ਖੂਨਦਾਨ ਮਹਾਂਦਾਨ - ਪੂਜਾ ਸ਼ਰਮਾ
ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਬਣਾਇਆ ਨਹੀਂ ਜਾ ਸਕਦਾ। ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਹੈ। ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ। ਸਭ ਤੋਂ ਜਿਆਦਾ ਖੂਨ ਦੀ ਜ਼ਰੂਰਤ ਹੈ ਗਰਭ ਅਵਸਥਾ ਅਤੇ ਬੱਚੇ ਨੂੰ ਜਨਮ ਦੇਣ ਸਮੇਂ, ਬੱਚੇ ਜਿਨ੍ਹਾਂ ਨੂੰ ਮਲੇਰੀਆ ਅਤੇ ਕੁਪੋਸ਼ਣ ਕਾਰਨ ਅਨੀਮੀਆ ਹੋ ਜਾਵੇ, ਦੁਰਘਟਨਾਵਾਂ ਜਿਸ ਵਿੱਚ ਕਿਸੇ ਵਿਅਕਤੀ ਦਾ ਬਹੁਤ ਖ਼ੂਨ ਵਗ ਜਾਵੇ ਜਾਂ ਆਪ੍ਰੇਸ਼ਨ ਦੇ ਦੌਰਾਨ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ।
ਜੇਕਰ ਬਲੱਡ ਬੈਂਕ ਜਾਂ ਹਸਪਤਾਲ ਵਿਚ ਉਸ ਸਮੇਂ ਖੂਨ ਉਪਲਬਧ ਹੁੰਦਾ ਹੈ ਤਾਂ ਸਮੇਂ ਸਿਰ ਵਿਅਕਤੀ ਦੇ ਇਲਾਜ ਵਿੱਚ ਸਹਾਇਤਾ ਮਿਲਦੀ ਹੈ। ਇਸ ਲਈ ਵਿਸ਼ਵ ਭਰ ਵਿੱਚ ਹਸਪਤਾਲ ਅਤੇ ਬਲੱਡ ਬੈਂਕ ਪਹਿਲਾਂ ਹੀ ਹਰ ਗਰੁੱਪ ਦੇ ਖੂਨ ਨੂੰ ਉਪਲਬਧ ਕਰਵਾਉਣਾ ਸੁਨਿਸ਼ਚਿਤ ਕਰਦੇ ਹਨ ਤਾਂ ਜੋ ਮੁਸ਼ਕਿਲ ਸਮੇਂ ਹਰ ਲੋੜਵੰਦ ਦੀ ਮਦਦ ਕੀਤੀ ਜਾ ਸਕੇ।
ਕਰੀਬ 118.4 ਮਿਲੀਅਨ ਖੂਨ ਦਾਨ ਪੂਰੇ ਸੰਸਾਰ ਵਿੱਚ ਇਕੱਠੇ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ 40% ਵੱਧ ਆਮਦਨ ਵਾਲੇ ਦੇਸ਼ਾਂ ਤੋਂ ਇਕੱਠਾ ਕੀਤਾ ਜਾਂਦਾ ਹੈ। 169 ਦੇਸ਼ਾਂ ਵਿਚ ਕਰੀਬ 13300 ਖੂਨ ਸੈਂਟਰ 106 ਮਿਲੀਅਨ ਖੂਨ ਦਾਨ ਇਕੱਠਾ ਕਰਦੇ ਹਨ। ਘੱਟ ਆਮਦਨ ਵਾਲੇ ਦੇਸ਼ਾਂ ਵਿੱਚ 54% ਖੂਨ ਸੰਚਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਕੀਤਾ ਜਾਂਦਾ ਹੈ ਜਦ ਕਿ ਵੱਧ ਆਮਦਨ ਵਾਲੇ ਦੇਸ਼ਾਂ ਵਿੱਚ 60 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਵਿਚ ਖੂਨ ਚੜ੍ਹਾਉਣ ਦੇ ਮਾਮਲੇ ਨਜ਼ਰ ਆਉਂਦੇ ਹਨ। ਇਸ ਲਈ ਖੂਨ ਦੇ ਦਾਨ ਨੂੰ ਉਤਸ਼ਾਹਿਤ ਕਰਨ ਲਈ, ਖੂਨ ਦਾਤਾਵਾਂ ਨੂੰ ਧੰਨਵਾਦ ਦੇਣ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਸੁਰੱਖਿਅਤ ਖੂਨ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਖੂਨ ਦਾਨ ਦਿਵਸ ਦੀ ਸ਼ੁਰੂਆਤ ਸਾਲ 2004 ਵਿੱਚ ਕੀਤੀ ਗਈ। ਇਹ ਦਿਨ ਹਰ ਸਾਲ ਪੂਰੇ ਵਿਸ਼ਵ ਵਿੱਚ 14 ਜੂਨ ਨੂੰ ਮਨਾਇਆ ਜਾਂਦਾ ਹੈਂ। 