ਰੋਮ ਜਲ ਰਿਹਾ ਹੈ, ਨੀਰੂ ਬੰਸਰੀ ਵਜਾ ਰਿਹਾ ਹੈ, ਵਿਕਰਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਦੇਸ਼ - ਗੁਰਮੀਤ ਪਲਾਹੀ
ਦੇਸ਼ ਦੀ ਮੌਜੂਦਾ ਸਥਿਤੀ ਵਿਸਫੋਟਕ ਬਣੀ ਵਿਖਾਈ ਦੇ ਰਹੀ ਹੈ। ਉਪਰਾਮਤਾ, ਉਦਾਸੀ ਦੇ ਨਾਲ-ਨਾਲ ਭੁੱਖ, ਦੁੱਖ, ਸੰਤਾਪ ਦੇ ਸਤਾਏ ਦੇਸ਼ ਦੇ ਵੱਖੋ-ਵੱਖਰੇ ਪ੍ਰਾਂਤਾਂ ਦੇ ਲੋਕ ਕਿਧਰੇ ਹਿੰਸਕ ਹੋ ਰਹੇ ਹਨ, ਕਿਧਰੇ ਆਪਣਾ ਰੋਸ ਪ੍ਰਗਟ ਕਰਨ ਲਈ ਆਤਮ-ਹੱਤਿਆ ਦਾ ਰਾਹ ਅਖਤਿਆਰ ਕਰ ਰਹੇ ਹਨ ਅਤੇ ਕਿਧਰੇ ਨਿਰਾਸ਼ਤਾ 'ਚੋਂ ਨਿਕਲ ਕੇ ਆਪਣੀ ਬੁਲੰਦ ਆਵਾਜ਼ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਇਸ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਮੌਜੂਦਾ ਹਾਕਮ ਲੋਕਾਂ ਦੀ ਆਵਾਜ਼ ਦਬਾਉਣ ਲਈ, ਸੰਘਰਸ਼ ਦੀ ਅਗਵਾਈ ਕਰ ਰਹੇ ਚੇਤੰਨ ਲੋਕਾਂ ਨੂੰ ਸਬਕ ਸਿਖਾਉਣ ਦੇ ਰਾਹ ਤੁਰੇ ਆਖ਼ਰ ਕਿਉਂ ਉਨ੍ਹਾਂ ਉੱਤੇ ਦੇਸ਼-ਧਰੋਹ ਦਾ ਫੱਟਾ ਲਾਉਣ 'ਤੇ ਤੁਲੇ ਹੋਏ ਹਨ? ਕੀ ਲੋਕਾਂ ਦੀ ਗੱਲ ਸੁਣਨੀ, ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨਾ ਹਾਕਮਾਂ ਦਾ ਫਰਜ਼ ਨਹੀਂ? ਕੀ ਲੋਕਾਂ ਦੀ ਸੇਵਾ ਲਈ ਚੁਣੇ ਨੁਮਾਇੰਦੇ ਜਦੋਂ ਹਾਕਮ ਬਣ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਆਮ ਲੋਕਾਂ ਨੂੰ ਮਿੱਧਣ, ਉਨ੍ਹਾਂ ਦੀ ਆਵਾਜ਼ ਬੰਦ ਕਰਨ, ਉਨ੍ਹਾਂ ਉੱਤੇ ਹਰ ਹਰਬਾ ਵਰਤ ਕੇ ਰਾਜ ਕਰਨ ਦਾ ਹੱਕ ਮਿਲ ਜਾਂਦਾ ਹੈ? ਕਿਉਂ ਅਸਹਿਮਤੀ ਵਾਲੀ ਆਵਾਜ਼ ਨੂੰ ਹਰ ਹੀਲਾ-ਵਸੀਲਾ ਵਰਤ ਕੇ ਚੁੱਪ ਕਰਾਉਣ ਦਾ ਰਾਹ ਅਖਤਿਆਰ ਕਰਦਾ ਹੈ ਹਾਕਮ ਟੋਲਾ?
