ਨਸਲਵਾਦੀ ਮਹਿਲ-ਮੁਨਾਰੇ ਢਾਹੇ ਜਾਣਗੇ - ਜਗਦੀਸ਼ ਸਿੰਘ ਚੋਹਕਾ
ਸਮਾਂ ਬਹੁਤ ਛੇਤੀ ਕਰਵਟ ਲੈ ਲੈਂਦਾ ਹੈ ! ਸਾਡੀ ਬੁੱਧੀ ਅਤੇ ਜਾਗਰੂਕਤਾ ਜੇਕਰ ਅੰਧ-ਭਗਤ ਨਾ ਹੋਵੇ, ‘ਤਾਂ ਅਸੀਂ ਛੇਤੀ ਹੀ ਸਮੇਂ ਦੇ ਬਦਲਾਅ ਤੋਂ ਸਿੱਖ ਕੇ ਆਪਣੀ ਆਤਮਿਕ ਗੁਲਾਮੀ ਦਾ ਬਚਾਅ ਵੀ ਕਰ ਸਕਦੇ ਹਾਂ ! ਅਜੋਕੀ ਸਥਿਤੀ ਤੋਂ ਸਿੱਖਦੇ ਹੋਏ ਲੋਕਾਂ ਦਾ ਮਾਰਗ ਦਰਸ਼ਕ ਬਣਨ ਲਈ ਸਾਡੀ ‘‘ਨੀਤ ਅਤੇ ਨੀਤੀ`` ਦਾ ਲੋਕ ਪੱਖੀ ਬਣਨਾ ਜ਼ਰੂਰੀ ਹੈ। ਫਿਰ ਅਸੀਂ ਛੇਤੀ ਹੀ ਚੰਗੇ ਅਤੇ ਮਾੜੇ ਪ੍ਰਤੀ ਠੀਕ ਨਿਰਣਾ ਲੈ ਕੇ ਦਰੁਸਤ ਸੇਧ ਵੀ ਦੇ ਸਕਦੇ ਹਾਂ ? ਨਹੀਂ ਤਾਂ ਫੌਜ ਦੀ ਛੱਤਰੀ ਹੇਠ ਹੀ ਲੁੱਕ ਕੇ ਕਾਗਜ਼ੀ ਸ਼ੇਰ ਬਣੇ, ‘ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਸੰਮੋਹਕ ਰਾਹੀ ਤਾਨਾਸ਼ਾਹੀ ਤਾਣੇ-ਬਾਣੇ ਦੇ ਕਵਚ ਅਧੀਨ ਆਵਾਮ ਦੇ ਖ਼ੂਨ ਨਾਲ ਹੱਥ ਰੰਗ ਕੇ, ‘ਸਦਾ ਲਈ ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਜਾਂਦੇ ਹਾਂ। ਤਾਨਾਸ਼ਾਹ, ਨਾਜ਼ੀ, ਫਾਂਸ਼ੀਵਾਦੀ ਅਤੇ ਇਨ੍ਹਾਂ ਦੇ ਲੱਖਾਂ ਹੋਰ ਕਾਤਲ ਹਮ ਸਫ਼ਰ ‘ਯੁੱਗਾਂ ਤੋਂ ਹੀ ਲੋਕਾਂ ਦੇ ਹਤਿਆਰਿਆਂ ਵੱਜੋਂ ਦੁਨੀਆਂ ਦੇ ਇਤਿਹਾਸ ਅੰਦਰ ਕਾਤਲਾਂ ਵੱਜੋ ਜਾਣੇ ਜਾਂਦੇ ਰਹਿਣਗੇ ? ਦੇਖੋ ! ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ, ਧੌਂਸਭਰੀ-ਆਕੜ ਵਾਲਾ ਅਤੇ ਡਰਾਵੇ ਦੇਣ ਵਾਲਾ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਵਾਰ ਸਮੇਤ ਪੂਰਾ ਇਕ ਘੰਟਾ ਵਾਈਟ ਹਾਊਸ ਦੇ ਬੰਕਰਾਂ ਵਿੱਚ ਲੁਕ ਕੇ ਰਹਿਣਾ ਪਿਆ ! ਜਿਉਂ ਹੀ ਉਸ ਨੂੰ ਜਨਤਾ ਦੇ ਰੋਹ ਅਤੇ ਸ਼ਕਤੀ ਦਾ ਪਤਾ ਲੱਗਿਆ ! ਖ਼ੂਨ ਭਾਵੇਂ ਉਹ ਕਾਲਿਆ, ਤਾਂਬੇ ਰੰਗਿਆਂ, ਪੀਲਿਆਂ, ਉਤਰ ਤੇ ਦੱਖਣ ਅਤੇ ਪੂਰਬ ਅਤੇ ਪੱਛਮ ਦਾ ਜਿੱਥੇ ਵੀ ਡੁੱਲੇਗਾ ਇਸ ਦਾ ਰੰਗ ਲਾਲ ਹੀ ਰਹੇਗਾ ? ਅੱਜ ਜਾਰਜ ਫਰਾਇਡ ਦਾ ਡੁੱਲਿਆ ਖੂੰਨ ਕਾਲਿਆਂ ਦਾ ਨਹੀਂ ਸਗੋਂ ਇਹ ਸਾਰੀ ਲੁਕਾਈ ਦਾ ਹੈ ! ਜੋ ਹਰ ਪਾਸੇ ਲਾਲ ਹੀ ਲਾਲ ਨਜ਼ਰ ਆਉਂਦਾ ਦਿਸ ਰਿਹਾ ਹੈ। ਹੁਣ ਇਸ ਲਾਲ ਖੂਨ ਦੀ ਲਹਿਰ ਦੁਨੀਆਂ ਅੰਦਰ ਜਾਰਜ ਦੇ ਨਾਂ ਹੇਠ ਇੱਕ ਜੁਟ ਹੋ ਕੇ ਉਨ੍ਹਾਂ ਗੁਲਾਮੀ ਦੇ ਗੋਡਿਆਂ ਨੂੰ, ‘ ਜੋ ਸਾਡੇ ਧੌਣਾਂ ਤੇ ਰੱਖੇ ਹੋਏ ਹਨ, ਉਨ੍ਹਾਂ ਤੋਂ ਸਦਾ ਲਈ ਮੁਕਤੀ ਪਾਉਣ ਵਾਸਤੇ ਇੱਕ ਮੁਠ ਹੋਣ ਦਾ ਹੋਕਾ ਦੇ ਰਹੀ ਹੈ।
