਡੁਲਵਾ ਦਿੱਤਾ... ਜਹਾਜ਼ੀ ਕਾਲੀਆਂ ਔਰਤਾਂ ਨਾਲ ਸਰੀਰਿਕ ਮਿਲਾਪ ਵੀ ਕਰਦੇ ਨੇ।... ਇਨ੍ਹਾਂ ਕਾਲਿਆਂ ਦੀ ਮੁਸੀਬਤ ਕੋਈ ਕਿਵੇਂ ਦੱਸੇ? ਸਭ ਤੋਂ ਵੱਡੀ ਸਮੱਸਿਆ ਹੈ ਜਿੱਥੇ ਇਨ੍ਹਾਂ ਨੂੰ ਰੱਖਿਆ ਜਾਂਦਾ ਹੈ, ਓਥੇ ਹਵਾ ਬਹੁਤੀ ਨਹੀਂ ਜਾਂਦੀ। ਤੂਫ਼ਾਨ ਆ ਜਾਏ ਤਾਂ ਹਰ ਦਰ ਬੰਦ ਕਰ ਦਿੱਤਾ ਜਾਂਦਾ ਏ। ਉਨ੍ਹਾਂ ਘੁਰਨਿਆਂ ਵਿਚ ਅਸਹਿ ਗਰਮੀ ਹੋ ਜਾਂਦੀ ਏ। ਇਸ ਜ਼ਹਿਰੀਲੀ ਹਵਾ ਵਿਚ ਲੋਕਾਂ ਨੂੰ ਬੁਖ਼ਾਰ ਹੁੰਦਾ ਤੇ ਤਰੇਲੀਆਂ ਆਉਂਦੀਆਂ ਨੇ। ਕਮਰਿਆਂ ਦੇ ਫਰਸ਼ ਲਹੂ ਤੇ ਪੀਕ ਨਾਲ ਏਦਾਂ ਭਰ ਜਾਂਦੇ ਜਿਵੇਂ ਉਹ ਬੁੱਚੜਖਾਨੇ ਹੋਣ ... ਪਿਛਲੇ ਹਫ਼ਤੇ ਮੈਂ ਅਜਿਹੇ ਕਮਰੇ ਵਿਚ 15 ਮਿੰਟ ਰਿਹਾ ਤਾਂ ਲਗਭਗ ਬੇਹੋਸ਼ ਹੋ ਗਿਆ, ਕੋਈ ਆਸਰਾ ਦੇ ਕੇ ਮੈਨੂੰ ਡੈੱਕ 'ਤੇ ਲਿਆਇਆ। ... ਇਕ ਕਾਲੇ ਨੇ ਸਮੁੰਦਰ 'ਚ ਛਾਲ ਮਾਰ ਦਿੱਤੀ ਤੇ ਉਸ ਨੂੰ ਝੱਟ ਸ਼ਾਰਕ ਮੱਛੀਆਂ ਨੇ ਨਿਗਲ ਲਿਆ ...।'' ਸੁਮੰਦਰੀ ਜਹਾਜ਼ਾਂ ਵਿਚ 400 ਤੋਂ ਵੱਧ ਹੋਈਆਂ ਬਗ਼ਾਵਤਾਂ ਦਾ ਇਤਿਹਾਸ ਵੱਖਰਾ ਹੈ।
       ਨਾਟਕ ਵਿਚ ਇਕ ਸਿਆਹਫ਼ਾਮ ਔਰਤ ਦੱਸਦੀ ਹੈ, ''ਇਕ ਵਾਰ ਆਟੀਂ ਚੈਵਨਵੀ ਬੱਚੇ ਨੂੰ ਦੁੱਧ ਪਿਆ ਰਹੀ ਸੀ ਤੇ ਉਹ ਫਾਰਮ ਤੋਂ ਨੱਠ ਗਈ। ਬੁੱਢੇ (ਗੋਰੇ) ਸੋਲੇਮਨ ਨੇ ਉਹਦੇ ਪਿੱਛੇ ਸ਼ਿਕਾਰੀ ਕੁੱਤੇ ਛੱਡ ਦਿੱਤੇ। ਉਹ ਦਰੱਖ਼ਤ 'ਤੇ ਚੜ੍ਹਨ ਲੱਗੀ ਤਾਂ ਕੁੱਤਿਆਂ ਨੇ ਉਹਨੂੰ ਲਾਹ ਲਿਆ। ਕੁੱਤਿਆਂ ਨੂੰ ਸਿਸ਼ਕਾਰਿਆ ਗਿਆ। ਕੁੱਤਿਆਂ ਨੇ ਉਸ ਨੂੰ ਪਾੜ ਖਾਧਾ, ਉਹਦੀਆਂ ਛਾਤੀਆਂ ਨੋਚ ਲਈਆਂ। ਉਹ ਬਚ ਗਈ। ਬੁੱਢੀ ਹੋਈ। ਛਾਤੀਆਂ ਮੁੜ ਕਦੇ ਨਾ ਉੱਗੀਆਂ।''