ਅਜੋਕੀ ਸਥਿਤੀ ਵਿੱਚ ਦੇਸ਼ ਦੇ ਬੁੱਧੀਜੀਵੀਆਂ, ਰਾਹ-ਦਸੇਰੇ ਲੋਕਾਂ ਨੂੰ ਆਪਣੇ ਰੰਗ 'ਚ ਰੰਗਣ ਲਈ ਆਰੰਭੀ ਹਾਕਮ ਧਿਰ ਦੀ ਕੋਝੀ ਮੁਹਿੰਮ ਕਾਰਨ ਦੇਸ਼ ਦੇ ਚੇਤੰਨ ਲੋਕਾਂ ਨੂੰ ਵਿਰੋਧੀ ਸੁਰ 'ਚ ਆਪਣੀ ਗੱਲ ਪ੍ਰਗਟ ਕਰਨ ਲਈ ਮਜਬੂਰ ਹੋਣਾ ਪਿਆ, ਸਰਕਾਰੀ ਇਨਾਮ-ਸਨਮਾਨ ਵਾਪਸ ਕਰਨੇ ਪਏ, ਤਾਂ ਜੁ ਗੱਲ ਆਮ ਲੋਕਾਂ ਤੱਕ ਪਹੁੰਚੇ, ਲੋਕ ਝੰਜੋੜੇ ਜਾਣ, ਜਾਗਰੂਕ ਹੋਣ। ਰੋਹਿਤ ਵੇਮੁੱਲਾ ਵਰਗੇ ਹੈਦਰਾਬਾਦ ਯੂਨੀਵਰਸਿਟੀ ਦੇ ਪਾੜ੍ਹੇ ਨੂੰ ਪ੍ਰੇਸ਼ਾਨੀ, ਭੁੱਖ-ਨੰਗ ਦੀ ਮਜਬੂਰੀ ਹੰਢਾਉਂਦਿਆਂ ਖ਼ੁਦਕੁਸ਼ੀ ਕਰਨੀ ਪਈ, ਇਹ ਦੱਸਣ ਲਈ ਕਿ ਹਾਕਮ ਧਿਰ ਦੇ ਲੋਕ ਉਨ੍ਹਾਂ ਵਰਗੇ ਲੋਕਾਂ ਦਾ ਘਾਣ ਕਿਵੇਂ ਕਰਦੇ ਹਨ? ਕਿਵੇਂ ਉਨ੍ਹਾਂ ਨੂੰ ਤੰਗੀਆਂ ਦੇ ਕੇ ਮਰਨ ਲਈ ਮਜਬੂਰ ਕਰਦੇ ਹਨ? ਕਿਵੇਂ ਉਨ੍ਹਾਂ ਦੇ ਹੱਕ ਖੋਂਹਦੇ ਹਨ? ਕਿਵੇਂ ਜਾਤ-ਬਰਾਦਰੀ ਦੇ ਨਾਮ ਉੱਤੇ ਯੂਨੀਵਰਸਿਟੀਆਂ, ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਨਾਲ ਕੁਰੱਖਤ, ਘਟੀਆ ਵਤੀਰਾ ਕੀਤਾ ਜਾਂਦਾ ਹੈ? ਕਿਵੇਂ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ?
ਹੱਦੋਂ ਬਾਹਰੀ ਗੱਲ ਤਾਂ ਉਦੋਂ ਵਾਪਰੀ, ਜਦੋਂ ਦੇਸ਼ ਦਾ ਦਿਮਾਗ਼ ਸਮਝੀ ਜਾਂਦੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ 'ਭਗੌੜਿਆਂ ਦੀ ਪਨਾਹਗਾਹ' ਅਤੇ ਉਥੇ ਕੰਮ ਕਰਦੇ ਧਰਮ-ਨਿਰਪੱਖ ਸੋਚ ਵਾਲੇ ਬੁੱਧੀਜੀਵੀਆਂ ਨੂੰ ਵੀ ਨਾ ਬਖਸ਼ਿਆ ਗਿਆ ਅਤੇ ਆਪਣੀ ਸੋਚ ਨੂੰ ਜੰਦਰੇ ਲਾਉਣ ਜਿਹੀਆਂ ਚੇਤਾਵਨੀਆਂ ਦਿੱਤੀਆਂ ਗਈਆਂ। ਅਦਾਲਤਾਂ 'ਚ ਪੇਸ਼ੀਆਂ ਸਮੇਂ ਵਿਦਿਆਰਥੀ ਨੇਤਾਵਾਂ ਨੂੰ ਕੁਟਾਪੇ ਚਾੜ੍ਹੇ ਗਏ। ਕੀ ਦੇਸ਼ ਦਾ ਮੌਜੂਦਾ ਸੰਵਿਧਾਨ ਹਾਕਮ ਧਿਰ ਨੂੰ ਇਹ ਸਭ ਕੁਝ ਕਰਨ ਦਾ ਹੱਕ ਦਿੰਦਾ ਹੈ? ਕਿੱਧਰ ਜਾ ਰਿਹਾ ਹੈ ਧਰਮ-ਨਿਰਪੱਖ, ਲੋਕਤੰਤਰਿਕ ਦੇਸ਼? ਕਿੱਥੇ ਗਈ ਸੰਵਿਧਾਨ 'ਚ ਦਿੱਤੀ ਬੋਲਣ ਦੀ ਆਜ਼ਾਦੀ? ਕਿੱਥੇ ਗਿਆ ਆਜ਼ਾਦੀ ਨਾਲ ਬੇਫ਼ਿਕਰ ਹੋ ਕੇ ਜਿਉਣ ਦਾ ਹੱਕ ਅਤੇ ਸਭਨਾਂ ਨਾਲ ਇੱਕੋ ਜਿਹਾ ਇਨਸਾਫ ਕਰਨ ਦਾ ਵਾਅਦਾ?
ਗੁਜਰਾਤ ਵਿੱਚ ਵਿਰੋਧੀ ਸੁਰ ਵਾਲੀ ਆਵਾਜ਼ ਉੱਠੀ। ਇੱਕ ਨੌਜਵਾਨ ਹਾਰਦਿਕ ਪਟੇਲ ਨੇ ਇਸ ਦੀ ਅਗਵਾਈ ਕੀਤੀ। ਕੁਝ ਹੀ ਦਿਨਾਂ 'ਚ ਗੁਜਰਾਤ ਦੀ ਸਰਕਾਰ ਹਿਲਾ ਦਿੱਤੀ, ਇਨ੍ਹਾਂ ਪਾਟੀਦਾਰ ਲੋਕਾਂ ਨੇ ਇਹ ਮੰਗ ਕਰ ਕੇ ਕਿ ਉਨ੍ਹਾਂ ਨੂੰ ਵੀ ਰਿਜ਼ਰਵੇਸ਼ਨ ਚਾਹੀਦੀ ਹੈ, ਉਨ੍ਹਾਂ ਦੇ ਬੱਚੇ ਭੁੱਖੇ ਮਰ ਰਹੇ ਹਨ, ਉਨ੍ਹਾਂ ਨੂੰ ਤਾਲੀਮ ਨਹੀਂ ਮਿਲਦੀ, ਉਹਨਾਂ ਨੂੰ ਖਾਣ ਲਈ ਰੋਟੀ ਨਹੀਂ, ਰਹਿਣ ਲਈ ਮਕਾਨ ਨਹੀਂ, ਆਮਦਨ ਦੇ ਵਸੀਲੇ ਸੀਮਤ ਹੋ ਗਏ ਹਨ, ਨਿੱਤ ਦਾ ਗੁਜ਼ਾਰਾ ਮੁਸ਼ਕਲ ਹੈ। ਮੰਗਾਂ ਜਾਇਜ਼ ਹਨ ਜਾਂ ਨਹੀਂ, ਇਹ ਜਾਣੇ-ਸੁਣੇ ਬਿਨਾਂ ਹੀ ਕਿ ਇਨ੍ਹਾਂ ਲੋਕਾਂ ਦੀਆਂ ਆਖ਼ਿਰ ਸਮੱਸਿਆਵਾਂ ਕਿਹੜੀਆਂ ਹਨ, ਕਿਉਂ ਇਹ ਭੜਕ ਉੱਠੇ, ਸਾੜ-ਫੂਕ 'ਤੇ ਉੱਤਰ ਆਏ ਉਸ ਸੂਬੇ ਵਿੱਚ, ਜਿਹੜਾ ਸੂਬਾ ਇਸ ਗੱਲ ਦੇ ਦਮਗਜੇ ਮਾਰਦਾ ਹੈ ਕਿ ਇਥੇ ਵੱਡਾ ਵਿਕਾਸ ਹੋਇਆ ਹੈ, ਲੋਕ ਖੁਸ਼ਹਾਲ ਹੋਏ ਹਨ, ਮੌਜੂਦਾ ਪ੍ਰਧਾਨ ਮੰਤਰੀ ਅਤੇ ਇਥੋਂ ਦੇ ਪਿਛਲੇ ਮੁੱਖ ਮੰਤਰੀ ਦੇ ਰਾਜ-ਭਾਗ ਸਮੇਂ, ਅਤੇ ਜਿਸ ਦੇ ਵਿਕਾਸ ਮਾਡਲ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਦੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਸਨ , ਉਨ੍ਹਾਂ ਸੰਘਰਸ਼ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਉਨ੍ਹਾਂ ਦੇ ਨੌਜਵਾਨ ਆਗੂ ਨੂੰ ਦੇਸ਼-ਧਰੋਹ ਦੇ ਦੋਸ਼ ਵਿੱਚ ਜੇਲ੍ਹ 'ਚ ਡੱਕ ਦਿੱਤਾ ਗਿਆ। ਕੀ ਇਸ ਨਾਲ ਉਨ੍ਹਾਂ ਲੋਕਾਂ ਦੀਆਂ ਮੰਗਾਂ ਖ਼ਤਮ ਹੋ ਜਾਣਗੀਆਂ?
ਹਰਿਆਣਾ ਇਹੋ ਜਿਹੀ ਅੱਗ ਦੀ ਲਪੇਟ 'ਚ ਆਇਆ, ਜਿਸ ਨੇ ਦੇਸ਼ ਦੇ ਲੋਕਾਂ ਦੇ ਸੀਨੇ ਦਹਿਲਾ ਦਿੱਤੇ। ਇਹੋ ਜਿਹੇ ਸਵਾਲ ਖੜੇ ਕਰ ਦਿੱਤੇ, ਜਿਨ੍ਹਾਂ ਦਾ ਜਵਾਬ ਹਾਕਮਾਂ ਕੋਲ ਨਹੀਂ। ਅਗਜ਼ਨੀ, ਮਾਰ-ਵੱਢ, ਔਰਤਾਂ ਨਾਲ ਬਲਾਤਕਾਰ ਹੋਏ ਅਤੇ ਸਰਕਾਰੀ ਅਤੇ ਆਮ ਲੋਕਾਂ ਦੀ ਜਾਇਦਾਦ ਤਬਾਹ ਕਰ ਦਿੱਤੀ ਗਈ। ਲੋਕਾਂ ਦੇ ਸੀਨਿਆਂ 'ਚ ਐਡੇ ਵੱਡੇ ਜਖ਼ਮ ਪੈ ਗਏ, ਜਿਨ੍ਹਾਂ ਉੱਤੇ ਮਲ੍ਹਮ ਆਖ਼ਿਰ ਕੌਣ ਲਾਏਗਾ? ਕੌਣ ਹੈ ਇਸ ਤਬਾਹੀ ਦਾ ਜ਼ਿੰਮੇਵਾਰ? ਇਹ ਕੋਈ ਕੁਦਰਤੀ ਕ੍ਰੋਪੀ ਨਹੀਂ, ਇਹ ਆਪੇ ਸਹੇੜੀ ਉਹ ਕ੍ਰੋਪੀ ਹੈ, ਜਿਸ ਤੋਂ ਰਾਜਨੀਤਕ ਪਾਰਟੀਆਂ ਦੇ ਸਵਾਰਥੀ ਨੇਤਾ ਬੇਦਾਗ ਹੋ ਕੇ ਨਹੀਂ ਨਿਕਲ ਸਕਦੇ। ਹਰਿਆਣੇ ਦੇ ਇਸ ਜਾਟ ਅੰਦੋਲਨ ਦੌਰਾਨ ਵੱਡੀ ਪੱਧਰ 'ਤੇ ਹਿੰਸਾ ਹੋਈ ਤੇ ਅਰਬਾਂ ਰੁਪਏ ਦਾ ਨੁਕਸਾਨ ਹੋਇਆ।
ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਭੈੜੀ ਆਰਥਿਕ ਹਾਲਤ ਦਾ ਸ਼ਿਕਾਰ ਕਿਸਾਨਾਂ ਵੱਲੋਂ ਜਦੋਂ ਜਥੇਬੰਦਕ ਅੰਦੋਲਨ ਚਲਾਇਆ ਜਾ ਰਿਹਾ ਸੀ, ਲੋਕਾਂ ਨੂੰ ਹੋਰ ਪਾਸੇ ਲਾਉਣ ਲਈ ਰਾਜਨੀਤਕ ਚਾਲਾਂ ਚੱਲੀਆਂ ਗਈਆਂ। ਪੰਜਾਬ ਇਨ੍ਹਾਂ ਕੋਝੀਆਂ ਚਾਲਾਂ ਦਾ ਸ਼ਿਕਾਰ ਹੋਇਆ। ਰੋਹ ਵਿੱਚ ਆਏ ਆਮ ਲੋਕਾਂ ਜਿਵੇਂ ਪੰਜਾਬ ਦਾ ਸੱਭੋ ਕੁਝ ਠੱਪ ਕਰ ਕੇ ਰੱਖ ਦਿੱਤਾ। ਇੰਝ ਜਾਪਿਆ, ਪੰਜਾਬ 'ਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਨਹੀਂ, ਉਵੇਂ ਹੀ ਜਿਵੇਂ ਹਰਿਆਣੇ 'ਚ ਲੋਕਾਂ ਮਹਿਸੂਸ ਕੀਤਾ। ਸਰਕਾਰ ਆਖ਼ਿਰ ਗਈ ਕਿੱਥੇ? ਲੋਕਾਂ ਦੀਆਂ ਸਮੱਸਿਆਵਾਂ ਕੌਣ ਸੁਣੇ? ਲੋਕਾਂ ਦੇ ਮਸਲੇ ਕੌਣ ਹੱਲ ਕਰੇ? ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੌਣ ਕਰੇ? ਜੇ ਸਰਕਾਰ ਇਹ ਕੰਮ ਨਹੀਂ ਕਰੇਗੀ, ਤਾਂ ਫਿਰ ਸਥਿਤੀ ਵਿਸਫੋਟਕ ਤਾਂ ਹੋਵੇਗੀ ਹੀ, ਬਿਲਕੁਲ ਉਵੇਂ ਹੀ, ਜਿਵੇਂ ਗੁਜਰਾਤ ਦੇ ਦੰਗਿਆਂ ਵੇਲੇ ਤੇ ਦਿੱਲੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਸਿੱਖ-ਵਿਰੋਧੀ ਦੰਗਿਆਂ ਵੇਲੇ ਹੋਈ ਸੀ। ਆਖ਼ਿਰ ਸਰਕਾਰ, ਸਰਕਾਰ 'ਚ ਬੈਠੇ ਲੋਕ ਆਪਣਾ ਰਾਜ ਧਰਮ ਭੁਲਾ ਕੇ ਲੋਕਾਂ ਨੂੰ ਆਪਸ 'ਚ ਲੜਾਉਣ ਲਈ ਕਿਉਂ ਸ਼ਾਤਰ ਚਾਲਾਂ ਚੱਲਦੇ ਹਨ? ਕੀ ਉਨ੍ਹਾਂ ਕੋਲ ਲੋਕਾਂ ਦੇ ਮਸਲੇ ਹੱਲ ਕਰਨ ਦੇ ਸਾਰੇ ਸਾਧਨ ਖ਼ਤਮ ਹੋ ਗਏ ਹਨ?
ਹਾਕਮਾਂ ਅਨੁਸਾਰ ਦੇਸ਼ ਨੇ ਆਜ਼ਾਦੀ ਦੇ 70 ਵਰ੍ਹਿਆਂ 'ਚ ਤੇਜ਼ ਗਤੀ ਨਾਲ ਵਿਕਾਸ ਕੀਤਾ ਹੈ। ਉਨ੍ਹਾਂ ਅਨੁਸਾਰ ਡੈਮ ਬਣੇ ਹਨ, ਗਗਨ-ਚੁੰਭੀ ਇਮਾਰਤਾਂ ਦਾ ਨਿਰਮਾਣ ਹੋਇਆ ਹੈ, ਸੜਕਾਂ-ਪੁਲਾਂ, ਹੋਟਲਾਂ ਦੀ ਉਸਾਰੀ ਹੋਈ ਹੈ, ਸਕੂਲ-ਕਾਲਜ ਮਾਡਰਨ ਹੋਏ ਹਨ, ਪੰਜ ਤਾਰਾ ਹੋਟਲ-ਨੁਮਾ ਹਸਪਤਾਲ ਬਣੇ ਹਨ। ਫਿਰ ਦੇਸ਼ ਦੀ ਵੱਡੀ ਆਬਾਦੀ ਇਨ੍ਹਾਂ ਸਹੂਲਤਾਂ ਤੋਂ ਵਿਰਵੀ ਕਿਉਂ ਹੈ? ਕਿਉਂਕਿ ਵਿਕਾਸ ਦਾ ਜੋ ਮਾਡਲ ਹਿੰਦੋਸਤਾਨ ਦੀਆਂ ਵੱਖੋ-ਵੱਖਰੀਆਂ ਸਰਕਾਰਾਂ ਵੱਲੋਂ ਪੇਸ਼ ਕੀਤਾ ਗਿਆ, ਲਾਗੂ ਕੀਤਾ ਗਿਆ, ਉਹ ਦੇਸ਼ ਦੇ ਮੁੱਠੀ ਭਰ ਲੋਕਾਂ ਲਈ ਸੀ। ਦੇਸ਼ ਦਾ ਗ਼ਰੀਬ ਹੋਰ ਗ਼ਰੀਬ ਹੋਇਆ। ਉਸ ਦਾ ਜਿਉਣਾ ਦੁੱਭਰ ਹੋਇਆ। ਉਸ ਦਾ ਜੀਵਨ ਸੌਖਾ ਨਹੀਂ, ਪਹਿਲਾਂ ਨਾਲੋਂ ਔਖਾ ਹੋਇਆ। ਉਸ ਦੀ ਦਿਨ-ਪ੍ਰਤੀ-ਦਿਨ ਲੋੜਾਂ ਦੀ ਪੂਰਤੀ ਅਸੰਭਵਤਾ ਦੀ ਹੱਦ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਉਸ ਦੇ ਰੋਟੀ ਕਮਾਉਣ ਦੇ ਸਾਧਨ, ਵਸੀਲੇ ਖੋਹ ਲਏ ਗਏ ਹਨ। ਉਸ ਦੀ ਲੁੱਟ ਹੋਈ, ਏਨੀ ਲੁੱਟ ਕਿ ਦੇਸ਼ ਦੇ ਵੱਖੋ-ਵੱਖਰੇ ਖੇਤਰਾਂ 'ਚ ਰੋਟੀ-ਰੋਜ਼ੀ ਦੀ ਥੁੜ ਦੁੱਖੋਂ ਉੇਸ ਨੇ ਰੋਸ ਪ੍ਰਗਟ ਕਰਨ ਦਾ ਰਾਹ ਫੜਿਆ। ਆਪਣੇ ਨਾਲ ਹੋ ਰਹੇ ਅਨਿਆਂ ਪ੍ਰਤੀ ਰੋਸ ਜ਼ਾਹਰ ਕੀਤਾ। ਇਹ ਰੋਸ ਹਿੰਸਕ ਵੀ ਹੋ ਸਕਦਾ ਹੈ ਅਤੇ ਸ਼ਾਂਤੀ ਪੂਰਨ ਵੀ। ਰੋਸ ਕਰਨ ਦਾ ਇਹ ਢੰਗ ਗ਼ਲਤ ਸੀ ਜਾਂ ਸਹੀ, ਇਸ ਦੀ ਚੋਣ ਆਮ ਆਦਮੀ ਉਦੋਂ ਨਹੀਂ ਕਰ ਸਕਦਾ, ਜਦੋਂ ਉਸ ਦੇ ਬੱਚੇ ਰੋਟੀ ਲਈ ਵਿਲਕਦੇ ਹੋਣ, ਆਪ ਉਹ ਦਵਾਈ ਖੁਣੋ ਤਰਸ ਕੇ ਮਰ ਰਿਹਾ ਹੋਵੇ।
ਦੇਸ਼ 'ਚ ਨਿੱਤ ਵਾਪਰ ਰਹੀਆਂ ਹਿੰਸਕ ਘਟਨਾਵਾਂ, ਅਸਹਿਮਤੀ ਵਾਲੇ ਵਿਚਾਰਾਂ ਨੂੰ ਕੁਚਲਣ ਦਾ ਰੁਝਾਨ, ਲੋਕ ਸਮੱਸਿਆਵਾਂ ਤੋਂ ਰਾਜਨੀਤਕ ਨੇਤਾਵਾਂ ਵੱਲੋਂ ਮੂੰਹ ਮੋੜਨਾ ਦੇਸ਼ ਲਈ ਘਾਤਕ ਸਿੱਧ ਹੋ ਸਕਦਾ ਹੈ। ਲੋਕ ਹਿੱਤੂ ਵਿਕਾਸ ਦਾ ਮਾਡਲ , ਜਿਸ ਵਿੱਚ ਜਦੋਂ ਤੱਕ ਦੇਸ਼ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਪ੍ਰਤੀ ਪਹਿਰਾ ਨਹੀਂ ਦਿੱਤਾ ਜਾਂਦਾ, ਹਰੇਕ ਨੂੰ ਬਰਾਬਰ ਦੇ, ਸਿੱਖਿਆ, ਸਿਹਤ ਪ੍ਰਾਪਤੀ ਦੇ ਅਧਿਕਾਰ ਨਹੀਂ ਮਿਲਦੇ, ਸਮਾਜਿਕ ਸੁਰੱਖਿਆ ਨਹੀਂ ਮਿਲਦੀ, ਭਾਰਤੀ ਸੰਵਿਧਾਨ ਦੀ ਅੰਤਰੀਵ ਭਾਵਨਾ ਅਨੁਸਾਰ ਬੋਲਣ, ਲਿਖਣ ਤੇ ਵਿਚਰਨ ਦਾ ਬਰਾਬਰ ਦਾ ਅਧਿਕਾਰ ਅਮਲੀ ਰੂਪ ਵਿੱਚ ਅਪਣਾਇਆ ਅਤੇ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਦੇਸ਼ ਦੇ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਆ ਸਕਦਾ। ਉਨ੍ਹਾਂ ਨੂੰ ਵਿਕਰਾਲ ਸਮੱਸਿਆਵਾਂ ਤੋਂ ਰਾਹਤ ਨਹੀਂ ਮਿਲ ਸਕਦੀ । ਇਸ ਸਮੇਂ ਤਾਂ ਦੇਸ਼ 'ਚ ਇੰਜ ਜਾਪਦਾ ਹੈ : ਜਿਵੇਂ ਰੋਮ ਜਲ ਰਿਹਾ ਹੈ ਤੇ ਨੀਰੂ ਬੰਸਰੀ ਵਜਾ ਰਿਹਾ ਹੈ।
1 March 2016