ਅਮਰੀਕਾ ਅੰਦਰ ਅੱਜ ਆਰਥਿਕ ਸੰਕਟ, ਸੱਭਿਆਚਾਰ ਅੰਦਰ ਗਿਰਾਵਟ, ਪ੍ਰਵਾਸ ਸੈਕਸੂਐਲਿਟੀ, ਬੇਰੁਜ਼ਗਾਰੀ, ਗਰੀਬੀ-ਗੁਰਬਤ, ਨਸਲਵਾਦ, ਅਸਹਿਣਸ਼ੀਲਤਾ, ਭਿੰਨ-ਭੇਦ, ਗੰਨ ਕਲਚਰ, ਨਸ਼ੇ ਆਦਿ ਮੱਸਲੇ ਬਹੁਤ ਗੰਭੀਰ ਰੂਪ ਧਾਰ ਗਏ ਹਨ। ਕੋਵਿਡ-19 ਦੀ ਮਹਾਂਮਾਰੀ ਕਾਰਨ ਅਮਰੀਕਾ ਅੰਦਰ ਅੱਜ ਹਾਲਾਤ ਗੰਭੀਰ ਤੇ ਵਿਸਫੋਟਕ ਸਥਿਤੀ ਵਾਲੇ ਬਣੇ ਹੋਏ ਹਨ ? ਸਿਆਹਫ਼ਾਮ ਜਾਰਜ ਫਲਾਇਡ ਦੀ ਬੇਰਹਿਮ ਹੱਤਿਆ ਕਾਰਨ ਲੋਕਾਂ ਅੰਦਰ ਹਾਕਮਾਂ ਦੀ ਸੀਨਾਜ਼ੋਰੀ ਵਿਰੁੱਧ, ‘ਘਰ ਕਰ ਚੁੱਕੇ ਰੋਹ ਦਾ ਫੁੱਟਣਾ ਲਾਜ਼ਮੀ ਸੀ। ਕਾਲੇ ਨੌਜਵਾਨ ਦਾ ਕਤਲ ਮਾਜੂਦਾ ਵਿਸਫੋਟਿਕ ਸਥਿਤੀ ਅੰਦਰ ਇੱਕ ਲੰਬੇ ਸਮੇਂ ਦੇ ਪਨਪ ਰਹੇ ਰੋਹ ਦਾ ਜਵਾਲਾਮੁਖੀ ਰੂਪ ਧਾਰਕੇ ਪ੍ਰਚੰਡ ਹੋਣਾ ਹੀ ਸੀ। ਨਸਲਵਾਦ, ਗਰੀਬੀ-ਗੁਰਬਤ ਅਤੇ ਬੇਰੁਜ਼ਗਾਰੀ ਕਾਰਨ ਸਾਰੇ ਅਮਰੀਕਾ ਅੰਦਰ ਇਹ ਘਟਨਾ ਇੱਕ ਕੈਟਾਲਿਸਟ ਵੱਜੋਂ ‘‘ਸਿਵਲ ਅਧਿਕਾਰ`` ਲਹਿਰ ਦਾ ਰੂਪ ਧਾਰ ਗਈ ਹੈ। ਇਸ ਲਹਿਰ ਦਾ ਰੁੱਖ ਹੁਣ ਅਮਰੀਕਾ ਅੰਦਰ ਹੀ ਨਹੀਂ ਸਗੋਂ ਸਾਰੇ ਸੰਸਾਰ ਅੰਦਰ ਇਹ ਜਵਾਲਾ ਬਣੇਗੀ ? ਇਹ ਲਹਿਰ ਜਿਓ ਜਿਓ ਲੋਕ ਮੰਗਾਂ, ਹਾਕਮੀ -ਤਸ਼ੱਦਦ ਵਿਰੁਧ ਅਤੇ ਅਮਨ ਦੇ ਅਜੰਡੇ ਨੂੰ ਅਪਣਾਉਂਦੀ ਜਾਵੇਗੀ, ਅੱਗੇ ਵੱਧਦੀ ਰਹੇਗੀ।
ਅਮਰੀਕਾ ਦੇ ਮਿਨੀਸੈਟ ਸੂਬੇ ਦੇ ਸ਼ਹਿਰ ਮਿਨੀਏਪੋਲਿਸ ਅੰਦਰ ਇਕ ਮਾਮੂਲੀ ਕੇਸ ਲਈ, ‘ਬਿਨਾਂ ਕਾਰਨ, ਸਿਆਹਫ਼ਾਮ ਨੌਜਵਾਨ ‘‘ਜਾਰਜ ਫਲਾਇਡ`` ਨੂੰ, ‘ਪੁਲਿਸ ਮੈਨ ਡੈਰੇਕ ਚੌਵਿਨ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੇ ਫੜ ਕੇ ਉਸ ਦੀ ਧੌਣ ਤੇ ਗੋਡਾ ਰੱਖ ਕੇ, ਅਜਿਹਾ ਦਬਾਇਆ ਕਿ ਉਸ ਦੀ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ ਹੋ ਗਈ। ਜਾਰਜ ਫਰਾਇਡ ਸਾਹ ਬੰਦ ਹੋਣ ਕਾਰਨ ਧੌਣ ਛੱਡਣ ਲਈ ਵਸਤਾ ਪਾਉਂਦਾ ਰਿਹਾ। ਪਰ ਅਮਰੀਕਾ ਅੰਦਰ ਗੌਰੇ ਸਮੁੰਦਰੀ ਲੁਟੇਰਿਆਂ ਦੀ ਔਲਾਦ ਜਿਨ੍ਹਾਂ ਅੰਦਰ ਯੂਰਪੀ ਬਸਤੀਵਾਦੀ ਸਾਮਰਾਜੀਆਂ ਦਾ ਪੁਰਾਣਾ ਖੂਨ ਜੋ ਸਾਮਰਾਜ ਕਾਇਮ ਕਰਨ ਲਈ ਹਰ ਤਰ੍ਹਾਂ ਦੇ ਨਸਲੀ, ਜ਼ਾਬਰ ਅਤੇ ਤਸੀਹੇ ਦੇਣ ਦੇ ਸਬਕ ਵਾਲਾ ਕੁੱਟਕੁੱਟ ਕੇ ਭਰਿਆ ਹੋਇਆ ਸੀ। ਉਹ ਅੱਜ ਵੀ ਲੋਕਾਂ ਤੇ ਜ਼ੁਲਮ ਕਰਨ ਤੋਂ ਕਿਵੇਂ ਬਾਜ ਆ ਸਕਦੇ ਹਨ ? ਜਾਰਜ ਫਰਾਇਡ ਮਰਿਆ ਨਹੀਂ ਤੇ ਨਾ ਹੀ ਉਸ ਦੀ ਮੌਤ ਕਿਸੇ ਬਿਮਾਰੀ ਕਾਰਨ ਹੀ ਹੋਈ ਹੈ ? ਸਗੋਂ ਉਹ ਅਮਰੀਕਾ ਅੰਦਰ ਅੱਜੇ ਵੀ ਹੋ ਰਹੇ ਸਿਆਹਫ਼ਾਮ ਲੋਕਾਂ ਨਾਲ ਨਸਲੀ-ਵਿਤਕਰੇ, ਹਿੰਸਾ ਤੇ ਤਸ਼ੱਦਦ, ‘ਜੋ ਅਮਰੀਕੀ ਰਾਜਤੰਤਰ ਅੰਦਰ ਅਪਰਾਧਿਕ ਦੋਸ਼ ਪੂਰਣ ਇਨਸਾਫ਼ ਨਾ ਦੇਣ ਵਾਲਾ ਢਾਂਚਾ ਹੈ, ਉਸ ਵਿਰੁੱਧ ਕੁਰਬਾਨ ਹੋਇਆ ਹੈ! ਜਾਰਜ ਫਰਾਇਡ ਦੇ ਸ਼ਰਧਾਂਜਲੀ ਸਮਾਗਮ ਸਮੇਂ ਅਮਰੀਕਾ ਹੀ ਨਹੀਂ ਸਗੋਂ ਸਾਰੀ ਦੁਨੀਆਂ ਅੰਦਰ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਲੋਕ ਅਵਾਜਾਂ ਨੇ ਇਹ ਵਾਰ ਵਾਰ ਦੁਹਰਾਇਆ ‘ਕਿ ਜਾਬਰੋ ! ਧੌਣਾਂ ਤੋਂ ਗੋਡੇ ਚੁੱਕੋ ! ਇਹ ਕਸਟੋਡੀਅਨ ਮੌਤ, ਬੇਰੁਜ਼ਗਾਰੀ ਅਤੇ ਸਮਾਜਕ ਨਾ-ਬਰਾਬਰਤਾ ਕਰਕੇ ਹੈ, ਇਸ ਦਾ ਇਲਾਜ ਸਮਾਜਕ ਤਬਦੀਲੀ ਹੀ ਹੈ ?