14 ਜੂਨ ਨੂੰ ਇਹ ਦਿਵਸ ਮਨਾਉਣ ਦਾ ਮੁੱਖ ਕਾਰਨ ਨਾਵਲ ਪੁਰਸਕਾਰ ਵਿਜੇਤਾ ਕਾਰਲ ਲੈਂਡਸਟੇਨਰ, ਜਿਨ੍ਹਾਂ ਨੇ ABO ਬਲੱਡ ਗਰੁੱਪ ਦੀ ਖੋਜ ਕੀਤੀ, ਦੀ ਜੈਯੰਤੀ ਹੈ।
ਖੂਨ ਦਾਨ ਕਰਨ ਦੇ ਫਾਇਦੇ
1. ਖੂਨਦਾਨ ਕਰਨ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ ਕਿਉਂਕਿ ਇਸ ਨਾਲ ਖੂਨ ਪਤਲਾ ਹੋ ਜਾਂਦਾ ਹੈ।
2. ਖੂਨਦਾਨ ਕਰਨ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਹਰ ਸਾਲ ਘੱਟੋ-ਘੱਟ ਦੋ ਵਾਰ ਖੂਨਦਾਨ ਕਰਨਾ ਚਾਹੀਦਾ ਹੈ।
3. ਖੂਨਦਾਨ ਨਾਲ ਸਰੀਰ ਵਿਚ ਊਰਜਾ ਆਉਂਦੀ ਹੈ ਕਿਉਂਕਿ ਇਸ ਨਾਲ ਨਵੇਂ ਖੂਨ ਦੇ ਸੈੱਲ ਬਣਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਹੁੰਦਾ ਹੈ।
4. ਇਸ ਨਾਲ ਲੀਵਰ ਦੇ ਨਾਲ ਸਬੰਧਤ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ।
5. ਆਇਰਨ ਦੀ ਮਾਤਰਾ ਨੂੰ ਸੰਤੁਲਿਤ ਕਰਕੇ ਲਿਵਰ ਸਿਹਤਮੰਦ ਹੁੰਦਾ ਹੈ। ਇਸ ਦੇ ਨਾਲ ਕੈਂਸਰ ਦਾ ਖਤਰਾ ਵੀ ਟਲ ਜਾਂਦਾ ਹੈ।
ਖੂਨਦਾਨ ਕਰਨ ਸਮੇਂ ਹਦਾਇਤਾਂ ਅਤੇ ਸਾਵਧਾਨੀਆਂ
1. ਹਰ ਉਹ ਵਿਅਕਤੀ ਜਿਸ ਦੀ ਉਮਰ 18 ਅਤੇ 65 ਸਾਲ ਦੇ ਵਿਚਕਾਰ ਹੈ ਖੂਨ ਦਾਨ ਕਰ ਸਕਦਾ ਹੈ।
2. ਖੂਨਦਾਤਾ ਦਾ ਭਾਰ ਘੱਟ ਤੋਂ ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਕਈ ਦੇਸ਼ਾਂ ਵਿੱਚ ਜੇਕਰ ਭਾਰ 45 ਕਿਲੋਗ੍ਰਾਮ ਹੈ ਖੂਨਦਾਨ ਦੀ ਆਗਿਆ ਦਿੱਤੀ ਗਈ ਹੈ।
3. ਜੇਕਰ ਖੂਨਦਾਤਾ ਨੂੰ ਖੂਨਦਾਨ ਕਰਨ ਸਮੇਂ ਜੁਕਾਮ, ਬੁਖ਼ਾਰ, ਗਲ਼ੇ ਵਿੱਚ ਦਰਦ ਜਾਂ ਕੋਈ ਇਨਫ਼ੈਕਸ਼ਨ ਹੈ ਤਾਂ ਖੂਨ ਦਾਨ ਨਹੀਂ ਕੀਤਾ ਜਾ ਸਕਦਾ।
4. ਜੇਕਰ ਕਿਸੇ ਨੇ ਸਰੀਰ ਦੇ ਕਿਸੇ ਅੰਗ ਤੇ ਟੈਟੂ ਬਣਾਇਆ ਹੋਵੇ ਤਾਂ ਘੱਟੋ ਘੱਟ ਛੇ ਮਹੀਨੇ ਤੱਕ ਉਹ ਖੂਨ ਦਾਨ ਨਹੀਂ ਕਰ ਸਕਦਾ।