       ਇਕ ਹੋਰ ਸਿਆਹਫ਼ਾਮ ਔਰਤ ਦੱਸਦੀ ਹੈ, ''ਮੈਂ ਭੁੱਖੀ ਸਾਂ ਤੇ ਮੈਂ ਇਕ ਬਿਸਕੁਟ ਖਾ ਲਿਆ ਤੇ ਮੈਡਮ ਆ ਗਈ ਤੇ ਉਸ ਨੇ ਮੈਨੂੰ ਝਾੜੂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ... ਤੇ ਫਿਰ ਉਹਦਾ ਡਰਾਈਵਰ ਵੀ ਆ ਗਿਆ ... ਤੇ ਉਨ੍ਹਾਂ ਮੈਨੂੰ ਕੁੱਟ ਕੁੱਟ ਕੇ ਅਧਮੋਇਆ ਕਰ ਦਿੱਤਾ ... ਮੇਰੇ ਛਿੱਲੇ ਪਿੰਡੇ 'ਤੇ ਲੂਣ ਛਿੜਕਿਆ।''
       ਦੁੱਖਾਂ ਦੇ ਅਜਿਹੇ ਹਜ਼ਾਰਾਂ ਬਿਆਨ ਫ਼ਿਲਮਾਂ, ਨਾਵਲਾਂ, ਨਾਟਕਾਂ, ਕਹਾਣੀਆਂ ਤੇ ਕਵਿਤਾਵਾਂ ਵਿਚ ਮਿਲਦੇ ਹਨ। ਸਿਆਹਫ਼ਾਮ ਲੋਕਾਂ ਨੂੰ ਫਾਰਮ ਹਾਊਸਾਂ ਤੋਂ ਭੱਜਣ 'ਤੇ ਫਾਹੇ ਲਾਇਆ ਤੇ ਪੱਥਰ ਮਾਰ ਮਾਰ ਕੇ ਮਾਰਿਆ ਗਿਆ, ਉਨ੍ਹਾਂ ਦੀਆਂ ਔਰਤਾਂ ਨਾਲ ਜਬਰ-ਜਨਾਹ ਕੀਤਾ ਗਿਆ, ਏਹੀ ਨਹੀਂ ਜਦ ਉਨ੍ਹਾਂ ਘਰ ਵਸਾ ਲਏ ਤਾਂ ਪਰਿਵਾਰਾਂ ਨੂੰ ਵਿਛੋੜਿਆ ਗਿਆ, ਇਕ ਜੀਅ ਨੂੰ ਇਕ ਸੂਬੇ ਵਿਚ ਵੇਚ ਦਿੱਤਾ ਗਿਆ ਤੇ ਦੂਸਰੇ ਨੂੰ ਕਿਸੇ ਹੋਰ ਵਿਚ, ਕਈ ਵਾਰ ਪਤੀ-ਪਤਨੀ ਨੂੰ ਵਿਛੋੜ ਕੇ ਦੋ ਥਾਵਾਂ 'ਤੇ ਵੇਚ ਦਿੱਤਾ ਗਿਆ, ਬੱਚਿਆਂ ਨੂੰ ਇਹ ਚੇਤਾ ਵੀ ਨਾ ਰਿਹਾ ਕਿ ਉਹ ਕਿਹੜੇ ਥਾਂ 'ਤੇ ਜੰਮੇ ਸਨ, ਉਨ੍ਹਾਂ ਦੇ ਮਾਂ ਪਿਉ ਕੌਣ ਸਨ। ਉਨ੍ਹਾਂ ਕੋਲੋਂ ਸਦੀਆਂ ਤਕ ਬੇਗ਼ਾਰ ਕਰਾਈ ਗਈ, ਉਨ੍ਹਾਂ ਦੀ ਰੋਜ਼ਾਨਾ ਕੁੱਟਮਾਰ ਹੁੰਦੀ, ਪਿੰਡਿਆਂ 'ਤੇ ਕੋੜੇ ਪੈਂਦੇ ਤੇ ਹੋਰ ਜ਼ੁਲਮ ਕੀਤੇ ਜਾਂਦੇ। ਪੰਜਾਬੀਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਕਥਨ ''ਇਕਨਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸਿਆਰ॥'' (ਭਾਵ ਕਈਆਂ ਦੀਆਂ ਗਰਦਨਾਂ ਦੁਆਲੇ ਸੰਗਲ ਹਨ ਅਤੇ ਕਈ ਘੋੜਿਆਂ 'ਤੇ ਸਵਾਰੀ ਕਰਦੇ ਹਨ) ਯਾਦ ਕਰਨਾ ਚਾਹੀਦਾ ਹੈ।
       ਨਾਟਕ 'ਇਨ ਵਾਈਟ ਅਮਰੀਕਾ' ਵਿਚ ਇਕ ਕਿਰਦਾਰ ਕਹਿੰਦਾ ਹੈ, ''ਤੇ ਫਿਰ ਪਾਦਰੀ ਆ ਗਿਆ। ਉਸ ਨੇ ਕਿਹਾ ਮਾਲਕਾਂ ਦੀ ਸੇਵਾ ਕਰੋ। ਚੋਰੀ ਨਾ ਕਰੋ। ਓਹੀ ਕਰੋ ਜੋ ਮਾਲਿਕ ਕਹਿੰਦੇ ਨੇ।'' ਭਾਵੇਂ ਵੱਡੀ ਗਿਣਤੀ ਵਿਚ ਸਿਆਹਫ਼ਾਮ ਲੋਕ ਇਸਾਈ ਬਣੇ/ਬਣਾਏ ਗਏ ਪਰ ਇਸ ਸੰਵਾਦ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਦਾ ਇਸਾਈ ਧਰਮ ਨਾਲ ਮੋਹ ਭੰਗ ਕਿਵੇਂ ਹੋਇਆ, ਇਸਾਈ ਧਰਮ ਦੀ ਪਛਾਣ ਗੋਰਿਆਂ ਦੇ ਜ਼ੁਲਮ ਨਾਲ ਜੋੜ ਕੇ ਕੀਤੀ ਗਈ।
     ਪੰਜਾਬੀਆਂ ਨੂੰ ਸਿਆਹਫ਼ਾਮ ਲੋਕਾਂ ਦੇ ਦੁੱਖਾਂ ਨੂੰ ਦੂਰੀ ਦੀ ਦੂਰਬੀਨ ਰਾਹੀਂ ਨਹੀਂ ਵੇਖਣਾ ਚਾਹੀਦਾ, ਪੰਜਾਬੀਆਂ ਨੇ ਸਦੀਆਂ ਅਜਿਹੇ ਦੁੱਖ ਭੋਗੇ ਹਨ। ਸਿੱਖ ਗੁਰੂਆਂ, ਬੰਦਾ ਬਹਾਦਰ, ਦੁੱਲਾ ਭੱਟੀ ਅਤੇ ਹੋਰਨਾਂ ਦੀਆਂ ਸ਼ਹੀਦੀਆਂ ਤੇ ਚਰਖੜੀਆਂ ਚੜ੍ਹਨ ਅਤੇ ਬੰਦ ਬੰਦ ਕਟਾਏ ਜਾਣ ਦੇ ਸਾਕੇ ਉਦੋਂ ਵੀ ਵਾਪਰਦੇ ਹਨ ਜਦ ਰਿਆਸਤ/ਸਟੇਟ ਅਤੇ ਸਮਾਜ ਦਾ ਇਕ ਹਿੱਸਾ ਮਜ਼ਲੂਮ ਲੋਕਾਂ 'ਤੇ ਜ਼ੁਲਮ ਕਰਨ ਲਈ ਨਾਪਾਕ ਗੱਠਜੋੜ ਬਣਾ ਲੈਂਦੇ ਹਨ।
      ਅਮਰੀਕਾ ਵਿਚ ਬਹੁਤ ਸਾਰੇ ਚਿੰਤਕ ਅਤੇ ਸਿਆਸਤਦਾਨ ਗ਼ੁਲਾਮੀ ਦੀ ਪ੍ਰਥਾ ਬਾਰੇ ਚਿੰਤਤ ਸਨ ਅਤੇ ਅਮਰੀਕੀ ਸਮਾਜ ਦਾ ਇਸ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਗ਼ੁਲਾਮੀ ਖ਼ਤਮ ਕਰਨ ਵਾਲੇ (abolitionists) ਕਿਹਾ ਜਾਂਦਾ ਸੀ। ਸਿਆਹਫ਼ਾਮ ਲੋਕਾਂ ਵਿਚ ਵਧਦੇ ਰੋਸ ਅਤੇ ਗੋਰੇ ਲੋਕਾਂ ਵਿਚ ਉਨ੍ਹਾਂ ਦੇ ਹਾਮੀਆਂ ਦੇ ਯਤਨਾਂ ਨਾਲ ਕਈ ਥਾਵਾਂ 'ਤੇ ਵਿਦਰੋਹ ਹੋਏ ਅਤੇ ਕਈ ਰਾਜਾਂ ਵਿਚ ਗ਼ੁਲਾਮੀ ਦਾ ਖ਼ਾਤਮਾ ਹੋਇਆ ਪਰ ਕੁਝ ਦੱਖਣੀ ਪ੍ਰਾਂਤ ਇਸ ਦੇ ਵਿਰੁੱਧ ਸਨ। ਖ਼ਾਨਾਜੰਗੀ ਵਿਚ ਆਖਰਕਾਰ ਅਬਰਾਹਮ ਲਿੰਕਨ ਦੀ ਅਗਵਾਈ ਵਿਚ ਗ਼ੁਲਾਮੀ ਖ਼ਤਮ ਕਰਨ ਵਾਲੇ ਪ੍ਰਾਂਤਾਂ ਦੀ ਜਿੱਤ ਹੋਈ ਅਤੇ 1864-65 ਵਿਚ ਦੇਸ਼ ਦੀ ਸੰਸਦ ਵੱਲੋਂ ਗ਼ੁਲਾਮੀ ਖ਼ਤਮ ਕਰਨ ਲਈ ਕਾਨੂੰਨ (ਅਮਰੀਕਨ ਸੰਵਿਧਾਨ ਦੀ 13ਵੀਂ ਸੋਧ) ਬਣਾਇਆ ਗਿਆ। ਵਿਤਕਰੇ ਫਿਰ ਵੀ ਜਾਰੀ ਰਹੇ। ਸਕੂਲਾਂ, ਕਾਲਜਾਂ, ਹੋਟਲਾਂ, ਵਾਸ਼ਰੂਮਾਂ ਅਤੇ ਹੋਰ ਜਨਤਕ ਥਾਵਾਂ 'ਤੇ ਸਿਆਹਫ਼ਾਮ ਲੋਕਾਂ ਨਾਲ ਵੱਡੇ ਵਿਤਕਰੇ ਅਤੇ ਅਨਿਆਂ ਹੁੰਦਾ ਰਿਹਾ। 1950ਵਿਆਂ ਵਿਚ ਉਨ੍ਹਾਂ ਨੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਅਗਵਾਈ ਵਿਚ ਵੱਡੇ ਜਨਤਕ ਘੋਲ ਲੜੇ। ਮਾਰਟਿਨ ਲੂਥਰ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਤੇ ਅਹਿੰਸਾਤਮਕ ਸੰਘਰਸ਼ ਕਰਨ ਦੇ ਤਰੀਕਿਆਂ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸ ਨੇ ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਚਲਾ ਕੇ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ। 1968 ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਸਿਆਹਫ਼ਾਮ ਲੋਕਾਂ ਨੂੰ ਬਰਾਬਰੀ ਦੇ ਹੱਕ ਹਾਸਲ ਹੋਏ ਪਰ ਸਮਾਜਿਕ ਵਿਤਕਰੇ ਜਾਰੀ ਰਹੇ।