ਜਾਰਜ ਫਰਾਇਡ ਦੀ ਮੌਤ ਨੇ ਇਕ ਵਾਰ ਫਿਰ ਅਮਰੀਕਾ ਸਮੇਤ ਸਾਰੀ ਦੁਨੀਆਂ ਅੰਦਰ ਇਹ ਅਵਾਜ਼ ਹੋਰ ਉੱਚੀ ਚੁੱਕੀ ਹੈ, ‘ਕਿ ਮਾਜੂਦਾ ਸਿਸਟਮ ਨਸਲੀ ਵਿਤਕਰੇ, ਹਾਕਮੀ ਤਸ਼ੱਦਦ ਅਤੇ ਸਮਾਜਕ ਨਾ-ਬਰਾਬਰਤਾ ਵਾਲਾ ਹੈ। ਜਿਸ ਲਈ ਇਹ ਹਾਕਮ ਜਿ਼ੰਮੇਵਾਰ ਹਨ। ਲੋਕਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ, ਰੁਜ਼ਗਾਰ ਅਤੇ ਆਜ਼ਾਦੀ ਤੋਂ ਹਾਕਮ ਮੂੰਹ ਮੋੜ ਰਹੇ ਹਨ। ਅਮਰੀਕਾ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਮਈ ਮਹੀਨੇ ਤੱਕ 8.5-ਮਿਲੀਅਨ ਲੋਕਾਂ ਦੇ ਕੰਮ ਖੁਸ ਗਏ ਹਨ। ਬੇਰੁਜ਼ਗਾਰੀ ਦੀ ਦਰ 20-ਫੀ ਸਦ ਪੁੱਜ ਗਈ ਹੈ ਅਤੇ 40-ਮਿਲੀਅਨ ਲੋਕਾਂ ਨੇ ਬੇਰੁਜ਼ਗਾਰੀ-ਭੱਤੇ ਲਈ ਅਰਜੀਆਂ ਦਿੱਤੀਆਂ ਹਨ। ਅਮਰੀਕਾ ਅੰਦਰ ਫੈਲੀ ਇਸ ਬੇ-ਰੁਜ਼ਗਾਰੀ ਦਾ ਸਿ਼ਕਾਰ ਸਿਆਹਫ਼ਾਮ, ਘੱਟ ਗਿਣਤੀ ਅਤੇ ਗਰੀਬ ਲੋਕ ਹੀ ਹਨ। ਇਸ ਚੁੱਪ ਵਿਚੋਂ ਜਾਰਜ ਫਰਾਇਡ ਦੀ ਯਾਦ ਵਿੱਚ ਜੁੜੇ ਲੋਕਾਂ ਅੰਦਰ ਇਕ ਕੌਮੀ ਲਹਿਰ ਨੇ ਮੁੜ ਅੰਗੜਾਈ ਲਈ ਹੈ। ਹੁਣ ਲੋਕਾਂ ਨੇ ਆਪਣੇ ਸਮਾਜਕ ਮੁੱਦਿਆਂ, ‘ਜੋ ਉਨ੍ਹਾਂ ਦੇ ਰੋਜ਼ਾਨਾਂ ਜੀਵਨ ਨਾਲ ਸਰੋਕਾਰ ਹਨ, ਉਨ੍ਹਾਂ ਦੇ ਹੱਲ ਲਈ ਆਵਾਜ਼ ਨੂੰ ਬੁਲੰਦ ਕੀਤਾ ਹੈ। ਸਿਵਲ -ਅਧਿਕਾਰ ਵਕੀਲ ‘‘ਬੇਂਜਾਮਿਨ ਕਰੰਪ`` ਤੇ ਸਤਿਕਾਰਤ ‘‘ਅਲ ਸ਼ਾਰਪਟੋਨ`` ਨੇ ਮਰਹੂਮ ਜਾਰਜ ਦੀ ਉਸਤਤ ‘ਚ ਕਿਹਾ, ‘ ਕਿ ਉਸ ਦੀ ਮੌਤ ਕਰੋਨਾ ਕਰਕੇ ਨਹੀਂ ਹੋਈ, ਸਗੋਂ ਇਹ ਨਸਲਵਾਦੀ ਨਫ਼ਰਤ ਤੇ ਵਿਤਕਰੇ ਵਾਲੀ ਮਹਾਂਮਾਰੀ ਕਾਰਨ ਹੋਈ ਹੈ। ਉਹ ਅਮਰ ਹੋ ਗਿਆ ਹੈ ! ਆਉ ਇਸ ਨਸਲਵਾਦੀ ਮਹਾਂਮਾਰੀ ਵਿਰੁਧ ਲੜੀਏ !
ਸ਼ੁਰੂ ਤੋਂ ਹੀ ਅਮਰੀਕਾ ਅੰਦਰ ਪੁਲੀਸ ਅਤੇ ਫੌਜ ਦਾ ਵਤੀਰਾ ਸਦਾ ਹੀ ਸਿਆਹ-ਫ਼ਾਮ (ਅਫਰੀਕੀ-ਅਮਰੀਕੀ) ਲੋਕਾਂ ਵਿਰੁਧ ਅੱਤਿਆਚਰੀ ਅਤੇ ਦਮਨਕਾਰੀ ਵਾਲਾ ਰਿਹਾ ਹੈ। 14-ਵੀਂ ਸਦੀ ਦੇ ਆਖਰੀ ਦਹਾਕੇ ਅਤੇ 15-ਵੀਂ ਸਦੀ ਦੀ ਸ਼ੁਰੂਆਤ ਵੇਲੇ ਜਦੋਂ ਯੂਰਪੀ ਬਸਤੀਵਾਦੀ ਸਾਮਰਾਜੀਆਂ ਦੀ ਯੂਰਪ ਤੋਂ ਬਾਹਰਲੀ ਦੂਸਰੀ ਦੁਨੀਆਂ ਅੰਦਰ ਲੁੱਟ ਲਈ ਬਸਤੀਆਂ ਕਾਇਮ ਕਰਨ ਲਈ ਦੌੜ ਲੱਗੀ ਤਾਂ ਇਸ ਟੀਚੇ ਲਈ ਸਾਮਰਾਜੀਆਂ ਨੇ ਆਪੋ-ਆਪਣੇ ਮੰਤਵ ਲਈ ਸਮੁੰਦਰੀ ਲੁਟੇਰਿਆਂ ਦੀ ਮਦਦ ਲਈ। ਉਤਰੀ ਅਮਰੀਕਾ ਅੰਦਰ ਕਬਜ਼ੇ ਕਰਨ ਲਈ ਬਹੁਤ ਸਾਰੇ ਯੂਰਪੀ ਸਾਮਰਾਜੀਆਂ ਨੇ ਕਬਜਿ਼ਆਂ ਲਈ ਉੱਥੋਂ ਦੇ ਮੂਲ ਵਾਸੀਆਂ ਦਾ ਹਰ ਤਰ੍ਹਾਂ ਨਸਲ-ਘਾਤ ਕੀਤਾ। ਮੂਲਵਾਸੀਆਂ ਦੇ ਸਾਰੇ ਕੁਦਰਤੀ ਸਾਧਨਾਂ ਜ਼ਮੀਨ, ਜੰਗਲ ਤੇ ਜਲ ਤੇ ਕਬਜ਼ੇ ਕਰ ਲਏ। ਇਨ੍ਹਾਂ ਕੁਦਰਤੀ ਸੋਮਿਆਂ ਦੇ ਸ਼ੋਸ਼ਣ ਲਈ ਅਫਰੀਕਾ ਮਹਾਂਦੀਪ ਅੰਦਰੋ ਜਬ਼ਰੀ, ਕੁੱਟ-ਮਾਰ ਕਰਕੇ ਅਤੇ ਉਨ੍ਹਾਂ ਦੀ ਇੱਛਾਂ ਤੋਂ ਬਿਨ੍ਹਾਂ ਲੱਖਾਂ ਸਿਆਹਫ਼ਾਮ ਅਫਰੀਕੀਆਂ ਨੂੰ ਗੁਲਾਮ ਬਣਾ ਕੇ ਬੰਧੂਆਂ ਬਣਾ ਲਿਆ ਗਿਆ। ਗੁਲਾਮਾਂ ਦੇ ਵਪਾਰ ਦਾ ਮੁੱਖ ਧੰਦਾ ਵੀ ਯਹੂਦੀ ਵਪਾਰੀਆਂ ਰਾਹੀਂ ਹੋਇਆ। ਇਹ ਸਿਆਹ-ਫ਼ਾਸ ਅਫਰੀਕੀ, ‘ਅਮਰੀਕਾ ਅੰਦਰ ਜਾਇਦਾਤਰ ਦੱਖਣੀ ਰਾਜਾਂ ‘ਚ ਗੁਲਾਮਾਂ ਵੱਜੋਂ ਰੱਖੇ ਜਾਂਦੇ ਸਨ। ਜ਼ਬਰੀ ਮੁਸ਼ੱਕਤ, ਕੁੱਟ-ਮਾਰ, ਨੂੜਨਾਂ, ਸਿ਼ਕੰਜਿਆਂ ਰਾਹੀ ਬੰਨ੍ਹ ਕੇ ਰੱਖਣਾ, ਜਿਸਮਾਨੀ ਅਤੇ ਮਾਨਸਿਕ ਹਰ ਤਰ੍ਹਾਂ ਦੇ ਤਸੀਹੇ ਦੇਣੇ, ‘ਤਾਂ ਕੇ ਉਹ ਭੱਜ ਨਾ ਜਾਣ, ਬਾਗੀ ਨਾ ਹੋ ਜਾਣ ਅਤੇ ਬਰਾਬਰਤਾ ਦੀ ਮੰਗ ਨਾ ਕਰਨ ? ਅਜਿਹੀਆਂ ਸਜਾਵਾਂ ਦੇਣ ਦੇ ਢੰਗ ਤਰੀਕੇ ਵਰਤੇ ਜਾਂਦੇ ਤਾਂ ਕਿ ਗੁਲਾਮ ਲੋਕ ਗੁਲਾਮ ਹੀ ਰਹਿਣ ! ਗੋਰੇ ਮਾਲਕਾਂ ਦੀ ਇਹ ਇਤਿਹਾਸਕ ਜ਼ਹਿਨੀਅਤ ਦੀ ਜ਼ਾਲਮ ਵਿਰਾਸਤ ਸਦੀਆਂ ਤੋਂ ਚਲ ਰਹੀ ਹੈ। ਜੋ ਅੱਜ ਵੀ ਜਾਰੀ ਹੈ।
ਜਦੋਂ ਅਮਰੀਕਾ ਅੰਦਰ 1861-1865 ਤੱਕ ਸਿਵਲ-ਵਾਰ ਚਲੀ, ਉਸ ਵੇਲੇ 34 ਰਾਜਾਂ ਵਿੱਚੋਂ 15-ਸਲੇਵ (ਗੁਲਾਮ) ਰਾਜ ਸਨ। ਇਨ੍ਹਾਂ ਰਾਜਾਂ ਅੰੰਦਰ ਸਰਕਾਰੀ ਤੌਰ ਤੇ ਗਸ਼ਤ ਕੀਤੀ ਜਾਂਦੀ ਸੀ ਤਾਂ ਕਿ ਗੁਲਾਮ (ਕਾਲੇ) ਭੱਜ ਨਾ ਜਾਣ ਅਤੇ ਬਗਾਵਤ ਨਾ ਕਰ ਦੇਣ ! ਦੱਖਣ ਦੀ ਕੈਰੋਲੀਨਾ ਰਾਜ ਜਿਥੇ ਕਾਲੇ ਲੋਕਾਂ ਵਿਰੁੱਧ ਗਸ਼ਤੀ ਹੁਕਮ 1704 ਨੂੰ ਲਾਗੂ ਕੀਤੇ ਗਏ ਸਨ । ਪਰ ਪਹਿਲਾਂ ਹੀ 1700 ਤਕ ਸਾਰੇ ਸਲੇਵ-ਰਾਜਾਂ ਅੰਦਰ ਸਲੇਵ-ਪੱਟਰੋਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਇਹ ਗੁਲਾਮੀ ਵਾਲੇ ਹੁਕਮ ਪੂਰੇ 150 ਸਾਲਾਂ ਤਕ ਲਾਗੂ ਰਹੇ। ਜਦੋ ਦੱਖਣ ‘ਚ ‘‘ਸਿਵਲ ਵਾਰ`` ਵਿੱਚ ਦੱਖਣੀ ਰਾਜ ਹਾਰ ਗਏ ਅਤੇ ਅਮਰੀਕਾ ਅੰਦਰ 13-ਵੀਂ ਸੰਵਿਧਾਨਕ ਸੋਧ ਨਾਲ ਹੀ ਗੁਲਾਮੀ ਦੇ ਖਾਤਮੇ ਲਈ ਰਾਹ ਵੀ ਖੁਲ੍ਹ ਗਿਆ। ਜਿਸ ਅਧੀਨ ‘‘ਗੁਲਾਮੀ`` ਗੈਰ-ਕਾਨੂੰਨੀ ਕਰਾਰ ਹੋ ਗਈ। ਪਰ ਗੁਲਾਮੀ ਵਾਲਾ ਨਾਸੂਰ ਫਿਰ ਵੀ ਬੰਦ ਨਹੀਂ ਹੋਇਆ। ਸਗੋਂ ਦੱਖਣੀ ਰਾਜਾਂ ਅੰਦਰ ਸਲੇਵ ਪੱਟਰੋਲ ਟੈਕਨੀਕੀ ਤੌਰ ਤੇ ਪੁਲੀਸ-ਵਿਭਾਗ ‘ਚ ਰੂਪ-ਮਾਨ ਹੋ ਗਈ। ਭਾਵੇਂ ਅਸੀਂ ਗੁਲਾਮੀ ਦੀਆਂ ਜੰਜੀਰਾਂ ਤੋਂ ਤਾਂ ਮੁਕਤ ਹੋ ਗਏ ਹਾਂ, ਪਰ ਬੁਨਿਆਦੀ ਤੌਰ ਤੇ ਜ਼ਾਬਰ ਅਮਰੀਕੀ ਪੁਲਿਸ ਲਈ ਮੁਕਤ ਹੋਏ ਇਹ ਸਿਆਹ-ਫ਼ਾਸ ਅੱਜੇ ਵੀ ਗੁਲਾਮ ਹਨ ! ਅਮਰੀਕਾ ਦੇ ਰਾਸ਼ਟਰਪਤੀ ਟਰੰੰਪ ਦਾ ਟਵਿਟਰ ਤੇ ਲਿਖਿਆ, ‘ਲੁੱਟਮਾਰ ਹੁੰਦੀ ਹੈ, ਸ਼ੂਟਿੰਗ ਸਟਾਰਟਸ` (ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ)। ਟਰੰਪ ਦੇ ਇਹ ਸ਼ਬਦ ਅਚਾਨਕ ਮੂੰਹ ‘ਚੋਂ ਨਿਕਲੀ ਪ੍ਰਤੀਕਿਰਿਆ ਨਹੀਂ, ਸਗੋਂ ਨਸਲਵਾਦ ਨਾਲ ਜੁੜਿਆ ਗੋਰੇ-ਸਾਮਰਾਜੀ ਹੈਂਕੜ ਦਾ ਇਕ ਪੁਰਾਣਾ ਮੁਹਾਵਰਾ ਹੈ`।
ਦੁਨੀਆਂ ਅੰਦਰ ਗੋਰੇ-ਬਸਤੀਵਾਦੀ ਸਾਮਰਾਜ ਦੇ ਜ਼ੁਲਮਾਂ ਦੇ ਅੱਲ੍ਹੇ ਜ਼ਖ਼ਮਾਂ ਦੀ ਦਾਸਤਾਨ, ‘ਭਾਰਤ ਦੇ ਆਜ਼ਾਦੀ ਸੰਗਰਾਮ ਅੰਦਰ ਦੇਸ਼ ਭਗਤਾਂ ਤੇ ਹੋਏ ਅੰਨ੍ਹੇ ਤਸ਼ੱਦਦ ਦੀ ਕਹਾਣੀ ਦੀ ਸਿਆਹੀ ਅੱਜੇ ਤੱਕ ਵੀ ਸੁੱਕੀ ਨਹੀਂ ਹੈ। ਸੱਠਵਿਆਂ ਦੇ ਦਹਾਕੇ ਦੌਰਾਨ ਬਰਾਬਰ ਅਧਿਕਾਰਾਂ ਲਈ ਜਦੋਂ ਅਮਰੀਕਾ ਅੰਦਰ ਮਰਹੂਮ ਮਾਰਟਿਨ ਲੂਥਰ ਕਿੰਗ (ਜੂਨੀਅਰ) ਦੀ ਅਗਵਾਈ ਹੇਠ ਅੰਦੋਲਨ ਚਲ ਰਿਹਾ ਸੀ, ਤਾਂ ਫਲੋਰਿਡਾ ਦੇ ਇੱਕ ਪੁਲੀਸ ਅਧਿਕਾਰੀ ‘‘ਵਾਲਟਰ ਹੈਡਲੀ`` ਨੇ ਕਿਹਾ ਸੀ, ‘ਵਹੈਨ ਲੂਟਿੰਗ ਸਟਾਰਟਸ, ਸ਼ੂਟਿੰਗ ਸਟਾਰਟਸ``। ਦੁਨੀਆਂ ਦੀ ਵੱਡੀ ਜਮਹੂਰੀਅਤ ਕਹਿਲਾਉਣ ਵਾਲਾ ਸਾਮਰਾਜੀ ਅਮਰੀਕਾ, ‘ ਦੇ ਕਰੂਰ ਚੇਹਰੇ ਤੋਂ ਹੁਣ ਹਰ ਪੱਖੋਂ ਪਰਦਾ ਉਠ ਚੁੱਕਿਆ ਹੈ। ਦੂਸਰੀ ਸੰਸਾਰ ਜੰਗ ਦੇ ਖਾਤਮੇ ਬਾਦ, ‘ਸੰਸਾਰ ਸ਼ਕਤੀਆਂ ਦੇ ਸਮੀਕਰਨ ਬਦਲਣ ਕਾਰਨ, ਗੁਲਾਮ ਦੇਸ਼ਾਂ ਅਤੇ ਕੌਮਾਂ ਦੇ ਮੁਕਤੀ ਸੰਘਰਸ਼ਾਂ ਨੂੰ ਦਬਾਉਣ ਲਈ ਅਮਰੀਕਾ ਅਤੇ ਉਸ ਦੇ ਪੱਛਮੀ ਭਾਈਵਾਲਾਂ ਦੇ ਰੋਲ ਨੂੰ ਹਰ ਇਕ ਜਾਣਦਾ ਹੈ। ਸੋਵੀਅਤ ਯੂਨੀਅਨ ਦੇ ਸਮਾਜਵਾਦੀ ਪ੍ਰਭਾਵ ਅਤੇ ਬਰਕਤਾਂ ਕਾਰਨ ਜਦੋਂ ਗੁਲਾਮ ਦੇਸ਼ ਅਤੇ ਕੌਮਾਂ ਜਾਗੀਆਂ ਤਾਂ ਉਨ੍ਹਾਂ ਦੇਸ਼ਾਂ ਅੰਦਰ ਉਠੀਆਂ ਸਮਾਜਵਾਦੀ ਲਹਿਰਾਂ ਨੂੰ ਕੁਚਲਣ ਲਈ ਅੰਕਲ -ਸੈਮ ਦੀਆਂ ਕਰਤੂਤਾਂ ਅੱਜ ਹਰ ਕੋਈ ਜਾਣਦਾ ਹੈ। ਕੋਰੀਆ, ਕਿਊਬਾ, ਵੀਤਨਾਮ, ਇੰਡੋਨੇਸ਼ੀਆਂ ਆਦਿ ਦੇਸ਼ਾਂ ਅੰਦਰ ਉਲਟ-ਇਨਕਾਲਬੀਆਂ ਦੀ ਮਦਦ ਅਤੇ ਲੋਕ ਲਹਿਰਾਂ ਵਿਰੁੱਧ ਅਮਾਨਵੀ ਕਾਰੇ ਕਰਨ ਲਈ ਪੁਰਾਣੇ ਨਸਲਵਾਦੀ ਵਿਚਾਰਾਂ ਦੀ ਆੜ ਹੇਠ ਅਮਰੀਕੀ ਸਾਮਰਾਜੀਆਂ ਵੱਲੋਂ ਕੀਤੇ ਜਾਂਦੇ ਜ਼ੁਲਮ ਸਾਡੇ ਅੱਜ ਵੀ ਸਨਮੁੱਖ ਹਨ, ਜਿਸ ਦੀ ਤਾਜ਼ਾ ਯਾਦ ‘‘ਜਾਰਜ-ਫਰਾਇਡ`` ਦੇ ਕਤਲ ਨੇ ਮੁੜ ਦੁਹਰਾਅ ਦਿੱਤੀ ਹੈ।
ਜਾਰਜ ਫਲਾਇਡ ਦੇ ਕਤਲ ਦੀ ਕਾਲੀ ਕਹਾਣੀ, ‘ਕਾਲੇ ਅਤੇ ਸਫੈਦ ਲੋਕਾਂ ਵਿਚਕਾਰ ਨਹੀਂ ! ਸਗੋਂ ਇਹ ਦੁਨੀਆ ਅੰਦਰ ਫੈਲੀ ਗਰੀਬੀ ਅਮੀਰੀ ਵਿਰੁੱਧ ਆਰਥਿਕ-ਨਾਬਰਾਬਰੀਆਂ ਅਤੇ ਸਿਵਲ-ਅਧਿਕਾਰਾਂ ਦੇ ਹੋ ਰਹੇ ਹਨਲ ਵਿਰੁਧ ਹੈ। ਇਹ ਸੰਘਰਸ਼ ਬੜਾ ਪੁਰਾਣਾ ਤੇ ਲੰਬਾ ਹੈ। ਮਾਰਚ-7, 1965 ਨੂੰ ਇੱਕ ਸਿਵਲ-ਰਾਈਟਸ ਕਾਰਕੁੰਨ ‘‘ਜਿੰਮੀ ਲੀ ਜੈਕਸਨ`` ਜਿਹੜਾ ਬਾਕੀ ਸਾਥੀਆਂ ਨਾਲ ਸੇਲਮਾ ਜੋ ਅਲਾਬਾਮਾ ‘ਚ ਹੈ ਤੋਂ ਰਾਜ ਦੀ ਰਾਜਧਾਨੀ ਮੌਂਟਗੰੁਮਰੀ ਵਲ ਮਾਰਚ ਕਰ ਰਿਹਾ ਸੀ। ਮਾਰਚ ਦੌਰਾਨ ਉਨ੍ਹਾਂ ‘ਤੇ ਰਾਜਕੀ ਦਸਤਿਆਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਅਮਰੀਕਾ ਅੰਦਰ ਸਿਵਲ ਅਧਿਕਾਰਾਂ ਤੇ ਹੋਏ ਹਮਲੇ ਨੂੰ ‘‘ਖੂਨੀ ਐਤਵਾਰ`` ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਘਟਨਾ ਦੇ ਦੋ ਦਿਨ ਬਾਦ ਮਾਰਟਿਨ ਲੂਥਰ ਕਿੰਗ (ਜੂਨੀਅਰ) ਵਲੋਂ ਉਸੇ ਖੂਨੀ ਸਥਾਨ ਵੱਲ ਮਾਰਚ ਕੀਤਾ ਜਿਥੇ ਉਨ੍ਹਾਂ ਦਾ ਸਰਕਾਰੀ ਰਸਾਲੇ ਨਾਲ ਟਕਰਾਅ ਹੋਇਆ। ਲੋਕਾਂ ਨੇ ਝੁਕ ਕੇ ਗੋਡੇ ਟੇਕੇ ਤੇ ਰੂਹਾਂ ਨੂੰ ਸਿਜਦਾ ਕੀਤਾ। ਹੁਣ ਫਿਰ 55-ਸਾਲਾਂ ਬਾਅਦ ਅਮਰੀਕਾ ਅੰਦਰ ਜਾਰਜ ਫਰਾਇਡ ਦੀ ਮੌਤ ਨੇ ਮੁੜ ਉਸ ਯਾਦ ਨੂੰ ਤਾਜ਼ਾ ਕਰ ਦਿੱਤਾ।
ਸਾਮਰਾਜੀ ਅਮਰੀਕਾ ਦੀ ਪੁਲੀਸ ਅਤੇ ਫੌਜ ਅੰਦਰ ਕਾਲੇ ਲੋਕਾਂ ਪ੍ਰਤੀ ਭਿੰਨ-ਭੇਦ ਅਤੇ ਨਸਲੀ ਨਫ਼ਰਤ ਦੀਆਂ ਖਬਰਾਂ ਆਮ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਤੇ ਨਾ ਹੀ ਅਮਰੀਕਾ ਅੰਦਰ ਨਸਲਵਾਦ ਖਤਮ ਹੋਇਆ ਹੈ। ਹਰ ਰੋਜ਼ ਪੁਲੀਸ ਰਾਹੀਂ ਨਿਹੱਥੇ ਸਿਆਹ-ਫ਼ਾਸ ਲੋਕਾਂ ਤੇ ਗੋਲੀਆਂ ਚਲਾ ਦੇਣੀਆਂ ਇੱਕ ਆਮ ਵਰਤਾਰਾ ਹੈ। ਹਰ ਵਾਰ ਦੋਸ਼ੀ ਗੋਰੇ ਪੁਲੀਸ ਵਾਲੇ ਬਿਨ੍ਹਾਂ ਸਜ਼ਾ ਮੁਕਤ ਹੋ ਜਾਂਦੇ ਹਨ ! ਇਹ ਸੀਨਾਜੋਰੀ ਅਮਰੀਕਾ ਅੰਦਰ ਦਿਨ-ਬਦਿਨ ਵੱਧਦੀ ਹੀ ਜਾ ਰਹੀ ਹੈ।ਆਖਰ ਇਸ ਵਿਰੁੱਧ ਰੋਹ ਵੀ ਤਾਂ ਜਾਗਣਾ ਹੀ ਹੈ ! ਸਾਲ -2019 ਦੌ, ‘1000 ਗੋਲੀਵਾਰੀ ਅੰਦਰ 23-ਫੀ ਸਦ ਅਫਰੀਕੀ-ਅਮਰੀਕੀ ਹੀ ਪੁਲੀਸ ਦੀ ਗੋਲੀ ਦਾ ਸਿ਼ਕਾਰ ਹੋਏ। ਜਦਕਿ ਸਿਆਹਫ਼ਾਮ ਲੋਕਾਂ ਦੀ ਵੱਸੋ 14-ਫੀ ਸਦ ਹੀ ਹੈ। ਪਿਛਲੇ ਸਾਢੇ ਚਾਰ (4) ਸਾਲਾਂ ਦੌਰਾਨ ਪੁਲੀਸ ਗੋਲੀ ਨਾਲ 4400 ਸਿਆਹਫ਼ਾਮ ਮਾਰੇ ਗਏ। ਭਾਵ ਅਮਰੀਕਾ ਅੰਦਰ ਹਰ ਰੋਜ਼ ‘ਤਿੰਨ-ਕਾਲੇ ਅਫਰੀਕੀ-ਅਮਰੀਕੀ ਮਾਰੇ ਜਾਂਦੇ ਹਨ। ਅਮਰੀਕਾ ਦੀ ‘‘ਨੌਰਵਿੱਚ ਯੂਨੀਵਰਸਿਟੀ`` ਦੇ ਜਸਟਿਸ ਸਟਡੀਜ਼ ਅਤੇ ਸੋਸਿ਼ਓਲੋਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ‘‘ਕੋਨੀ ਹਾਸੇਟ ਵਾਲਕਰ`` ਦਾ ਕਹਿਣਾ, ‘ਕਿ ਅਮਰੀਕਾ ਦੇ ਪੁਲੀਸ ਵਿਭਾਗ ਵਿੱਚ ਨਸਲੀ-ਨਫ਼ਰਤ ਦੀਆ ਜੜ੍ਹਾਂ ਸਦੀਆਂ ਪੁਰਣੀਆਂ ਹਨ, ਜੋ ਅੱਜੇ ਵੀ ਪੂਰੀ ਤਰ੍ਹਾਂ ਮਜ਼ਬੂਤ ਹਨ। ਮੈਂ ਅਮਰੀਕਾ ਅੰਦਰ ਗੁਲਾਮੀ (ਸਲੇਵਰੀ) ਦੇ 250 ਸਾਲ ਪੁਰਾਣੇ ਇਤਿਹਾਸ ਨੂੰ ਪੂਰੀ ਤਰ੍ਹਾਂ ਘੋਖਿਆ ਹੈ। ‘‘ਜਿੰਮ ਕਰੋਅ ਕਨੂੰਨ`` (80 ਸਾਲ ਲੰਬੇ) ਦੇ ਪ੍ਰਭਾਵ ਨੂੰ, ‘ਜੋ ਕੁਝ ਹੁਣ ਹੋਇਆ ਸਮਝਣਾ ਪਏਗਾ ! ਮੇਰੇ ਗਿਆਨ ਮੁਤਾਬਕ ਅੱਜ ਤੱਕ ਕਿਸੇ ਨੇ ਵੀ ‘‘ਪੁਲਿਸ ਸਲੇਵ ਪੱਟਰੋਲ`` ਨੂੰ ਖਤਮ ਕਰਨ ਲਈ ਇਸ ਦੀਆਂ ਜੜ੍ਹਾਂ ਤੱਕ ਜਾਣ ਦੀ ਕੋਸਿ਼ਸ਼ ਨਹੀਂ ਕੀਤੀ ਹੈ। ਜਦੋਂ ਪੁਲੀਸ ਸਲੇਵ ਪੱਟਰੋਲ -ਸੰਸਥਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਤਾਂ ਇਸ ਦੀ ਜੜ੍ਹ, ‘ਜੋ ਨਸਲੀ ਅਤੇ ਹਿੰਸਾ ਵਾਲੀ ਹੈ, ਵੀ ਖਤਮ ਹੋ ਜਾਵੇਗੀ। ਪਰ ਪਤਾ ਨਹੀਂ ਇਸ ਦਾ ਖਾਤਮਾ ਕਦੋ ਹੋਵੇਗਾ ?
ਭਾਵੇਂ ਅਮਰੀਕਾ ਅੰਦਰ ‘‘ਸਿਵਲ ਅਧਿਕਾਰ ਲਹਿਰ`` ਦਾ ਕਾਫੀ ਪੁਰਾਣਾ ਇਤਿਹਾਸ ਹੈ। ਅਮਰੀਕਾ ਅੰਦਰ ਸਿਵਲ-ਵਾਰ ਜੋ ਦੱਖਣ ਦੇ ਵੱਡੇ ਵੱਡੇ ਜਾਗੀਰਦਾਰਾਂ ਅਤੇ ਉਤਰ ਦੇ ਸਨਅਤੀ ਘਰਾਣਿਆਂ ਵਿਚਕਾਰ ਹੋਈ ਸੀ, ਸਮਾਨਤਾ ਲਈ ਜੰਗ ਨਹੀਂ ਸੀ। ਸਗੋਂ ਤਾਂ ਇਹ ਜੰਗ ਦੱਖਣ ਦੇ ਭੂਮੀਪਤੀਆ ਵੱਲੋਂ ਗੁਲਾਮਾਂ ਨੂੰ ਗੁਲਾਮ ਰੱਖਣ ਲਈ ਸੀ ਤਾਂਕਿ ਉਹ ਸਿਆਹ-ਫ਼ਾਮ ਲੋਕਾਂ ਤੋਂ ਜਬ਼ਰੀ ਖੇਤਾਂ ‘ਚ ਕੰਮ ਕਰਾਉਣਾ ਚਾਲੂ ਰੱਖ ਸੱਕਣ ? ਦੂਸਰੇ ਉਤੱਰ ਦੇ ਸਨਅਤਕਾਰਾਂ ਨੂੰ ਸਸਤਾ ਮਜ਼ਦੂਰ ਚਾਹੀਦਾ ਸੀ। ਅਸਲ ਵਿੱਚ ਇਹ ਜੰਗ ਜਾਗੀਰਦਾਰਾਂ ਤੇ ਸਨਅਤਕਾਰਾਂ ਵਿਚਕਾਰ ਕਿਰਤੀ ਦੀ ਕਿਰਤ ਦੇ ਸ਼ੋਸ਼ਣ ਦੇ ਬਟਵਾਰੇ ਲਈ ਸੀ। ਜਿਸ ਨੂੰ ਉਸ ਵੇਲੇ ਦੇ ਪੂੰਜੀਪਤੀ-ਵਰਗ ਪੱਖੀ ਇਤਿਹਾਸਕਾਰਾਂ ਨੇ ਸਿਵਲ ਵਾਰ ਦਾ ਨਾਂ ਦੇ ਦਿੱਤਾ ਸੀ ? 1861-65 ਦੀ ਇਸ ਜੰਗ ਦੇ ਖਾਤਮੇ ਬਾਦ ਭਾਵੇਂ ਅਮਰੀਕਾ ਅੰਦਰ ਗੁਲਾਮਦਾਰੀ (ਛ:ਂੜਥਞਢ) ਸਿਸਟਮ ਤਾਂ ਖਤਮ ਹੋ ਗਿਆ, ਪਰ ਕਿਰਤੀ ਸੋਸ਼ਣ ਖਤਮ ਨਹੀਂ ਹੋਇਆ। ਸਾਲ 1886 ਦਾ ਅਮਰੀਕਾ ਅੰਦਰ ਕਿਰਤੀ ਅੰਦੋਲਨ, ਜੋ 8-ਘੰਟੇ ਦੀ ਡਿਊਟੀ, ਐਤਵਾਰ ਦੀ ਛੁੱਟੀ ਬਰਾਬਰ ਕੰਮ ਲਈ ਬਰਾਬਰ ਉਜਰਤ ਲਈ ਸੰਘਰਸ਼ ਸੀ । ਉਹ ਗੁਲਾਮਦਾਰੀ ਦੇ ਬਦਲੇ ਰੂਪ ਕਿਰਤੀ-ਜਮਾਤ ਦੇ ਰੂਪ ਵਿੱਚ ਕਿਰਤੀ-ਫਲ ਸੰਘਰਸ਼ ਲਈ ਸੀ !