5. ਕਈ ਥਾਵਾਂ ਤੇ ਜੇਕਰ ਤੁਹਾਡਾ Hb 12.0 g/dl ਔਰਤਾਂ ਲਈ ਅਤੇ 13.0 g/dl ਮਰਦਾਂ ਲਈ ਹੈ ਸਿਰਫ ਤਾਂ ਹੀ ਤੁਸੀਂ ਖੂਨਦਾਨ ਕਰ ਸਕਦੇ ਹੋ।
6. HIV ਪਾੱਜਿਟਿਵ ਆਉਣ ਦੀ ਸੂਰਤ ਵਿੱਚ ਖੂਨਦਾਨ ਨਹੀਂ ਕੀਤਾ ਜਾ ਸਕਦਾ।
7. ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਖੂਨ ਦਾਨ ਦੀ ਇਜਾਜ਼ਤ ਨਹੀਂ ਹੈ।
8. ਖੂਨ ਦੇਣ ਤੋਂ 24 ਘੰਟੇ ਪਹਿਲਾਂ ਸ਼ਰਾਬ, ਸਿਗਰਟ ਜਾਂ ਤੰਬਾਕੂ ਦਾ ਸੇਵਨ ਨਹੀਂ ਹੋਣਾ ਚਾਹੀਦਾ।
9. ਖੂਨ ਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਖੂਨ ਦਾਨ ਕੀਤਾ ਜਾਣਾ ਚਾਹੀਦਾ ਹੈ।
10. ਖੂਨਦਾਨ ਤੋਂ ਪਹਿਲਾਂ ਸਰੀਰ ਵਿੱਚ ਖੂਨ ਦੀ ਮਾਤਰਾ ਕਾਫੀ ਹੋਣੀ ਚਾਹੀਦੀ ਹੈ। ਇਸ ਲਈ ਖੂਨ ਦਾਨ ਤੋਂ ਪਹਿਲਾਂ ਖਾਣ ਵਿੱਚ ਮਛਲੀ, ਪਾਲਕ, ਬੀਨਜ਼, ਕਿਸ਼ਮਿਸ਼ ਆਦਿ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ।
ਸਰਕਾਰ, ਰਾਸ਼ਟਰੀ ਸਿਹਤ ਅਧਿਕਾਰੀ ਅੰਤਰਰਾਸ਼ਟਰੀ ਖੂਨ ਸੇਵਾਵਾਂ ਨੂੰ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਸਵੈ ਇੱਛਕ, ਨਿਯਮਿਤ ਦਾਤਾਵਾਂ ਵੱਲੋਂ ਖ਼ੂਨਦਾਨ ਵਧਾਉਣ ਲਈ ਉਪਰਾਲੇ ਕੀਤੇ ਜਾਣ। ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਨਿਯਮਿਤ ਤੌਰ ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕਰੋ। ਹਰ ਇਨਸਾਨ ਨੂੰ ਆਪਣੇ ਬਲੱਡ ਗਰੁੱਪ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਪ੍ਰਮੁੱਖ ਹਸਤੀਆਂ, ਰਾਜਨੇਤਾਵਾਂ ਅਤੇ ਖਿਡਾਰੀਆਂ ਨੂੰ ਵੀਡੀਓ ਬਣਾ ਕੇ ਸਮਾਜ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸੁਰੱਖਿਅਤ ਖੂਨ ਜਿੰਦਗੀ ਨੂੰ ਬਚਾਉਂਦਾ ਹੈ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਖੂਨ ਦਾਤਾ ਦੀ ਭੂਮਿਕਾ ਦਾ ਮਹੱਤਵ ਸਮਝਣਾ ਜ਼ਰੂਰੀ ਹੈ। ਆਓ ਅਸੀਂ ਸਾਰੇ ਖੂਨ ਦਾਤਾ ਬਣੀਏ ਅਤੇ ਸੰਸਾਰ ਨੂੰ ਸਿਹਤਮੰਦ ਥਾਂ ਬਣਾਉਣ ਵਿਚ ਅਪਣਾ ਯੋਗਦਾਨ ਪਾਈਏ।
ਪੂਜਾ ਸ਼ਰਮਾ
ਅੰਗਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ।
9914459033