      ਦੁਨੀਆਂ ਵਿਚ ਗ਼ੁਲਾਮੀ ਦਾ ਇਤਿਹਾਸ ਸੱਭਿਆਤਾਵਾਂ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। ਸਾਰੀਆਂ ਪੁਰਾਣੀਆਂ ਸੱਭਿਆਤਾਵਾਂ ਵਿਚ ਲੋਕਾਂ ਦੇ ਕੁਝ ਹਿੱਸਿਆਂ ਨਾਲ ਵਿਤਕਰਾ ਕਰਕੇ ਉਨ੍ਹਾਂ ਦੀ ਗ਼ੁਲਾਮੀ ਨੂੰ ਵਾਜਬ ਠਹਿਰਾਇਆ ਜਾਂਦਾ ਸੀ। ਏਸ਼ੀਆ, ਯੂਰੋਪ ਤੇ ਅਫ਼ਰੀਕਾ ਦੇ ਪੁਰਾਤਨ ਸਮਾਜਾਂ ਵਿਚ ਗ਼ੁਲਾਮੀ ਦੀ ਸੰਸਥਾ ਕਿਸੇ ਨਾ ਕਿਸੇ ਤਰੀਕੇ ਨਾਲ ਮੌਜੂਦ ਸੀ। ਯੂਰੋਪ ਵਿਚ ਰੋਮਨ ਬਾਦਸ਼ਾਹਤ ਦੁਆਰਾ ਵੱਡੀ ਤਾਦਾਦ ਵਿਚ ਲੋਕਾਂ ਨੂੰ ਗ਼ੁਲਾਮ ਬਣਾਏ ਜਾਣ ਅਤੇ ਗ਼ੁਲਾਮਾਂ ਦੁਆਰਾ ਉਨ੍ਹਾਂ ਵਿਰੁੱਧ ਕੀਤੀਆਂ ਗਈਆਂ ਬਗ਼ਾਵਤਾਂ (ਉਦਾਹਰਨ ਦੇ ਤੌਰ 'ਤੇ ਸਪਾਰਤੇਕਸ ਅਤੇ ਹੋਰ) ਦੀਆਂ ਵੱਡੀਆਂ ਇਤਿਹਾਸਕ ਗਵਾਹੀਆਂ ਮਿਲਦੀਆਂ ਹਨ, ਮਨੁੱਖ ਦਾ ਮਨੁੱਖ 'ਤੇ ਜਬਰ ਅਤੇ ਅਮਨੁੱਖਤਾ ਦੇ ਕਿੱਸੇ ਦਿਲ ਹਿਲਾ ਦੇਣ ਵਾਲੇ ਹਨ।
       ਹਰ ਥਾਂ 'ਤੇ ਗ਼ੁਲਾਮੀ ਦੀ ਸੰਸਥਾ ਦੇ ਰੂਪ ਵੱਖਰੇ ਵੱਖਰੇ ਸਨ ਪਰ ਮੂਲ ਅਸੂਲ ਇਹੀ ਸੀ ਕਿ ਇਕ ਮਨੁੱਖ ਦੂਸਰੇ ਮਨੁੱਖ ਤੇ ਉਸ ਦੀ ਸੰਤਾਨ ਦਾ ਮਾਲਕ ਹੋ ਸਕਦਾ ਹੈ। ਇਤਿਹਾਸਕਾਰ ਦੇਵ ਰਾਜ ਚਾਨਣਾ ਨੇ ਆਪਣੀ ਕਿਤਾਬ 'ਪੁਰਾਤਨ ਭਾਰਤ ਵਿਚ ਗ਼ੁਲਾਮੀ (Slavery in Ancient India)' ਵਿਚ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਪੁਰਾਣੇ ਸਮਿਆਂ ਦੀ ਗ਼ੁਲਾਮੀ ਦੀ ਸੰਸਥਾ ਦੇ ਇਤਿਹਾਸ ਨੂੰ ਚਿਤਰਿਆ ਹੈ। ਸੰਸਕ੍ਰਿਤ ਤੇ ਪਾਲੀ ਦੇ ਸਾਹਿਤ ਵਿਚ ਗ਼ੁਲਾਮਾਂ ਦੇ ਹਾਲਾਤ ਦੇ ਵਿਵਰਣ ਮਿਲਦੇ ਹਨ। ਵਿਲੀਅਮ ਜੋਨਜ਼ ਨੇ ਕਲਕੱਤੇ ਦੇ ਬਜ਼ਾਰਾਂ ਵਿਚ ਬੱਚਿਆਂ ਨੂੰ ਗ਼ੁਲਾਮਾਂ ਵਜੋਂ ਵੇਚੇ ਜਾਣ ਬਾਰੇ ਦੱਸਿਆ ਹੈ। ਭਾਰਤ ਵਿਚ 1843 ਵਿਚ ਗ਼ੁਲਾਮੀ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਵਾਲਾ 'Indian Slavery Act' ਬਣਾਇਆ ਗਿਆ।