ਸਿਵਲ ਵਾਰ ਦੇ ਖਾਤਮੇ ਬਾਦ ਲਗਪਗ 20 ਸਾਲਾਂ ਦੇ ਅਰਸੇ ਅੰਦਰ ਅਮਰੀਕੀ ਲੋਕਾਂ ਨੇ ‘ਜਿਸ ਕਰੋਆ ਕਨੂੰਨ` ਜਿਸ ਰਾਹੀਂ ਸਿਆਹਫ਼ਾਮ ਲੋਕਾਂ ਨੂੰ ਗੋਰਿਆਂ ਤੋਂ ਅਲੱਗ ਰਹਿਣ ਲਈ ਮਜਬੂਰ ਕੀਤਾ ਗਿਆ ਸੀ, ਇਸ ਕਾਨੂੰਨ ਨੂੰ ਪੁਲੀਸ ਵੱਲੋਂ ਬੜੀ ਸਖ਼ਤੀ ਨਾਲ ਲਾਗੂ ਕੀਤਾ ਗਿਆ ਸੀ। ਆਖਰ ਇਸ ਕਾਨੂੰਨ ਦਾ 1964 ਬਾਦ ਭੋਗ ਪਾਇਆ ਗਿਆ। ਇਸ ਕਾਲੇ ਕਾਨੂੰਨ ਦੇ ਸਮੇਂ 1955 ਨੂੰ 14-ਸਾਲਾਂ ਇੱਕ ਕਾਲੇ ਲੜਕੇ ਨੂੰ ਕੋਹ ਕੋਹ ਕੇ ਗੋਰਿਆਂ ਨੇ ਮਾਰ ਕੇ ਨਦੀ (ਮਿਸੀਸੀਪੀ) ਵਿੱਚ ਸੁੱਟ ਦਿੱਤਾ ਗਿਆ ਸੀ। ਮੋਂਟ-ਗੁੰਮਰੀ ਵਿਖੇ ਸਿਆਹਫ਼ਾਮ ਰੋਜ਼ਾ-ਪਾਰਕਜ ਨੂੰ ਬੱਸ ਵਿਚੋਂ ਕੱਢ ਦਿੱਤਾ ਗਿਆ। 1965 ਨੂੰ ਲਾਂਸ-ਐਂਜਲ ‘ਚ ‘‘ਵਾਟਸ-ਦੰਗੇ`` ਅਤੇ ਕਿੰਗ ਲੂਥਰ ਦੀ ਸ਼ਹਾਦਤ ਬਾਦ 1968 ਅਮਰੀਕਾ ਅੰਦਰ ਹਰ ਪਾਸੇ ਕਾਲਾ ਰੋਹ ਜਾਗਿਆ ਸੀ। ਜਿੱਥੇ ਇਹ ਰੋਹ ਨਸਲੀ-ਨਫ਼ਰਤ ਵਿਰੁੱਧ ਸੀ, ਉੱਥੇ ਇਸ ਦਾ ਕਾਰਨ, ਅਮਰੀਕਾ ਅੰਦਰ ਵਧ ਰਹੀ ਆਰਥਿਕ-ਨਾਬਰਾਬਰਤਾ ਕਰਕੇ ਵੀ ਸੀ। ਮਾਰਚ-3, 1991 ‘‘ਰੋਡੇ ਕਿੰਗ ਦੀ ਪੁਲੀਸ ਰਾਹੀਂ ਕੁਟ-ਮਾਰ, 2008 ਨੂੰ ਡੇਵਿਸ ਦੀ ਮੌਤ ਭਾਵ 2019 ਤੱਕ ਸੈਂਕੜੇ ਕੇਸਾਂ ‘ਚ ਪੁਲੀਸ ਹੱਥੋ ਸਿਆਹਫ਼ਾਮ ਲੋਕਾਂ ਦੀ ਕੁੱਟਮਾਰ ਤੇ ਗੋਲੀ ਮਾਰ ਕੇ ਮਾਰ ਦੇਣਾ ਅਮਰੀਕਾ ਵਿੱਚ ਇਕ ਨਹੀਂ ਹਜ਼ਾਰਾਂ ਘਟਨਾ ਹਨ। ਜਿਨ੍ਹਾਂ ਦੀ ਲੜੀ ਅੰਦਰ ਹੁਣ ਜਾਰਜ-ਫਰਾਇਡ ਵੀ ਜੁੜ ਗਿਆ। ਕਦੋਂ ਇਸ ਜ਼ੁਲਮ ਦੀ ਕੜੀ ਟੁੱਟੇਗੀ ? ਆਖਰ 2013 ਨੂੰ ਇੱਕ ਲਹਿਰ ‘‘ਬਲੈਕ ਲਾਈਵਜ ਮੈਟਰ`` (ਨ;਼ਫਾ :ਜਡਕਤ ਝ਼ਵਵਕਗ) ਅੱਗੇ ਆਈ ਹੈ, ‘ਜਿਸ ਨੇ ਕਾਲੇ ਲੋਕਾਂ ਖਾਸ ਕਰਕੇ ਮਾਈਕਲ ਬਰਾਊਨ ਅਤੇ ਫਰਗੂਸਨ ਦੀ ਮੌਤ ਬਾਦ ਸਮੁੱਚੇ ਕਾਲੇ ਲੋਕਾਂ ਵਿਰੁੱਧ ਹਿੰਸਾ ਫੈਲਾਉਣ ਵਾਲਿਆਂ ਬਰਖਿਲਾਫ ਲਾਮਬੰਦੀ ਸ਼ੁਰੂ ਕੀਤੀ ਗਈ ਹੈ।
ਨਸਲੀ-ਨਫ਼ਰਤ, ਨਸਲਘਾਤ ਅਤੇ ਘਿਰਣਾ ਵਿਰੁੱਧ, ‘ਸੰਯੁਕਤ ਰਾਸ਼ਟਰ ਦੇ ਗਠਨ ਬਾਦ ਲੋਕਾਂ ਨੇ ਬਹੁਤ ਵਾਰੀ ਅਵਾਜ਼ ਉਠਾਈ ! ਇਸ ਸਬੰਧੀ 1948 ਦੀ ਕਨਵੈਨਸ਼ਨ, ਸਿਵਲ ਅਧਿਕਾਰ ਕਾਂਗਰਸ, ਅਫਰੀਕਨ-ਅਮਰੀਕਨ ਕਮਿਊਨਿਸਟ, ਇਨ੍ਹਾਂ ਜੱਥੇਬੰਦੀਆਂ ਵਲੋਂ ਨਸਲੀ ਨਫ਼ਰਤ ਵਿਰੁੱਧ ਮਿਲਕੇ ਅਵਾਜ਼ ਉਠਾਈ ਗਈ। 1951 ਦੀ ਪਟੀਸ਼ਨ ਵਿੱਚ ਅਮਰੀਕਾ ਅੰਦਰ ਪਿਛਲੇ 90 ਸਾਲਾਂ ਦੇ ਅਰਸੇ ਦੋਰਾਨ ਮਾਰੇ ਗਏ ਅਫਰੀਕੀ-ਅਮਰੀਕੀ 70,000 ਲੋਕਾਂ ਦੀ ਲਿਸਟ ਦਿੱਤੀ ਗਈ। ਪਰ ਸੰਯੁਕਤ ਰਾਸ਼ਟਰ ਅੰਦਰ ਅਮਰੀਕਾ ਤੇ ਪੱਛਮੀ ਭਾਈ ਵਾਲਾ ਦੇ ਦਬਾਅ ਅਧੀਨ ਅਮਰੀਕਾ ਅੰਦਰ ਇਸ ਨਸਲੀ-ਨਫ਼ਰਤ ਨੂੰ ਖਤਮ ਕਰਨ ਲਈ ਹੁਣ ਤੱਕ ਕੋਈ ਉਸਾਰੂ ਕਾਰਵਾਈ ਨਹੀਂ ਕੀਤੀ ਗਈ ਹੈ। ਦੁਨੀਆ ਅੰਦਰ ਭਾਵੇਂ ਸਲੇਵਰੀ (ਗੁਲਾਮੀ) ਖਤਮ ਹੋ ਗਈ ਹੈ, ਪਰ ਨਸਲੀ-ਨਫ਼ਰਤ, ਭਿੰਨ-ਭੇਦ, ਜਾਤ-ਪਾਤ ਅੱਜੇ ਖਤਮ ਨਹੀਂ ਹੋਏ ਸਨ। ਭਾਰਤ ਅੰਦਰ ਰਾਜਸਤਾ ਤੇ ਕਾਬਜ਼ ਭੰਗਵਾਕਰਨ ਵਾਲੀ ਰਾਜਨੀਤੀ ਨੂੰ ਚਲਾਉਣ ਵਾਲੀ ਮੋਦੀ ਸਰਕਾਰ ਵੀ, ‘ ਘੱਟ ਗਿਣਤੀਆਂ ਵਿਰੁੱਧ ਉਸੇ ਤਰ੍ਹਾਂ ਹੀ ਨਫ਼ਰਤ ਫੈਲਾਅ ਰਹੀ ਹੈ, ਜਿਵੇਂ ਅਮਰੀਕਾ ਅੰਦਰ ਕਾਲੇ ਲੋਕਾਂ ਵਿਰੁਧ ਫੈਲਾਇਆ ਗਿਆ ਹੈ। ਘੱਟ ਗਿਣਤੀ ਲੋਕ ਦੇਸ਼ ਦੇ ਲੋਕਤੰਤਰ ਦਾ ਇਕ ਅਹਿਮ ਹਿੱਸਾ ਹਨ। ਇਨ੍ਹਾਂ ਲੋਕਾਂ ਦੇ ਹਿਤਾਂ ਦੀ ਸੁਰੱਖਿਆ ਕੌਮ ਅਤੇ ਸਮਾਜ ਲਈ ਬੇਹੱਦ ਜ਼ਰੂਰੀ ਹੈ। ਸਮਾਜ ਅੰਦਰ ਨਸਲੀ-ਨਫ਼ਰਤ ਜਿਥੇ ਦੇਸ਼ ‘ਚ ਸਦਭਾਵਨਾ ਤੇ ਏਕਤਾ ਲਈ ਸ਼ੁਭ ਸੰਕੇਤ ਨਹੀਂ; ਉੱਥੇ ਸਾਨੂੰ ਇਹ ਵੀ ਭੁਲਣਾ ਨਹੀਂ ਚਾਹੀਦਾ ਕਿ ਇਹ ਲੋਕ ਹੀ ਸਮਾਜਕ ਪ੍ਰੀਵਰਤਨ ਦਾ ਧੁਰਾ ਬਣਨਗੇ ?
ਅੱਜ ਸਾਮਰਾਜੀ ਅਮਰੀਕਾ ਅਤੇ ਸਮੇਤ ਵਿਸ਼ਵੀ ਪੂੰਜੀਵਾਦ ‘ਜਿਸ ਅੰਦਰ ਪਹਿਲਾ ਜਾਰੀ ਆਰਥਿਕ ਸੰਕਟ ਅਤੇ ਹੁਣ ਕੋਵਿਡ-19 ਦੇ ਮਹਾਂਮਾਰੀ` ਪ੍ਰਭਾਵ ਕਾਰਨ ਹੋਰ ਨਵੇਂ ਪੈਦਾ ਹੋਏ ਆਰਥਿਕ ਸੰਕਟ ਦੇ ਨਤੀਜੇ ਵਜੋਂ, ਵੱਖ-ਵੱਖ ਦੇਸ਼ਾਂ ਅੰਦਰ ਆਰਥਿਕ ਨਾ-ਬਰਾਬਰੀਆਂ ਵਿੱਚ ਅਥਾਹ ਵਾਧਾ ਹੋਵੇਗਾ ? ਇਸ ਦਾ ਸੰਕੇਤ ਸੰਸਾਰ ਅੰਦਰ ਵੱਖ-ਵੱਖ ਰੂਪਾਂ ਵਿੱਚ ਰੂਪਵਾਨ ਹੋ ਰਿਹਾ ਹੈ। ਸਾਮਰਾਜ ਇਸ ਸੰਕਟ ਦੇ ਬਾਵਜੂਦ ਵਧੇਰੇ ਹਮਲਾਵਰੀ, ਖਾਸ ਕਰਕੇ ਰਾਜਨੀਤਕ, ਆਰਥਿਕ ਤੇ ਫ਼ੌਜੀ ਦਖਲ-ਅੰਦਾਜ਼ੀਆਂ ਰਾਹੀਂ ਹਮਲਾਵਾਰੀ ਦਾ ਪ੍ਰਗਟਾਵਾ ਕਰਦਾ ਰਹੇਗਾ। ਪਰ ਅੰਦਰੂਨੀ ਆਰਥਿਕ ਮੰਦੇਕਾਰਨ ਫੈਲੀ ਬੇਰੁਜ਼ਗਾਰੀ ਅਤੇ ਅਸਮਾਨਤਾਵਾਂ ਕਾਰਨ ਜਨਤਕ ਰੋਹ ਅਤੇ ਸੰਘਰਸ਼ ਵੀ ਉਭਰਨਗੇ। ਕਿਉਂਕਿ ਦੁਨੀਆਂ ਅੰਦਰ ਸੱਜ-ਪਿਛਾਖੜ ਵੱਲ ਰਾਜਨੀਤਕ ਝੁਕਾਅ ਵੱਧਿਆ ਹੈ। ਇਹ ਝੁਕਾਅ ਨਵ-ਉਦਾਰਵਾਦ ਨੂੰ ਅਪਣਾਉਂਦਾ ਹੈ। ਜੋ ਘਰੇਲੂ, ਸਥਾਨਿਕ ਅਤੇ ਖੇਤਰੀ ਤਨਾਵਾਂ ਨੂੰ ਵੀ ਤਕੜਾ ਕਰਦਾ ਹੈ। ਜਿਸ ਕਾਰਨ ਨਸਲਵਾਦ, ਦੂਜੇ ਦੇਸ਼ਾਂ ਪ੍ਰਤੀ ਨਫ਼ਰਤ ਅਤੇ ਪਿਛਾਖੜੀ ਨਵ ਫਾਸ਼ੀਵਾਦੀ ਪ੍ਰਵਿਰਤੀਆਂ ‘ਚ ਵਾਧਾ ਕਰਦਾ ਹੈ। ਪਰ ਇਨ੍ਹਾਂ ਪ੍ਰਸਿਥੀਆਂ ਦੇ ਬਾਵਜੂਦ ਅਮਰੀਕਾ ਅੰਦਰ ਪਨਪੀ ਸਿਆਹਫ਼ਾਮ ਅਤੇ ਆਮ ਲੋਕਾਂ ਦੀ ਲਹਿਰ ਜਿਸ ਨੇ ਲੋਕਾਂ ਨੂੰ ਇੱਕਠੇ ਕਰਨ ਲਈ ਇੱਕ ਪਲੇਟਫਾਰਮ ਦਿੱਤਾ ਹੈ। ਇਹ ਲਹਿਰ ਜਿਹੜੀ ਸੰਸਾਰ ਦੇ ਹਰ ਕੋਨੇ ਵੱਲ ਵੱਧ ਰਹੀ ਹੈ, ਸਾਮਰਾਜੀ ਮਨਸੂਬਿਆਂ ਨੂੰ ਘੱਟੋ ਘੱਟ ਅਟਕਾਉਣ ਲਈ ਸਹਾਈ ਹੋਵੇਗੀ। ਇਹ ਲਹਿਰ ਸੰਸਾਰ ਅੰਦਰ ਕੌਮਾਂਤਰੀ ਜਮਹੂਰੀ ਸ਼ਕਤੀਆਂ ਦੇ ਏਕੇ, ਸੰਸਾਰ ਅਮਨ ਅਤੇ ਜਲਵਾਯੂ ਪ੍ਰੀਵਰਤਨ ਦੇ ਕੰਟਰੋਲ ਲਈ ਇੱਕ ਨਿਘਰ ਹਿਸਾ ਪਾਏਗੀ।
ਆਓ ਸਾਰੇ ! ਨਸਲੀ ਵਿਤਕਰੇ ਵਿਰੁਧ ਆਵਾਜ਼ ਉਠਾਈਏ। ਉਨ੍ਹਾਂ ਲੋਕਾਂ ਨੂੰ ਜਿਹੜੇ ਇਸ ਲਹਿਰ ‘ਚ ਕੁਰਬਾਨ ਹੋਏ ਹਨ, ਉਨ੍ਹਾਂ ਨੂੰ ਸਿਜਦਾ ਕਰੀਏ !! ਲਹਿਰ ਦੀ ਗਤੀਸ਼ੀਲਤਾ ਨੂੰ ਹੋਰ ਮਜ਼ਬੂਤ ਕਰੀਏ !!
91-9217997445
ਜਗਦੀਸ਼ ਸਿੰਘ ਚੋਹਕਾ
001-403-285-4208
jagdishchohka@gmail.com