' ' '
 ૴ ਅਮਰੀਕਾ ਵਿਚ ਹੋ ਰਹੇ ਮੁਜ਼ਾਹਰਿਆਂ ਦੇ ਸੰਦਰਭ ਵਿਚ ਇਹ ਕਹਿਣਾ ਜ਼ਰੂਰੀ ਹੈ ਕਿ 15ਵੀਂ-16ਵੀਂ ਸਦੀ ਤੋਂ ਲੋਕਾਂ ਨੂੰ ਗ਼ੁਲਾਮ ਬਣਾਉਣ ਦਾ ਇਹ ਦੌਰ ਸਰਮਾਏਦਾਰੀ ਦਾ ਮੁੱਢ ਬੱਝਣ ਅਤੇ ਇਸ ਦੇ ਵਿਕਸਿਤ ਹੋਣ ਨਾਲ ਜੁੜਿਆ ਹੋਇਆ ਹੈ। 1846 ਵਿਚ ਕਾਰਲ ਮਾਰਕਸ ਨੇ 'ਫ਼ਲਸਫ਼ੇ ਦੀ ਗ਼ਰੀਬੀ (The Poverty of Philosophy)' ਵਿਚ ਲਿਖਿਆ ਸੀ, ''ਅੱਜ ਦੀ ਸਨਅਤਕਾਰੀ ਸਿੱਧੀ ਗ਼ੁਲਾਮੀ ਦੀ ਧੁਰੀ 'ਤੇ ਓਦਾਂ ਹੀ ਘੁੰਮਦੀ ਹੈ ਜਿਵੇਂ ਮਸ਼ੀਨਾਂ ਅਤੇ ਵਿਆਜ 'ਤੇ ਪੈਸਾ ਲੈਣ ਦੀਆਂ ਧੁਰੀਆਂ 'ਤੇ। ਗ਼ੁਲਾਮੀ ਬਿਨਾ ਕਪਾਹ ਪੈਦਾ ਨਹੀਂ ਹੋਵੇਗੀ ਅਤੇ ਕਪਾਹ ਬਿਨਾ ਕੋਈ ਆਧੁਨਿਕ ਸਨਅਤ ਨਹੀਂ ਹੋ ਸਕਦੀ।'' ਮਾਰਕਸ ਨੇ ਮੰਡੀਆਂ ਦੇ ਉਸ ਸਮੇਂ ਦੇ ਵਿਸ਼ਵੀਕਰਨ ਨੂੰ ਗ਼ੁਲਾਮੀ ਦੀ ਸੰਸਥਾ ਨਾਲ ਜੋੜ ਕੇ ਵੇਖਿਆ। ਸਿਆਹਫ਼ਾਮ ਚਿੰਤਕਾਂ ਡਬਲਿਊ ਈਬੀ ਡੂਊ ਬੋਇਸ (W.E.B. Du Bois) ਅਤੇ ਹੋਰਨਾਂ ਦਾ ਵਿਚਾਰ ਹੈ ਕਿ ਸਰਮਾਏਦਾਰੀ ਦਾ ਮੁੱਢ ਬੰਨ੍ਹਣ ਵਿਚ ਗ਼ੁਲਾਮੀ ਦੀ ਸੰਸਥਾ ਦੀ ਭੂਮਿਕਾ (ਜਿਵੇਂ ਮਾਰਕਸ ਨੇ ਚਿਤਵੀ) ਕਿਤੇ ਵੱਡੀ ਹੈ।
 ' ' '
ਸਮਾਜ ਸ਼ਾਸਤਰੀ ਅਕਸਰ ਇਹ ਸਵਾਲ ਉਠਾਉਂਦੇ ਹਨ ਕਿ ਹਿੰਦੋਸਤਾਨੀ ਬਰੇ-ਸਗੀਰ ਵਿਚ ਗ਼ੁਲਾਮੀ ਦੀ ਸੰਸਥਾ ਰੋਮਨ ਬਾਦਸ਼ਾਹਤ, ਯੂਰੋਪ, ਚੀਨ, ਅਰਬ, ਅਫ਼ਰੀਕਾ ਅਤੇ ਬਾਅਦ ਵਿਚ ਸਰਮਾਏਦਾਰੀ ਦੇ ਯੁੱਗ ਵਿਚ ਅਮਰੀਕਾ ਅਤੇ ਯੂਰੋਪ ਵਿਚ ਅਤੇ ਹੋਰਨਾਂ ਥਾਵਾਂ 'ਤੇ ਵਿਗਸੀ ਗ਼ੁਲਾਮੀ ਦੀ ਸੰਸਥਾ ਨਾਲ ਮੇਲ ਨਹੀਂ ਖਾਂਦੀ, ਏਥੇ ਗ਼ੁਲਾਮੀ ਦਾ ਸਮਾਜਿਕ ਤੇ ਸੱਭਿਆਚਾਰਕ ਰੂਪ ਬਿਲਕੁਲ ਵੱਖਰਾ ਹੈ, ਏਥੇ ਏਹੋ ਜਿਹੀ ਸਮਾਜਿਕ ਬਣਤਰ ਉਸਰੀ ਜਿਸ ਵਿਚ ਲੋਕਾਂ ਦੇ ਇਕ ਵੱਡੇ ਹਿੱਸੇ ਨੂੰ ਕਥਿਤ ਤੌਰ 'ਤੇ ਨੀਵੇਂ ਵਰਣਾਂ ਤੇ ਜਾਤਾਂ ਵਾਲਾ ਗਰਦਾਨਦਿਆਂ ਸ਼ੂਦਰ ਕਿਹਾ ਗਿਆ ਅਤੇ ਸਦੀਆਂ ਦੀਆਂ ਸਦੀਆਂ ਉਨ੍ਹਾਂ 'ਤੇ ਅਤਿਅੰਤ ਜ਼ੁਲਮ ਢਾਹੇ ਗਏ, ਉਨ੍ਹਾਂ ਨੂੰ ਗਿਆਨ ਦੇ ਸੰਸਾਰ ਤੋਂ ਵਿਰਵੇ ਕਰ ਦਿੱਤਾ ਗਿਆ ਅਤੇ ਸਮਾਜ ਵਿਚ ਅਜਿਹੀ ਸੂਝ ਵਿਕਸਿਤ ਕੀਤੀ ਗਈ ਜਿਸ ਅਨੁਸਾਰ ਉਹ ਆਪਣੇ ਆਪ ਨੂੰ ਸਮਾਜਿਕ ਤੇ ਸੱਭਿਆਚਾਰਕ ਪੱਖ ਤੋਂ ਊਣੇ ਸਮਝਣ। ਪੁਰਾਤਨ ਗ੍ਰੰਥਾਂ ਵਿਚ ਸ਼ੂਦਰ ਕਹੇ ਜਾਣ ਵਾਲੇ ਲੋਕਾਂ 'ਤੇ ਢਾਹੇ ਗਏ ਜਬਰ ਦਾ ਵਿਵਰਣ ਪ੍ਰਤੱਖ ਹੈ। ਜਿੱਥੇ ਮੱਧਕਾਲੀਨ ਸਮਿਆਂ ਵਿਚ ਭਗਤੀ ਲਹਿਰ ਦੇ ਸੰਤਾਂ ਤੇ ਸਿੱਖ ਗੁਰੂਆਂ ਨੇ ਇਸ ਵਿਰੁੱਧ ਆਵਾਜ਼ ਉਠਾਈ, ਉੱਥੇ ਆਧੁਨਿਕ ਸਮਿਆਂ ਵਿਚ ਜਯੋਤਿਬਾ ਫੂਲੇ, ਬੀ.ਆਰ. ਅੰਬੇਦਕਰ ਅਤੇ ਹੋਰ ਆਗੂਆਂ ਨੇ ਜਾਤ-ਪਾਤ ਵਿਰੁੱਧ ਵੱਡੇ ਅੰਦੋਲਨ ਖੜ੍ਹੇ ਕੀਤੇ।
      ਭਾਵੇਂ ਇਹ ਸੰਘਰਸ਼ ਹੁਣ ਤਕ ਜਾਰੀ ਹਨ ਅਤੇ ਦਲਿਤਾਂ ਵਿਰੁੱਧ ਹੁੰਦੇ ਅੱਤਿਆਚਾਰਾਂ ਕਾਰਨ ਕਈ ਘਟਨਾਵਾਂ 'ਤੇ ਧਿਆਨ ਕੇਂਦਰਿਤ ਵੀ ਹੁੰਦਾ ਹੈ ਪਰ ਇਸ ਸਬੰਧ ਵਿਚ ਵੱਡੇ ਪਸਾਰਾਂ ਵਾਲੇ ਅੰਦੋਲਨ ਨਹੀਂ ਬਣ ਸਕੇ। ਉੱਘੇ ਸਿਆਸੀ ਚਿੰਤਕ ਸੁਹਾਸ ਪਲੀਸ਼ਕਰ ਨੇ ਆਪਣੇ ਤਾਜ਼ਾ ਲੇਖ ਵਿਚ ਇਹ ਸਵਾਲ ਪੁੱਛਿਆ ਹੈ ਕਿ ਸਾਡੇ ਦੇਸ਼ ਵਿਚ ਵੱਖ ਵੱਖ ਧਰਮਾਂ ਅਤੇ ਜਾਤਾਂ ਦੇ ਲੋਕਾਂ ਨਾਲ ਹੁੰਦੇ ਅਨਿਆਂ ਵਿਰੁੱਧ ਜੌਰਜ ਫਲਾਇਡ ਦੇ ਸਬੰਧ ਵਿਚ ਹੋ ਰਹੇ ਵਿਦਰੋਹ ਜਿਹਾ ਪਲ ਕਦ ਆਵੇਗਾ? ਕਦ ਸਾਡਾ ਸਾਰਾ ਸਮਾਜ ਕਿਸੇ ਇਕ ਪ੍ਰਸ਼ਨ ਉੱਤੇ ਸੜਕਾਂ 'ਤੇ ਉਤਰ ਕੇ ਸਰਕਾਰ, ਸਥਾਪਤੀ ਤੇ ਤਥਾਕਥਿਤ ਉੱਚੇ ਵਰਣਾਂ, ਜਾਤਾਂ ਤੇ ਜਮਾਤਾਂ ਤੋਂ ਇਹ ਸਵਾਲ ਪੁੱਛੇਗਾ ਕਿ ਇਹ ਜ਼ੁਲਮ ਕਿਉਂ ਹੋ ਰਿਹਾ ਹੈ, ਇਹ ਕਦ ਤਕ ਚੱਲੇਗਾ, ਇਸ ਦਾ ਅੰਤ ਹੋਣਾ ਚਾਹੀਦਾ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਸਵਾਲ ਤਾਲਾਬੰਦੀ ਦੌਰਾਨ ਪਰਵਾਸੀ ਮਜ਼ਦੂਰਾਂ ਨਾਲ ਹੋਏ ਵਰਤਾਉ ਬਾਰੇ ਨਹੀਂ ਪੁੱਛਿਆ। ਏਨਾ ਜ਼ੁਲਮ ਹੋਇਆ ਪਰ ਕੋਈ ਪਾਰਟੀ, ਜਥੇਬੰਦੀ ਜਾਂ ਸੰਸਥਾ ਉਸ ਜ਼ੁਲਮ ਵਿਰੁੱਧ ਲੋਕਾਂ ਨੂੰ ਲਾਮਬੰਦ ਨਾ ਕਰ ਸਕੀ। ਅਸੀਂ ਬਿਆਨ ਦੇ ਕੇ ਅਤੇ ਲੇਖ ਲਿਖ ਕੇ ਚੁੱਪ ਰਹਿ ਗਏ। ਸਾਡੇ ਸਾਹਮਣੇ ਵੱਡੇ ਸਵਾਲ ਹਨ ਅਤੇ ਜਵਾਬ ਕੋਈ ਨਹੀਂ, ਅਨਿਆਂ ਵਿਰੁੱਧ ਲੜਨਾ ਸਾਡੀ ਜੀਵਨ-ਜਾਚ ਦਾ ਹਿੱਸਾ ਨਹੀਂ ਬਣ ਸਕਿਆ। ਅਸੀਂ ਬਾਹਰੀ ਤੌਰ 'ਤੇ ਸਿਆਹਫ਼ਾਮ ਲੋਕਾਂ ਦੇ ਹੱਕ ਵਿਚ ਬਿਆਨਬਾਜ਼ੀ ਕਰ ਰਹੇ ਹਾਂ ਪਰ ਵੱਡਾ ਸਵਾਲ ਇਹ ਹੈ ਕਿ ਅਸੀਂ ਆਪਣੇ ਦੇਸ਼ ਵਿਚ ਅਜਿਹੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਿਉਂ ਨਹੀਂ ਕਰ ਸਕੇ। ਪੰਜਾਬੀਆਂ ਲਈ ਇਹ ਸਵਾਲ ਜ਼ਿਆਦਾ ਵੱਡਾ ਹੈ ਕਿ ਅਸੀਂ ਜਬਰ ਵਿਰੁੱਧ ਲੜਨ ਵਾਲੇ ਆਪਣੇ ਵਿਰਸੇ ਨੂੰ ਕਿਉਂ ਤਿਆਗ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ''ਜੇ ਜੀਵੈ ਪਤਿ ਲਥੀ ਜਾਇ॥'' ਇੱਜ਼ਤ ਤੇ ਪੱਤ ਦੇ ਅਰਥ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਵਿਚ ਪਏ ਹੁੰਦੇ ਹਨ। ਸਾਡਾ ਜੀਵਨ ਇਨ੍ਹਾਂ ਅਰਥਾਂ ਤੋਂ ਬੇਗ਼ਾਨਾ ਹੋਇਆ ਪਿਆ ਹੈ।